Sunday, August 11, 2019

                         ਵਿਚਲੀ ਗੱਲ
        ਇੱਕ ਦੂਣੀ-ਦੂਣੀ, ਦੋ ਦੂਣੀ ਪੰਜ…
                        ਚਰਨਜੀਤ ਭੁੱਲਰ
ਬਠਿੰਡਾ : ਪ੍ਰਨੀਤ ਕੌਰ ਇਕੱਲੀ ਐਮ.ਪੀ ਨਹੀਂ। ਪਟਿਆਲੇ ਦੀ ਮਹਾਰਾਣੀ ਵੀ ਹੈ। ਰਾਂਚੀ ਵਾਲੇ ਨੂੰ ਪਤਾ ਨਹੀਂ ਸੀ। ਨਾ ਮਹਾਰਾਣੀ ਦਾ, ਨਾ ਪੰਜਾਬ ਪੁਲੀਸ ਦਾ। ਬਨਾਰਸੀ ਠੱਗਾਂ ਦਾ ਪ੍ਰਾਹੁਣਾ ਭੁੱਲ ਕਰ ਬੈਠਾ। ਜਦੋਂ ਮਹਾਰਾਣੀ ਦੇ ਖਾਤੇ ਚੋਂ 23 ਲੱਖ ਉੱਡੇ। ਪਹਿਲਾਂ ਤਾਂ ਮੱਥੇ ਤੇ ਹੱਥ ਮਾਰਿਆ, ਫਿਰ ਇਕਦਮ ਘਬਰਾਈ। ਏਨੇ ਨੂੰ ਚੇਤੇ ਆਏ ਪੰਜਾਬ ਪੁਲੀਸ ਦੇ ਲੰਮੇ ਹੱਥ। ਜੋ ਹੁਕਮ ਮੇਰੇ ਆਕਾ, ਫਿਰ ਫਰੋਲ ਦਿੱਤੇ ਠੱਗਾਂ ਦੇ ਪੋਤੜੇ। ਬਨਾਰਸੀ ਪ੍ਰਾਹੁਣਾ ਹੁਣ ਪਟਿਆਲੇ ਬੈਠਾ। ਠੀਕ ਉਸੇ ਜਗ੍ਹਾ ’ਤੇ, ਜਿਥੇ ਕਦੇ ਦਲੇਰ ਮਹਿੰਦੀ ਤਸ਼ਰੀਫ਼ ਲਿਆਏ ਸਨ। ਰਾਂਚੀ ਵਾਲਾ ਹੁਣ ਡਰਦਾ ਰੱਬ ਰੱਬ ਕਰੀ ਜਾਂਦੈ। ਪੰਜਾਬ ਪੁਲੀਸ ਤਾਂ ਰੱਬ ਦੀ ਵੀ ਫੁੱਫੜ ਹੈ, ਉਹਨੂੰ ਏਨਾ ਪਤਾ ਹੁੰਦਾ ਤਾਂ ਮਹਿਲਾਂ ਵੱਲ ਨਾ ਵੇਖਦਾ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸਭ ਪਤੈ। ਬਠਿੰਡੇ ਅੱਡੇ ’ਚ ਖੜ੍ਹੀ ਬੱਸ ਚੋਂ ਐਲ.ਸੀ.