Saturday, August 24, 2019

                                                              ਪੁੱਠਾ ਗੇੜ
                                  ਉਮਰਾਂ ਦਾ ਸਾਥ ਨਿਭਾਉਣਾ ਭੁੱਲੇ ਪੰਜਾਬੀ
                                                             ਚਰਨਜੀਤ ਭੁੱਲਰ
ਬਠਿੰਡਾ : ਕੋਈ ਵੇਲਾ ਸੀ ਜਦੋਂ ਪੰਜਾਬੀ ਰਿਸ਼ਤੇ ਪੁਗਾਉਣ ’ਚ ਨਾਢੂ ਖਾਂ ਸਨ। ਹੁਣ ਪੰਜਾਬੀ ਵਿਆਹ ਦਾ ਬੰਧਨ ਤੋੜਨ ’ਚ ਅੱਗੇ ਹਨ। ਸਮਾਜੀ ਚਿਹਰੇ ’ਤੇ ਨਵੀਂ ਚਪੇੜ ਹੈ ਕਿ ਪੰਜਾਬੀ ਉਮਰਾਂ ਦਾ ਸਾਥ ਨਿਭਾਉਣ ਤੋਂ ਭੱਜਣ ਲੱਗੇ ਹਨ। ਦੇਸ਼ ਭਰ ਚੋਂ ਅੱਜ ਇਕਲੌਤਾ ਰਾਜ ਪੰਜਾਬ ਹੈ ਜਿਥੋਂ ਦੀਆਂ ਅਦਾਲਤਾਂ ’ਚ ‘ਵਿਆਹ ਪਟੀਸ਼ਨਾਂ’ ਦੀ ਦਰ ਸਭ ਤੋਂ ਉੱਚੀ ਹੈ। ਤੋੜ ਨਿਭਾਉਣ ਵਾਲੇ ਪੰਜਾਬੀ ਹੁਣ ਦੋ ਪੁਲਾਂਘਾਂ ਪੁੱਟ ਕੇ ਹਾਰਨ ਲੱਗੇ ਹਨ। ਛੋਟੇ ਵੱਡੇ ਕਾਰਨ ਕੋਈ ਵੀ ਹੋਣ, ਸ਼ਰਮ ਵਾਲੀ ਖ਼ਬਰ ਹੈ ਕਿ ਮੀਆਂ ਬੀਵੀ ਅਦਾਲਤਾਂ ’ਚ ਆਹਮੋ ਸਾਹਮਣੇ ਭਿੜ ਰਹੇ ਹਨ। ਪੰਜਾਬ ਵਿਚ 16 ਪਰਵਾਰਿਕ ਅਦਾਲਤਾਂ ਬਣਾਈਆਂ ਗਈਆਂ ਹਨ ਜੋ ਨਿਰੋਲ ਰੂਪ ਵਿਚ ‘ਵਿਆਹ ਪਟੀਸ਼ਨਾਂ’ ਨੂੰ ਦੇਖਦੀਆਂ ਹਨ। ਵੇਰਵਿਆਂ ਅਨੁਸਾਰ ਕੌਮੀ ਅੌਸਤ ਦੇਖੀਏ ਤਾਂ ਦੇਸ਼ ਦੀਆਂ ਅਦਾਲਤਾਂ ’ਚ 6.12 ਫੀਸਦੀ ‘ਵਿਆਹ ਪਟੀਸ਼ਨਾਂ’  ਹਨ ਜਿਨ੍ਹਾਂ ਦੀ ਗਿਣਤੀ 3.95 ਲੱਖ ਬਣਦੀ ਹੈ। ਪੰਜਾਬ ’ਚ ਅਦਾਲਤਾਂ ’ਚ ਕੁੱਲ ਪਟੀਸ਼ਨਾਂ ਚੋਂ ‘ਮੈਰਿਜ ਪਟੀਸ਼ਨਾਂ’ ਦੀ ਇਹੋ ਦਰ 14.65 ਫੀਸਦੀ ਹੈ ਜੋ ਸਭਨਾਂ ਸੂਬਿਆਂ ਚੋਂ ਸਿਖਰ ’ਤੇ ਹੈ। ਗੁਆਂਢੀ ਸੂਬੇ ਹਰਿਆਣਾ ’ਚ ਇਹ ਦਰ 10.95 ਫੀਸਦੀ ਅਤੇ ਰਾਜਸਥਾਨ ’ਚ 7.21 ਫੀਸਦੀ ਹੈ। ਉੱਤਰ ਪ੍ਰਦੇਸ਼ ’ਚ 5.75 ਫੀਸਦੀ, ਮੱਧ ਪ੍ਰਦੇਸ਼ ’ਚ 9.34 ਫੀਸਦੀ ਅਤੇ ਬਿਹਾਰ ’ਚ 7.74 ਫੀਸਦੀ ਹੈ। ਇਸੇ ਤਰ੍ਹਾਂ ਮਹਾਰਾਸ਼ਟਰ ’ਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ 8.63 ਫੀਸਦੀ ਅਤੇ ਪੱਛਮੀ ਬੰਗਾਲ ਦੀ 8.95 ਫ਼ੀਸਦੀ ਹੈ।
          ਦੂਸਰੀ ਤਰਫ਼ ਹਿਮਾਚਲ ਪ੍ਰਦੇਸ਼ ’ਚ ਸਿਰਫ਼ 00.4 ਫ਼ੀਸਦੀ ਕੇਸ ਹਨ ਅਤੇ ਗੁਜਰਾਤ ਵਿਚ ਇਹੋ ਦਰ ਸਿਰਫ਼ 3.84 ਫ਼ੀਸਦੀ ਹੈ। ਇਵੇਂ ਹੀ ਕੇਰਲਾ ਵਿਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ 0.66 ਫੀਸਦ ਹੀ ਹੈ। ਫੌਜਦਾਰੀ ਕੇਸਾਂ ਦੇ ਐਡਵੋਕੇਟ ਰਾਜੇਸ਼ ਸ਼ਰਮਾ ਬਠਿੰਡਾ ਨੇ ਦੱਸਿਆ ਕਿ ‘ਵਿਆਹ ਪਟੀਸ਼ਨਾਂ ’ ’ਚ ਤਲਾਕ ਨਾਲ ਸਬੰਧਿਤ ਕੇਸ ਆਉਂਦੇ ਹਨ ਅਤੇ ਹਿੰਦੂ ਮੈਰਿਜ ਐਕਟ ਧਾਰਾ 9 ਤਹਿਤ ਉਹ ਕੇਸ ਵੀ ਇਨ੍ਹਾਂ ’ਚ ਸ਼ਾਮਿਲ ਹਨ ਜਿਨ੍ਹਾਂ ’ਚ ਇੱਕ ਧਿਰ ਵਸਣ ਲਈ ਰਾਜੀ ਹੁੰਦੀ ਹੈ, ਦੂਸਰੀ ਛੱਡਣ ਲਈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਅਰਸੇ ਤੋਂ ਵਿਆਹੁਤਾ ਕੇਸਾਂ ਦੀ ਗਿਣਤੀ ਅਦਾਲਤਾਂ ਵਿਚ ਵਧੀ ਹੈ। ਤੱਥਾਂ ’ਤੇ ਨਜ਼ਰ ਮਾਰੀਏ ਤਾਂ ਪੰਜਾਬ ਚੋਂ ਸਭ ਤੋਂ ਸਿਖਰ ’ਤੇ ਜ਼ਿਲ੍ਹਾ ਮੋਗਾ ਹੈ ਜਿਥੇ ਅਦਾਲਤਾਂ ’ਚ ਪੈਂਡਿੰਗ ਵਿਆਹ ਪਟੀਸ਼ਨਾਂ ਦੀ ਦਰ ਸਭ ਤੋਂ ਉੱਚੀ 21.76 ਫ਼ੀਸਦੀ ਹੈ ਜਦੋਂ ਕਿ ਦੂਜੇ ਨੰਬਰ ’ਤੇ ਅੰਮ੍ਰਿਤਸਰ ਜ਼ਿਲ੍ਹੇ ਵਿਚ 19.52 ਫ਼ੀਸਦੀ ਹੈ। ਤੀਜਾ ਨੰਬਰ ਇਸ ਮਾਮਲੇ ’ਚ ਫਰੀਦਕੋਟ ਜ਼ਿਲ੍ਹੇ ਦਾ ਹੈ ਜਿਥੇ ਵਿਆਹ ਪਟੀਸ਼ਨਾਂ ਦੇ ਪੈਂਡਿੰਗ ਕੇਸਾਂ ਦੀ ਦਰ 17.68 ਫੀਸਦੀ ਹੈ। ਬਠਿੰਡਾ ਜ਼ਿਲ੍ਹੇ ਵਿਚ ਇਹੋ ਦਰ 17.60 ਫ਼ੀਸਦੀ ਹੈ।
        ਦੂਸਰੀ ਤਰਫ਼ ਰੋਪੜ ਤੇ ਫਿਰੋਜ਼ਪੁਰ ਇਸ ਮਾਮਲੇ ’ਚ ਚੰਗਾ ਸੁਨੇਹਾ ਦੇ ਰਹੇ ਹਨ ਜਿਥੇ ਵਿਆਹ ਪਟੀਸ਼ਨਾਂ ਦੀ ਦਰ 10 ਫ਼ੀਸਦੀ ਤੋਂ ਘੱਟ ਹੈ। ਪੰਜਾਬ ਚੋਂ ਫੈਮਿਲੀ ਕੋਰਟਸ ਹਨ, ਉਨ੍ਹਾਂ ਵਿਚ 31 ਮਾਰਚ 2019 ਨੂੰ 29,471 ਕੇਸ ਪੈਂਡਿੰਗ ਸਨ। ਐਸ.ਐਸ.ਪੀ ਮਾਨਸਾ ਸ੍ਰੀ ਨਰਿੰਦਰ ਭਾਰਗਵ ਆਖਦੇ ਹਨ ਕਿ ਮਹਿਲਾ ਥਾਣਿਆਂ ’ਚ ਵਿਆਹੁਤਾ ਜੀਵਨ ਦੇ ਬਿਖੇੜੇ ਵਾਲੇ ਜਿਆਦਾ ਕੇਸ ਆਉਂਦੇ ਹਨ। ਪੁਲੀਸ ਬਹੁਤੇ ਕੇਸਾਂ ਵਿਚ ਰਾਜੀਨਾਮੇ ਕਰਾਉਣ ਵਿਚ ਸਫਲ ਵੀ ਹੁੰਦੀ ਹੈ। ਖੋਖਲੇ ਅਧਾਰ ਵਾਲੇ ਕੇਸ ਦਫਤਰ ਦਾਖਲ ਕਰ ਦਿੱਤੇ ਜਾਂਦੇ ਹਨ। ਵੇਰਵਿਆਂ ਅਨੁਸਾਰ ਬਠਿੰਡਾ ਦੇ  ਮਹਿਲਾ ਥਾਣੇ ਵਿਚ ਪਿਛਲੇ ਸੱਤ ਵਰ੍ਹਿਆਂ ਵਿਚ ਪ੍ਰਵਾਰਿਕ ਝਗੜੇ ਵਾਲੇ 5614 ਕੇਸ ਆਏ ਹਨ।                         
ਖ਼ਾਹਿਸ਼ਾਂ ਦੇ ਬੰਨ੍ਹ ਟੱਪੇ ਪੰਜਾਬੀ : ਡਾ. ਰਵੀ 
