Showing posts with label Cronavirus. Show all posts
Showing posts with label Cronavirus. Show all posts

Saturday, April 18, 2020

                                                           ਕਣਕ ਤੇ ਕਰੋਨਾ 
                                 ਮੰਡੀਆਂ ’ਚ ਲੱਗੀ ਖਰੀਦ ਪ੍ਰਬੰਧਾਂ ਦੀ ਬੋਲੀ
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਣਕ ਦੀ ਖਰੀਦ ਸ਼ੁਰੂ ਹੋਣ ਮਗਰੋਂ ਹੁਣ ਜਾਗ ਖੁੱਲ੍ਹੀ ਹੈ। ਜਦੋਂ ਹੁਣ ਕਈ ਕਈ ਪਿੰਡਾਂ ਦੇ ਕਿਸਾਨ ਖਰੀਦ ਕੇਂਦਰਾਂ ’ਤੇ ਜੁੜਨ ਲੱਗੇ ਹਨ ਤਾਂ ਸਰਕਾਰ ਦੇ ਹੋਸ਼ ਉੱਡ ਗਏ ਹਨ। ਰਾਜ ਸਰਕਾਰ ਨੂੰ ਡਰ ਖੜ੍ਹਾ ਹੋ ਗਿਆ ਹੈ ਕਿ ਅਗਰ ਏਦਾਂ ਵੱਖ ਵੱਖ ਪਿੰਡਾਂ ਦੇ ਕਿਸਾਨ ਆਪਸ ਵਿਚ ਰਲਨਗੇ ਤਾਂ ਇਸ ਨਾਲ ਕਰੋਨਾਵਾਇਰਸ ਦੇ ਪਸਾਰ ਦਾ ਸਬੱਬ ਬਣ ਸਕਦਾ ਹੈ। ਕੈਪਟਨ ਸਰਕਾਰ ਹੁਣ ਪਿੰਡ ਪਿੰਡ ਖਰੀਦ ਕੇਂਦਰ ਬਣਾਉਣ ਬਾਰੇ ਸੋਚਣ ਲੱਗੀ ਹੈ ਜੋ ਇਸ ਪੜਾਅ ’ਤੇ ਸੰਭਵ ਨਹੀਂ ਜਾਪਦਾ ਹੈ। ਮੁੱਖ ਸਕੱਤਰ ਪੰਜਾਬ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਲਿਖੇ ਪੱਤਰ ਵਿਚ ਸਪੱਸ਼ਟ ਕਬੂਲ ਕੀਤਾ ਹੈ ਕਿ ਦੇਖਣ ਵਿਚ ਆਇਆ ਹੈ ਕਿ ਮੰਡੀਆਂ ਵਿਚ ਵੱਖ ਵੱਖ ਪਿੰਡਾਂ ਦੇ ਕਿਸਾਨ ਇਕੱਠੇ ਹੋ ਕੇ ਜਿਣਸ ਵੇਚਣ ਲਈ ਆ ਰਹੇ ਹਨ ਜਿਸ ਨੂੰ ਫੌਰੀ ਰੋਕਣ ਦੀ ਲੋੋੜ ਹੈ। ਮੁੱਖ ਸਕੱਤਰ ਨੇ ਆਖਿਆ ਹੈ ਕਿ ਇੱਕ ਪਿੰਡ ਦੇ ਕਿਸਾਨਾਂ ਨੂੰ ਮੰਡੀਆਂ ਵਿਚ ਦੂਜੇ ਪਿੰਡ ਦੇ ਕਿਸਾਨਾਂ ਨਾਲ ਆਪਸ ਵਿਚ ਰਲਣ ਦੀ ਆਗਿਆ ਕਿਸੇ ਵੀ ਸੂਰਤ ਵਿਚ ਨਹੀਂ ਦਿੱਤੀ ਜਾ ਸਕਦੀ ਹੈ। ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਆਪਸੀ ਮਿਲਾਪ ਨੂੰ ਰੋਕਣਾ ਵੀ ਜਰੂਰੀ ਹੈ। ਪੰਜਾਬ ਭਰ ਚੋਂ ਨਿਰੋਲ ਇੱਕ ਇੱਕ ਪਿੰਡ ਵਾਲੇ ਖਰੀਦ ਕੇਂਦਰਾਂ ਦਾ ਵੇਰਵਾ 18 ਅਪਰੈਲ ਤੱਕ ਮੰਗ ਲਿਆ ਗਿਆ ਹੈ । ਸੂਤਰ ਦੱਸਦੇ ਹਨ ਕਿ ਜਦੋਂ ਖਰੀਦ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤਾਂ ਸਰਕਾਰ ਪਿੰਡ ਪਿੰਡ ਖਰੀਦ ਕੇਂਦਰ ਬਣਾਉਣ ਬਾਰੇ ਸੋਚਣ ਲੱਗੀ ਹੈ।
               ਪੰਜਾਬ ਭਰ ਵਿਚ 1867 ਪੱਕੇ ਖਰੀਦ ਕੇਂਦਰ ਹਨ ਜਦੋਂ ਕਿ 1824 ਚੌਲ ਮਿੱਲਾਂ ਵਿਚ ਆਰਜ਼ੀ ਮੰਡੀ ਯਾਰਡ ਬਣਾਏ ਗਏ ਹਨ। ਰਾਜ ਭਰ ਵਿਚ 3691 ਦੇ ਕਰੀਬ ਖਰੀਦ ਕੇਂਦਰ ਬਣੇ ਹਨ ਜਦੋਂ ਕਿ ਪੰਜਾਬ ਵਿਚ ਪਿੰਡਾਂ ਦੀ ਗਿਣਤੀ ਕਰੀਬ 12, 278 ਬਣਦੀ ਹੈ। ਅੌਸਤਨ ਦੇਖੀਏ ਤਾਂ ਤਿੰਨ ਪਿੰਡਾਂ ਪਿਛੇ ਇੱਕ ਖਰੀਦ ਕੇਂਦਰ ਹੈ। ਸਰਕਾਰ ਇਸ ਮੌਕੇ ਇੱਛੁਕ ਹੈ ਕਿ ਹਰ ਪਿੰਡ ਦਾ ਆਪਣਾ ਵੱਖਰਾ ਖਰੀਦ ਕੇਂਦਰ ਬਣੇ ਤਾਂ ਜੋ ਕਿਸਾਨਾਂ ਦੀ ਇੱਕ ਪਿੰਡ ਤੋਂ ਦੂਸਰੇ ਪਿੰਡ ਵਿਚ ਆਮਦ ਰੁਕੇ। ਖਰੀਦ ਏਜੰਸੀਆਂ ਵੱਡੀ ਦਿੱਕਤ ਵਿਚ ਘਿਰ ਗਈਆਂ ਹਨ ਕਿਉਂਕਿ ਏਨੇ ਸਟਾਫ ਦਾ ਕਿਥੋਂ ਪ੍ਰਬੰਧ ਹੋਵੇਗਾ। ਆੜ੍ਹਤੀਆਂ ਅਤੇ ਮੰਡੀ ਬੋਰਡ ਲਈ ਵੀ ਇਹ ਸੌਖਾ ਕੰਮ ਨਹੀਂ ਜਾਪਦਾ ਹੈ। ਪਤਾ ਲੱਗਾ ਹੈ ਕਿ ਸਰਕਾਰ ਨੇ  ਹਦਾਇਤ ਕੀਤੀ ਹੈ ਕਿ ਹਰ ਪਿੰਡ ਵਿਚ ਸਕੂਲ, ਸਟੇਡੀਅਮ ਜਾਂ ਹੋਰ ਸਾਂਝੀਆਂ ਥਾਵਾਂ ਦੀ ਸ਼ਨਾਖ਼ਤ ਕਰ ਲਈ ਜਾਵੇ ਅਤੇ ਉਥੇ ਜਿਣਸ ਢੇਰੀ ਕਰਾ ਲਈ ਜਾਵੇ। ਜੋ ਛੋਟੇ ਵੱਡੇ ਸ਼ਹਿਰ ਹਨ, ਉਨ੍ਹਾਂ ਵਿਚ ਤਾਂ ਦਸ ਦਸ ਤੋਂ ਜਿਆਦਾ ਪਿੰਡਾਂ ਦੇ ਕਿਸਾਨ ਜਿਣਸ ਵੇਚਣ ਲਈ ਆ ਰਹੇ ਹਨ। ਪੰਜਾਬ ਵਿਚ ਟਾਵੇਂ ਖਰੀਦ ਕੇਂਦਰ ਹੀ ਹਨ ਜਿਥੇ ਇੱਕੋ ਪਿੰਡ ਦੀ ਜਿਣਸ ਦੀ ਆਮਦ ਹੁੰਦੀ ਹੋਵੇ। ਖਰੀਦ ਏਜੰਸੀਆਂ ਤਰਫ਼ੋਂ ਫੀਲਡ ਸਟਾਫ ਨੂੰ ਨਵੀਆਂ ਹਦਾਇਤਾਂ ਕਰ ਦਿੱਤੀਆਂ ਹਨ। ਐਤਕੀਂ ਪੰਜਾਬ ਵਿਚ ਕਣਕ ਦੀ ਖਰੀਦ ਦਾ ਕੰਮ 15 ਅਪਰੈਲ ਤੋਂ ਸ਼ੁਰੂ ਕੀਤਾ ਗਿਆ ਹੈ ਅਤੇ ਮੰਡੀਆਂ ਵਿਚ 135 ਲੱਖ ਮੀਟਰਿਕ ਟਨ ਫਸਲ ਦੀ ਆਮਦ ਹੋਣ ਦਾ ਅਨੁਮਾਨ ਹੈ।
               ਭਾਵੇਂ ਪੰਜਾਬ ਸਰਕਾਰ ਵੱਲੋਂ ਕਰੋਨਾਵਾਇਸ ਦੇ ਮੱਦੇਨਜ਼ਰ ਟੋਕਨ ਸਿਸਟਮ ਜ਼ਰੀਏ ਨਵੇਂ ਪ੍ਰਬੰਧ ਕੀਤੇ ਗਏ ਹਨ ਪ੍ਰੰਤੂ ਕਈ ਕਈ ਪਿੰਡਾਂ ਦੇ ਆਪਸ ਵਿਚ ਮਿਲਣ ਜੁਲਣ ਦੀ ਗੱਲ ਹੁਣ ਸਰਕਾਰ ਦੇ ਜ਼ਹਿਨ ਵਿਚ ਆਈ ਹੈ। ਸੂਤਰ ਦੱਸਦੇ ਹਨ ਕਿ ਬਦਲਵੇਂ ਪ੍ਰਬੰਧ ਵਜੋਂ ਇਹ ਵੀ ਵਿਉਂਤ ਬਣ ਰਹੀ ਹੈ ਕਿ ਇੱਕ ਦਿਨ ਵਿਚ ਖਰੀਦ ਕੇਂਦਰ ’ਤੇ ਇੱਕੋਂ ਪਿੰਡ ਦੇ ਕਿਸਾਨ ਹੀ ਜਿਣਸ ਵੇਚਣ ਆਉਣ।ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਪ੍ਰਤੀਕਰਮ ਸੀ ਕਿ ਸਰਕਾਰ ਨੂੰ ਪਹਿਲਾਂ ਯੋਜਨਾਬੰਦੀ ਕਰਕੇ ਅਜਿਹੇ ਪ੍ਰਬੰਧ ਕਰਨੇ ਚਾਹੀਦੇ ਸਨ। ਸਰਕਾਰ ਇਵੇਂ ਦੀ ਸਕੀਮ ਬਣਾਉਦੀ ਕਿ ਕਰੋਨਾ ਵਾਇਰਸ ਨੂੰ ਰੋਕਣ ਦਾ ਪੈਂਤੜਾ ਵੀ ਲਿਆ ਜਾਂਦਾ ਅਤੇ ਕਿਸਾਨ ਨੂੰ ਜਿਣਸ ਵੇਚਣ ਵਿਚ ਵੀ ਕੋਈ ਨਾ ਆਉਂਦੀ। ਸਰਕਾਰ ਕਿਸਾਨਾਂ ਨੂੰ ਖੱਜਲ ਹੋਣ ਤੋਂ ਰੋਕਣ ਦੇ ਰਾਹ ਪਵੇ।
                                ਨਵੀਂ ਵਿਉਂਤ ਬਣਾ ਰਹੇ ਹਾਂ : ਮੰਤਰੀ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਦਾ ਕਹਿਣਾ ਸੀ ਕਿ ਇਸ ਪੜਾਅ ’ਤੇ ਪਿੰਡ ਪਿੰਡ ਖਰੀਦ ਕੇਂਦਰ ਖੋਲ੍ਹਣੇ ਸੰਭਵ ਨਹੀਂ ਹਨ ਅਤੇ ਉਹ ਇਸ ਤਰ੍ਹਾਂ ਦੀ ਸਕੀਮ ਬਣਾ ਰਹੇ ਹਨ ਕਿ ਜਿਥੇ ਕਿਤੇ ਖਰੀਦ ਕੇਂਦਰ ’ਤੇ ਇੱਕ ਤੋਂ ਜਿਆਦਾ ਪਿੰਡਾਂ ਦੇ ਕਿਸਾਨ ਜਿਣਸ ਵੇਚਣ ਆਉਂਦੇ ਹਨ,ਉਥੇ ਪਿੰਡਾਂ ਦੀ ਵਾਰੀ ਬੰਨ ਦਿੱਤੀ ਜਾਵੇ ਤਾਂ ਜੋ ਅਲੱਗ ਅਲੱਗ ਪਿੰਡਾਂ ਦੇ ਕਿਸਾਨਾਂ ਦਾ ਆਪਸ ਵਿਚ ਮਿਲਾਪ ਹੋ ਹੀ ਨਾ ਸਕੇ। ਨਵੇਂ ਖਰੀਦ ਕੇਂਦਰ ਬਣਾਉਣੇ ਤੇ ਸਟਾਫ ਦਾ ਪ੍ਰਬੰਧ ਕਰਨਾ ਅੌਖਾ ਕੰਮ ਹੈ।

Friday, April 17, 2020

                                                          ਧਰਵਾਸ ਦਾ ਵੇਲਾ  
                            ਤਾਲਾਬੰਦੀ ਨੇ ਖੋਲ੍ਹੀਆਂ ਜ਼ਿੰਦਗੀ ਦੀਆਂ ਗੰਢਾਂ! 
                                                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਲਈ ਇਹ ਧਰਵਾਸ ਦੇ ਵੇਲਾ ਹੈ ਕਿ ਅਣਆਈਆਂ ਮੌਤਾਂ ਦੀ ਗਿਣਤੀ ਨੂੰ ਬਰੇਕ ਲੱਗੀ ਹੈ। ਭਾਵੇਂ ਕਰੋਨਾ ਦੇ ਭੈਅ ਨੇ ਨੀਂਦ ਉਡਾਈ ਹੈ ਤੇ ਤਾਲਾਬੰਦੀ ਨੇ ਦਮ ਘੁੱਟਿਆ ਹੈ ਪ੍ਰੰਤੂ ਫਿਰ ਵੀ ਜ਼ਿੰਦਗੀ ਨੂੰ ਥੋੜਾ ਸੌਖਾ ਸਾਹ ਆਇਆ ਹੈ। ਕਰੋਨਾ ਤੋਂ ਬਿਨਾ ਪੰਜਾਬ ’ਚ ਸਿਰਫ ਹੁਣ ਕੁਦਰਤੀ ਮੌਤਾਂ ਹੋ ਰਹੀਆਂ ਹਨ। ਪੰਜਾਬ ’ਚ ਖੁਦਕੁਸ਼ੀ ਦਰ, ਕਤਲਾਂ ਦੀ ਗਿਣਤੀ ਅਤੇ ਸੜਕ ਹਾਦਸੇ ਬਿਲਕੁਲ ਘੱਟ ਗਏ ਹਨ। ਹਜ਼ਾਰਾਂ ਜ਼ਿੰਦਗੀਆਂ ਅਣਆਈ ਮੌਤ ਦੇ ਮੂੰਹ ਜਾਣੋਂ ਬਚ ਗਈਆਂ ਹਨ। ਤਾਹੀਓਂ ਹੁਣ ਸਿਵਿਆਂ ’ਚ ਅੌਸਤਨ ਸਸਕਾਰਾਂ ਦੀ ਗਿਣਤੀ ਘਟ ਗਈ ਹੈ। ਵੇਰਵਿਆਂ ਅਨੁਸਾਰ ਪੰਜਾਬ ਦੇ ਦਸ ਜ਼ਿਲ੍ਹਿਆਂ ਵਿਚ 1 ਮਾਰਚ ਤੋਂ 22 ਮਾਰਚ ਤੱਕ (22 ਦਿਨ) ਦੌਰਾਨ ਸੜਕ ਹਾਦਸਿਆਂ ਦੇ 90 ਕੇਸ ਦਰਜ ਹੋਏ ਹਨ ਜਦੋਂ ਕਿ ਕਰਫਿਊ ਮਗਰੋਂ ਇਨ੍ਹਾਂ ਜ਼ਿਲ੍ਹਿਆਂ ਵਿਚ ਦਰਜ ਕੇਸਾਂ ਦੀ ਗਿਣਤੀ ਸਿਰਫ਼ ਪੰਜ ਰਹਿ ਗਈ ਹੈ। ਸਾਲ 2019 ਦੌਰਾਨ ਪੰਜਾਬ ’ਚ 3327 ਲੋਕ ਸੜਕ ਹਾਦਸਿਆਂ ਵਿਚ ਜਾਨ ਤੋਂ ਹੱਥ ਧੋ ਬੈਠੇ ਸਨ। ਅੌਸਤਨ ਦੇਖੀਏ ਤਾਂ ਪੰਜਾਬ ’ਚ ਰੋਜ਼ਾਨਾ 9 ਵਿਅਕਤੀ ਹਾਦਸਿਆਂ ਦਾ ਸ਼ਿਕਾਰ ਹੋਏ ਹਨ। ਅਪਰੈਲ ਮਹੀਨੇ ਦੇ ਇਨ੍ਹਾਂ 16 ਦਿਨਾਂ ਵਿਚ ਸੜਕ ਹਾਦਸਿਆਂ ਵਿਚ ਸਿਰਫ਼ 24 ਮੌਤਾਂ ਹੋਈਆਂ ਹਨ। ਮਤਲਬ ਕਿ ਦੋ ਦਿਨਾਂ ਵਿਚ ਅੌਸਤਨ ਸਿਰਫ਼ ਤਿੰਨ ਵਿਅਕਤੀ ਮੌਤ ਦੇ ਮੂੰਹ ਪਏ ਜਦੋਂ ਕਿ ਪਹਿਲਾਂ ਇਹੋ ਅੌਸਤਨ ਰੋਜ਼ਾਨਾ ਦੀ 9 ਜਣਿਆ ਦੀ ਸੀ।
               ਅੰਮ੍ਰਿਤਸਰ ਪੁਲੀਸ (ਦਿਹਾਤੀ) ਦੇ ਖੇਤਰ ਵਿਚ ਕਰਫਿਊ ਤੋਂ ਪਹਿਲਾਂ 22 ਦਿਨਾਂ ਵਿਚ 14 ਸੜਕ ਹਾਦਸਿਆਂ ਦੇ ਕੇਸ ਦਰਜ ਹੋਏ ਜਦੋਂ ਕਿ ਕਰਫਿਊ ਦੌਰਾਨ ਸਿਰਫ਼ ਇੱਕ ਕੇਸ ਦਰਜ ਹੋਇਆ। ਰੋਪੜ ਜ਼ਿਲ੍ਹੇ ਵਿਚ ਕਰਫਿਊ ਤੋਂ ਪਹਿਲੇ 22 ਦਿਨਾਂ ਦੌਰਾਨ ਹਾਦਸਿਆਂ ਦੇ 15 ਕੇਸ ਦਰਜ ਹੋਏ ਜਦੋਂ ਕਿ ਕਰਫਿਊ ਦੌਰਾਨ ਸਿਰਫ਼ ਇੱਕ ਕੇਸ 29 ਮਾਰਚ ਨੂੰ ਦਰਜ ਹੋਇਆ। ਇਸੇ ਤਰ੍ਹਾਂ ਪੰਜਾਬ ਵਿਚ ਕਤਲਾਂ ਦੀ ਗਿਣਤੀ ਵੇਖੀਏ ਤਾਂ ਸਾਲ 2018 ਵਿਚ 725 ਕਤਲ ਹੋਏ ਸਨ। ਕਰਫਿਊ ਮਗਰੋਂ ਕਤਲਾਂ ਦੀ ਗਿਣਤੀ ਨਾਮਾਤਰ ਰਹਿ ਗਈ ਹੈ। ਲੰਘੇ ਚਾਰ ਦਿਨਾਂ ਵਿਚ ਪੰਜਾਬ ਵਿਚ ਸਿਰਫ਼ ਤਿੰਨ ਕਤਲ ਹੋਏ ਹਨ। ਖੁਦਕੁਸ਼ੀ ਦਰ ਵੀ ਘਟੀ ਹੈ। ਭਾਵੇਂ ਘੁਟਣ ਵਾਲੇ ਮਾਹੌਲ ਕਾਰਨ ਕਈ ਖੁਦਕੁਸ਼ੀ ਹਾਦਸੇ ਹੋਏ ਹਨ ਪ੍ਰੰਤੂ ਕਿਸਾਨਾਂ ਮਜ਼ਦੂਰਾਂ ਤੋਂ ਇਲਾਵਾ ਘਰਾਂ ਵਿਚ ਹੁੰਦੀਆਂ ਖੁਦਕੁਸ਼ੀਆਂ ਘਟੀਆਂ ਹਨ। ਸੰਗਰੂਰ ਦਾ ਸੁਖਪਾਲ ਸਿੰਘ ਮਾਣਕ ਜੋ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਦਾ ਡਾਟਾਬੇਸ ਤਿਆਰ ਕਰ ਰਿਹਾ ਹੈ, ਨੇ ਦੱਸਿਆ ਕਿ ਕਰਫਿਊ ਮਗਰੋਂ ਕਿਸਾਨ ਮਜ਼ਦੂਰ ਖੁਦਕੁਸ਼ੀ ਦਰ ਬਿਲਕੁਲ ਘੱਟ ਗਈ ਹੈ ਜਦੋਂ ਕਿ ਪਹਿਲਾਂ ਪੰਜਾਬ ਵਿਚ ਜਨਵਰੀ ਤੋਂ 31 ਮਾਰਚ ਤੱਕ ਦੇ ਤਿੰਨ ਮਹੀਨਿਆਂ ਵਿਚ 64 ਕਿਸਾਨਾਂ ਮਜ਼ਦੂਰਾਂ ਦੇ ਖੁਦਕੁਸ਼ੀਆਂ ਕੀਤੀਆਂ ਹਨ। ਕਰਫਿਊ ਮਗਰੋਂ ਕਿਸਾਨ ਮਜ਼ਦੂਰਾਂ ’ਚ ਚਾਰ ਖੁਦਕੁਸ਼ੀਆਂ ਹੀ ਹੋਈਆਂ ਹਨ। ਸਾਲ 2019 ਵਿਚ 536 ਕਿਸਾਨ/ਮਜ਼ਦੂਰ ਜ਼ਿੰਦਗੀ ਨੂੰ ਅਲਵਿਦਾ ਆਖ ਗਏ ਸਨ।
               ਪੰਜਾਬ ਹੋਪਿਓਪੈਥੀ ਕੌਂਸਲ ਦੇ ਸਾਬਕਾ ਚੇਅਰਮੈਨ ਡਾ. ਭੁਪਿੰਦਰ ਸਿੰਘ ਗਿੱਦੜਬਹਾ ਦਾ ਕਹਿਣਾ ਸੀ ਕਿ ਬੰਦਸ਼ ਦੀ ਜ਼ਿੰਦਗੀ ਨੇ ਲੋਕਾਂ ਨੂੰ ਜੀਵਨ ਜਾਂਚ ’ਚ ਬਦਲਾਓ ਪ੍ਰਤੀ ਚੇਤੰਨ ਕੀਤਾ ਹੈ। ਜਦੋਂ ਕਰੋਨਾ ਦਾ ਆਲਮੀ ਸੰਕਟ ਹੈ ਤਾਂ ਏਦਾਂ ਦੇ ਮਾਹੌਲ ਵਿਚ ਖੁਦਕੁਸ਼ੀ ਬਾਰੇ ਸੋਚਣ ਵਾਲਿਆਂ ਨੂੰ ਆਪਣੀ ਸਮੱਸਿਆ ਛੋਟੀ ਜਾਪਣ ਲੱਗਦੀ ਹੈ। ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਤਾਲਾਬੰਦੀ ਖੁੱਲ੍ਹਣ ਮਗਰੋਂ ਨਵੇਂ ਰੁਝਾਨ ਵੇਖਣ ਨੂੰ ਮਿਲਨਗੇ। ਵੇਰਵਿਆਂ ਅਨੁਸਾਰ ਅਣਆਈਆਂ ਮੌਤਾਂ ਘਟਣ ਨਾਲ ਸਿਵੇ ਵੀ ਠੰਢੇ ਹੋਣ ਲੱਗੇ ਹਨ। ਵੱਖਰੀ ਗੱਲ ਹੈ ਕਿ ਕਰੋਨਾ ਦੇ ਡਰ ਸਿਰ ’ਤੇ ਗੱਜ ਵੱਜ ਕੇ ਖੜ੍ਹਾ ਹੈ।ਮਾਨਸਾ ਦੇ ਸ਼ਮਸ਼ਾਨਘਾਟ ਵਿਚ ਕਰਫਿਊ ਤੋਂ ਪਹਿਲਾਂ ਰੋਜ਼ਾਨਾ ਅੌਸਤਨ ਛੇ ਸੱਤ ਸਸਕਾਰ ਹੁੰਦੇ ਸਨ। ਪ੍ਰਬੰਧਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਹੁਣ ਰੋਜ਼ਾਨਾ ਦੀ ਅੌਸਤਨ ਤਿੰਨ ਦੀ ਹੀ ਰਹਿ ਗਈ ਹੈ। ਇਸੇ ਤਰ੍ਹਾਂ ਸੰਗਰੂਰ ਦੇ ਸ਼ਮਸ਼ਾਨਘਾਟ ਦੇ ਸੇਵਾਦਾਰ ਰਮੇਸ਼ ਕੁਮਾਰ ਨੇ ਦੱਸਿਆ ਕਿ ਹਰ ਮਹੀਨੇ ਵਿਚ ਸਸਕਾਰਾਂ ਦਾ ਅੰਕੜਾ 100 ਨੂੰ ਪਾਰ ਕਰਦਾ ਰਿਹਾ ਹੈ ਪ੍ਰੰਤੂ ਕਰਫਿਊ ਮਗਰੋਂ ਬਹੁਤੇ ਦਿਨ ਖਾਲੀ ਹੀ ਲੰਘਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦਰਜਨ ਤੋਂ ਜਿਆਦਾ ਸਸਕਾਰ ਹਾਦਸਿਆਂ ਅਤੇ ਖੁਦਕੁਸ਼ੀਆਂ ਵਾਲੇ ਹੁੰਦੇ ਸਨ ਜੋ ਹੁਣ ਘੱਟ ਗਏ ਹਨ।
               ਹੁਸ਼ਿਆਰਪੁਰ ਦੇ ਸ਼ਮਸ਼ਾਨਘਾਟ ਵਿਚ ਹਰ ਮਹੀਨੇ ਦੀ ਅੌਸਤਨ 150 ਤੋਂ 175 ਸਸਕਾਰਾਂ ਦੀ ਰਹੀ ਹੈ ਪ੍ਰੰਤੂ ਹੁਣ ਇਹ ਕਰੀਬ 80 ਕੁ ਸਸਕਾਰਾਂ ਤੇ ਆ ਗਈ ਹੈ। ਮੋਗਾ ਦੇ ਸ਼ਮਸ਼ਾਨਘਾਟ ਵਿਚ ਇਸ ਮਹੀਨੇ 12 ਕੁ ਸਸਕਾਰ ਹੋਏ ਹਨ ਜਦੋਂ ਕਿ ਮਾਰਚ ਮਹੀਨੇ ਵਿਚ 60 ਸਸਕਾਰ ਹੋਏ ਸਨ। ਇਵੇਂ ਹੀ ਬਠਿੰਡਾ ਦੇ ਮੁੱਖ ਸ਼ਮਸ਼ਾਨਘਾਟ ’ਚ ਸਸਕਾਰਾਂ ਦੀ ਅੌਸਤਨ ਰੋਜ਼ਾਨਾ ਦੀ 5 ਤੋਂ ਘੱਟ ਕੇ ਤਿੰਨ ਦੀ ਰਹਿ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ ਦਾ ਪ੍ਰਤੀਕਰਮ ਸੀ ਕਿ ਆਵਾਜ਼ਾਈ ਬੰਦ ਹੋਣ ਕਰਕੇ ਹਾਦਸੇ ਘਟਣੇ ਕੁਦਰਤੀ ਗੱਲ ਹੈ। ਉਨ੍ਹਾਂ ਦੱਸਿਆ ਕਿ ਤਾਲਾਬੰਦੀ ਦੇ ਦੁਰਪ੍ਰਭਾਵ ਅਸਲ ਵਿਚ ਮਗਰੋਂ ਸਾਹਮਣੇ ਆਉਣਗੇ। ਫਿਲਹਾਲ ਤਸੱਲੀ ਜ਼ਾਹਰ ਕੀਤੀ ਜਾ ਸਕਦੀ ਹੈ।



Thursday, April 16, 2020

                        ਕਰੋਨਾ ਦੀ ਮਾਰ 
           ਪੇਂਡੂ ਸੰਭਲੇ, ਸ਼ਹਿਰੀ ਉੱਖੜੇ
                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਏਨੇ ਡਰਾਵਣੇ ਨਹੀਂ ਜਾਪਦੇ ਜਿਨਾ ਕਰੋਨਾ ਖ਼ੌਫ ਨੇ ਲੋਕ ਅੰਦਰੋਂ ਹਿਲਾਏ ਹਨ। ਆਲਮੀ ਮਹਾਮਾਰੀ ਤਾਂ ਅਵੇਸਲੇ ਨਾ ਹੋਣ ਦਾ ਹੁੰਗਾਰਾ ਭਰ ਰਹੀ ਹੈ ਪ੍ਰੰਤੂ ਪੰਜਾਬ ਦੀ ਮੌਜੂਦਾ ਸਥਿਤੀ ਫਿਲਹਾਲ ਘਬਰਾਹਟ ਪੈਦਾ ਕਰਨ ਵਾਲੀ ਨਹੀਂ। ਪੰਜਾਬ ’ਚ 17 ਹੌਟਸਪਾਟ ਐਲਾਨੇ ਗਏ ਹਨ ਜਿਥੇ ਕਰੋਨਾ ਦਾ ਖ਼ਤਰਾ ਚੁਣੌਤੀ ਭਰਿਆ ਹੈ। ਦਿਹਾਤੀ ਪੰਜਾਬ ਤਾਂ ਪ੍ਰਕੋਪੀ ਤੋਂ ਦੂਰ ਜਾਪਦਾ ਹੈ ਪ੍ਰੰਤੂ ਸ਼ਹਿਰੀ ਲੋਕ ਉਖੜੇ ਹੋਏ ਹਨ।ਪੰਜਾਬੀ ਟ੍ਰਿਬਿਊਨ ਤਰਫ਼ੋਂ ਕਰੋਨਾ ਦੇ ਤੱਥਾਂ ਨੂੰ ਵਾਚਿਆ ਗਿਆ ਸਾਹਮਣੇ ਆਇਆ ਕਿ ਪੰਜਾਬ ਵਿਚ ਕਰੀਬ 13 ਹਜ਼ਾਰ ਪਿੰਡ ਪੈਂਦੇ ਹਨ ਜਿਨ੍ਹਾਂ ਚੋਂ ਸਿਰਫ਼ 23 ਪਿੰਡ (0.17 ਫ਼ੀਸਦੀ) ਕਰੋਨਾ ਤੋਂ ਫਿਲਹਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਕਰੋਨਾ ਪਾਜ਼ੇਟਿਵ ਕੇਸ ਪਾਏ ਗਏ ਜਾਂ ਫਿਰ ਮੌਤਾਂ ਹੋਈਆਂ। ਮੁਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ’ਤੇ ਹੈ ਜਿਥੇ 38 ਪਾਜ਼ੇਟਿਵ ਕੇਸ ਹਨ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ’ਤੇ ਆਉਂਦਾ ਹੈ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਨਾਲ ਪੰਜਾਬ ਹਿਲ ਗਿਆ ਸੀ। ਪੰਜਾਬ ਦੇ ਕੁੱਲ 148 ਬਲਾਕ ਹਨ ਜਿਨ੍ਹਾਂ ਚੋਂ ਕਰੋਨਾ ਕੇਸ ਸਿਰਫ 20 ਬਲਾਕਾਂ (13.51 ਫ਼ੀਸਦੀ) ’ਚ ਟਾਵੇਂ ਵੇਖੇ ਗਏ ਹਨ। ਦਿਹਾਤੀ ਪੰਜਾਬ ਦੀ ਆਬਾਦੀ ਕਰੀਬ 2 ਕਰੋੜ (ਪ੍ਰੋਜੈਕਟਡ) ਹੈ ਜਿਸ ਚੋਂ 23 ਪਿੰਡਾਂ ਦੀ ਕਰੀਬ ਡੇਢ ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਇਸੇ ਤਰ੍ਹਾਂ ਪੰਜਾਬ ਦੇ 161 ਟਾਊਨ ਹਨ ਜਿਨ੍ਹਾਂ ਚੋਂ ਕਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਵਾਲੇ 13 ਸ਼ਹਿਰ (8.07 ਫ਼ੀਸਦੀ) ਹਨ। ਪੰਜਾਬ ਦੀ ਪ੍ਰੋਜੈਕਟਡ ਮੌਜੂਦਾ ਕੁੱਲ ਆਬਾਦੀ 3.12 ਕਰੋੜ ਦੱਸੀ ਜਾ ਰਹੀ ਹੈ।
                 ਆਬਾਦੀ ਦੇ ਲਿਹਾਜ਼ ਨਾਲ ਵੇਖੀਏ ਤਾਂ ਅੌਸਤਨ ਛੇ ਹਜ਼ਾਰ ਦੀ ਆਬਾਦੀ ਪਿਛੇ ਕਰੋਨਾ ਦਾ ਇੱਕ ਸ਼ੱਕੀ ਕੇਸ ਬਣਦਾ ਹੈ। ਪੰਜਾਬ ’ਚ ਹੁਣ ਤੱਕ 5193 ਸ਼ੱਕੀ ਕੇਸ ਹਨ ਅਤੇ 186 ਕੇਸ ਪਾਜ਼ੇਟਿਵ ਹਨ। 13 ਮੌਤਾਂ ਵੀ ਹੋਈਆਂ ਹਨ। ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਹਾਲੇ ਤੱਕ ਇਸ ਅਲਾਮਤ ਤੋਂ ਬਚੇ ਹਨ। ਇਨ੍ਹਾਂ ਚਾਰੋਂ ਜ਼ਿਲ੍ਹਿਆਂ ਦੇ 2135 ਪਿੰਡ ਪੂਰੀ ਤਰ੍ਹਾਂ ਫਿਲਹਾਲ ਇਸ ਲਾਗ ਤੋਂ ਦੂਰ ਹਨ। ਇਵੇਂ ਹੀ ਜ਼ਿਲ੍ਹਾ ਮਾਨਸਾ,ਫਰੀਦਕੋਟ,ਮੁਕਤਸਰ ਅਤੇ ਅੰਮ੍ਰਿਤਸਰ ਦੇ 1657 ਪਿੰਡਾਂ ’ਚ ਕੋਈ ਪਾਜ਼ੇਟਿਵ ਕੇਸ ਨਹੀਂ ਆਇਆ ਹੈ ਜਦੋਂ ਇਨ੍ਹਾਂ ਜ਼ਿਲ੍ਹਿਆਂ ਦੇ ਪੰਜ ਸ਼ਹਿਰਾਂ ਵਿਚ ਪਾਜ਼ੇਟਿਵ ਕੇਸ ਪਾਏ ਗਏ ਹਨ। ਭਾਵੇਂ ਕਰੋਨਾ ਨੂੰ ਹਲਕੇ ਵਿਚ ਲੈਣ ਦਾ ਸਮਾਂ ਨਹੀਂ ਹੈ ਪ੍ਰੰਤੂ ਲੋਕ ਅੰਦਰੋਂ ਏਨੀ ਬੁਰੀ ਤਰ੍ਹਾਂ ਹੱਲੇ ਹੋਏ ਹਨ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਸੱਚ ਇਹ ਵੀ ਹੈ ਕਿ ਜਦੋਂ ਇੱਥੇ ਟੈਸਟਿੰਗ ਦੀ ਪੂਰੀ ਸੁਵਿਧਾ ਹੀ ਨਹੀਂ ਤਾਂ ਕੋਈ ਟੇਵਾ ਲਾਉਣਾ ਵੀ ਅੌਖਾ ਹੈ। ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਅਤੇ ਸੁੱਜੋਂ ਦੇ 19 ਕੇਸ ਪਾਜ਼ੇਟਿਵ ਸਨ ਜਿਨ੍ਹਾਂ ਚੋਂ 16 ਜਣੇ ਠੀਕ ਹੋ ਕੇ ਘਰ ਚਲੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਅਤੇ ਪੈਸਰਾਂ ਵਿਚ ਸੱਤ ਕੇਸ ਪਾਜ਼ੇਟਿਵ ਪਾਏ ਗਏ। ਰੋਪੜ ਦੇ ਪਿੰਡ ਚਤਾਮਲੀ ਵਿਚ ਤਿੰਨ ਕੇਸ ਪਾਜ਼ੇਟਿਵ ਸਨ ਅਤੇ ਇਵੇਂ ਹੀ ਲੁਧਿਆਣਾ ਦੇ ਪਿੰਡ ਚੌਕੀਮਾਨ ਵਿਚ ਚਾਚਾ ਭਤੀਜਾ ਪਾਜ਼ੇਟਿਵ ਆਏ ਹਨ। ਜਲੰਧਰ ਦੇ ਪਿੰਡ ਵਿਰਕ ਅਤੇ ਕੋਟਲਾ ਹੇਰਾਂ ’ਚ ਵੀ ਅਲਾਮਤ ਨੇ ਰੰਗ ਦਿਖਾਇਆ ਹੈ।
                ਪਠਾਨਕੋਟ ਦੇ ਪਿੰਡ ਤਰੋਟਵਾਂ ਅਤੇ ਬਗਿਆਲ ਲਪੇਟ ਵਿਚ ਆਏ ਹਨ ਅਤੇ ਸੰਗਰੂਰ ਦੇ ਪਿੰਡ ਘੱਗੜਪੁਰ ਅਤੇ ਦਹਿਲੀਜ਼ ਕਲਾਂ ਦੀ ਦੇਹਲੀ ਵਾਇਰਸ ਟੱਪਿਆ ਹੈ। ਫਤਹਿਗੜ੍ਹ ਸਾਹਿਬ ਦਾ ਪਿੰਡ ਮਨੇਲੀ ਵੀ ਇਸੇ ਕਤਾਰ ਵਿਚ ਖੜ੍ਹਾ ਹੋਇਆ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਅੌਰਤ ਦੀ ਇਸੇ ਬਿਮਾਰੀ ਨਾਲ ਮੌਤ ਹੋਈ ਹੈ। ਸ਼ਹਿਰਾਂ ’ਤੇ ਨਜ਼ਰ ਮਾਰੀਏ ਤਾਂ ਮੁਹਾਲੀ, ਜਲੰਧਰ, ਅੰਮ੍ਰਿਤਸਰ, ਬੁਢਲਾਡਾ,ਪਠਾਨਕੋਟ,ਲੁਧਿਆਣਾ,ਫਰੀਦਕੋਟ,ਪਟਿਆਲਾ ਨੂੰ ਵਾਇਰਸ ਨੇ ਸਿੱਧੀ ਸੱਟ ਮਾਰੀ ਹੈ। ਸਮਾਜਿਕ ਕਾਰਕੁਨ ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਆਖਦੇ ਹਨ ਕਿ ਪੰਜਾਬ ਦੇ ਲੋਕ ਜਿਥੇ ਕਰੋਨਾ ਤੋਂ ਡਰੇ ਹਨ, ਉਥੇ ਗੈਰ ਭਰੋਸਗੀ ਕਰਕੇ ਸਰਕਾਰੀ ਪ੍ਰਬੰਧਾਂ ਤੋਂ ਵੱਧ ਖ਼ੌਫ ਵਿਚ ਹਨ। ਉਨ੍ਹਾਂ ਆਖਿਆ ਕਿ ਲੋਕ ਸੋਚਦੇ ਹਨ ਕਿ ਅਗਰ ਤਾਕਤਵਾਰ ਮੁਲਕ ਸੰਭਲ ਨਹੀਂ ਸਕੇ ਤਾਂ ਭਾਰਤ ਦੇ ਵਸ ਦਾ ਰੋਗ ਕਿਥੇ ਹੈ।ਮੋਟਾ ਅੰਦਾਜ਼ਾ ਹੈ ਕਿ ਦਿਹਾਤੀ ਪੰਜਾਬ ਦਾ ਵੱਡਾ ਹਿੱਸਾ ਕਰੋਨਾ ਤੋਂ ਦੂਰ ਹੈ। ਜਦੋਂ ਬਾਕੀ ਆਲਮ ਦੀ ਤਰ੍ਹਾਂ ਪੰਜਾਬ ਵੀ ਇਸ ਵਾਇਰਸ ਦੀ ਜਕੜ ਵਿਚ ਹੈ ਤਾਂ ਇਸ ਮੌਕੇ ਪ੍ਰਾਈਵੇਟ ਡਾਕਟਰਾਂ ਦਾ ਛੁਪ ਜਾਣਾ ਵੀ ਆਮ ਲੋਕਾਂ ਵਿਚ ਰੋਹ ਪੈਦਾ ਕਰ ਰਿਹਾ ਹੈ। ਚਰਚੇ ਇਹ ਵੀ ਹਨ ਕਿ ਆਉਂਦੇ ਦਿਨਾਂ ਵਿਚ ਇਸ ਵਾਇਰਸ ਦਾ ਭਿਆਨਕ ਰੂਪ ਸਾਹਮਣੇ ਆ ਸਕਦਾ ਹੈ। ਹਾੜੀ ਦੀ ਫਸਲ ਵੀ ਹੁਣ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਇਸ ਘੜੀ ’ਚ ਕਰੋਨਾ ਵਾਇਰਸ ਨੇ ਪੰਜਾਬ ਦੇ ਸਿਹਤ ਪ੍ਰਬੰਧਾਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਆਫਤ ਸਿਰ ਖੜ੍ਹੀ ਹੈ ਅਤੇ ਮੁਢਲੇ ਇੰਤਜ਼ਾਮਾਂ ਲਈ ਹੱਥ ਪੈਰ ਮਾਰੇ ਜਾ ਰਹੇ ਹਨ।
                           ਅਵੇਸਲੇ ਹੋਣ ਦਾ ਸਮਾਂ ਨਹੀਂ : ਮੰਤਰੀ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਆਖਦੇ ਹਨ ਕਿ ਕਰਫਿਊ ਕਰਕੇ ਪੰਜਾਬ ਹਾਲੇ ਥੋੜਾ ਬਚਿਆ ਹੈ ਅਤੇ ਪੇਂਡੂ ਨਾਕਾਬੰਦੀ ਵੀ ਸਹਿਯੋਗੀ ਬਣੀ ਹੈ। ਵਿਸ਼ਵੀ ਆਫਤ ਕਰਕੇ ਲੋਕ ਜਾਗਰੂਕ ਹੋਏ ਹਨ। ਪੰਜਾਬੀ ਖੁਦ ਵੀ ਸੰਭਲੇ ਹਨ ਅਤੇ ਸਰਕਾਰ ਨੇ ਵੀ ਵੇਲਾ ਸੰਭਾਲਿਆ ਹੈ। 10 ਲੱਖ ਰੈਪਿਡ ਟੈਸਟ ਕਿੱਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨਾਲ ਟੈਸਟਿੰਗ ਦਾ ਕੰਮ ਸਪੀਡੀ ਹੋਵੇਗਾ ਅਤੇ 17 ਹੌਟਸਪੌਟ ’ਤੇ ਵੀ ਬਾਰੀਕੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਕਸ ਰਹਿ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਦਾ ਸਮਾਂ ਹੈ। ਬਹੁਤਾ ਅਵੇਸਲੇ ਹੋਣ ਦਾ ਵਕਤ ਨਹੀਂ। ‘ਸਿਦਕ’ ਫੋਰਮ ਦੇ ਸਾਧੂ ਰਾਮ ਕੁਸਲਾ ਆਖਦੇ ਹਨ ਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਕਰੋਨਾ ਦੇ ਪਸਾਰ ਬਾਰੇ ਭਵਿੱਖਬਾਣੀ ਕਰਕੇ ਲੋਕਾਂ ਨੂੰ ਡਰਾ ਦਿੱਤਾ ਹੈ। ਲੋੜ ਲੋਕਾਂ ਨੂੰ ਚੇਤੰਨ ਕਰਨ ਦੀ ਹੈ, ਨਾ ਕਿ ਹਊਆ ਪੈਦਾ ਕਰਨ ਦੀ।
   