ਡੀ ਚੋਰੀ ਹੋ ਗਈ। ਬੱਸ ਖ਼ਜ਼ਾਨਾ ਮੰਤਰੀ ਦੀ ਸੀ। ਚੋਰ ਇਸ ਤੋਂ ਅਣਜਾਣ ਸੀ। ਬਠਿੰਡਾ ਪੁਲੀਸ ਜਾਣੀ ਜਾਣ। ਤਾਹੀਂ ਦਸ ਘੰਟਿਆਂ ’ਚ ਕਾਬੂ ਕਰ ਲਏ। ਇਵੇਂ ਬਾਲਾਸਰ ਫਾਰਮ ਹਾਊਸ ’ਚ ਚੋਰੀ ਹੋਈ। ਦੋ ਚਾਰ ਗੱਟੇ ਕਿੰਨੂ ਚੋਰੀ ਹੋ ਗਏ। ਪੁਲੀਸ ਨੇ ‘ਗਿੱਟੇ’ ਛਾਂਗ ਦਿੱਤੇ। ਤਰੀਕਾਂ ਭੁਗਤੀ ਜਾਂਦੇ ਨੇ। ਇੱਧਰ, ਗਰੀਬ ਮਾਲੀ ਨੇ ਵੀ ਘੱਟ ਨਹੀਂ ਭੁਗਤੀ। ਜਦੋਂ ਤੋਂ ਮੋਗਾ ਪੁਲੀਸ ਵੇਖੀ ਐ, ਪਹਾੜੇ ਹੀ ਭੁੱਲ ਗਿਐ। ਅਖੇ, ਇੱਕ ਦੂਣੀ ਦੂਣੀ, ਦੋ ਦੂਣੀ ਦਸ ਮੁਰਗੇ। ਮਾਲੀ ਮੁਗਲੂ ਸਿੰਘ ਦੀ ਮਹਿਲਾਂ ਵਾਲੀ ਕਿਸਮਤ ਕਿਥੇ। ਚੋਰਾਂ ਨੇ ਮਾਲੀ ਦੇ ਦਸ ਮੁਰਗੇ ਚੋਰੀ ਕਰ ਲਏ।
                 ਸਮਾਧ ਭਾਈ ਦਾ ਮੁਗਲੂ ਥਾਣੇ ਪੁੱਜਾ। ਪੁਲੀਸ ਪੁੱਜੀ ਨਾ, ਚੋਰ ਪੁੱਜ ਗਏ, ਜਿਨ੍ਹਾਂ ਮਾਲੀ ਦੇ ਪੁੜੇ ਸੇਕ ਦਿੱਤੇ। ਹਸਪਤਾਲ ’ਚੋਂ ਹੁਣੇ ਛੁੱਟੀ ਮਿਲੀ ਐ। ਮੁਖਤਿਆਰ ਇਸ ਗੱਲੋਂ ਪ੍ਰੇਸ਼ਾਨ ਹੈ ਕਿ ਪੁਲੀਸ ਤੋਂ ਜਾਨ ਕਦੋਂ ਛੁੱਟੂ। ਇੱਕੋ ਰਟ ਲਾਈ ਬੈਠਾ, ਆਖਦੈ, ਦੋ ਦੂਣੀ ਚਾਰ ਰੋਟੀਆਂ। ਮੁਖਤਿਆਰ ਸਿਓਂ ਦਾ ਪਿੰਡ ਖੰਬੇ (ਮੋਗਾ) ’ਚ ਪਕੌੜਿਆਂ ਦਾ ਖੋਖਾ ਸੀ। ਖੋਖਾ ਨਾਜਾਇਜ਼ ਜਗ੍ਹਾ ’ਚ ਐ। ਇਹ ਆਖ ਪੁਲੀਸ ਨੇ ਪਹਿਲਾਂ ਖੋਖਾ ਚੁਕਾ ਦਿੱਤਾ। ਫਿਰ ਪੁਲੀਸ ਕੇਸ ਪਾ ਦਿੱਤਾ। ਬਠਿੰਡਾ ਪੁਲੀਸ ਕਦੋਂ ਹੱਥ ਪਾਊ। ਅਮੀਰਾਂ ਦੇ ਸਿਵਲ ਲਾਈਨ ਕਲੱਬ, ਅਫਸਰਾਂ ਦੇ ਡੂਨਜ਼ ਕਲੱਬ ਨੂੰ। ਮੈਜਿਸਟਰੇਟੀ ਜਾਂਚ ਕਈ ਵਰ੍ਹੇ ਪਹਿਲਾਂ ਹੋਈ। ਗੱਲ ਸਾਫ ਹੋਈ ਕਿ ਦੋਵੇਂ ਕਲੱਬ ਬਿਗਾਨੀ ਜਗ੍ਹਾ ’ਤੇ ਬਣੇ ਨੇ। ਲੱਗਦੈ ਪੁਲੀਸ ਦੇ ਲੰਮੇ ਹੱਥ ਸੁੰਗੜ ਗਏ ਨੇ। ਖੋਖੇ ਵਾਲਾ ਐਵੇਂ ਖਿਝੀ ਜਾਂਦੈ। ਭਰਮ ਤਾਂ ਪਰਮਿੰਦਰ ਕਿਤਨਾ ਵੀ ਪਾਲੀ ਬੈਠਾ। ਪੁਲੀਸ ਨੂੰ ਜੋ ਚਿੱਠੀਆਂ ਲਿਖ ਰਿਹੈ। ਗ੍ਰਿਫ਼ਤਾਰ ਕਰੋ ਸੁਖਬੀਰ ਤੇ ਮਜੀਠੀਏ ਨੂੰ, ਸੜਕ ਜਾਮ ਵਾਲੇ ਕੇਸਾਂ ’ਚ। ਪੰਜਾਬ ਪੁਲੀਸ ਏਨੀ ਵਿਹਲੀ ਨਹੀਂ। ਕੋਈ ਕਿਸਾਨ ਬੀਬੀ ਅੰਦਰ ਕਰਾਉਣੀ ਐ, ਤਾਂ ਦੱਸ। ਕੋਈ ਹਵਾਲਾਤ ’ਚ ਗੱਡੀ ਚੜ੍ਹਾਉਣੈ, ਤਾਾਂ ਦੱਸ। ‘ਤੱਕੜੇ ਦਾ ਸੱਤੀ ਵੀਹੀਂ ਸੌ।’ ਗੱਲ ਸੌ ਦੀ ਹੁੰਦੀ ਤਾਂ ਥਾਣੇਦਾਰ ਚੁੱਪ ਵੱਟ ਲੈਂਦਾ। ਮੱਝ ਪੂਰੇ 70 ਹਜ਼ਾਰ ਦੀ ਸੀ। ਚੋਰ ਥਾਣੇਦਾਰ ਦੇ ਘਰੋਂ ਲੈ ਕੇ ਡੰਡੀ ਪਏ। ਗੱਲ ਹੈ ਤਾਂ ਪੁਰਾਣੀ ਪਰ ਦਿਲਚਸਪ ਹੈ।
                ਪਤਾ ਨਹੀਂ ਕਿੰਨੇ ਚੋਰਾਂ ਦੇ ਪੁੜੇ ਸੇਕੇ ਗਏ। ਅਖੀਰ ਚੋਰਾਂ ਨੇ ਪੈਸੇ ਇਕੱਠੇ ਕੀਤੇ। ਮੱਝ ਥਾਣੇਦਾਰ ਦੇ ਕਿੱਲੇ ਤੇ ਬੰਨ੍ਹ ਆਏ। ਛੱਜੂ ਰਾਮ, ਇਸ਼ਾਰੇ ਕਰ ਰਿਹੈ, ਪੁਲੀਸ ਨਾਲ ਮਸਖਰੀ ਮਹਿੰਗੀ ਪਊ। ਗੱਲ ਤਾਂ ਠੀਕ ਐ। ਆਪਾਂ ਹੋਰ ਬੂਹਾ ਖੜਕਾ ਲੈਂਦੇ ਹਾਂ। ਪਹਿਲਾਂ ਪੰਜਾਬ ਦੀ ਸੱਥ ’ਚ ਚੱਲਦੇ ਹਾਂ। ਬਾਬੇ ਪੁੱਛ ਰਹੇ ਨੇ, ਬੁਢਾਪਾ ਪੈਨਸ਼ਨ ਕਦੋਂ ਵਧੂ। ਏਹ ਤਾਂ ਪਤਾ ਨਹੀਂ ਬਜ਼ੁਰਗੋ। ਬੱਸ ਏਨਾ ਕੁ ਪਤੈ, ਸੰਨ 1995 ’ਚ ਬੁਢਾਪਾ ਪੈਨਸ਼ਨ 200 ਰੁਪਏ ਸੀ। ਸਾਬਕਾ ਵਿਧਾਇਕਾਂ ਦੀ ਪੈਨਸ਼ਨ 500 ਰੁਪਏ। ਬਜ਼ੁਰਗੋ, ਥੋਡੀ ਪੈਨਸ਼ਨ ਵਧੀ ਹੁਣ ਤੱਕ ਸਾਢੇ ਤਿੰਨ ਗੁਣਾ। ਸਾਬਕਾ ਵਿਧਾਇਕਾਂ ਦੀ ਪੈਨਸ਼ਨ 150 ਗੁਣਾ ਜੋ ਹੁਣ 75 