Sunday, August 4, 2019

                           ਵਿਚਲੀ ਗੱਲ        
            ਲਾਹੌਰ ਤਾਂ ਐਵੇਂ ਬਦਨਾਮ ਐ…
                           ਚਰਨਜੀਤ ਭੁੱਲਰ
ਬਠਿੰਡਾ : ਪਿਆਰੇ ਗੋਇਬਲਜ਼ ਤੇਰੀ ਸੋਚ ’ਤੇ । ਪਹਿਰਾ ਦਿਆਂਗੇ, ਬਿਨਾਂ ਕੁਝ ਸੋਚੇ। ਫਿਰ ਨਾ ਦਿਨ ਦੇਖਾਂਗੇ ਤੇ ਨਾ ਹੀ ਰਾਤ। ਵਾਰੇ ਵਾਰੇ ਜਾਣ ਨੂੰ ਦਿਲ ਕਰਦਾ ਤੇਰੇ ਤੋਂ। ਡਰਾਂਗੇ ਨਹੀਂ, ਝੁਕਾਂਗੇ ਨਹੀਂ, ਲੜਾਂਗੇ ਤੇਰੀ ਸੋਚ ਲਈ। ਪੂਰਾ ਨਾਮ ‘ਪਾਲ ਜੋਸਫ ਗੋਇਬਲਜ਼’। ਹਿਟਲਰ ਵਜ਼ਾਰਤ ’ਚ ਪ੍ਰਚਾਰ ਮੰਤਰੀ ਸੀ। ਨਵਾਂ ਸਿਧਾਂਤ ਦਿੱਤਾ ਜਰਮਨ ਦੇ ਗੋਇਬਲਜ਼ ਨੇ। ‘ਵੱਡੇ ਤੋਂ ਵੱਡਾ ਝੂਠ ਬੋਲੋ, ਪੂਰੇ ਜ਼ੋਰ ਨਾਲ ਬੋਲੋ, ਵਾਰ ਵਾਰ ਬੋਲੋ, ਫਿਰ ਦੇਖਣਾ, ਦੁਨੀਆਂ ਸਹਿਜੇ ਸਹਿਜੇ ਸੱਚ ਮੰਨੇਗੀ।’ ਸਿਰਫ਼ 47 ਵਰ੍ਹੇ ਦੀ ਉਮਰ ਭੋਗੀ। ‘ਗੋਇਬਲਜ਼ ਫੰਡਾ’ ਅੱਜ ਵੀ ਅਮਰ ਹੈ। ਪਿਆਰੇ ਗੋਇਬਲਜ਼, ਆਪਣੇ ਵਾਰਸਾਂ ਤੇ ਮਾਣ ਕਰ, ਜੋ ਆਖ ਰਹੇ ਨੇ ‘ਸੌ ਜਨਮ ਤੇਰੇ ਤੋਂ ਵਾਰਾਂ’। ਨਰਿੰਦਰ ਮੋਦੀ ਸਵਾ ਕੁ ਸਾਲ ਪਹਿਲਾਂ ਜਰਮਨ ਗਏ। ਏਨਾ ਨਿੱਘਾ ਸਵਾਗਤ ਹੋਇਆ, ਗਦ ਗਦ ਹੋ ਉੱਠੇ। ਜਰਮਨੀ ਤੋਂ ਮੁੜੇ, ਆਉਂਦੇ ਚੋਣਾਂ ਦੀ ਤਿਆਰੀ ਵਿੱਢ ਦਿੱਤੀ। ਮੋਦੀ ਚਾਰ ਸਾਲ ਛੋਟੇ ਨੇ ਡੋਨਾਲਡ ਟਰੰਪ ਤੋਂ। ਕਿਤੇ ਗੋਇਬਲਜ਼ ਜਿਉਂਦਾ ਹੁੰਦਾ, ਵੱਡਾ ਥਾਪੜਾ ਟਰੰਪ ਨੂੰ ਦਿੰਦਾ। ਮਾਣ ਮੋਦੀ ’ਤੇ ਵੀ ਕਰਦਾ, ਨਾਲੇ ਆਖਦਾ, ‘ਕਾਕਾ, ਤੈਨੂੰ ਮਿਹਨਤ ਕਰਨੀ ਪਊ।’ ‘ਵਾਸ਼ਿੰਗਟਨ ਪੋਸਟ’ ਵਾਲੇ ਕਿਥੇ ਦੱਬਦੇ ਨੇ। ਜੋ ਹੁਣੇ ਬੋਲੇ ਨੇ ਕਿ ਟਰੰਪ ਨਿੱਤ 12 ਤੋਂ ਵੱਧ ਝੂਠ ਬੋਲਦੈ। ਕੁੱਲ ਝੂਠ 10,796 ਬੋਲੇ ਨੇ। ‘ਖੁਸ਼ ਕੀਤਾ ਏ ਪੁੱਤਰਾ’ ਗੋਇਬਲਜ਼ ਨੇ ਆਸ਼ੀਰਵਾਦ ਪ੍ਰਲੋਕ ’ਚੋਂ ਭੇਜਿਆ ਹੋਊ। ਖੈਰ, ਇਮਰਾਨ ਤਾਂ ਹਾਲੇ ਬੱਚਾ ਹੈ। ਉਹਦੇ ਵਡੇਰੇ ਭੁੱਲੇ ਨਹੀਂ, ਲਾਹੌਰ ਰੇਡੀਓ ਸਟੇਸ਼ਨ ਨੂੰ, ਜੋ ਜੰਗੀ ਦਿਨਾਂ ‘ਚ ‘ਟਰੰਪ’ ਨੂੰ ਵੀ ਮਾਤ ਪਾਉਂਦਾ ਸੀ।
                   ਪੁਰਾਣੀ ਛੱਡੋ, ਨਵੀਂ ਸੁਣੋ। ਕਸ਼ਮੀਰ ਮੁੱਦੇ ’ਤੇ ਪਹਿਲਾਂ ਟਰੰਪ ਬੋਲੇ, ‘ਵਿਚੋਲਾ ਬਣਨ ਨੂੰ ਕਹਿੰਦਾ ਸੀ ਮੋਦੀ’। ਰਾਜ ਨਾਥ ਆਖਣ ਲੱਗੇ, ਝੂਠ ਬੋਲਦੈ ਟਰੰਪ। ਲੋਕ ਸ਼ਸ਼ੋਪੰਜ ’ਚ ਪੈ ਗਏ। ਕਿਸ ’ਤੇ ਯਕੀਨ ਕਰੀਏ, ਚੇਲੇ ਦੋਵੇਂ ਜਰਮਨੀ ਵਾਲੇ ਦੇ ਨੇ। ਹੁਣ ਟਰੰਪ ਮੁੜ ਬੋਲਿਐ, ਅਖੇ ‘ਮੋਦੀ ਕਹੇ ਤਾਂ ਵਿਚੋਲਾ ਬਣਜੂੰ’। ਬਾਕੀ ਤਾਂ ਪਤਾ ਨਹੀਂ। ਪੰਜਾਬ ’ਚ ਵਿਚੋਲੇ ਵਾਧੂ ਨੇ। ਅਪਾਹਜਾਂ ਨੂੰ ਵੀ ਵਿਆਹ ਦਿੰਦੇ ਨੇ। ਕਿਤੇ ਵਿਚੋਲੇ ਨੂੰ ਛਾਪ ਪੈਂਦੀ ਐ ਤੇ ਕਿਤੇ ਛਿੱਤਰ। ਮੰਡੀ ਕਲਾਂ ਵਾਲਾ ਦੀਪਾ ਵਿਚੋਲਾ ਕਹਿੰਦਾ, ‘ਅੜੇ ਗੱਡੇ ਕੱਢ ਦਿੰਦੇ ਹਾਂ’। ਕਾਂਗਰਸੀ ਗੱਡਾ ਚਿੱਕੜ ‘ਚ ਫਸਿਐ, ਉਹਨੂੰ ਕੌਣ ਕੱਢੂ। ਰਾਹੁਲ ਧੂੜ ’ਚ ਟੱਟੂ ਭਜਾਈ ਫਿਰਿਐ। ‘ਇੰਜ ਲੱਗਦੈ ਜਿਵੇਂ ਸਭ ਨੇ ਗੋਇਬਲਜ਼ ਦਾ ਜੂਠਾ ਖਾਂਦਾ ਹੋਵੇ।’ ਸਿਆਸਤ ’ਚ ਝੂਠ ਦੀ ਖੈਅ ਹੈ। ਜੋ ਵੱਧ ਬੋਲਦੈ, ਉਹ ਰਾਜ ਭੋਗਦੈ। ਗੱਲ ਸੱਚੀ ਕਰਦੈ ਛੱਜੂ ਰਾਮ। ਤਾਹੀਂ ਸਿਰ ਹਿਲਾ ਕੇ ਬੋਲਿਐ ‘ਹਰਸਿਮਰਤ ਤਾਂ ਕੇਰਾਂ ਜਰਮਨ ਗਈ ਸੀ, ਸੁਖਬੀਰ ਦਾ ਪਤਾ ਨਹੀਂ।’ ਛੱਜੂ ਰਾਮਾ! ਅਮਰਿੰਦਰ ਦੀ ਪੱਤਰੀ ਵੀ ਖੋਲ੍ਹ। ਮਹਾਰਾਜਾ ਭੁਪਿੰਦਰ ਸਿੰਘ ਗਿਆ ਸੀ। ਹਿਟਲਰ ਨੇ ਉਦੋਂ ਤੋਹਫਾ ਦਿੱਤਾ ਸੀ। ਖੈਰ, ਅੱਜ-ਕੱਲ੍ਹ ‘ਜੈ ਸ੍ਰੀ ਰਾਮ’ ਅਖਾਉਣ ਲਈ ਜੋ ‘ਤੋਹਫੇ’ ਦਿੱਤੇ ਜਾ ਰਹੇ ਨੇ, ਰਹੇ ਰੱਬ ਦਾ ਨਾਮ। ਰੂਹ ਹਿਟਲਰ ਦੀ ਵੀ ਕੰਬੀ ਹੋਊ। ਚੋਣਾਂ ਵੇਲੇ ਲੋਕਾਂ ਦੀ ਜਾਨ ਮੁੱਠੀ ’ਚ ਆਉਂਦੀ ਹੈ। ਲੀਡਰ ਬਾਘੀਆਂ ਪਾਉਂਦੇ ਨੇ। ‘ਝੂਠ ਬੋਲੇ ਕਊਆ ਕਾਟੇ’। ਭੋਲੀਆਂ ਗੱਲ ਕਰਦੇ ਹੋ। ਖ਼ਤਰਾ ਤਾਂ ਸੱਪਾਂ ਨੂੰ ਵੀ ਹੋਇਐ। ਕਿਤੇ ਖੁੱਡਾਂ ’ਚ ਜ਼ਹਿਰ ਨਾ ਭਰ ਜਾਏ।
                  ‘ਸਜਨ ਰੇ ਝੂਠ ਮਤ ਬੋਲੋ, ਖੁਦਾ ਕੇ ਪਾਸ ਜਾਨਾ ਹੈ।’ ਗਾਣਾ ਪੁਰਾਣਾ ਹੈ ਪਰ ਗੱਲ ਦੋ ਸਾਲ ਪਹਿਲਾਂ ਦੀ ਹੈ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਆਏ, ਕੋਈ ਝੂਠ ਬੋਲ ਗਏ। ਕੈਨੇਡਾ ਮੁੜੇ, ਦੋਵੇਂ ਹੱਥ ਜੋੜ ਮੁਆਫ਼ੀ ਮੰਗੀ, ਸੰਸਦ ਦੇ ਅੰਦਰ ਤੇ ਬਾਹਰ ਵੀ। ਇੱਧਰ, ਸਾਡੇ ਆਲੇ ਏਨੇ ਢੀਠ ਨੇ, ਮਰਦੇ ਮਰ ਜਾਣਗੇ, ਮੁਆਫ਼ੀ ਨ੍ਹੀਂ ਮੰਗਦੇ। ਜਦੋਂ ਤੋਂ ਕੇਜਰੀਵਾਲ ਨੇ ਮਜੀਠੀਏ ਤੋਂ ਮੁਆਫ਼ੀ ਮੰਗੀ ਐ, ਉਦੋਂ ਤੋਂ ਪੰਜਾਬ ’ਚ ਸਿਆਸੀ ਤੌਰ ‘ਤੇ ਮਰ ਗਿਐ। ਕੋਈ ਆਖਦੈ, ਝੂਠ ਦੇ ਪੈਰ ਨਹੀਂ ਹੁੰਦੇ। ਕੋਈ ਆਖਦੈ, ਝੂਠ ਦੀ ਉਮਰ ਲੰਬੀ ਨਹੀਂ ਹੁੰਦੀ। ਕੁਝ ਮਰਜ਼ੀ ਆਖੀ ਜਾਓ, ਸਾਡੇ ਆਲੇ ਤਾਂ ਭੱਜੇ ਫਿਰਦੇ ਨੇ। ਅਮਰੀਕਨ ਯੂਨੀਵਰਸਿਟੀ ਦੀ ਖੋਜ ਦਾ ਨਤੀਜਾ ਦੇਖੋ, ‘ਸੱਚ ਬੋਲਣ ਵਾਲੇ ਕਦੇ ਬਿਮਾਰ ਨਹੀਂ ਹੁੰਦੇ।’ ਗੱਲ ਸੱਚੀ ਲੱਗਦੀ ਐ, ਸਾਡੇ ਤਾਂ ਕਿੰਨੇ ਨੇਤਾ ਅਮਰੀਕਾ ਤੋਂ ਇਲਾਜ ਕਰਾ ਕੇ ਆਏ ਨੇ। ਅਮਰੀਕਾ ਦੇ ਜੌਹਨ ਏ ਲਾਰਸਨ ਨੇ 1921 ਵਿਚ ‘ਝੂਠ ਫੜਨ ਵਾਲੀ ਮਸ਼ੀਨ’ (ਲਾਈ ਡਿਟੈਕਟਰ) ਬਣਾਈ। ਪਿਛੇ ਜਿਹੇ ਸੁਖਬੀਰ ਬਾਦਲ ਕਹਿੰਦਾ, ‘ਟਾਈਟਲਰ ਦਾ ਮਸ਼ੀਨ ‘ਤੇ ਟੈਸਟ ਕਰਾਓ’। ਪਤਾ ਲੱਗਾ ਕਿ ਦਿੱਲੀ ’ਚ ਇਹ ਮਸ਼ੀਨ ਹੀ ਜਾਮ ਹੋਈ ਪਈ ਹੈ। ਪਤੰਦਰੋਂ, ਤੁਸੀਂ ਤਾਂ ਮਸ਼ੀਨ ਹੀ ਫੇਲ੍ਹ ਕਰ ’ਤੀ।
                  ਝੂਠ ਦਾ ਬੋਲਬਾਲਾ ਵਧਿਐ। ਲੋੜ ਤਾਂ ਹੁਣ ‘ਸੱਚ ਫੜਨ ਵਾਲੀ ਮਸ਼ੀਨ’ ਦੀ ਪੈਣੀ ਹੈ। ਝੂਠ ਬੋਲਣਾ ਵੀ ਕਲਾ ਹੈ। ਵੱਡੇ ਬਾਦਲ ਦਾ ਤਾਂ ਪਤਾ ਨਹੀਂ। ਛੋਟੇ ਬਾਦਲ ਜਦੋਂ ਬੋਲਦੇ ਨੇ, ਫੜੇ ਜਾਂਦੇ ਨੇ। ਕਾਂਗਰਸ ਦਾ ‘ਮਿਰਜ਼ਾ ਗਾਲਿਬ’ ਹੱਥ ਨ੍ਹੀਂ ਪੈਣ ਦਿੰਦਾ। ਨੇੜਲੇ ਆਖਦੇ ਨੇ , ਸੁਖਬੀਰ ਦਿਲ ਦਾ ਮਾੜਾ ਨਹੀਂ। ਤਾਏ ਦੇ ਮੁੰਡੇ ਦਾ ਪਤਾ ਨਹੀਂ। ਫਿਰ ਤੁਰਾਂਗੇ ਅੱਗੇ, ਪਹਿਲਾਂ ਪੰਡਿਤ ਵਾਲੀ ਸੁਣੋ। ਪੰਡਿਤ ਦੀ ਤਪੱਸਿਆ ਤੋਂ ਦੇਵਤਾ ਖੁਸ਼ ਹੋਇਆ। ਸੰਖ ਦੇ ਦਿੱਤਾ, ਪੰਡਿਤ ਜੋ ਸੰਖ ਤੋਂ ਮੰਗੇ, ਸੰਖ ਹਾਜ਼ਰ ਕਰ ਦੇਵੇ। ਰਾਜੇ ਨੂੰ ਜਦੋਂ ਪਤਾ ਲੱਗਾ, ਰਾਜੇ ਨੇ ਪੰਡਿਤ ਤੋਂ ਸੰਖ ਲੈ ਲਿਆ। ਖਾਲੀ ਹੱਥ ਪੰਡਿਤ ਮੁੜ ਤਪੱਸਿਆ ‘ਤੇ ਬੈਠ ਗਿਆ। ਦੇਵਤੇ ਨੇ ਇੱਕ ਹੋਰ ਸੰਖ ਦੇ ਦਿੱਤਾ। ਪੰਡਿਤ ਬੋਲੇ, ਸੰਖ ਜੀ, ਇੱਕ ਘਰ ਬਣਾਓ, ਸੰਖ ਬੋਲਿਐ, ਇੱਕ ਕਿਉਂ, ਦੋ ਬਣਾਵਾਂਗੇ। ਚਲੋ ਬਣਾਓ ਤਾਂ ਸੰਖ ਬੋਲਿਆ, ਮੇਰੇ ਆਕਾ, ਦੋ ਕਿਉਂ ਤਿੰਨ ਬਣਾਵਾਂਗੇ। ਗੱਲੀਬਾਤੀਂ ਸਾਰੀ ਜਾਵੇ, ਕਰੇ ਕੁਝ ਨਾ। ਦੇਵਤਾ ਪ੍ਰਗਟ ਹੋਇਆ, ਪੰਡਿਤ ਜੀ, ਏਹ ਗਪੌੜ ਸੰਖ ਹੈ। ਅਕਾਲੀ ਆਖਦੇ ਨੇ ਕਿ ‘ਗਪੌੜ ਸੰਖ ਪੁਰਸਕਾਰ’ ਦੀ ਹੱਕਦਾਰ ਅਮਰਿੰਦਰ ਸਰਕਾਰ ਹੈ। ਚੇਤੇ ਹੋਊ, ਇੱਕ ਵਾਰੀ ਸੁਖਬੀਰ ਨੇ ਚੰਨ ’ਤੇ ਰੈਲੀ ਕਰਨ ਦੀ ਗੱਲ ਆਖੀ ਸੀ।
                  ਚੰਦਰਯਾਨ-2 ਚੰਦ ’ਤੇ ਪੁੱਜਣ ਵਾਲੈ। ਪ੍ਰੇਮੀ ਬੜੇ ਖੁਸ਼ ਨੇ, ਅਖੇ ਹੁਣ ਤੋੜ ਕੇ ਲਿਆਵਾਂਗੇ ਚੰਨ ਤੋਂ ਤਾਰੇ। ਜੇਹੋ ਜੇਹੀ ਕੋਕੋ..! ਲੀਡਰਾਂ ਨੂੰ ਦੇਖ ਕੇ ਖਰਬੂਜ਼ੇ ਵੀ ਰੰਗ ਫੜ ਗਏ। ਸਿਆਸਤ ਕੀ, ਸਭ ਪਾਸੇ ਝੂਠ ਚੌਧਰੀ ਹੈ। ਅਫ਼ਸਰ ਆਖਦੇ ਨੇ, ਸੱਚ ਬੋਲ ਕੇ ਮਰਨੈ। ਤਾਹੀਂ ਪਤੀ ਦੇਵ ਬੀਵੀ ਦੀ ਸਿਫਤ ਕਰਦੇ ਨੇ। ਸ਼ੀਸ਼ਾ ਝੂਠ ਨਹੀਂ ਬੋਲਦਾ, ਉਹਨੂੰ ਕਿਹੜਾ ਕੋਈ ਡਰ ਐ। ਲੀਡਰ ਕਦੇ ਨ੍ਹੀਂ ਡਰਦੇ। ਬਠਿੰਡਾ ਚੋਣ ’ਚ ਵੱਡੇ ਬਾਦਲ ਨੇ ਐਲਾਨਿਆ ‘ਛੋਟਾ ਰਾਜਾ ਵੱਡਾ ਗੱਪੀ ਐ।’ ਗੱਲ ਠੀਕ ਵੀ ਐ। ਰਾਜਾ ਵੜਿੰਗ ਤੇ ਅੰਮ੍ਰਿਤਾ ਵੜਿੰਗ ਹੁਣ ਕਦੇ ਬਠਿੰਡੇ ਨਹੀਂ ਦੇਖੇ। ਗੱਲ ਅੱਗੇ ਤੋਰੀਏ, ਮਸ਼ਹੂਰ ਰਿਹੈ ਕਿ ਸਿੱਖ ਕਦੇ ਝੂਠ ਨਹੀਂ ਬੋਲਦੇ। ਹੁਣ ਮੈਂ ਕੀ ਆਖਾਂ। ਬਾਬੇ ਨਾਨਕ ਦਾ 550 ਸਾਲਾ ਵੀ ਮਨਾਈ ਜਾਂਦੇ ਨੇ, ਆਦਤੋਂ ਫਿਰ ਬਾਜ਼ ਨਹੀਂ ਆਉਂਦੇ। ਜਸਵੰਤ ਸਿੰਘ ਕੰਵਲ ਨੇ 1944 ‘ਚ ਪਹਿਲਾ ਨਾਵਲ ਲਿਖਿਆ ‘ਸੱਚ ਨੂੰ ਫਾਂਸੀ’। ਕੋਈ ਸ਼ੱਕ ਨਹੀਂ। ਸੱਚ ਨੂੰ ਸੂਲੀ ਵੀ ਚੜ੍ਹਨਾ ਪੈਂਦੇ। ਜ਼ਹਿਰ ਪਿਆਲਾ ਵੀ ਪੀਣਾ ਪੈਂਦਾ। ਬੰਦ ਬੰਦ ਵੀ ਕਟਾਉਣੇ ਪੈਂਦੇ ਨੇ। ਨੀਹਾਂ ’ਚ ਵੀ ਸੱਚ ਚਿਣਿਆ ਜਾਂਦੈ। ਮੰਜ਼ਿਲ ਉਨ੍ਹਾਂ ਨੂੰ ਨਸੀਬ ਹੁੰਦੀ ਹੈ, ਜੋ ਸੱਚ ਪੱਲੇ ਬੰਨ੍ਹ ਤੁਰਦੇ ਨੇ।
                 ਏਸ਼ੀਆ ਦਾ ਸਭ ਤੋਂ ਵੱਡਾ ‘ਰੇਮਨ ਮੈਗਸੇਸੇ’ ਪੁਰਸਕਾਰ। ਰਵੀਸ਼ ਕੁਮਾਰ ਦੀ ਝੋਲੀ ਪਿਐ, ਸਲਾਮ ਐ ਉਸ ਦੇ ਸਿਦਕ ਤੇ ਸਿਰੜ ਨੂੰ। ਸੱਚੀ-ਸੁੱਚੀ ਪੱਤਰਕਾਰੀ ਦਾ ਸੀਨਾ ਪੂਰੇ 56 ਇੰਚ ਦਾ ਹੋ ਗਿਆ ਹੈ। ਦੋਸਤੋ, ਜਿਊਣਾ ਝੂਠ ਤੇ ਮਰਨਾ ਸੱਚ ਹੈ। ਨਾ ਪਾਓ ਜ਼ਮੀਰਾਂ ’ਤੇ ਭਾਰ। ਕੋਈ ਸਹੁੰ ਖਾਣ ਜੋਗਾ ਨੇਤਾ ਵੀ ਨਹੀਂ ਬਚਿਆ। ਆਮਿਰ ਖਾਨ ਨੇ ਇੱਕ ਪ੍ਰੋਗਰਾਮ ‘ਸਤਯਮੇਵ ਜਯਤੇ’ ਚਲਾਇਆ ਸੀ। ਦੇਖਿਆ ਹੈ ਤਾਂ ਗੱਲ ਪੱਲੇ ਬੰਨ੍ਹੋ, ਜੈ ਸਦਾ ਸੱਚ ਦੀ ਹੁੰਦੀ ਹੈ। ਝੂਠ ਵਕਤੀ ਘੋੜਾ ਹੈ, ਸੱਚ ਲੰਮੀ ਰੇਸ ਦਾ।

3 comments:

  1. ਸਲਾਮ ਬਾਈ ਤੇਰੇ ਸਿਦਕ ਤੇ ਸਿਰੜ ਨੂ ਵੀ!!!

    ReplyDelete
  2. ਇੱਕ ਛੋਟੇ ਜਿਹੇ ਲੇਖ ਵਿਚ ਕਿੰਨੇ ਵਿਅੰਗ। ਤਨਜਾ ਸੱਚੀ ਯਕੀਨ ਨਹੀਂ ਆਉਂਦਾ ਸ਼ਬਾਸ਼ੇ ਚਰਨਜੀਤ ਭੁੱਲਰ।। ਬੱਸ ਖ਼ਤ ਨੂੰ ਤਾਰ ਸਮਝੀ।

    ReplyDelete
  3. ਪੰਜਾਬੀਆਂ ਦਾ ਤੂੰ ਹੀ ਰਵੀਸ਼ ਕੁਮਾਰ ਏਂ ਚਰਨਜੀਤ ਭੁੱਲਰ

    ReplyDelete