Wednesday, April 15, 2020

                       ਕਰੋਨਾ ਦਾ ਭੈਅ 
 ਰਾਤਾਂ ਨੂੰ ਡਰ-ਡਰ ਉੱਠਣ ਲੱਗੇ ਪੰਜਾਬੀ
                       ਚਰਨਜੀਤ ਭੁੱਲਰ
ਚੰਡੀਗੜ੍ਹ : ਆਲਮੀ ਮਹਾਮਾਰੀ ਦੇ ਭੈਅ ਨੇ ਪੰਜਾਬ ਦੇ ਲੋਕਾਂ ਦੀ ਨੀਂਦ ਉੱਡਾ ਦਿੱਤੀ ਹੈ। ਬਿਮਾਰੀ ਦਾ ਖ਼ੌਫ ਤੇ ਉਪਰੋਂ ਤਾਲਾਬੰਦੀ ਦੀ ਜਕੜ ਨੇ ਲੋਕਾਂ ’ਚ ਮਾਨਸਿਕ ਤਣਾਅ ਵਧਾ ਦਿੱਤਾ ਹੈ। ਮਨੋਰੋਗ ਮਾਹਿਰਾਂ ਕੋਲ ਹਫਤੇ ਤੋਂ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਕਾਰੋਬਾਰੀ ਲੋਕ ਸਨਅਤਾਂ ਨੂੰ ਜਿੰਦਰੇ ਵੱਜਣ ਕਰਕੇ ਬੇਚੈਨ ਹੋ ਗਏ ਹਨ। ਦਿਹਾੜੀਦਾਰ ਕੰਮਾਂ ਤੋਂ ਵਿਹਲੇ ਹੋਣ ਕਰਕੇ ਪ੍ਰੇਸ਼ਾਨ ਹਨ। ਵੱਡੀ ਗੱਲ ਇਹ ਹੈ ਕਿ ਬਹੁਤੇ ਲੋਕਾਂ ਨੂੰ ਵਹਿਮ ਹੋ ਗਿਆ ਹੈ ਕਿ ਕਿਤੇ ਉਨ੍ਹਾਂ ਨੂੰ ਕਰੋਨਾ ਤਾਂ ਨਹੀਂ ਹੋ ਗਿਆ।ਵੇਰਵਿਆਂ ਅਨੁਸਾਰ ਬਹੁਤੇ ਲੋਕ ਰਾਤਾਂ ਜਾਗ ਕੇ ਕੱਢਣ ਲੱਗੇ ਹਨ। ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਹੁਸ਼ਿਆਰਪੁਰ ਦੇ ਪ੍ਰਾਈਵੇਟ ਨਿਊ ਸੈਣੀ ਹਸਪਤਾਲ ਵਿਚ ਗੁਰਦਾਸਪੁਰ ਤੋਂ ਅੱਜ ਦੋ ਨਵੇਂ ਮਰੀਜ਼ ਆਏ ਜਿਨ੍ਹਾਂ ਨੂੰ ਤਾਲਾਬੰਦੀ ਮਗਰੋ ਮਰਜ਼ ਵਧ ਗਈ ਸੀ। ਹਸਪਤਾਲ ਦੇ ਮਨੋਰੋਗਾਂ ਦੇ ਮਾਹਿਰ ਡਾ. ਬਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਰੋਜ਼ਾਨਾ ਦਰਜਨਾਂ ਨਵੇਂ ਮਰੀਜ਼ ਅਜਿਹੇ ਆ ਰਹੇ ਹਨ ਜਿਨ੍ਹਾਂ ’ਚ ਕਰੋਨਾ ਤੇ ਕਰਫਿਊ ਕਰਕੇ ਮਾਨਸਿਕ ਤਣਾਓ ਬਣਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਵਾਰ ਵਾਰ ਇੱਕੋ ਗੱਲ ਸੋਚਣ ਅਤੇ ਵਾਰ ਵਾਰ ਹੱਥ ਧੋਣ ਵਾਲੇ ਮਰੀਜ਼ ਵੀ ਵਧੇ ਹਨ। ਇਸ ਹਸਪਤਾਲ ਵਿਚ ਰੋਜ਼ਾਨਾ ਅੌਸਤਨ 70 ਤੋਂ 80 ਮਰੀਜ਼ ਪੁੱਜ ਰਹੇ ਹਨ।
        ਬਰਨਾਲਾ ਦੇ ਪਿੰਡ ਢਿੱਲਵਾਂ ਦੇ ਬਲਦੇਵ ਸਿੰਘ ਢਿਲੋਂ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਬੱਚੇ ਵਿਦੇਸ਼ ਸਟੱਡੀ ਵੀਜ਼ੇ ’ਤੇ ਗਏ ਹਨ ਜਿਨ੍ਹਾਂ ਦੇ ਮਾਪੇ ਹੁਣ ਕਰੋਨਾ ਵਾਇਰਸ ਕਰਕੇ ਚਿੰਤਾ ਵਿਚ ਹਨ। ਪਤਾ ਲੱਗਾ ਹੈ ਕਿ ਇੱਕ ਪਰਿਵਾਰ ਨੇ ਜ਼ਮੀਨ ਵੇਚ ਕੇ ਲੜਕੀ ਨੂੰ ਵਿਦੇਸ਼ ਭੇਜਿਆ ਸੀ ਜਿਸ ਕੋਲੋਂ ਵਿਦੇਸ਼ ਵਿਚ ਕੰਮ ਖੁਸ ਗਿਆ ਹੈ। ਉਸ ਦੇ ਮਾਪੇ ਮਾਨਸਿਕ ਤਣਾਓ ਵਿਚ ਆ ਗਏ ਹਨ। ਜਲੰਧਰ ਦੇ ਸਿਵਲ ਹਸਪਤਾਲ ਵਿਚ ਡਿਪਰੈਸ਼ਨ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ। ਡਾ. ਅਮਨ ਸੂਦ ਨੇ ਦੱਸਿਆ ਕਿ ਤਣਾਓ ਦੇ ਮਰੀਜ਼ ਜਿਆਦਾ ਵਧੇ ਹਨ ਅਤੇ ਬਹੁਤੇ ਫੋਨ ’ਤੇ ਸਲਾਹ ਮਸ਼ਵਰਾ ਵੀ ਲੈ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜਲੰਧਰ ਦੇ ਕਈ ਕਾਰੋਬਾਰੀ ਵੀ ਦਵਾਈ ਖਾਣ ਲੱਗੇ ਹਨ।ਲੁਧਿਆਣਾ ਦੇ ਸਿਵਲ ਹਸਪਤਾਲ ਵਿਚ ਘਬਰਾਹਟ ਅਤੇ ਚਿੰਤਾ ਵਾਲੇ ਮਰੀਜ਼ ਆ ਰਹੇ ਹਨ। ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ.ਵਿਵੇਕ ਗੋਇਲ ਨੇ ਦੱਸਿਆ ਕਿ ਰੋਜ਼ਾਨਾ 10 ਤੋਂ 12 ਮਰੀਜ਼ ਨਵੇਂ ਆ ਰਹੇ ਹਨ ਜਿਨ੍ਹਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਘਬਰਾਹਟ ਹੁੰਦੀ ਰਹਿੰਦੀ ਹੈ।
                 ਫਿਰੋਜ਼ਪੁਰ ਦੇ ਪਿੰਡ ਸ਼ੇਖ ਖਾਂ ਦੇ ਦਲਵਿੰਦਰ ਸਿੰਘ ਨੇ ਦੱਸਿਆ ਕਿ ਲੋਕਾਂ ’ਚ ਕਰੋਨਾ ਕਰਕੇ ਇੱਥੋਂ ਤੱਕ ਵਹਿਮ ਬਣ ਗਿਆ ਹੈ ਕਿ ਲੋਕ ਗੁਰੂ ਘਰਾਂ ਵਿਚ ਵੀ ਖੜ੍ਹੇ ਖੜੇ੍ਹ ਮੱਥਾ ਟੇਕਣ ਲੱਗੇ ਹਨ।ਸਿਵਲ ਹਸਪਤਾਲ ਬਠਿੰਡਾ ਦੇ ਡਾ.ਅਰੁਣ ਬਾਂਸਲ ਨੇ ਵੀ ਪੁਸ਼ਟੀ ਕੀਤੀ ਕਿ ਏਦਾਂ ਦੇ ਮਰੀਜ਼ ਆਉਣ ਲੱਗੇ ਹਨ ਜੋ ਆਖਦੇ ਹਨ ਕਿ ਉਨ੍ਹਾਂ ਨੂੰ ਕਰੋਨਾ ਹੋਣ ਦਾ ਵਹਿਮ ਹੋ ਗਿਆ ਹੈ। ਕਈ ਮਾਪੇ ਦਵਾਈ ਲੈ ਕੇ ਗਏ ਹਨ ਜਿਨ੍ਹਾਂ ਦੇ ਬੱਚੇ ਵਿਦੇਸ਼ ਪੜ੍ਹਨ ਗਏ ਹੋਏ ਹਨ। ਜੋ ਪੁਰਾਣੇ ਮਰੀਜ਼ ਡਿਪਰੈਸ਼ਨ ਦੇ ਸਨ, ਉਨ੍ਹਾਂ ਵਿਚ ਵੀ ਫਿਕਰਮੰਦੀ ਵਧੀ ਹੋਈ ਹੈ। ਇਸੇ ਤਰ੍ਹਾਂ ਮੋਗਾ ਦੇ ਸਿਵਲ ਹਸਪਤਾਲ ਵਿਚ ਵੀ ਤਣਾਓ ਵਾਲੇ ਕੇਸਾਂ ਦੀ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ। ਇਸ ਹਸਪਤਾਲ ਦੇ ਡਾ.ਚਰਨਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਉਦਾਸੀ ਤੇ ਘਬਰਾਹਟ ਵਾਲੇ ਮਰੀਜ਼ ਆ ਰਹੇ ਹਨ ਜੋ ਭਵਿੱਖ ਨੂੰ ਲੈ ਕੇ ਫਿਕਰਮੰਦ ਹਨ। ਪਤਾ ਲੱਗਾ ਹੈ ਕਿ ਸ਼ਹਿਰਾਂ ਵਿਚ ਤਾਂ ਲੋਕ ਘਰਾਂ ਵਿਚ ਯੋਗਾ ਤੇ ਮੈਡੀਟੇਸ਼ਨ ਵਗੈਰਾ ਵੀ ਹੁਣ ਕਰਨ ਲੱਗੇ ਹਨ ਤਾਂ ਜੋ ਤਣਾਓ ਨੂੰ ਘਟਾਇਆ ਜਾ ਸਕੇ।
       ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਮਨੋਰੋਗ ਵਿਭਾਗ ਦੇ ਡਾ. ਹਰਦੀਪ ਸਿੰਘ ਦਾ ਪ੍ਰਤੀਕਰਮ ਸੀ ਕਿ ਆਉਂਦੇ ਸਮੇਂ ਵਿਚ ਮਾਨਸਿਕ ਰੋਗਾਂ ਦਾ ਉਬਾਲ ਸਾਹਮਣੇ ਆਏਗਾ ਕਿਉਂਕਿ ਫਿਲਹਾਲ ਲੋਕ ਇਸ ਮਾਹੌਲ ਨੂੰ ਝੱਲ ਰਹੇ ਹਨ। ਜਿਥੇ ਲੋਕਾਂ ’ਚ ਵਹਿਮ ਵਧਣ ਦਾ ਖਦਸ਼ਾ ਹੈ, ਉਥੇ ਸਕੂਲੀ ਬੱਚਿਆਂ ਨੂੰ ਵੀ ਮੁੜ ਪੁਰਾਣੇ ਰੌਂਅ ’ਚ ਲਿਆਉਣ ਲਈ ਵੀ ਵਕਤ ਲੱਗੇਗਾ। ਦੱਸਣਯੋਗ ਹੈ ਕਿ ਜੋ ਕਰੋਨਾ ਪੀੜਤਾਂ ਦੇ ਸਕੇ ਸਬੰਧੀ ਹਨ,ਉਨ੍ਹਾਂ ਦੀ ਕੌਂਸਲਿੰਗ ਕਰਨ ਵਾਸਤੇ ਵੀ ਸਿਹਤ ਵਿਭਾਗ ਨੇ ਹਦਾਇਤਾਂ ਜਾਰੀ ਕੀਤੀਆਂ ਹਨ। ਫਰੀਦਕੋਟ ਦੇ ਸਰਕਾਰੀ ਹਸਪਤਾਲ ਵਿਚ 55 ਵਰ੍ਹਿਆਂ ਦੀ ਇੱਕ ਮਹਿਲਾ ਇਲਾਜ ਲਈ ਪੁੱਜੀ ਜਿਸ ਨੂੰ ਕਰੋਨਾ ਦਾ ਵਹਿਮ ਹੋ ਗਿਆ ਸੀ। ਮੁਕੇਰੀਆਂ ਨੇੜਲੇ ਪਿੰਡ ਪੁਰਾਣਾ ਭੁਗਾਲਾ ਦੇ ਆਗੂ ਓਂਕਾਰ ਸਿੰਘ ਦਾ ਕਹਿਣਾ ਸੀ ਕਿ ਗਰੀਬ ਤਬਕਾ ਮਾਨਸਿਕ ਪੀੜਾ ਚੋਂ ਗੁਜ਼ਰ ਰਿਹਾ ਹੈ ਜਿਨ੍ਹਾਂ ਤੋਂ ਕੰਮ ਖੁਸ ਗਿਆ ਹੈ ਅਤੇ ਉਪਰੋਂ ਰਾਸ਼ਨ ਲਈ ਬਿਗਾਨੇ ਹੱਥਾਂ ਵੱਲ ਵੇਖਣਾ ਪੈਂਦਾ ਹੈ। ਸੂਤਰ ਆਖਦੇ ਹਨ ਕਿ ਨੀਂਦ ਤੇ ਘਬਰਾਹਟ ਦੀ ਮੈਡੀਸਨ ਦੀ ਖਪਤ ਵਧ ਗਈ ਹੈ। ਵੱਡੀ ਤਸਵੀਰ ਕਰਫਿਊ ਖੁੱਲ੍ਹਣ ਮਗਰੋਂ ਸਾਹਮਣੇ ਆਵੇਗੀ।


Sunday, April 12, 2020

                         ਵਿਚਲੀ ਗੱਲ
              ਵਸਦਾ ਰਹੇ ਇਹ ਪਿੰਡ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਜਦੋਂ ਇਮਾਨ ਕਰੰਡ ਹੋ ਜਾਏ। ਮਨ ਦਾ ਸ਼ੀਸ਼ਾ ਮੈਲਖੋਰਾ ਹੋ ਜਾਏ। ਕੀੜਾ ਸੋਚ ਨੂੰ ਲੱਗ ਜਾਏ। ਮਨੁੱਖ ’ਚੋਂ ਛਲੇਡੇ ਦਾ ਝਉਲਾ ਪਵੇ। ਤਹਿਜ਼ੀਬੀ ਲੋਗੜ ਭੰਬੂ ਬਣ ਉੱਡੇ। ਵਿਹੜਾ ਪਟਮੇਲੀ ਮੱਲ ਲਵੇ। ਰੂਹਾਂ ਦੇ ਸਿਰਨਾਵੇਂ ਉਦੋਂ ਲਿਖਣੇ ਪੈਂਦੇ ਨੇ। ਸੁੱਤੀ ਕਲਾ ਨੂੰ ਉਠਾਉਣਾ ਪੈਂਦੈ। ਧੁਰ ਦਰਗਾਹੋਂ ਇੱਕ ਤ੍ਰਿਪਤ ਰੂਹ ਬੋਲੀ ਹੈ। ਦਾਸ ਨੂੰ ਦਸੌਂਧੀ ਰਾਮ ਆਖਦੇ ਨੇ। ਪਟਿਆਲੇ ਵਾਲੇ ‘ਬੀਰਜੀ’ ਆਖ ਸੱਦਦੇ। ਲਾਵਾਰਸ ਲਾਸ਼ਾਂ ਦਾ ਵਾਰਸ ਬਣਿਆ। ਉਮਰ ਉਦੋਂ ‘ਬੀਰਜੀ’ ਦੀ ਮਸਾਂ 16 ਕੁ ਵਰ੍ਹੇ ਸੀ। ਸੜਕ ਕੰਢੇ ਪਈ ਲਾਸ਼ ਵੇਖੀ। ਸਭ ਨੱਕ ਵਲ੍ਹੇਟ ਲੰਘੀ ਜਾਣ। ਦਸੌਂਧੀ ਰਾਮ ਦੇ ਪੈਰ ਰੁਕ ਗਏ। ਰੇਹੜੀ ’ਤੇ ਲਾਸ਼ ਰੱਖੀ। ਸਿਵਿਆਂ ’ਚ ਲੈ ਗਿਆ। ਬੱਸ ਫਿਰ ਤਾਉਮਰ ਲਾਵਾਰਸ਼ ਲਾਸਾਂ ਢੋਂਦਾ ਰਿਹਾ। ਦਸੌਂਧੀ ਰਾਮ ਸਰਕਾਰੀ ਮੁਲਾਜ਼ਮ ਸੀ। ਜਹਾਨੋਂ ਤੁਰੇ ਨੂੰ ਚਾਲੀ ਸਾਲ ਬੀਤ ਚੱਲੇ ਨੇ। ਬਰਾਤ ਤਿਆਰ ਬਰ ਤਿਆਰ ਸੀ। ਲਾੜਾ ਸਿਵੇ ’ਚ ਕਿਸੇ ਲਾਸ਼ ਦੀ ਮਿੱਟੀ ਸਮੇਟ ਰਿਹਾ ਸੀ। ਜਿੰਨਾ ਸਮਾਂ ‘ਬੀਰਜੀ’ ’ਚ ਸਾਹ ਚੱਲੇ। ਮਜ਼ਾਲ ਐ ਕੋਈ ਲਾਸ਼ ਰੁਲੀ ਹੋਵੇ। ਮਹਾਰਾਜਾ ਯਾਦਵਿੰਦਰ ਸਿੰਘ ਦਾ ਮਹਿਲ ‘ਬੀਰਜੀ’ ਲਈ ਚੌਵੀ ਘੰਟੇ ਖੁੱਲ੍ਹਾ ਸੀ। ਮੁੱਖ ਮੰਤਰੀ ਹੁੰਦਿਆਂ ਕੇਰਾਂ ਗਿਆਨੀ ਜ਼ੈਲ ਸਿੰਘ ਪਟਿਆਲੇ ਆਏ। ਉਨ੍ਹਾਂ ‘ਬੀਰਜੀ’ ਦੇ ਪੈਰੀਂ ਹੱਥ ਲਾਏ। ਤੁੱਛ ਭੇਟਾ ਕਬੂਲ ਕਰੋ, ਆਖ ਗਿਆਰਾਂ ਹਜ਼ਾਰ ਰੁਪਏ ਦਿੱਤੇ। ਭਲਾ ਬੰਦਾ ਸੀ, ਜਿਥੋਂ ਦਸੌਂਧੀ ਰਾਮ ਲੰਘਦਾ। ਪੁਰਸ਼ ਹੱਥ ਜੋੜ ਖਲੋ ਜਾਂਦੇ। ਅੌਰਤਾਂ ਸਿਰ ਢਕ ਲੈਂਦੀਆਂ। ਖ਼ਬਰ ਛਪੀ, ‘ਬੀਰਜੀ ਨਹੀਂ ਰਹੇ’। ਅਰਥੀ ਪਿਛੇ ’ਕੱਠ ਕਿੰਨਾ ਸੀ। ਕਿਸੇ ਪੁਰਾਣੇ ਬੰਦੇ ਨੂੰ ਪੁੱਛਿਓ।
                 ਤਪਾ ਮੰਡੀ ਦਾ ਅਮਰ ਚਾਚਾ। ਮਰ ਕੇ ਵੀ ਅਮਰ ਹੋ ਗਿਆ। ਜੁਗੜੇ ਬੀਤ ਗਏ ਨੇ, ਅਲਵਿਦਾ ਆਖੇ ਨੂੰ। ਕਿਸੇ ਘਰ ਅੱਗ ’ਚ ਬੱਚਾ ਫਸ ਗਿਆ। ਸਲਾਮਤ ਕੱਢ ਲਿਆਇਐ। ਚਾਚੇ ਨੇ ਅੱਖਾਂ ਸਾੜ ਲਈਆਂ। ਕਿਸੇ ਘਰ ਖੁਸ਼ੀ ਹੁੰਦੀ, ਤਾਂ ਅੱਗੇ, ਗਮੀ ਹੁੰਦੇ ਤਾਂ ਅੱਗੇ। ਜਦੋਂ ਪਲੇਗ ਪਈ ਸੀ। ਅਰਥੀ ਥੱਕ ਗਈ, ਚਾਚਾ ਨਾ ਥੱਕਿਆ। ਕੋਈ ਅਲਾਮਤ ਆਉਂਦੀ, ਚਾਚੇ ਨੂੰ ਵਾਜ ਪੈਂਦੀ। ਜ਼ਿੰਦਗੀ ਭਰ ਇਕੱਲਤਾ ਭੋਗੀ। ਤੀਆਂ ਤੋਂ ਮੁੜਦੀਆਂ ਕੁੜੀਆਂ, ਚਾਚੇ ਦੇ ਪੈਰੀਂ ਹੱਥ ਲਾਉਂਦੀਆਂ। ਬਠਿੰਡੇ ਵਾਲਾ ਚਾਚਾ ਵੀ ਘੱਟ ਨਹੀਂ। ਫੁੱਟਪਾਥ ’ਤੇ ਬੈਠਦੈ। ਚਾਚਾ ਵਿਜੇ ਗੋਇਲ। ਕਿਤੋਂ ਲਾਵਾਰਸ ਮਿਲ ਜਾਏ, ਖੁਦ ਸਿਰਾਂ ’ਚੋਂ ਕੀੜੇ ਕੱਢਣ ਬੈਠ ਜਾਂਦੈ। ਸਸਕਾਰ ਕਿੰਨੇ ਕਰਤੇ, ਕੋਈ ਹਿਸਾਬ ਨਹੀਂ। ਏਡਜ਼ ਪੀੜਤ ਬੱਚੀ ਮਿਲ ਗਈ। ਏਹ ਚਾਚਾ ਘਰ ਲੈ ਆਇਆ। ਧੀ ਰਾਣੀ ਬਣਾ ਲਈ। ਸਾਬਕਾ ਮੰਤਰੀ ਬਾਬੂ ਚਿਰੰਜੀ ਲਾਲ ਗਰਗ। ਇੱਕੋ ਗੱਲੋਂ ਮਸ਼ਹੂਰ ਨੇ। ਗਲੀ ਮੁਹੱਲੇ, ਸੜਕ ਦੁਆਲੇ, ਕੋਈ ਅਰਥੀ ਜਾ ਰਹੀ ਹੋਵੇ। ਬਾਬੂ ਅਰਥੀ ਪਿੱਛੇ ਤੁਰ ਪੈਂਦੈ। ਫਿਰ ਸਸਕਾਰ ਕਰਾ ਕੇ ਮੁੜਦੈ। ਕਹਾਣੀਕਾਰ ਗੁਰਬਚਨ ਭੁੱਲਰ ਪਤੈ, ਕੀ ਆਖਦੈ। ‘ਭਾਈ ਉਦੋਂ ਭਲੇ ਲੋਕ ਸਨ, ਕੱਚੇ ਦੁੱਧ ਵਰਗੇ।’ ਦਿੱਲੀ ਵਾਲੇ ਭੁੱਲਰ ਕੀ ਜਾਣਨ। ਦੁੱਧ ਤਾਂ ਹੁਣ ਕਦੋਂ ਦਾ ਉਬਲਿਐ। ਕਰੋਨਾ ਨੇ ਭਾਂਬੜ ਬਾਲਿਐ। ਜ਼ਿੰਦਗੀ ਕੜ੍ਹਣ ਲੱਗੀ ਹੈ। ਵਿਸ਼ਵ ’ਚ ਲੱਖ ਬੰਦਾ ਸੁਆਹ ਹੋਇਐ। ਕੋਈ ਦੇਸ਼ ਨਹੀਂ ਬਚਿਆ। ਪੰਜਾਬ ਕਿਥੋਂ ਬਚਣਾ ਸੀ। ਗੁਰੂ ਘੰਟਾਲ ’ਕੱਲਾ ਨਹੀਂ ਆਉਂਦਾ। ਕੁੜਮ ਕਬੀਲਾ ਵੀ ਨਾਲ ਲਿਆਉਂਦੈ।
               ਖੂਨ ਕਿੰਨਾ ਬਦਰੰਗ ਹੋਇਐ। ਕਰੋਨਾ ਤੋਂ ਵੱਡੀ ਮਹਾਮਾਰੀ ਹੈ। ਆਹ ਦਿਲਾਂ ਦੀ ਦੂਰੀ ਤੇ ਈਰਖਾ ਦੀ ਘੂਰੀ। ਨਫ਼ਰਤੀ ਵਾਇਰਸ, ਹੁਣ ਗੁੱਥੋ ਗੁੱਥੀ ਹੋ ਰਿਹਾ। ਰੂਹ ਸ਼ਿਵ ਕੁਮਾਰ ਬਟਾਲਵੀ ਦੀ। ਕਿਵੇਂ ਹਾੜ੍ਹੇ ਕੱਢ ਰਹੀ ਹੈ। ‘ਹਾੜ੍ਹਾ ਜੇ ਅਕਲਾਂ ਵਾਲਿਓ..!’ ਮੁੰਬਈ ’ਚ ਮਣੀਪੁਰੀ ਕੁੜੀ ’ਤੇ ਥੁੱਕ ਦਿੱਤਾ। ਅਖੇ ਤੂੰ ਤਾਂ ਕਰੋਨਾ ਹੈ। ਜੀਂਦ ਨੇੜੇ ਮੁਸਲਿਮ ਭਰਾ ਕੁੱਟ ਦਿੱਤੇ। ਅਖੇ ਤੁਸੀਂ ਦੀਵੇ ਕਿਉਂ ਨਹੀਂ ਬਾਲੇ। ਭੜਕੀ ਭੀੜ ਨੇ ਦਿੱਲੀ ’ਚ ਮੁੰਡਾ ਢਾਹ ਲਿਆ। ਅਖੇ ਆਫ਼ਤ ਤੂੰ ਲਿਆਂਦੀ ਐ। ਮੁਹੱਲੇ ’ਚੋਂ ਸਬਜ਼ੀ ਵਾਲੇ ਭਜਾ ਦਿੱਤੇ। ਅਖੇ ਤੁਸੀਂ ਮੁਸਲਿਮ ਹੋ। ‘ਪੱਥਰ ਕੂਲੇ ਹੋਣ ਤਾਂ ਗਿੱਦੜ ਹੀ ਚੱਟ ਜਾਣ’। ਏਹ ਸੋਚ ਤਾਂ ਕਰੋਨਾ ਤੋਂ ਵੀ ਭੈੜੀ ਹੈ। ਅਫ਼ਸੋਸ, ਦਿਲਾਂ ’ਚ ਜ਼ਹਿਰ ਘੁਲੀ ਹੈ। ਕਰਫਿਊ ਮਗਰੋਂ ਮੌਸਮ ਰੰਗਾਂ ’ਚ ਆਇਐ। ਪੰਜਾਬ ’ਚ ’ਕੱਲਾ ਪਾਣੀ ਨਹੀਂ, ਸੋਚ ਉਸ ਤੋਂ ਵੀ ਹੇਠਾਂ ਡਿੱਗੀ ਐ। ਸੱਤ ਬੇਗਾਨੇ ਨੂੰ ਗਲੇ ਲਾਉਣ ਵਾਲਾ ਪੰਜਾਬ। ਹੁਣ ਪੱਤਣ ਭਾਲਦਾ ਫਿਰਦੈ। ਅੰਮ੍ਰਿਤਸਰ ’ਚ ਕਰੋਨਾ ਪੀੜਤ ਅਧਿਕਾਰੀ ਫ਼ੌਤ ਹੋਇਆ। ਪਰਿਵਾਰ ਮੂੰਹ ਫੇਰ ਗਿਆ। ਇੱਕ ਪਟਵਾਰੀ ਨੇ ਸਿਰ ’ਤੇ ਕਫ਼ਨ ਬੰਨ੍ਹਿਆ। ਐੱਸਡੀਐੱਮ ਵਿਕਾਸ ਹੀਰਾ ਨੇ ਜਾਨ ਧਲੀ ’ਤੇ ਧਰੀ। ਮ੍ਰਿਤਕ ਦਾ ਰਹੁ ਰੀਤਾਂ ਨਾਲ ਸਸਕਾਰ ਕੀਤਾ। ਲੁਧਿਆਣੇ ’ਚ ਕਰੋਨਾ ਪੀੜਤ ਮਾਂ ਦਾ ਸਿਵਾ ਬਲਿਆ। ਜਿਨ੍ਹਾਂ ਧੀਆਂ ਪੁੱਤਾਂ ਨੂੰ ਅਸਮਾਨੀ ਚਾੜ੍ਹਿਆ। ਸਿਵਿਆਂ ’ਚ ਖੜ੍ਹੀ ਕਾਰ ’ਚੋਂ ਨਾ ਉੱਤਰੇ। ਧਰਮਰਾਜ ਖੂਬ ਹੱਸਿਆ ਹੋਊ। ਪੰਜਾਬ ਸ਼ਰਮ ’ਚ ਡੁੱਬ ਗਿਆ। ‘ਮਰੇ ਦਾ ਕੌਣ ਮਿੱਤਰ।’
               ਸੁਖਵਿੰਦਰ ਰਟੌਲ ਨੇ ਜ਼ਿੰਦਗੀ ਦੀ ਪੈਂਤੀ ਲਿਖੀ ਹੈ। ‘ਊੜਾ ਉਲਟੇ ਆਏ ਜ਼ਮਾਨੇ, ਐੜਾ ਆਪਣੇ ਹੋਏ ਬੇਗਾਨੇ।’ ਕਰੋਨਾ ਮਰੀਜ਼ ਮਗਰੋਂ ਮਰੇ। ਪਹਿਲਾਂ ਜ਼ਮੀਰਾਂ ਨੇ ਸਾਹ ਤਿਆਗੇ। ਮੋਰਾਂਵਾਲੀ ਦਾ ਹਰਭਜਨ ਸਿੰਘ ਮਰਿਆ। ਬਾਕੀ ਪਰਿਵਾਰ ਹਸਪਤਾਲ ਸੀ। ਦਿਲ ਦਾ ਜਗੀਰਦਾਰ ਪਟਵਾਰੀ ਜਗੀਰ ਸਿੰਘ। ਸਸਕਾਰ ਕਰਕੇ ਘਰ ਮੁੜਿਆ। ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ। ਜ਼ਰੂਰ ਉਨ੍ਹਾਂ ਦੀ ਰੂਹ ਕੁਰਲਾਈ ਹੋਊ। ਜ਼ਿੰਦਗੀ ਭਰ ਅਲਾਹੀ ਬਾਣੀ ਸੁਣਾਈ। ਜਦੋਂ ਵੇਰਕਾ ਦੇ ਲੋਕਾਂ ਨੇ ਬੂਹੇ ਭੇੜ ਲਏ। ਉਦੋਂ ਰੂਹ ਸੋਚਦੀ ਹੋਊ ਕਿ ਵੇਰਕਾ ਵਾਲੇ ਤਾਂ ਸ੍ਰੀ ਦਰਬਾਰ ਸਾਹਿਬ ’ਚੋਂ ਇਕੱਲੀ ਸੈਲਫੀ ਖਿੱਚ ਕੇ ਮੁੜਦੇ ਰਹੇ। ਹੁਣ ਜਿਊਂਦੀਆਂ ਰੂਹਾਂ ਦੀ ਕੌਣ ਗਤੀ ਕਰੂ। ਗੁੱਜਰ ਭਾਈਚਾਰੇ ਤੋਂ ਕੋਈ ਦੁੱਧ ਨਹੀਂ ਲੈ ਰਿਹਾ। ਦੁੱਧ ਮਖਮਲ ਵਰਗੈ, ਕਾਲੇ ਦਿਲਾਂ ਨੂੰ ਪਸੰਦ ਨਹੀਂ। ਕਿਤੇ ਬਾਬਾ ਨਾਨਕ ਅੱਜ ਗੇੜਾ ਮਾਰਦਾ। ਮੁੱਖ ’ਚੋਂ ਇਹੋ ਉਚਾਰਦਾ, ‘ਵਸਦਾ ਰਹੇ ਇਹ ਪਿੰਡ।’ ਡੋਨਾਲਡ ਟਰੰਪ ਹਾਲੇ ਵੈਲਪੁਣਾ ਨਹੀਂ ਛੱਡ ਰਿਹਾ। ਨਿੱਤ ਧਮਕੀ ’ਤੇ ਧਮਕੀ। ਮੁਲਾਹਜ਼ੇਦਾਰਾਂ ਨੂੰ ਕਾਂਬਾ ਛਿੜਿਐ। ਚੀਨ ਬਿਨਾਂ ਪੁੱਛੇ ਨੇਕੀ ਕਰ ਰਿਹੈ। ਅਮਰੀਕਾ ਤੇ ਭਾਰਤ ਨੂੰ ਮੁਫ਼ਤ ’ਚ ਸਾਮਾਨ ਘੱਲਿਐ। ਇੱਕ ਛੋਟਾ ਜੇਹਾ ਮੁਲਕ ਹੈ ਇਕੁਆਡੋਰ। ਆਲਮੀ ਅਲਾਮਤ ਨੇ ਏਨਾ ਭੰਨਿਐ। ਗਲੀਆਂ ’ਚ ਲਾਸ਼ਾਂ ਵਿਛ ਗਈਆਂ। ਕਬਰਾਂ ’ਚ ਵੇਟਿੰਗ ਲਿਸਟ ਲਾਉਣੀ ਪਈ। ਤਾਬੂਤ ਮਿਲਦੇ ਨਹੀਂ, ਰਾਸ਼ਨ ਵਾਲੇ ਡੱਬੇ ਵਰਤਦੇ ਨੇ। ਦੇਖੋ ਚਾਰੋ ਪਾਸੇ ਹਨੇਰ ਹੈ।
               ਭਾਰਤ ਦੇ ਬਨੇਰੇ ’ਤੇ ਕਾਂ ਆ ਬੈਠੈ। ਕੋਈ ਚੰਗਾ ਸੁਨੇਹਾ ਸੁਣਾ ਰਿਹੈ। ਭੋਪਾਲ ਦਾ ਡਾਕਟਰ ਰਾਤਾਂ ਕਾਰ ’ਚ ਕੱਟਦੈ। ਅਸਲ ਨਾਇਕ ਇਹੋ ਹਨ। ਇੰਦੌਰ ’ਚ ਇੱਕ ਮਾਂ ਮਰੀ। ਪੁੱਤ ਆ ਨਹੀਂ ਸਕੇ। ਗੁਆਂਢੀ ਮੁਸਲਿਮ ਪਰਿਵਾਰ ਨੇ ਅਰਥੀ ਚੁੱਕੀ। ਏਹਨੂੰ ਆਖਦੇ ਨੇ ‘ਗੰਗਾ ਜਮੁਨਾ ਸੰਸਕ੍ਰਿਤੀ।’ ਮੁੰਬਈ ਦਾ ਗਰੀਬ ਨਗਰ। ਅਮੀਰ ਦਿਲ ਮੁਸਲਿਮ ਲੋਕਾਂ ਨੇ ਖੁਦ ਅਰਥੀ ਬਣਾਈ। ਪ੍ਰੇਮ ਚਾਚਾ ਦਾ ਸਸਕਾਰ ਕਰਕੇ ਮੁੜੇ। ਬੁਲੰਦ ਸ਼ਹਿਰ ਦੇ ਰਵੀ ਸ਼ੰਕਰ ਦੀ ਅਰਥੀ ਨੂੰ ਖਾਨ ਭਰਾਵਾਂ ਨੇ ਮੋਢਾ ਦਿੱਤਾ। ਕਲਕੱਤਾ ’ਚ ਪੁਲੀਸ ਨੇ ਸਸਕਾਰ ਕੀਤੈ। ਜਲੰਧਰ ਦਾ ਡੀਸੀ ਵਰਿੰਦਰ ਕੁਮਾਰ ਸ਼ਰਮਾ। ਨਾਲੇ ਪਟਿਆਲੇ ਦਾ ਐੱਸਐੱਸਪੀ ਮਨਦੀਪ ਸਿੱਧੂ, ਦੋਹਾਂ ਦੀ ਪ੍ਰਸ਼ੰਸਾ ਕਾਫੀ ਸੁਣੀ ਹੈ।‘ਸੁਖੀ ਸੌਣ ਸ਼ੇਖ ਜਿਨ੍ਹਾਂ ਦੇ, ਨਾ ਟੱਟੂ, ਨਾ ਮੇਖ’। ਗਰੀਬ ਲੋਕਾਂ ਨਾਲ ਜ਼ਿੰਦਗੀ ਲਾਗ ਡਾਟ ਕੱਢਣ ਲੱਗੀ ਹੈ। ਸੁਆਲ ਪਾਪੀ ਪੇਟ ਦਾ ਹੈ। ਆਂਧਰਾ ਦਾ ਵਿਧਾਇਕ ਬੀ.ਐਮ.ਰੈਡੀ। ਘਰੋ ਘਰੀਂ ਚਿਕਨ/ਆਂਡੇ ਵੰਡ ਰਿਹੈ। ਹਰਿਆਣੇ ਦੇ ਡਾਕਟਰਾਂ ਨੂੰ ਦੁੱਗਣੀ ਤਨਖਾਹ ਦਾ ਐਲਾਨ ਹੋਇਐ। ਕੇਜਰੀਵਾਲ ਨੇ ਮੁੜ ਜਿਗਰਾ ਦਿਖਾਇਐ, ਮਹਾਰਾਜੇ ਨੇ ਡਰ ਦਿਖਾਇਐ। ‘ਰੋਡ ਸਕਾਲਰਾਂ’ ਦੀ ਵੀ ਸੁਣੋ। ਸੜਕਾਂ ’ਤੇ ਜੋ ਪੈਦਲ ਤੁਰੇ। ਉਨ੍ਹਾਂ ਸਣੇ 103 ਲੋਕ ਮਰ ਗਏ। ਵੀਹ ਲੋਕ ਭੁੱਖ/ਥਕਾਨ ਨਾਲ ਮਰੇ। 15 ਖੁਦਕੁਸ਼ੀ ਕਰ ਗਏ। 40 ਕਰੋੜ ਮਜ਼ਦੂਰ ਫਸੇ ਨੇ। ਬਾਰਾਂ ਕਰੋੜ ਨੌਕਰੀਆਂ ਫ਼ੌਤ। 92 ਹਜ਼ਾਰ ਬੱਚੇ ਹਿੰਸਾ ਪ੍ਰਭਾਵਿਤ ਹੋਏ। ਬੇਕਾਰੀ ਦਰ 23 ਫੀਸਦੀ ਹੋ ਗਈ। ‘ਬਾਕੀ ਸਭ ਸੁੱਖ ਸਾਂਦ ਹੈ’, ਸੱਜਣੋ ਏਹ ਮੋਹਨ ਭੰਡਾਰੀ ਦੀ ਕਹਾਣੀ ਹੈ। ਛੱਜੂ ਰਾਮ ਇਕਾਂਤਵਾਸ ’ਚ ਚਲਾ ਗਿਐ। ਤੁਸੀਂ ਵੀ ਬਚਾਅ ਰੱਖਿਓ।
             ਅਖੀਰ ’ਚ ਸਕੂਨ ਵਾਲੀ ਗੱਲ। ਮੁਹਾਲੀ ਦੇ ਇੱਕ ਸੱਜਣ ਨੇ ਕੋਠੀ ਕਿਰਾਏ ’ਤੇ ਲਈ। ਧੀਆਂ ਪੁੱਤਾਂ ਖਾਤਰ ਕਰੋੜਾਂ ਦੀ ਕੋਠੀ ਦੱਬ ਲਈ। ਮਾਲਕ ਉਦੋਂ ਪ੍ਰੇਸ਼ਾਨ ਹੋਏ ਜਦੋਂ ਅਦਾਲਤੀ ਫੈਸਲਾ ਵੀ ‘ਨੱਪਣ ਸਿੰਘ’ ਦੇ ਹੱਕ ‘ਚ ਹੋ ਗਿਆ। ਅਸਲ ਮਾਲਕ ਢੇਰੀ ਢਾਹ ਕੇ ਬੈਠ ਗਏ। ਮਹਾਮਾਰੀ ‘ਨੱਪਣ ਸਿਓ’ ਨੂੰ ਹਲੂਣਾ ਦੇ ਗਈ, ਜੋ ਹੁਣੇ ਮੁਹਾਲੀ ਦੇ ਗੁਰੂ ਘਰ ਗਿਆ। ਗੁਰੂ ਦੀ ਹਾਜ਼ਰੀ ’ਚ ਅਸਲੀ ਮਾਲਕਾਂ ਨੂੰ ਚਾਬੀਆਂ ਸੌਂਪ ਆਇਆ। ਅਰਦਾਸ ਕਰਾਈ, ਮਾਲਕਾਂ ਭੁੱਲਾਂ ਬਖ਼ਸ਼ ਦੇਵੀ।

Tuesday, April 7, 2020

                                                         ਜ਼ਿੰਦਗੀ ਦੇ ਮਲਾਹ 
                                   ਗਰੀਬਾਂ ਦੀ ਦੇਹਲੀ ’ਤੇ ਪੁੱਜੇ ਨੇਕੀ ਦੇ ਦੂਤ
                                                          ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੀ ਤਾਲੇਬੰਦੀ ਦੌਰਾਨ ਨੇਕੀ ਦੇ ਦੂਤ ਚੱੁਪ ਚੁਪੀਤੇ ਗਰੀਬਾਂ ਦੀ ਦੇਹਲੀ ’ਤੇ ਪੁੱਜ ਰਹੇ ਹਨ ਜਿਨ੍ਹਾਂ ਨੂੰ ਕਿਸੇ ਚਰਚਾ ਦੀ ਭੁੱਖ ਨਹੀਂ। ਜ਼ਿੰਦਗੀ ਦੇ ਇਹ ਮਲਾਹ ਮਹਾਮਾਰੀ ’ਚ ਫਸੇ ਗਰੀਬ ਲੋਕਾਂ ਦਾ ਬੇੜਾ ਬੰਨ੍ਹੇ ਲਾ ਰਹੇ ਹਨ। ਅੰਮ੍ਰਿਤਸਰ ਦੇ ਥਾਣਾ ਕੋਟ ਖਾਲਸਾ ਦਾ ਇੰਸਪੈਕਟਰ ਸੰਜੀਵ ਕੁਮਾਰ ਸਲੱਮ ਬਸਤੀਆਂ ’ਚ ਖੁਦ ਹੀ ਰਿਕਸ਼ਾ ਰੇਹੜੀ ਚਲਾ ਕੇ ਰਾਸ਼ਨ ਪੁੱਜਦਾ ਕਰ ਰਿਹਾ ਹੈ। ਅੱਜ ਗੋਭੀ ਦੀ ਭਰੀ ਰੇਹੜੀ ਲੈ ਕੇ ਗਰੀਬਾਂ ਘਰਾਂ ’ਚ ਪੁੱਜ ਗਿਆ। ਜਦੋਂ ਸੁਆਲ ਕੀਤਾ, ਖੁਦ ਹੀ ਰਿਕਸ਼ਾ ਰੇਹੜੀ ਕਿਉਂ ਚਲਾਉਂਦੇ ਹੋ ? ਸੰਜੀਵ ਕੁਮਾਰ ਦਾ ਇੱਕੋ ਜੁਆਬ ਦਿੱਤਾ, ‘ ਮੈਂ ਕੋਈ ਖੁਦਾ ਹਾਂ, ਇਨਸਾਨੀ ਫਰਜ਼ ਨਿਭਾ ਰਿਹਾ, ਕਿਸੇ ’ਤੇ ਕੋਈ ਅਹਿਸਾਨ ਨਹੀਂ ਕਰ ਰਿਹਾ।’ ਨਾਲੇ ਡਿਊਟੀ ਤੇ ਨਾਲੇ ਸੇਵਾ, ਇੱਕੋ ਵੇਲੇ ਸੰਜੀਵ ਕੁਮਾਰ ਨੇਕੀ ਦੀ ਅਲਖ਼ ਜਗਾ ਰਿਹਾ ਹੈ। ਉਦੋਂ ਹੀ ਸੰਜੀਵ ਕੁਮਾਰ ਨੇ ਰਿਕਸ਼ਾ ਰੇਹੜੀ ਦਾ ਹੈਂਡਲ ਫੜ ਲਿਆ ਸੀ ਜਦੋਂ ਕਰਫਿਊ ਦਾ ਐਲਾਨ ਹੋਇਆ ਸੀ। ਕੁਝ ਮਹੱਲਿਆਂ ਵਿਚ ਉਹ ਕਾਰ ’ਤੇ ਵੀ ਜਾਂਦਾ ਹੈ। ਸਲੱਮ ਬਸਤੀਆਂ ’ਚ ਉਹ ਰਿਕਸ਼ਾ ਰੇਹੜੀ ਲਿਜਾਂਦਾ ਹੈ। ਸੰਜੀਵ ਕੁਮਾਰ ਦੀ ਘਾਲਣਾ ਸਬੂਤ ਹੈ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਉਹ ਆਖਦਾ ਹੈ ਕਿ ਅੌਖ ਦੀ ਘੜੀ ਵਿਚ ਫਰਜ਼ ਨਿਭਾ ਕੇ ਸੰਤੁਸ਼ਟੀ ਮਿਲਦੀ ਹੈ। ਇਵੇਂ ਹੀ ਮੋਗਾ ਜ਼ਿਲ੍ਹੇ ਦੇ ਦੋ ਪੁਲੀਸ ਮੁਲਾਜ਼ਮਾਂ ਨੇ ਵੀ ਗਰਭਵਤੀ ਮਹਿਲਾ ਦੀ ਮਦਦ ਕਰਕੇ ਨੇਕੀ ਖੱਟੀ ਹੈ।
                ਸੰਗਰੂਰ ਸ਼ਹਿਰ ’ਚ ‘ਯੂਥ ਪਾਵਰ ਗਰੁੱਪ’ ਹੈ। ਇਨ੍ਹਾਂ ਨੌਜਵਾਨਾਂ ਨੇ ਇੱਕ ਹੈਲਪ ਲਾਈਨ ਨੰਬਰ ਜਾਰੀ ਕੀਤਾ ਹੈ। ਲੋੜਵੰਦ ਜਿਉਂ ਹੀ ਫੋਨ ਕਰਦੇ ਹਨ, ਪੰਜ ਸਕੂਟੀਆਂ ਵਾਲੇ ਮੁੰਡੇ ਰਾਸ਼ਨ ਲੈ ਕੇ ਗਰੀਬ ਦੀ ਦਹਿਲੀਜ਼ ’ਤੇ ਪੁੱਜ ਜਾਂਦੇ ਹਨ। ਨੌਜਵਾਨ ਵਿਕਰਮਦੀਪ ਸਿੱਧੂ ਦੱਸਦਾ ਹੈ ਕਿ ਦਾਨੀ ਸੱਜਣ ਉਨ੍ਹਾਂ ਦੇ ਨਾਲ ਹਨ ਅਤੇ ਉਹ ਤਾਂ ਇੱਕ ਜ਼ਰੀਆ ਬਣੇ ਹਨ। ‘ਸਕੂਟੀ ਵਾਲੇ ਮੁੰਡੇ’ ਵਜੋਂ ਇਨ੍ਹਾਂ ਨੂੰ ਲੋਕ ਜਾਣਨ ਲੱਗੇ ਹਨ। ਜਦੋਂ ਇਸ ਵਕਤ ਰਾਸ਼ਨ ਵੰਡ ਮੁਹਿੰਮ ਦੌਰਾਨ ਭੱਲ ਖੱਟਣ ਦੀ ਦੌੜ ਲੱਗੀ ਹੋਈ ਹੈ ਤਾਂ ਉਸ ਵੇਲੇ ਛੁਪੇ ਰਹਿਣ ਦੀ ਚਾਹ ਵਾਲੇ ਸੱਜਣ ਕਰੋਨਾ ਜੰਗ ਦੇ ਅਸਲ ਨਾਇਕ ਜਾਪਦੇ ਹਨ। ਮੋਹਾਲੀ ਦੇ ਫੇਜ਼ ਸੱਤ ਦੇ ਹੋਲਿਕ ਹੋਮਿਊਪੈਥਿਕ ਕਲੀਨਿਕ ਦੀ ਡਾਕਟਰ ਸਰਬਜੀਤ ਕੌਰ ਮੱਕੜ ਦਾ ਦੇਹਾਂਤ ਹੋ ਗਿਆ। ਇਸ ਮਹਿਲਾ ਡਾਕਟਰ ਨੇ ਕੁਦਰਤੀ ਮੌਤ ਤੋਂ ਪਹਿਲਾਂ ਇਹੋ ਵਸੀਅਤ ਬੋਲੀ। ਨੇੜਲੇ ਰਿਸ਼ਤੇਦਾਰਾਂ ਤੋਂ ਬਿਨਾਂ ਸਸਕਾਰ ’ਤੇ ਕੋਈ ਨਾ ਪੁੱਜੇ। ਆਖਰੀ ਬੋਲਾਂ ’ਚ ਸਮਾਜਿਕ ਦੂਰੀ ਬਣਾਏ ਰੱਖਣ ਦਾ ਸੁਨੇਹਾ ਵੀ ਦਿੱਤਾ। ਕਲੀਨਿਕ ਦੇ ਸਹਿਕਰਮੀ ਡਾ. ਗੁਰਿੰਦਰ ਸਿੰਘ ਬਰਾੜ ਨੇ ਸਰਧਾਂਜਲੀ ਵਜੋਂ ਮੋਹਾਲੀ ਦੇ ਪੁਲੀਸ ਮੁਲਾਜ਼ਮਾਂ ਤੇ ਸਫਾਈ ਕਾਮਿਆਂ ਦਾ ਤਾਉਮਰ ਕਲੀਨਿਕ ਤੇ ਮੁਫ਼ਤ ਇਲਾਜ ਕਰਨ ਦਾ ਐਲਾਨ ਕਰ ਦਿੱਤਾ ਹੈ।
        ਲੁਧਿਆਣਾ ਦੀ ਪੰਜਾਬ ਖੇਤੀ ’ਵਰਸਿਟੀ ਦੇ ਪਾੜੇ ਨੌਜਵਾਨਾਂ ਦੀ ਵੀ ਦਾਦ ਦੇਣੀ ਬਣਦੀ ਹੈ। ਸ਼ਹਿਰ ਦੇ ਵਾਰਡ ਨੰਬਰ 31 ਵਿਚ ਵਿਦਿਆਰਥੀ ਦੀਪਕ ਮਿਸ਼ਰਾ ਆਪਣੀ ਸਾਥੀਆਂ ਨਾਲ ਕਰਫਿਊ ਦੌਰਾਨ ਖਾਸ ਕਰਕੇ ਮਰੀਜ਼ਾਂ ਦੀ ਸੇਵਾ ਵਿਚ ਜੁਟਿਆ ਹੈ। ਸ਼ਹਿਰ ਚੋਂ ਕਿਸੇ ਵੀ ਮਰੀਜ਼ ਨੇ ਇਲਾਜ ਲਈ ਕਿਸੇ ਹਸਪਤਾਲ ’ਚ ਐਮਰਜੈਂਸੀ ਵਿਚ ਜਾਣਾ ਹੋਵੇ ਤਾਂ ਉਸ ਦੀ ਸੇਵਾ ’ਚ ਇਹ ਨੌਜਵਾਨ ਹਾਜ਼ਰ ਹੁੰਦੇ ਹਨ। ਇਨ੍ਹਾਂ ਨੇ ਗੱਡੀਆਂ ਰੱਖੀਆਂ ਹੋਈਆਂ ਹਨ ਤੇ ਇਹ ਮਰੀਜ਼ਾਂ ਨੂੰ ਹਸਪਤਾਲ ਪਹੁੰਚਾ ਰਹੇ ਹਨ। ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਉਸਮਾਨ ਸ਼ਹੀਦ ਦੇ ਫੌਜੀ ਵੀ ਘੱਟ ਨਹੀਂ ਹਨ।ਪਿੰਡ ਦੇ ਨੌਜਵਾਨ ਜੁਗਰਾਜ ਸਿੰਘ ਨੇ ਦੱਸਿਆ ਕਿ ਪਿੰਡ ਦੇ ਕਾਫ਼ੀ ਨੌਜਵਾਨ ਫੌਜ ਵਿਚ ਹਨ ਜਿਨ੍ਹਾਂ ਵੱਲੋਂ ਪਿੰਡ ਵਿਚ ਲਗਾਤਾਰ ਰਾਸ਼ਨ ਲਈ ਪੈਸਾ ਭੇਜਿਆ ਜਾ ਰਿਹਾ ਹੈ ਅਤੇ ਉਹ ਲੋੜਵੰਦਾਂ ਦੇ ਘਰਾਂ ਵਿਚ ਰਾਸ਼ਨ ਵੰਡ ਰਹੇ ਹਨ। ਤਲਵੰਡੀ ਸਾਬੋ ਦੇ ਦੋ ਪ੍ਰਾਈਵੇਟ ਡਾਕਟਰ ਰਾਸ਼ਨ ਵਾਸਤੇ ਗੁਪਤ ਦਾਨ ਵਜੋਂ ਲੱਖਾਂ ਰੁਪਏ ਦੇ ਚੁੱਕੇ ਹਨ। ਇੱਕੋ ਸ਼ਰਤ ਹੈ ਕਿ ਲੋੜਵੰਦਾਂ ਨੂੰ ਭਿਣਕ ਨਹੀਂ ਲੱਗਣੀ ਚਾਹੀਦੀ ਕਿ ਕਿਥੋਂ ਰਾਸ਼ਨ ਆ ਰਿਹਾ ਹੈ।ਸ਼ਾਹਕੋਟ-ਨਕੋਦਰ ਸੜਕ ’ਤੇ ਪਿੰਡ ਬਿੱਲੀ ਚਾਹਰਮ ਪੈਂਦਾ ਹੈ ਜਿਥੇ ਹੁਣ ਸੰਤ ਵਰਿਆਮ ਸਿੰਘ ਮੈਮੋਰੀਅਲ ਹਸਪਤਾਲ ਤਿਆਰ ਹੋਇਆ ਹੈ। ਹਸਪਤਾਲ ਨੇ ਹੋਰਨਾਂ ਪ੍ਰਾਈਵੇਟ ਹਸਪਤਾਲਾਂ ਤੋਂ ਦਸ ਵੈਂਟੀਲੇਟਰ ਲਏ ਹਨ।
                ਡਾ. ਨਵਜੋਤ ਦਾਹੀਆ ਨੇ ਦੱਸਿਆ ਕਿ ਉਹ ਮੰਗਲਵਾਰ ਤੋਂ ਪੂਰਾ ਹਸਪਤਾਲ ਕਰੋਨਾ ਮਰੀਜ਼ਾਂ ਲਈ ਸਰਕਾਰ ਹਵਾਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਆਧੁਨਿਕ ਸੁਵਿਧਾਵਾਂ ਹਨ ਅਤੇ ਸਰਕਾਰ ਸਟਾਫ ਦਾ ਪ੍ਰਬੰਧ ਕਰਕੇ ਮੰਗਲਵਾਰ ਤੋਂ ਹਸਪਤਾਲ ਨੂੰ ਵਰਤਣਾ ਸ਼ੁਰੂ ਕਰ ਸਕਦੀ ਹੈ।ਬੁਢਲਾਡਾ ਦੇ ਨੇਕੀ ਫਾਊਡੇਸ਼ਨ ਵਾਲੇ ਨੌਜਵਾਨ ਵੀ ਇਸੇ ਰਾਹ ’ਤੇ ਹਨ। ਭਗਤਾ ਭਾਈ ਦੇ ਭਾਈ ਭਗਤਾ ਸੇਵਾ ਕਲੱਬ ਦੇ ਨੌਜਵਾਨਾਂ ਦਾ ਜਿਗਰਾ ਦੇਖਣ ਵਾਲਾ ਹੈ। ਇਨੋਵਾ ਗੱਡੀ ਨੂੰ ਮੁਫ਼ਤ ਐਂਬੂਲੈਂਸ ਸੇਵਾ ਵਜੋਂ ਚਲਾ ਰਹੇ ਹਨ। ਜਦੋਂ ਕਰਫਿਊ ਲੱਗਿਆ ਤਾਂ ਇਨ੍ਹਾਂ ਨੌਜਵਾਨਾਂ ਨੇ ਸਰਦੇ ਪੁੱਜਦੇ ਘਰਾਂ ਚੋਂ ਕਣਕ ਇਕੱਠੀ ਕੀਤੀ ਅਤੇ ਸੈਲਰ ਮਾਲਕਾਂ ਤੋਂ ਚੌਲ ਲਏ। ਕਿਸੇ ਲੋੜਵੰਦ ਘਰੋਂ ਆਵਾਜ਼ ਪੈਂਦੀ ਹੈ ਤਾਂ ਦੋ ਮੁੰਡੇ ਪਹਿਲਾਂ ਘਰ ’ਚ ਜਾ ਕੇ ਸਮਾਨ ਨੋਟ ਕਰਦੇ ਹਨ ਅਤੇ ਮਗਰੋਂ ਰਾਸ਼ਨ ਪੁੱਜਦਾ ਕਰ ਦਿੰਦੇ ਹਨ। ਹੁਣ ਤੱਕ 225 ਘਰਾਂ ’ਚ ਰਾਸ਼ਨ ਪੁੱਜਦਾ ਕੀਤਾ ਹੈ। ਬੀ.ਐਡ ਬੇਰੁਜ਼ਗਾਰ ਯੂਨੀਅਨ ਦੇ ਆਗੂ ਵੀ ਪਹੁੰਚ ਵਾਲਿਆਂ ਤੋਂ ਸਮਾਨ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਤੱਕ ਪੁੱਜਦਾ ਕਰ ਰਹੇ ਹਨ। ਖੂਬੀ ਇਹ ਹੈ ਕਿ ਤਸਵੀਰਾਂ ਤੋਂ ਦੂਰ ਹਨ। ਦੇਖਿਆ ਜਾਵੇ ਤਾਂ ਪੰਜਾਬ ’ਚ ਏਦਾਂ ਦੇ ਬਹੁਤ ਛੁਪੇ ਰੁਸਤਮ ਹਨ ਜੋ ਆਫ਼ਤ ਦੇ ਪਲਾਂ ਵਿਚ ਲੋਕਾਂ ਦੀ ਬਾਂਹ ਬਣੇ ਹੋਏ ਹਨ।