ਹਜ਼ਾਰ ਰੁਪਏ ਮਹੀਨਾ ਹੈ। ਬਾਬਿਓ ਕਾਹਲੇ ਨਾ ਪਓ, ਕੈਪਟਨ ਸਾਹਿਬ ਨੂੰ ਬਹੁਤ ਫਿਕਰ ਹੈ ਥੋਡਾ। ਆ ਵਿਧਾਨ ਸਭਾ ਸੈਸ਼ਨ ’ਚ ਵਿਧਾਇਕਾਂ ਦੇ ਆਮਦਨ ਕਰ ਦਾ ਫੈਸਲਾ ਨਿਬੇੜ ਲਿਐ। ਹੁਣ ਲੱਗਦੈ, ਮੁੱਖ ਮੰਤਰੀ ਦੇ ਛੇ ਸਲਾਹਕਾਰ, ਤਿੰਨ ਸਿਆਸੀ ਸਕੱਤਰ ਅਤੇ 10 ਓ.ਐਸ.ਡੀ ਥੋਡੀ ਪੈਨਸ਼ਨ ਦਾ ਹੱਲ ਕੱਢਣਗੇ। ਹਾਲੇ ਉਹ ‘ਘਰ ਘਰ ਨੌਕਰੀ’ ਵਾਲੇ ਪੱਤਰਾਂ ’ਚ ਵੀ ਉਲਝੇ ਹੋਏ ਨੇ। ਕਿਸੇ ਨੂੰ ਵਿਹਲ ਮਿਲੇ ਤਾਂ ਮਾਨਸਾ ਦੇ ਪਿੰਡ ਚੱਕ ਭਾਈਕੇ ਦਾ ਗੇੜਾ ਮਾਰਨਾ। ਮਜ਼ਦੂਰ ਗੱਗੀ ਨੇ ‘ਇੱਕ ਸਾਹ ਮੇਰਾ, ਇੱਕ ਸਾਹ ਤੇਰਾ’ ਦਾ ਸਬੂਤ ਦਿੱਤੈ। ਖੁਦ ਦਿਹਾੜੀਆਂ ਕੀਤੀਆਂ, ਭਰਾ ਜਗਸੀਰ ਨੂੰ ਪੜ੍ਹਾਇਆ।
               ਗੱਗੀ ਨੇ ਵਿਆਹ ਨਾ ਕਰਾਇਆ ਤਾਂ ਜੋ ਜਗਸੀਰ ਤਣ ਪੱਤਣ ਲੱਗ ਜਾਏ। ਕੁਦਰਤ ਨੇ ਅਪਾਹਜ ਜਗਸੀਰ ਦੀ ਲਾਜ ਤਾਂ ਨਹੀਂ ਰੱਖੀ। ਜਗਸੀਰ ਦਿਨ ਰਾਤ ਜਾਗਿਆ, ਭਰਾ ਦੀ ਲਾਜ ਰੱਖਣ ਲਈ। ਐਮ.ਏ,ਬੀ.ਐਡ ਸਭ ਕੁਝ ਕੀਤਾ। ਟੈੱਟ ਵੀ ਤੇ ਨੈੱਟ ਵੀ। ਉਸ ਦੇ ਬੂਹੇ ਨੌਕਰੀ ਤਾਂ ਪੁੱਜੀ ਨਹੀਂ, ਮੌਤ ਪੁੱਜ ਗਈ। ਫਾਹਾ ਲੈ ਸਰਕਾਰ ਦਾ ਫਿਕਰ ਮੁਕਾ ਗਿਆ। ਤਿੰਨ ਭੈਣਾਂ, ਐਤਕੀਂ ਜਗਸੀਰ ਦੀ ਤਸਵੀਰ ’ਤੇ ਰੱਖੜੀ ਬੰਨ੍ਹਣਗੀਆਂ। ਬੇਕਾਰੀ ਦੀ ਮਰਜ਼ ਦਾ ਇਲਾਜ ਕੌਣ ਕਰੂ। ਸਰਕਾਰੀ ਹਸਪਤਾਲਾਂ ’ਚ ਹੁਣ ਕੱਫ਼ਣ ਮੁਫ਼ਤ ਮਿਲੂ, ਮੈਨੂੰ ਤਾਂ ਏਨਾ ਕੁ ਪਤੈ। ਇਲਾਜ ਦੀ ਕੋਈ ਗਾਰੰਟੀ ਨਹੀਂ। ਤਾਹੀਓ ਤਾਂ ਅਰੁਣ ਜੇਤਲੀ ਤੇ ਸੋਨੀਆ ਗਾਂਧੀ ਅਮਰੀਕਾ ਜਾਂਦੇ ਨੇ। ਇਲਾਜ ਦਾ ਫਿਕਰ ਉਹ ਕਰਨ, ਜਿਨ੍ਹਾਂ ਦੇ ਦੋ ਦੂਣੀ ਚਾਰ ਨੇ, ਦੋ ਦੂਣੀ ਪੰਜ ਵਾਲਿਆਂ ਨੂੰ ਕੀ ਘਾਟੈ। ਕਹਾਵਤ ਐਵੇਂ ਨਹੀਂ ਬਣੀ, ‘ਦੌਲਤ ਹੈ ਮੇਹਰਬਾਨ ਤਾਂ ਗਧਾ ਵੀ ਪਹਿਲਵਾਨ’। ਗਰੀਬ ਬੰਦੇ ਦੀ ਜੂਨ ਤਾਂ ਗਧੇ ਤੋਂ ਵੀ ਭੈੜੀ ਐ। ਮਰ ਕੇ ਮਿੱਟੀ ਨਸੀਬ ਨਹੀਂ ਹੁੰਦੀ। ਸੰਘਰਸ਼ੀ ਇਕੱਠਾਂ ’ਚ ਇਕੱਲੇ ਲੋਕ ਨਹੀਂ, ਸੜਕਾਂ ’ਤੇ ਲਾਸ਼ਾਂ ਵੀ ਰੁਲਦੀਆਂ ਨੇ। ਕੇਵਲ ਨਿਆਂ ਲੈਣ ਲਈ। ਹਸਪਤਾਲਾਂ ’ਚ ਫਰੀਜ਼ਰ ਇੱਕ ਇੱਕ ਹੁੰਦੈ, ਮ੍ਰਿਤਕ ਦੇਹਾਂ ਤਿੰਨ ਤਿੰਨ। ਤੁਸੀਂ ਆਪ ਹੀ ਸਿਆਣੇ ਹੋ। ਗਰੀਬ ਨੂੰ ਤਾਂ ਲੋੜਾਂ ’ਤੇ ਥੁੜਾਂ ਹੀ ਸਾਹ ਨਹੀਂ ਲੈਣ ਦਿੰਦੀਆਂ।
             ਪੰਜਾਬੀਓ! ਐਵੇਂ ਢਹਿੰਦੀ ਕਲਾ ’ਚ ਨਾ ਰਿਹਾ ਕਰੋ। ਦੋ ਪਈਆਂ ਵਿਸਰ ਗਈਆਂ.. ਢੂਹੀ ਝਾੜੀ ਤੇ ਕੰਮ ਤੇ ਲੱਗੇ। ਹਕੂਮਤਾਂ ਦੀ ਸੋਚ ਵੀ ਵੱਡੀ ਤੇ ਕੰਮ ਵੀ ਵੱਡੇ ਹੁੰਦੇ ਨੇ। ਆਹ ਧਾਰਾ 370 ਵਾਲਾ ਕੰਮ ਕੋਈ ਛੋਟਾ ਸੀ। ਕੇਂਦਰ ਵਾਲੀ ਜੋੜੀ ’ਤੇ ਨਾ ਸੜੋ, ਬੱਸ ਧਰਵਾਸ ਕਰੋ ਤੇ ਦਿਲ ਵੱਡਾ ਕਰੋ। ਦਿਲ ਨਾ ਟਿਕੇ ਤਾਂ ਜਗਸੀਰ ਜੀਦੇ ਦੀ ਨਵੀਂ ਬੋਲੀ ਸੁਣ ਲੈਣਾ, ‘ਤੈਨੂੰ ਧੱਕੇ ਨਾਲ ਵਸਾਉਣਾ ਘਰ ਆਪਣੇ, ਜੰਮੂ ਕਸ਼ਮੀਰ ਦੀ ਤਰ੍ਹਾਂ।’ ਪੰਜਾਬ ਦੇ ਦਿਲ ਨੂੰ ਐਵੇਂ ਡੋਬੂ ਪਈ ਜਾਂਦੇ ਨੇ । ਕੁਝ ਨੀ ਹੋਣ ਲੱਗਾ, ਹਾਲੇ ਤੇਲ ਦੇਖੋ ਤੇਲ ਦੀ ਧਾਰ ਵੇਖੋ। ਅਕਾਲੀ ਦਲ ਦਾ ਕੀ ਸਟੈਂਡ ਐ, ਉਧਰ ਕਾਹਤੋਂ ਵੇਖਦੇ ਹੋ।