 ਸਮਾਜਿਕ ਵਰਤਾਰੇ ਨੂੰ ਨੇੜਿਓਂ ਦੇਖਣ ਵਾਲੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਡਲਾ. ਰਵੀ ਰਵਿੰਦਰ ਦਾ ਪ੍ਰਤੀਕਰਮ ਸੀ ਕਿ ਵਿਸ਼ਵੀਕਰਨ ਅਤੇ ਸੰਚਾਰ ਕਰਾਂਤੀ ਨੇ ਪੰਜਾਬ ਦੇ ਸਮਾਜਿਕ ਢਾਂਚੇ ਨੂੰ ਹਲੂਣਾ ਦਿੱਤਾ ਹੈ। ਖ਼ਾਹਿਸ਼ਾਂ ਦੇ ਬੰਨ ਟੁੱਟੇ ਹਨ ਤੇ ਦਿਖਾਵੇ ਦੀ ਚੌਧਰ ਵਧੀ ਹੈ ਜਿਸ ਨੇ ਵਿਆਹੁਤਾ ਜ਼ਿੰਦਗੀ ਦੁਫਾੜ ਕੀਤੀ ਹੈ। ਜਦੋਂ ਪੰਜਾਬੀ ਭੌਤਿਕ ਤੇ ਮਾਨਸਿਕ ਇੱਛਾਵਾਂ ਦੇ ਸਬਰ ’ਚ ਬੰਨੇ ਹੋਏ ਸਨ, ਉਦੋਂ ਰਿਸ਼ਤੇ ਜਿਉਂਦੇ ਸਨ। ਨਵੇਂ ਦੌਰ ਦਾ ਵੱਡਾ ਹੱਲਾ ਪੰਜਾਬ ’ਤੇ ਹੀ ਵੱਜਿਆ ਹੈ, ਨਤੀਜੇ ਵਜੋਂ ਰਿਸ਼ਤਿਆਂ ਨੂੰ ਭੁਗਤਣਾ ਪੈ ਰਿਹਾ ਹੈ।

3 comments:

  1. ਡਾ ਰਵੀ ਰਵਿੰਦਰ ਦਾ ਪ੍ਰਤੀਕਰਮ ਇੱਕ ਪਾਸੜ ਹੈ । ਡੇਢ ਕੁ ਦਹਾਕੇ ਪਹਿਲਾਂ ਵਿਆਹ ਤੋਂ ਬਾਅਦ ਵਾਲਾ ਵਰਤਾਰਾ ਪੂਰੀ ਤਰ੍ਹਾਂ ਮਰਦ ਪ੍ਰਧਾਨ ਸੀ ਪਰ ਪਿਛਲੇ ਇੱਕ ਦਹਾਕੇ ਤੋਂ ਜਿਵੇਂ ਜਿਵੇਂ ਔਰਤਾਂ ਚ ਜਾਗਰੂਕਤਾ ਵਧੀ ਹੈ , ਮਰਦ ਦੀ ਮੋਨੋਪਲੀ ਟੁੱਟੀ ਹੈ ਅਤੇ ਔਰਤ ਨੂੰ ਬਹੁਤ ਹੱਦ ਤੱਕ ਇਹ ਸਮਝ ਆਈ ਹੈ ਕਿ ਉਹ ਕੇਵਲ ਭੋਗੀ ਜਾਣ ਵਾਲੀ, ਬੱਚੇ ਪੈਦਾ ਕਰਨ ਵਾਲੀ, ਚੁੱਲ੍ਹੇ ਚੌਂਕੇ ਤੱਕ ਸੀਮਤ ਰਹਿਣ ਵਾਲੀ ਜਾਂ ਤਸ਼ੱਦਦ ਸਹਿਣ ਕਰਨ ਵਾਲੀ ਕੋਈ ਵਸਤੂ ਨਹੀਂ । ਅਜਿਹੀ ਸਮਝ ਦੇ ਚੱਲਦਿਆਂ ਜਦੋਂ ਇੱਕ ਮਨੁੱਖ ਬਰਾਬਰੀ ਤੇ ਪਹੁੰਚਣ ਜਾਂ ਉਸ ਨੂੰ ਵੀ ਪਾਰ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਰੂੜੀਵਾਦੀ ਪ੍ਰਬੰਧ ਟੁੱਟਣੇ ਸੁਭਾਵਿਕ ਹੀ ਹਨ । ਤਲਾਕ ਦੇ ਅਨੇਕਾਂ ਕਾਰਨ ਹੋ ਸਕਦੇ ਹਨ ਉਨ੍ਹਾਂ ਵਿੱਚੋਂ ਇੱਕ ਕਾਰਨ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਵੀ ਹੋ ਸਕਦੀ ਹੈ । ਖ਼ਬਰ ਵਿੱਚ ਪੰਜਾਬ ਤੋਂ ਇਲਾਵਾ ਜਿਨ੍ਹਾਂ ਸੂਬਿਆਂ ਦਾ ਜ਼ਿਕਰ ਕੀਤਾ ਹੈ ਉਨ੍ਹਾਂ ਸੂਬਿਆਂ ਵਿੱਚ ਔਰਤਾਂ ਦੀ ਸਾਖਰਤਾ ਦਰ ਪੰਜਾਬ ਨਾਲੋਂ ਘੱਟ ਹੈ । ਯੂਪੀ ਬਿਹਾਰ ਵਰਗੇ ਰਾਜਾਂ ਵਿੱਚ ਅਜੇ ਵੀ ਬਹੁਤੀਆਂ ਔਰਤਾਂ ਵਿਆਹ ਤੋਂ ਬਾਅਦ ਪਤੀ ਨੂੰ ਪਰਮੇਸ਼ਰ ਸਮਝ ਕੇ ਹੀ ਦਿਨ ਬਸਰ ਕਰਦੀਆਂ ਹਨ, ਇਸ ਲਈ ਹੋ ਸਕਦਾ ਹੈ ਕਿ ਉਨ੍ਹਾਂ ਸੂਬਿਆਂ ਵਿੱਚ ਵਿਆਹ ਤੋਂ ਬਾਅਦ ਦੇ ਮਸਲੇ ਅਦਾਲਤਾਂ ਤੱਕ ਉਨੇ ਜ਼ਿਆਦਾ ਨਾ ਪਹੁੰਚਦੇ ਹੋਣ, ਜਿੰਨੇ ਕਿ ਪੰਜਾਬ ਵਿੱਚ ਪਹੁੰਚਦੇ ਹਨ। ਔਰਤ ਮਰਦ ਗ੍ਰਹਿਸਤ ਰਿਸ਼ਤੇ ਦੇ ਸੰਦਰਭ ਵਿੱਚ ਤਾਂ ਪੰਜਾਬੀ ਕਦੇ ਵੀ ਨਾਢੁੂ ਖਾਨ ਨਹੀਂ ਬਣ ਸਕੇ। ਵਿਆਹ ਤੋਂ ਪਹਿਲਾਂ ਦੇ ਪ੍ਰੇਮ ਪ੍ਰਸੰਗਾਂ ਵਿੱਚ ਜ਼ਰੂਰ ਬਣਦੇ ਸੁਣੇ ਹਨ । (ਗੁਰਸੇਵਕ ਸਿੰਘ ਸੋਹਲ, ਚੰਡੀਗੜ੍ਹ )

    ReplyDelete
    Replies
    1. ਬਿਲਕੁਲ ਸਚਾਈ ਬਿਆਨ ਕੀਤੀ ਤੁਸੀਂ

      Delete
  2. ਹਰ ਵਾਰੀ ਲੱਪ ਕੁ ਖਿਚੜੀ ਵਿਚ ਵਾਧੂ ਕਿਸਮ ਦੀਆਂ ਦਾਲਾਂ ਪਾ ਦਿੰਦੇ ਹੋ। ਸਮਝ ਨਹੀਂ ਆਉਂਦੀ ਇਹ ਸਾਰੇ ਫੈਕਟਸ ਇੱਕਠੇ ਕਰਕੇ ਉਹਨਾਂ ਦਾ ਸੁਮੇਲ ਕਿਵੇਂ ਕਰਦੇ ਹੋ। ਵਾਇਆ ਪੰਜਾਬ ਪੂਰੇ ਪੰਜਬ ਨੂੰ ਕਵਰ ਕਰਦਾ ਹੈ। ਅਮੀਨ।

    ReplyDelete