Wednesday, April 29, 2020

                                                          ਸਰਫ਼ਾ ਮੁਹਿੰਮ 
                                ਜਨਾਬ ਲਈ ਗੁਲਾਬ, ਚਾਕਰਾਂ ਲਈ ਖ਼ੁਆਬ
                                                             ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵਿੱਤੀ ਸੰਕਟ ਨਾਲ ਸਿੱਝਣ ਲਈ ਛੇੜੀ ਸਰਫਾ ਮੁਹਿੰਮ ਦਾ ਵਜ਼ੀਰਾਂ/ਵਿਧਾਇਕਾਂ ਅਤੇ ਆਈ.ਏ.ਐਸ ਅਫਸਰਾਂ ਨੂੰ ਸੇਕ ਨਹੀਂ ਲੱਗੇਗਾ ਜਦੋਂ ਕਿ ਮੁਲਾਜ਼ਮਾਂ ਨੂੰ ਭੱਤਿਆਂ ’ਤੇ ਕੱਟ ਦੀ ਮਾਰ ਝੱਲਣੀ ਪੈ ਸਕਦੀ ਹੈ। ਰਾਜ ਸਰਕਾਰ ਤਰਫ਼ੋਂ ਅੱਜ ਮੋਬਾਈਲ ਭੱਤੇ ’ਤੇ ਕੱਟ ਲਾਉਣ ਬਾਰੇ ਦੂਸਰੇ ਗੇੜ ਦੀ ਚਰਚਾ ਕੀਤੀ ਗਈ ਜਿਸ ’ਚ ਕਈ ਨੁਕਤੇ ਵਿਚਾਰੇ ਗਏ ਪ੍ਰੰਤੂ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ। ਪੰਜਾਬ ਸਰਕਾਰ ਨੂੰ ਦਰਜਾ ਚਾਰ ਮੁਲਾਜ਼ਮਾਂ ਨੂੰ ਪ੍ਰਤੀ ਮਹੀਨਾ ਮਿਲਦਾ 250 ਰੁਪਏ ਦਾ ਮੋਬਾਈਲ ਭੱਤਾ ਚੁਭਦਾ ਹੈ ਜਦੋਂ ਕਿ ਵਜ਼ੀਰ/ਵਿਧਾਇਕ ਨੂੰ ਪ੍ਰਤੀ ਮਹੀਨਾ ਮਿਲਦਾ 15 ਹਜ਼ਾਰ ਰੁਪਏ ਦਾ ਮੋਬਾਈਲ ਭੱਤਾ ਬੋਝ ਨਹੀਂ ਲੱਗਦਾ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਹਰ ਵਜ਼ੀਰ ਨੂੰ 15 ਹਜ਼ਾਰ ਰੁਪਏ ਮੋਬਾਈਲ ਭੱਤੇ ਦੇ ਮਿਲਦੇ ਹਨ ਅਤੇ ਇਸ ਲਿਹਾਜ਼ ਨਾਲ ਖ਼ਜ਼ਾਨਾ ਸਲਾਨਾ 28.80 ਲੱਖ ਰੁਪਏ ਵਜ਼ੀਰਾਂ ਦੇ ਮੋਬਾਈਲ ਭੱਤੇ ਦਾ ਭਾਰ ਚੁੱਕਦਾ ਹੈ। ਵਿਧਾਇਕਾਂ ਨੂੰ ਵੀ ਪ੍ਰਤੀ ਮਹੀਨਾ 15 ਹਜ਼ਾਰ ਰੁਪਏ ਫੋਨ ਖਰਚਾ ਮਿਲਦਾ ਹੈ ਜਿਸ ਦਾ ਸਲਾਨਾ ਬੋਝ 1.78 ਕਰੋੜ ਰੁਪਏ ਦਾ ਪੈਂਦਾ ਹੈ। ਪੰਜਾਬ ਵਿਚ ਕਰੀਬ 191 ਆਈ.ਏ.ਐਸ ਅਫਸਰ ਹਨ ਜਿਨ੍ਹਾਂ ਦੇ ਮੋਬਾਈਲ ਭੱਤੇ ਦਾ ਸਲਾਨਾ ਦਾ ਭਾਰ 59.64 ਲੱਖ ਰੁਪਏ ਪੈਂਦਾ ਹੈ।
       ਪੰਜਾਬ ਸਰਕਾਰ ਨੇ 24 ਨਵੰਬਰ 2015 ਨੂੰ ਨਵੀਂ ਸੋਧ ਕਰਕੇ ਪੰਜਾਬ ਦੇ ਆਈ.ਏ.ਐਸ ਅਫਸਰਾਂ ਦੇ ਲੈਂਡਲਾਈਨ ਅਤੇ ਮੋਬਾਈਲ ਭੱਤੇ ਨਿਸ਼ਚਿਤ ਕੀਤੇ ਸਨ। ਇਸ ਅਨੁਸਾਰ ਮੁੱਖ ਸਕੱਤਰ ਲਈ ਕੋਈ ਨਿਸ਼ਚਿਤ ਸੀਮਾ ਨਹੀਂ ਰੱਖੀ ਗਈ ਜਦੋਂ ਕਿ ਵਿੱਤ ਕਮਿਸ਼ਨਰ/ਪ੍ਰਮੁੱਖ ਸਕੱਤਰ/ਪ੍ਰਬੰਧਕੀ ਸਕੱਤਰ/ਸਕੱਤਰ ਲਈ ਪ੍ਰਤੀ ਮਹੀਨਾ 3500 ਰੁਪਏ ਭੱਤਾ ਤੈਅ ਕੀਤਾ ਗਿਆ। ਸਪੈਸ਼ਲ ਸਕੱਤਰਾਂ/ਵਧੀਕ ਸਕੱਤਰਾਂ ਅਤੇ ਵਿਭਾਗੀ ਮੁਖੀਆਂ ਦਾ ਪ੍ਰਤੀ ਮਹੀਨਾ ਭੱਤਾ 2500 ਰੁਪਏ ਨਿਸ਼ਚਿਤ ਕੀਤਾ ਗਿਆ ਜਦੋਂ ਕਿ ਸੰਯੁਕਤ ਸਕੱਤਰ/ਡਿਪਟੀ ਸਕੱਤਰ/ਵਧੀਕ ਸਕੱਤਰ (ਆਈ.ਏ.ਐਸ/ਪੀ.ਸੀ.ਐਸ) ਦਾ ਇਹੋ ਭੱਤਾ ਪ੍ਰਤੀ ਮਹੀਨਾ ਦੋ ਹਜ਼ਾਰ ਰੁਪਏ ਤੈਅ ਹੋਇਆ।ਪੀ.ਐਸ.ਅਫਸਰਾਂ ਨੂੰ 500 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਮਿਲਦਾ ਹੈ। ਦੂਸਰੀ ਤਰਫ਼ ਵਿੱਤ ਵਿਭਾਗ ਨੇ 3 ਅਕਤੂਬਰ 2011 ਨੂੰ ਕਲਾਸ-1 ਅਫਸਰ ਲਈ 500 ਰੁਪਏ ਅਤੇ ਕਲਾਸ ਟੂ ਅਫਸਰ ਲਈ 300 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਨਿਸ਼ਚਿਤ ਕੀਤਾ। ਉਸ ਮਗਰੋਂ 23 ਦਸੰਬਰ 2011 ਨੂੰ ਦਰਜਾ ਤਿੰਨ ਅਤੇ ਦਰਜਾ ਚਾਰ ਮੁਲਾਜ਼ਮਾਂ ਦਾ ਪ੍ਰਤੀ ਮਹੀਨਾ 250 ਰੁਪਏ ਇਹੋ ਭੱਤਾ ਤੈਅ ਕੀਤਾ ਗਿਆ। ਕੌਮੀ ਆਫ਼ਤ ਦਾ ਵੇਲਾ ਅਤੇ ਪੰਜਾਬ ਦਾ ਵਿੱਤੀ ਸੰਕਟ ਕਿਸੇ ਤੋਂ ਭੁੱਲਿਆ ਨਹੀਂ ਹੈ ਪ੍ਰੰਤੂ ਤਨਖ਼ਾਹਾਂ ਤੇ ਭੱਤਿਆਂ ਦੇ ਕੱਟ ਲਾਉਣ ਵੇਲੇ ਦੋਹਰੀ ਨੀਤੀ ਤੋਂ ਮੁਲਾਜ਼ਮ ਪ੍ਰੇਸ਼ਾਨ ਹਨ।
       ਸੂਤਰ ਦੱਸਦੇ ਹਨ ਕਿ ਦਰਜਾ ਚਾਰ ਮੁਲਾਜ਼ਮਾਂ ਦਾ ਮੋਬਾਇਲ ਭੱਤਾ 100 ਰੁਪਏ, ਦਰਜਾ ਤਿੰਨ ਦਾ 150 ਰੁਪਏ, ਦਰਜਾ ਦੋ ਦਾ 175 ਰੁਪਏ ਅਤੇ ਕਲਾਸ ਵਨ ਅਫਸਰਾਂ ਦਾ 200 ਰੁਪਏ ਪ੍ਰਤੀ ਮਹੀਨਾ ਮੋਬਾਈਲ ਭੱਤਾ ਕਰਨ ਦੀ ਯੋਜਨਾਬੰਦੀ ਹੈ। ਪੰਜਾਬ ਵਿਚ ਇਸ ਵੇਲੇ ਕਰੀਬ 3,15,649 ਮੁਲਾਜ਼ਮ ਅਤੇ ਅਧਿਕਾਰੀ ਹਨ ਜਿਨ੍ਹਾਂ ਚੋਂ 16061 ਕਲਾਸ ਵਨ ਅਧਿਕਾਰੀ ਹਨ ਜਿਨ੍ਹਾਂ ਦੇ ਮੋਬਾਈਲ ਭੱਤੇ ਦਾ ਸਲਾਨਾ ਖਰਚਾ 9.63 ਕਰੋੜ ਰੁਪਏ ਹੈ ਜਦੋਂ ਕਿ ਪੰਜਾਬ ਵਿਚ 45,123 ਦਰਜਾ ਚਾਰ ਮੁਲਾਜ਼ਮ ਹਨ ਜਿਨ੍ਹਾਂ ਦਾ ਸਲਾਨਾ ਮੋਬਾਈਲ ਖਰਚਾ 13.50 ਕਰੋੜ ਰੁਪਏ ਬਣਦਾ ਹੈ। ਸਰਕਾਰੀ ਪੱਖ ਹੈ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਮੋਬਾਈਲ ਭੱਤੇ ’ਤੇ ਕੱਟ ਲਗਾ ਕੇ 45 ਕਰੋੜ ਰੁਪਏ ਸਲਾਨਾ ਬੱਚਤ ਕਰਨਾ ਚਾਹੁੰਦੀ ਹੈ। ਸਰਕਾਰੀ ਮੁਲਾਜ਼ਮ ਇਸ ਗੱਲੋਂ ਅੌਖ ਵਿਚ ਹਨ ਕਿ ਹਰ ਕੁਹਾੜਾ ਮੁਲਾਜ਼ਮਾਂ ’ਤੇ ਹੀ ਕਿਉਂ ਪੈਂਦਾ ਹੈ। ਕਰੀਬ 25 ਫੀਸਦੀ ਮੁਲਾਜ਼ਮਾਂ ਨੂੰ ਹਾਲੇ ਤੱਕ ਮਾਰਚ ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ ਹੈ ਅਤੇ ਅਪਰੈਲ ਮਹੀਨੇ ਦੀ ਤਨਖਾਹ ਦੇ ਬਿੱਲਾਂ ਨਾ ਲੈਣ ਦਾ ਰੌਲਾ ਪੈ ਰਿਹਾ ਹੈ। ਮੋਬਾਈਲ ਕੰਪਨੀਆਂ ਦੇ ਵੱਧ ਤੋਂ ਵੱਧ ਪ੍ਰਤੀ ਮਹੀਨਾ 2000 ਰੁਪਏ ਲੈਂਡ ਲਾਈਨ ਆਦਿ ਦੇ ਅਣਲਿਮਟਿਡ ਪਲਾਨ ਹਨ ਪ੍ਰੰਤੂ ਇਸ ਦੀ ਥਾਂ ਵਜ਼ੀਰਾਂ ਨੂੰ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੇ ਜਾ ਰਹੇ ਹਨ।
                                ਦੋਗਲੀ ਨੀਤੀ ਪ੍ਰਵਾਨ ਨਹੀਂ : ਖਹਿਰਾ
ਸਾਂਝਾ ਮੁਲਾਜ਼ਮ ਮੰਚ ਦੇ ਕਨਵੀਨਰ ਸ੍ਰੀ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਮੋਬਾਈਲ ਭੱਤੇ ਤੇ ਕੱਟ ਲਾਉਣ ਦੇ ਮਾਮਲੇ ਵਿਚ ਸਰਕਾਰ ਦੋਗਲੀ ਨੀਤੀ ਚੱਲ ਰਹੀ ਹੈ ਜਿਸ ਨੂੰ ਮੁਲਾਜ਼ਮ ਪ੍ਰਵਾਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਾਈਵੇਟ ਕੰਪਨੀ ਨੂੰ ਗਰੁੱਪ ਕੁਨੈਕਸ਼ਨ ਸਕੀਮ ਤਹਿਤ ਠੇਕਾ ਦੇ ਰਹੀ ਹੈ ਅਤੇ ਇਹ ਸਿਸਟਮ ਪਹਿਲਾਂ ਕਦੇ ਵੀ ਕਾਮਯਾਬ ਨਹੀਂ ਹੋਇਆ ਹੈ। ਪੈਸਾ ਵੀ ਕੰਪਨੀ ਦੀ ਜੇਬ ਵਿਚ ਜਾਏਗਾ। ਸਰਕਾਰ ਸੱਚਮੱੁਚ ਸੁਹਿਰਦ ਹੈ ਤਾਂ ਵਜ਼ੀਰਾਂ ਅਤੇ ਵਿਧਾਇਕਾਂ ਦੇ ਮੋਬਾਈਲ ਭੱਤੇ ਪਹਿਲਾਂ ਬੰਦ ਕਰੇ। ਮੁਲਾਜ਼ਮ ਹੀ ਨਿਸ਼ਾਨੇ ’ਤੇ ਕਿਉਂ ਰੱਖੇ ਜਾਂਦੇ ਹਨ।
                           ਹਾਲੇ ਮੁਢਲੀ ਚਰਚਾ ਹੋਈ ਹੈ : ਪ੍ਰਮੁੱਖ ਸਕੱਤਰ
ਆਮ ਰਾਜ ਪ੍ਰਬੰਧ ਅਤੇ ਤਾਲਮੇਲ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਅਲੋਕ ਸ਼ੇਖਰ ਦਾ ਕਹਿਣਾ ਸੀ ਕਿ ਅੱਜ ਮੋਬਾਈਲ ਭੱਤੇ ਬਾਰੇ ਮੀਟਿੰਗ ਵਿਚ ਮੁਢਲੀ ਵਿਚਾਰ ਚਰਚਾ ਕੀਤੀ ਗਈ ਅਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਮਸਲੇ ’ਤੇ ਵਿਚਾਰ ਹੀ ਹੋ ਰਿਹਾ ਹੈ। ਦੱਸਣਯੋਗ ਹੈ ਕਿ ਮੀਟਿੰਗ ਦਾ ਪ੍ਰਬੰਧ ਛਪਾਈ ਤੇ ਲਿਖਣ ਸਮੱਗਰੀ ਵਿਭਾਗ ਵੱਲੋਂ ਕੀਤਾ ਗਿਆ ਜਿਸ ਵਿਚ ਵਿੱਤ ਵਿਭਾਗ ਦੇ ਵਿਸ਼ੇਸ਼ ਸਕੱਤਰ (ਖਰਚਾ) ਤੋਂ ਇਲਾਵਾ ਪ੍ਰਬੰਧਕੀ ਸੁਧਾਰ ਵਿਭਾਗ ਦੇ ਡਾਇਰੈਕਟਰ ਵੀ ਸ਼ਾਮਿਲ ਹੋਏ।


Sunday, April 26, 2020

                       ਵਿਚਲੀ ਗੱਲ
          ਬਾਤ ਪਾਵਾਂ ਬਤੋਲੀ ਪਾਵਾਂ..!
                       ਚਰਨਜੀਤ ਭੁੱਲਰ
ਚੰਡੀਗੜ੍ਹ : ਇਹ ਬੁਝਾਰਤ ਤੋਂ ਘੱਟ ਨਹੀਂ, ਨਵੇਂ ਤਾਂ ਕਿਥੋਂ ਬੁੱਝਣਗੇ। ਕਿਤੇ ਪੱਤਣਾਂ ਦੇ ਤਾਰੂ ਹੁੰਦੇ, ਵਗਦੀ ਗੰਗਾ ’ਚ ਡੁਬਕੀ ਲਾਉਂਦੇ। ਇਕੱਲੇ ਪਾਪੀ ਨਹੀਂ, ਮਹਾਂਮੂਰਖ ਵੀ ਨਿਕਲੇ। ਮਾਇਆ ਦੀ ਗੰਗਾ ਦਾ ਕਾਹਦਾ ਕਸੂਰ। ਬਜ਼ੁਰਗੋ, ਪੰਜ ਇਸ਼ਨਾਨਾ ਹੀ ਕਰ ਲੈਂਦੇ। ਅੌਲਾਦ ਇਹੋ ਸੋਚਦੀ ਹੋਊ। ‘ਜੋ ਲਾਹੌਰ ਬੁੱਧੂ, ਉਹ ਪਿਸ਼ੌਰ ਬੁੱਧੂ’। ਗੋਨਿਆਣਾ ਮੰਡੀ ਦਾ ਹੇਮ ਰਾਜ ਮਿੱਤਲ। ਸਿਰੇ ਦਾ ਬੁੱਧੂ ਹੀ ਜਾਪਦੈ। ਮਾਇਆ ਦਾ ਝਰਨਾ ਵਹਿੰਦਾ ਰਿਹਾ। ਨੇੜਿਓਂ ਵੇਖ ਕੇ ਮੁੜ ਆਇਆ। ਮਜਾਲ ਐ ਕੋਈ ਬੂੰਦ ਪੈਰ ’ਤੇ ਪਈ ਹੋਵੇ। ਪਿੱਛੋਂ ਪਾਪਾਂ ਦੀ ਸਜ਼ਾ ਜ਼ਰੂਰ ਸਿਰ ਪਈ। ਪਰਜਾ ਮੰਡਲ ਲਹਿਰ ’ਚ ਕੁੱਦਿਆ। ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ। ਮਿੱਤਲ ਦੀ ਅੱਖ ਪਛਾਣ ਗਿਆ। ਤੋਰ ਤੋਂ ਪਹਿਲਾਂ ਜਾਣੂ ਸੀ। ਜਦੋਂ ਡਿਪਟੀ ਡੀ.ਈ.ਓ ਦੀ ਕੁਰਸੀ ਛੱਡੀ। ਉਦੋਂ ਐਸ.ਐਸ.ਐਸ ਬੋਰਡ ਨੇ ਕਿਹਾ ‘ਧੰਨਭਾਗ’।ਹੇਮ ਰਾਜ ਤਿੰਨ ਵਰ੍ਹੇ ਬੋਰਡ ਦਾ ਚੇਅਰਮੈਨ ਰਿਹਾ। ਪੰਜਾਹ ਹਜ਼ਾਰ ਮੁੰਡਿਆਂ ਨੂੰ ਨੌਕਰੀਆਂ ਵੰਡੀਆਂ। ਸਾਈਕਲ ’ਤੇ ਦਫ਼ਤਰ ਜਾਂਦਾ। ਚੰਡੀਗੜ੍ਹੋਂ ਖਾਲੀ ਹੱਥ ਗੋਨਿਆਣੇ ਮੁੜਿਆ। ਕਿੰਨੇ ਵਰ੍ਹੇ ਘਰ ਹੀ ਨਾ ਜੁੜਿਆ। ਪਿਓ ਦੀ ਲਾਈ ਆਟਾ ਚੱਕੀ ’ਤੇ ਬੈਠਣਾ ਪਿਆ। ਮਾਸਟਰ ਜੀ ਪਾਪਾਂ ਦਾ ਆਟਾ ਚੌਵੀ ਸਾਲ ਛਾਣਦੇ ਰਹੇ। ਹੁਣ 95 ਵਰ੍ਹਿਆਂ ਨੂੰ ਢੁੱਕੇ ਨੇ। ਚਾਦਰ ਚਿੱਟੀ ਹੈ ਤੇ ਜ਼ਮੀਰ ਬਾਗੋ ਬਾਗ। ਪੈਨਸ਼ਨ ਤੋਂ ਸਿੱਖਿਆ ਮਹਿਕਮਾ ਮੁੱਕਰਿਆ। ਸੁਪਰੀਮ ਕੋਰਟ ਤੱਕ ਜਾਣਾ ਪਿਆ। ਪੈਨਸ਼ਨ ਲੱਗੀ 1293 ਰੁਪਏ। ਨਵੇਂ ਯੁੱਗ ਦੇ ਸਿਆਣਿਓਂ। ਤੁਸੀਂ ਬਿਨਾਂ ਗੱਲੋਂ ਅੌਖੇ ਹੋ। ਅਖੇ ,ਫਲਾਣਾ ਲੀਡਰ ਤਾਂ ਪੰਜ ਪੰਜ ਪੈਨਸ਼ਨਾਂ ਲੈਂਦੈ। ਮੁਲਾਜ਼ਮ ਢਿੱਡੋਂ ਤਪੇ ਪਏ ਨੇ। ਕਰੋਨਾ ਮੌਕੇ ਕੱਟ ਸਾਡੇ ‘ਤੇ ਕਿਉਂ। ਤਖ਼ਤਾਂ ਨੂੰ ਕੌਣ ਬੁੱਝੇ।
                ਪੱਛਮੀ ਅਫ਼ਰੀਕਾ ਦਾ ਫਿਕਰਾ ਹੈ। ‘ਚੋਰੀ ਕੁੱਤੇ ਨੇ ਕੀਤੀ, ਸਜ਼ਾ ਬੱਕਰੀ ਨੂੰ।’ ਮਾਸਟਰ ਤਾਰਾ ਸਿੰਘ ਪੰਥ ਰਤਨ ਬਣ ਚਮਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। ਕਫ਼ਨ ਦੇ ਤਾਂ ਜੇਬ ਨਹੀਂ ਹੁੰਦੀ। ਮਾਸਟਰ ਜੀ ਦੇ ਦੋ ਗੀਝੇ ਸਨ। ਕੇਰਾਂ ਕੁੜੀ ਨੇ ਪੈਸੇ ਮੰਗੇ। ਖੱਬੇ ਗੀਝੇ ’ਚ ਹੱਥ ਮਾਰਿਆ। ਵਿਚੋਂ ਹੱਥ ਖਾਲੀ ਨਿਕਲਿਆ। ਕੁੜੀ ਮੂੰਹ ਲਟਕਾ ਮੁੜ ਗਈ। ਪਾਰਟੀ ਵਰਕਰ ਫਰਿਆਦੀ ਬਣ ਆਏ। ਸੱਜੇ ਗੀਝੇ ’ਚ ਹੱਥ ਮਾਰਿਆ। ਕਈ ਕੜਕਦੇ ਨੋਟ ਨਿਕਲੇ। ਵਰਕਰ ਸ਼ੁਕਰਾਨਾ ਕਰਦੇ ਮੁੜੇ। ਮਾਸਟਰ ਜੀ ਇਹੋ ਆਖਦੇ, ਪੰਥ ਦਾ ਪੈਸਾ ਅਮਾਨਤ ਹੈ, ਪਰਿਵਾਰ ਲਈ ਨਹੀਂ। ਘਰੋਂ ਸਾਈਕਲ ’ਤੇ ਦਫ਼ਤਰ ਪੁੱਜਦੇ। ਡੰਡੇ ਨਾਲ ਟਿਫਨ ਬੰਨ੍ਹ ਲਿਆਉਂਦੇ। ਜਥੇਦਾਰ ਮੋਹਨ ਸਿੰਘ ਤੁੜ ਵੀ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ। ਜਦੋਂ ਐਮ.ਪੀ ਬਣੇ ਸਨ। ਉਦੋਂ ਵੀ ਪਸ਼ੂਆਂ ਨੂੰ ਨੀਰਾ ਚਾਰਾ ਖੁਦ ਪਾਉਂਦੇ। ਜੇਲ੍ਹਾਂ ’ਚ ਜ਼ਿੰਦਗੀ ਕੱਢੀ। ਕੈਰੋਂ ਦੇ ਲਾਲਚ ਵੀ ਠੁਕਰਾਏ। ਨੰਗੇ ਪਿੰਡੇ ਬਰਫ਼ ਵੀ ਝੱਲੀ। ਮਾਇਆ ਜਲ ਦੇ ਛਿੱਟੇ ਮਾਰੇ ਹੁੰਦੇ। ਤੁੜ ਦੀ ਜ਼ਮੀਨ ਕੁਰਕੀ ਦੇ ਢੋਲ ਨਾ ਵੱਜਦੇ। ਛੋਟੀ ਸੋਚ ਵਾਲਿਓ, ਤੁਸੀਂ ਆਖਦੇ ਹੋ, ਫਲਾਣੇ ਨੇ ਵਿਦੇਸ਼ ਚੋਂ ਕਿਉਂ ਇਲਾਜ ਕਰਾਇਐ। ਅਕਲ ਦਾ ਅਕਾਲ ਪੈ ਜਾਏ। ਬਜਟ ਗਿਆਨ ਦਾ ਲੁਟਕ ਜਾਵੇ। ਬੁੱਝਣਾ ਅੌਖਾ ਹੋ ਜਾਂਦੈ। ਪ੍ਰ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ’ਚ ਮਾਲ ਮੰਤਰੀ। ਗਿਆਨੀ ਕਰਤਾਰ ਸਿੰਘ ਹੁੰਦਾ ਸੀ। ਸੁਣਿਆ ਤੁਸੀਂ ਵੀ ਹੋਊ। ਲਾਹੌਰ ਤੋਂ ਵੱਡੇ ਬਾਦਲ ਪੜ੍ਹ ਕੇ ਮੁੜੇ। ਗਿਆਨੀ ਜੀ ਕੋਲ ਨਾਇਬ ਤਹਿਸੀਲਦਾਰ ਭਰਤੀ ਹੋਣ ਗਏ। ਸਿਆਸੀ ਗੁੜ੍ਹਤੀ ਲੈ ਕੇ ਮੁੜੇ। ਗਿਆਨੀ ਜੀ ਕੋਲ ਜੌਂਗਾ ਹੁੰਦਾ ਸੀ। ਕੇਰਾਂ ਰਸਤੇ ’ਚ ਤੇਲ ਮੁੱਕ ਗਿਆ। ਛੇ ਸਵਾਰਾਂ ਕੋਲ 12 ਰੁਪਏ ਨਿਕਲੇ। ਜਦੋਂ ਦੁਨੀਆਂ ਨੂੰ ਅਲਵਿਦਾ ਕਿਹਾ। ਉਦੋਂ ਬੈਂਕ ਬੈਲੈਂਸ ਜ਼ੀਰੋ ਸੀ।
               ਜਥੇਦਾਰ ਗੁਰਚਰਨ ਸਿੰਘ ਟੌਹੜਾ। ਜਦੋਂ ਦੁਨੀਆ ਤੋਂ ਤੁਰੇ, ਚਿੱਟੀ ਲੋਈ ਸਾਫ਼ ਸੀ। ਖੇਤ ਵਾਲੇ ਟੱਕ ਵਧੇ ਨਹੀਂ। ਪੁਰਾਣੇ ਨੇਤਾਵਾਂ ਪੱਲੇ ਸਾਦਗੀ ਸੀ। ਬਲਵਿੰਦਰ ਸਿੰਘ ਭੂੰਦੜ ਵੀ ਪੁਰਾਣੇ ਹਨ। ਦਿਨ ਪਹਿਲੀ ਅਪਰੈਲ 1987 ਦਾ ਸੀ। ਉਦੋਂ ਅਸੈਂਬਲੀ ’ਚ ਭੂੰਦੜ ਇੰਝ ਗਰਜ਼ੇ। ਖ਼ਜ਼ਾਨਾ ਮੰਤਰੀ ਬਲਵੰਤ ਸਿਓਂ, ਜਦੋਂ ਸਰਕਾਰ ਬਣਦੀ ਹੈ, ਅੱਖਾਂ ਦੇ ਇਲਾਜ ਲਈ ਅਮਰੀਕਾ ਜਾਂਦੈ। ਕੋਈ ਹਿੰਦੁਸਤਾਨ ’ਚ ਹਸਪਤਾਲਾਂ ਦਾ ਘਾਟੈ। ਖ਼ਜ਼ਾਨੇ ਨੇ ਬਲਵੰਤ ਸਿਓਂ ਦੀਆਂ ਅੱਖਾਂ ’ਤੇ 93650 ਰੁਪਏ ਖਰਚੇ । ਹੁਣ ਮਹਿੰਗਾਈ ਜ਼ਿਆਦੈ, ਇਲਾਜ ਵੀ ਮਹਿੰਗੈ। ਬੱਦਲਵਾਈ ਬਣੀ ਹੋਈ ਹੈ, ਗਰਜਣ ਵਾਲਾ ਕੋਈ ਨਹੀਂ। ਭਲੇਮਾਣਸੋ, ਕਰੋਨਾ ਗੱਜ ਵੱਜ ਰਿਹੈ। ਤੁਸੀਂ ਪੁੱਛਦੇ ਹੋ, ਆਮਦਨ ਕਰ ਖਜ਼ਾਨੇ ਚੋਂ ਕਿੰਨਾ ਭਰਿਐ। ਜਦੋਂ ਮੁੱਖ ਮੰਤਰੀ 1997-2002 ਦੌਰਾਨ ਤਨਖਾਹ ਵਜੋਂ ਇੱਕ ਰੁਪਿਆ ਵਸੂਲਦੇ ਸਨ। ਉਦੋਂ ਤਿੰਨ ਸਾਲਾਂ ’ਚ ਮੁੱਖ ਮੰਤਰੀ ਦਾ ਆਮਦਨ ਕਰ ਪੌਣੇ ਦੋ ਲੱਖ ਬਣਿਆ ਸੀ। ਖ਼ਜ਼ਾਨੇ ਚੋਂ ਭਰਿਆ ਸੀ, ਥੋਨੂੰ ਕਾਹਦਾ ਸਾੜੈ। ‘ਬੰਦ ਮੁੱਠੀ ਲੱਖ ਬਰੋਬਰ।’ ਹੁਣ ਹੋਰ ਨਾ ਪੁੱਛਿਓ। ਕਵੀ ਸਤੀ ਕੁਮਾਰ ਦੀ ‘ਮਾਇਆਜਾਲ’ ਦੇ ਵਰਕੇ ਲੱਦ ਲਿਓ। ਹੋ ਸਕਦੈ, ਬੁਝਾਰਤ ਦੀ ਗੱਠ ਖੁੱਲ੍ਹ ਜਾਏ। ਮਕਬੂਲ ਨਾਅਰਾ ਸੀ। ‘ਜੈ ਜਵਾਨ ਜੈ ਕਿਸਾਨ’। ਲਾਲ ਬਹਾਦਰ ਸ਼ਾਸਤਰੀ ਵੀ ਬੁੱਧੂਆਂ ਦੇ ਟਕਸਾਲੀ ਨਿਕਲੇ। ਜਦੋਂ ਫੌਤ ਹੋਏ ਤਾਂ ਸਿਰ ਕਰਜ਼ਾ ਸੀ। ਪਤਨੀ ਚਾਰ ਸਾਲ ਕਿਸ਼ਤਾਂ ਮੋੜਦੀ ਰਹੀ। ਸਰਕਾਰੀ ਮਦਦ ਨੂੰ ਲੱਤ ਮਾਰ ਦਿੱਤੀ।
               ਤ੍ਰਿਪਰਾ ਦਾ ਕਾਮਰੇਡ ਮਾਨਿਕ ਸਰਕਾਰ। 25 ਸਾਲ ਮੁੱਖ ਮੰਤਰੀ ਰਿਹਾ। ਢਾਈ ਲੱਖ ਦੀ ਸੰਪਤੀ ਦਾ ਮਾਲਕ ਹੈ। ਤਨਖਾਹ ਪਾਰਟੀ ਨੂੰ ਭੇਜ ਦਿੰਦਾ। ਕੋਲ ਪੰਜ ਹਜ਼ਾਰ ਹੀ ਰੱਖਦਾ। ਏਦਾਂ ਦੇ ਮੂਰਖਾਂ ਦਾ ਘਾਟਾ ਨਹੀਂ। ਮਾਇਆ ਜਲ ਦੀ ਕੋਈ ਬੂੰਦ ਛੁਹਾ ਜਾਂਦੇ। ਅੌਲਾਦ ਤਾਂ ਜੈ ਜੈ ਕਾਰ ਕਰਦੀ। ਕੁੰਦਨ ਸਿੰਘ ਪਤੰਗ ਛੇ ਵਾਰੀ ਐਮਐਲਏ ਬਣਿਆ। ਡਿਪਟੀ ਸਿਹਤ ਮੰਤਰੀ ਵੀ ਰਿਹੈ। ਲਛਮਣ ਸਿੰਘ ਗਿੱਲ ਨੇ ਲਾਲਚ ਦਿੱਤਾ। ਕੈਬਨਿਟ ਵਜ਼ੀਰੀ ਅਤੇ ਮੁੰਡੇ ਨੂੰ ਇੰਗਲੈਂਡ ਭੇਜਣ ਦਾ। ਐ ਪਾਪੀ ਬੰਦੇ, ਮਾਇਆਜਲ ਨੂੰ ਕੋਈ ਠੁੱਡਾ ਮਾਰਦੈ। ਦੇਸ਼ ਭਗਤੀ ਤੇ ਜੇਲ੍ਹਾਂ ਕੱਟੀਆਂ, ਖੂਹ ’ਚ ਪੈ ਗਈਆਂ। ਜਦੋਂ ਦੁਨੀਆਂ ਤੋਂ ਤੁਰਿਆ। ਕਰਜ਼ੇ ਦੀ ਪੰਡ ਪਰਿਵਾਰ ’ਤੇ ਰੱਖ ਗਿਆ। ਸਰਕਾਰ ਨੇ ਏਕੜ ਜ਼ਮੀਨ ਕੁਰਕ ਕਰ ਲਈ। ਨਥਾਣੇ ਤੋਂ ਦੋ ਵਾਰੀ ਐਮ.ਐਲ.ਏ ਬਣਿਆ। ਹਰਦਿੱਤ ਸਿੰਘ ਪੂਹਲੀ, ਸਾਦਾ ਬੰਦਾ ਤੇ ਅੱਖਰਾਂ ਤੋਂ ਕੋਰਾ। ਕਿਸੇ ਨੂੰ ਸਿਪਾਹੀ ਤੋਂ ਐਸ.ਪੀ ਤੱਕ ਪਹੁੰਚਾ ਗਿਆ। ਪੋਤੇ ਨੂੰ ਬਠਿੰਡੇ ਰਿਕਸ਼ਾ ਚਲਾਉਣਾ ਪਿਐ। ਜਦੋਂ ਹਰਦਿੱਤ ਸਿਓਂ ਵਿਧਾਇਕ ਸੀ, ਮੁੰਡਾ ਉਦੋਂ ਵੀ ਸੀਰੀ ਰਲਿਆ ਹੋਇਆ ਸੀ। ਹੁਣ ਦੇ ਸਿਆਸੀ ਕਾਕਿਆਂ ਦਾ ਕਿਥੇ ਕਿਥੇ ਸੀਰ ਹੈ। ਏਹ ਬਾਤ ਤੁਸੀਂ ਬੁੱਝੋ। ਵਿਸ਼ਵ ’ਚ ਕਰੋਨਾ ਲੁੱਡੀਆਂ ਪਾ ਰਿਹੈ। ਗਰੀਬ ਨੂੰ ਢਿੱਡ ਦਾ ਫਿਕਰ ਹੈ। ਜਿਵੇਂ ਅਮੀਰ ਨੂੰ ਦੌਲਤ ਦਾ। ਸਿਆਸੀ ਜਮਾਤ ਦਿਲਾਂ ਦੀ ਨੰਗ ਹੈ। ਦੇਸ਼ ’ਤੇ ਭੀੜ ਪਈ ਐ। ਕਿਸੇ ਨੇ ਖੀਸੇ ਦਾ ਬਕਸੂਆ ਨਹੀਂ ਖੋਲ੍ਹਿਐ। ਦਸਵੰਧ ਤੇ ਸਬਰ ਦੇਖਣਾ ਹੈ ਤਾਂ ਗੁਲਜ਼ਾਰ ਸੰਧੂ ਦੀ ਕਹਾਣੀ ‘ਪੈਨਸ਼ਨ’ ਪੜ੍ਹ ਲਿਓ। ਸੱਚ ਚੇਤੇ ਆਇਐ ਤੇਜਾ ਸਿੰਘ ਦਰਦੀ। ਤਿੰਨ ਵਾਰੀ ਪੰਜਾਬ ਹਰਿਆਣਾ ਚੋਂ ਵਿਧਾਇਕ ਬਣਿਆ। ਇੱਕ ਵਾਰੀ ਐਮ.ਪੀ ਵੀ। ਪਤਨੀ ਪੈਨਸ਼ਨ ਪੈਨਸ਼ਨ ਕਰਦੀ ਮਰ ਗਈ।
                 ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਤੇ ਬਲਦੇਵ ਸਿੰਘ ਬੱਲਮਗੜ੍ਹ ਨੂੰ। ਪਹਿਲਾਂ ਪੈਨਸ਼ਨ ਨਹੀਂ, ਜੇਲ੍ਹ ਮਿਲੀ। ਘਰ ਲਈ ਲਿਆ ਕਰਜ਼ ਨਾ ਮੋੜ ਸਕੇ। ਗੁਰਚਰਨ ਸਿੰਘ ਪੰਜਗਰਾਈਂ ਡਿਪਟੀ ਮੰਤਰੀ ਰਿਹਾ। ਜਦੋਂ ਮੌਤ ਆਈ, ਕਰਜ਼ਾ ਸਿਰ ਸੀ। ਸੁਖਦੇਵ ਮਾਦਪੁਰੀ ਦੀ ਕਿਤਾਬ ਹੈ ‘ਪੰਜਾਬੀ ਬੁਝਾਰਤਾਂ।’ ਮਾਦਪੁਰੀ ਜੀ, ਤੁਸੀਂ ਹੀ ਬੁਝ ਦਿਓ। ਸਿਆਸੀ ਜਮਾਤ ਮਾਇਆ ਦੀ ਗੰਗਾ ਚੋਂ ਕਦੋਂ ਬਾਹਰ ਨਿਕਲੂ। ਕਰੋਨਾ ਸਾਹਿਬ ਤਾਂ ਖੁਦ ਹੈਰਾਨ ਨੇ। ਆਖ ਰਹੇ ਨੇ, ਪੂਰਾ ਵਿਸ਼ਵ ਘੁੰਮ ਲਿਐ। ਐਡੇ ਢੀਠ ਨਹੀਂ ਦੇਖੇ। ਹਾਲੇ ਵੀ ਲਲਕਾਰੇ ਮਾਰ ਨੇ.. ਕਰੋਨਾ ਕੀ ਸਾਡੀ ਟੰਗ ਭੰਨਦੂ। ਸਪੇਨੋਂ ਆਈ ਕਹਾਵਤ ਸੁਣੋ ‘ ਪੈਸਾ ਬਿੱਲੀਆਂ ਨੂੰ ਨੱਚਣ, ਕੁੱਤਿਆਂ ਨੂੰ ਗਾਉਣ ਲਾ ਦਿੰਦੈ।’ ਤਾਹੀਓਂ ਸਾਡੇ ਆਲੇ ਗਾਉਣੋਂ ਨਹੀਂ ਹਟ ਰਹੇ। ਮਹਾਮਾਰੀ ਮੌਕੇ ਦਸਵੰਧ ਕੌਣ ਕੱਢੂ। ‘ਮਾੜੇ ਦਾ ਕੋਈ ਦੇਸ਼ ਨਹੀਂ ਹੁੰਦਾ’। ਸ਼ੁਕਰ ਐ, ਇਕਾਂਤਵਾਸ ਚੋਂ ਛੱਜੂ ਮੁੜਿਐ। ਹੱਥ ’ਚ ਛਿੱਕੂ ਫੜੇ ਨੇ। ਭਰਮ ਪਾਲੀ ਬੈਠੇ, ਅਖੇ ’ਕੱਲੇ ’ਕੱਲੇ ਦੇ ਛਿੱਕੂ ਚੜ੍ਹਾ ਕੇ ਜੂੜ ਵੱਡੂ।ਅਖੀਰ ’ਚ ਉਸ ਫਕੀਰ ਦੀ ਕਹਾਣੀ। ਜੋ ਕਬਰ ਚੋਂ ਲਾਸ਼ ਕੱਢੀ ਬੈਠਾ ਸੀ। ਘੋੜੇ ਤੇ ਲੰਘ ਰਹੇ ਬਾਦਸ਼ਾਹ ਦੇ ਪੈਰ ਰੁਕ ਗਏ। ਫਕੀਰ ਨੇ ਬਾਦਸ਼ਾਹ ਨੂੰ ਦੁਆ ਸਲਾਮ ਨਾ ਕੀਤੀ। ਬਾਦਸ਼ਾਹ ਗਰਜਿਆ, ‘ਇਹ ਕੀ ਕਰ ਰਿਹਾ ਏਂ ਓਏ?’ ਫਕੀਰ ਚੁੱਪ ਰਿਹਾ। ਬਾਦਸ਼ਾਹ ਨੇੜੇ ਆਇਆ। ਫਕੀਰ ’ਤੇ ਵਰ੍ਹਿਆ, ‘ਉਏ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ?’ ਫਕੀਰ ਬੋਲਿਆ, ‘ਖਾਮੋਸ਼, ਇਹੋ ਸ਼ਬਦ ਕੱਲ ਇਹ ਕਹਿ ਰਿਹਾ ਸੀ’। ਅੱਜ ਮੈਂ ਇਸ ਤੋਂ ਪੁੱਛ ਰਿਹਾ ਹਾਂ ਕਿ ਤੂੰ ਕੌਣ ਐਂ ? ਦੱਸ ਨਹੀਂ ਰਿਹਾ।