            ਅਖੀਰ ’ਚ ਅਚਾਰੀਆ ਰਜਨੀਸ਼ ਦੀ ਕਹਾਣੀ। ਇੱਕ ਜਾਦੂਗਰ ਭੇਡਾਂ ਪਾਲਣ ਦਾ ਸ਼ੌਕੀਨ ਸੀ ਤੇ ਭੇਡਾਂ ਖਾਣ ਦਾ ਵੀ। ਜਦੋਂ ਇੱਕ ਭੇਡ ਕੱਟਦਾ, ਦੂਜੀਆਂ ਭੱਜ ਜਾਂਦੀਆਂ। ਹੱਲ ਲਈ ਜਾਦੂਗਰ ਨੇ ਇੱਕ ਤਰਕੀਬ ਖੋਜੀ। ਸਭ ਭੇਡਾਂ ਨੂੰ ਸੰਮੋਹਿਤ ਕਰਕੇ ਸਮਝਾ ਦਿੱਤਾ। ਤੁਸੀਂ ਭੇਡਾਂ ਨਹੀਂ ਹੋ, ਜੋ ਕੱਟੀਆਂ ਜਾਂਦੀਆਂ ਨੇ ,ਉਹ ਭੇਡਾਂ ਹਨ, ਬਾਕੀ ਤੁਸੀਂ ਤਾਂ ਸ਼ੇਰ ਹੋ, ਚੀਤੇ ਹੋ ਤੇ ਇਨਸਾਨ ਵੀ। ਸੰਮੋਹਿਤ ਭੇਡਾਂ ਨੇ ਮੰਨ ਲਿਆ, ਜਾਦੂਗਰ ਦਾ ਕੰਮ ਸੌਖਾ ਹੋ ਗਿਆ। ਜਦੋਂ ਇੱਕ ਭੇਡ ਕੱਟੀ ਜਾ ਰਹੀ ਹੁੰਦੀ ਤਾਂ ਦੂਜੀਆਂ ਭੇਡਾਂ ਚਾਂਬੜਾਂ ਪਾਉਂਦੀਆਂ ਕਿ ਵਿਚਾਰੀ ਭੇਡ ਐ, ਜੋ ਕੱਟੀ ਜਾ ਰਹੀ ਹੈ, ਅਸੀਂ ਤਾਂ ਸ਼ੇਰ ਹਾਂ, ਇਨਸਾਨ ਹਾਂ, ਸਾਨੂੰ ਕੌਣ ਹੱਥ ਪਾਊ। ਜੋ ਭੇਡ ਕੱਟੀ ਜਾ ਰਹੀ ਸੀ, ਉਹੋ ਵੀ ਕੱਲ ਤੱਕ ਇਹੋ ਸੋਚ ਰਹੀ ਸੀ। ਸ਼ੇਰ ਹਾਂ, ਚੀਤਾ ਹਾਂ, ਕੌਣ ਨੇੜੇ ਲੱਗੂ। ਛੱਜੂ ਰਾਮ, ਮਨ ਸਮਝਾ ਰਿਹੈ, ‘ਸੂਰਜ ਇਕੱਲਾ ਚੜ੍ਹਦਾ ਨਾ ਵੇਖੋ, ਸ਼ਾਮ ਢਲਦੀ ਵੀ ਵੇਖਿਓ।’
   

4 comments:

  1. ਕਿਆ ਤਵਾ ਲਾਇਆ ਟਿਕਾ ਕੇ ਪਰ ਸਭ ਸੱਚ ਹੈ ਤੇ ਇੰਜ ਦਾ ਲਿਖਣ ਵਾਲੇ ਹੁਣ ਬਚੇ ਹੀ ਕਿੰਨੇ ਕੂ ਨੇ
    ਬੱਲੇ ਬਾਈ ਚਰਨਜੀਤ ਭੁੱਲਰ

    ReplyDelete