Monday, April 6, 2020

                        ਕਾਰਪੋਰੇਟ ਸੋਚ
      ਗੱਫਿਆਂ ’ਚ ਅੱਗੇ, ਜੰਗ ’ਚ ਪਿੱਛੇ
                        ਚਰਨਜੀਤ ਭੁੱਲਰ
ਚੰਡੀਗੜ੍ਹ : ਕਰੋਨਾ ਮਹਾਮਾਰੀ ਖ਼ਿਲਾਫ਼ ਜੰਗ ’ਚ ਕਾਰਪੋਰੇਟ ਹਸਪਤਾਲ ਪਿੱਛੇ ਖੜ੍ਹੇ ਹਨ ਜੋ ਸਰਕਾਰ ਤੋਂ ਲਾਹੇ ਲੈਣ ’ਚ ਅੱਗੇ ਸਨ। ਪੰਜਾਬ ’ਚ ਏਦਾਂ ਦਾ ਕੋਈ ਕਾਰਪੋਰੇਟ ਹਸਪਤਾਲ ਨਹੀਂ ਹੈ ਜਿਸ ਨੇ ਖੁਦ ਹੀ ਪੂਰੇ ਹਸਪਤਾਲ ਦੀਆਂ ਸੇਵਾਵਾਂ ਸਰਕਾਰ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਹੋਵੇ। ਮੁੱਖ ਮੰਤਰੀ ਪੰਜਾਬ ਅਮਰਿੰਦਰ ਸਿੰਘ ਨੇ ਸਖ਼ਤ ਤੇਵਰ ਦਿਖਾਏ ਹਨ ਪ੍ਰੰਤੂ ਹਾਲੇ ਤੱਕ ਕੋਈ ਵੱਡਾ ਹਸਪਤਾਲ ਕਰੋਨਾ ਖ਼ਿਲਾਫ਼ ਮੁਹਿੰਮ ਵਿਚ ਅੱਗੇ ਨਹੀਂ ਕੁੱਦਿਆ ਹੈ। ਵੇਰਵਿਆਂ ਅਨੁਸਾਰ ਪੰਜਾਬ ਸਰਕਾਰ ਨੇ ਮੈਕਸ ਹੈਲਥ ਕੇਅਰ ਨੂੰ ਮੋਹਾਲੀ ਵਿਚ 3.15 ਏਕੜ ਜ਼ਮੀਨ ਬਿਲਕੁਲ ਨਾਮਾਤਰ ਰਾਸ਼ੀ ’ਤੇ ਹੀ ਦਿੱਤੀ ਹੈ ਅਤੇ ਇਸੇ ਤਰ੍ਹਾਂ ਬਠਿੰਡਾ ’ਚ ਇਸੇ ਕੰਪਨੀ ਨੂੰ ਸਰਕਾਰੀ 4.80 ਏਕੜ ਜ਼ਮੀਨ ਦਿੱਤੀ ਹੈ। ਸਰਕਾਰ ਨੇ ਪੰਜਾਹ ਵਰ੍ਹਿਆਂ ਲਈ ਇਹ ਜ਼ਮੀਨ ਸਲਾਨਾ ਇੱਕ ਰੁਪਏ ਲੀਜ਼ ’ਤੇ ਦਿੱਤੀ ਹੈ। ਬੇਸ਼ੱਕ ਇਸ ਦੇ ਬਦਲੇ ਵਿਚ ਗਰੀਬ ਮਰੀਜ਼ਾਂ ਦੇ ਇਲਾਜ ਲਈ ਹਰ ਵਰੇ੍ਹ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਕੋਲ ਆਪਣੀ ਆਮਦਨ ਦਾ ਪੰਜ ਫੀਸਦੀ ਜਮ੍ਹਾ ਕਰਾਉਣਾ ਹੁੰਦਾ ਹੈ ਪ੍ਰੰਤੂ ਕਰੋਨਾ ਖ਼ਿਲਾਫ਼ ਜੰਗ ’ਚ ਇਸ ਕੰਪਨੀ ਨੇ ਖੁਦ ਆਪਣੀਆਂ ਸੇਵਾਵਾਂ ਦੀ ਸਰਕਾਰ ਨੂੰ ਦੇਣ ਦੀ ਖੁੱਲ੍ਹੀ ਪੇਸ਼ਕਸ਼ ਨਹੀਂ ਕੀਤੀ ਹੈ। ਸੂਤਰਾਂ ਅਨੁਸਾਰ ਮੋਹਾਲੀ ਦੇ ਫੋਰਟਿਸ ਹਸਪਤਾਲ ਨੂੰ ਵੀ ਸਰਕਾਰ ਨੇ ਸਸਤੇ ਭਾਅ ’ਤੇ ਜ਼ਮੀਨ ਦਿੱਤੀ ਸੀ।
                ਜੋ ਵੇਰਵੇ ਪਤਾ ਲੱਗੇ ਹਨ, ਉਨ੍ਹਾਂ ਅਨੁਸਾਰ ਸਰਕਾਰ ਨੇ ਇਸ ਹਸਪਤਾਲ ਨੂੰ 2100 ਰੁਪਏ ਪ੍ਰਤੀ ਵਰਗ ਗਜ਼ ਦੇ ਹਿਸਾਬ ਨਾਲ ਜ਼ਮੀਨ ਦਿੱਤੀ ਸੀ ਜਦੋਂ ਕਿ ਮਾਰਕੀਟ ਭਾਅ ਉਦੋਂ 31,262 ਰੁਪਏ ਪ੍ਰਤੀ ਵਰਗ ਗਜ ਸੀ। ਇਸ ਹਸਪਤਾਲ ਨੂੰ 8.22 ਏਕੜ ਜ਼ਮੀਨ ਦਿੱਤੀ ਗਈ ਸੀ। ਇਸੇ ਅਧਾਰ ’ਤੇ ਸੂਚਨਾ ਕਮਿਸ਼ਨ ਪੰਜਾਬ ਤਰਫ਼ੋਂ ਮੈਕਸ ਹਸਪਤਾਲ ਅਤੇ ਫੋਰਟਿਸ ਹਸਪਤਾਲ ਨੂੰ ਪਬਲਿਕ ਅਥਾਰਟੀ ਐਲਾਨਿਆ ਗਿਆ ਹੈ ਕਿਉਂਕਿ ਇਨ੍ਹਾਂ ਹਸਪਤਾਲਾਂ ਨੇ ਸਰਕਾਰ ਤੋਂ ਛੋਟਾਂ ਲਈਆਂ ਹਨ।ਸੂਤਰ ਦੱਸਦੇ ਹਨ ਕਿ ਸਰਕਾਰ ਤਰਫ਼ੋਂ ਇਨ੍ਹਾਂ ਹਸਪਤਾਲਾਂ ਨੂੰ ਹੋਰ ਵੀ ਰਿਆਇਤਾਂ ਦਿੱਤੀਆਂ ਹਨ। ਇਸੇ ਤਰ੍ਹਾਂ ਮੈਡੀਸਿਟੀ ’ਚ ਕਾਰਪੋਰੇਟ ਹਸਪਤਾਲਾਂ ਲਈ 10 ਏਕੜ ਜ਼ਮੀਨ ਹੋਰ ਰੱਖੀ ਗਈ ਹੈ। ਸਮਾਜਿਕ ਸੰਸਥਾ ‘ਸਿਦਕ’ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਪ੍ਰਤੀਕਰਮ ਸੀ ਕਿ ਪੰਜਾਬ ਸਰਕਾਰ ਤੋਂ ਭੌਂ ਦੇ ਭਾਅ ਜ਼ਮੀਨਾਂ ਲੈਣ ਵਾਲੇ ਕਾਰਪੋਰੇਟ ਹਸਪਤਾਲ ਕਰੋਨਾ ਖ਼ਿਲਾਫ਼ ਲੜਾਈ ਵਿਚ ਕਿਧਰੇ ਨਜ਼ਰ ਨਹੀਂ ਆ ਰਹੇ ਹਨ ਜਦੋਂ ਕਿ ਸਰਕਾਰ ਨੇ ਇਨ੍ਹਾਂ ਲਈ ਖ਼ਜ਼ਾਨੇ ਦਾਅ ’ਤੇ ਲਾਏ। ਉਨ੍ਹਾਂ ਮੰਗ ਕੀਤੀ ਕਿ ਇਹ ਹਸਪਤਾਲ ਹੁਣ ਖੁਦ ਆਪਣੀ ਸੇਵਾਵਾਂ ਸਰਕਾਰ ਹਵਾਲੇ ਕਰਨ।
     ਫੋਰਟਿਸ ਹਸਪਤਾਲ ਦੇ ਅਧਿਕਾਰੀ ਯੋਗੇਸ਼ ਜੋਸ਼ੀ ਦਾ ਕਹਿਣਾ ਸੀ ਕਿ ਉਨ੍ਹਾਂ ਤਰਫ਼ੋਂ ਸਰਕਾਰ ਨੂੰ ਹਰ ਤਰ੍ਹਾਂ ਦੀ ਮਦਦ ਦਿੱਤੀ ਜਾ ਰਹੀ ਹੈ ਅਤੇ ਕਰੋਨਾ ਦੇ ਦੋ ਮਰੀਜ਼ ਵੀ ਹਸਪਤਾਲ ਵਿਚ ਭਰਤੀ ਕੀਤੇ ਗਏ ਹਨ। ਕੋਵਿਡ-19 ਲਈ ਵੱਖਰੀ ਐਮਰਜੈਂਸੀ ਵੀ ਰਾਖਵੀਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਓ.ਪੀ.ਡੀ ਵੀ ਖੁੱਲ੍ਹੀ ਹੈ ਪ੍ਰੰਤੂ ਮਰੀਜ਼ ਹੀ ਨਹੀਂ ਆ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਛੋਟੇ ਵੱਡੇ ਕਰੀਬ ਛੇ ਹਜ਼ਾਰ ਪ੍ਰਾਈਵੇਟ ਹਸਪਤਾਲ ਹਨ ਜਿਨ੍ਹਾਂ ਦੇ ਦਰਵਾਜੇ ਹਾਲੇ ਪੂਰੀ ਤਰ੍ਹਾਂ ਖੁੱਲ੍ਹੇ ਨਹੀਂ ਹਨ। ਲੋਕ ਆਖਦੇ ਹਨ ਕਿ ਇਨ੍ਹਾਂ ਹਸਪਤਾਲਾਂ ਨੂੰ ਮੁਸ਼ਕਲ ਦੀ ਘੜੀ ਵਿਚ ਬੂਹੇ ਬੰਦ ਨਹੀਂ ਕਰਨੇ ਸਨ।ਸਮਾਜ ਸੇਵੀ ਲੱਖਾ ਸਧਾਣਾ ਦਾ ਕਹਿਣਾ ਹੈ ਕਿ ਪ੍ਰਾਈਵੇਟ ਡਾਕਟਰਾਂ ਨੂੰ ਸਮੇਤ ਆਪਣੇ ਸਾਜੋ ਸਮਾਨ ਦੇ ਸਰਕਾਰ ਹਵਾਲੇ ਸੇਵਾਵਾਂ ਕਰਨੀਆਂ ਚਾਹੀਦੀਆਂ ਹਨ। ਪ੍ਰਾਈਵੇਟ ਡਾਕਟਰ ਮੁਫ਼ਤ ਸੇਵਾ ਸ਼ੁਰੂ ਕਰਨ। ਦੱਸਣਯੋਗ ਹੈ ਮੁੱਖ ਮੰਤਰੀ ਦੀ ਚੇਤਾਵਨੀ ਮਗਰੋਂ ਵੀ ਅੱਜ ਹਸਪਤਾਲਾਂ ਦੇ ਪੂਰੇ ਦਰਵਾਜੇ ਖੁੱਲ੍ਹੇ ਨਹੀਂ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ. ਨਵਜੋਤ ਦਾਹੀਆ ਆਖਦੇ ਹਨ ਕਿ ਐਮਰਜੈਂਸੀ ਮਰੀਜ਼ਾਂ ਲਈ ਕਦੇ ਵੀ ਓ.ਪੀ.ਡੀ ਬੰਦ ਨਹੀਂ ਹੋਈ ਹੈ। ਹਾਲਾਂਕਿ ਮਰੀਜ਼ ਆ ਵੀ ਨਹੀਂ ਰਹੇ ਹਨ। ਉਹ ਅੌਖੇ ਪਲਾਂ ਵਿਚ ਸਰਕਾਰ ਨਾਲ ਪੂਰੀ ਤਰ੍ਹਾਂ ਖੜ੍ਹੇ ਹਨ ਅਤੇ ਸਰਕਾਰ ਨੂੰ ਪੇਸ਼ਕਸ਼ ਵੀ ਕਰ ਚੁੱਕੇ ਹਨ।
              ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਤਾਲਮੇਲ ਬਿਹਤਰ ਕਰੇ ਕਿਉਂਕਿ ਮੋਗਾ ਅਤੇ ਪਟਿਆਲਾ ਦੇ ਡਿਪਟੀ ਕਮਿਸ਼ਨਰਾਂ ਨੇ ਤਾਂ ਓ.ਪੀ.ਡੀ ਬੰਦ ਕਰਨ ਦੇ ਹੁਕਮ ਦਿੱਤੇ ਹਨ ਜਦੋਂ ਕਿ ਸਰਕਾਰ ਖੋਲ੍ਹਣ ਬਾਰੇ ਆਖ ਰਹੀ ਹੈ। ਪ੍ਰਾਈਵੇਟ ਡਾਕਟਰ ਕਿਨ੍ਹਾਂ ਹੁਕਮਾਂ ਦਾ ਪਾਲਣ ਕਰਨ। ਅੰਮ੍ਰਿਤਸਰ ਵਿਚ ਕਰੀਬ 80 ਪ੍ਰਾਈਵੇਟ ਹਸਪਤਾਲ ਹਨ। ਡਾ. ਅਸ਼ੋਕ ਉਪਲ ਮੁਤਾਬਿਕ ਸਰਕਾਰੀ ਹਦਾਇਤਾਂ ਦੀ ਹਸਪਤਾਲ ਪਾਲਣਾ ਕਰ ਰਹੇ ਹਨ। ਖੰਨਾ ਵਿਚ 100 ਦੇ ਕਰੀਬ ਪ੍ਰਾਈਵੇਟ ਡਾਕਟਰ ਹਨ। ਡਾ.ਮਨਿੰਦਰ ਭਸ਼ੀਨ ਨੇ ਦੱਸਿਆ ਕਿ ਪ੍ਰਾਈਵੇਟ ਡਾਕਟਰਾਂ ਦੀ ਓ.ਪੀ.ਡੀ ਚੱਲ ਰਹੀ ਹੈ। ਗੁਰਦਾਸਪੁਰ ਵਿਚ ਕਰੀਬ 30 ਪ੍ਰਾਈਵੇਟ ਹਸਪਤਾਲ ਹਨ ਜਿਥੋਂ ਦੇ ਡਾ.ਅਸ਼ੋਕ ਉਬਰਾਏ ਨੇ ਦੱਸਿਆ ਕਿ ਓ.ਪੀ.ਡੀ ਖੁੱਲ੍ਹੀ ਰੱਖੀ ਜਾ ਰਹੀ ਹੈ ਅਤੇ ਪੰਜਾਹ ਫੀਸਦੀ ਮਰੀਜ਼ਾਂ ਨੂੰ ਟੈਲੀਫੂਨ ’ਤੇ ਹੀ ਮਸ਼ਵਰਾ ਦਿੱਤਾ ਜਾ ਰਿਹਾ ਹੈ।
                                   ਹਰ ਕੋਈ ਸਹਿਯੋਗ ਕਰੇ : ਸਿੱਧੂ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਉਹ ਪ੍ਰਾਈਵੇਟ ਹਸਪਤਾਲਾਂ ਦੀ ਓ.ਪੀ.ਡੀ ਬਾਰੇ ਫੀਡ ਬੈਕ ਲੈ ਰਹੇ ਹਨ ਅਤੇ ਯਕੀਨੀ ਬਣਾਉਣਗੇ ਕਿ ਪ੍ਰਾਈਵੇਟ ਹਸਪਤਾਲ ਆਪਣੀਆਂ ਸੇਵਾਵਾਂ ਜਾਰੀ ਰੱਖਣ। ਕਾਰਪੋਰੇਟ ਹਸਪਤਾਲਾਂ ਦੀਆਂ ਸੇਵਾਵਾਂ ਵੀ ਲੈ ਰਹੇ ਹਾਂ। ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਕਰੋਨਾ ਮਰੀਜ਼ ਭਰਤੀ ਕੀਤੇ ਗਏ ਹਨ। ਉਨ੍ਹਾਂ ਸੱਦਾ ਦਿੱਤਾ ਕਿ ਹਰ ਕੋਈ ਇਸ ਜੰਗ ’ਚ ਆਪਣਾ ਯੋਗਦਾਨ ਪਾਵੇ।
 