Friday, April 24, 2020

                                                         ਕੌਣ ਹੋਇਆ ਫੇਲ੍ਹ 
                                 ਤਾਲਾਬੰਦੀ ’ਚ ਪੌਣੇ ਪੰਜ ਲੱਖ ਪੰਜਾਬੀ ਖੁੱਲ੍ਹੇ
                                                          ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਕਰੋਨਾ ਆਫ਼ਤ ਦੌਰਾਨ ਪੂਰੀ ਤਰ੍ਹਾਂ ਕਰਫਿਊ ਪਾਸਾਂ ਦੇ ਗੇੜ ਵਿਚ ਫਸ ਗਿਆ ਹੈ। ਲੋੜਵੰਦ ਇਨ੍ਹਾਂ ਪਾਸਾਂ ਲਈ ਲੇਲ੍ਹੜੀਆਂ ਕੱਢ ਰਹੇ ਹਨ ਜਦੋਂ ਕਿ ਸਿਫਾਰਸ਼ੀ ਲੋਕਾਂ ਨੂੰ ਮੌਜ ਲੱਗੀ ਹੈ। ਕਾਨੂੰਨੀ ਜ਼ਾਬਤਾ ਵੀ ਜਰੂਰੀ ਹੈ ਪ੍ਰੰਤੂ ਇਸ ਕੁੜਿੱਕੀ ਵਿਚ ਲੋੜਵੰਦਾਂ ਨੂੰ ਪਾਸ ਨਾ ਦੇਣੇ ਵੀ ਜਿਆਦਤੀ ਜਾਪਦੀ ਹੈ। ਕਰਫਿਊ ਪਾਸਾਂ ਲਈ ਦਿੱਤੀਆਂ ਅਰਜ਼ੀਆਂ ਚੋਂ 80 ਫੀਸਦੀ ਰੱਦ ਹੋ ਰਹੀਆਂ ਹਨ। ਚੱਕੀ ਦੇ ਪੁੜਾਂ ਵਿਚ ਸਭ ਤੋਂ ਵੱਧ ਮਰੀਜ਼ ਅਤੇ ਗਰੀਬ ਲੋਕ ਪਿਸ ਰਹੇ ਹਨ।ਪੰਜਾਬ ਵਿਚ 22 ਮਾਰਚ ਤੋਂ ਲੌਕਡਾਊਨ ਸ਼ੁਰੂ ਹੋਇਆ ਸੀ ਅਤੇ ਕਰਫਿਊ ਲਗਾਤਾਰ ਜਾਰੀ ਹੈ। ਵੇਰਵਿਆਂ ਅਨੁਸਾਰ 21 ਅਪਰੈਲ ਤੱਕ ਪੰਜਾਬ ਭਰ ਵਿਚ ਕਰੀਬ 23.53 ਲੱਖ ਲੋਕਾਂ ਨੇ ਕਰਫਿਊ ਪਾਸ ਲਈ ਅਰਜ਼ੀਆਂ ਦਿੱਤੀਆਂ ਸਨ ਜਿਨ੍ਹਾਂ ਚੋਂ 4.70 ਲੱਖ ਲੋਕਾਂ ਨੂੰ ਕਰਫਿਊ ਪਾਸ ਜਾਰੀ ਹੋਇਆ ਹੈ। ਇਨ੍ਹਾਂ ਚੋਂ ਕਰੀਬ 2.90 ਲੱਖ ਆਨ ਲਾਈਨ ਈ-ਪਾਸ ਜਾਰੀ ਕੀਤੇ ਗਏ ਹਨ। ਬਹੁਤੇ ਲੋਕਾਂ ਨੂੰ ਪਾਸ ਨਾ ਮਿਲਣ ਕਰਕੇ ਮਾਲੀ ਨੁਕਸਾਨ ਵੀ ਝੱਲਣੇ ਪਏ ਹਨ। ਸ਼ਹੀਦ ਮੱਖ ਪਾਲਕ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਰਪਿੰਦਰ ਸਿੰਘ ਧਾਲੀਵਾਲ ਆਖਦੇ ਹਨ ਕਿ ਮੱਖੀ ਪਾਲਕਾਂ ਦੇ ਬਕਸੇ ਹਰਿਆਣਾ ਤੇ ਰਾਜਸਥਾਨ ਵਿਚ ਪਏ ਸਨ ਪ੍ਰੰਤੂ ਪ੍ਰਸ਼ਾਸਨ ਤਰਫ਼ੋਂ ਚੋਣਵੇਂ ਪਾਸ ਹੀ ਜਾਰੀ ਕੀਤੇ ਗਏ ਹਨ ਜਿਸ ਕਰਕੇ ਸੈਂਕੜੇ ਮੱਖੀ ਪਾਲਕਾਂ ਦਾ ਰਾਜਸਥਾਨ ਵਿਚ ਸ਼ਹਿਦ ਖਰਾਬ ਹੋ ਰਿਹਾ ਹੈ।
       ਪਿੰਡ ਰਾਮਨਵਾਸ (ਬਠਿੰਡਾ) ਦੇ ਸੁਖਦੀਪ ਸਿੰਘ ਨੂੰ ਪਾਸ ਲਈ ਖੱਜਲ ਹੋਣਾ ਪਿਆ ਹੈ ਜਿਸ ਦੇ ਬਕਸੇ ਰਾਜਸਥਾਨ ਵਿਚ ਪਏ ਹਨ। ਮੱਖੀ ਪਾਲਕ ਆਖਦੇ ਹਨ ਕਿ ਗਰਮੀ ਹੋਣ ਕਰੇ ਸ਼ਹਿਦ ਦਾ ਖ਼ਰਾਬਾ ਹੋ ਰਿਹਾ ਹੈ। ਇਵੇਂ ਵੱਡੀ ਸੱਟ ਕੈਂਸਰ ਮਰੀਜ਼ਾਂ ਨੂੰ ਵੱਜ ਰਹੀ ਹੈ। ਬਠਿੰਡਾ ਜ਼ਿਲ੍ਹੇ ਦੇ ਨਾਜ਼ਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕੈਂਸਰ ਤੋਂ ਪੀੜਤ ਹੈ ਅਤੇ ਉਸ ਨੇ ਪੀ.ਜੀ.ਆਈ ਲੈ ਕੇ ਜਾਣਾ ਸੀ ਪ੍ਰੰਤੂ ਉਸ ਨੂੰ ਪੰਜ ਵਾਰ ਅਪਲਾਈ ਕਰਨ ਮਗਰੋਂ ਕਰਫਿਊ ਪਾਸ ਮਿਲਿਆ। ਦੱਸਣਯੋਗ ਹੈ ਕਿ ਈ-ਪਾਸ ਜਾਰੀ ਕਰਨ ਦੇ ਅਧਿਕਾਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਹਨ ਪ੍ਰੰਤੂ ਮੁਹਾਲੀ ਜ਼ਿਲ੍ਹੇ ਵਿਚ ਐਸ.ਐਸ.ਪੀ ਅਤੇ ਇੱਕ ਥਾਣੇਦਾਰ ਨੇ ਹੀ ਕਰਫਿਊ ਪਾਸ ਜਾਰੀ ਕੀਤੇ ਹਨ। ਇਵੇਂ ਹੀ ਰੁਜ਼ਗਾਰ ਵਿਭਾਗ ਪੰਜਾਬ ਦੀ ਇੱਕ ਮਹਿਲਾ ਅਧਿਕਾਰੀ ਕਰਫਿਊ ਪਾਸ ਜਾਰੀ ਕਰ ਰਹੀ ਹੈ। ਸੂਤਰ ਦੱਸਦੇ ਹਨ ਕਿ ਸਰਕਾਰ ਤਰਫ਼ੋਂ ਏਦਾਂ ਦਾ ਕੋਈ ਅਧਿਕਾਰ ਨਹੀਂ ਦਿੱਤਾ ਗਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ’ਚ ਸਭ ਤੋਂ ਵੱਧ ਜ਼ਿਲ੍ਹਾ ਲੁਧਿਆਣਾ ਵਿਚ 1.18 ਲੱਖ ਕਰਫਿਊ ਪਾਸ ਜਾਰੀ ਹੋਏ ਹਨ ਜਦੋਂ ਕਿ ਜਲੰਧਰ ਜ਼ਿਲ੍ਹੇ ਵਿਚ 51,882 ਕਰਫਿਊ ਪਾਸ ਜਾਰੀ ਹੋਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ 46,867 ਕਰਫਿਊ ਪਾਸ ਜਾਰੀ ਹੋਏ ਹਨ। ਸਭ ਤੋਂ ਘੱਟ ਜ਼ਿਲ੍ਹਾ ਫਰੀਦਕੋਟ ਵਿਚ 4176 ਕਰਫਿਊ ਪਾਸ ਜਾਰੀ ਹੋਏ ਹਨ।
               ਸਰਕਾਰੀ ਪੱਖ ਹੈ ਕਿ ਬਹੁਤੇ ਲੋਕ ਬਿਨਾਂ ਗੱਲੋਂ ਹੀ ਰਿਸ਼ਤੇਦਾਰਾਂ ਕੋਲ ਆਉਣ ਜਾਣ ਵਾਸਤੇ ਕਰਫਿਊ ਪਾਸ ਵਾਸਤੇ ਅਪਲਾਈ ਕਰ ਰਹੇ ਹਨ। ਅਗਰ ਪਾਸ ਦੇਣ ਵਿਚ ਢਿੱਲ ਵਰਤੀ ਤਾਂ ਫਿਰ ਕਰਫਿਊ ਦਾ ਕੋਈ ਮਕਸਦ ਨਹੀਂ ਰਹਿ ਜਾਣਾ ਹੈ। ਇਹ ਵੀ ਦੱਸਿਆ ਕਿ ਬਹੁਤੇ ਲੋਕ ਵਿਧਾਇਕਾਂ ਅਤੇ ਵਜ਼ੀਰਾਂ ਤੋਂ ਵੀ ਸਿਫਾਰਸ਼ ਲਗਵਾ ਰਹੇ ਹਨ। ਪੰਜਾਬ ਦੇ ‘ਕੋਵਿਡ-19 ਕੰਟਰੋਲ ਰੂਮ’ ਦੇ ਇੰਚਾਰਜ ਸੀਨੀਅਰ ਅਧਿਕਾਰੀ ਸ੍ਰੀ ਰਾਹੁਲ ਤਿਵਾੜੀ ਦਾ ਕਹਿਣਾ ਸੀ ਕਿ ਮੈਡੀਕਲ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਦੀ ਕੈਟਾਗਿਰੀ ਵਿਚ ਕਰਫਿਊ ਪਾਸ ਦੇਣ ਵਿਚ ਕੋਈ ਢਿੱਲ ਨਹੀਂ ਵਰਤੀ ਜਾਂਦੀ ਹੈ ਪ੍ਰੰਤੂ ਜੋ ਅਰਜ਼ੀਆਂ ਬਿਨਾਂ ਖਾਸ ਲੋੜ ਤੋਂ ਆਉਂਦੀਆਂ ਹਨ, ਉਹੀ ਹੀ ਰੱਦ ਕੀਤੀਆਂ ਜਾਂਦੀਆਂ ਸਨ। ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਪੱਧਰ ’ਤੇ ਪਾਸ ਜਾਰੀ ਕਰਨ ਦੇ ਫੈਸਲੇ ਲਏ ਜਾਂਦੇ ਹਨ।


Thursday, April 23, 2020

                                                          ਬਾਦਸ਼ਾਹੀ ਅੰਦਾਜ਼  
                                  ਬਿਪਤਾ ਦੀ ਘੜੀ ’ਚ ਸੌਗਾਤਾਂ ਦੀ ਤਿਆਰੀ
                                                          ਚਰਨਜੀਤ ਭੁੱਲਰ
ਚੰਡੀਗੜ੍ਹ : ਕੈਪਟਨ ਸਰਕਾਰ ਨੇ ਐਨ ਕੌਮੀ ਆਫ਼ਤ ਦੇ ਮੌਕੇ ’ਤੇ ਬੋਰਡਾਂ/ਕਾਰਪੋਰੇਸ਼ਨਾਂ ’ਚ ਸੀਨੀਅਰ ਉਪ ਚੇਅਰਮੈਨਾਂ ਅਤੇ ਉਪ ਚੇਅਰਮੈਨਾਂ ਦਾ ਅਹੁਦਾ ਬਹਾਲ ਕਰ ਦਿੱਤਾ ਹੈ ਜਿਸ ਨਾਲ ਖ਼ਜ਼ਾਨੇ ’ਤੇ ਕਰੋੜਾਂ ਰੁਪਏ ਦਾ ਬੋਝ ਪਵੇਗਾ। ਪੰਜਾਬ ਸਰਕਾਰ ਨੇ ਵਿੱਤੀ ਖਰਚੇ ਘਟਾਉਣ ਲਈ ਠੀਕ 16 ਮਹੀਨੇ ਪਹਿਲਾਂ ਇਹ ਦੋਵੇਂ ਅਹੁਦੇ ਖਤਮ ਕਰਨ ਦਾ ਫੈਸਲਾ ਕੀਤਾ ਸੀ। ਪੰਜਾਬ ਸਰਕਾਰ ਨੇ ਜਦੋਂ ਬੀਤੇ ਕੱਲ ਵਿਭਾਗੀ ਖ਼ਰਚਿਆਂ ’ਤੇ 25 ਫੀਸਦੀ ਕੱਟ ਲਾਉਣ ਦਾ ਫੈਸਲਾ ਕੀਤਾ, ਠੀਕ ਉਸੇ ਦਿਨ ਹੀ ਪੱਤਰ ਜਾਰੀ ਕਰਕੇ ਸੀਨੀਅਰ ਉਪ ਚੇਅਰਮੈਨ/ਉਪ ਚੇਅਰਮੈਨ ਦੇ ਅਹੁਦਿਆਂ ਨੂੰ ਮੁੜ ਸੁਰਜੀਤ ਕਰ ਦਿੱਤਾ।ਪੰਜਾਬ ਵਿੱਤੀ ਸੰਕਟ ਝੱਲ ਰਿਹਾ ਹੈ ਅਤੇ ਉਪਰੋਂ ਕਰੋਨਾ ਨਾਲ ਨਜਿੱਠਣ ਲਈ ਮੁਲਾਜ਼ਮਾਂ ਤੇ ਬੋਝ ਪਾਉਣ  ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਵਿੱਤ ਵਿਭਾਗ ਅਧੀਨ ਪੈਂਦੇ ਜਨਤਿਕ ਉੱਦਮ ਤੇ ਅੱਪਨਿਵੇਸ਼ ਡਾਇਰੈਕਟਰੇਟ ਨੇ 21 ਅਪਰੈਲ ਨੂੰ ਪੱਤਰ ਨੰਬਰ 9(25)/86 (2010)- ਐਫਡੀ (ਡੀਪੀਈਡੀ) 2020/282 ਐਂਡ 290 ਨੇ ਸਭ ਵਿਭਾਗਾਂ ਦੇ ਪ੍ਰਮੁੱਖ ਸਕੱਤਰਾਂ ਅਤੇ ਪ੍ਰਬੰਧਕੀ ਸਕੱਤਰਾਂ ਨੂੰ ਪੱਤਰ ਜਾਰੀ ਕੀਤਾ ਹੈ ਜਿਸ ’ਚ ਹਦਾਇਤਾਂ ਫੌਰੀ ਲਾਗੂ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਪੰਜਾਬ ਦੀ ਪ੍ਰਵਾਨਗੀ ਲਏ ਜਾਣ ਦਾ ਜ਼ਿਕਰ ਬਕਾਇਦਾ ਪੱਤਰ ’ਚ ਕੀਤਾ ਗਿਆ ਹੈ।
              ਪੰਜਾਬੀ ਟ੍ਰਿਬਿਊਨ ਕੋਲ ਮੌਜੂਦ ਇਨ੍ਹਾਂ ਪੱਤਰਾਂ ਅਨੁਸਾਰ ਰਾਜ ਸਰਕਾਰ ਨੇ ਪਹਿਲਾਂ 26 ਦਸੰਬਰ 2018 ਨੂੰ ਪੱਤਰ ਜਾਰੀ ਕਰਕੇ ਪੈਰਾ ਨੰਬਰ ਚਾਰ ਤਹਿਤ ਪਬਲਿਕ ਸੈਕਟਰ ਅਦਾਰਿਆਂ ’ਚ ਸਿਰਫ਼ ਚੇਅਰਮੈਨ ਦੀ ਅਸਾਮੀ ਰੱਖਣ ਅਤੇ ਸੀਨੀਅਰ ਉਪ ਚੇਅਰਮੈਨ/ਉੱਪ ਚੇਅਰਮੈਨ ਦੀ ਅਸਾਮੀ ਦਾ ਖਾਤਮਾ ਕਰ ਦਿੱਤਾ ਸੀ। ਇੱਥੋਂ ਤੱਕ ਕਿਹਾ ਗਿਆ ਕਿ ਅਗਰ ਕਿਸੇ ਐਕਟ ਵਿਚ ਸੀਨੀਅਰ ਉੱਚ ਚੇਅਰਮੈਨ/ਉੱਪ ਚੇਅਰਮੈਨ ਦੀ ਅਸਾਮੀ ਦੀ ਵਿਵਸਥਾ ਹੈ ਤਾਂ ਉਸ ਐਕਟ ਵਿਚ ਫੌਰੀ ਸੋਧ ਕੀਤੀ ਜਾਵੇ। ਕਈ ਬੋਰਡਾਂ/ਕਾਰਪੋਰੇਸ਼ਨਾਂ ਨੇ ਉਦੋਂ ਤੋਂ ਹੀ ਚੇਅਰਮੈਨਾਂ ਤੋਂ ਬਿਨਾਂ ਬਾਕੀਆਂ ਨੂੰ ਸਹੂਲਤਾਂ ਅਤੇ ਭੱਤੇ ਦੇਣੇ ਬੰਦ ਕਰ ਦਿੱਤੇ ਸਨ ਪ੍ਰੰਤੂ ਬਹੁਤਿਆਂ ਨੇ ਐਕਟ ਵਿਚ ਕੋਈ ਸੋਧ ਹੀ ਨਹੀਂ ਕੀਤੀ। ਨਵੇਂ ਪੱਤਰਾਂ ’ਚ ਦੋਵਾਂ ਅਸਾਮੀਆਂ ਲਈ ਜੋ ਮਾਨਕ ਨਿਯਮ ਤੇ ਸ਼ਰਤਾਂ ਤੈਅ ਕੀਤੀਆਂ ਹਨ, ਉਨ੍ਹਾਂ ਮਗਰੋਂ ਹੁਣ ਸਿਆਸੀ ਲੋਕਾਂ ਨੂੰ ਸੀਨੀਅਰ ਉੱਪ ਚੇਅਰਮੈਨ /ਉੱਪ ਚੇਅਰਮੈਨ ਲਗਾਏ ਜਾਣ ਦਾ ਰਾਹ ਪੱਧਰਾ ਹੋ ਗਿਆ ਹੈ। ਰਾਜ  ਪੱਧਰੀ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੀ ਗਿਣਤੀ ਕਰੀਬ 62 ਬਣਦੀ ਹੈ। ਜੋ ਮਾਰਕੀਟ ਕਮੇਟੀਆਂ ਵਗੈਰਾ ਹਨ, ਉਨ੍ਹਾਂ ਸਮੇਤ ਹੋਰ ਵੀ ਕਾਫ਼ੀ ਕਮਿਸ਼ਨਾਂ ਤੇ ਅਦਾਰਿਆਂ ਲਈ ਰਾਹ ਖੁੱਲ੍ਹ ਗਏ ਹਨ।
                 ਸੀਨੀਅਰ ਉੱਪ ਚੇਅਰਮੈਨ ਅਤੇ ਚੇਅਰਮੈਨ ਲਈ ਪ੍ਰਤੀ ਮਹੀਨਾ ਭੱਤਾ, ਮੁਫ਼ਤ ਸਰਕਾਰੀ ਰਿਹਾਇਸ਼, ਕਾਰ ਦਾ ਖਰਚਾ, ਟੈਲੀਫੂਨ ਖਰਚਾ ਤੈਅ ਕੀਤਾ ਹੈ। ਮੋਟੇ ਅੰਦਾਜ਼ੇ ਅਨੁਸਾਰ ਸੀਨੀਅਰ ਉੱਪ ਚੇਅਰਮੈਨ ਨੂੰ ਪ੍ਰਤੀ ਮਹੀਨਾ ਕਰੀਬ 70,400 ਰੁਪਏ ਅਤੇ ਉੱਪ ਚੇਅਰਮੈਨ ਨੂੰ 56,800 ਰੁਪਏ ਹਰ ਮਹੀਨੇ ਮਿਲੇਗਾ। ਇਕੱਲੇ ਰਾਜ ਪੱਧਰੀ ਬੋਰਡਾਂ ਤੇ ਕਾਰਪੋਰੇਸ਼ਨਾਂ ਤੇ ਇਹ ਦੋਵੇਂ ਅਹੁਦੇ ਕਰੀਬ 10 ਕਰੋੜ ਸਲਾਨਾ ਦਾ ਬੋਝ ਪਾਉਣਗੇ। ਦੋਵੇਂ ਅਹੁਦਿਆਂ ਦੇ ਨਾਲ ਦੋ ਪੀ.ਏ/ਕਲਰਕ ਅਤੇ ਦੋ ਪੀਅਨ ਵੱਖਰੇ ਦਿੱਤੇ ਜਾਣੇ ਹਨ। ਇਹ ਵੱਖਰੀ ਗੱਲ ਹੈ ਕਿ ਸਰਕਾਰ ਇਨ੍ਹਾਂ ਬੋਰਡਾਂ ਤੇ ਕਾਰਪੋਰੇਸ਼ਨਾਂ ’ਤੇ ਨਵੇਂ ਅਹੁਦਿਆਂ ਨੂੰ ਕਦੋਂ ਭਰਦੀ ਹੈ ਪ੍ਰੰਤੂ ਵਿੱਤੀ ਸੰਕਟ ਦੇ ਮੌਕੇ ਰਾਹ ਜ਼ਰੂਰ ਖੋਲ ਦਿੱਤਾ ਗਿਆ ਹੈ। ਨਜ਼ਰ ਮਾਰੀਏ ਤਾਂ ਇਕੱਲੇ ਸਹਿਕਾਰਤਾ ਮਹਿਕਮੇ ਅਧੀਨ ਹੀ ਮਿਲਕਫੈਡ, ਸ਼ੂਗਰਫੈਡ, ਮਾਰਕਫੈਡ, ਸਹਿਕਾਰੀ ਬੈਂਕਾਂ, ਖੇਤੀ ਵਿਕਾਸ ਬੈਂਕ ਆਦਿ ਕਈ ਬੋਰਡ/ਕਾਰਪੋਰੇਸ਼ਨ ਪੈਂਦੇ ਹਨ। ਇਵੇਂ ਹੀ 20 ਦੇ ਕਰੀਬ ਰਾਜ ਪੱਧਰੀ ਕਮਿਸ਼ਨ ਬਣੇ ਹੋਏ ਹਨ। ਹਾਲਾਂਕਿ ਇਨ੍ਹਾਂ ਦੋਵੇਂ ਅਸਾਮੀਆਂ ’ਤੇ ਫੌਰੀ ਕੋਈ ਭਰਤੀ ਨਹੀਂ ਹੋਣ ਲੱਗੀ ਹੈ ਪ੍ਰੰਤੂ ਬੂਹਾ ਖੋਲ੍ਹ ਦਿੱਤਾ ਗਿਆ ਹੈ। ਅੱਪਨਿਵੇਸ਼ ਵਿਭਾਗ ਦੇ ਡਾਇਰੈਕਟਰ ਵੀ.ਐਨ.ਜ਼ਾਂਦੇ ਨੇ ਫੋਨ ਨਹੀਂ ਚੁੱਕਿਆ।
                              ਅਸਲੀ ਚਿਹਰਾ ਨੰਗਾ ਹੋਇਆ : ਬੁੱਧ ਰਾਮ
ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਦੇ ਮੌਕੇ ਆਮ ਲੋਕਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੈ ਅਤੇ ਅਜਿਹੇ ਮੌਕੇ ਸਰਕਾਰ ਸਿਆਸੀ ਲੋਕਾਂ ਨੂੰ ਨਿਵਾਜਣ ਵਾਸਤੇ ਅਹੁਦੇ ਬਹਾਲ ਕਰ ਰਹੀ ਹੈ। ਇੱਕ ਬੰਨੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਵਿਭਾਗੀ ਭੱਤਿਆਂ ਨੂੰ ਬੌਣਾ ਕੀਤਾ ਜਾ ਰਿਹਾ ਹੈ ਤੇ ਦੂਸਰੇ ਬੰਨੇ ਏਦਾਂ ਦੇ ਸਿਆਸੀ ਫੈਸਲੇ ਲੈਣੇ ਸਰਕਾਰ ਦਾ ਅਸਲੀ ਚਿਹਰਾ ਨੰਗਾ ਕਰਦੇ ਹਨ।
                          ਸਹਿਕਾਰੀ ਅਦਾਰਿਆਂ ’ਚ ਇਕੱਲੇ ਚੇਅਰਮੈਨ : ਰੰਧਾਵਾ
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਸੀ ਕਿ ਸਹਿਕਾਰੀ ਬੋਰਡਾਂ/ਕਾਰਪੋਰੇਸ਼ਨਾਂ ਵਿਚ ਇਕੱਲੇ ਚੇਅਰਮੈਨ ਹੀ ਹਨ। ਬਾਕੀ ਵਿੱਤ ਮੰਤਰੀ ਹੀ ਇਸ ਬਾਰੇ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਸੰਕਟ ਦੇ ਮੱਦੇਨਜ਼ਰ ਸਿਆਸੀ ਅਹੁਦਿਆਂ ’ਤੇ ਬੈਠੇ ਲੋਕਾਂ ਦੀ ਤਿੰਨ ਤਿੰਨ ਮਹੀਨੇ ਦੀ ਤਨਖਾਹ ਜਰੂਰ ਕੱਟੀ ਗਈ ਹੈ।

Tuesday, April 21, 2020

                      ਖ਼ਜ਼ਾਨੇ ਨੂੰ ਟੀਕਾ

          ਵੱਡੇ ਘਰਾਂ ਦੇ ਵੱਡੇ ਬਿੱਲ

                      ਚਰਨਜੀਤ ਭੁੱਲਰ
ਚੰਡੀਗੜ੍ਹ ਪੰਜਾਬ ਦੇ ਸਿਆਸੀ ਘਰਾਂ ਦੇ ਵਿਦੇਸ਼ੀ ਇਲਾਜ ਨੇ ਸਰਕਾਰੀ ਖ਼ਜ਼ਾਨਾ ਬੇਹੋਸ਼ ਕਰ ਦਿੱਤਾ ਹੈ। ਮਦਹੋਸ਼ ਖ਼ਜ਼ਾਨਾ ਹੁਣ ਕਰੋਨਾ ਸੰਕਟ ਨਾਲ ਸਿੱਝਣ ਲਈ ਬੇਵੱਸ ਹੈ। ਔਖ ਦੀ ਘੜੀ ਵਿੱਚ ਲੋਕ ਮੁੱਖ ਮੰਤਰੀ ਰਾਹਤ ਫੰਡ ਲਈ ਤਿਲ-ਫੁੱਲ ਦੇ ਰਹੇ ਹਨ। ਪੰਜਾਬ ਦੇ ਲੋਕ ਸਿਆਸੀ ਜਮਾਤ ਦੇ ਇਲਾਜ ਖਰਚੇ ’ਤੇ ਉਂਗਲ ਚੁੱਕਣ ਲੱਗੇ ਹਨ। ਮੁਲਾਜ਼ਮਾਂ ਦੇ ਮੈਡੀਕਲ ਬਿੱਲ ਖ਼ਜ਼ਾਨੇ ਵਿੱਚ ਫਸ ਜਾਂਦੇ ਹਨ, ਜਦੋਂ ਕਿ ਨੇਤਾਵਾਂ ਦੇ ਵਿਦੇਸ਼ੀ ਇਲਾਜ ’ਚ ਕੋਈ ਅੜਿੱਕਾ ਨਹੀਂ ਬਣਦਾ। ਵੇਰਵਿਆਂ ਅਨੁਸਾਰ ਸਰਕਾਰੀ ਖ਼ਜ਼ਾਨੇ ਵਿੱਚੋਂ ਬੀਤੇ 22 ਵਰ੍ਹਿਆਂ ਵਿੱਚ ਸਭ ਤੋਂ ਵੱਧ ਮੈਡੀਕਲ ਬਿੱਲਾਂ ਦੀ ਅਦਾਇਗੀ ਬਾਦਲ ਪਰਿਵਾਰ ਨੂੰ ਹੋਈ ਹੈ। ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲੀ ਦਫ਼ਾ ਨਿਊਯਾਰਕ ਵਿੱਚ 8 ਮਾਰਚ ਤੋਂ 2 ਅਪਰੈਲ 1998 ਤੱਕ ਜ਼ੇਰੇ ਇਲਾਜ ਰਹੇ ਅਤੇ ਖ਼ਜ਼ਾਨੇ ’ਚੋਂ 39.11 ਲੱਖ ਦੀ ਅਦਾਇਗੀ ਕੀਤੀ ਗਈ। ਵਰ੍ਹਾ 2007-12 ਦੀ ਟਰਮ ਦੌਰਾਨ ਬਾਦਲ ਪਰਿਵਾਰ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ 3.59 ਕਰੋੜ ਰੁਪਏ ਹੋਈ। ਕੈਪਟਨ ਹਕੂਮਤ ਬਣਨ ਤੋਂ ਐਨ ਪਹਿਲਾਂ 8 ਤੋਂ 20 ਫਰਵਰੀ 2017 ਤੱਕ ਮੁੜ ਸ੍ਰੀ ਬਾਦਲ ਦਾ ਅਮਰੀਕਾ ਵਿੱਚ ਇਲਾਜ ਚੱਲਿਆ, ਜਿਸ ’ਤੇ ਕਰੀਬ ਇੱਕ ਕਰੋੜ ਰੁਪਏ ਦਾ ਖਰਚ ਆਇਆ, ਜਿਸ ’ਚੋਂ 80 ਲੱਖ ਦੀ ਅਦਾਇਗੀ ਹੋ ਚੁੱਕੀ ਹੈ। ਵੀਹ ਲੱਖ ਦੀ ਬਕਾਇਆ ਅਦਾਇਗੀ ਲਈ ਚਿੱਠੀ ਪੱਤਰ ਚੱਲ ਰਿਹਾ ਹੈ।
             ਮੋਟੇ ਤੌਰ ’ਤੇ ਇਕੱਲੇ ਬਾਦਲ ਪਰਿਵਾਰ ਦੇ ਇਲਾਜ ’ਤੇ ਖ਼ਜ਼ਾਨੇ ਵਿੱਚੋਂ 4.98 ਕਰੋੜ ਰੁਪਏ ਖਰਚੇ ਗਏ ਹਨ। ਦੂਸਰਾ ਨੰਬਰ ’ਤੇ ਮਰਹੂਮ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦਾ ਪਰਿਵਾਰ ਆਉਂਦਾ ਹੈ, ਜਿਨ੍ਹਾਂ ਦੇ ਵਿਧਾਇਕ ਲੜਕੇ ਕੰਵਰਜੀਤ ਸਿੰਘ ਦੇ ਅਮਰੀਕਾ ਤੋਂ ਚੱਲੇ ਇਲਾਜ ’ਤੇ 3.43 ਕਰੋੜ  ਰੁਪਏ ਖਰਚ ਹੋਏ ਸਨ। ਗਠਜੋੜ ਸਰਕਾਰ ਸਮੇਂ ਉਦੋਂ ਦੇ ਵਜ਼ੀਰ ਸ਼ਰਨਜੀਤ ਸਿੰਘ ਢਿੱਲੋਂ ਦੇ ਇਲਾਜ ’ਤੇ 21.09 ਲੱਖ, ਰਣਜੀਤ ਸਿੰਘ ਤਲਵੰਡੀ ਦੇ ਇਲਾਜ ’ਤੇ 42.26 ਲੱਖ ਅਤੇ ਸਾਬਕਾ ਮੰਤਰੀ ਤੇਜ ਪ੍ਰਕਾਸ਼ ਸਿੰਘ ਦੇ ਇਲਾਜ ’ਤੇ 29.60 ਲੱਖ ਰੁਪਏ ਦਾ ਖਰਚਾ ਆਇਆ। ਤਿੰਨੋਂ ਆਗੂਆਂ ਦਾ ਅਮਰੀਕਾ ’ਚ ਇਲਾਜ ਚੱਲਿਆ ਸੀ। ਲੋਕ ਇਨਸਾਫ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨੇ ਵੀ ਖ਼ਜ਼ਾਨੇ ’ਚੋਂ 14.15 ਲੱਖ ਰੁਪਏ ਦੇ ਮੈਡੀਕਲ ਬਿੱਲਾਂ ਦੀ ਵਸੂਲੀ ਕੀਤੀ ਹੈ। ਮੌਜੂਦਾ ਵਜ਼ੀਰ ਬ੍ਰਹਮ ਮਹਿੰਦਰਾ ਦਾ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਥੋੜਾ ਸਮਾਂ ਪਹਿਲਾਂ ਹੀ ਇਲਾਜ ਚੱਲਿਆ ਹੈ, ਜਿਸ ’ਤੇ ਕਰੀਬ 22 ਲੱਖ ਰੁਪਏ ਖਰਚ ਆਏ ਹਨ। ਇਸੇ ਤਰ੍ਹਾਂ ਵਜ਼ੀਰ ਓਪੀ ਸੋਨੀ ਦੇ ਇਲਾਜ ’ਤੇ ਕਰੀਬ 4 ਲੱਖ ਰੁਪਏ ਖਰਚ ਆਏ ਹਨ। ਇਨ੍ਹਾਂ ਦੋਵਾਂ ਵਜ਼ੀਰਾਂ ਦੇ ਬਿੱਲ ਸਰਕਾਰ ਕੋਲ ਅਦਾਇਗੀ ਲਈ ਪੁੱਜੇ ਹਨ। ਕੈਪਟਨ ਸਰਕਾਰ ਨੇ ਵਿਧਾਇਕਾਂ ਅਤੇ ਵਜ਼ੀਰਾਂ ਦੇ ਇਲਾਜ ਲਈ ਕੋਈ ਬੀਮਾ ਕੰਪਨੀ ਹਾਇਰ ਕਰਨੀ ਸੀ ਪਰ ਕੋਈ ਕੰਪਨੀ ਤਿਆਰ ਨਹੀਂ ਹੋਈ, ਜਿਸ ਕਰਕੇ ਸਕੀਮ ਵੱਟੇ ਖਾਤੇ ਪੈ ਗਈ ਹੈ।
             ਵਿਧਾਨ ਸਭਾ ਸਕੱਤਰੇਤ ਤਰਫ਼ੋਂ ਜੋ ਇਲਾਜ ਖਰਚੇ ਦੇ ਹੋਰ ਵੇਰਵੇ ਮਿਲੇ ਹਨ, ਉਨ੍ਹਾਂ ਅਨੁਸਾਰ ਗਠਜੋੜ ਸਰਕਾਰ ਦੇ ਦਸ ਵਰ੍ਹਿਆਂ ਦੌਰਾਨ ਤਤਕਾਲੀ ਸਪੀਕਰਾਂ ਅਤੇ ਡਿਪਟੀ ਸਪੀਕਰਾਂ ਦੇ ਇਲਾਜ ’ਤੇ 67.24 ਲੱਖ ਰੁਪਏ ਦਾ ਖਰਚਾ ਆਇਆ ਹੈ। ਉਦੋਂ ਦੇ ਸਪੀਕਰਾਂ ਦੇ ਇਲਾਜ ’ਤੇ 29.46 ਲੱਖ ਅਤੇ ਤਤਕਾਲੀ ਡਿਪਟੀ ਸਪੀਕਰਾਂ ਦੇ ਇਲਾਜ ’ਤੇ 37.80 ਲੱਖ ਰੁਪਏ ਦਾ ਖਰਚਾ ਆਇਆ ਹੈ। ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦਾ ਸਿਹਤ ਖਰਚ 12.18 ਲੱਖ ਰੁਪਏ ਅਤੇ ਸਾਬਕਾ ਡਿਪਟੀ ਸਪੀਕਰ ਸਤਪਾਲ ਗੋਂਸਾਈ ਦੇ ਮੈਡੀਕਲ ਬਿੱਲਾਂ ਦਾ ਖਰਚਾ ਕਰੀਬ 14 ਲੱਖ ਰੁਪਏ ਰਿਹਾ ਹੈ। ਮੌਜੂਦਾ ਸਪੀਕਰ ਅਤੇ ਡਿਪਟੀ ਸਪੀਕਰ ਦਾ ਪਹਿਲੇ ਦੋ ਵਰ੍ਹਿਆਂ ਦਾ ਇਲਾਜ ਖਰਚਾ ਘੱਟ ਰਿਹਾ ਹੈ ਜੋ ਕਿ 15 ਹਜ਼ਾਰ ਰੁਪਏ ਬਣਦਾ ਹੈ। ਇਸੇ ਤਰ੍ਹਾਂ ਵਿਧਾਇਕਾਂ ਨੂੰ 1 ਜਨਵਰੀ 1998 ਤੋਂ ਅਪਰੈਲ 2003 ਤੱਕ ਪ੍ਰਤੀ ਮਹੀਨਾ 250 ਰੁਪਏ ਨਿਸ਼ਚਿਤ ਮੈਡੀਕਲ ਭੱਤਾ ਮਿਲਦਾ ਹੁੰਦਾ ਸੀ। 20 ਫਰਵਰੀ 2004 ਤੋਂ ਹਰ ਵਿਧਾਇਕ ਅਤੇ ਉਸ ਦੇ ਚਾਰ ਆਸ਼ਰਿਤਾਂ ਲਈ ਇਲਾਜ ਖਰਚ ਖੁੱਲ੍ਹਾ ਕਰ ਦਿੱਤਾ ਹੈ। ਵੇਰਵਿਆਂ ਅਨੁਸਾਰ ਸਾਲ 2007-08 ਤੋਂ 2018-19 ਦੇ ਦਸ ਵਰ੍ਹਿਆਂ ਦੌਰਾਨ 41 ਵਿਧਾਇਕਾਂ ਦੇ ਇਲਾਜ ’ਤੇ 6.24 ਕਰੋੜ ਰੁਪਏ ਅਤੇ 152 ਸਾਬਕਾ ਵਿਧਾਇਕਾਂ ਦੇ ਇਲਾਜ ’ਤੇ 10.48 ਕਰੋੜ ਰੁਪਏ ਦਾ ਖਰਚਾ ਆਇਆ ਹੈ। 
             ਕੈਪਟਨ ਸਰਕਾਰ ਦੇ ਪਹਿਲੇ ਵਰ੍ਹੇ ਦੌਰਾਨ ਵਿਧਾਇਕਾਂ/ਸਾਬਕਾ ਵਿਧਾਇਕਾਂ ਦੇ ਇਲਾਜ ’ਤੇ 1.51 ਕਰੋੜ ਰੁਪਏ ਖਰਚ ਆਏ ਹਨ। ਦੂਸਰੀ ਤਰਫ਼ ਕੈਂਸਰ ਦੇ ਮਰੀਜ਼ਾਂ ਨੂੰ ਇਲਾਜ ਵਾਸਤੇ ਸਿਰਫ਼ ਡੇਢ ਲੱਖ ਰੁਪਏ ਪ੍ਰਤੀ ਮਰੀਜ਼ ਦਿੱਤੇ ਜਾਂਦੇ ਹਨ ਜਦੋਂ ਕਿ ਇਲਾਜ ਕਈ ਗੁਣਾ ਮਹਿੰਗਾ ਪੈਂਦਾ ਹੈ। ਪੰਜਾਬ ਐਂਡ ਯੂਟੀ ਪੈਨਸ਼ਨਰਜ਼ ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਨੇ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੂੰ ਬਹੁਤੀ ਦਫ਼ਾ ਮਜਬੂਰੀ ਵਿੱਚ ਪ੍ਰਾਈਵੇਟ ਹਸਪਤਾਲ ’ਚੋਂ ਇਲਾਜ ਕਰਾਉਣਾ ਪੈਂਦਾ ਹੈ ਪਰ ਰੇਟ ਸਰਕਾਰੀ ਮਿਲਦਾ ਹੈ। ਉਸ ਮਗਰੋਂ ਮੈਡੀਕਲ ਬਿੱਲ ਦੋ-ਦੋ ਸਾਲ ਖ਼ਜ਼ਾਨੇ ਵਿਚ ਰੁਲਦੇ ਰਹਿੰਦੇ ਹਨ। ਕਈ ਮੁਲਾਜ਼ਮਾਂ ਦੇ ਗੁਜ਼ਰ ਜਾਣ ਤੋਂ ਦੋ ਤਿੰਨ ਸਾਲ ਮਗਰੋਂ ਵਾਰਸਾਂ ਨੂੰ ਮੈਡੀਕਲ ਬਿੱਲਾਂ ਦੀ ਅਦਾਇਗੀ ਹੁੰਦੀ ਹੈ। ਫਰੰਟ ਦੇ ਕਨਵੀਨਰ ਨੇ ਮੰਗ ਕੀਤੀ ਕਿ ਸਰਕਾਰ ਮੁਲਾਜ਼ਮਾਂ ਲਈ 10 ਲੱਖ ਰੁਪਏ ਤੱਕ ਵਾਲੀ ਕੈਸ਼ਲੈਸ ਮੈਡੀਕਲ ਸਕੀਮ ਲਿਆਵੇ।
                                     ਵੱਡੇ ਬਿੱਲਾਂ ’ਤੇ ਇਤਰਾਜ਼ ਵੀ ਲੱਗੇ
ਸਿਹਤ ਵਿਭਾਗ ਨੇ ਕੁਝ ਬਿੱਲ ਬੇਰੰਗ ਵੀ ਮੋੜੇ ਹਨ। ਪ੍ਰਕਾਸ਼ ਸਿੰਘ ਬਾਦਲ ਨੇ ਕੰਨਾਂ ਤੋਂ ਸੁਣਨ ਵਾਲੀਆਂ ਦੋ ਮਸ਼ੀਨਾਂ ਦੀ ਤਿੰਨ ਲੱਖ ਰੁਪਏ ਵਿੱਚ ਖਰੀਦ ਕੀਤੀ ਪਰ ਸਿਹਤ ਮਹਿਕਮੇ ਨੇ 36 ਹਜ਼ਾਰ ਰੁਪਏ ਹੀ ਦਿੱਤੇ। ਇਸੇ ਤਰ੍ਹਾਂ ਤਤਕਾਲੀ ਮੁੱਖ ਸੰਸਦੀ ਸਕੱਤਰ ਮਹਿੰਦਰ ਕੌਰ ਜੋਸ਼ ਨੇ 55,190 ਰੁਪਏ ਵਿੱਚ ਦੰਦਾਂ ਦੀ ਖਰੀਦ ਕੀਤੀ ਸੀ ਪਰ ਮਹਿਕਮੇ ਨੇ ਸਿਰਫ਼ 225 ਰੁਪਏ ਪਾਸ ਕੀਤੇ ਸਨ, ਜੋ ਜੋਸ਼ ਨੇ ਵਾਪਸ ਕਰ ਦਿੱਤੇ ਸਨ। ਦਿਲਚਸਪ ਗੱਲ ਹੈ ਕਿ ਸਿਆਸੀ ਲੋਕ ਛੋਟੇ-ਛੋਟੇ ਮੈਡੀਕਲ ਬਿੱਲ ਵੀ ਵਸੂਲਦੇ ਹਨ। ਜਿਵੇਂ ਮੌਜੂਦਾ ਸਪੀਕਰ ਨੇ ਇੱਕ ਵਾਰੀ 1364 ਰੁਪਏ ਅਤੇ ਡਿਪਟੀ ਸਪੀਕਰ ਨੇ 1300 ਰੁਪਏ ਦਾ ਬਿੱਲ ਵੀ ਵਸੂਲ ਕੀਤਾ।