  2. "ਬਨਾਰਸੀ ਠੱਗਾਂ ਦਾ ਪ੍ਰਾਹੁਣਾ"...ਬਾਈ ਇਸ ਦੀ ਐਨੀ ਔਕਾਤ - ਕਿਸੇ ਦੀ ਸਹਿ ਬਗੈਰ ਨਹੀ ਹੋ ਸਕਦੀ - ਜੋ ਮਹਾਰਾਸ਼ਟਰ ਵਿਚ ਬੈਠੇ ਅਮਰੀਕਾ, ਕਨੇਡਾ ਦੇ ਬੁੜਿਆ, ਤੇ immigrants ਨੂ ਅਰਬਾ(dollar ਕਈ million ਜੇ exchange ਕਰੀਏ ਤਾਂ) - ਦਾ ਚੂਨਾ ਲਾ ਗਏ - ਜਦੋ police ਛਾਪੀ ਮਾਰਦੀ ਸੀ ਤਾ ਪਹਿਲਾ ਹੀ ਜੁਲੀ ਬਿਸਤਰਾ ਸਮੇਟ ਲੈਂਦੇ ਸੀ - ਓਹ ਤਾ ਅਮਰੀਕਾ ਦੇ ਹਥ ਵਡੇ ਹੋਣ ਕਰਕੇ ਥੋੜਿਆ ਜਿਹਾ ਨੂ ਲੈ ਗਏ ਫੜ ਕੇ - ਨਹੀ ਤਾ ਸੂਬੇ ਤੇ ਲੋਕਲ mp ਦਾ ਵੀ ਹਥ ਹੋਣਾ ਹੈ - ਅਜ ਕਲ ਤਾ bjp -rss ਦਾ ਆਵਦਾ ਹੀ ਇੱਕ ਬਹੁਤ ਵਡਾ IT cell ਸਰਗਰਮ ਹੈ ਜਿਸ ਨੇ ਕੋਈ ਵੀ fake id ਛਡੀ ਹੀ - ਕੋਈ ਧਰਮ, ਕੋਈ organisation ਜਿਵੇ ਆਰਮੀ ਵੀ - ਸਿਖਾ ਦਾ ਨਾਮ ਰਖ ਕੇ, ਪਗਾ ਬਣ ਕੇ ਤੇ ਲਿਖੀ ਜਾਂਦੇ ਹਨ ਜੈ ਮੋਦੀ ਤੇ ਬਲੇ ਮੋਦੀ - ਧੁਰਵ ਰਾਠੀ ਦੇ ਪ੍ਰੋਗ੍ਰਾਮ ਤੇ ਉਸ ਦੇ guest ਨੇ ਕਹਿਆ ਸੀ ਮੋਦੀ ਫਿਰ 2019 ਵਿਚ ਜਿਤੇਗਾ - ਓਹੀ ਹੋਇਆ - ਇਹ ਤਾ ਸਾਰੀ ਦੁਨੀਆ ਤੇ ਜੈ ਮੋਦੀ ਲਿਖਦੇ ਹਨ - ਕਨੇਡਾ ਅਮਰੀਕਾ ਦੇ ਇੰਗਲਿਸ਼ media ਵਿਚ ਵੀ 24 ਘੰਟੇ,365 ਦਿਨ -
    important video everyone should watch
    https://www.youtube.com/watch?v=BL2ZYXLW5bU

    ReplyDelete
  3. ਇੱਕ ਗਲ ਹੋਰ ਬਾਈ ਜੋ ਠੁਗ ਕਾਲੀਆ ਦੀ ਸਰਕਾਰ ਵੇਲੇ, ਕਬਡੀ ਨੂ ਵੀ sponsor ਕਰਦਾ ਸੀ -

    ReplyDelete