Sunday, April 5, 2020

                            ਵਿਚਲੀ ਗੱਲ
              ਨਦੀ ਨਾ ਘਟਿਓ ਨੀਰ..!
                           ਚਰਨਜੀਤ ਭੁੱਲਰ
ਚੰਡੀਗੜ੍ਹ : ਨਾਢੂ ਖਾਂ ਤੇ ਪਾਟੇ ਖਾਂ, ਫੰਨੇ ਖਾਂ ਤੇ ਖੱਬੀ ਖਾਂ। ਭੁੱਲ ਨਾ ਜਾਈਏ, ਤੀਸ ਮਾਰ ਖਾਂ ਵੀ। ਹੱਥ ’ਚ ਚਿੱਠੀ ਹੈ, ਕੰਨੀ ਤੋਂ ਪਾਟੀ ਹੋਈ। ਇੰਝ ਭਮੱਤਰੇ ਹੋਏ ਨੇ ਸਭ, ਜਿਵੇਂ ਸ਼ੇਰ ਕੋਲ ਬੱਕਰੀ ਬੰਨ੍ਹੀ ਹੋਵੇ। ਕੋਈ ਖੱਬੇ ਵੇਖਦਾ ਹੈ, ਸੱਜੇ ਵੀ ਸੁੱਖ ਨਹੀਂ। ਮੂੰਹ ਵੀ ਸੁੱਜੇ ਨੇ, ਦਿਲ ਪਤਲੇ ਪਏ ਨੇ। ਕੋਈ ਘੁਮੰਡ ਦਾ ਨਾੜੂਆ ਕੱਟ ਦੇਊ। ਕਿਥੇ ਚਿੱਤ ਚੇਤੇ ਸੀ, ਭੁੱਲ ਹੀ ਬੈਠੇ ਸੀ। ਕਈ ਮੰਜ਼ਿਲੇ ਚੁਬਾਰੇ, ਸਭ ਮਹਿਲ ਮੁਨਾਰੇ। ਹੁਣ ਰੇਤ ਦੀ ਢੇਰੀ ਲੱਗਦੇ ਨੇ। ਜਿਉਂਦੇ ਜਾਗਦੇ, ਮਿੱਟੀ ਦੇ ਬੁੱਤ ਬਣੇ ਨੇ। ਬਾਘੀਆਂ ਮਹਾਮਾਰੀ ਪਾ ਰਹੀ ਹੈ।ਲਟਾ-ਪੀਂਘ ਡੋਨਲਡ ਟਰੰਪ ਹੋ ਰਿਹੈ। ਬਾਕੀ ਨੂਰ ਮੁਹੰਮਦ ਨੂਰ ਤੋਂ ਸੁਣੋ। ‘ਬਹੁਤ ਘੁਮੰਡ ਕਰੀਂ ਨਾ ਆਪਣੀ, ਸੁੰਦਰ ਦਿੱਖ ਦੇ ਸਿੰਗਾਂ ’ਤੇ/ਫੁੱਟ ਜਾਂਦੀ ਹੈ ਅੱਖ ਬਲੌਰੀ, ਇੱਕ ਪੱਥਰ ਦੇ ਟੋਟੇ ਨਾਲ।’ ਫਸੀ ਤਾਂ ਫਟਕਣ ਕੀ। ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜ੍ਹੇ ਬਜ਼ੁਰਗਾਂ ਨੂੰ ਕੱਤੇ ਦੀ ਬਿਮਾਰੀ ਭੁੱਲੀ ਨਹੀਂ। ਪਿੰਡ ਕੋਟਲੀ ਦੇਵਨ (ਮੁਕਤਸਰ) ਦਾ ਖੇਤਾ ਸਿਓਂ। ਉਮਰ ਪੂਰੇ 95 ਸਾਲ ਹੈ। ਕਿਵੇਂ ਪਿਉ ਦਾਦੇ ਸਿਵੇ ਬਾਲਦੇ ਹੰਭੇ ਸਨ, ਭੁੱਲਿਆ ਨਹੀਂ। ਮੌਤਾਂ ਵੰਡਦੀ ਪਲੇਗ ਨੇ ਕਿਥੇ ਥੱਕਣਾ ਸੀ। ਦੋ ਦਾ ਸਸਕਾਰ ਕਰਕੇ ਮੁੜਦੇ। ਚਾਰ ਹੋਰ ਤਿਆਰ ਹੁੰਦੇ। ਅਮਰੀਕਾ, ਵਿਸ਼ਵ ਦਾ ਜ਼ੈਲਦਾਰ ਅਖਵਾਉਂਦੈ। ਡੋਨਲਡ ਟਰੰਪ ਨੇ ਹੁਣੇ ਆਰਡਰ ਕੀਤੈ। ਪੂਰੇ ਇੱਕ ਲੱਖ ਤਾਬੂਤ ਦਾ। ਕਰੋਨਾ ਕੋਈ ਮਹਾਮਾਰੀ ਨਹੀਂ, ਜ਼ਿੰਦਗੀ ਦੀ ਇੱਕ ਠੋਕਰ ਹੈ। ਭੁੱਲੋਗੇ ਤਾਂ ਪਛਤਾਓਗੇ। ਜਦੋਂ ਕੁਦਰਤ ਮੁੜ ਨਵੇਂ ਮੋੜ ’ਤੇ ਟੱਕਰੀ। ‘ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜ੍ਹੀ।’ ਮੂਸੇ ਦੇ ਵਾਰਸ ਨਾ ਬਣਿਓਂ। ਬਾਕੀ ਥੋਡੀ ਮਰਜ਼ੀ।
                 ਅਮਰੀਕਾ ਤਾਕਤ ’ਚ ਦਾਦੈ। ਇੰਗਲੈਂਡ, ਇਟਲੀ, ਫਰਾਂਸ, ਸਭ ਸ਼ਰੀਕੇ ਕਬੀਲੇ ’ਚੋਂ ਨੇ। ਇੱਧਰ ਮੁਲਕ ਕਿਊਬਾ ਬਿਲਕੁਲ ਗਿੱਠੈ। ਇਸ ਗਿੱਠਮੁਠੀਏ ਨਾਲ ਕੀਹਨੇ ਭਲੀ ਗੁਜ਼ਾਰੀ ਸੀ। ‘ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ’। ਸੋਚ ਗਿੱਠੀ ਨਹੀਂ, ਕਿਊਬਾ ਸਭ ਭੁੱਲ ਭੁਲਾ ਗਿਆ। ਕਰੋਨਾ ਵਿਸ਼ਵ ਦਾ ਖਲਨਾਇਕ ਬਣਿਐ। ਇੱਧਰ ਕਿਊਬਾ ਦੇ ਡਾਕਟਰ ਨਾਇਕ। ਉਂਜ, ਜੋ ਜਾਨ ਗੁਆ ਬੈਠੇ। ਫਰਜ਼ਾਂ ਨੂੰ ਬਚਾਉਂਦੇ ਬਚਾਉਂਦੇ। ਤਹਿ ਦਿਲੋਂ ਸਲਾਮ ਹਰ ਉਸ ਡਾਕਟਰ ਨੂੰ, ਜੋ ਖੁਦ ਉਧੜ ਗਏ, ਜ਼ਿੰਦਗੀ ਦੇ ਨਗੰਦੇ ਪਾਉਣੋਂ ਨਾ ਹਟੇ। ਮਹਾਮਾਰੀ ਕੋਈ ਚਿੱਠੀ ਪਾ ਕੇ ਨਹੀਂ ਆਉਂਦੀ। ਠੀਕ ਉਵੇਂ ਹੀ, ਜਿਵੇਂ ਥੋਨੂੰ ਅਕਲ ਨਹੀਂ ਆਉਂਦੀ। ਬਹੁਤਾ ਚਾਂਭਲਣ ਦੀ ਲੋੜ ਨਹੀਂ, ਇਟਲੀ ਸਪੇਨ ਹੀ ਦੇਖ ਲਓ। ਟਿਕ ਕੇ ਘਰੇ ਬੈਠੋ। ਬੱਸ ਮੌਤ ਨੂੰ ਮਾਸੀ ਨਾ ਕਹੋ। ਜ਼ਿੰਦਗੀ ਕਦੋਂ ਡੋ ਡੋ ਕਰਦੇ, ਕਿਹੜਾ ਪਤਾ ਲੱਗਦੈ। ਬੱਸ ਛੋਟਾ ਜੇਹਾ ਵਿਸ਼ਾਣੂ ਹੈ। ਤਖ਼ਤ ਤੋਂ ਬਖ਼ਤ ਕਰ ਗਿਐ। ਹੈਸੀਅਤ ਦਿਖਾ ਦਿੱਤੀ। ਕੀੜੀ ਹਾਥੀ ਦੇ ਕੰਨ ’ਚ ਵੜੀ ਮਾਣ ਨਹੀਂ ਹੁੰਦੀ। ਕੁਦਰਤ ਦੀ ਪ੍ਰੀਖਿਆ ਹੈ। ਆਖ਼ਰ ਵਿਸ਼ਾਣੂ ਨੂੰ ਹਾਰਨਾ ਪੈਣੈ। ਜੋ ਭੁੱਖ ਤੋਂ ਹਾਰੇ, ਉਨ੍ਹਾਂ ਨੂੰ ਸ਼ਹੀਦ ਹੀ ਸਮਝੋ। ‘ਬਾਬਾ, ਮੌਤੋਂ ਭੁੱਖ ਬੁਰੀ’। ਬਿਹਾਰ ਦਾ ਭੋਜਪੁਰੀ ਬੱਚਾ ਭੁੱਖ ਨਾਲ ਮਰ ਗਿਆ। ਨਾਗਪੁਰ ਤੋਂ ਪਰਵਾਸੀ ਮਜ਼ਦੂਰ ਲੋਗੇਸ਼ ਪੰਜ ਸੌ ਕਿਲੋਮੀਟਰ ਤੁਰਿਆ। ਪਹਿਲਾਂ ਬੇਹੋਸ਼ ਹੋਇਆ, ਫਿਰ ਫ਼ੌਤ ਹੋਇਆ। ਨੌਜਵਾਨ ਰਣਵੀਰ, ਮੱਧ ਪ੍ਰਦੇਸ਼ ਤੋਂ ਚੱਲਿਆ। ਮੰਜ਼ਿਲ ਤੋਂ ਪਹਿਲਾਂ ਮੌਤ ਮਿਲੀ। ਢਿੱਡ ਦੇ ਝੁਲਕੇ, ਕਰੋਨਾ ਤੋਂ ਘੱਟ ਨਹੀਂ। ‘ਭੁੱਲ ਗਈ ਨਮਾਜ਼, ਮਾਰੀ ਭੁੱਖ ਦੀ।’
                 ਜ਼ਿੰਦਗੀ ਦੀ ਜਰਨੈਲੀ ਸੜਕ ’ਤੇ ਭਲੇ ਲੋਕ ਵੀ ਬੈਠੇ ਨੇ। ਡੰਡੀ ਉੱਤਰ ਕੇ ਭੱਜਣ ਵਾਲੇ ਵੀ। ਜੋ ਪਹੀ ਤੋਂ ਉੱਤਰੇ ਨੇ, ਵੋਟਾਂ ਵੇਲੇ ਆਉਣਗੇ। ਭਗੌੜੇ ਲੋਕਾਂ ਦੀ ਜ਼ਮਾਨਤ ਥੋਡੇ ਹੱਥ ਹੈ, ਬੱਕਰੀ ਨੋਟ ਆਪੇ ਖਾਣੋਂ ਹਟੂ। ਜ਼ਿੰਦਗੀ ਦੀ ਤਾਲਾਬੰਦੀ ’ਚ। ਮਜ਼ਦੂਰ ਦਾ ਜੁਆਕ ਕਿਥੋਂ ਰੋਟੀ ਖਾਏ। ਬੇਲਾਰੂਸ ਦਾ ਰਾਸ਼ਟਰਪਤੀ। ਲੱਲ-ਵਲੱਲੀਆਂ ਮਾਰੀ ਜਾਂਦੈ। ਅਖੇ, ਵੋਦਕਾ ਪੀਓ। ਸ਼ਰਾਬ ਦੀ ਹੋਮ ਡਿਲਿਵਰੀ ਮੇਘਾਲਿਆ ਸਰਕਾਰ ਨੇ ਕਰਤੀ। ਗੁਜਰਾਤ ’ਚ ਰਾਸ਼ਟਰੀ ਕਾਮਧੇਨੂ ਬੋਰਡ ਹੈ। ਰੋਜ਼ਾਨਾ ਛੇ ਹਜ਼ਾਰ ਲਿਟਰ ਗਊ ਮੂਤਰ ਵੇਚ ਰਿਹੈ। ਕਮਲਿਆਂ ਦੇ ਕਿਹੜਾ ਸਿੰਗ ਲੱਗੇ ਹੁੰਦੇ ਨੇ। ਢੁੱਡਾਂ ਕਰੋਨਾ ਮਾਰ ਰਿਹਾ ਹੈ। ਵੱਡੇ ਲੀਡਰ ਘਰੇ ਦੜੇ ਬੈਠੇ ਨੇ, ਅਖੇ ਡਰ ਲੱਗਦੈ। ਸਿੱਖਦੇ ਫੇਰ ਵੀ ਕੁਛ ਨਹੀਂ। ਏਹੋ ਜੇਹੀ ਅਮੀਰੀ, ਕਿਹੜੇ ਫੋੜ੍ਹੇ ਲਾਈਏ।ਗੱਲ ਨਾਇਕਾਂ ਦੀ ਕਰਾਂਗੇ। ਘਰਾਂ ਦੇ ਗਰੀਬ ਨੇ, ਦਿਲਾਂ ਦੇ ਬਾਦਸ਼ਾਹ। ਸਾਬਕਾ ਫੌਜੀ ਨੇ ਕਰ ਦਿੱਤਾ, ਜੋ ਕੈਪਟਨ ਨਹੀਂ ਕਰ ਸਕਿਆ। ਬੀਬੀ ਵਾਲਾ (ਬਠਿੰਡਾ) ਦਾ ਸਾਬਕਾ ਫੌਜੀ ਬੂਟਾ ਸਿੰਘ। ਜ਼ਿੰਦਗੀ ਮੁਰਝਾ ਨਾ ਜਾਏ, ਇਹ ਸੋਚ ਕੇ ਇੱਕ ਏਕੜ ਜ਼ਮੀਨ ਦਾਨ ਕਰ ਦਿੱਤੀ। ਅਖੇ ਬਣਾ ਲਓ ਕਰੋਨਾ ਹਸਪਤਾਲ। ਛੋਟਾ ਕਿਸਾਨ ਬੂਟਾ ਸਿੰਘ ਦਸਵੀਂ ਫੇਲ੍ਹ ਹੈ। ਜ਼ਿੰਦਗੀ ਦੀ ਮੈਰਿਟ ’ਚ ਹੁਣ ਆਇਐ। ਕੈਪਟਨ ਦੇ ਘਰ ਕੋਈ ਘਾਟੈ। ਸੱਚ, ਗੱਲ ਤਾਂ ਦਿਲ ਦੀ ਹੁੰਦੀ ਹੈ। ਮੱਧ ਪ੍ਰਦੇਸ਼ ਦਾ ਕਿਸਾਨ ਦੱਤਾ ਰਾਮ। ਕਣਕ ਦੀ ਵਾਢੀ ਕੀਤੀ, ਕਰਫਿਊ ’ਚ ਫਸੇ ਮਜ਼ਦੂਰਾਂ ਨੂੰ ਸਾਰੀ ਵੰਡ ਦਿੱਤੀ। ਅਖੇ, ਦਾਤਾ ਆਪੇ ਦੇਊ।‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਛੋਟੇ ਜਾਣੂ ਨੇ। ਵੱਡਿਆਂ ਦੇ ਹੌਲ ਪੈਂਦੇ, ਦੱਸੋ ਚਿੜੀ ਵਿਚਾਰੀ ਕੀ ਕਰੇ।
                 ਖੈਰ, ਮਹਾਮਾਰੀ ਨੇ ਹਲੂਣਾ ਦਿੱਤੈ। ਆਪਣੇ ਬੇਗਾਨੇ ਦਾ ਪਤਾ ਉਦੋਂ ਲੱਗਦੈ ਜਦੋਂ ਕੁੰਢੀਆਂ ਦੇ ਸਿੰਗ ਫਸ ਜਾਣ। ਗੁਰਦਾਸਪੁਰ ਦੀ ਇੱਕ ਸਕੂਲੀ ਬੱਚੀ। ਆਪਣਾ ਗੱਲਾ (ਪਿੱਗੀ ਬੈਂਕ) ਡੀਸੀ ਹਵਾਲੇ ਕਰ ਆਈ। ਜੋੜ ਜੋੜ ਕੇ ਪੈਸੇ ਰੱਖੇ ਲੋਕਾਂ ਲੇਖੇ ਲਾ ਆਈ। ਮੱਧ ਪ੍ਰਦੇਸ਼ ’ਚ ਦੋ ਭੈਣਾਂ ਨੇ ਜੋੜੇ ਪੈਸੇ ਪੁਲੀਸ ਹਵਾਲੇ ਕਰ ਦਿੱਤੇ, ਮਜ਼ਦੂਰ ਭੁੱਖੇ ਨਾ ਸੌਣ। ਗੁੜਗਾਓਂ ਹਾਈਵੇਅ ’ਤੇ, ਭੁੱਖੇ ਰਾਹਗੀਰ ਝੱਲੇ ਨਾ ਗਏ, ਸੱਤ ਨੌਜਵਾਨ ਦਿਨ ਰਾਤ ਜਾਗੇ। ਤਲਵੰਡੀ ਸਾਬੋ ਦਾ ਇੱਕ ਕਰਿਆਨਾ ਸਟੋਰ ਮਾਲਕ। ਗਰੀਬੀ ’ਚੋਂ ਉੱਠਿਐ। ਹੁਣ ਪਿੰਡੋਂ ਪਿੰਡ ਗਰੀਬ ਲੱਭਦੈ। 860 ਰੁਪਏ ਦਾ ਰਾਸ਼ਨ ਘਰੇ ਰੱਖ ਆਉਂਦੈ। ਨਾ ਕੋਈ ਫੋਟੋ ਖਿਚਾਉਂਦੈ, ਬੱਸ ਸਭ ਕੁਝ ਗੁਪਤਦਾਨ।ਮੁਕਤਸਰ ਦਾ ਇੱਕ ‘ਪੇਂਡੂ ਜੱਟ’ ਕਾਫੀ ਮਸ਼ਹੂਰ ਹੈ। ਵੇਰਕਾ ਦੁੱਧ ਦਾ ਟਰੱਕ ਮੰਗਵਾ ਲਿਐ। ਲੋੜਵੰਦਾਂ ਦੇ ਘਰੋਂ ਘਰੀ ਦੁੱਧ ਭੇਜ ਰਿਹੈ। ਗਰੀਬ ਲੋਕ ਹੈਰਾਨ ਨੇ, ਦੁੱਧ ਕਿਥੋਂ ਆਉਂਦੈ। ‘ਪੇਂਡੂ ਜੱਟ’ ਲੁਕਿਐ ਬੈਠੇ। ਮੰਤਰੀ ਸੰਤਰੀ ਰਾਸ਼ਨ ਵੰਡਦੇ ਨੇ। ਢੋਲ ਵਜਾ ਕੇ। ਦਸਵੰਧ ਦੀ ਗੁੜ੍ਹਤੀ ਪੰਜਾਬੀਆਂ ਨੂੰ ਸਤਿਗੁਰਾਂ ਨੇ ਦਿੱਤੀ ਹੈ। ਯਾਦ ਆਇਐ, ਸੁਖਬੀਰ ਬਾਦਲ ਹੁਣ ਜਥੇਦਾਰ ਬਣੇ ਹਨ। ਪੂਰਾ ਸਿੱਖੀ ਸਰੂਪ ਧਾਰਨ ਕੀਤੈ। ਦਸਵੰਧ ਕੱਢਿਆ ਹੈ, ਇਹ ਪਤਾ ਨਹੀਂ। ਏਨਾ ਪਤਾ ਕਿ ਹਰਸਿਮਰਤ ਬਾਦਲ ਕੋਲ ਸੱਤ ਕਰੋੜ ਦਾ ਸੋਨਾ ਹੈ। ਗਰੀਬਾਂ ਨੂੰ ਕੀ ਭਾਅ। ਘਰੋਂ ਕੋਈ ਨੇਤਾ ਦਾਨ ਦਿੰਦਾ ਦੇਖਿਆ ਹੋਵੇ, ਜ਼ਰੂਰ ਦੱਸਣਾ। ਆਓ, ਛੋਟੀ ਸੋਚ ਦੇ ਦਰਸ਼ਨ ਕਰਾਈਏ। ਪੰਜਾਬ ਦੇ ਵਜ਼ੀਰਾਂ, ਕਈ ਵਿਧਾਇਕਾਂ ਨੇ ਮਹੀਨੇ ਦੀ ਤਨਖਾਹ ‘ਰਾਹਤ ਫੰਡ’ ਵਜੋਂ ਦੇਣੀ ਹੈ। ਸਿਰਫ਼ ਤੇ ਸਿਰਫ਼ ਬੇਸਿਕ ਪੇਅ ਦੇਣਗੇ। ਪੂਰੀ ਤਨਖਾਹ ਨਹੀਂ।
                 ਸਭ ਭੱਤਿਆਂ ਸਮੇਤ ਇੱਕ ਐੱਮਐੱਲਏ ਨੂੰ ਲੱਖ ਤੋਂ ਉਪਰ ਮਿਲਦੇ ਨੇ। ‘ਰਾਹਤ ਫੰਡ’ ’ਚ ਪਾਉਣਗੇ ਕੇਵਲ 25 ਹਜ਼ਾਰ। ਇਵੇਂ ਵਜ਼ੀਰ ਕਰਨਗੇ। ਇਸ ਗੱਲੋਂ ਕੇਵਲ ਢਿੱਲੋਂ ਮੱਲ ਮਾਰ ਗਿਆ। ਪੰਜ ਕਰੋੜ ਦੀ ਭੇਟਾ ਦਿੱਤੀ ਹੈ। ਭਗਵੰਤ ਮਾਨ ਸ਼ਾਇਦ ਦਬ ਗਿਆ। ਨਵਜੋਤ ਸਿੱਧੂ ਭਾਲਿਆ ਨਹੀਂ ਥਿਆਉਂਦਾ। ਪੰਜਾਬੀਓ, ਕਾਪੀ ਲਾ ਲਓ, ਨੋਟ ਕਰਨਾ, ਕੌਣ ਕੌਣ ਮੈਦਾਨ ਛੱਡ ਭੱਜਿਐ। ਮਨ ’ਚ ਮੈਲ ਨਾ ਹੁੰਦੀ, ਹਰ ਛੋਟਾ ਵੱਡਾ ਨੇਤਾ, ‘ਨੇਕ’ ਕਮਾਈ ’ਚੋਂ ਦਸਵੰਧ ਕੱਢਦਾ। ਲੋਕ ਸਭਾ ਦੇ 542 ਐੱਮਪੀ ਹਨ ਜਿਨ੍ਹਾਂ ਦੀ ਇੱਕ ਨੰਬਰ ਦੀ ਜਾਇਦਾਦ 11,344 ਕਰੋੜ ਬਣਦੀ ਹੈ। ਹਰ ਐੱਮਪੀ ਕੋਲ ਅੌਸਤਨ 20.93 ਕਰੋੜ ਦੀ ਸੰਪਤੀ ਹੈ। ਹਾਰਿਆਂ ਕੋਲ ਵੀ ਨੌਂ ਹਜ਼ਾਰ ਕਰੋੜ ਤੋਂ ਘੱਟ ਨਹੀਂ। ਬਾਕੀ ਮੁਲਕ ਭਰ ਦੇ 4116 ਵਿਧਾਇਕਾਂ ਦੀ ਕਮਾਈ ਜੋੜ ਲਓ। ਦੇਸ਼ ਦਾ ਸਭ ਤੋਂ ਅਮੀਰ ਵਿਧਾਇਕ, ਕਰਨਾਟਕ ਦਾ ਟੀ.ਬੀ. ਨਾਗਰਾਜ ਹੈ। 1015 ਕਰੋੜ ਦੀ ਸੰਪਤੀ ਹੈ। ‘ਕੱਟੇ ਨੂੰ ਮਣ ਦੁੱਧ ਦਾ ਕੀ ਭਾਅ’। ਆਖਦੇ ਨੇ, ਲੋੜਾਂ ਦਾ ਖੂਹ ਭਰ ਜਾਂਦੈ, ਲੋਭ ਦੀ ਖਾਣ ਨਹੀਂ ਭਰਦੀ। ਮਹਾਮਾਰੀ ਤੋਂ ਇਨ੍ਹਾਂ ਧੇਲੇ ਦਾ ਨਹੀਂ ਸਿੱਖਿਆ। ਵੱਡੇ ਲੋਕ, ਦਿਲ ਛੋਟੇ, ਉਪਰ ਮੈਲ ਜੰਮੀ ਪਈ ਹੈ, ਸੈਨੇਟਾਈਜ਼ਰ ਨਾਲ ਧੋਣੇ ਪੈਣੇ ਨੇ। ਵੈਸੇ ਹੁਣ ਗੰਗਾ ਵੀ ਸਾਫ ਹੈ, ਉਥੇ ਮੂੰਹ ਧੋ ਆਉਣ। ਛੱਜੂ ਰਾਮ ਨੂੰ ਨਾ ਬੁਲਾਓ, ਮੂੰਹ ’ਤੇ ਮਾਸਕ ਬੰਨ੍ਹਿਐ, ਠੀਕਰੀ ਪਹਿਰੇ ’ਤੇ ਡਟਿਐੈ। ਦੱਸੋਂਗੇ, ਕੀ ਤੁਸੀਂ ਅੱਜ ਰਾਤ ਦੀਵੇ ਬਾਲੋਂਗੇ। ‘ਫੋੜਾ ਕਿਤੇ, ਚੀਰਾ ਕਿਤੇ’।