Monday, April 20, 2020

ਬਿਪਤਾ ਦੀ ਘੜੀ  
ਵੱਡੇ ਘਰਾਂ ਨੇ ਦਸਵੰਧ ਲਈ ਹੱਥ ਘੁੱਟੇ
                                                             ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਦਰਜਨਾਂ ਸਿਆਸੀ ਘਰ ਆਪਣੀ ਪੈਨਸ਼ਨਾਂ ਦੀ ਪੰਡ ਚੋਂ ਕਰੋਨਾ ਆਫ਼ਤ ਰਾਹਤ ਫੰਡਾਂ ਲਈ ਦਸਵੰਧ ਕੱਢਣਗੇ ? ਇਹ ਨਵੀਂ ਸਿਆਸੀ ਚਰਚਾ ਛਿੜੀ ਹੈ ਤੇ ਪੰਜਾਬ ਦੇ ਲੋਕ ਉੱਤਰ ਉਡੀਕ ਰਹੇ ਹਨ। ਮਸਲਾ ਸਿਆਸੀ ਵੀ ਬਣਨ ਲੱਗਾ ਹੈ ਅਤੇ ਸੋਸ਼ਲ ਮੀਡੀਏ ’ਤੇ ਵੀ ਤੂਲ ਫੜਨ ਲੱਗਾ ਹੈ। ਆਮ ਆਦਮੀ ਪਾਰਟੀ ਨੇ ਖੁੱਲ੍ਹੇਆਮ ਵੰਗਾਰ ਪਾਈ ਹੈ ਕਿ ਇੱਕ ਟਰਮ ਤੋਂ ਜਿਆਦਾ ਟਰਮਾਂ ਦੀ ਪੈਨਸ਼ਨ ਲੈਣ ਵਾਲੇ ਨੇਤਾ ਮਹਾਮਾਰੀ ਖ਼ਿਲਾਫ਼ ਰਾਹਤ ਫੰਡ ’ਚ ਵਿੱਤੀ ਯੋਗਦਾਨ ਪਾਉਣ। ਦੇਖਣਾ ਹੋਵੇਗਾ ਕਿ ਕੌਮੀ ਆਫ਼ਤ ਮੌਕੇ ਕਿਹੜੇ ਨੇਤਾ ਜ਼ਖ਼ਮਾਂ ਤੇ ਮੱਲਮ ਲਾਉਂਦੇ ਹਨ।ਵੇਰਵਿਆਂ ਅਨੁਸਾਰ ਸਿਆਸੀ ਆਗੂਆਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਇੱਕੋ ਸਮੇਂ ਦੋ ਪੈਨਸ਼ਨਾਂ (ਬਤੌਰ ਸਾਬਕਾ ਵਿਧਾਇਕ ਅਤੇ ਬਤੌਰ ਸੰਸਦ ਮੈਂਬਰ) ਪੈਨਸ਼ਨ ਲੈ ਸਕਦੇ ਹਨ। 17ਵੀਂ ਲੋਕ ਸਭਾ ਵਿਚ ਦੇਸ਼ ਭਰ ਚੋਂ ਮੌਜੂਦਾ ਸਮੇਂ 181 ਐਮ.ਪੀਜ਼ ਹਨ ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਬਤੌਰ ਐਮ.ਪੀ ਉਹ ਤਨਖਾਹ ’ਤੇ ਭੱਤੇ ਲੈ ਰਹੇ ਹਨ ਜਦੋਂ ਕਿ ਨਾਲੋਂ ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਪੰਜਾਬ ਦੇ ਅੱਠ ਐਮ.ਪੀਜ਼ ਹਨ ਜੋ ਸਾਬਕਾ ਐਮ.ਐਲ.ਏਜ਼ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਤਨਖ਼ਾਹਾਂ ਤੇ ਭੱਤਿਆਂ ਦੀ ਇਨ੍ਹਾਂ ਦੇ ਘਰਾਂ ਵਿਚ ਝੜੀ ਲੱਗੀ ਹੋਈ ਹੈ। ਦੂਸਰੀ ਤਰਫ਼ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਕੱਟ ਲੱਗੇ ਰਹੇ ਹਨ।
        ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਥੀ ਵਾਰ ਹੁਣ ਲੋਕ ਸਭਾ ਮੈਂਬਰ ਬਣੇ ਹਨ। ਇੱਕ ਵਾਰ ਉਹ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਤਿੰਨ ਵਾਰੀ ਉਹ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ ਪੌਣੇ ਦੋ  ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ ਜਦੋਂ ਕਿ ਬਤੌਰ ਐਮ.ਪੀ ਤਨਖਾਹ ਤੇ ਭੱਤੇ ਵੀ ਲੈ ਰਹੇ ਹਨ। ਉਹ ਪ੍ਰਾਈਵੇਟ ਚੈੱਨਲ ਕੋਲ ਖੁਦ ਮੰਨੇ ਹਨ ਕਿ ਉਨ੍ਹਾਂ ਨੇ ਕਿਸੇ ਰਾਹਤ ਫੰਡ ਵਿਚ ਨਿੱਜੀ ਤੌਰ ’ਤੇ ਕੋਈ ਰਾਸ਼ੀ ਨਹੀਂ ਦਿੱਤੀ ਹੈ। ਏਨਾ ਜਰੂਰ ਹੈ ਕਿ ਉਨ੍ਹਾਂ ਸੰਸਦੀ ਕੋਟੇ ਦੇ ਫੰਡ ਜਰੂਰ ਦਿੱਤੇ ਹਨ। ਪ੍ਰਨੀਤ ਕੌਰ ਵੀ ਚੌਥੀ ਵਾਰ ਐਮ.ਪੀ ਬਣੇ ਹਨ ਜਦੋਂ ਕਿ ਉਹ ਬਤੌਰ ਸਾਬਕਾ ਵਿਧਾਇਕ 75 ਹਜ਼ਾਰ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਖੁਦ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ ਰਹੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕੀ ਵਾਲੀ ਪੌਣ ਦੋ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ ਜਦੋਂ ਕਿ ਚੌਧਰੀ ਸੰਤੋਖ ਸਿੰਘ ਵੀ ਐਮ.ਪੀ ਵਾਲੀ ਤਨਖਾਹ ਤੇ ਭੱਤਿਆਂ ਤੋਂ ਇਲਾਵਾ ਸਾਬਕਾ ਵਿਧਾਇਕ ਵਜੋਂ ਪੌਣੇ ਦੋ ਲੱਖ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ 75 ਹਜ਼ਾਰ ਰੁਪਏ ਪੈਨਸ਼ਨ ਲੈ ਰਹੇ ਹਨ। ਇਵੇਂ ਮੁਹੰਮਦ ਸਦੀਕ ਵੀ ਦੋਹਰਾ ਗੱਫਾ ਲੈ ਰਹੇ ਹਨ। ਬਲਵਿੰਦਰ ਸਿੰਘ ਭੂੰਦੜ ਤੀਸਰੀ ਦਫ਼ਾ ਰਾਜ ਸਭਾ ਮੈਂਬਰ ਬਣੇ ਹਨ ਜਦੋਂ ਕਿ ਉਹ ਪੰਜ ਵਾਰ ਵਿਧਾਇਕ ਰਹੇ ਹਨ।
               ਭੂੰਦੜ ਨੂੰ ਬਤੌਰ ਸਾਬਕਾ ਵਿਧਾਇਕ ਪੌਣੇ ਤਿੰਨ ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸਵਾ ਦੋ ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜੋ ਤੀਸਰੀ ਵਾਰ ਰਾਜ ਸਭਾ ਮੈਂਬਰ ਬਣੇ ਹਨ। ਐਮ.ਪੀ ਸ਼ਮਸ਼ੇਰ ਸਿੰਘ ਦੂਲੋ ਵੀ ਸਵਾ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। 17ਵੀਂ ਲੋਕ ਸਭਾ ਵਿਚ 22 ਐਮ.ਪੀ ਉਹ ਵੀ ਹਨ ਜੋ ਪਹਿਲਾਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ।ਪੰਜਾਬ ਦੇ ਇਸ ਵੇਲੇ 268 ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਬਤੌਰ ਸਾਬਕਾ ਵਿਧਾਇਕਾ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ  ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਛੇ ਵਾਰ ਵਿਧਾਇਕ ਰਹਿਣ ਕਰਕੇ ਸਵਾ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਵੀ 3.25 ਲੱਖ ਰੁਪਏ ਅਤੇ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਦੱਸ ਦੇਈਏ ਕਿ ਪਿਛਲੇ ਅਰਸੇ ਦੌਰਾਨ ਬੁਢਾਪਾ ਪੈਨਸ਼ਨ ਤਿੰਨ ਵਾਰ ਅਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ 120 ਗੁਣਾ ਵਧੀ ਹੈ।
               ਦੂਸਰੀ ਤਰਫ਼ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 30 ਫੀਸਦੀ ਕੱਟ ਲਗਾਏ ਜਾਣ ਬਾਰੇ ਵਿਚਾਰ ਕਰ ਰਹੀ ਹੈ। ਇੱਕ ਦਿਨ ਦੀ ਤਨਖਾਹ ਕੱਟਣ ਦੀ ਗੱਲ ਵੀ ਤੁਰੀ ਹੈ। ਪੰਜਾਬ ਵਿਚ ਹਰ ਤਰ੍ਹਾਂ ਦੇ ਕਰੀਬ 3.77 ਲੱਖ ਮੁਲਾਜ਼ਮ ਹਨ। ਪੰਜਾਬ ਐਂਡ ਯੂ.ਟੀ ਪੈਨਸ਼ਨਜ਼ ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਪਹਿਲਾਂ ਸਰਕਾਰ ਖੁਦ ਆਦਰਸ਼ ਬਣੇ। ਸਿਆਸੀ ਲੋਕ ਆਪਣੀ ਨਿੱਜੀ ਸੰਪਤੀ ਚੋਂ ਆਫਤ ਰਾਹਤ ਫੰਡ ਲਈ ਦਸਵੰਧ ਕੱਢਣ। ਇੱਕ ਤੋਂ ਜਿਆਦਾ ਪੈਨਸ਼ਨਾਂ ਲੈਣੀਆਂ ਬੰਦ ਕਰਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਕਿਸੇ ਜਬਰੀ ਕੱਟ ਦਾ ਵਿਰੋਧ ਕਰਨਗੇ।
                                       ਪੈਨਸ਼ਨਾਂ ਦਾ ਤਿਆਗ ਕਰੋ : ਚੀਮਾ
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਦੁੱਖ ਦੀ ਘੜੀ ਵਿਚ ਕਈ ਕਈ ਪੈਨਸ਼ਨਾਂ ਲੈਣ ਵਾਲੇ ਨੇਤਾ ਵੱਡਾ ਦਿਲ ਦਿਖਾਉਣ। ਸਿਰਫ਼ ਇੱਕ ਟਰਮ ਦੀ ਪੈਨਸ਼ਨ ਰੱਖ ਕੇ ਬਾਕੀ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਸਭ ਸਰਦੇ ਪੁੱਜਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇੱਕ ਟਰਮ ਵਾਲੇ ਵਿਧਾਇਕ ਨੂੰ 75 ਹਜ਼ਾਰ, ਦੋ ਟਰਮਾਂ ਵਾਲੇ ਨੂੰ 1.25 ਲੱਖ ,ਤਿੰਨ ਟਰਮਾਂ ਵਾਲੇ ਨੂੰ 1.75 ਲੱਖ ਅਤੇ ਚਾਰ ਟਰਮਾਂ ਵਾਲੇ ਨੂੰ 2.25 ਲੱਖ ਰੁਪਏ ਪੈਨਸ਼ਨ ਮਿਲਦੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 5.25 ਲੱਖ ਦੀ ਪੈਨਸ਼ਨ ਦੇ ਹੱਕਦਾਰ ਬਣ ਚੁੱਕੇ ਹਨ।





               


Sunday, April 19, 2020

                              ਵਿਚਲੀ ਗੱਲ
                 ਆਉਣ ਕੂੰਜਾਂ ਦੇਣ ਬੱਚੇ..!
                            ਚਰਨਜੀਤ ਭੁੱਲਰ
ਚੰਡੀਗੜ੍ਹ : ਗਿਰਝਾ ਦਾ ਜੋੜਾ ਹਿਮਾਚਲੋਂ ਉੱਡਿਐ। ਪਠਾਨਕੋਟ ਤੋਂ ਮੁੜ ਗਿਐ। ਉੱਲੂ ਦੇਖ ਕੇ ਢਿੱਡੋਂ ਹੱਸਿਆ। ਜਨੌਰਾਂ ਨੇ ਮਜਮਾ ਲਾਇਆ। ਘੋਗੜ ਕਾਂ ਨੇ ਨਕਸ਼ਾ ਵਾਹਿਆ। ਘੁੱਪ ਹਨੇਰਾ, ਵੱਡੀ ਟਾਹਣੀ। ਘੋਗੜ ਮਹਾਰਾਜ ਇੰਝ ਗੱਜੇ। ਪੰਝੀ ਸਾਲ ਨਹੀਂ, ਪੂਰੇ 25 ਦਹਾਕੇ ਰਾਜ ਕਰਾਂਗੇ। ਤਾੜੀਆਂ ਵੱਜੀਆਂ, ਨਾਅਰੇ ਗੂੰਜੇ। ਗੁੱਸਾ ਚਮਗਿੱਦੜ ਨੂੰ ਆਇਆ। ‘ਮਾਰਾਂ ਸ਼ੇਰਾਂ ਦੀਆਂ, ਗਿੱਦੜ ਕਰਨ ਕਲੋਲਾਂ।’ ਪਿੱਛੋਂ ਕੋਈ ਸਿਆਣੀ ਕੂੰਜ ਬੋਲੀ। ਪ੍ਰਤਾਪ ਚਮਗਿੱਦੜ ਦਾ ਐ, ਰਾਸ ਘੋਗੜ ਨੂੰ ਆਇਐ। ਵੈਸੇ ਚੱਕੀਰਾਹੇ ਨੂੰ ਕੌਣ ਪੁੱਛਦੈ। ਬਿਨਾਂ ਪੁੱਛੇ ਗੱਲ ਸਿਆਣੀ ਕਰ ਗਿਆ। ਜਾਓ, ਮਾਣੋ ਕਾਦਰ ਨੂੰ, ਸਾਰਾ ਜਹਾਂ ਹਮਾਰਾ। ਕੋਇਲ ਚੁੱਪ ਚਾਪ ਬੈਠੀ ਰਹੀ। ਬਾਕੀਆਂ ਨੇ ਦਾਦ, ਉਹਨੇ ਨਸੀਹਤ ਦਿੱਤੀ, ਕਰਿਓ ਮਨ ਦੀ ਪਰ ਬੰਦਿਆਂ ਤੋਂ ਥੋੜ੍ਹਾ ਦੂਰ ਰਹਿਓ। ਘੋਗੜ ਬੋਲਿਆ, ਬੀਬਾ ਜੀ, ਚਿੰਤਾ ਨਾ ਕਰੋ, ਤਖ਼ਤਾਂ ਵਾਲੇ ਕੋਈ ਓਪਰੇ ਥੋੜ੍ਹਾ ਨੇ। ਜੈਕਾਰੇ ਛੱਡੇ, ‘ਟੇਕ ਆਫ਼’ ਸਭ ਨੇ ’ਕੱਠਾ ਕੀਤਾ। ਗੱਲ ਥੋੜ੍ਹੀ ਪੁਰਾਣੀ ਹੈ। ਜੰਗਲੀ ਜੀਵ ਰੱਖਿਆ ਅਫ਼ਸਰ ਬੋਲੇ। ‘ਗਿਰਝਾਂ ਦੀ ਦੱਸ ਪਾਓ, ਆ ਕੇ ਇਨਾਮ ਲੈ ਜਾਓ।’ ਕੋਈ ਨਾ ਬਹੁੜਿਆ। ਪਸ਼ੂਆਂ ਦੀ ਦਰਦ ਨਿਵਾਰਕ ਦਵਾਈ ਡਾਇਕਲੋਫੇਨਿਕ। ਮਗਰੋਂ ਬੈਨ ਕਰਨੀ ਪਈ। ਜੋ ਪਸ਼ੂ ਮਰਦੇ, ਗਿਰਝਾਂ ਟੁੱਟ ਪੈਂਦੀਆਂ। ਗਿਰਝਾਂ ਦੇ ਗੁਰਦੇ ਫੇਲ੍ਹ ਹੋਣ ਲੱਗੇ। ਪੂਰੀ ਪ੍ਰਜਾਤੀ ਅਲੋਪ ਹੋ ਗਈ। ਹਿਮਾਚਲ ਦੇ ਪੌਂਗਡੈਮ ਵੈਟਲੈਂਡ ਕੋਲ, ਗਿਰਝਾਂ ਦਾ ਰੈਸਟੋਰੈਂਟ ਬਣਿਐ। ਏਸ਼ੀਆ ਮਹਾਂਦੀਪ ’ਚ ਪ੍ਰਜਾਤੀ ਬਚ ਜਾਏ। ਗਿਰਝਾਂ ਨੂੰ ਮਨਪਸੰਦ ਭੋਜਨ ਮਿਲਦੈ। ਦੱਸਦੇ ਨੇ, ਪਠਾਨਕੋਟ ’ਚ ਗਿਰਝਾਂ ਦਾ ਜੋੜਾ ਘੁੰਮ ਕੇ ਗਿਐ। ਕਰੋਨਾ ਨੇ ਪਠਾਨਕੋਟ ਵੀ ਚੂੰਡਿਐ। ਨੇਤਾਵਾਂ ਦੇ ਮੂੰਹਾਂ ’ਤੇ ਮਾਸਕ ਨੇ। ਦੇਖ ਕੇ ਕਾਲਜੇ ਠੰਢ ਗਿਰਝਾਂ ਦੇ ਪਈ ਹੋਊ।
                ਰਹੀ ਗੱਲ ਚਮਗਿੱਦੜ ਦੀ। ਵਿਚਾਰਾ ਕਟਿਹਰੇ ’ਚ ਖੜ੍ਹੈ। ਚੀਨੀ ਲੋਕ ਚਮਗਿੱਦੜ ਦਾ ਸੂਪ ਪੀਂਦੇ ਨੇ। ਇੱਥੋਂ ਹੀ ਕਰੋਨਾਵਾਇਰਸ ਜਨਮਿਐਂ। ਬੌਂਦਲਿਆ ਟਰੰਪ ਹੁਣ ਊਂਟ ਪਟਾਂਗ ਬੋਲੀ ਜਾਂਦੈ। ‘ਚਾਹੁੰਦਾ ਹਾਂ ਕਿ ਅਮਰੀਕਾ ਚੰਨ ’ਤੇ ਖਣਨ ਕਰੇ’। ਓਧਰ ਦੇਖੋ, ਪੰਜਾਬ ਦੇ ਲੀਡਰਾਂ ਨੇ ਕਿਵੇਂ ਕੰਨ ਚੁੱਕੇ ਨੇ। ‘ਜੇਹੋ ਜੇਹੇ ਆਲ਼ੇ, ਉਹੋ ਜੇਹੇ ਕੁੱਜੇ’। ਗੰਗਾ ਵੀ ਦੇਖਿਓ, ਗੇੜਾ ਵੱਜੇ ਤਾਂ ਬਿਆਸ, ਨਾਲੇ ਸਤਲੁਜ ਵੇਖਣਾ, ਪਾਣੀ ਕਿੰਨਾ ਸਾਫ ਹੋਇਐ। ਮਰਗਮੱਛਾਂ ਨੂੰ ਲੱਗਦੈ, ਜਿਵੇਂ ਨਾਨਕੇ ਆਏ ਹੋਣ। ਜਲੰਧਰੋਂ ਪਹਾੜ ਦਿੱਖਣ ਲੱਗੇ ਨੇ। ਦਿਨੇ ਤਾਰੇ ਕਰੋਨਾ ਦਿਖਾ ਰਿਹੈ। ਚਾਰੋਂ ਪਾਸੇ ਚੁੱਪ ਪਸਰੀ ਐ। ਬੰਦਾ ਹੁਣ ਬੰਦੇ ਤੋਂ ਡਰੀ ਜਾ ਰਿਹੈ। ਆਨੰਦ ਮੋਰਾਂ ਨੂੰ ਆ ਰਿਹੈ। ਪੈਲਾਂ ਪੈਣ ਲੱਗੀਆਂ ਨੇ। ਚਿੜੀਆਂ ਨੂੰ ਪਤਾ ਨਹੀਂ, ਕਾਹਦਾ ਚਾਅ ਚੜ੍ਹਿਐ। ਮਨੁੱਖ ਤੇ ਪੰਛੀਆਂ/ਜਾਨਵਰਾਂ ਦੀ ਮੁੜ ਆੜੀ ਪਊ। ਅਕਲ ਨੂੰ ਜਦੋਂ ਹੱਥ ਮਾਰੂ, ਏਹ ਬੰਦੇ ਦੇ ਹੱਥ ਹੈ। ਮਹਾਮਾਰੀ ਤਾਂ ਹੱਥ ਨਹੀਂ ਪੈਣ ਦੇ ਰਹੀ। ਸੋਚ ਜੈਵਿਕ ਹੁੰਦੀ ਤਾਂ ਕਿਤੇ ਅਹਿਮਦਾਬਾਦ ਹਸਪਤਾਲ ’ਚ ਏਦਾਂ ਹੁੰਦਾ। ਹਿੰਦੂ ਵਾਰਡ ਵੱਖਰਾ, ਮੁਸਲਿਮ ਦਾ ਵੱਖਰਾ। ਲਖਨਊ ਦਾ ਸਬਜ਼ੀ ਵਾਲਾ। ਨਾਮ ਬਦਲ ਕੇ ਸਬਜ਼ੀ ਵੇਚਦੈ। ਦਿੱਲੀ ’ਚ ਫੜ੍ਹੀ ਵਾਲੇ ਨੂੰ ਆਧਾਰ ਕਾਰਡ ਦਿਖਾਉਣਾ ਪਿਐ। ‘ਦਿ ਵਾਇਰ’ ਦਾ ਸੰਪਾਦਕ ਸਿਧਾਰਥ ਵਰਧਰਾਜਨ ਯੂਪੀ ਵਾਲੇ ਯੋਗੀ ਬਾਰੇ ਸੱਚ ਦੱਸ ਬੈਠਾ। ਯੋਗੀ ਨੇ ਹੱਥਾਂ ’ਤੇ ਸਰ੍ਹੋਂ ਜਮਾ ’ਤੀ। ਸਿਧਾਰਥ ਐਫ.ਆਈ.ਆਰ ਪੜ੍ਹ ਰਿਹੈ। ਗੱਲਾਂ ਦੀ ਗੱਡੀ ਲੀਹ ਤੋਂ ਨਾ ਲਾਹੀਏ। ਬੰਦਾ ਜਦੋਂ ਕੁਦਰਤ ਦਾ ਸਕਾ ਸੀ, ਕਾਇਨਾਤ ਜ਼ਿੰਦਗੀ ਵੰਡਦੀ ਸੀ। ਹਰੀ ਕ੍ਰਾਂਤੀ ਆਈ, ਮੁਲਕ ਰਜਾਇਆ, ਪੰਜਾਬ ਦੀ ਜਾਹ ਜਾਂਦੀ ਹੋ ਗਈ। ‘ਗਊ ਦੇ ਜਾਏ’ ਹੀ ਫ਼ਸਲਾਂ ਦੇ ਦੁਸ਼ਮਣ ਬਣੇ। ਮਿੱਟੀ ਪਾਣੀ ਜ਼ਹਿਰਾਂ ’ਚ ਗੜੁੱਚ ਕਰ ਦਿੱਤੇ। ਕੂੰਜਾਂ ਦੇ ਮੂੰਹ ਮੁੜ ਗਏ।
               ਹੱਥੀਂ ਨਸਲ ਕੌਣ ਉਜਾੜਦੈ? ਬਟੇਰ ਤੇ ਤਿੱਤਰ ਇੱਕੋ ਸੁਰ ਬੋਲੇ, ‘ਪੰਜਾਬੀ’। ਸੁਰ ’ਚ ਖ਼ਾਲਿਦ ਹੁਸੈਨ ਨੇ ਵੀ ਗਾਇਐ। ‘ਪੰਛੀ ਇੱਕ ਦੂਜੇ ਦੇ ਆਲ੍ਹਣੇ ਸਾੜਦੇ ਨਹੀਂ, ਆਪਣੀ ਨਸਲ ਉਜਾੜਦੇ ਨਹੀਂ।’ਹੁਣ ਕਰੋਨਾ ਨੇ ਗਲਾ ਜ਼ਰੂਰ ਘੁੱਟਿਐ। ਸਾਹ ਪ੍ਰਕਿਰਤੀ ਨੂੰ ਆਇਐ। ਨਾ ਪੂੰ-ਪੂੰ, ਨਾ ਕਿਧਰੇ ਪੈਂ-ਪੈਂ। ਪੰਛੀਆਂ ਨੂੰ ਰਿਜ਼ਕ ਦਾ ਘਾਟੈ। ਆਗਰੇ ’ਚ ਦੋਧੀ ਦਾ ਢੋਲ ਕੀ ਡਿੱਗਿਆ। ਸੜਕ ’ਤੇ ‘ਦੁੱਧ ਦਾ ਛੱਪੜ’ ਲੱਗ ਗਿਆ। ਖਿੱਲਰਿਆ ਦੁੱਧ ਇੱਕ ਮਹਾਤੜ ਪੀਣ ਲੱਗਾ। ਦੂਜੇ ਪਾਸੇ ਕੁੱਤੇ ਜੁਟੇ ਹੋਏ ਸਨ। ਦਿੱਲੀ ਦੇ ਸ਼ਮਸ਼ਾਨਘਾਟ ’ਚ। ਕੋਈ ਗਲੇ ਕੇਲੇ ਸੁੱਟ ਗਿਆ। ਭੁੱਖੇ ਮਜ਼ਦੂਰ ਟੁੱਟ ਕੇ ਪੈ ਗਏ। ਜਾਨਵਰ ਮਨੁੱਖ ਨਾਲ ਕਿੰਨਾ ਪੂਰ ਚੜ੍ਹਦੈ। ਪ੍ਰਿੰਸੀਪਲ ਸੁਜਾਨ ਸਿੰਘ ਦਾ ਨਿਬੰਧ ‘ਮੋਤੀ’ ਪੜ੍ਹਿਓ। ਬੰਦਾ ਕਿੰਨਾ ਚੀਪੜ ਬਣ ਜਾਂਦੈ, ਕਰਤਾਰ ਸਿੰਘ ਦੁੱਗਲ ਦੀ ਕਹਾਣੀ ‘ਨੀਲੀ’ ’ਤੇ ਨਜ਼ਰ ਮਾਰਨਾ। ਪਰਵਾਸੀ ਕਵੀ ਮੋਹਨ ਗਿੱਲ ਦਾ ਪਹਿਲਾ ਕਾਵਿ ਸੰਗ੍ਰਹਿ, ‘ਗਿਰਝਾਂ ਦੀ ਹੜਤਾਲ’ ਕਿਤੋਂ ਲੱਭਾ ਨਹੀਂ। ਉਹਦੀ ਚਰਚਾ ਕਦੇ ਫੇਰ ਸਹੀ। ਅੱਜ ਗੱਲ ਚਿੜੀ ਜਨੌਰਾਂ ਦੀ। ਭਲੇ ਵੇਲੇ ਗਏ, ਕਿਸਾਨ ਜਦੋਂ ਦਸਵੰਧ ਜਨੌਰਾਂ ਲਈ ਕੱਢਦਾ। ਦਸਵੰਧ ਤੋਂ ਚੇਤੇ ਆਇਐ। ਜਥੇਦਾਰ ਸੁਖਬੀਰ ਸਿੰਘ ਦੀ ਅਪੀਲ। ‘ਭਾਈ ਸ਼੍ਰੋਮਣੀ ਕਮੇਟੀ ਲਈ ਦਸਵੰਧ ਕੱਢੋ’। ਕਈ ਸੂਬਿਆਂ ’ਚ ਚੀਕ ਚਿਹਾੜਾ ਪਿਐ। ਫਸੇ ਹੋਏ ਮਜ਼ਦੂਰ ਆਖਦੇ ਨੇ, ਪਹਿਲਾਂ ਸਾਨੂੰ ਕੱਢੋ। ਪੰਜਾਬ ਆਖਦੈ, ਕਣਕ ਤਾਂ ਵੰਡੋ। ਸੁਰਜੀਤ ਪਾਤਰ ਦਾ ‘ਨੰਦ ਕਿਸ਼ੋਰ’ ਮੁੜਿਆ ਨਹੀਂ।
              ਭੁੱਖਾ ਕਦੇ ਨਖ਼ਰੇ ਨਹੀਂ ਕਰਦਾ। ਮੰਤਰੀ ਕਿਉਂ ਕਰਦੇ ਨੇ। ਕਰੋਨਾ ਤੋਂ ਡਰੇ ਨੇ। ਮਲਵਈ ਮੰਤਰੀ ਹੁਣ ਮੁੜਿਐ। ਅਫਸਰ ਮੰਤਰੀ ਨੂੰ, ਵਿਹੜੇ ਵਾਲੇ ਰਾਸ਼ਨ ਨੂੰ ਕਦੋਂ ਦੇ ਉਡੀਕਦੇ ਸੀ। ਸ਼ਾਪਿੰਗ ਮਾਲ ਵੀ ਬੰਦ ਨੇ। ਮੰਤਰੀ ਕਿਹੜੇ ਮਾਲ ’ਚ ਉਲਝਿਆ ਸੀ, ਪਤਾ ਨਹੀਂ। ਪੰਜਾਬੀ ਘੁਸਰ ਮੁਸਰ ਕਰਦੇ ਨੇ। ਅਖੇ, ਵੱਡੇ ਘਰਾਣੇ, ਵੋਟਾਂ ਵੀ ਘਰੋਂ ਬੈਠ ਕੇ ਹੀ ਮੰਗਣ। ਮਹਾਮਾਰੀ ਹਾਲੇ ਟਲੀ ਨਹੀਂ। ਟਲਦੇ ਪੰਜਾਬੀ ਵੀ ਨਹੀਂ। ਕਹਿੰਦੇ, ਸੱਪ ਅੱਗੇ ਦੀਵਾ ਬਾਲਾਂਗੇ। ਭੋਲੇ ਪੰਛੀ ਨੇ ਪੰਜਾਬੀ। ਫਿਰ ਢੋਡਰ ਕਾਂ ਕੌਣ ਨੇ ? ਸੈਨੀਟਾਈਜ਼ਰ ਏਨਾ ਛਿੜਕਿਐ, ਗੱਲ ਤਿਲਕਦੀ ਬੜੀ ਐ। ਉੜੀਸਾ ਦੇ ਮੁੱਖ ਮੰਤਰੀ ਨੇ। ਜਨੌਰਾਂ ਵਾਸਤੇ 54 ਲੱਖ ਘੱਲੇ ਨੇ। ਰਾਜਸਥਾਨੀ ਅਧਿਆਪਕ ਪੰਛੀਆਂ ਨੂੰ ਦਾਣਾ, ਕੀੜੀਆਂ ਨੂੰ ਆਟਾ ਪਾ ਰਹੇ ਨੇ। ਬੰਗਲੌਰ ਦੇ ਪ੍ਰਵੀਨ ਨੇ ਘਰੇ ਸ਼ੈਲਟਰ ਹੋਮ ਬਣਾਇਐ। ਕੁੱਤਿਆਂ ਦਾ ਪੁੰਨ ਖੱਟ ਰਿਹੈ। ਪੁਣੇ ਦੀ ‘ਰੈਸਕਿਊ’ ਸੰਸਥਾ, ਛੱਡੇ ਜਾਨਵਰਾਂ ਨੂੰ ਸੰਭਾਲਦੀ ਹੈ। ਇੰਦੌਰ ’ਚ ਰਾਜਿੰਦਰ ਦੇ ਹੁੰਦੇ ਪੰਛੀਆਂ ਨੂੰ ਕੋਈ ਘਾਟਾ ਨਹੀਂ। ਪਿਆਰ ਦਾ ਵਟਣਾ ’ਕੱਲੇ ‘ਪੰਛੀ ਪ੍ਰੇਮੀ’ ਮਲ ਰਹੇ ਨੇ। ਮੋਗਾ ਦੀ ਬੇਬੇ ਗੁਰਦੇਵ ਕੌਰ। ਮਾਸਕਾਂ ਦਾ ਪ੍ਰੇਮ ਵੰਡ ਰਹੀ ਹੈ। ਮਲਵਈ ਪ੍ਰੇਮੀ ਯਾਦ ਆਇਐ। ਪ੍ਰੇਮੀ ਜੰਗਲਾਤ ਮੁਲਾਜ਼ਮ ਹੈ। ‘ਪਿਆਰੇ ਦੋ ਉਲੂ ਤਾਂ ਦੇਣਾ’। ਪ੍ਰੇਮੀ ਨੇ ਚਿੜੀਆ ਘਰ ਨੂੰ ਸੰਨ੍ਹ ਲਾਈ। ਪ੍ਰੇਮਿਕਾ ਖੁਸ਼ ਕਰ’ਤੀ। ਸਰਕਾਰ ਉੱਲੂ ਭਾਲੀ ਜਾਂਦੀ ਐ। ਇੱਧਰ ਕਰੋਨਾ ਖ਼ਿਲਾਫ਼ ਡਟੇ ਡਾਕਟਰਾਂ ਨੂੰ ਜੱਫੀ ਪਾਉਣੀ ਨਸੀਬ ਨਹੀਂ। ਬੱਚੇ ਤਰਸੇ ਪਏ ਨੇ। ਛੱਤੀਸਗੜ੍ਹ ਦਾ ਕੁਲੈੱਕਟਰ ਦੀਪਕ ਸੋਨੀ, 31 ਰਾਹਤ ਕੈਂਪ ਬਣਾਏ ਨੇ। ਮਜ਼ਦੂਰਾਂ ਨਾਲ ਬੈਠ ਕੇ ਖਾਣਾ ਖਾਂਦੈ। ‘ਕੀੜੀ ਲਈ ਠੂਠਾ ਹੀ ਦਰਿਆ’। ਗਰੀਬ ਦੀ ਪੀੜ ਨੂੰ ਸਰਕਾਰ ਸਮਝੇ। ‘ਸਮਾਜਿਕ ਦੂਰੀ’ ਦਾ ਫੰਡਾ। ਨਵਜੋਤ ਸਿੱਧੂ ਕਿਥੋਂ ਸਮਝਦੈ।
               ਤਾਮਿਲਨਾਡੂ ਦੇ ਖੇਡ ਪ੍ਰੇਮੀ ਵੀ ਨਹੀਂ ਸਮਝੇ। ਪ੍ਰੰਪਰਿਕ ਖੇਡ ‘ਜੱਲੀਕੱਟੂ’ ਨੂੰ ਕੌਣ ਭੁੱਲਿਐ। ਪਰਸੋਂ ਇੱਕ ਸਾਨ੍ਹ ਮਰ ਗਿਆ। ਸਸਕਾਰ ’ਤੇ ਮੇਲਾ ਬੱਝ ਗਿਐ। ਤਿੰਨ ਹਜ਼ਾਰ ’ਤੇ ਕੇਸ ਦਰਜ ਹੋਇਐ। ਵਿਸ਼ਵ ’ਚ ਡੇਢ ਲੱਖ ਮੌਤਾਂ ਹੋ ਗਈਆਂ ਨੇ। ਅੌਖੇ ਸੌਖੇ ਘਰੇ ਰਹੋ। ਯੋਗਾ ਕਰੋ, ਭਜਨ ਬੰਦਗੀ ਕਰੋ। ਮੋਦੀ ਕੋਈ ਸੌਖੈ, ਪੰਜ ਮਹੀਨੇ ਹੋਗੇ। ਕੋਈ ਵਿਦੇਸ਼ ਯਾਤਰਾ ਨਹੀਂ ਕੀਤੀ। ‘ਸਦਾ ਨਾ ਬਾਗੀਂ ਬੁਲਬੁਲ ਬੋਲੇ..!’ ਉੱਲੂ ਨਾ ਬਣੋ, ਉੱਲੂ ਤੋਂ ਸਿੱਖੋ। ਅਰਜ਼ ਹੈ, ਕਥਾ ਕਹਾਣੀ। ਹੰਸ ਕੇਰਾਂ ਹੰਸਣੀ ਨੂੰ ਲੈ ਕੇ ਸਹੁਰੇ ਚੱਲਿਆ। ਰਸਤੇ ’ਚ ਉਜੜੇ ਘਰ ਦੇਖ ਕੇ ਹੰਸਣੀ ਨੂੰ ਕਹਿੰਦਾ। ਭਾਗਵਾਨੇ, ਉੱਲੂ ਜਿਥੋਂ ਦੀ ਪਰਿਕਰਮਾ ਕਰਦੈ, ਉਨ੍ਹਾਂ ਪਿੰਡਾਂ ਦਾ ਆਹ ਹਾਲ ਹੁੰਦੈ। ਦਰੱਖ਼ਤ ’ਤੇ ਬੈਠੇ ਉੱਲੂ ਨੇ ਬੜ੍ਹਕ ਮਾਰੀ। ‘ਮੇਰੀ ਬੀਵੀ ਨੂੰ ਲੈ ਕੇ ਕਿੱਧਰ ਚੱਲਿਐਂ।’ ਹੰਸ ਬੋਲਿਆ, ਉੱਲੂ ਪਾਤਸ਼ਾਹ, ਹੰਸਣੀ ਢੋਲ ਢਮੱਕੇ ਨਾਲ ਵਿਆਹੀ ਹੈ। ਲਓ ਜੀ, ਮਾਮਲਾ ਵਧ ਗਿਆ। ਅੱਗਿਓਂ ਪਿੰਡ ਦਾ ਸਰਪੰਚ ਘੋਗੜ ਕਾਂ ਸੀ। ਘੋਗੜ ਨੇ ਫੈਸਲਾ ਦਿੱਤਾ, ਹੰਸਣੀ ਉੱਲੂ ਹਵਾਲੇ ਕੀਤੀ ਜਾਵੇ। ਲੁੱਟਿਆ ਹੰਸ ਦੁਹੱਥੜ ਮਾਰੇ। ਵਾਪਸ ਜਾਣ ਲੱਗਿਆ। ਪਿੱਛਿਓਂ ਉੱਲੂ ਨੇ ਆਵਾਜ਼ ਮਾਰੀ। ਲੈ ਜਾ ਲੈ ਜਾ ਆਪਣੀ ਹੰਸਣੀ ਨੂੰ। ਚੇਤੇ ਰੱਖਣਾ, ਘੋਗੜਾਂ ਨੂੰ ਤਖਤ ਬਿਠਾਓਗੇ, ਤਾਂ ਏਹੋ ਜਿਹੇ ਨਿਆਂ ਹੋਣਗੇ। ਛੱਡੋ ਜੀ, ਤੁਸੀਂ ਯਮਲਾ ਜੱਟ ਸੁਣੋ। ‘ਆਰ ਟਾਂਗਾ ਪਾਰ ਟਾਂਗਾ ਵਿਚ ਟੱਲਮ ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ ਨਦੀ ਨਹਾਉਣ ਚੱਲੀਆਂ।’

Saturday, April 18, 2020

                                                           ਕਣਕ ਤੇ ਕਰੋਨਾ 
                                 ਮੰਡੀਆਂ ’ਚ ਲੱਗੀ ਖਰੀਦ ਪ੍ਰਬੰਧਾਂ ਦੀ ਬੋਲੀ
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਣਕ ਦੀ ਖਰੀਦ ਸ਼ੁਰੂ ਹੋਣ ਮਗਰੋਂ ਹੁਣ ਜਾਗ ਖੁੱਲ੍ਹੀ ਹੈ। ਜਦੋਂ ਹੁਣ ਕਈ ਕਈ ਪਿੰਡਾਂ ਦੇ ਕਿਸਾਨ ਖਰੀਦ ਕੇਂਦਰਾਂ ’ਤੇ ਜੁੜਨ ਲੱਗੇ ਹਨ ਤਾਂ ਸਰਕਾਰ ਦੇ ਹੋਸ਼ ਉੱਡ ਗਏ ਹਨ। ਰਾਜ ਸਰਕਾਰ ਨੂੰ ਡਰ ਖੜ੍ਹਾ ਹੋ ਗਿਆ ਹੈ ਕਿ ਅਗਰ ਏਦਾਂ ਵੱਖ ਵੱਖ ਪਿੰਡਾਂ ਦੇ ਕਿਸਾਨ ਆਪਸ ਵਿਚ ਰਲਨਗੇ ਤਾਂ ਇਸ ਨਾਲ ਕਰੋਨਾਵਾਇਰਸ ਦੇ ਪਸਾਰ ਦਾ ਸਬੱਬ ਬਣ ਸਕਦਾ ਹੈ। ਕੈਪਟਨ ਸਰਕਾਰ ਹੁਣ ਪਿੰਡ ਪਿੰਡ ਖਰੀਦ ਕੇਂਦਰ ਬਣਾਉਣ ਬਾਰੇ ਸੋਚਣ ਲੱਗੀ ਹੈ ਜੋ ਇਸ ਪੜਾਅ ’ਤੇ ਸੰਭਵ ਨਹੀਂ ਜਾਪਦਾ ਹੈ। ਮੁੱਖ ਸਕੱਤਰ ਪੰਜਾਬ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿਚ ਸਪੱਸ਼ਟ ਕਬੂਲ ਕੀਤਾ ਹੈ ਕਿ ਦੇਖਣ ਵਿਚ ਆਇਆ ਹੈ ਕਿ ਮੰਡੀਆਂ ਵਿਚ ਵੱਖ ਵੱਖ ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਜਿਣਸ ਵੇਚਣ ਲਈ ਆ ਰਹੇ ਹਨ ਜਿਸ ਨੂੰ ਫੌਰੀ ਰੋਕਣ ਦੀ ਲੋੋੜ ਹੈ। ਮੁੱਖ ਸਕੱਤਰ ਨੇ ਆਖਿਆ ਹੈ ਕਿ ਇੱਕ ਪਿੰਡ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਦੂਜੇ ਪਿੰਡ ਦੇ ਕਿਸਾਨਾਂ ਨਾਲ ਆਪਸ ਵਿਚ ਰਲਣ ਦੀ ਆਗਿਆ ਕਿਸੇ ਵੀ ਸੂਰਤ ਵਿਚ ਨਹੀਂ ਦਿੱਤੀ ਜਾ ਸਕਦੀ ਹੈ। ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਸੀ ਮਿਲਾਪ ਨੂੰ ਰੋਕਣਾ ਵੀ ਜਰੂਰੀ ਹੈ। ਪੰਜਾਬ ਭਰ ਚੋਂ ਨਿਰੋਲ ਇੱਕ ਇੱਕ ਪਿੰਡ ਵਾਲੇ ਖਰੀਦ ਕੇਂਦਰਾਂ ਦਾ ਵੇਰਵਾ 18 ਅਪਰੈਲ ਤੱਕ ਮੰਗ ਲਿਆ ਗਿਆ ਹੈ । ਸੂਤਰ ਦੱਸਦੇ ਹਨ ਕਿ ਜਦੋਂ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਸਰਕਾਰ ਪਿੰਡ ਪਿੰਡ ਖਰੀਦ ਕੇਂਦਰ ਬਣਾਉਣ ਬਾਰੇ ਸੋਚਣ ਲੱਗੀ ਹੈ।
               ਪੰਜਾਬ ਭਰ ਵਿਚ 1867 ਪੱਕੇ ਖਰੀਦ ਕੇਂਦਰ ਹਨ ਜਦੋਂ ਕਿ 1824 ਚੌਲ ਮਿੱਲਾਂ ਵਿਚ ਆਰਜ਼ੀ ਮੰਡੀ ਯਾਰਡ ਬਣਾਏ ਗਏ ਹਨ। ਰਾਜ ਭਰ ਵਿਚ 3691 ਦੇ ਕਰੀਬ ਖਰੀਦ ਕੇਂਦਰ ਬਣੇ ਹਨ ਜਦੋਂ ਕਿ ਪੰਜਾਬ ਵਿਚ ਪਿੰਡਾਂ ਦੀ ਗਿਣਤੀ ਕਰੀਬ 12, 278 ਬਣਦੀ ਹੈ। ਅੌਸਤਨ ਦੇਖੀਏ ਤਾਂ ਤਿੰਨ ਪਿੰਡਾਂ ਪਿਛੇ ਇੱਕ ਖਰੀਦ ਕੇਂਦਰ ਹੈ। ਸਰਕਾਰ ਇਸ ਮੌਕੇ ਇੱਛੁਕ ਹੈ ਕਿ ਹਰ ਪਿੰਡ ਦਾ ਆਪਣਾ ਵੱਖਰਾ ਖਰੀਦ ਕੇਂਦਰ ਬਣੇ ਤਾਂ ਜੋ ਕਿਸਾਨਾਂ ਦੀ ਇੱਕ ਪਿੰਡ ਤੋਂ ਦੂਸਰੇ ਪਿੰਡ ਵਿਚ ਆਮਦ ਰੁਕੇ। ਖਰੀਦ ਏਜੰਸੀਆਂ ਵੱਡੀ ਦਿੱਕਤ ਵਿਚ ਘਿਰ ਗਈਆਂ ਹਨ ਕਿਉਂਕਿ ਏਨੇ ਸਟਾਫ ਦਾ ਕਿਥੋਂ ਪ੍ਰਬੰਧ ਹੋਵੇਗਾ। ਆੜ੍ਹਤੀਆਂ ਅਤੇ ਮੰਡੀ ਬੋਰਡ ਲਈ ਵੀ ਇਹ ਸੌਖਾ ਕੰਮ ਨਹੀਂ ਜਾਪਦਾ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ  ਹਦਾਇਤ ਕੀਤੀ ਹੈ ਕਿ ਹਰ ਪਿੰਡ ਵਿਚ ਸਕੂਲ, ਸਟੇਡੀਅਮ ਜਾਂ ਹੋਰ ਸਾਂਝੀਆਂ ਥਾਵਾਂ ਦੀ ਸ਼ਨਾਖ਼ਤ ਕਰ ਲਈ ਜਾਵੇ ਅਤੇ ਉਥੇ ਜਿਣਸ ਢੇਰੀ ਕਰਾ ਲਈ ਜਾਵੇ। ਜੋ ਛੋਟੇ ਵੱਡੇ ਸ਼ਹਿਰ ਹਨ, ਉਨ੍ਹਾਂ ਵਿਚ ਤਾਂ ਦਸ ਦਸ ਤੋਂ ਜਿਆਦਾ ਪਿੰਡਾਂ ਦੇ ਕਿਸਾਨ ਜਿਣਸ ਵੇਚਣ ਲਈ ਆ ਰਹੇ ਹਨ। ਪੰਜਾਬ ਵਿਚ ਟਾਵੇਂ ਖਰੀਦ ਕੇਂਦਰ ਹੀ ਹਨ ਜਿਥੇ ਇੱਕੋ ਪਿੰਡ ਦੀ ਜਿਣਸ ਦੀ ਆਮਦ ਹੁੰਦੀ ਹੋਵੇ। ਖਰੀਦ ਏਜੰਸੀਆਂ ਤਰਫ਼ੋਂ ਫੀਲਡ ਸਟਾਫ ਨੂੰ ਨਵੀਆਂ ਹਦਾਇਤਾਂ ਕਰ ਦਿੱਤੀਆਂ ਹਨ। ਐਤਕੀਂ ਪੰਜਾਬ ਵਿਚ ਕਣਕ ਦੀ ਖਰੀਦ ਦਾ ਕੰਮ 15 ਅਪਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਮੰਡੀਆਂ ਵਿਚ 135 ਲੱਖ ਮੀਟਰਿਕ ਟਨ ਫਸਲ ਦੀ ਆਮਦ ਹੋਣ ਦਾ ਅਨੁਮਾਨ ਹੈ।
               ਭਾਵੇਂ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਸ ਦੇ ਮੱਦੇਨਜ਼ਰ ਟੋਕਨ ਸਿਸਟਮ ਜ਼ਰੀਏ ਨਵੇਂ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਕਈ ਕਈ ਪਿੰਡਾਂ ਦੇ ਆਪਸ ਵਿਚ ਮਿਲਣ ਜੁਲਣ ਦੀ ਗੱਲ ਹੁਣ ਸਰਕਾਰ ਦੇ ਜ਼ਹਿਨ ਵਿਚ ਆਈ ਹੈ। ਸੂਤਰ ਦੱਸਦੇ ਹਨ ਕਿ ਬਦਲਵੇਂ ਪ੍ਰਬੰਧ ਵਜੋਂ ਇਹ ਵੀ ਵਿਉਂਤ ਬਣ ਰਹੀ ਹੈ ਕਿ ਇੱਕ ਦਿਨ ਵਿਚ ਖਰੀਦ ਕੇਂਦਰ ’ਤੇ ਇੱਕੋਂ ਪਿੰਡ ਦੇ ਕਿਸਾਨ ਹੀ ਜਿਣਸ ਵੇਚਣ ਆਉਣ।ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਸਰਕਾਰ ਨੂੰ ਪਹਿਲਾਂ ਯੋਜਨਾਬੰਦੀ ਕਰਕੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਸਨ। ਸਰਕਾਰ ਇਵੇਂ ਦੀ ਸਕੀਮ ਬਣਾਉਦੀ ਕਿ ਕਰੋਨਾ ਵਾਇਰਸ ਨੂੰ ਰੋਕਣ ਦਾ ਪੈਂਤੜਾ ਵੀ ਲਿਆ ਜਾਂਦਾ ਅਤੇ ਕਿਸਾਨ ਨੂੰ ਜਿਣਸ ਵੇਚਣ ਵਿਚ ਵੀ ਕੋਈ ਨਾ ਆਉਂਦੀ। ਸਰਕਾਰ ਕਿਸਾਨਾਂ ਨੂੰ ਖੱਜਲ ਹੋਣ ਤੋਂ ਰੋਕਣ ਦੇ ਰਾਹ ਪਵੇ।
                                ਨਵੀਂ ਵਿਉਂਤ ਬਣਾ ਰਹੇ ਹਾਂ : ਮੰਤਰੀ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਇਸ ਪੜਾਅ ’ਤੇ ਪਿੰਡ ਪਿੰਡ ਖਰੀਦ ਕੇਂਦਰ ਖੋਲ੍ਹਣੇ ਸੰਭਵ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੀ ਸਕੀਮ ਬਣਾ ਰਹੇ ਹਨ ਕਿ ਜਿਥੇ ਕਿਤੇ ਖਰੀਦ ਕੇਂਦਰ ’ਤੇ ਇੱਕ ਤੋਂ ਜਿਆਦਾ ਪਿੰਡਾਂ ਦੇ ਕਿਸਾਨ ਜਿਣਸ ਵੇਚਣ ਆਉਂਦੇ ਹਨ,ਉਥੇ ਪਿੰਡਾਂ ਦੀ ਵਾਰੀ ਬੰਨ ਦਿੱਤੀ ਜਾਵੇ ਤਾਂ ਜੋ ਅਲੱਗ ਅਲੱਗ ਪਿੰਡਾਂ ਦੇ ਕਿਸਾਨਾਂ ਦਾ ਆਪਸ ਵਿਚ ਮਿਲਾਪ ਹੋ ਹੀ ਨਾ ਸਕੇ। ਨਵੇਂ ਖਰੀਦ ਕੇਂਦਰ ਬਣਾਉਣੇ ਤੇ ਸਟਾਫ ਦਾ ਪ੍ਰਬੰਧ ਕਰਨਾ ਅੌਖਾ ਕੰਮ ਹੈ।

Friday, April 17, 2020

                                                          ਧਰਵਾਸ ਦਾ ਵੇਲਾ  
                            ਤਾਲਾਬੰਦੀ ਨੇ ਖੋਲ੍ਹੀਆਂ ਜ਼ਿੰਦਗੀ ਦੀਆਂ ਗੰਢਾਂ! 
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਲਈ ਇਹ ਧਰਵਾਸ ਦੇ ਵੇਲਾ ਹੈ ਕਿ ਅਣਆਈਆਂ ਮੌਤਾਂ ਦੀ ਗਿਣਤੀ ਨੂੰ ਬਰੇਕ ਲੱਗੀ ਹੈ। ਭਾਵੇਂ ਕਰੋਨਾ ਦੇ ਭੈਅ ਨੇ ਨੀਂਦ ਉਡਾਈ ਹੈ ਤੇ ਤਾਲਾਬੰਦੀ ਨੇ ਦਮ ਘੁੱਟਿਆ ਹੈ ਪ੍ਰੰਤੂ ਫਿਰ ਵੀ ਜ਼ਿੰਦਗੀ ਨੂੰ ਥੋੜਾ ਸੌਖਾ ਸਾਹ ਆਇਆ ਹੈ। ਕਰੋਨਾ ਤੋਂ ਬਿਨਾ ਪੰਜਾਬ ’ਚ ਸਿਰਫ ਹੁਣ ਕੁਦਰਤੀ ਮੌਤਾਂ ਹੋ ਰਹੀਆਂ ਹਨ। ਪੰਜਾਬ ’ਚ ਖੁਦਕੁਸ਼ੀ ਦਰ, ਕਤਲਾਂ ਦੀ ਗਿਣਤੀ ਅਤੇ ਸੜਕ ਹਾਦਸੇ ਬਿਲਕੁਲ ਘੱਟ ਗਏ ਹਨ। ਹਜ਼ਾਰਾਂ ਜ਼ਿੰਦਗੀਆਂ ਅਣਆਈ ਮੌਤ ਦੇ ਮੂੰਹ ਜਾਣੋਂ ਬਚ ਗਈਆਂ ਹਨ। ਤਾਹੀਓਂ ਹੁਣ ਸਿਵਿਆਂ ’ਚ ਅੌਸਤਨ ਸਸਕਾਰਾਂ ਦੀ ਗਿਣਤੀ ਘਟ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਦਸ ਜ਼ਿਲ੍ਹਿਆਂ ਵਿਚ 1 ਮਾਰਚ ਤੋਂ 22 ਮਾਰਚ ਤੱਕ (22 ਦਿਨ) ਦੌਰਾਨ ਸੜਕ ਹਾਦਸਿਆਂ ਦੇ 90 ਕੇਸ ਦਰਜ ਹੋਏ ਹਨ ਜਦੋਂ ਕਿ ਕਰਫਿਊ ਮਗਰੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਦਰਜ ਕੇਸਾਂ ਦੀ ਗਿਣਤੀ ਸਿਰਫ਼ ਪੰਜ ਰਹਿ ਗਈ ਹੈ। ਸਾਲ 2019 ਦੌਰਾਨ ਪੰਜਾਬ ’ਚ 3327 ਲੋਕ ਸੜਕ ਹਾਦਸਿਆਂ ਵਿਚ ਜਾਨ ਤੋਂ ਹੱਥ ਧੋ ਬੈਠੇ ਸਨ। ਅੌਸਤਨ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ 9 ਵਿਅਕਤੀ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਅਪਰੈਲ ਮਹੀਨੇ ਦੇ ਇਨ੍ਹਾਂ 16 ਦਿਨਾਂ ਵਿਚ ਸੜਕ ਹਾਦਸਿਆਂ ਵਿਚ ਸਿਰਫ਼ 24 ਮੌਤਾਂ ਹੋਈਆਂ ਹਨ। ਮਤਲਬ ਕਿ ਦੋ ਦਿਨਾਂ ਵਿਚ ਅੌਸਤਨ ਸਿਰਫ਼ ਤਿੰਨ ਵਿਅਕਤੀ ਮੌਤ ਦੇ ਮੂੰਹ ਪਏ ਜਦੋਂ ਕਿ ਪਹਿਲਾਂ ਇਹੋ ਅੌਸਤਨ ਰੋਜ਼ਾਨਾ ਦੀ 9 ਜਣਿਆ ਦੀ ਸੀ।
               ਅੰਮ੍ਰਿਤਸਰ ਪੁਲੀਸ (ਦਿਹਾਤੀ) ਦੇ ਖੇਤਰ ਵਿਚ ਕਰਫਿਊ ਤੋਂ ਪਹਿਲਾਂ 22 ਦਿਨਾਂ ਵਿਚ 14 ਸੜਕ ਹਾਦਸਿਆਂ ਦੇ ਕੇਸ ਦਰਜ ਹੋਏ ਜਦੋਂ ਕਿ ਕਰਫਿਊ ਦੌਰਾਨ ਸਿਰਫ਼ ਇੱਕ ਕੇਸ ਦਰਜ ਹੋਇਆ। ਰੋਪੜ ਜ਼ਿਲ੍ਹੇ ਵਿਚ ਕਰਫਿਊ ਤੋਂ ਪਹਿਲੇ 22 ਦਿਨਾਂ ਦੌਰਾਨ ਹਾਦਸਿਆਂ ਦੇ 15 ਕੇਸ ਦਰਜ ਹੋਏ ਜਦੋਂ ਕਿ ਕਰਫਿਊ ਦੌਰਾਨ ਸਿਰਫ਼ ਇੱਕ ਕੇਸ 29 ਮਾਰਚ ਨੂੰ ਦਰਜ ਹੋਇਆ। ਇਸੇ ਤਰ੍ਹਾਂ ਪੰਜਾਬ ਵਿਚ ਕਤਲਾਂ ਦੀ ਗਿਣਤੀ ਵੇਖੀਏ ਤਾਂ ਸਾਲ 2018 ਵਿਚ 725 ਕਤਲ ਹੋਏ ਸਨ। ਕਰਫਿਊ ਮਗਰੋਂ ਕਤਲਾਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ। ਲੰਘੇ ਚਾਰ ਦਿਨਾਂ ਵਿਚ ਪੰਜਾਬ ਵਿਚ ਸਿਰਫ਼ ਤਿੰਨ ਕਤਲ ਹੋਏ ਹਨ। ਖੁਦਕੁਸ਼ੀ ਦਰ ਵੀ ਘਟੀ ਹੈ। ਭਾਵੇਂ ਘੁਟਣ ਵਾਲੇ ਮਾਹੌਲ ਕਾਰਨ ਕਈ ਖੁਦਕੁਸ਼ੀ ਹਾਦਸੇ ਹੋਏ ਹਨ ਪ੍ਰੰਤੂ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਘਰਾਂ ਵਿਚ ਹੁੰਦੀਆਂ ਖੁਦਕੁਸ਼ੀਆਂ ਘਟੀਆਂ ਹਨ। ਸੰਗਰੂਰ ਦਾ ਸੁਖਪਾਲ ਸਿੰਘ ਮਾਣਕ ਜੋ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ, ਨੇ ਦੱਸਿਆ ਕਿ ਕਰਫਿਊ ਮਗਰੋਂ ਕਿਸਾਨ ਮਜ਼ਦੂਰ ਖੁਦਕੁਸ਼ੀ ਦਰ ਬਿਲਕੁਲ ਘੱਟ ਗਈ ਹੈ ਜਦੋਂ ਕਿ ਪਹਿਲਾਂ ਪੰਜਾਬ ਵਿਚ ਜਨਵਰੀ ਤੋਂ 31 ਮਾਰਚ ਤੱਕ ਦੇ ਤਿੰਨ ਮਹੀਨਿਆਂ ਵਿਚ 64 ਕਿਸਾਨਾਂ ਮਜ਼ਦੂਰਾਂ ਦੇ ਖੁਦਕੁਸ਼ੀਆਂ ਕੀਤੀਆਂ ਹਨ। ਕਰਫਿਊ ਮਗਰੋਂ ਕਿਸਾਨ ਮਜ਼ਦੂਰਾਂ ’ਚ ਚਾਰ ਖੁਦਕੁਸ਼ੀਆਂ ਹੀ ਹੋਈਆਂ ਹਨ। ਸਾਲ 2019 ਵਿਚ 536 ਕਿਸਾਨ/ਮਜ਼ਦੂਰ ਜ਼ਿੰਦਗੀ ਨੂੰ ਅਲਵਿਦਾ ਆਖ ਗਏ ਸਨ।
               ਪੰਜਾਬ ਹੋਪਿਓਪੈਥੀ ਕੌਂਸਲ ਦੇ ਸਾਬਕਾ ਚੇਅਰਮੈਨ ਡਾ. ਭੁਪਿੰਦਰ ਸਿੰਘ ਗਿੱਦੜਬਹਾ ਦਾ ਕਹਿਣਾ ਸੀ ਕਿ ਬੰਦਸ਼ ਦੀ ਜ਼ਿੰਦਗੀ ਨੇ ਲੋਕਾਂ ਨੂੰ ਜੀਵਨ ਜਾਂਚ ’ਚ ਬਦਲਾਓ ਪ੍ਰਤੀ ਚੇਤੰਨ ਕੀਤਾ ਹੈ। ਜਦੋਂ ਕਰੋਨਾ ਦਾ ਆਲਮੀ ਸੰਕਟ ਹੈ ਤਾਂ ਏਦਾਂ ਦੇ ਮਾਹੌਲ ਵਿਚ ਖੁਦਕੁਸ਼ੀ ਬਾਰੇ ਸੋਚਣ ਵਾਲਿਆਂ ਨੂੰ ਆਪਣੀ ਸਮੱਸਿਆ ਛੋਟੀ ਜਾਪਣ ਲੱਗਦੀ ਹੈ। ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਤਾਲਾਬੰਦੀ ਖੁੱਲ੍ਹਣ ਮਗਰੋਂ ਨਵੇਂ ਰੁਝਾਨ ਵੇਖਣ ਨੂੰ ਮਿਲਨਗੇ। ਵੇਰਵਿਆਂ ਅਨੁਸਾਰ ਅਣਆਈਆਂ ਮੌਤਾਂ ਘਟਣ ਨਾਲ ਸਿਵੇ ਵੀ ਠੰਢੇ ਹੋਣ ਲੱਗੇ ਹਨ। ਵੱਖਰੀ ਗੱਲ ਹੈ ਕਿ ਕਰੋਨਾ ਦੇ ਡਰ ਸਿਰ ’ਤੇ ਗੱਜ ਵੱਜ ਕੇ ਖੜ੍ਹਾ ਹੈ।ਮਾਨਸਾ ਦੇ ਸ਼ਮਸ਼ਾਨਘਾਟ ਵਿਚ ਕਰਫਿਊ ਤੋਂ ਪਹਿਲਾਂ ਰੋਜ਼ਾਨਾ ਅੌਸਤਨ ਛੇ ਸੱਤ ਸਸਕਾਰ ਹੁੰਦੇ ਸਨ। ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਰੋਜ਼ਾਨਾ ਦੀ ਅੌਸਤਨ ਤਿੰਨ ਦੀ ਹੀ ਰਹਿ ਗਈ ਹੈ। ਇਸੇ ਤਰ੍ਹਾਂ ਸੰਗਰੂਰ ਦੇ ਸ਼ਮਸ਼ਾਨਘਾਟ ਦੇ ਸੇਵਾਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਹਰ ਮਹੀਨੇ ਵਿਚ ਸਸਕਾਰਾਂ ਦਾ ਅੰਕੜਾ 100 ਨੂੰ ਪਾਰ ਕਰਦਾ ਰਿਹਾ ਹੈ ਪ੍ਰੰਤੂ ਕਰਫਿਊ ਮਗਰੋਂ ਬਹੁਤੇ ਦਿਨ ਖਾਲੀ ਹੀ ਲੰਘਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦਰਜਨ ਤੋਂ ਜਿਆਦਾ ਸਸਕਾਰ ਹਾਦਸਿਆਂ ਅਤੇ ਖੁਦਕੁਸ਼ੀਆਂ ਵਾਲੇ ਹੁੰਦੇ ਸਨ ਜੋ ਹੁਣ ਘੱਟ ਗਏ ਹਨ।
               ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿਚ ਹਰ ਮਹੀਨੇ ਦੀ ਅੌਸਤਨ 150 ਤੋਂ 175 ਸਸਕਾਰਾਂ ਦੀ ਰਹੀ ਹੈ ਪ੍ਰੰਤੂ ਹੁਣ ਇਹ ਕਰੀਬ 80 ਕੁ ਸਸਕਾਰਾਂ ਤੇ ਆ ਗਈ ਹੈ। ਮੋਗਾ ਦੇ ਸ਼ਮਸ਼ਾਨਘਾਟ ਵਿਚ ਇਸ ਮਹੀਨੇ 12 ਕੁ ਸਸਕਾਰ ਹੋਏ ਹਨ ਜਦੋਂ ਕਿ ਮਾਰਚ ਮਹੀਨੇ ਵਿਚ 60 ਸਸਕਾਰ ਹੋਏ ਸਨ। ਇਵੇਂ ਹੀ ਬਠਿੰਡਾ ਦੇ ਮੁੱਖ ਸ਼ਮਸ਼ਾਨਘਾਟ ’ਚ ਸਸਕਾਰਾਂ ਦੀ ਅੌਸਤਨ ਰੋਜ਼ਾਨਾ ਦੀ 5 ਤੋਂ ਘੱਟ ਕੇ ਤਿੰਨ ਦੀ ਰਹਿ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦਾ ਪ੍ਰਤੀਕਰਮ ਸੀ ਕਿ ਆਵਾਜ਼ਾਈ ਬੰਦ ਹੋਣ ਕਰਕੇ ਹਾਦਸੇ ਘਟਣੇ ਕੁਦਰਤੀ ਗੱਲ ਹੈ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੇ ਦੁਰਪ੍ਰਭਾਵ ਅਸਲ ਵਿਚ ਮਗਰੋਂ ਸਾਹਮਣੇ ਆਉਣਗੇ। ਫਿਲਹਾਲ ਤਸੱਲੀ ਜ਼ਾਹਰ ਕੀਤੀ ਜਾ ਸਕਦੀ ਹੈ।



Thursday, April 16, 2020

                        ਕਰੋਨਾ ਦੀ ਮਾਰ 
           ਪੇਂਡੂ ਸੰਭਲੇ, ਸ਼ਹਿਰੀ ਉੱਖੜੇ
                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਏਨੇ ਡਰਾਵਣੇ ਨਹੀਂ ਜਾਪਦੇ ਜਿਨਾ ਕਰੋਨਾ ਖ਼ੌਫ ਨੇ ਲੋਕ ਅੰਦਰੋਂ ਹਿਲਾਏ ਹਨ। ਆਲਮੀ ਮਹਾਮਾਰੀ ਤਾਂ ਅਵੇਸਲੇ ਨਾ ਹੋਣ ਦਾ ਹੁੰਗਾਰਾ ਭਰ ਰਹੀ ਹੈ ਪ੍ਰੰਤੂ ਪੰਜਾਬ ਦੀ ਮੌਜੂਦਾ ਸਥਿਤੀ ਫਿਲਹਾਲ ਘਬਰਾਹਟ ਪੈਦਾ ਕਰਨ ਵਾਲੀ ਨਹੀਂ। ਪੰਜਾਬ ’ਚ 17 ਹੌਟਸਪਾਟ ਐਲਾਨੇ ਗਏ ਹਨ ਜਿਥੇ ਕਰੋਨਾ ਦਾ ਖ਼ਤਰਾ ਚੁਣੌਤੀ ਭਰਿਆ ਹੈ। ਦਿਹਾਤੀ ਪੰਜਾਬ ਤਾਂ ਪ੍ਰਕੋਪੀ ਤੋਂ ਦੂਰ ਜਾਪਦਾ ਹੈ ਪ੍ਰੰਤੂ ਸ਼ਹਿਰੀ ਲੋਕ ਉਖੜੇ ਹੋਏ ਹਨ।ਪੰਜਾਬੀ ਟ੍ਰਿਬਿਊਨ ਤਰਫ਼ੋਂ ਕਰੋਨਾ ਦੇ ਤੱਥਾਂ ਨੂੰ ਵਾਚਿਆ ਗਿਆ ਸਾਹਮਣੇ ਆਇਆ ਕਿ ਪੰਜਾਬ ਵਿਚ ਕਰੀਬ 13 ਹਜ਼ਾਰ ਪਿੰਡ ਪੈਂਦੇ ਹਨ ਜਿਨ੍ਹਾਂ ਚੋਂ ਸਿਰਫ਼ 23 ਪਿੰਡ (0.17 ਫ਼ੀਸਦੀ) ਕਰੋਨਾ ਤੋਂ ਫਿਲਹਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਕਰੋਨਾ ਪਾਜ਼ੇਟਿਵ ਕੇਸ ਪਾਏ ਗਏ ਜਾਂ ਫਿਰ ਮੌਤਾਂ ਹੋਈਆਂ। ਮੁਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ’ਤੇ ਹੈ ਜਿਥੇ 38 ਪਾਜ਼ੇਟਿਵ ਕੇਸ ਹਨ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ’ਤੇ ਆਉਂਦਾ ਹੈ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਨਾਲ ਪੰਜਾਬ ਹਿਲ ਗਿਆ ਸੀ। ਪੰਜਾਬ ਦੇ ਕੁੱਲ 148 ਬਲਾਕ ਹਨ ਜਿਨ੍ਹਾਂ ਚੋਂ ਕਰੋਨਾ ਕੇਸ ਸਿਰਫ 20 ਬਲਾਕਾਂ (13.51 ਫ਼ੀਸਦੀ) ’ਚ ਟਾਵੇਂ ਵੇਖੇ ਗਏ ਹਨ। ਦਿਹਾਤੀ ਪੰਜਾਬ ਦੀ ਆਬਾਦੀ ਕਰੀਬ 2 ਕਰੋੜ (ਪ੍ਰੋਜੈਕਟਡ) ਹੈ ਜਿਸ ਚੋਂ 23 ਪਿੰਡਾਂ ਦੀ ਕਰੀਬ ਡੇਢ ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਇਸੇ ਤਰ੍ਹਾਂ ਪੰਜਾਬ ਦੇ 161 ਟਾਊਨ ਹਨ ਜਿਨ੍ਹਾਂ ਚੋਂ ਕਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਵਾਲੇ 13 ਸ਼ਹਿਰ (8.07 ਫ਼ੀਸਦੀ) ਹਨ। ਪੰਜਾਬ ਦੀ ਪ੍ਰੋਜੈਕਟਡ ਮੌਜੂਦਾ ਕੁੱਲ ਆਬਾਦੀ 3.12 ਕਰੋੜ ਦੱਸੀ ਜਾ ਰਹੀ ਹੈ।
                 ਆਬਾਦੀ ਦੇ ਲਿਹਾਜ਼ ਨਾਲ ਵੇਖੀਏ ਤਾਂ ਅੌਸਤਨ ਛੇ ਹਜ਼ਾਰ ਦੀ ਆਬਾਦੀ ਪਿਛੇ ਕਰੋਨਾ ਦਾ ਇੱਕ ਸ਼ੱਕੀ ਕੇਸ ਬਣਦਾ ਹੈ। ਪੰਜਾਬ ’ਚ ਹੁਣ ਤੱਕ 5193 ਸ਼ੱਕੀ ਕੇਸ ਹਨ ਅਤੇ 186 ਕੇਸ ਪਾਜ਼ੇਟਿਵ ਹਨ। 13 ਮੌਤਾਂ ਵੀ ਹੋਈਆਂ ਹਨ। ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਹਾਲੇ ਤੱਕ ਇਸ ਅਲਾਮਤ ਤੋਂ ਬਚੇ ਹਨ। ਇਨ੍ਹਾਂ ਚਾਰੋਂ ਜ਼ਿਲ੍ਹਿਆਂ ਦੇ 2135 ਪਿੰਡ ਪੂਰੀ ਤਰ੍ਹਾਂ ਫਿਲਹਾਲ ਇਸ ਲਾਗ ਤੋਂ ਦੂਰ ਹਨ। ਇਵੇਂ ਹੀ ਜ਼ਿਲ੍ਹਾ ਮਾਨਸਾ,ਫਰੀਦਕੋਟ,ਮੁਕਤਸਰ ਅਤੇ ਅੰਮ੍ਰਿਤਸਰ ਦੇ 1657 ਪਿੰਡਾਂ ’ਚ ਕੋਈ ਪਾਜ਼ੇਟਿਵ ਕੇਸ ਨਹੀਂ ਆਇਆ ਹੈ ਜਦੋਂ ਇਨ੍ਹਾਂ ਜ਼ਿਲ੍ਹਿਆਂ ਦੇ ਪੰਜ ਸ਼ਹਿਰਾਂ ਵਿਚ ਪਾਜ਼ੇਟਿਵ ਕੇਸ ਪਾਏ ਗਏ ਹਨ। ਭਾਵੇਂ ਕਰੋਨਾ ਨੂੰ ਹਲਕੇ ਵਿਚ ਲੈਣ ਦਾ ਸਮਾਂ ਨਹੀਂ ਹੈ ਪ੍ਰੰਤੂ ਲੋਕ ਅੰਦਰੋਂ ਏਨੀ ਬੁਰੀ ਤਰ੍ਹਾਂ ਹੱਲੇ ਹੋਏ ਹਨ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਸੱਚ ਇਹ ਵੀ ਹੈ ਕਿ ਜਦੋਂ ਇੱਥੇ ਟੈਸਟਿੰਗ ਦੀ ਪੂਰੀ ਸੁਵਿਧਾ ਹੀ ਨਹੀਂ ਤਾਂ ਕੋਈ ਟੇਵਾ ਲਾਉਣਾ ਵੀ ਅੌਖਾ ਹੈ। ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਅਤੇ ਸੁੱਜੋਂ ਦੇ 19 ਕੇਸ ਪਾਜ਼ੇਟਿਵ ਸਨ ਜਿਨ੍ਹਾਂ ਚੋਂ 16 ਜਣੇ ਠੀਕ ਹੋ ਕੇ ਘਰ ਚਲੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਅਤੇ ਪੈਸਰਾਂ ਵਿਚ ਸੱਤ ਕੇਸ ਪਾਜ਼ੇਟਿਵ ਪਾਏ ਗਏ। ਰੋਪੜ ਦੇ ਪਿੰਡ ਚਤਾਮਲੀ ਵਿਚ ਤਿੰਨ ਕੇਸ ਪਾਜ਼ੇਟਿਵ ਸਨ ਅਤੇ ਇਵੇਂ ਹੀ ਲੁਧਿਆਣਾ ਦੇ ਪਿੰਡ ਚੌਕੀਮਾਨ ਵਿਚ ਚਾਚਾ ਭਤੀਜਾ ਪਾਜ਼ੇਟਿਵ ਆਏ ਹਨ। ਜਲੰਧਰ ਦੇ ਪਿੰਡ ਵਿਰਕ ਅਤੇ ਕੋਟਲਾ ਹੇਰਾਂ ’ਚ ਵੀ ਅਲਾਮਤ ਨੇ ਰੰਗ ਦਿਖਾਇਆ ਹੈ।
                ਪਠਾਨਕੋਟ ਦੇ ਪਿੰਡ ਤਰੋਟਵਾਂ ਅਤੇ ਬਗਿਆਲ ਲਪੇਟ ਵਿਚ ਆਏ ਹਨ ਅਤੇ ਸੰਗਰੂਰ ਦੇ ਪਿੰਡ ਘੱਗੜਪੁਰ ਅਤੇ ਦਹਿਲੀਜ਼ ਕਲਾਂ ਦੀ ਦੇਹਲੀ ਵਾਇਰਸ ਟੱਪਿਆ ਹੈ। ਫਤਹਿਗੜ੍ਹ ਸਾਹਿਬ ਦਾ ਪਿੰਡ ਮਨੇਲੀ ਵੀ ਇਸੇ ਕਤਾਰ ਵਿਚ ਖੜ੍ਹਾ ਹੋਇਆ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਅੌਰਤ ਦੀ ਇਸੇ ਬਿਮਾਰੀ ਨਾਲ ਮੌਤ ਹੋਈ ਹੈ। ਸ਼ਹਿਰਾਂ ’ਤੇ ਨਜ਼ਰ ਮਾਰੀਏ ਤਾਂ ਮੁਹਾਲੀ, ਜਲੰਧਰ, ਅੰਮ੍ਰਿਤਸਰ, ਬੁਢਲਾਡਾ,ਪਠਾਨਕੋਟ,ਲੁਧਿਆਣਾ,ਫਰੀਦਕੋਟ,ਪਟਿਆਲਾ ਨੂੰ ਵਾਇਰਸ ਨੇ ਸਿੱਧੀ ਸੱਟ ਮਾਰੀ ਹੈ। ਸਮਾਜਿਕ ਕਾਰਕੁਨ ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਆਖਦੇ ਹਨ ਕਿ ਪੰਜਾਬ ਦੇ ਲੋਕ ਜਿਥੇ ਕਰੋਨਾ ਤੋਂ ਡਰੇ ਹਨ, ਉਥੇ ਗੈਰ ਭਰੋਸਗੀ ਕਰਕੇ ਸਰਕਾਰੀ ਪ੍ਰਬੰਧਾਂ ਤੋਂ ਵੱਧ ਖ਼ੌਫ ਵਿਚ ਹਨ। ਉਨ੍ਹਾਂ ਆਖਿਆ ਕਿ ਲੋਕ ਸੋਚਦੇ ਹਨ ਕਿ ਅਗਰ ਤਾਕਤਵਾਰ ਮੁਲਕ ਸੰਭਲ ਨਹੀਂ ਸਕੇ ਤਾਂ ਭਾਰਤ ਦੇ ਵਸ ਦਾ ਰੋਗ ਕਿਥੇ ਹੈ।ਮੋਟਾ ਅੰਦਾਜ਼ਾ ਹੈ ਕਿ ਦਿਹਾਤੀ ਪੰਜਾਬ ਦਾ ਵੱਡਾ ਹਿੱਸਾ ਕਰੋਨਾ ਤੋਂ ਦੂਰ ਹੈ। ਜਦੋਂ ਬਾਕੀ ਆਲਮ ਦੀ ਤਰ੍ਹਾਂ ਪੰਜਾਬ ਵੀ ਇਸ ਵਾਇਰਸ ਦੀ ਜਕੜ ਵਿਚ ਹੈ ਤਾਂ ਇਸ ਮੌਕੇ ਪ੍ਰਾਈਵੇਟ ਡਾਕਟਰਾਂ ਦਾ ਛੁਪ ਜਾਣਾ ਵੀ ਆਮ ਲੋਕਾਂ ਵਿਚ ਰੋਹ ਪੈਦਾ ਕਰ ਰਿਹਾ ਹੈ। ਚਰਚੇ ਇਹ ਵੀ ਹਨ ਕਿ ਆਉਂਦੇ ਦਿਨਾਂ ਵਿਚ ਇਸ ਵਾਇਰਸ ਦਾ ਭਿਆਨਕ ਰੂਪ ਸਾਹਮਣੇ ਆ ਸਕਦਾ ਹੈ। ਹਾੜੀ ਦੀ ਫਸਲ ਵੀ ਹੁਣ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਇਸ ਘੜੀ ’ਚ ਕਰੋਨਾ ਵਾਇਰਸ ਨੇ ਪੰਜਾਬ ਦੇ ਸਿਹਤ ਪ੍ਰਬੰਧਾਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਆਫਤ ਸਿਰ ਖੜ੍ਹੀ ਹੈ ਅਤੇ ਮੁਢਲੇ ਇੰਤਜ਼ਾਮਾਂ ਲਈ ਹੱਥ ਪੈਰ ਮਾਰੇ ਜਾ ਰਹੇ ਹਨ।
                           ਅਵੇਸਲੇ ਹੋਣ ਦਾ ਸਮਾਂ ਨਹੀਂ : ਮੰਤਰੀ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਆਖਦੇ ਹਨ ਕਿ ਕਰਫਿਊ ਕਰਕੇ ਪੰਜਾਬ ਹਾਲੇ ਥੋੜਾ ਬਚਿਆ ਹੈ ਅਤੇ ਪੇਂਡੂ ਨਾਕਾਬੰਦੀ ਵੀ ਸਹਿਯੋਗੀ ਬਣੀ ਹੈ। ਵਿਸ਼ਵੀ ਆਫਤ ਕਰਕੇ ਲੋਕ ਜਾਗਰੂਕ ਹੋਏ ਹਨ। ਪੰਜਾਬੀ ਖੁਦ ਵੀ ਸੰਭਲੇ ਹਨ ਅਤੇ ਸਰਕਾਰ ਨੇ ਵੀ ਵੇਲਾ ਸੰਭਾਲਿਆ ਹੈ। 10 ਲੱਖ ਰੈਪਿਡ ਟੈਸਟ ਕਿੱਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨਾਲ ਟੈਸਟਿੰਗ ਦਾ ਕੰਮ ਸਪੀਡੀ ਹੋਵੇਗਾ ਅਤੇ 17 ਹੌਟਸਪੌਟ ’ਤੇ ਵੀ ਬਾਰੀਕੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਕਸ ਰਹਿ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਦਾ ਸਮਾਂ ਹੈ। ਬਹੁਤਾ ਅਵੇਸਲੇ ਹੋਣ ਦਾ ਵਕਤ ਨਹੀਂ। ‘ਸਿਦਕ’ ਫੋਰਮ ਦੇ ਸਾਧੂ ਰਾਮ ਕੁਸਲਾ ਆਖਦੇ ਹਨ ਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਕਰੋਨਾ ਦੇ ਪਸਾਰ ਬਾਰੇ ਭਵਿੱਖਬਾਣੀ ਕਰਕੇ ਲੋਕਾਂ ਨੂੰ ਡਰਾ ਦਿੱਤਾ ਹੈ। ਲੋੜ ਲੋਕਾਂ ਨੂੰ ਚੇਤੰਨ ਕਰਨ ਦੀ ਹੈ, ਨਾ ਕਿ ਹਊਆ ਪੈਦਾ ਕਰਨ ਦੀ।
   

Wednesday, April 15, 2020

                       ਕਰੋਨਾ ਦਾ ਭੈਅ 
 ਰਾਤਾਂ ਨੂੰ ਡਰ-ਡਰ ਉੱਠਣ ਲੱਗੇ ਪੰਜਾਬੀ
                       ਚਰਨਜੀਤ ਭੁੱਲਰ
ਚੰਡੀਗੜ੍ਹ : ਆਲਮੀ ਮਹਾਮਾਰੀ ਦੇ ਭੈਅ ਨੇ ਪੰਜਾਬ ਦੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਬਿਮਾਰੀ ਦਾ ਖ਼ੌਫ ਤੇ ਉਪਰੋਂ ਤਾਲਾਬੰਦੀ ਦੀ ਜਕੜ ਨੇ ਲੋਕਾਂ ’ਚ ਮਾਨਸਿਕ ਤਣਾਅ ਵਧਾ ਦਿੱਤਾ ਹੈ। ਮਨੋਰੋਗ ਮਾਹਿਰਾਂ ਕੋਲ ਹਫਤੇ ਤੋਂ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਕਾਰੋਬਾਰੀ ਲੋਕ ਸਨਅਤਾਂ ਨੂੰ ਜਿੰਦਰੇ ਵੱਜਣ ਕਰਕੇ ਬੇਚੈਨ ਹੋ ਗਏ ਹਨ। ਦਿਹਾੜੀਦਾਰ ਕੰਮਾਂ ਤੋਂ ਵਿਹਲੇ ਹੋਣ ਕਰਕੇ ਪ੍ਰੇਸ਼ਾਨ ਹਨ। ਵੱਡੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਨੂੰ ਵਹਿਮ ਹੋ ਗਿਆ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ।ਵੇਰਵਿਆਂ ਅਨੁਸਾਰ ਬਹੁਤੇ ਲੋਕ ਰਾਤਾਂ ਜਾਗ ਕੇ ਕੱਢਣ ਲੱਗੇ ਹਨ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਹੁਸ਼ਿਆਰਪੁਰ ਦੇ ਪ੍ਰਾਈਵੇਟ ਨਿਊ ਸੈਣੀ ਹਸਪਤਾਲ ਵਿਚ ਗੁਰਦਾਸਪੁਰ ਤੋਂ ਅੱਜ ਦੋ ਨਵੇਂ ਮਰੀਜ਼ ਆਏ ਜਿਨ੍ਹਾਂ ਨੂੰ ਤਾਲਾਬੰਦੀ ਮਗਰੋ ਮਰਜ਼ ਵਧ ਗਈ ਸੀ। ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ. ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਰੋਜ਼ਾਨਾ ਦਰਜਨਾਂ ਨਵੇਂ ਮਰੀਜ਼ ਅਜਿਹੇ ਆ ਰਹੇ ਹਨ ਜਿਨ੍ਹਾਂ ’ਚ ਕਰੋਨਾ ਤੇ ਕਰਫਿਊ ਕਰਕੇ ਮਾਨਸਿਕ ਤਣਾਓ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਾਰ ਵਾਰ ਇੱਕੋ ਗੱਲ ਸੋਚਣ ਅਤੇ ਵਾਰ ਵਾਰ ਹੱਥ ਧੋਣ ਵਾਲੇ ਮਰੀਜ਼ ਵੀ ਵਧੇ ਹਨ। ਇਸ ਹਸਪਤਾਲ ਵਿਚ ਰੋਜ਼ਾਨਾ ਅੌਸਤਨ 70 ਤੋਂ 80 ਮਰੀਜ਼ ਪੁੱਜ ਰਹੇ ਹਨ।
        ਬਰਨਾਲਾ ਦੇ ਪਿੰਡ ਢਿੱਲਵਾਂ ਦੇ ਬਲਦੇਵ ਸਿੰਘ ਢਿਲੋਂ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਬੱਚੇ ਵਿਦੇਸ਼ ਸਟੱਡੀ ਵੀਜ਼ੇ ’ਤੇ ਗਏ ਹਨ ਜਿਨ੍ਹਾਂ ਦੇ ਮਾਪੇ ਹੁਣ ਕਰੋਨਾ ਵਾਇਰਸ ਕਰਕੇ ਚਿੰਤਾ ਵਿਚ ਹਨ। ਪਤਾ ਲੱਗਾ ਹੈ ਕਿ ਇੱਕ ਪਰਿਵਾਰ ਨੇ ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ ਜਿਸ ਕੋਲੋਂ ਵਿਦੇਸ਼ ਵਿਚ ਕੰਮ ਖੁਸ ਗਿਆ ਹੈ। ਉਸ ਦੇ ਮਾਪੇ ਮਾਨਸਿਕ ਤਣਾਓ ਵਿਚ ਆ ਗਏ ਹਨ। ਜਲੰਧਰ ਦੇ ਸਿਵਲ ਹਸਪਤਾਲ ਵਿਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਡਾ. ਅਮਨ ਸੂਦ ਨੇ ਦੱਸਿਆ ਕਿ ਤਣਾਓ ਦੇ ਮਰੀਜ਼ ਜਿਆਦਾ ਵਧੇ ਹਨ ਅਤੇ ਬਹੁਤੇ ਫੋਨ ’ਤੇ ਸਲਾਹ ਮਸ਼ਵਰਾ ਵੀ ਲੈ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜਲੰਧਰ ਦੇ ਕਈ ਕਾਰੋਬਾਰੀ ਵੀ ਦਵਾਈ ਖਾਣ ਲੱਗੇ ਹਨ।ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਘਬਰਾਹਟ ਅਤੇ ਚਿੰਤਾ ਵਾਲੇ ਮਰੀਜ਼ ਆ ਰਹੇ ਹਨ। ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ.ਵਿਵੇਕ ਗੋਇਲ ਨੇ ਦੱਸਿਆ ਕਿ ਰੋਜ਼ਾਨਾ 10 ਤੋਂ 12 ਮਰੀਜ਼ ਨਵੇਂ ਆ ਰਹੇ ਹਨ ਜਿਨ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਘਬਰਾਹਟ ਹੁੰਦੀ ਰਹਿੰਦੀ ਹੈ।
                 ਫਿਰੋਜ਼ਪੁਰ ਦੇ ਪਿੰਡ ਸ਼ੇਖ ਖਾਂ ਦੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ’ਚ ਕਰੋਨਾ ਕਰਕੇ ਇੱਥੋਂ ਤੱਕ ਵਹਿਮ ਬਣ ਗਿਆ ਹੈ ਕਿ ਲੋਕ ਗੁਰੂ ਘਰਾਂ ਵਿਚ ਵੀ ਖੜ੍ਹੇ ਖੜੇ੍ਹ ਮੱਥਾ ਟੇਕਣ ਲੱਗੇ ਹਨ।ਸਿਵਲ ਹਸਪਤਾਲ ਬਠਿੰਡਾ ਦੇ ਡਾ.ਅਰੁਣ ਬਾਂਸਲ ਨੇ ਵੀ ਪੁਸ਼ਟੀ ਕੀਤੀ ਕਿ ਏਦਾਂ ਦੇ ਮਰੀਜ਼ ਆਉਣ ਲੱਗੇ ਹਨ ਜੋ ਆਖਦੇ ਹਨ ਕਿ ਉਨ੍ਹਾਂ ਨੂੰ ਕਰੋਨਾ ਹੋਣ ਦਾ ਵਹਿਮ ਹੋ ਗਿਆ ਹੈ। ਕਈ ਮਾਪੇ ਦਵਾਈ ਲੈ ਕੇ ਗਏ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਪੜ੍ਹਨ ਗਏ ਹੋਏ ਹਨ। ਜੋ ਪੁਰਾਣੇ ਮਰੀਜ਼ ਡਿਪਰੈਸ਼ਨ ਦੇ ਸਨ, ਉਨ੍ਹਾਂ ਵਿਚ ਵੀ ਫਿਕਰਮੰਦੀ ਵਧੀ ਹੋਈ ਹੈ। ਇਸੇ ਤਰ੍ਹਾਂ ਮੋਗਾ ਦੇ ਸਿਵਲ ਹਸਪਤਾਲ ਵਿਚ ਵੀ ਤਣਾਓ ਵਾਲੇ ਕੇਸਾਂ ਦੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਹਸਪਤਾਲ ਦੇ ਡਾ.ਚਰਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਦਾਸੀ ਤੇ ਘਬਰਾਹਟ ਵਾਲੇ ਮਰੀਜ਼ ਆ ਰਹੇ ਹਨ ਜੋ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਪਤਾ ਲੱਗਾ ਹੈ ਕਿ ਸ਼ਹਿਰਾਂ ਵਿਚ ਤਾਂ ਲੋਕ ਘਰਾਂ ਵਿਚ ਯੋਗਾ ਤੇ ਮੈਡੀਟੇਸ਼ਨ ਵਗੈਰਾ ਵੀ ਹੁਣ ਕਰਨ ਲੱਗੇ ਹਨ ਤਾਂ ਜੋ ਤਣਾਓ ਨੂੰ ਘਟਾਇਆ ਜਾ ਸਕੇ।
       ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ. ਹਰਦੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਆਉਂਦੇ ਸਮੇਂ ਵਿਚ ਮਾਨਸਿਕ ਰੋਗਾਂ ਦਾ ਉਬਾਲ ਸਾਹਮਣੇ ਆਏਗਾ ਕਿਉਂਕਿ ਫਿਲਹਾਲ ਲੋਕ ਇਸ ਮਾਹੌਲ ਨੂੰ ਝੱਲ ਰਹੇ ਹਨ। ਜਿਥੇ ਲੋਕਾਂ ’ਚ ਵਹਿਮ ਵਧਣ ਦਾ ਖਦਸ਼ਾ ਹੈ, ਉਥੇ ਸਕੂਲੀ ਬੱਚਿਆਂ ਨੂੰ ਵੀ ਮੁੜ ਪੁਰਾਣੇ ਰੌਂਅ ’ਚ ਲਿਆਉਣ ਲਈ ਵੀ ਵਕਤ ਲੱਗੇਗਾ। ਦੱਸਣਯੋਗ ਹੈ ਕਿ ਜੋ ਕਰੋਨਾ ਪੀੜਤਾਂ ਦੇ ਸਕੇ ਸਬੰਧੀ ਹਨ,ਉਨ੍ਹਾਂ ਦੀ ਕੌਂਸਲਿੰਗ ਕਰਨ ਵਾਸਤੇ ਵੀ ਸਿਹਤ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ 55 ਵਰ੍ਹਿਆਂ ਦੀ ਇੱਕ ਮਹਿਲਾ ਇਲਾਜ ਲਈ ਪੁੱਜੀ ਜਿਸ ਨੂੰ ਕਰੋਨਾ ਦਾ ਵਹਿਮ ਹੋ ਗਿਆ ਸੀ। ਮੁਕੇਰੀਆਂ ਨੇੜਲੇ ਪਿੰਡ ਪੁਰਾਣਾ ਭੁਗਾਲਾ ਦੇ ਆਗੂ ਓਂਕਾਰ ਸਿੰਘ ਦਾ ਕਹਿਣਾ ਸੀ ਕਿ ਗਰੀਬ ਤਬਕਾ ਮਾਨਸਿਕ ਪੀੜਾ ਚੋਂ ਗੁਜ਼ਰ ਰਿਹਾ ਹੈ ਜਿਨ੍ਹਾਂ ਤੋਂ ਕੰਮ ਖੁਸ ਗਿਆ ਹੈ ਅਤੇ ਉਪਰੋਂ ਰਾਸ਼ਨ ਲਈ ਬਿਗਾਨੇ ਹੱਥਾਂ ਵੱਲ ਵੇਖਣਾ ਪੈਂਦਾ ਹੈ। ਸੂਤਰ ਆਖਦੇ ਹਨ ਕਿ ਨੀਂਦ ਤੇ ਘਬਰਾਹਟ ਦੀ ਮੈਡੀਸਨ ਦੀ ਖਪਤ ਵਧ ਗਈ ਹੈ। ਵੱਡੀ ਤਸਵੀਰ ਕਰਫਿਊ ਖੁੱਲ੍ਹਣ ਮਗਰੋਂ ਸਾਹਮਣੇ ਆਵੇਗੀ।


Tuesday, April 14, 2020

                      ਪੰਜਾਬ ਤਾਲਾਬੰਦੀ  
          ਨਸ਼ੇੜੀ ਹੁਣ ਬਣੇ ‘ਬੀਬੇ ਪੁੱਤ’
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਤਾਲਾਬੰਦੀ ਨੇ ਨਸ਼ੇੜੀ ਇੰਨੀ ਬੁਰੀ ਤਰ੍ਹਾਂ ਛੁਲਕ ਦਿੱਤੇ ਹਨ ਕਿ ਉਹ ਤੋਟ ਦੇ ਭੰਨੇ ‘ਬੀਬੇ ਪੁੱਤ’ ਬਣ ਗਏ ਹਨ। ਜਦੋਂ ਕਿਧਰੋਂ ਵੀ ਨਸ਼ੇ ਦੀ ਡੋਜ਼ ਨਾ ਜੁੜੀ ਤਾਂ ਇਹ ਨਸ਼ੇੜੀ ਸਰਕਾਰ ਦੇ ਲੜ ਲੱਗੇ ਹਨ। ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਨੂੰ ਇਲਾਜ ਵਜੋਂ ਰੋਜ਼ਾਨਾ ਅੌਸਤਨ ਪੌਣੇ ਗਿਆਰਾਂ ਲੱਖ ਗੋਲੀ (ਬੁਪਰੀਨੌਰਫਿਨ) ਵੰਡ ਰਹੀ ਹੈ। ਮਜਬੂਰੀ ’ਚ ਫਸੇ ਇਹ ਨਸ਼ੇੜੀ ਸਰਕਾਰੀ ਓਟ ਸੈਂਟਰਾਂ ’ਤੇ ਦਿਨ ਚੜ੍ਹਦੇ ਹੀ ਪੁੱਜ ਜਾਂਦੇ ਹਨ। ਪੰਜਾਬ ਸਰਕਾਰ ਇਸ ਗੱਲੋਂ ਧਰਵਾਸ ਹੈ ਕਿ ਨਸ਼ੇੜੀ ਆਖਰ ਨਸ਼ੇ ਤੋਂ ਤੌਬਾ ਕਰਨ ਲੱਗੇ ਹਨ। ਵੇਰਵਿਆਂ ਅਨੁਸਾਰ ਲੌਕਡਾਊਨ ਦੌਰਾਨ (13 ਅਪਰੈਲ ਤੱਕ) ਪੰਜਾਬ ਭਰ ਦੇ ਕਰੀਬ 23 ਹਜ਼ਾਰ ਨਵੇਂ ਨਸ਼ੇੜੀਆਂ ਨੇ ਓਟ ਕੇਂਦਰਾਂ ਚੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਲੌਕਡਾਊਨ ਤੋਂ ਪਹਿਲਾਂ 22 ਮਾਰਚ ਤੱਕ ਦਵਾਈ ਲੈਣ ਵਾਲੇ ਨਸ਼ੇੜੀਆਂ ਦੀ ਗਿਣਤੀ 4,14,167 ਸੀ ਜੋ ਕਿ ਲੰਘੇ 21 ਦਿਨਾਂ ਵਿਚ ਵੱਧ ਕੇ 4,37,480 ਹੋ ਗਈ ਹੈ। ਮੋਟੇ ਹਿਸਾਬ ਨਾਲ 23 ਹਜ਼ਾਰ ਨਵੇਂ ਨਸ਼ੇੜੀ ਤੋਟ ਦੇ ਭੰਨੇ ਓਟ ਕੇਂਦਰਾਂ ਦੇ ਲੜ ਲੱਗੇ ਹਨ। ਸਰਕਾਰ ਤਰਫ਼ੋਂ ਅੌਸਤਨ ਹਰ ਨਸ਼ੇੜੀ ਨੂੰ ਪ੍ਰਤੀ ਦਿਨ ਲਈ ਦੋ ਤੋਂ ਤਿੰਨ ਗੋਲੀਆਂ (ਬੁਪਰੀਨੌਰਫਿਨ) ਦਿੱਤੀਆਂ ਜਾਂਦੀਆਂ ਹਨ। ਇਸ ਲਿਹਾਜ਼ ਨਾਲ ਪੰਜਾਬ ਭਰ ’ਚ ਰੋਜ਼ਾਨਾ ਅੌਸਤਨ 10.93 ਲੱਖ ਗੋਲੀਆਂ ਦੀ ਖਪਤ ਹੋ ਰਹੀ ਹੈ। ਅੌਸਤਨ ਪ੍ਰਤੀ ਘੰਟਾ 91 ਹਜ਼ਾਰ ਗੋਲੀ ਇਹ ਨਸ਼ੇੜੀ ਇਲਾਜ ਵਜੋਂ ਖਾ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਦੀ ਦਵਾਈ ’ਤੇ ਰੋਜ਼ਾਨਾ ਅੌਸਤਨ 65 ਲੱਖ ਰੁਪਏ ਖਰਚ ਕਰ ਰਹੀ ਹੈ।
             ਪੰਜਾਬ ਸਰਕਾਰ ਦੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ 198 ਓਟ ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ 108 ਪ੍ਰਾਈਵੇਟ ਲਾਇਸੈਂਸਸੁਦਾ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ। ਲੌਕਡਾਊਨ ਤੋਂ ਪਹਿਲਾਂ ਓਟ ਕੇਂਦਰਾਂ ਵਿਚ ਖੁਦ ਨਸ਼ੇੜੀ ਪੁੱਜਦੇ ਸਨ ਅਤੇ ਡਾਕਟਰ ਦੀ ਹਾਜ਼ਰੀ ਵਿਚ ਗੋਲੀ ਪੀਸ ਕੇ ਮੌਕੇ ’ਤੇ ਖੁਆਈ ਜਾਂਦੀ ਸੀ। ਹੁਣ ਕਰਫਿਊ ਮਗਰੋਂ ਓਟ ਕੇਂਦਰਾਂ ਚੋਂ ਹਰ ਨਸ਼ੇੜੀ ਨੂੰ 14 ਦਿਨ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਹਨ। ਇਸੇ ਹਫਤੇ ਤੋਂ ਹੁਣ 21 ਦਿਨਾਂ ਦੀਆਂ ਗੋਲੀਆਂ ਮਿਲਣ ਲੱਗੀਆਂ ਹਨ। ਕਰਫਿਊ ਹੋਣ ਕਰਕੇ ਦਿਨ ਚੜ੍ਹਦੇ ਹੀ ਪਿੰਡਾਂ ਦੇ ਅਮਲੀ ਓਟ ਕੇਂਦਰਾਂ ਵਿਚ ਪੁੱਜ ਜਾਂਦੇ ਹਨ। ਹਾਲਾਂਕਿ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਦਾਇਤ ਕੀਤੀ ਹੋਈ ਹੈ ਪ੍ਰੰਤੂ ਨਸ਼ੇ ਦੇ ਭੰਨੇ ਅਮਲੇ ਕਰੋਨਾ ਵਾਇਰਸ ਤੋਂ ਵੀ ਭੈਅ ਨਹੀਂ ਖਾਂਦੇ ਹਨ। ਮਾਲਵੇ ਦੇ 14 ਜ਼ਿਲ੍ਹਿਆਂ ਵਿਚ ਤਾਲਾਬੰਦੀ ਦੌਰਾਨ 17,256 (74 ਫੀਸਦੀ) ਨਵੇਂ ਨਸ਼ੇੜੀ ਇਲਾਜ ਲਈ ਓਟ ਕੇਂਦਰਾਂ ’ਤੇ ਪੁੱਜੇ ਹਨ। ਕਣਕ ਦੀ ਵਾਢੀ ਵੀ ਹੁਣ ਸ਼ੁਰੂ ਹੋ ਗਈ ਹੈ ਜਿਸ ਕਰਕੇ ਆਉਂਦੇ ਦਿਨਾਂ ਵਿਚ ਨਸ਼ੇੜੀਆਂ ਦੀ ਮੰਗ ਹੋਰ ਵਧ ਜਾਣੀ ਹੈ। ਪਿੰਡਾਂ ਵਿਚ ਪੰਚਾਇਤਾਂ ਵੱਲੋਂ ਲਗਾਏ ਨਾਕੇ ਵੀ ਇਨ੍ਹਾਂ ਨਸ਼ੇੜੀਆਂ ਦੇ ਰਾਹ ਰੋਕਣ ਦਾ ਸਬੱਬ ਬਣੇ। ਆਖਰ ਇਹ ਓਟ ਕੇਂਦਰਾਂ ਵਿਚ ਪੁੱਜਣ ਵਿਚ ਹੀ ਭਲਾਈ ਸਮਝਣ ਲੱਗੇ। ਸਿਹਤ ਵਿਭਾਗ ਪੰਜਾਬ ਤਰਫ਼ੋਂ ਇਹ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਕਈ ਸ਼ਹਿਰਾਂ ਵਿਚ ਪ੍ਰਾਈਵੇਟ ਡਾਕਟਰ ਨਸ਼ੇੜੀਆਂ ਦੀ ਲੁੱਟ ਵੀ ਕਰ ਰਹੇ ਹਨ।
        ਸ਼ਿਕਾਇਤਾਂ ਇਹ ਵੀ ਹਨ ਕਿ ਬਹੁਤੇ ਨਸ਼ੇੜੀ ਇਸ ਮਾਮਲੇ ਵਿਚ ਵੀ ਜੁਗਾੜ ਲਾ ਰਹੇ ਹਨ ਅਤੇ ਜਾਅਲੀ ਨਸ਼ੇੜੀ ਖੜ੍ਹੇ ਕਰਕੇ ਗੋਲੀਆਂ ਦੀ ਮਾਤਰਾ ਜਿਆਦਾ ਹਾਸਲ ਕਰ ਲੈਂਦੇ ਹਨ ਅਤੇ ਮਗਰੋਂ ਪਿੰਡਾਂ ਵਿਚ ਵੇਚ ਦਿੰਦੇ ਹਨ। ਵੱਧ ਗੋਲੀਆਂ ਹਾਸਲ ਕਰਨ ਵਾਸਤੇ ਓਟ ਕੇਂਦਰਾਂ ਵਿਚ ਇਹ ਨਸ਼ੇੜੀ ਆਪਣੀ ਨਸ਼ੇ ਦੀ ਸਮਰੱਥਾ ਵੀ ਵਧਾ ਚੜ੍ਹਾ ਕੇ ਦੱਸ ਰਹੇ ਹਨ। ਬਹੁਤੇ ਨਸ਼ੇੜੀ ਪਿੰਡਾਂ ਚੋਂ ਟੈਂਪੂ ਵਗੈਰਾ ’ਤੇ ਇਕੱਠੇ ਚੜ ਕੇ ਆਉਂਦੇ ਹਨ। ‘ਚਿੱਟਾ’ ਲੈਣ ਵਾਲਿਆਂ ਦਾ ਸਭ ਤੋਂ ਬੁਰਾ ਹਾਲ ਹੈ ਜੋ ਠੱਗੇ ਵੀ ਜਾ ਰਹੇ ਹਨ। ਵੇਰਵਿਆਂ ਅਨੁਸਾਰ ਤਾਲਾਬੰਦੀ ਦੇ 21 ਦਿਨਾਂ ਦੌਰਾਨ ਸੰਗਰੂਰ ਵਿਚ 1240, ਪਟਿਆਲਾ ਵਿਚ 1433, ਲੁਧਿਆਣਾ ਵਿਚ 2375, ਬਰਨਾਲਾ ਵਿਚ 1604, ਮੋਗਾ ਵਿਚ 1966 ਅਤੇ ਮੁਕਤਸਰ ਵਿਚ 1266,ਅੰਮ੍ਰਿਤਸਰ ’ਚ 709, ਜਲੰਧਰ ਵਿਚ 999 ਅਤੇ ਕਪੂਰਥਲਾ ਵਿਚ 740 ਨਵੇਂ ਨਸ਼ੇੜੀ ਇਲਾਜ ਵਾਸਤੇ ਆਏ ਹਨ। ਦੱਸਦੇ ਹਨ ਕਿ ਓਟ ਕੇਂਦਰਾਂ ’ਚ ਪਹਿਲਾਂ ਰਜਿਸਟਡ ਨਸ਼ੇੜੀਆਂ ਚੋਂ ਕੁਝ ਆਉਣੇ ਬੰਦ ਹੋ ਗਏ ਸਨ ਪ੍ਰੰਤੂ ਹੁਣ ਤਾਲਾਬੰਦੀ ਮਗਰੋਂ ਉਹ ਮੁੜ ਕੇਂਦਰਾਂ ਵਿਚ ਪੁੱਜਣ ਲੱਗੇ ਹਨ।
                                   ਸਪਲਾਈ ਲਾਈਨ ਟੁੱਟੀ : ਸਿੱਧੂ 
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਲੌਕਡਾਊਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ ਹੈ ਅਤੇ ਪੇਂਡੂ ਨਾਕਾਬੰਦੀ ਨੇ ਵੀ ਨਸ਼ੇੜੀਆਂ ਦੇ ਰਾਹ ਰੋਕੇ ਹਨ। ਉਨ੍ਹਾਂ ਕਿਹਾ ਕਿ 30 ਅਪਰੈਲ ਤੱਕ ਪੰਜਾਬ ਭਰ ’ਚ ਨਸ਼ੇੜੀਆਂ ਦੀ ਨਵੀਂ ਰਜਿਸਟੇ੍ਰਸ਼ਨ ਵਿਚ 40 ਹਜ਼ਾਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਚੰਗੀ ਗੱਲ ਹੈ ਕਿ ਨਸ਼ੇੜੀ ਇਲਾਜ ਵਾਲੇ ਪਾਸੇ ਮੁੜੇ ਹਨ ਜਿਨ੍ਹਾਂ ਨੂੰ ਹੁਣ 21 ਦਿਨਾਂ ਦੀ  ਇਕੱਠੀ ਦਵਾਈ ਦੇਣ ਦੀ ਹਦਾਇਤ ਕਰ ਦਿੱਤੀ ਗਈ ਹੈ। ਸਰਕਾਰ ਦੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਨਸ਼ੇੜੀਆਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ।
    ਰਜਿਸਟਰਡ ਨਸ਼ੇੜੀਆਂ ਦੀ ਗਿਣਤੀ
     ਜ਼ਿਲ੍ਹਾ      ਗਿਣਤੀ
1.  ਲੁਧਿਆਣਾ 76030
2.   ਮੋਗਾ 34398
3. ਪਟਿਆਲਾ 32933
4. ਮੁਕਤਸਰ 24,825
5. ਬਠਿੰਡਾ 15,531
6. ਤਰਨਤਾਰਨ 27,946
7. ਜਲੰਧਰ     20840
8. ਗੁਰਦਾਸਪੁਰ 16699
9. ਅੰਮ੍ਰਿਤਸਰ 26,909
         

Sunday, April 12, 2020

                         ਵਿਚਲੀ ਗੱਲ
              ਵਸਦਾ ਰਹੇ ਇਹ ਪਿੰਡ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਇਮਾਨ ਕਰੰਡ ਹੋ ਜਾਏ। ਮਨ ਦਾ ਸ਼ੀਸ਼ਾ ਮੈਲਖੋਰਾ ਹੋ ਜਾਏ। ਕੀੜਾ ਸੋਚ ਨੂੰ ਲੱਗ ਜਾਏ। ਮਨੁੱਖ ’ਚੋਂ ਛਲੇਡੇ ਦਾ ਝਉਲਾ ਪਵੇ। ਤਹਿਜ਼ੀਬੀ ਲੋਗੜ ਭੰਬੂ ਬਣ ਉੱਡੇ। ਵਿਹੜਾ ਪਟਮੇਲੀ ਮੱਲ ਲਵੇ। ਰੂਹਾਂ ਦੇ ਸਿਰਨਾਵੇਂ ਉਦੋਂ ਲਿਖਣੇ ਪੈਂਦੇ ਨੇ। ਸੁੱਤੀ ਕਲਾ ਨੂੰ ਉਠਾਉਣਾ ਪੈਂਦੈ। ਧੁਰ ਦਰਗਾਹੋਂ ਇੱਕ ਤ੍ਰਿਪਤ ਰੂਹ ਬੋਲੀ ਹੈ। ਦਾਸ ਨੂੰ ਦਸੌਂਧੀ ਰਾਮ ਆਖਦੇ ਨੇ। ਪਟਿਆਲੇ ਵਾਲੇ ‘ਬੀਰਜੀ’ ਆਖ ਸੱਦਦੇ। ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ। ਉਮਰ ਉਦੋਂ ‘ਬੀਰਜੀ’ ਦੀ ਮਸਾਂ 16 ਕੁ ਵਰ੍ਹੇ ਸੀ। ਸੜਕ ਕੰਢੇ ਪਈ ਲਾਸ਼ ਵੇਖੀ। ਸਭ ਨੱਕ ਵਲ੍ਹੇਟ ਲੰਘੀ ਜਾਣ। ਦਸੌਂਧੀ ਰਾਮ ਦੇ ਪੈਰ ਰੁਕ ਗਏ। ਰੇਹੜੀ ’ਤੇ ਲਾਸ਼ ਰੱਖੀ। ਸਿਵਿਆਂ ’ਚ ਲੈ ਗਿਆ। ਬੱਸ ਫਿਰ ਤਾਉਮਰ ਲਾਵਾਰਸ਼ ਲਾਸਾਂ ਢੋਂਦਾ ਰਿਹਾ। ਦਸੌਂਧੀ ਰਾਮ ਸਰਕਾਰੀ ਮੁਲਾਜ਼ਮ ਸੀ। ਜਹਾਨੋਂ ਤੁਰੇ ਨੂੰ ਚਾਲੀ ਸਾਲ ਬੀਤ ਚੱਲੇ ਨੇ। ਬਰਾਤ ਤਿਆਰ ਬਰ ਤਿਆਰ ਸੀ। ਲਾੜਾ ਸਿਵੇ ’ਚ ਕਿਸੇ ਲਾਸ਼ ਦੀ ਮਿੱਟੀ ਸਮੇਟ ਰਿਹਾ ਸੀ। ਜਿੰਨਾ ਸਮਾਂ ‘ਬੀਰਜੀ’ ’ਚ ਸਾਹ ਚੱਲੇ। ਮਜ਼ਾਲ ਐ ਕੋਈ ਲਾਸ਼ ਰੁਲੀ ਹੋਵੇ। ਮਹਾਰਾਜਾ ਯਾਦਵਿੰਦਰ ਸਿੰਘ ਦਾ ਮਹਿਲ ‘ਬੀਰਜੀ’ ਲਈ ਚੌਵੀ ਘੰਟੇ ਖੁੱਲ੍ਹਾ ਸੀ। ਮੁੱਖ ਮੰਤਰੀ ਹੁੰਦਿਆਂ ਕੇਰਾਂ ਗਿਆਨੀ ਜ਼ੈਲ ਸਿੰਘ ਪਟਿਆਲੇ ਆਏ। ਉਨ੍ਹਾਂ ‘ਬੀਰਜੀ’ ਦੇ ਪੈਰੀਂ ਹੱਥ ਲਾਏ। ਤੁੱਛ ਭੇਟਾ ਕਬੂਲ ਕਰੋ, ਆਖ ਗਿਆਰਾਂ ਹਜ਼ਾਰ ਰੁਪਏ ਦਿੱਤੇ। ਭਲਾ ਬੰਦਾ ਸੀ, ਜਿਥੋਂ ਦਸੌਂਧੀ ਰਾਮ ਲੰਘਦਾ। ਪੁਰਸ਼ ਹੱਥ ਜੋੜ ਖਲੋ ਜਾਂਦੇ। ਅੌਰਤਾਂ ਸਿਰ ਢਕ ਲੈਂਦੀਆਂ। ਖ਼ਬਰ ਛਪੀ, ‘ਬੀਰਜੀ ਨਹੀਂ ਰਹੇ’। ਅਰਥੀ ਪਿਛੇ ’ਕੱਠ ਕਿੰਨਾ ਸੀ। ਕਿਸੇ ਪੁਰਾਣੇ ਬੰਦੇ ਨੂੰ ਪੁੱਛਿਓ।
                 ਤਪਾ ਮੰਡੀ ਦਾ ਅਮਰ ਚਾਚਾ। ਮਰ ਕੇ ਵੀ ਅਮਰ ਹੋ ਗਿਆ। ਜੁਗੜੇ ਬੀਤ ਗਏ ਨੇ, ਅਲਵਿਦਾ ਆਖੇ ਨੂੰ। ਕਿਸੇ ਘਰ ਅੱਗ ’ਚ ਬੱਚਾ ਫਸ ਗਿਆ। ਸਲਾਮਤ ਕੱਢ ਲਿਆਇਐ। ਚਾਚੇ ਨੇ ਅੱਖਾਂ ਸਾੜ ਲਈਆਂ। ਕਿਸੇ ਘਰ ਖੁਸ਼ੀ ਹੁੰਦੀ, ਤਾਂ ਅੱਗੇ, ਗਮੀ ਹੁੰਦੇ ਤਾਂ ਅੱਗੇ। ਜਦੋਂ ਪਲੇਗ ਪਈ ਸੀ। ਅਰਥੀ ਥੱਕ ਗਈ, ਚਾਚਾ ਨਾ ਥੱਕਿਆ। ਕੋਈ ਅਲਾਮਤ ਆਉਂਦੀ, ਚਾਚੇ ਨੂੰ ਵਾਜ ਪੈਂਦੀ। ਜ਼ਿੰਦਗੀ ਭਰ ਇਕੱਲਤਾ ਭੋਗੀ। ਤੀਆਂ ਤੋਂ ਮੁੜਦੀਆਂ ਕੁੜੀਆਂ, ਚਾਚੇ ਦੇ ਪੈਰੀਂ ਹੱਥ ਲਾਉਂਦੀਆਂ। ਬਠਿੰਡੇ ਵਾਲਾ ਚਾਚਾ ਵੀ ਘੱਟ ਨਹੀਂ। ਫੁੱਟਪਾਥ ’ਤੇ ਬੈਠਦੈ। ਚਾਚਾ ਵਿਜੇ ਗੋਇਲ। ਕਿਤੋਂ ਲਾਵਾਰਸ ਮਿਲ ਜਾਏ, ਖੁਦ ਸਿਰਾਂ ’ਚੋਂ ਕੀੜੇ ਕੱਢਣ ਬੈਠ ਜਾਂਦੈ। ਸਸਕਾਰ ਕਿੰਨੇ ਕਰਤੇ, ਕੋਈ ਹਿਸਾਬ ਨਹੀਂ। ਏਡਜ਼ ਪੀੜਤ ਬੱਚੀ ਮਿਲ ਗਈ। ਏਹ ਚਾਚਾ ਘਰ ਲੈ ਆਇਆ। ਧੀ ਰਾਣੀ ਬਣਾ ਲਈ। ਸਾਬਕਾ ਮੰਤਰੀ ਬਾਬੂ ਚਿਰੰਜੀ ਲਾਲ ਗਰਗ। ਇੱਕੋ ਗੱਲੋਂ ਮਸ਼ਹੂਰ ਨੇ। ਗਲੀ ਮੁਹੱਲੇ, ਸੜਕ ਦੁਆਲੇ, ਕੋਈ ਅਰਥੀ ਜਾ ਰਹੀ ਹੋਵੇ। ਬਾਬੂ ਅਰਥੀ ਪਿੱਛੇ ਤੁਰ ਪੈਂਦੈ। ਫਿਰ ਸਸਕਾਰ ਕਰਾ ਕੇ ਮੁੜਦੈ। ਕਹਾਣੀਕਾਰ ਗੁਰਬਚਨ ਭੁੱਲਰ ਪਤੈ, ਕੀ ਆਖਦੈ। ‘ਭਾਈ ਉਦੋਂ ਭਲੇ ਲੋਕ ਸਨ, ਕੱਚੇ ਦੁੱਧ ਵਰਗੇ।’ ਦਿੱਲੀ ਵਾਲੇ ਭੁੱਲਰ ਕੀ ਜਾਣਨ। ਦੁੱਧ ਤਾਂ ਹੁਣ ਕਦੋਂ ਦਾ ਉਬਲਿਐ। ਕਰੋਨਾ ਨੇ ਭਾਂਬੜ ਬਾਲਿਐ। ਜ਼ਿੰਦਗੀ ਕੜ੍ਹਣ ਲੱਗੀ ਹੈ। ਵਿਸ਼ਵ ’ਚ ਲੱਖ ਬੰਦਾ ਸੁਆਹ ਹੋਇਐ। ਕੋਈ ਦੇਸ਼ ਨਹੀਂ ਬਚਿਆ। ਪੰਜਾਬ ਕਿਥੋਂ ਬਚਣਾ ਸੀ। ਗੁਰੂ ਘੰਟਾਲ ’ਕੱਲਾ ਨਹੀਂ ਆਉਂਦਾ। ਕੁੜਮ ਕਬੀਲਾ ਵੀ ਨਾਲ ਲਿਆਉਂਦੈ।
               ਖੂਨ ਕਿੰਨਾ ਬਦਰੰਗ ਹੋਇਐ। ਕਰੋਨਾ ਤੋਂ ਵੱਡੀ ਮਹਾਮਾਰੀ ਹੈ। ਆਹ ਦਿਲਾਂ ਦੀ ਦੂਰੀ ਤੇ ਈਰਖਾ ਦੀ ਘੂਰੀ। ਨਫ਼ਰਤੀ ਵਾਇਰਸ, ਹੁਣ ਗੁੱਥੋ ਗੁੱਥੀ ਹੋ ਰਿਹਾ। ਰੂਹ ਸ਼ਿਵ ਕੁਮਾਰ ਬਟਾਲਵੀ ਦੀ। ਕਿਵੇਂ ਹਾੜ੍ਹੇ ਕੱਢ ਰਹੀ ਹੈ। ‘ਹਾੜ੍ਹਾ ਜੇ ਅਕਲਾਂ ਵਾਲਿਓ..!’ ਮੁੰਬਈ ’ਚ ਮਣੀਪੁਰੀ ਕੁੜੀ ’ਤੇ ਥੁੱਕ ਦਿੱਤਾ। ਅਖੇ ਤੂੰ ਤਾਂ ਕਰੋਨਾ ਹੈ। ਜੀਂਦ ਨੇੜੇ ਮੁਸਲਿਮ ਭਰਾ ਕੁੱਟ ਦਿੱਤੇ। ਅਖੇ ਤੁਸੀਂ ਦੀਵੇ ਕਿਉਂ ਨਹੀਂ ਬਾਲੇ। ਭੜਕੀ ਭੀੜ ਨੇ ਦਿੱਲੀ ’ਚ ਮੁੰਡਾ ਢਾਹ ਲਿਆ। ਅਖੇ ਆਫ਼ਤ ਤੂੰ ਲਿਆਂਦੀ ਐ। ਮੁਹੱਲੇ ’ਚੋਂ ਸਬਜ਼ੀ ਵਾਲੇ ਭਜਾ ਦਿੱਤੇ। ਅਖੇ ਤੁਸੀਂ ਮੁਸਲਿਮ ਹੋ। ‘ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ’। ਏਹ ਸੋਚ ਤਾਂ ਕਰੋਨਾ ਤੋਂ ਵੀ ਭੈੜੀ ਹੈ। ਅਫ਼ਸੋਸ, ਦਿਲਾਂ ’ਚ ਜ਼ਹਿਰ ਘੁਲੀ ਹੈ। ਕਰਫਿਊ ਮਗਰੋਂ ਮੌਸਮ ਰੰਗਾਂ ’ਚ ਆਇਐ। ਪੰਜਾਬ ’ਚ ’ਕੱਲਾ ਪਾਣੀ ਨਹੀਂ, ਸੋਚ ਉਸ ਤੋਂ ਵੀ ਹੇਠਾਂ ਡਿੱਗੀ ਐ। ਸੱਤ ਬੇਗਾਨੇ ਨੂੰ ਗਲੇ ਲਾਉਣ ਵਾਲਾ ਪੰਜਾਬ। ਹੁਣ ਪੱਤਣ ਭਾਲਦਾ ਫਿਰਦੈ। ਅੰਮ੍ਰਿਤਸਰ ’ਚ ਕਰੋਨਾ ਪੀੜਤ ਅਧਿਕਾਰੀ ਫ਼ੌਤ ਹੋਇਆ। ਪਰਿਵਾਰ ਮੂੰਹ ਫੇਰ ਗਿਆ। ਇੱਕ ਪਟਵਾਰੀ ਨੇ ਸਿਰ ’ਤੇ ਕਫ਼ਨ ਬੰਨ੍ਹਿਆ। ਐੱਸਡੀਐੱਮ ਵਿਕਾਸ ਹੀਰਾ ਨੇ ਜਾਨ ਧਲੀ ’ਤੇ ਧਰੀ। ਮ੍ਰਿਤਕ ਦਾ ਰਹੁ ਰੀਤਾਂ ਨਾਲ ਸਸਕਾਰ ਕੀਤਾ। ਲੁਧਿਆਣੇ ’ਚ ਕਰੋਨਾ ਪੀੜਤ ਮਾਂ ਦਾ ਸਿਵਾ ਬਲਿਆ। ਜਿਨ੍ਹਾਂ ਧੀਆਂ ਪੁੱਤਾਂ ਨੂੰ ਅਸਮਾਨੀ ਚਾੜ੍ਹਿਆ। ਸਿਵਿਆਂ ’ਚ ਖੜ੍ਹੀ ਕਾਰ ’ਚੋਂ ਨਾ ਉੱਤਰੇ। ਧਰਮਰਾਜ ਖੂਬ ਹੱਸਿਆ ਹੋਊ। ਪੰਜਾਬ ਸ਼ਰਮ ’ਚ ਡੁੱਬ ਗਿਆ। ‘ਮਰੇ ਦਾ ਕੌਣ ਮਿੱਤਰ।’
               ਸੁਖਵਿੰਦਰ ਰਟੌਲ ਨੇ ਜ਼ਿੰਦਗੀ ਦੀ ਪੈਂਤੀ ਲਿਖੀ ਹੈ। ‘ਊੜਾ ਉਲਟੇ ਆਏ ਜ਼ਮਾਨੇ, ਐੜਾ ਆਪਣੇ ਹੋਏ ਬੇਗਾਨੇ।’ ਕਰੋਨਾ ਮਰੀਜ਼ ਮਗਰੋਂ ਮਰੇ। ਪਹਿਲਾਂ ਜ਼ਮੀਰਾਂ ਨੇ ਸਾਹ ਤਿਆਗੇ। ਮੋਰਾਂਵਾਲੀ ਦਾ ਹਰਭਜਨ ਸਿੰਘ ਮਰਿਆ। ਬਾਕੀ ਪਰਿਵਾਰ ਹਸਪਤਾਲ ਸੀ। ਦਿਲ ਦਾ ਜਗੀਰਦਾਰ ਪਟਵਾਰੀ ਜਗੀਰ ਸਿੰਘ। ਸਸਕਾਰ ਕਰਕੇ ਘਰ ਮੁੜਿਆ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ। ਜ਼ਰੂਰ ਉਨ੍ਹਾਂ ਦੀ ਰੂਹ ਕੁਰਲਾਈ ਹੋਊ। ਜ਼ਿੰਦਗੀ ਭਰ ਅਲਾਹੀ ਬਾਣੀ ਸੁਣਾਈ। ਜਦੋਂ ਵੇਰਕਾ ਦੇ ਲੋਕਾਂ ਨੇ ਬੂਹੇ ਭੇੜ ਲਏ। ਉਦੋਂ ਰੂਹ ਸੋਚਦੀ ਹੋਊ ਕਿ ਵੇਰਕਾ ਵਾਲੇ ਤਾਂ ਸ੍ਰੀ ਦਰਬਾਰ ਸਾਹਿਬ ’ਚੋਂ ਇਕੱਲੀ ਸੈਲਫੀ ਖਿੱਚ ਕੇ ਮੁੜਦੇ ਰਹੇ। ਹੁਣ ਜਿਊਂਦੀਆਂ ਰੂਹਾਂ ਦੀ ਕੌਣ ਗਤੀ ਕਰੂ। ਗੁੱਜਰ ਭਾਈਚਾਰੇ ਤੋਂ ਕੋਈ ਦੁੱਧ ਨਹੀਂ ਲੈ ਰਿਹਾ। ਦੁੱਧ ਮਖਮਲ ਵਰਗੈ, ਕਾਲੇ ਦਿਲਾਂ ਨੂੰ ਪਸੰਦ ਨਹੀਂ। ਕਿਤੇ ਬਾਬਾ ਨਾਨਕ ਅੱਜ ਗੇੜਾ ਮਾਰਦਾ। ਮੁੱਖ ’ਚੋਂ ਇਹੋ ਉਚਾਰਦਾ, ‘ਵਸਦਾ ਰਹੇ ਇਹ ਪਿੰਡ।’ ਡੋਨਾਲਡ ਟਰੰਪ ਹਾਲੇ ਵੈਲਪੁਣਾ ਨਹੀਂ ਛੱਡ ਰਿਹਾ। ਨਿੱਤ ਧਮਕੀ ’ਤੇ ਧਮਕੀ। ਮੁਲਾਹਜ਼ੇਦਾਰਾਂ ਨੂੰ ਕਾਂਬਾ ਛਿੜਿਐ। ਚੀਨ ਬਿਨਾਂ ਪੁੱਛੇ ਨੇਕੀ ਕਰ ਰਿਹੈ। ਅਮਰੀਕਾ ਤੇ ਭਾਰਤ ਨੂੰ ਮੁਫ਼ਤ ’ਚ ਸਾਮਾਨ ਘੱਲਿਐ। ਇੱਕ ਛੋਟਾ ਜੇਹਾ ਮੁਲਕ ਹੈ ਇਕੁਆਡੋਰ। ਆਲਮੀ ਅਲਾਮਤ ਨੇ ਏਨਾ ਭੰਨਿਐ। ਗਲੀਆਂ ’ਚ ਲਾਸ਼ਾਂ ਵਿਛ ਗਈਆਂ। ਕਬਰਾਂ ’ਚ ਵੇਟਿੰਗ ਲਿਸਟ ਲਾਉਣੀ ਪਈ। ਤਾਬੂਤ ਮਿਲਦੇ ਨਹੀਂ, ਰਾਸ਼ਨ ਵਾਲੇ ਡੱਬੇ ਵਰਤਦੇ ਨੇ। ਦੇਖੋ ਚਾਰੋ ਪਾਸੇ ਹਨੇਰ ਹੈ।
               ਭਾਰਤ ਦੇ ਬਨੇਰੇ ’ਤੇ ਕਾਂ ਆ ਬੈਠੈ। ਕੋਈ ਚੰਗਾ ਸੁਨੇਹਾ ਸੁਣਾ ਰਿਹੈ। ਭੋਪਾਲ ਦਾ ਡਾਕਟਰ ਰਾਤਾਂ ਕਾਰ ’ਚ ਕੱਟਦੈ। ਅਸਲ ਨਾਇਕ ਇਹੋ ਹਨ। ਇੰਦੌਰ ’ਚ ਇੱਕ ਮਾਂ ਮਰੀ। ਪੁੱਤ ਆ ਨਹੀਂ ਸਕੇ। ਗੁਆਂਢੀ ਮੁਸਲਿਮ ਪਰਿਵਾਰ ਨੇ ਅਰਥੀ ਚੁੱਕੀ। ਏਹਨੂੰ ਆਖਦੇ ਨੇ ‘ਗੰਗਾ ਜਮੁਨਾ ਸੰਸਕ੍ਰਿਤੀ।’ ਮੁੰਬਈ ਦਾ ਗਰੀਬ ਨਗਰ। ਅਮੀਰ ਦਿਲ ਮੁਸਲਿਮ ਲੋਕਾਂ ਨੇ ਖੁਦ ਅਰਥੀ ਬਣਾਈ। ਪ੍ਰੇਮ ਚਾਚਾ ਦਾ ਸਸਕਾਰ ਕਰਕੇ ਮੁੜੇ। ਬੁਲੰਦ ਸ਼ਹਿਰ ਦੇ ਰਵੀ ਸ਼ੰਕਰ ਦੀ ਅਰਥੀ ਨੂੰ ਖਾਨ ਭਰਾਵਾਂ ਨੇ ਮੋਢਾ ਦਿੱਤਾ। ਕਲਕੱਤਾ ’ਚ ਪੁਲੀਸ ਨੇ ਸਸਕਾਰ ਕੀਤੈ। ਜਲੰਧਰ ਦਾ ਡੀਸੀ ਵਰਿੰਦਰ ਕੁਮਾਰ ਸ਼ਰਮਾ। ਨਾਲੇ ਪਟਿਆਲੇ ਦਾ ਐੱਸਐੱਸਪੀ ਮਨਦੀਪ ਸਿੱਧੂ, ਦੋਹਾਂ ਦੀ ਪ੍ਰਸ਼ੰਸਾ ਕਾਫੀ ਸੁਣੀ ਹੈ।‘ਸੁਖੀ ਸੌਣ ਸ਼ੇਖ ਜਿਨ੍ਹਾਂ ਦੇ, ਨਾ ਟੱਟੂ, ਨਾ ਮੇਖ’। ਗਰੀਬ ਲੋਕਾਂ ਨਾਲ ਜ਼ਿੰਦਗੀ ਲਾਗ ਡਾਟ ਕੱਢਣ ਲੱਗੀ ਹੈ। ਸੁਆਲ ਪਾਪੀ ਪੇਟ ਦਾ ਹੈ। ਆਂਧਰਾ ਦਾ ਵਿਧਾਇਕ ਬੀ.ਐਮ.ਰੈਡੀ। ਘਰੋ ਘਰੀਂ ਚਿਕਨ/ਆਂਡੇ ਵੰਡ ਰਿਹੈ। ਹਰਿਆਣੇ ਦੇ ਡਾਕਟਰਾਂ ਨੂੰ ਦੁੱਗਣੀ ਤਨਖਾਹ ਦਾ ਐਲਾਨ ਹੋਇਐ। ਕੇਜਰੀਵਾਲ ਨੇ ਮੁੜ ਜਿਗਰਾ ਦਿਖਾਇਐ, ਮਹਾਰਾਜੇ ਨੇ ਡਰ ਦਿਖਾਇਐ। ‘ਰੋਡ ਸਕਾਲਰਾਂ’ ਦੀ ਵੀ ਸੁਣੋ। ਸੜਕਾਂ ’ਤੇ ਜੋ ਪੈਦਲ ਤੁਰੇ। ਉਨ੍ਹਾਂ ਸਣੇ 103 ਲੋਕ ਮਰ ਗਏ। ਵੀਹ ਲੋਕ ਭੁੱਖ/ਥਕਾਨ ਨਾਲ ਮਰੇ। 15 ਖੁਦਕੁਸ਼ੀ ਕਰ ਗਏ। 40 ਕਰੋੜ ਮਜ਼ਦੂਰ ਫਸੇ ਨੇ। ਬਾਰਾਂ ਕਰੋੜ ਨੌਕਰੀਆਂ ਫ਼ੌਤ। 92 ਹਜ਼ਾਰ ਬੱਚੇ ਹਿੰਸਾ ਪ੍ਰਭਾਵਿਤ ਹੋਏ। ਬੇਕਾਰੀ ਦਰ 23 ਫੀਸਦੀ ਹੋ ਗਈ। ‘ਬਾਕੀ ਸਭ ਸੁੱਖ ਸਾਂਦ ਹੈ’, ਸੱਜਣੋ ਏਹ ਮੋਹਨ ਭੰਡਾਰੀ ਦੀ ਕਹਾਣੀ ਹੈ। ਛੱਜੂ ਰਾਮ ਇਕਾਂਤਵਾਸ ’ਚ ਚਲਾ ਗਿਐ। ਤੁਸੀਂ ਵੀ ਬਚਾਅ ਰੱਖਿਓ।
             ਅਖੀਰ ’ਚ ਸਕੂਨ ਵਾਲੀ ਗੱਲ। ਮੁਹਾਲੀ ਦੇ ਇੱਕ ਸੱਜਣ ਨੇ ਕੋਠੀ ਕਿਰਾਏ ’ਤੇ ਲਈ। ਧੀਆਂ ਪੁੱਤਾਂ ਖਾਤਰ ਕਰੋੜਾਂ ਦੀ ਕੋਠੀ ਦੱਬ ਲਈ। ਮਾਲਕ ਉਦੋਂ ਪ੍ਰੇਸ਼ਾਨ ਹੋਏ ਜਦੋਂ ਅਦਾਲਤੀ ਫੈਸਲਾ ਵੀ ‘ਨੱਪਣ ਸਿੰਘ’ ਦੇ ਹੱਕ ‘ਚ ਹੋ ਗਿਆ। ਅਸਲ ਮਾਲਕ ਢੇਰੀ ਢਾਹ ਕੇ ਬੈਠ ਗਏ। ਮਹਾਮਾਰੀ ‘ਨੱਪਣ ਸਿਓ’ ਨੂੰ ਹਲੂਣਾ ਦੇ ਗਈ, ਜੋ ਹੁਣੇ ਮੁਹਾਲੀ ਦੇ ਗੁਰੂ ਘਰ ਗਿਆ। ਗੁਰੂ ਦੀ ਹਾਜ਼ਰੀ ’ਚ ਅਸਲੀ ਮਾਲਕਾਂ ਨੂੰ ਚਾਬੀਆਂ ਸੌਂਪ ਆਇਆ। ਅਰਦਾਸ ਕਰਾਈ, ਮਾਲਕਾਂ ਭੁੱਲਾਂ ਬਖ਼ਸ਼ ਦੇਵੀ।

Friday, April 10, 2020

                                                           ਮਹਾਮਾਰੀ ਕਰੋਨਾ 
                                ਨਹੀਓਂ ਰੁਲੇਗੀ ਹੁਣ ਮੋਇਆ ਦੀ ਮਿੱਟੀ..!
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੋਨਾ ਪੀੜਤ ਮ੍ਰਿਤਕਾਂ ਦੇ ਅੰਤਿਮ ਸਸਕਾਰ ਲਈ ਵੱਖਰੇ ਅੰਗੀਠੇ ਤਿਆਰ ਹੋਣ ਲੱਗੇ ਹਨ ਤਾਂ ਜੋ ਕਰੋਨਾ ਪੀੜਤ ਮੋਇਆ ਦੀ ਮਿੱਟੀ ਨਾ ਰੁਲੇ। ਲੰਘੇ ਦਿਨਾਂ ’ਚ ਉਪਰੋਥਲੀ ਕਈ ਕਰੋਨਾ ਪੀੜਤ ਮ੍ਰਿਤਕਾਂ ਦੇ ਅੰਤਿਮ ਸਸਕਾਰ ਨੂੰ ਲੈ ਕੇ ਵਿਵਾਦ ਖੜ੍ਹੇ ਹੋਏ ਹਨ। ਪਦਮ ਸ੍ਰੀ ਮਰਹੂਮ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦੀ ਬੇਅਦਬੀ ਹੋਈ। ਪੰਜਾਬ ’ਚ ਹੁਣ ਨਵਾਂ ਰੁਝਾਨ ਉਭਰਿਆ ਹੈ ਕਿ ਕਰੋਨਾ ਪੀੜਤ ਮ੍ਰਿਤਕਾਂ ਦੇ ਸਸਕਾਰ ਲਈ ਵੱਖਰੇ ਇੰਤਜ਼ਾਮ ਹੋਣ ਲੱਗੇ ਹਨ।ਵੇਰਵਿਆਂ ਅਨੁਸਾਰ ਹੁਸ਼ਿਆਰਪੁਰ ਦੇ ਮੁੱਖ ਸ਼ਮਸ਼ਾਨਘਾਟ ਵਿਚ ਕਰੋਨਾ ਪੀੜਤ ਮ੍ਰਿਤਕਾਂ ਲਈ ਵੱਖਰੇ ਚਾਰ ਨਵੇਂ ਅੰਗੀਠੇ ਤਿਆਰ ਕੀਤੇ ਗਏ ਹਨ ਤਾਂ ਜੋ ਕਿਸੇ ਮ੍ਰਿਤਕ ਦੇਹ ਨੂੰ ਰੁਲਣਾ ਨਾ ਪਵੇ। ਵੈਸੇ ਇਸ ਸ਼ਮਸ਼ਾਨ ਘਾਟ ਵਿਚ ਪਹਿਲਾਂ ਹੀ 15 ਦੇ ਕਰੀਬ ਚੁੱਲ੍ਹੇ ਹਨ। ਪ੍ਰਬੰਧਕ ਮਾਸਟਰ ਵਿਜੇ ਕੁਮਾਰ ਦਾ ਕਹਿਣਾ ਸੀ ਕਿ ਜਦੋਂ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਦੀ ਮ੍ਰਿਤਕ ਦੇਹ ਦੀ ਬੇਅਦਬੀ ਹੋਈ ਤਾਂ ਉਦੋਂ ਮਨ ਨੂੰ ਠੇਸ ਲੱਗੀ। ਉਸ ਮਗਰੋਂ ਇਹ ਫੈਸਲਾ ਕੀਤਾ ਕਿ ਕਰੋਨਾ ਪੀੜਤ ਮ੍ਰਿਤਕਾਂ ਲਈ ਸ਼ਮਸ਼ਾਨ ਘਾਟ ਵਿਚ ਵੱਖਰੇ ਪ੍ਰਬੰਧ ਕੀਤੇ ਜਾਣ। ਉਹ 24 ਘੰਟੇ ਇੱਥੇ ਹਾਜ਼ਰ ਰਹਿਣਗੇ ਅਤੇ ਅਗਰ ਕੋਈ ਏਦਾਂ ਦਾ ਹਾਦਸਾ ਵਾਪਰਦਾ ਹੈ ਤਾਂ ਉਹ ਕਰੋਨਾ ਪੀੜਤ ਮ੍ਰਿਤਕਾਂ ਦੇ ਸਸਕਾਰ ਇਨ੍ਹਾਂ ਨਵੇਂ ਅੰਗੀਠਿਆਂ ਤੇ ਕਰਾਉਣਗੇ। ਕੋਈ ਵੀ ਇੱਥੇ ਸਸਕਾਰ ਕਰ ਸਕੇਗਾ।
               ਮੋਗਾ ਸ਼ਹਿਰ ਵਿਚ ਵੀ ਏਦਾਂ ਹੀ ਹੋਇਆ ਹੈ। ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ਵਿਚ ਸਸਕਾਰ ਵਾਸਤੇ 13 ਅੰਗੀਠੇ ਹਨ। ਇਸ ਤੋਂ ਬਿਨ੍ਹਾਂ ਦੋ ਗੈਸ ਅਧਾਰਿਤ ਅੰਗੀਠੇ ਹਨ ਜੋ ਸ਼ੁਰੂ ਤੋਂ ਹੀ ਬੰਦ ਪਏ ਸਨ। ਪ੍ਰਬੰਧਕ ਤਿਰਲੋਕੀ ਨਾਥ ਗਰੋਵਰ ਨੇ ਦੱਸਿਆ ਕਿ ਪੰਜ ਦਿਨਾਂ ਤੋਂ ਗੈਸ ਅਧਾਰਿਤ ਚੁਲ੍ਹਿਆਂ ਨੂੰ ਮੁੜ ਤਿਆਰ ਕੀਤਾ ਗਿਆ ਹੈ ਅਤੇ ਇਨ੍ਹਾਂ ਨੂੰ ਫਿਲਹਾਲ ਕਰੋਨਾ ਪੀੜਤ ਮ੍ਰਿਤਕਾਂ ਲਈ ਰਾਖਵਾਂ ਰੱਖ ਲਿਆ ਗਿਆ ਹੈ ਤਾਂ ਜੋ ਮ੍ਰਿਤਕ ਦੇਹਾਂ ਦੇ ਸਸਕਾਰ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸੇ ਤਰ੍ਹਾਂ ਮੁਹਾਲੀ ਦੇ ਸ਼ਮਸ਼ਾਨਘਾਟ ਵਿਚ ਹੁਣ ਤੱਕ ਇੱਕ ਕਰੋਨਾ ਪੀੜਤ ਮ੍ਰਿਤਕ ਦਾ ਸਸਕਾਰ ਹੋਇਆ ਹੈ। ਇੱਥੋਂ ਦੇ ਨਰਿੰਦਰ ਪਾਂਡੇ ਨੇ ਦੱਸਿਆ ਕਿ ਕਰੋਨਾ ਪੀੜਤ ਮ੍ਰਿਤਕਾਂ ਲਈ ਇਲੈਕਟ੍ਰਿਕ ਅੰਗੀਠਾ ਰੱਖਿਆ ਗਿਆ ਹੈ ਕਿਉਂਕਿ ਲੱਕੜ ਦੇ ਅੰਗੀਠੇ ’ਤੇ ਇਹਤਿਆਤ ਰੱਖਣ ਵਿਚ ਜਿਆਦਾ ਮੁਸ਼ਕਲਾਂ ਆਉਂਦੀਆਂ ਹਨ। ਇਲੈਕਟ੍ਰਿਕ ਅੰਗੀਠੇ ’ਤੇ ਇਸ ਪੱਖੋਂ ਕੋਈ ਅੌਖਿਆਈ ਨਹੀਂ। ਨਵਾਂ ਸ਼ਹਿਰ ਦੇ ਬੰਗਾ ਰੋਡ ’ਤੇ ਸ਼ਮਸ਼ਾਨਘਾਟ ਪੈਂਦਾ ਹੈ ਜਿਥੇ ਤਿੰਨ ਅੰਗੀਠੇ ਹਨ। ਪ੍ਰਬੰਧਕ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਅਗਰ ਕੋਈ ਏਦਾਂ ਦੀ ਨੌਬਤ ਬਣਦੀ ਹੈ ਤਾਂ ਉਹ ਕਰੋਨਾ ਪੀੜਤ ਮ੍ਰ੍ਰਿਤਕਾਂ ਲਈ ਇੱਕ ਅੰਗੀਠਾ ਰਾਖਵਾਂ ਕਰਨਗੇ।
               ਫਗਵਾੜਾ ਸ਼ਹਿਰ ਦੇ ਸ਼ਮਸ਼ਾਨਘਾਟ ਦੇ ਪ੍ਰਬੰਧਕ ਸ਼ਾਮ ਲਾਲ ਨੇ ਵੀ ਇਹੋ ਗੱਲ ਆਖੀ ਕਿ ਹਾਲੇ ਤੱਕ ਏਦਾਂ ਦਾ ਕੇਸ ਕੋਈ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਲੋੜ ਪੈਣ ’ਤੇ ਉਹ ਦੋ ਅੰਗੀਠੇ ਕਰੋਨਾ ਪੀੜਤ ਮ੍ਰਿਤਕਾਂ ਲਈ ਵੱਖਰੇ ਰੱਖਣਗੇ। ਇਥੇ ਹੁਣ ਤੱਕ ਕੁੱਲ 13 ਅੰਗੀਠੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਕਈ ਪਿੰਡਾਂ ਸ਼ਹਿਰਾਂ ਵਿਚ ਕਰੋਨਾ ਪੀੜਤ ਮ੍ਰਿਤਕਾਂ ਦੇ ਸਸਕਾਰ ਨੂੰ ਲੈ ਕੇ ਬਿਖੇੇੜੇ ਖੜ੍ਹੇ ਹੋਏ ਹਨ। ਮਾਨਸਾ ਸ਼ਹਿਰ ਦੇ ਸ਼ਮਸ਼ਾਨ ਘਾਟ ਵਿਚ 11 ਅੰਗੀਠੇ ਹਨ। ਇੱਕਾ ਦੁੱਕਾ ਮੌਕੇ ਅਜਿਹੇ ਆਏ ਕਿ ਕੋਈ ਵੀ ਅੰਗੀਠਾ ਖਾਲੀ ਨਹੀਂ ਸੀ। ਦੱਸਦੇ ਹਨ ਕਿ ਹੁਣ ਸ਼ਮਸ਼ਾਨਘਾਟ ਵਿਚ ਪੰਜ ਛੇ ਹੋਰ ਅੰਗੀਠੇ ਬਣਾਏ ਜਾ ਰਹੇ ਹਨ। ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਕੱਲੇ ਕਰੋਨਾ ਪੀੜਤ ਮ੍ਰਿਤਕ ਹੀ ਨਹੀਂ ਬਲਕਿ ਕੋਈ ਵੀ ਲੋੜ ਪੈਣ ’ਤੇ ਇੱਥੇ ਸਸਕਾਰ ਕਰ ਸਕੇਗਾ। ਵੇਰਵਿਆਂ ਅਨੁਸਾਰ ਜਦੋਂ ਪੰਜਾਬ ਵਿਚ ਡੇਂਗੂ ਦਾ ਕਹਿਰ ਝੁੱਲਿਆ ਸੀ ਤਾਂ ਉਦੋਂ ਅਜਨਾਲਾ ਦੇ ਸ਼ਮਸ਼ਾਨਘਾਟ ਵਿਚ ਡੇਢ ਦਰਜਨ ਡੇਂਗੂ ਪੀੜਤ ਮ੍ਰਿਤਕਾਂ ਦੇ ਸਸਕਾਰ ਹੋਏ ਸਨ ਪ੍ਰੰਤੂ ਹੁਣ ਕਰੋਨਾ ਦੌਰਾਨ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਫਿਰੋਜ਼ਪੁਰ ਜ਼ਿਲ੍ਹੇ ਵਿਚ ਵੀ ਫਿਲਹਾਲ ਇਸ ਪੱਖੋਂ ਬਚਾਓ ਹੈ। ਫਿਰ ਵੀ ਇੱਥੋਂ ਦੇ ਸ਼ਮਸ਼ਾਨਘਾਟ ਵਿਚ ਮੁਲਾਜ਼ਮਾਂ ਨੂੰ ਮਾਸਕ, ਦਸਤਾਨੇ ਅਤੇ ਸੈਨੇਟਾਈਵਰ ਵਗੈਰਾ ਦੀ ਵੰਡ ਕਰ ਦਿੱਤੀ ਗਈ ਹੈ।
               ਨਾਇਬ ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਨੇ ਦੱਸਿਆ ਕਿ ਅਗਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਪ੍ਰਸ਼ਾਸਨ ਤਰਫ਼ੋਂ ਦੋ ਸ਼ਮਸ਼ਾਨ ਘਾਟਾਂ ਦੀ ਸ਼ਨਾਖ਼ਤ ਕਰ ਲਈ ਗਈ ਹੈ ਅਤੇ ਰੈਡ ਕਰਾਸ ਨੂੰ ਇਸ ਬਾਰੇ ਹਦਾਇਤਾਂ ਜਾਰੀ ਹੋ ਗਈਆਂ ਹਨ। ਖਾਸ ਗੱਲ ਇਹ ਵੀ ਹੈ ਕਿ ਫਿਰੋਜ਼ਪੁਰ ਸ਼ਹਿਰ ਦੇ ਐਨ ਨਾਲ ਪੈਂਦੇ ਪਟੇਲ ਨਗਰ ਦੇ ਸਰਪੰਚ ਮਨਵਿੰਦਰ ਸਿੰਘ ਸਿੱਧੂ ਨੇ ਆਖਿਆ ਹੈ ਕਿ ਅਗਰ ਕਰੋਨਾ ਪੀੜਤ ਮ੍ਰਿਤਕ ਦੇ ਸਸਕਾਰ ਦੀ ਕਿਧਰੇ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਅਜਿਹੇ ਮੌਕੇ ’ਤੇ ਸਸਕਾਰ ਲਈ ਆਪਣੀ ਜ਼ਮੀਨ ਦੇਣਗੇ। ਦੱਸਣਯੋਗ ਹੈ ਕਿ ਮਾਝੇ ਦੇ ਪਿੰਡ ਜਹਾਂਗੀਰ ਨੇ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਹੈ।
                                        ਨਵੇਂ ਰਾਹ ਦਿਖਾਏਗਾ ਪਠਲਾਵਾ
ਜ਼ਿਲ੍ਹਾ ਨਵਾਂ ਸ਼ਹਿਰ ਦਾ ਪਿੰਡ ਪਠਲਾਵਾ ਹੁਣ ਰਾਹ ਦਸੇਰਾ ਬਣੇਗਾ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਕਰੋਨਾ ਦੀ ਬਿਮਾਰੀ ਨਾਲ ਮੌਤ ਹੋਈ ਸੀ। ਪਠਲਾਵਾ ਦੇ ਨੌਜਵਾਨਾਂ ਨੇ ਇਹ ਨਵੀਂ ਪਹਿਲ ਕੀਤੀ ਹੈ। ਪਿੰਡ ਪਠਲਾਵਾ ਦੇ ਪੰਜ ਨੌਜਵਾਨਾਂ ਨੇ ਇੱਕ ਟੀਮ ਬਣਾ ਲਈ ਹੈ ਜਿਸ ’ਚ ਹਰਪ੍ਰੀਤ ਸਿੰਘ,ਅਮਰਪ੍ਰੀਤ ਲਾਡੀ ਤੇ ਜਸਪਾਲ ਸਿੰਘ ਆਦਿ ਸ਼ਾਮਿਲ ਹਨ। ਇਨ੍ਹਾਂ ਨੌਜਵਾਨਾਂ ਨੇ ਅੱਜ ਐਲਾਨ ਕੀਤਾ ਹੈ ਕਿ ਪੰਜਾਬ ਵਿਚ ਕਿਧਰੇ ਵੀ ਕਰੋਨਾ ਮਰੀਜ਼ਾਂ ਦੀ ਦੇਖਭਾਲ ਅਤੇ ਦਵਾਈ ਆਦਿ ਦੀ ਕੋਈ ਦਿੱਕਤ ਆਉਂਦੀ ਹੈ ਤਾਂ ਉਨ੍ਹਾਂ ਦੀ ਟੀਮ ਮਰੀਜ਼ ਦੀ ਸੇਵਾ ਵਿਚ ਹਾਜ਼ਰ ਹੋਵੇਗੀ। ਇਸੇ ਤਰ੍ਹਾਂ ਸਸਕਾਰ ’ਚ ਕੋਈ ਅੜਚਨ ਆਉਂਦੀ ਹੈ ਤਾਂ ਸਰਕਾਰੀ ਪ੍ਰਵਾਨਗੀ ਮਗਰੋਂ ਉਹ ਕਰੋਨਾ ਪੀੜਤ ਮ੍ਰਿਤਕ ਦਾ ਖੁਦ ਸਸਕਾਰ ਕਰਨਗੇ।
   

Wednesday, April 8, 2020

                                                      ਦਿਹਾਤੀ ਪੰਜਾਬ 

                   ਨਾਕਾਬੰਦੀ ਨੇ ‘ਉੱਡਤਾ ਪੰਜਾਬ’ ਭੁੰਜੇ ਲਾਹਿਆ

                                                   ਚਰਨਜੀਤ ਭੁੱਲਰ
ਚੰਡੀਗੜ੍ਹ :  ਦਿਹਾਤੀ ਪੰਜਾਬ ’ਚ ਲੱਗੇ ਠੀਕਰੀ ਪਹਿਰੇ ਹੁਣ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਸਬੱਬ ਬਣ ਰਹੇ ਹਨ। ਤੋਟ ਦੇ ਭੰਨੇ ਨਸ਼ਾ ਤਸਕਰ ਹੁਣ ਪੰਚਾਇਤਾਂ ਅਤੇ ਨੌਜਵਾਨ ਕਲੱਬਾਂ ’ਤੇ ਹਮਲੇ ਕਰਨ ਲਈ ਉਤਾਰੂ ਹੋ ਗਏ ਹਨ। ਕਰੋਨਾ ਮਹਾਮਾਰੀ ਤੋਂ ਮੁਸਤੈਦ ਰਹਿਣ ਲਈ ਪਿੰਡਾਂ ’ਚ ਠੀਕਰੀ ਪਹਿਰੇ ਲੱਗੇ ਹਨ ਅਤੇ ਪਿੰਡਾਂ ’ਚ ਨਾਕਾਬੰਦੀ ਕੀਤੀ ਹੋਈ ਹੈ, ਜਿਨ੍ਹਾਂ ਕਰ ਕੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਨੂੰ ਪਿੰਡਾਂ ਵਿੱਚ ਦਾਖ਼ਲ ਹੋਣਾ ਮੁਸ਼ਕਲ ਹੋ ਰਿਹਾ ਹੈ। ਪੰਜਾਬ ਵਿੱਚ ਲੰਘੇ ਇੱਕ ਹਫ਼ਤੇ ਵਿਚ ਦਰਜਨਾਂ ਮਾਮਲੇ ਸਾਹਮਣੇ ਆਏ ਹਨ, ਜਿੱਥੇ ਠੀਕਰੀ ਪਹਿਰਾ ਦੇ ਰਹੇ ਪੇਂਡੂ ਲੋਕਾਂ ਨੇ ਤਸਕਰਾਂ ਦੀ ਭੁਗਤ ਸੰਵਾਰੀ ਹੈ।ਵੇਰਵਿਆਂ ਅਨੁਸਾਰ ਫਿਰੋਜ਼ਪੁਰ ਦੇ ਪਿੰਡ ਹਰਾਜ ਵਿਚ ਨਸ਼ੇੜੀ ਅਤੇ ਤਸਕਰ ਪੇਂਡੂ ਨਾਕਾ ਤੋੜ ਕੇ ਲੰਘਣ ਵਿੱਚ ਕਾਮਯਾਬ ਹੋ ਗਏ। ਮੌਕੇ ’ਤੇ ਪਿੰਡ ਦੇ ਨੌਜਵਾਨਾਂ ਨੇ ਪਿੱਛਾ ਕੀਤਾ ਅਤੇ ਇਨ੍ਹਾਂ ਨਸ਼ੇੜੀਆਂ ਨੂੰ ਰੰਗੇ ਹੱਥੀ ਫੜ ਲਿਆ। ਮਗਰੋਂ ਥਾਣਾ ਤਲਵੰਡੀ ਭਾਈ ਵਿਚ ਇਨ੍ਹਾਂ ਖ਼ਿਲਾਫ਼ ਪੁਲੀਸ ਕੇਸ ਦਰਜ ਕੀਤਾ ਗਿਆ ਹੈ। ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਭੀਲੋਵਾਲ ਵਿਚ ਪਿੰਡ ਵਾਲਿਆਂ ਨੇ ਨਸ਼ੇੜੀ ਕਾਬੂ ਕਰ ਲਏ ਸਨ। ਪਿੰਡ ਵਾਲੇ ਆਖਦੇ ਹਨ ਕਿ ਜੋ ਪਿੰਡਾਂ ਵਿੱਚ ਨਸ਼ਾ ਤਸਕਰ ਸਨ, ਉਨ੍ਹਾਂ ਦੇ ਨੱਕ ਵਿਚ ਦਮ ਆ ਗਿਆ ਹੈ ਅਤੇ ਨਸ਼ੇੜੀਆਂ ਕੋਲ ਵੀ ਕੋਈ ਰਾਹ ਨਹੀਂ ਬਚਿਆ ਹੈ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਤੋਤਾ ਮੁਲਾਣਾ ਵਿੱਚ ਵੀ ਨੌਜਵਾਨਾਂ ਨੇ ਨਸ਼ੇੜੀ ਘੇਰ ਲਏ ਸਨ। ਹਰਿਆਣਾ ਪੁਲੀਸ ਦੇ ਇੱਕ ਪੁਲੀਸ ਮੁਲਾਜ਼ਮ ਦੀ ਅਗਵਾਈ ਵਿੱਚ ਨਸ਼ਾ ਤਸਕਰਾਂ ਨੇ ਪੰਜਾਬ-ਹਰਿਆਣਾ ਦੇ ਸਰਹੱਦੀ ਪਿੰਡਾਂ ਵਿੱਚ ਚਿੱਟੇ ਦੀ ਸਪਲਾਈ ਦੇਣੀ ਸ਼ੁਰੂ ਕਰ ਦਿੱਤੀ ਸੀ। 
               ਪਿੰਡ ਮਲਕਾਣਾ ਦੇ ਬੱਬੂ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਜਦੋਂ ਉਨ੍ਹਾਂ ਨੂੰ ਸੂਹ ਮਿਲੀ ਤਾਂ ਉਨ੍ਹਾਂ ਨੇ ਇਹ ਤਸਕਰ ਘੇਰ ਲਏ ਸਨ। ਮਗਰੋਂ ਇਨ੍ਹਾਂ ਤਸਕਰਾਂ ਨੇ ਪਿੰਡ ਮਲਕਾਣਾ ਦੀ ਨਸ਼ਾ ਰੋਕੂ ਕਮੇਟੀ ਦੇ ਆਗੂਆਂ ਨੂੰ ਫੋਨ ’ਤੇ ਧਮਕੀ ਦਿੱਤੀ ਹੈ। ਪਤਾ ਲੱਗਾ ਹੈ ਕਿ ਲੰਘੇ ਦਿਨ ਇਨ੍ਹਾਂ ਲੋਕਾਂ ਨੇ ਇੱਕ ਪੰਚਾਇਤ ਮੈਂਬਰ ’ਤੇ ਹਮਲਾ ਕਰ ਦਿੱਤਾ ਹੈ। ਮੌੜ ਮੰਡੀ ਨੇੜਲੇ ਪਿੰਡ ਸੇਖਪੁਰਾ ਵਿੱਚ ਨਸ਼ਾ ਤਸਕਰਾਂ ਨੂੰ ਪਿੰਡ ਦੇ ਨੌਜਵਾਨਾਂ ਨੇ ਘੇਰਾ ਪਾ ਲਿਆ ਸੀ। ਬਚ ਕੇ ਲੰਘੇ ਤਸਕਰਾਂ ਨੇ ਮਗਰੋਂ ਚਿਤਾਵਨੀ ਦੇ ਦਿੱਤੀ। ਨੌਜਵਾਨ ਜਗਸੀਰ ਸਿੰਘ ਨੇ ਦੱਸਿਆ ਕਿ ਤਸਕਰਾਂ ਵੱਲੋਂ ਮਿਲੀ ਧਮਕੀ ਬਾਰੇ ਜ਼ਿਲ੍ਹਾ ਪੁਲੀਸ ਨੂੰ ਜਾਣੂ ਕਰਾ ਦਿੱਤਾ ਗਿਆ ਹੈ।ਮਾਝੇ ਦੇ ਪਿੰਡ ਜਾਣੀਆਂ ਵਿੱਚ ਤਾਂ ਨਸ਼ਾ ਤਸਕਰਾਂ ਨੇ ਸਰਪੰਚ ’ਤੇ ਗੋਲੀ ਚਲਾ ਦਿੱਤੀ। ਪਿੰਡ ਰਾਏਖਾਨਾ (ਬਠਿੰਡਾ) ਦੇ ਸਰਪੰਚ ਨੇ ਜ਼ਿਲ੍ਹਾ ਪੁਲੀਸ ਨੂੰ ਲਿਖਤੀ ਦਰਖਾਸਤ ਦਿੱਤੀ ਹੈ ਕਿ ਦੋ ਦਿਨ ਪਹਿਲਾਂ ਇੱਕ ਨਸ਼ਾ ਤਸਕਰ ਨਾਕਾ ਤੋੜ ਕੇ ਲੰਘ ਗਿਆ ਸੀ ਅਤੇ ਮਗਰੋਂ ਕੁਝ ਸਾਥੀਆਂ ਨੂੰ ਨਾਲ ਲੈ ਕੇ ਹਮਲਾ ਕਰਨ ਪੁੱਜ ਗਿਆ। ਨਾਕੇ ਤੇ ਤਾਇਨਾਤ ਮੈਂਬਰਾਂ ਅਤੇ ਨੌਜਵਾਨਾਂ ਨੇ ਭੱਜ ਕੇ ਜਾਨ ਬਚਾਈ।ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣਵਾਲਾ ਵਿੱਚ ਨਾਕੇ ਵਾਲੇ ਮੁੰਡਿਆਂ ਨੇ ਇੱਕ ਪੁਲੀਸ ਮੁਲਾਜ਼ਮ ਨੂੰ ਚਿੱਟੇ ਸਮੇਤ ਕਾਬੂ ਕੀਤਾ ਹੈ, ਜਿਸ ਨੂੰ ਪੁਲੀਸ ਨੇ ਮਗਰੋਂ ਮੁਅੱਤਲ ਕਰ ਦਿੱਤਾ ਹੈ। ਪਿੰਡ ਸਧਾਣਾ ਦੇ ਨਾਕੇ ’ਤੇ ਨਸ਼ੇੜੀ ਤੇ ਤਸਕਰ ਨੌਜਵਾਨਾਂ ਨੇ ਕਾਬੂ ਕਰਕੇ ਫੂਲ ਥਾਣੇ ਵਿੱਚ ਫੜਾ ਦਿੱਤੇ ਸਨ। 
              ਸਮਾਜਿਕ ਆਗੂ ਲੱਖਾ ਸਧਾਣਾ ਨੇ ਦੱਸਿਆ ਕਿ ਪੇਂਡੂ ਨਾਕਿਆਂ ਕਰਕੇ ਨਸ਼ੇ ਦੀ ਸਪਲਾਈ ਲਾਈਨ ਟੁੱਟੀ ਹੈ ਅਤੇ ਇਸ ਨਾਕੇਬੰਦੀ ਨਾਲ ਨਸ਼ਾ ਤਸਕਰਾਂ ਤੇ ਪੁਲੀਸ ਦਾ ਗੱਠਜੋੜ ਵੀ ਨੰਗਾ ਹੋਇਆ ਹੈ। ਬਠਿੰਡਾ ਜ਼ਿਲ੍ਹੇ ਵਿਚ ਏਦਾਂ ਦੇ ਦੋ ਪੁਲੀਸ ਮੁਲਾਜ਼ਮ ਫੜੇ ਜਾ ਚੁੱਕੇ ਹਨ। ਪਿੰਡ ਬਦਿਆਲਾ ਵਿਚ ਵੀ ਨਸ਼ੇੜੀਆਂ ਦੀ ਘੇਰਾਬੰਦੀ ਹੋ ਗਈ ਸੀ। ਲੰਘੀ ਰਾਤ ਮਲੋਟ ਵਿਖੇ ਵੀ ਏਦਾਂ ਦੀ ਘਟਨਾ ਵਾਪਰੀ ਹੈ ਜਿਥੇ ਪੁਲੀਸ ਮੁਲਾਜ਼ਮ ਮੁਅੱਤਲ ਕੀਤੇ ਗਏ ਹਨ। ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਪੰਜਾਬ ਦੇ ਆਗੂ ਰੁਪਿੰਦਰ ਸਿੰਘ ਅਤੇ ਮੇਜਰ ਸਿੰਘ ਦਾ ਕਹਿਣਾ ਸੀ ਕਿ ਤੋਟ ਦੇ ਭੰਨੇ ਨਸ਼ੇੜੀ ਹੁਣ ਸ਼ੁੱਧ ਬੁੱਧ ਖੋਹ ਬੈਠੇ ਹਨ ਅਤੇ ਉਹ ਨਾਕਾਬੰਦੀ ਕਰਨ ਵਾਲਿਆਂ ਨੂੰ ਧਮਕੀਆਂ ਦੇਣ ਅਤੇ ਹਮਲੇ ਕਰਨ ਤੇ ਉਤਾਰੂ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਮੰਚ ਕੋਲ ਕਾਫ਼ੀ ਨਸ਼ੇੜੀ ਨਸ਼ਾ ਛੱਡਣ ਵਾਸਤੇ ਪਹੁੰਚ ਵੀ ਕਰਨ ਲੱਗੇ ਹਨ। ਉਨ੍ਹਾਂ ਮੰਗ ਕੀਤੀ ਕਿ ਪੁਲੀਸ ਨੂੰ ਇਸ ਮੌਕੇ ਨਸ਼ੇੜੀਆਂ ਨੂੰ ਠੱਲ੍ਹਣ ਵਾਲੇ ਲੋਕਾਂ ਦੀ ਸੁਰੱਖਿਆ ਕਰਨੀ ਚਾਹੀਦੀ ਹੈ। ਜ਼ਿਲ੍ਹਾ ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਪਟਿਆਲੇ ਜ਼ਿਲ੍ਹੇ ਵਿਚ ਏਦਾਂ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ ਪ੍ਰੰਤੂ ਪਿੰਡਾਂ ਵਿਚ ਜੋ ਨਾਕਾਬੰਦੀ ਹੋਈ ਹੈ, ਉਸ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ।

                                             ਖੰਡ ਖੁਆ ਰਹੇ ਨੇ ਤਸਕਰ

ਕਰੋਨਾ ਆਫ਼ਤ ਦੌਰਾਨ ਨਸ਼ੇੜੀ ਠੱਗੇ ਜਾਣ ਲੱਗੇ ਹਨ। ਪੁਲੀਸ ਨੇ ਹੁਣ ਜੋ ਨਸ਼ੇੜੀ ਫੜੇ ਹਨ, ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਨਸ਼ਾ ਤਸਕਰ ਹੁਣ ਦੇਸੀ ਖੰਡ ਵਿਚ ਗੋਲੀਆਂ ਰਗੜ ਕੇ ‘ਚਿੱਟਾ’ ਆਖ ਕੇ ਵੇਚ ਰਹੇ ਹਨ, ਜਿਸ ਦਾ ਮਗਰੋਂ ਪਤਾ ਲੱਗਦਾ ਹੈ। ਜ਼ਿਲ੍ਹਾ ਮਾਨਸਾ ਦੇ ਐੱਸਐੱਸਪੀ ਨਰਿੰਦਰ ਭਾਰਗਵ ਦਾ ਕਹਿਣਾ ਸੀ ਕਿ ਪਿਛਲੇ ਸਮੇਂ ਦੌਰਾਨ ਨਸ਼ਾ ਤਸਕਰੀ ਨੂੰ ਪੂਰੀ ਤਰ੍ਹਾਂ ਠੱਲ੍ਹ ਪਈ ਹੈ ਅਤੇ ਸਪਲਾਈ ਲਾਈਨ ਵੀ ਟੁੱਟੀ ਹੈ।

Tuesday, April 7, 2020

                                                         ਜ਼ਿੰਦਗੀ ਦੇ ਮਲਾਹ 
                                   ਗਰੀਬਾਂ ਦੀ ਦੇਹਲੀ ’ਤੇ ਪੁੱਜੇ ਨੇਕੀ ਦੇ ਦੂਤ
                                                          ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਤਾਲੇਬੰਦੀ ਦੌਰਾਨ ਨੇਕੀ ਦੇ ਦੂਤ ਚੱੁਪ ਚੁਪੀਤੇ ਗਰੀਬਾਂ ਦੀ ਦੇਹਲੀ ’ਤੇ ਪੁੱਜ ਰਹੇ ਹਨ ਜਿਨ੍ਹਾਂ ਨੂੰ ਕਿਸੇ ਚਰਚਾ ਦੀ ਭੁੱਖ ਨਹੀਂ। ਜ਼ਿੰਦਗੀ ਦੇ ਇਹ ਮਲਾਹ ਮਹਾਮਾਰੀ ’ਚ ਫਸੇ ਗਰੀਬ ਲੋਕਾਂ ਦਾ ਬੇੜਾ ਬੰਨ੍ਹੇ ਲਾ ਰਹੇ ਹਨ। ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦਾ ਇੰਸਪੈਕਟਰ ਸੰਜੀਵ ਕੁਮਾਰ ਸਲੱਮ ਬਸਤੀਆਂ ’ਚ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਰਾਸ਼ਨ ਪੁੱਜਦਾ ਕਰ ਰਿਹਾ ਹੈ। ਅੱਜ ਗੋਭੀ ਦੀ ਭਰੀ ਰੇਹੜੀ ਲੈ ਕੇ ਗਰੀਬਾਂ ਘਰਾਂ ’ਚ ਪੁੱਜ ਗਿਆ। ਜਦੋਂ ਸੁਆਲ ਕੀਤਾ, ਖੁਦ ਹੀ ਰਿਕਸ਼ਾ ਰੇਹੜੀ ਕਿਉਂ ਚਲਾਉਂਦੇ ਹੋ ? ਸੰਜੀਵ ਕੁਮਾਰ ਦਾ ਇੱਕੋ ਜੁਆਬ ਦਿੱਤਾ, ‘ ਮੈਂ ਕੋਈ ਖੁਦਾ ਹਾਂ, ਇਨਸਾਨੀ ਫਰਜ਼ ਨਿਭਾ ਰਿਹਾ, ਕਿਸੇ ’ਤੇ ਕੋਈ ਅਹਿਸਾਨ ਨਹੀਂ ਕਰ ਰਿਹਾ।’ ਨਾਲੇ ਡਿਊਟੀ ਤੇ ਨਾਲੇ ਸੇਵਾ, ਇੱਕੋ ਵੇਲੇ ਸੰਜੀਵ ਕੁਮਾਰ ਨੇਕੀ ਦੀ ਅਲਖ਼ ਜਗਾ ਰਿਹਾ ਹੈ। ਉਦੋਂ ਹੀ ਸੰਜੀਵ ਕੁਮਾਰ ਨੇ ਰਿਕਸ਼ਾ ਰੇਹੜੀ ਦਾ ਹੈਂਡਲ ਫੜ ਲਿਆ ਸੀ ਜਦੋਂ ਕਰਫਿਊ ਦਾ ਐਲਾਨ ਹੋਇਆ ਸੀ। ਕੁਝ ਮਹੱਲਿਆਂ ਵਿਚ ਉਹ ਕਾਰ ’ਤੇ ਵੀ ਜਾਂਦਾ ਹੈ। ਸਲੱਮ ਬਸਤੀਆਂ ’ਚ ਉਹ ਰਿਕਸ਼ਾ ਰੇਹੜੀ ਲਿਜਾਂਦਾ ਹੈ। ਸੰਜੀਵ ਕੁਮਾਰ ਦੀ ਘਾਲਣਾ ਸਬੂਤ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਉਹ ਆਖਦਾ ਹੈ ਕਿ ਅੌਖ ਦੀ ਘੜੀ ਵਿਚ ਫਰਜ਼ ਨਿਭਾ ਕੇ ਸੰਤੁਸ਼ਟੀ ਮਿਲਦੀ ਹੈ। ਇਵੇਂ ਹੀ ਮੋਗਾ ਜ਼ਿਲ੍ਹੇ ਦੇ ਦੋ ਪੁਲੀਸ ਮੁਲਾਜ਼ਮਾਂ ਨੇ ਵੀ ਗਰਭਵਤੀ ਮਹਿਲਾ ਦੀ ਮਦਦ ਕਰਕੇ ਨੇਕੀ ਖੱਟੀ ਹੈ।
                ਸੰਗਰੂਰ ਸ਼ਹਿਰ ’ਚ ‘ਯੂਥ ਪਾਵਰ ਗਰੁੱਪ’ ਹੈ। ਇਨ੍ਹਾਂ ਨੌਜਵਾਨਾਂ ਨੇ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਲੋੜਵੰਦ ਜਿਉਂ ਹੀ ਫੋਨ ਕਰਦੇ ਹਨ, ਪੰਜ ਸਕੂਟੀਆਂ ਵਾਲੇ ਮੁੰਡੇ ਰਾਸ਼ਨ ਲੈ ਕੇ ਗਰੀਬ ਦੀ ਦਹਿਲੀਜ਼ ’ਤੇ ਪੁੱਜ ਜਾਂਦੇ ਹਨ। ਨੌਜਵਾਨ ਵਿਕਰਮਦੀਪ ਸਿੱਧੂ ਦੱਸਦਾ ਹੈ ਕਿ ਦਾਨੀ ਸੱਜਣ ਉਨ੍ਹਾਂ ਦੇ ਨਾਲ ਹਨ ਅਤੇ ਉਹ ਤਾਂ ਇੱਕ ਜ਼ਰੀਆ ਬਣੇ ਹਨ। ‘ਸਕੂਟੀ ਵਾਲੇ ਮੁੰਡੇ’ ਵਜੋਂ ਇਨ੍ਹਾਂ ਨੂੰ ਲੋਕ ਜਾਣਨ ਲੱਗੇ ਹਨ। ਜਦੋਂ ਇਸ ਵਕਤ ਰਾਸ਼ਨ ਵੰਡ ਮੁਹਿੰਮ ਦੌਰਾਨ ਭੱਲ ਖੱਟਣ ਦੀ ਦੌੜ ਲੱਗੀ ਹੋਈ ਹੈ ਤਾਂ ਉਸ ਵੇਲੇ ਛੁਪੇ ਰਹਿਣ ਦੀ ਚਾਹ ਵਾਲੇ ਸੱਜਣ ਕਰੋਨਾ ਜੰਗ ਦੇ ਅਸਲ ਨਾਇਕ ਜਾਪਦੇ ਹਨ। ਮੋਹਾਲੀ ਦੇ ਫੇਜ਼ ਸੱਤ ਦੇ ਹੋਲਿਕ ਹੋਮਿਊਪੈਥਿਕ ਕਲੀਨਿਕ ਦੀ ਡਾਕਟਰ ਸਰਬਜੀਤ ਕੌਰ ਮੱਕੜ ਦਾ ਦੇਹਾਂਤ ਹੋ ਗਿਆ। ਇਸ ਮਹਿਲਾ ਡਾਕਟਰ ਨੇ ਕੁਦਰਤੀ ਮੌਤ ਤੋਂ ਪਹਿਲਾਂ ਇਹੋ ਵਸੀਅਤ ਬੋਲੀ। ਨੇੜਲੇ ਰਿਸ਼ਤੇਦਾਰਾਂ ਤੋਂ ਬਿਨਾਂ ਸਸਕਾਰ ’ਤੇ ਕੋਈ ਨਾ ਪੁੱਜੇ। ਆਖਰੀ ਬੋਲਾਂ ’ਚ ਸਮਾਜਿਕ ਦੂਰੀ ਬਣਾਏ ਰੱਖਣ ਦਾ ਸੁਨੇਹਾ ਵੀ ਦਿੱਤਾ। ਕਲੀਨਿਕ ਦੇ ਸਹਿਕਰਮੀ ਡਾ. ਗੁਰਿੰਦਰ ਸਿੰਘ ਬਰਾੜ ਨੇ ਸਰਧਾਂਜਲੀ ਵਜੋਂ ਮੋਹਾਲੀ ਦੇ ਪੁਲੀਸ ਮੁਲਾਜ਼ਮਾਂ ਤੇ ਸਫਾਈ ਕਾਮਿਆਂ ਦਾ ਤਾਉਮਰ ਕਲੀਨਿਕ ਤੇ ਮੁਫ਼ਤ ਇਲਾਜ ਕਰਨ ਦਾ ਐਲਾਨ ਕਰ ਦਿੱਤਾ ਹੈ।
        ਲੁਧਿਆਣਾ ਦੀ ਪੰਜਾਬ ਖੇਤੀ ’ਵਰਸਿਟੀ ਦੇ ਪਾੜੇ ਨੌਜਵਾਨਾਂ ਦੀ ਵੀ ਦਾਦ ਦੇਣੀ ਬਣਦੀ ਹੈ। ਸ਼ਹਿਰ ਦੇ ਵਾਰਡ ਨੰਬਰ 31 ਵਿਚ ਵਿਦਿਆਰਥੀ ਦੀਪਕ ਮਿਸ਼ਰਾ ਆਪਣੀ ਸਾਥੀਆਂ ਨਾਲ ਕਰਫਿਊ ਦੌਰਾਨ ਖਾਸ ਕਰਕੇ ਮਰੀਜ਼ਾਂ ਦੀ ਸੇਵਾ ਵਿਚ ਜੁਟਿਆ ਹੈ। ਸ਼ਹਿਰ ਚੋਂ ਕਿਸੇ ਵੀ ਮਰੀਜ਼ ਨੇ ਇਲਾਜ ਲਈ ਕਿਸੇ ਹਸਪਤਾਲ ’ਚ ਐਮਰਜੈਂਸੀ ਵਿਚ ਜਾਣਾ ਹੋਵੇ ਤਾਂ ਉਸ ਦੀ ਸੇਵਾ ’ਚ ਇਹ ਨੌਜਵਾਨ ਹਾਜ਼ਰ ਹੁੰਦੇ ਹਨ। ਇਨ੍ਹਾਂ ਨੇ ਗੱਡੀਆਂ ਰੱਖੀਆਂ ਹੋਈਆਂ ਹਨ ਤੇ ਇਹ ਮਰੀਜ਼ਾਂ ਨੂੰ ਹਸਪਤਾਲ ਪਹੁੰਚਾ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਦੇ ਫੌਜੀ ਵੀ ਘੱਟ ਨਹੀਂ ਹਨ।ਪਿੰਡ ਦੇ ਨੌਜਵਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਨੌਜਵਾਨ ਫੌਜ ਵਿਚ ਹਨ ਜਿਨ੍ਹਾਂ ਵੱਲੋਂ ਪਿੰਡ ਵਿਚ ਲਗਾਤਾਰ ਰਾਸ਼ਨ ਲਈ ਪੈਸਾ ਭੇਜਿਆ ਜਾ ਰਿਹਾ ਹੈ ਅਤੇ ਉਹ ਲੋੜਵੰਦਾਂ ਦੇ ਘਰਾਂ ਵਿਚ ਰਾਸ਼ਨ ਵੰਡ ਰਹੇ ਹਨ। ਤਲਵੰਡੀ ਸਾਬੋ ਦੇ ਦੋ ਪ੍ਰਾਈਵੇਟ ਡਾਕਟਰ ਰਾਸ਼ਨ ਵਾਸਤੇ ਗੁਪਤ ਦਾਨ ਵਜੋਂ ਲੱਖਾਂ ਰੁਪਏ ਦੇ ਚੁੱਕੇ ਹਨ। ਇੱਕੋ ਸ਼ਰਤ ਹੈ ਕਿ ਲੋੜਵੰਦਾਂ ਨੂੰ ਭਿਣਕ ਨਹੀਂ ਲੱਗਣੀ ਚਾਹੀਦੀ ਕਿ ਕਿਥੋਂ ਰਾਸ਼ਨ ਆ ਰਿਹਾ ਹੈ।ਸ਼ਾਹਕੋਟ-ਨਕੋਦਰ ਸੜਕ ’ਤੇ ਪਿੰਡ ਬਿੱਲੀ ਚਾਹਰਮ ਪੈਂਦਾ ਹੈ ਜਿਥੇ ਹੁਣ ਸੰਤ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ ਤਿਆਰ ਹੋਇਆ ਹੈ। ਹਸਪਤਾਲ ਨੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਤੋਂ ਦਸ ਵੈਂਟੀਲੇਟਰ ਲਏ ਹਨ।
                ਡਾ. ਨਵਜੋਤ ਦਾਹੀਆ ਨੇ ਦੱਸਿਆ ਕਿ ਉਹ ਮੰਗਲਵਾਰ ਤੋਂ ਪੂਰਾ ਹਸਪਤਾਲ ਕਰੋਨਾ ਮਰੀਜ਼ਾਂ ਲਈ ਸਰਕਾਰ ਹਵਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਸੁਵਿਧਾਵਾਂ ਹਨ ਅਤੇ ਸਰਕਾਰ ਸਟਾਫ ਦਾ ਪ੍ਰਬੰਧ ਕਰਕੇ ਮੰਗਲਵਾਰ ਤੋਂ ਹਸਪਤਾਲ ਨੂੰ ਵਰਤਣਾ ਸ਼ੁਰੂ ਕਰ ਸਕਦੀ ਹੈ।ਬੁਢਲਾਡਾ ਦੇ ਨੇਕੀ ਫਾਊਡੇਸ਼ਨ ਵਾਲੇ ਨੌਜਵਾਨ ਵੀ ਇਸੇ ਰਾਹ ’ਤੇ ਹਨ। ਭਗਤਾ ਭਾਈ ਦੇ ਭਾਈ ਭਗਤਾ ਸੇਵਾ ਕਲੱਬ ਦੇ ਨੌਜਵਾਨਾਂ ਦਾ ਜਿਗਰਾ ਦੇਖਣ ਵਾਲਾ ਹੈ। ਇਨੋਵਾ ਗੱਡੀ ਨੂੰ ਮੁਫ਼ਤ ਐਂਬੂਲੈਂਸ ਸੇਵਾ ਵਜੋਂ ਚਲਾ ਰਹੇ ਹਨ। ਜਦੋਂ ਕਰਫਿਊ ਲੱਗਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਸਰਦੇ ਪੁੱਜਦੇ ਘਰਾਂ ਚੋਂ ਕਣਕ ਇਕੱਠੀ ਕੀਤੀ ਅਤੇ ਸੈਲਰ ਮਾਲਕਾਂ ਤੋਂ ਚੌਲ ਲਏ। ਕਿਸੇ ਲੋੜਵੰਦ ਘਰੋਂ ਆਵਾਜ਼ ਪੈਂਦੀ ਹੈ ਤਾਂ ਦੋ ਮੁੰਡੇ ਪਹਿਲਾਂ ਘਰ ’ਚ ਜਾ ਕੇ ਸਮਾਨ ਨੋਟ ਕਰਦੇ ਹਨ ਅਤੇ ਮਗਰੋਂ ਰਾਸ਼ਨ ਪੁੱਜਦਾ ਕਰ ਦਿੰਦੇ ਹਨ। ਹੁਣ ਤੱਕ 225 ਘਰਾਂ ’ਚ ਰਾਸ਼ਨ ਪੁੱਜਦਾ ਕੀਤਾ ਹੈ। ਬੀ.ਐਡ ਬੇਰੁਜ਼ਗਾਰ ਯੂਨੀਅਨ ਦੇ ਆਗੂ ਵੀ ਪਹੁੰਚ ਵਾਲਿਆਂ ਤੋਂ ਸਮਾਨ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਤੱਕ ਪੁੱਜਦਾ ਕਰ ਰਹੇ ਹਨ। ਖੂਬੀ ਇਹ ਹੈ ਕਿ ਤਸਵੀਰਾਂ ਤੋਂ ਦੂਰ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਏਦਾਂ ਦੇ ਬਹੁਤ ਛੁਪੇ ਰੁਸਤਮ ਹਨ ਜੋ ਆਫ਼ਤ ਦੇ ਪਲਾਂ ਵਿਚ ਲੋਕਾਂ ਦੀ ਬਾਂਹ ਬਣੇ ਹੋਏ ਹਨ।

Monday, April 6, 2020

                        ਕਾਰਪੋਰੇਟ ਸੋਚ
      ਗੱਫਿਆਂ ’ਚ ਅੱਗੇ, ਜੰਗ ’ਚ ਪਿੱਛੇ
                        ਚਰਨਜੀਤ ਭੁੱਲਰ
ਚੰਡੀਗੜ੍ਹ : ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ’ਚ ਕਾਰਪੋਰੇਟ ਹਸਪਤਾਲ ਪਿੱਛੇ ਖੜ੍ਹੇ ਹਨ ਜੋ ਸਰਕਾਰ ਤੋਂ ਲਾਹੇ ਲੈਣ ’ਚ ਅੱਗੇ ਸਨ। ਪੰਜਾਬ ’ਚ ਏਦਾਂ ਦਾ ਕੋਈ ਕਾਰਪੋਰੇਟ ਹਸਪਤਾਲ ਨਹੀਂ ਹੈ ਜਿਸ ਨੇ ਖੁਦ ਹੀ ਪੂਰੇ ਹਸਪਤਾਲ ਦੀਆਂ ਸੇਵਾਵਾਂ ਸਰਕਾਰ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਹੋਵੇ। ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੇ ਸਖ਼ਤ ਤੇਵਰ ਦਿਖਾਏ ਹਨ ਪ੍ਰੰਤੂ ਹਾਲੇ ਤੱਕ ਕੋਈ ਵੱਡਾ ਹਸਪਤਾਲ ਕਰੋਨਾ ਖ਼ਿਲਾਫ਼ ਮੁਹਿੰਮ ਵਿਚ ਅੱਗੇ ਨਹੀਂ ਕੁੱਦਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਮੈਕਸ ਹੈਲਥ ਕੇਅਰ ਨੂੰ ਮੋਹਾਲੀ ਵਿਚ 3.15 ਏਕੜ ਜ਼ਮੀਨ ਬਿਲਕੁਲ ਨਾਮਾਤਰ ਰਾਸ਼ੀ ’ਤੇ ਹੀ ਦਿੱਤੀ ਹੈ ਅਤੇ ਇਸੇ ਤਰ੍ਹਾਂ ਬਠਿੰਡਾ ’ਚ ਇਸੇ ਕੰਪਨੀ ਨੂੰ ਸਰਕਾਰੀ 4.80 ਏਕੜ ਜ਼ਮੀਨ ਦਿੱਤੀ ਹੈ। ਸਰਕਾਰ ਨੇ ਪੰਜਾਹ ਵਰ੍ਹਿਆਂ ਲਈ ਇਹ ਜ਼ਮੀਨ ਸਲਾਨਾ ਇੱਕ ਰੁਪਏ ਲੀਜ਼ ’ਤੇ ਦਿੱਤੀ ਹੈ। ਬੇਸ਼ੱਕ ਇਸ ਦੇ ਬਦਲੇ ਵਿਚ ਗਰੀਬ ਮਰੀਜ਼ਾਂ ਦੇ ਇਲਾਜ ਲਈ ਹਰ ਵਰੇ੍ਹ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਕੋਲ ਆਪਣੀ ਆਮਦਨ ਦਾ ਪੰਜ ਫੀਸਦੀ ਜਮ੍ਹਾ ਕਰਾਉਣਾ ਹੁੰਦਾ ਹੈ ਪ੍ਰੰਤੂ ਕਰੋਨਾ ਖ਼ਿਲਾਫ਼ ਜੰਗ ’ਚ ਇਸ ਕੰਪਨੀ ਨੇ ਖੁਦ ਆਪਣੀਆਂ ਸੇਵਾਵਾਂ ਦੀ ਸਰਕਾਰ ਨੂੰ ਦੇਣ ਦੀ ਖੁੱਲ੍ਹੀ ਪੇਸ਼ਕਸ਼ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਵੀ ਸਰਕਾਰ ਨੇ ਸਸਤੇ ਭਾਅ ’ਤੇ ਜ਼ਮੀਨ ਦਿੱਤੀ ਸੀ।
                ਜੋ ਵੇਰਵੇ ਪਤਾ ਲੱਗੇ ਹਨ, ਉਨ੍ਹਾਂ ਅਨੁਸਾਰ ਸਰਕਾਰ ਨੇ ਇਸ ਹਸਪਤਾਲ ਨੂੰ 2100 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਜ਼ਮੀਨ ਦਿੱਤੀ ਸੀ ਜਦੋਂ ਕਿ ਮਾਰਕੀਟ ਭਾਅ ਉਦੋਂ 31,262 ਰੁਪਏ ਪ੍ਰਤੀ ਵਰਗ ਗਜ ਸੀ। ਇਸ ਹਸਪਤਾਲ ਨੂੰ 8.22 ਏਕੜ ਜ਼ਮੀਨ ਦਿੱਤੀ ਗਈ ਸੀ। ਇਸੇ ਅਧਾਰ ’ਤੇ ਸੂਚਨਾ ਕਮਿਸ਼ਨ ਪੰਜਾਬ ਤਰਫ਼ੋਂ ਮੈਕਸ ਹਸਪਤਾਲ ਅਤੇ ਫੋਰਟਿਸ ਹਸਪਤਾਲ ਨੂੰ ਪਬਲਿਕ ਅਥਾਰਟੀ ਐਲਾਨਿਆ ਗਿਆ ਹੈ ਕਿਉਂਕਿ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਤੋਂ ਛੋਟਾਂ ਲਈਆਂ ਹਨ।ਸੂਤਰ ਦੱਸਦੇ ਹਨ ਕਿ ਸਰਕਾਰ ਤਰਫ਼ੋਂ ਇਨ੍ਹਾਂ ਹਸਪਤਾਲਾਂ ਨੂੰ ਹੋਰ ਵੀ ਰਿਆਇਤਾਂ ਦਿੱਤੀਆਂ ਹਨ। ਇਸੇ ਤਰ੍ਹਾਂ ਮੈਡੀਸਿਟੀ ’ਚ ਕਾਰਪੋਰੇਟ ਹਸਪਤਾਲਾਂ ਲਈ 10 ਏਕੜ ਜ਼ਮੀਨ ਹੋਰ ਰੱਖੀ ਗਈ ਹੈ। ਸਮਾਜਿਕ ਸੰਸਥਾ ‘ਸਿਦਕ’ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਤੋਂ ਭੌਂ ਦੇ ਭਾਅ ਜ਼ਮੀਨਾਂ ਲੈਣ ਵਾਲੇ ਕਾਰਪੋਰੇਟ ਹਸਪਤਾਲ ਕਰੋਨਾ ਖ਼ਿਲਾਫ਼ ਲੜਾਈ ਵਿਚ ਕਿਧਰੇ ਨਜ਼ਰ ਨਹੀਂ ਆ ਰਹੇ ਹਨ ਜਦੋਂ ਕਿ ਸਰਕਾਰ ਨੇ ਇਨ੍ਹਾਂ ਲਈ ਖ਼ਜ਼ਾਨੇ ਦਾਅ ’ਤੇ ਲਾਏ। ਉਨ੍ਹਾਂ ਮੰਗ ਕੀਤੀ ਕਿ ਇਹ ਹਸਪਤਾਲ ਹੁਣ ਖੁਦ ਆਪਣੀ ਸੇਵਾਵਾਂ ਸਰਕਾਰ ਹਵਾਲੇ ਕਰਨ।
     ਫੋਰਟਿਸ ਹਸਪਤਾਲ ਦੇ ਅਧਿਕਾਰੀ ਯੋਗੇਸ਼ ਜੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਤਰਫ਼ੋਂ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਅਤੇ ਕਰੋਨਾ ਦੇ ਦੋ ਮਰੀਜ਼ ਵੀ ਹਸਪਤਾਲ ਵਿਚ ਭਰਤੀ ਕੀਤੇ ਗਏ ਹਨ। ਕੋਵਿਡ-19 ਲਈ ਵੱਖਰੀ ਐਮਰਜੈਂਸੀ ਵੀ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਓ.ਪੀ.ਡੀ ਵੀ ਖੁੱਲ੍ਹੀ ਹੈ ਪ੍ਰੰਤੂ ਮਰੀਜ਼ ਹੀ ਨਹੀਂ ਆ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਛੋਟੇ ਵੱਡੇ ਕਰੀਬ ਛੇ ਹਜ਼ਾਰ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ ਦੇ ਦਰਵਾਜੇ ਹਾਲੇ ਪੂਰੀ ਤਰ੍ਹਾਂ ਖੁੱਲ੍ਹੇ ਨਹੀਂ ਹਨ। ਲੋਕ ਆਖਦੇ ਹਨ ਕਿ ਇਨ੍ਹਾਂ ਹਸਪਤਾਲਾਂ ਨੂੰ ਮੁਸ਼ਕਲ ਦੀ ਘੜੀ ਵਿਚ ਬੂਹੇ ਬੰਦ ਨਹੀਂ ਕਰਨੇ ਸਨ।ਸਮਾਜ ਸੇਵੀ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਡਾਕਟਰਾਂ ਨੂੰ ਸਮੇਤ ਆਪਣੇ ਸਾਜੋ ਸਮਾਨ ਦੇ ਸਰਕਾਰ ਹਵਾਲੇ ਸੇਵਾਵਾਂ ਕਰਨੀਆਂ ਚਾਹੀਦੀਆਂ ਹਨ। ਪ੍ਰਾਈਵੇਟ ਡਾਕਟਰ ਮੁਫ਼ਤ ਸੇਵਾ ਸ਼ੁਰੂ ਕਰਨ। ਦੱਸਣਯੋਗ ਹੈ ਮੁੱਖ ਮੰਤਰੀ ਦੀ ਚੇਤਾਵਨੀ ਮਗਰੋਂ ਵੀ ਅੱਜ ਹਸਪਤਾਲਾਂ ਦੇ ਪੂਰੇ ਦਰਵਾਜੇ ਖੁੱਲ੍ਹੇ ਨਹੀਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਦਾਹੀਆ ਆਖਦੇ ਹਨ ਕਿ ਐਮਰਜੈਂਸੀ ਮਰੀਜ਼ਾਂ ਲਈ ਕਦੇ ਵੀ ਓ.ਪੀ.ਡੀ ਬੰਦ ਨਹੀਂ ਹੋਈ ਹੈ। ਹਾਲਾਂਕਿ ਮਰੀਜ਼ ਆ ਵੀ ਨਹੀਂ ਰਹੇ ਹਨ। ਉਹ ਅੌਖੇ ਪਲਾਂ ਵਿਚ ਸਰਕਾਰ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਸਰਕਾਰ ਨੂੰ ਪੇਸ਼ਕਸ਼ ਵੀ ਕਰ ਚੁੱਕੇ ਹਨ।
              ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਤਾਲਮੇਲ ਬਿਹਤਰ ਕਰੇ ਕਿਉਂਕਿ ਮੋਗਾ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੇ ਤਾਂ ਓ.ਪੀ.ਡੀ ਬੰਦ ਕਰਨ ਦੇ ਹੁਕਮ ਦਿੱਤੇ ਹਨ ਜਦੋਂ ਕਿ ਸਰਕਾਰ ਖੋਲ੍ਹਣ ਬਾਰੇ ਆਖ ਰਹੀ ਹੈ। ਪ੍ਰਾਈਵੇਟ ਡਾਕਟਰ ਕਿਨ੍ਹਾਂ ਹੁਕਮਾਂ ਦਾ ਪਾਲਣ ਕਰਨ। ਅੰਮ੍ਰਿਤਸਰ ਵਿਚ ਕਰੀਬ 80 ਪ੍ਰਾਈਵੇਟ ਹਸਪਤਾਲ ਹਨ। ਡਾ. ਅਸ਼ੋਕ ਉਪਲ ਮੁਤਾਬਿਕ ਸਰਕਾਰੀ ਹਦਾਇਤਾਂ ਦੀ ਹਸਪਤਾਲ ਪਾਲਣਾ ਕਰ ਰਹੇ ਹਨ। ਖੰਨਾ ਵਿਚ 100 ਦੇ ਕਰੀਬ ਪ੍ਰਾਈਵੇਟ ਡਾਕਟਰ ਹਨ। ਡਾ.ਮਨਿੰਦਰ ਭਸ਼ੀਨ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਾਂ ਦੀ ਓ.ਪੀ.ਡੀ ਚੱਲ ਰਹੀ ਹੈ। ਗੁਰਦਾਸਪੁਰ ਵਿਚ ਕਰੀਬ 30 ਪ੍ਰਾਈਵੇਟ ਹਸਪਤਾਲ ਹਨ ਜਿਥੋਂ ਦੇ ਡਾ.ਅਸ਼ੋਕ ਉਬਰਾਏ ਨੇ ਦੱਸਿਆ ਕਿ ਓ.ਪੀ.ਡੀ ਖੁੱਲ੍ਹੀ ਰੱਖੀ ਜਾ ਰਹੀ ਹੈ ਅਤੇ ਪੰਜਾਹ ਫੀਸਦੀ ਮਰੀਜ਼ਾਂ ਨੂੰ ਟੈਲੀਫੂਨ ’ਤੇ ਹੀ ਮਸ਼ਵਰਾ ਦਿੱਤਾ ਜਾ ਰਿਹਾ ਹੈ।
                                   ਹਰ ਕੋਈ ਸਹਿਯੋਗ ਕਰੇ : ਸਿੱਧੂ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਪ੍ਰਾਈਵੇਟ ਹਸਪਤਾਲਾਂ ਦੀ ਓ.ਪੀ.ਡੀ ਬਾਰੇ ਫੀਡ ਬੈਕ ਲੈ ਰਹੇ ਹਨ ਅਤੇ ਯਕੀਨੀ ਬਣਾਉਣਗੇ ਕਿ ਪ੍ਰਾਈਵੇਟ ਹਸਪਤਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ। ਕਾਰਪੋਰੇਟ ਹਸਪਤਾਲਾਂ ਦੀਆਂ ਸੇਵਾਵਾਂ ਵੀ ਲੈ ਰਹੇ ਹਾਂ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਕਰੋਨਾ ਮਰੀਜ਼ ਭਰਤੀ ਕੀਤੇ ਗਏ ਹਨ। ਉਨ੍ਹਾਂ ਸੱਦਾ ਦਿੱਤਾ ਕਿ ਹਰ ਕੋਈ ਇਸ ਜੰਗ ’ਚ ਆਪਣਾ ਯੋਗਦਾਨ ਪਾਵੇ।
 

Sunday, April 5, 2020

                            ਵਿਚਲੀ ਗੱਲ
              ਨਦੀ ਨਾ ਘਟਿਓ ਨੀਰ..!
                           ਚਰਨਜੀਤ ਭੁੱਲਰ
ਚੰਡੀਗੜ੍ਹ : ਨਾਢੂ ਖਾਂ ਤੇ ਪਾਟੇ ਖਾਂ, ਫੰਨੇ ਖਾਂ ਤੇ ਖੱਬੀ ਖਾਂ। ਭੁੱਲ ਨਾ ਜਾਈਏ, ਤੀਸ ਮਾਰ ਖਾਂ ਵੀ। ਹੱਥ ’ਚ ਚਿੱਠੀ ਹੈ, ਕੰਨੀ ਤੋਂ ਪਾਟੀ ਹੋਈ। ਇੰਝ ਭਮੱਤਰੇ ਹੋਏ ਨੇ ਸਭ, ਜਿਵੇਂ ਸ਼ੇਰ ਕੋਲ ਬੱਕਰੀ ਬੰਨ੍ਹੀ ਹੋਵੇ। ਕੋਈ ਖੱਬੇ ਵੇਖਦਾ ਹੈ, ਸੱਜੇ ਵੀ ਸੁੱਖ ਨਹੀਂ। ਮੂੰਹ ਵੀ ਸੁੱਜੇ ਨੇ, ਦਿਲ ਪਤਲੇ ਪਏ ਨੇ। ਕੋਈ ਘੁਮੰਡ ਦਾ ਨਾੜੂਆ ਕੱਟ ਦੇਊ। ਕਿਥੇ ਚਿੱਤ ਚੇਤੇ ਸੀ, ਭੁੱਲ ਹੀ ਬੈਠੇ ਸੀ। ਕਈ ਮੰਜ਼ਿਲੇ ਚੁਬਾਰੇ, ਸਭ ਮਹਿਲ ਮੁਨਾਰੇ। ਹੁਣ ਰੇਤ ਦੀ ਢੇਰੀ ਲੱਗਦੇ ਨੇ। ਜਿਉਂਦੇ ਜਾਗਦੇ, ਮਿੱਟੀ ਦੇ ਬੁੱਤ ਬਣੇ ਨੇ। ਬਾਘੀਆਂ ਮਹਾਮਾਰੀ ਪਾ ਰਹੀ ਹੈ।ਲਟਾ-ਪੀਂਘ ਡੋਨਲਡ ਟਰੰਪ ਹੋ ਰਿਹੈ। ਬਾਕੀ ਨੂਰ ਮੁਹੰਮਦ ਨੂਰ ਤੋਂ ਸੁਣੋ। ‘ਬਹੁਤ ਘੁਮੰਡ ਕਰੀਂ ਨਾ ਆਪਣੀ, ਸੁੰਦਰ ਦਿੱਖ ਦੇ ਸਿੰਗਾਂ ’ਤੇ/ਫੁੱਟ ਜਾਂਦੀ ਹੈ ਅੱਖ ਬਲੌਰੀ, ਇੱਕ ਪੱਥਰ ਦੇ ਟੋਟੇ ਨਾਲ।’ ਫਸੀ ਤਾਂ ਫਟਕਣ ਕੀ। ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜ੍ਹੇ ਬਜ਼ੁਰਗਾਂ ਨੂੰ ਕੱਤੇ ਦੀ ਬਿਮਾਰੀ ਭੁੱਲੀ ਨਹੀਂ। ਪਿੰਡ ਕੋਟਲੀ ਦੇਵਨ (ਮੁਕਤਸਰ) ਦਾ ਖੇਤਾ ਸਿਓਂ। ਉਮਰ ਪੂਰੇ 95 ਸਾਲ ਹੈ। ਕਿਵੇਂ ਪਿਉ ਦਾਦੇ ਸਿਵੇ ਬਾਲਦੇ ਹੰਭੇ ਸਨ, ਭੁੱਲਿਆ ਨਹੀਂ। ਮੌਤਾਂ ਵੰਡਦੀ ਪਲੇਗ ਨੇ ਕਿਥੇ ਥੱਕਣਾ ਸੀ। ਦੋ ਦਾ ਸਸਕਾਰ ਕਰਕੇ ਮੁੜਦੇ। ਚਾਰ ਹੋਰ ਤਿਆਰ ਹੁੰਦੇ। ਅਮਰੀਕਾ, ਵਿਸ਼ਵ ਦਾ ਜ਼ੈਲਦਾਰ ਅਖਵਾਉਂਦੈ। ਡੋਨਲਡ ਟਰੰਪ ਨੇ ਹੁਣੇ ਆਰਡਰ ਕੀਤੈ। ਪੂਰੇ ਇੱਕ ਲੱਖ ਤਾਬੂਤ ਦਾ। ਕਰੋਨਾ ਕੋਈ ਮਹਾਮਾਰੀ ਨਹੀਂ, ਜ਼ਿੰਦਗੀ ਦੀ ਇੱਕ ਠੋਕਰ ਹੈ। ਭੁੱਲੋਗੇ ਤਾਂ ਪਛਤਾਓਗੇ। ਜਦੋਂ ਕੁਦਰਤ ਮੁੜ ਨਵੇਂ ਮੋੜ ’ਤੇ ਟੱਕਰੀ। ‘ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜ੍ਹੀ।’ ਮੂਸੇ ਦੇ ਵਾਰਸ ਨਾ ਬਣਿਓਂ। ਬਾਕੀ ਥੋਡੀ ਮਰਜ਼ੀ।
                 ਅਮਰੀਕਾ ਤਾਕਤ ’ਚ ਦਾਦੈ। ਇੰਗਲੈਂਡ, ਇਟਲੀ, ਫਰਾਂਸ, ਸਭ ਸ਼ਰੀਕੇ ਕਬੀਲੇ ’ਚੋਂ ਨੇ। ਇੱਧਰ ਮੁਲਕ ਕਿਊਬਾ ਬਿਲਕੁਲ ਗਿੱਠੈ। ਇਸ ਗਿੱਠਮੁਠੀਏ ਨਾਲ ਕੀਹਨੇ ਭਲੀ ਗੁਜ਼ਾਰੀ ਸੀ। ‘ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ’। ਸੋਚ ਗਿੱਠੀ ਨਹੀਂ, ਕਿਊਬਾ ਸਭ ਭੁੱਲ ਭੁਲਾ ਗਿਆ। ਕਰੋਨਾ ਵਿਸ਼ਵ ਦਾ ਖਲਨਾਇਕ ਬਣਿਐ। ਇੱਧਰ ਕਿਊਬਾ ਦੇ ਡਾਕਟਰ ਨਾਇਕ। ਉਂਜ, ਜੋ ਜਾਨ ਗੁਆ ਬੈਠੇ। ਫਰਜ਼ਾਂ ਨੂੰ ਬਚਾਉਂਦੇ ਬਚਾਉਂਦੇ। ਤਹਿ ਦਿਲੋਂ ਸਲਾਮ ਹਰ ਉਸ ਡਾਕਟਰ ਨੂੰ, ਜੋ ਖੁਦ ਉਧੜ ਗਏ, ਜ਼ਿੰਦਗੀ ਦੇ ਨਗੰਦੇ ਪਾਉਣੋਂ ਨਾ ਹਟੇ। ਮਹਾਮਾਰੀ ਕੋਈ ਚਿੱਠੀ ਪਾ ਕੇ ਨਹੀਂ ਆਉਂਦੀ। ਠੀਕ ਉਵੇਂ ਹੀ, ਜਿਵੇਂ ਥੋਨੂੰ ਅਕਲ ਨਹੀਂ ਆਉਂਦੀ। ਬਹੁਤਾ ਚਾਂਭਲਣ ਦੀ ਲੋੜ ਨਹੀਂ, ਇਟਲੀ ਸਪੇਨ ਹੀ ਦੇਖ ਲਓ। ਟਿਕ ਕੇ ਘਰੇ ਬੈਠੋ। ਬੱਸ ਮੌਤ ਨੂੰ ਮਾਸੀ ਨਾ ਕਹੋ। ਜ਼ਿੰਦਗੀ ਕਦੋਂ ਡੋ ਡੋ ਕਰਦੇ, ਕਿਹੜਾ ਪਤਾ ਲੱਗਦੈ। ਬੱਸ ਛੋਟਾ ਜੇਹਾ ਵਿਸ਼ਾਣੂ ਹੈ। ਤਖ਼ਤ ਤੋਂ ਬਖ਼ਤ ਕਰ ਗਿਐ। ਹੈਸੀਅਤ ਦਿਖਾ ਦਿੱਤੀ। ਕੀੜੀ ਹਾਥੀ ਦੇ ਕੰਨ ’ਚ ਵੜੀ ਮਾਣ ਨਹੀਂ ਹੁੰਦੀ। ਕੁਦਰਤ ਦੀ ਪ੍ਰੀਖਿਆ ਹੈ। ਆਖ਼ਰ ਵਿਸ਼ਾਣੂ ਨੂੰ ਹਾਰਨਾ ਪੈਣੈ। ਜੋ ਭੁੱਖ ਤੋਂ ਹਾਰੇ, ਉਨ੍ਹਾਂ ਨੂੰ ਸ਼ਹੀਦ ਹੀ ਸਮਝੋ। ‘ਬਾਬਾ, ਮੌਤੋਂ ਭੁੱਖ ਬੁਰੀ’। ਬਿਹਾਰ ਦਾ ਭੋਜਪੁਰੀ ਬੱਚਾ ਭੁੱਖ ਨਾਲ ਮਰ ਗਿਆ। ਨਾਗਪੁਰ ਤੋਂ ਪਰਵਾਸੀ ਮਜ਼ਦੂਰ ਲੋਗੇਸ਼ ਪੰਜ ਸੌ ਕਿਲੋਮੀਟਰ ਤੁਰਿਆ। ਪਹਿਲਾਂ ਬੇਹੋਸ਼ ਹੋਇਆ, ਫਿਰ ਫ਼ੌਤ ਹੋਇਆ। ਨੌਜਵਾਨ ਰਣਵੀਰ, ਮੱਧ ਪ੍ਰਦੇਸ਼ ਤੋਂ ਚੱਲਿਆ। ਮੰਜ਼ਿਲ ਤੋਂ ਪਹਿਲਾਂ ਮੌਤ ਮਿਲੀ। ਢਿੱਡ ਦੇ ਝੁਲਕੇ, ਕਰੋਨਾ ਤੋਂ ਘੱਟ ਨਹੀਂ। ‘ਭੁੱਲ ਗਈ ਨਮਾਜ਼, ਮਾਰੀ ਭੁੱਖ ਦੀ।’
                 ਜ਼ਿੰਦਗੀ ਦੀ ਜਰਨੈਲੀ ਸੜਕ ’ਤੇ ਭਲੇ ਲੋਕ ਵੀ ਬੈਠੇ ਨੇ। ਡੰਡੀ ਉੱਤਰ ਕੇ ਭੱਜਣ ਵਾਲੇ ਵੀ। ਜੋ ਪਹੀ ਤੋਂ ਉੱਤਰੇ ਨੇ, ਵੋਟਾਂ ਵੇਲੇ ਆਉਣਗੇ। ਭਗੌੜੇ ਲੋਕਾਂ ਦੀ ਜ਼ਮਾਨਤ ਥੋਡੇ ਹੱਥ ਹੈ, ਬੱਕਰੀ ਨੋਟ ਆਪੇ ਖਾਣੋਂ ਹਟੂ। ਜ਼ਿੰਦਗੀ ਦੀ ਤਾਲਾਬੰਦੀ ’ਚ। ਮਜ਼ਦੂਰ ਦਾ ਜੁਆਕ ਕਿਥੋਂ ਰੋਟੀ ਖਾਏ। ਬੇਲਾਰੂਸ ਦਾ ਰਾਸ਼ਟਰਪਤੀ। ਲੱਲ-ਵਲੱਲੀਆਂ ਮਾਰੀ ਜਾਂਦੈ। ਅਖੇ, ਵੋਦਕਾ ਪੀਓ। ਸ਼ਰਾਬ ਦੀ ਹੋਮ ਡਿਲਿਵਰੀ ਮੇਘਾਲਿਆ ਸਰਕਾਰ ਨੇ ਕਰਤੀ। ਗੁਜਰਾਤ ’ਚ ਰਾਸ਼ਟਰੀ ਕਾਮਧੇਨੂ ਬੋਰਡ ਹੈ। ਰੋਜ਼ਾਨਾ ਛੇ ਹਜ਼ਾਰ ਲਿਟਰ ਗਊ ਮੂਤਰ ਵੇਚ ਰਿਹੈ। ਕਮਲਿਆਂ ਦੇ ਕਿਹੜਾ ਸਿੰਗ ਲੱਗੇ ਹੁੰਦੇ ਨੇ। ਢੁੱਡਾਂ ਕਰੋਨਾ ਮਾਰ ਰਿਹਾ ਹੈ। ਵੱਡੇ ਲੀਡਰ ਘਰੇ ਦੜੇ ਬੈਠੇ ਨੇ, ਅਖੇ ਡਰ ਲੱਗਦੈ। ਸਿੱਖਦੇ ਫੇਰ ਵੀ ਕੁਛ ਨਹੀਂ। ਏਹੋ ਜੇਹੀ ਅਮੀਰੀ, ਕਿਹੜੇ ਫੋੜ੍ਹੇ ਲਾਈਏ।ਗੱਲ ਨਾਇਕਾਂ ਦੀ ਕਰਾਂਗੇ। ਘਰਾਂ ਦੇ ਗਰੀਬ ਨੇ, ਦਿਲਾਂ ਦੇ ਬਾਦਸ਼ਾਹ। ਸਾਬਕਾ ਫੌਜੀ ਨੇ ਕਰ ਦਿੱਤਾ, ਜੋ ਕੈਪਟਨ ਨਹੀਂ ਕਰ ਸਕਿਆ। ਬੀਬੀ ਵਾਲਾ (ਬਠਿੰਡਾ) ਦਾ ਸਾਬਕਾ ਫੌਜੀ ਬੂਟਾ ਸਿੰਘ। ਜ਼ਿੰਦਗੀ ਮੁਰਝਾ ਨਾ ਜਾਏ, ਇਹ ਸੋਚ ਕੇ ਇੱਕ ਏਕੜ ਜ਼ਮੀਨ ਦਾਨ ਕਰ ਦਿੱਤੀ। ਅਖੇ ਬਣਾ ਲਓ ਕਰੋਨਾ ਹਸਪਤਾਲ। ਛੋਟਾ ਕਿਸਾਨ ਬੂਟਾ ਸਿੰਘ ਦਸਵੀਂ ਫੇਲ੍ਹ ਹੈ। ਜ਼ਿੰਦਗੀ ਦੀ ਮੈਰਿਟ ’ਚ ਹੁਣ ਆਇਐ। ਕੈਪਟਨ ਦੇ ਘਰ ਕੋਈ ਘਾਟੈ। ਸੱਚ, ਗੱਲ ਤਾਂ ਦਿਲ ਦੀ ਹੁੰਦੀ ਹੈ। ਮੱਧ ਪ੍ਰਦੇਸ਼ ਦਾ ਕਿਸਾਨ ਦੱਤਾ ਰਾਮ। ਕਣਕ ਦੀ ਵਾਢੀ ਕੀਤੀ, ਕਰਫਿਊ ’ਚ ਫਸੇ ਮਜ਼ਦੂਰਾਂ ਨੂੰ ਸਾਰੀ ਵੰਡ ਦਿੱਤੀ। ਅਖੇ, ਦਾਤਾ ਆਪੇ ਦੇਊ।‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਛੋਟੇ ਜਾਣੂ ਨੇ। ਵੱਡਿਆਂ ਦੇ ਹੌਲ ਪੈਂਦੇ, ਦੱਸੋ ਚਿੜੀ ਵਿਚਾਰੀ ਕੀ ਕਰੇ।
                 ਖੈਰ, ਮਹਾਮਾਰੀ ਨੇ ਹਲੂਣਾ ਦਿੱਤੈ। ਆਪਣੇ ਬੇਗਾਨੇ ਦਾ ਪਤਾ ਉਦੋਂ ਲੱਗਦੈ ਜਦੋਂ ਕੁੰਢੀਆਂ ਦੇ ਸਿੰਗ ਫਸ ਜਾਣ। ਗੁਰਦਾਸਪੁਰ ਦੀ ਇੱਕ ਸਕੂਲੀ ਬੱਚੀ। ਆਪਣਾ ਗੱਲਾ (ਪਿੱਗੀ ਬੈਂਕ) ਡੀਸੀ ਹਵਾਲੇ ਕਰ ਆਈ। ਜੋੜ ਜੋੜ ਕੇ ਪੈਸੇ ਰੱਖੇ ਲੋਕਾਂ ਲੇਖੇ ਲਾ ਆਈ। ਮੱਧ ਪ੍ਰਦੇਸ਼ ’ਚ ਦੋ ਭੈਣਾਂ ਨੇ ਜੋੜੇ ਪੈਸੇ ਪੁਲੀਸ ਹਵਾਲੇ ਕਰ ਦਿੱਤੇ, ਮਜ਼ਦੂਰ ਭੁੱਖੇ ਨਾ ਸੌਣ। ਗੁੜਗਾਓਂ ਹਾਈਵੇਅ ’ਤੇ, ਭੁੱਖੇ ਰਾਹਗੀਰ ਝੱਲੇ ਨਾ ਗਏ, ਸੱਤ ਨੌਜਵਾਨ ਦਿਨ ਰਾਤ ਜਾਗੇ। ਤਲਵੰਡੀ ਸਾਬੋ ਦਾ ਇੱਕ ਕਰਿਆਨਾ ਸਟੋਰ ਮਾਲਕ। ਗਰੀਬੀ ’ਚੋਂ ਉੱਠਿਐ। ਹੁਣ ਪਿੰਡੋਂ ਪਿੰਡ ਗਰੀਬ ਲੱਭਦੈ। 860 ਰੁਪਏ ਦਾ ਰਾਸ਼ਨ ਘਰੇ ਰੱਖ ਆਉਂਦੈ। ਨਾ ਕੋਈ ਫੋਟੋ ਖਿਚਾਉਂਦੈ, ਬੱਸ ਸਭ ਕੁਝ ਗੁਪਤਦਾਨ।ਮੁਕਤਸਰ ਦਾ ਇੱਕ ‘ਪੇਂਡੂ ਜੱਟ’ ਕਾਫੀ ਮਸ਼ਹੂਰ ਹੈ। ਵੇਰਕਾ ਦੁੱਧ ਦਾ ਟਰੱਕ ਮੰਗਵਾ ਲਿਐ। ਲੋੜਵੰਦਾਂ ਦੇ ਘਰੋਂ ਘਰੀ ਦੁੱਧ ਭੇਜ ਰਿਹੈ। ਗਰੀਬ ਲੋਕ ਹੈਰਾਨ ਨੇ, ਦੁੱਧ ਕਿਥੋਂ ਆਉਂਦੈ। ‘ਪੇਂਡੂ ਜੱਟ’ ਲੁਕਿਐ ਬੈਠੇ। ਮੰਤਰੀ ਸੰਤਰੀ ਰਾਸ਼ਨ ਵੰਡਦੇ ਨੇ। ਢੋਲ ਵਜਾ ਕੇ। ਦਸਵੰਧ ਦੀ ਗੁੜ੍ਹਤੀ ਪੰਜਾਬੀਆਂ ਨੂੰ ਸਤਿਗੁਰਾਂ ਨੇ ਦਿੱਤੀ ਹੈ। ਯਾਦ ਆਇਐ, ਸੁਖਬੀਰ ਬਾਦਲ ਹੁਣ ਜਥੇਦਾਰ ਬਣੇ ਹਨ। ਪੂਰਾ ਸਿੱਖੀ ਸਰੂਪ ਧਾਰਨ ਕੀਤੈ। ਦਸਵੰਧ ਕੱਢਿਆ ਹੈ, ਇਹ ਪਤਾ ਨਹੀਂ। ਏਨਾ ਪਤਾ ਕਿ ਹਰਸਿਮਰਤ ਬਾਦਲ ਕੋਲ ਸੱਤ ਕਰੋੜ ਦਾ ਸੋਨਾ ਹੈ। ਗਰੀਬਾਂ ਨੂੰ ਕੀ ਭਾਅ। ਘਰੋਂ ਕੋਈ ਨੇਤਾ ਦਾਨ ਦਿੰਦਾ ਦੇਖਿਆ ਹੋਵੇ, ਜ਼ਰੂਰ ਦੱਸਣਾ। ਆਓ, ਛੋਟੀ ਸੋਚ ਦੇ ਦਰਸ਼ਨ ਕਰਾਈਏ। ਪੰਜਾਬ ਦੇ ਵਜ਼ੀਰਾਂ, ਕਈ ਵਿਧਾਇਕਾਂ ਨੇ ਮਹੀਨੇ ਦੀ ਤਨਖਾਹ ‘ਰਾਹਤ ਫੰਡ’ ਵਜੋਂ ਦੇਣੀ ਹੈ। ਸਿਰਫ਼ ਤੇ ਸਿਰਫ਼ ਬੇਸਿਕ ਪੇਅ ਦੇਣਗੇ। ਪੂਰੀ ਤਨਖਾਹ ਨਹੀਂ।
                 ਸਭ ਭੱਤਿਆਂ ਸਮੇਤ ਇੱਕ ਐੱਮਐੱਲਏ ਨੂੰ ਲੱਖ ਤੋਂ ਉਪਰ ਮਿਲਦੇ ਨੇ। ‘ਰਾਹਤ ਫੰਡ’ ’ਚ ਪਾਉਣਗੇ ਕੇਵਲ 25 ਹਜ਼ਾਰ। ਇਵੇਂ ਵਜ਼ੀਰ ਕਰਨਗੇ। ਇਸ ਗੱਲੋਂ ਕੇਵਲ ਢਿੱਲੋਂ ਮੱਲ ਮਾਰ ਗਿਆ। ਪੰਜ ਕਰੋੜ ਦੀ ਭੇਟਾ ਦਿੱਤੀ ਹੈ। ਭਗਵੰਤ ਮਾਨ ਸ਼ਾਇਦ ਦਬ ਗਿਆ। ਨਵਜੋਤ ਸਿੱਧੂ ਭਾਲਿਆ ਨਹੀਂ ਥਿਆਉਂਦਾ। ਪੰਜਾਬੀਓ, ਕਾਪੀ ਲਾ ਲਓ, ਨੋਟ ਕਰਨਾ, ਕੌਣ ਕੌਣ ਮੈਦਾਨ ਛੱਡ ਭੱਜਿਐ। ਮਨ ’ਚ ਮੈਲ ਨਾ ਹੁੰਦੀ, ਹਰ ਛੋਟਾ ਵੱਡਾ ਨੇਤਾ, ‘ਨੇਕ’ ਕਮਾਈ ’ਚੋਂ ਦਸਵੰਧ ਕੱਢਦਾ। ਲੋਕ ਸਭਾ ਦੇ 542 ਐੱਮਪੀ ਹਨ ਜਿਨ੍ਹਾਂ ਦੀ ਇੱਕ ਨੰਬਰ ਦੀ ਜਾਇਦਾਦ 11,344 ਕਰੋੜ ਬਣਦੀ ਹੈ। ਹਰ ਐੱਮਪੀ ਕੋਲ ਅੌਸਤਨ 20.93 ਕਰੋੜ ਦੀ ਸੰਪਤੀ ਹੈ। ਹਾਰਿਆਂ ਕੋਲ ਵੀ ਨੌਂ ਹਜ਼ਾਰ ਕਰੋੜ ਤੋਂ ਘੱਟ ਨਹੀਂ। ਬਾਕੀ ਮੁਲਕ ਭਰ ਦੇ 4116 ਵਿਧਾਇਕਾਂ ਦੀ ਕਮਾਈ ਜੋੜ ਲਓ। ਦੇਸ਼ ਦਾ ਸਭ ਤੋਂ ਅਮੀਰ ਵਿਧਾਇਕ, ਕਰਨਾਟਕ ਦਾ ਟੀ.ਬੀ. ਨਾਗਰਾਜ ਹੈ। 1015 ਕਰੋੜ ਦੀ ਸੰਪਤੀ ਹੈ। ‘ਕੱਟੇ ਨੂੰ ਮਣ ਦੁੱਧ ਦਾ ਕੀ ਭਾਅ’। ਆਖਦੇ ਨੇ, ਲੋੜਾਂ ਦਾ ਖੂਹ ਭਰ ਜਾਂਦੈ, ਲੋਭ ਦੀ ਖਾਣ ਨਹੀਂ ਭਰਦੀ। ਮਹਾਮਾਰੀ ਤੋਂ ਇਨ੍ਹਾਂ ਧੇਲੇ ਦਾ ਨਹੀਂ ਸਿੱਖਿਆ। ਵੱਡੇ ਲੋਕ, ਦਿਲ ਛੋਟੇ, ਉਪਰ ਮੈਲ ਜੰਮੀ ਪਈ ਹੈ, ਸੈਨੇਟਾਈਜ਼ਰ ਨਾਲ ਧੋਣੇ ਪੈਣੇ ਨੇ। ਵੈਸੇ ਹੁਣ ਗੰਗਾ ਵੀ ਸਾਫ ਹੈ, ਉਥੇ ਮੂੰਹ ਧੋ ਆਉਣ। ਛੱਜੂ ਰਾਮ ਨੂੰ ਨਾ ਬੁਲਾਓ, ਮੂੰਹ ’ਤੇ ਮਾਸਕ ਬੰਨ੍ਹਿਐ, ਠੀਕਰੀ ਪਹਿਰੇ ’ਤੇ ਡਟਿਐੈ। ਦੱਸੋਂਗੇ, ਕੀ ਤੁਸੀਂ ਅੱਜ ਰਾਤ ਦੀਵੇ ਬਾਲੋਂਗੇ। ‘ਫੋੜਾ ਕਿਤੇ, ਚੀਰਾ ਕਿਤੇ’।