Saturday, April 4, 2020

                        ਰਪਟ ਕੌਣ ਲਿਖੂ 
            ਰਾਜਾ ਛੋਟਾ, ਦਰਸ਼ਨ ਵੱਡੇ
                         ਚਰਨਜੀਤ ਭੁੱਲਰ
ਚੰਡੀਗੜ੍ਹ : ਜਿਨ੍ਹਾਂ ਗਰੀਬ ਘਰਾਂ ’ਚ ਚੋਣਾਂ ਮੌਕੇ ਵਿਧਾਇਕ ਰਾਜਾ ਵੜਿੰਗ ਨੇ ਰਾਤਾਂ ਕੱਟੀਆਂ, ਉਹ ਪਰਿਵਾਰ ਹੁਣ ਰਾਸ਼ਨ ਉਡੀਕ ਰਹੇ ਹਨ। ਲੋਕ ਸਭਾ ਚੋਣਾਂ ਦੇ ਪ੍ਰਚਾਰ ਮੌਕੇ ਰਾਜਾ ਵੜਿੰਗ ਬਤੌਰ ਕਾਂਗਰਸੀ ਉਮੀਦਵਾਰ ਗਰੀਬਾਂ ਦਾ ਮਸੀਹਾ ਬਣ ਇਨ੍ਹਾਂ ਗਰੀਬ ਘਰਾਂ ’ਚ ਸੁੱਤੇ ਸਨ। ਉਨ੍ਹਾਂ ਨੇ ਗਰੀਬਾਂ ਦੇ ਚੁੱਲ੍ਹੇ ’ਤੇ ਰੋਟੀ ਵੀ ਖਾਧੀ ਸੀ। ਇਹ ਦੱਸਣ ਲਈ ਕਿ ਉਹ ਗਰੀਬਾਂ ਦੇ ਕਿੰਨੇ ਹਮਦਰਦ ਹਨ। ਇਵੇਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਚੋੋਣਾਂ ਤੋਂ ਪਹਿਲਾਂ ਪੀੜਤ ਘਰਾਂ ’ਚ ਪੁੱਜੇ ਸਨ, ਉਹ ਵੀ ਹਾਲੇ ਹਵਾ ’ਚ ਹੀ ਲਟਕੇ ਹੋਏ ਹਨ। ਬਠਿੰਡਾ ਦੇ ਬੰਗੀ ਨਗਰ ਵਿਚ ਝੁੱਗੀ ਝੌਂਪੜੀ ਵਾਲੇ ਵੱਡੀ ਗਿਣਤੀ ’ਚ ਹਨ। ਚੋਣ ਪ੍ਰ੍ਰਚਾਰ ਦੌਰਾਨ ਰਾਜਾ ਵੜਿੰਗ ਨੇ ਸੰਨ੍ਹੀ ਦੀ ਝੁੱਗੀ ’ਚ ਰਾਤ ਗੁਜ਼ਾਰੀ। ਸਿਆਸੀ ਤੌਰ ’ਤੇ ਵਾਹ ਵਾਹ ਵੀ ਖੱਟੀ। ਢੋਲ ਵਜਾ ਕੇ ਕਮਾਉਣ ਵਾਲਾ ਸੰਨ੍ਹੀ ਦੱਸਦਾ ਹੈ ਕਿ ਉਦੋਂ ਸਪੈਸ਼ਲ ਮੰਜੇ ਅਤੇ ਕੂਲਰ ਦਾ ਪ੍ਰਬੰਧ ਕੀਤਾ ਸੀ ਅਤੇ ਪੂਰੀ ਰਾਤ ਜਾਗ ਕੇ ਪਹਿਰਾ ਦਿੱਤਾ ਸੀ ਤਾਂ ਜੋ ਮਹਿਮਾਨ ਨੂੰ ਕੋਈ ਮੁਸ਼ਕਲ ਨਾ ਆਵੇ। ਇਹੋ ਮੰਗ ਉਦੋਂ ਰੱਖੀ ਸੀ ਕਿ ਮਕਾਨ ਲਈ ਜਗ੍ਹਾ ਦੇ ਦਿੱਤੀ ਜਾਵੇ ਅਤੇ ਕੋਈ ਕੰਮ ਦਿਵਾ ਦਿੱਤਾ ਜਾਵੇ। ਸੰਨ੍ਹੀ ਦੱਸਦਾ ਹੈ ਕਿ ਚੋਣਾਂ ਮੌਕੇ ਝੁੱਗੀ ਕੋਲ ਨਲਕਾ ਤਾਂ ਲੱਗ ਗਿਆ ਸੀ, ਬਾਕੀ ਕੋਈ ਵਾਅਦਾ ਪੂਰਾ ਨਹੀਂ ਹੋਇਆ।ਝੌਂਪੜੀ ਵਾਲਾ ਸੰਨ੍ਹੀ ਆਖਦਾ ਹੈ ਕਿ ਉਹ ਤਿੰਨ ਦਿਨਾਂ ਤੋਂ ਗੁਰੂ ਘਰ ਚੋਂ ਲੰਗਰ ਲਿਆ ਕੇ ਜੁਆਕਾਂ ਨੂੰ ਖੁਆ ਰਿਹਾ ਹੈ। ਹੁਣ ਕੰਮ ਵੀ ਬੰਦ ਪਿਆ ਹੈ ਅਤੇ ਕਿਸੇ ਨੇ ਹੁਣ ਬਾਤ ਨਹੀਂ ਪੁੱਛੀ। ਰਾਸ਼ਨ ਦੇਣਾ ਤਾਂ ਦੂਰ ਦੀ ਗੱਲ। ਉਸ ਨੇ ਵਾਸਤਾ ਪਾਇਆ ਕਿ ਜੁਆਕਾਂ ਤੋਂ ਭੁੱਖ ਨਹੀਂ ਕੱਟੀ ਜਾਂਦੀ, ਰਾਤ ਨੂੰ ਰੌਣ ਲੱਗ ਪੈਂਦੇ ਨੇ।
               ਦੱਸ ਦੇਈਏ ਕਿ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਪਿੰਡ ਬਾਦਲ ਦੇ ਇੱਕ ਗਰੀਬ ਪਰਿਵਾਰ ਵਿਚ ਰਾਤ ਕੱਟ ਕੇ ਸ਼ੁਰੂ ਕੀਤੀ ਸੀ। ਉਸ ਪਰਿਵਾਰ ਵਿਚ ਖਾਣਾ ਵੀ ਖਾਧਾ ਸੀ। ਮਾਲਵੇ ’ਚ ਜਿਨ੍ਹਾਂ ਪਰਿਵਾਰਾਂ ਕੋਲ ਰਾਸ਼ਨ ਵਗੈਰਾ ਨਹੀਂ ਪੁੱਜਾ ਹੈ, ਉਨ੍ਹਾਂ ’ਚ ਇਹ ਪਰਿਵਾਰ ਵੀ ਸ਼ਾਮਿਲ ਹੈ। ਰਾਜਾ ਵੜਿੰਗ ਦਾ ਪੱਖ ਲੈਣ ਲਈ ਵਾਰ ਵਾਰ ਫੋਨ ਕੀਤਾ ਤੇ ਸੁਨੇਹਾ ਲਾਇਆ ਪ੍ਰੰਤੂ ਉਹ ਸੰਪਰਕ ’ਚ ਆ ਨਹੀਂ ਸਕੇ। ਇਸੇ ਤਰ੍ਹਾਂ ਹੀ ਜਦੋਂ ਪਿੰਡ ਭਗਵਾਨਗੜ੍ਹ ਦਾ ਕਿਸਾਨ ਜਗਦੇਵ ਸਿੰਘ ਖੁਦਕੁਸ਼ੀ ਕਰ ਗਿਆ ਸੀ ਤਾਂ ਉਦੋਂ ਹਾਅ ਦਾ ਨਾਅਰਾ ਮਾਰਨ ਵਾਸਤੇ ਇਸ ਕਿਸਾਨ ਦੇ ਘਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ 6 ਨਵੰਬਰ 2015 ਨੂੰ ਪੁੱਜੇ ਸਨ। ਚਿੱਟੀ ਮੱਖੀ ਦੇ ਹੱਲੇ ਕਾਰਨ ਖਰਾਬ ਹੋਏ ਫਸਲ ਦੇਖ ਕੇ ਕਿਸਾਨ ਜਗਦੇਵ ਸਿੰਘ ਨੇ ਖੁਦਕੁਸ਼ੀ ਕਰ ਲਈ  ਸੀ। ਅੱਜ ਕਰੋਨਾ ਤੇ ਕਰਫਿਊ ਕਰਕੇ ਇਹ ਪਰਿਵਾਰ ਵੀ ਬੁਰੇ ਦੌਰ ਵਿਚੋਂ ਦੀ ਗੁਜ਼ਰ ਰਿਹਾ ਹੈ। ਮ੍ਰਿਤਕ ਦੇ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਵਕਤ ਆਗੂਆਂ ਨੇ ਤਿੰਨ ਐਲਾਨ ਕੀਤੇ ਸਨ, ਸਾਰਾ ਕਰਜ਼ਾ ਮੁਆਫ਼ ਕਰਾਂਗੇ, ਇੱਕ ਜੀਅ ਨੂੰ ਸਰਕਾਰੀ ਨੌਕਰੀ ਅਤੇ ਪੋਤਰੇ ਦੀ ਸਕੂਲ ਫੀਸ ਮੁਆਫ਼ ਕਰਾਂਗੇ। ਉਨ੍ਹਾਂ ਸਿਰ ਅੱਜ ਵੀ 5.50 ਲੱਖ ਦਾ ਕਰਜ਼ਾ ਖੜ੍ਹਾ ਹੈ ਅਤੇ ਡੇਢ ਏਕੜ ਜ਼ਮੀਨ ਵੀ ਪਹਿਲਾਂ ਕਰਜ਼ਾ ਉਤਾਰਨ ਲਈ ਵੇਚਣੀ ਪਈ। ਉਸ ਨੇ ਦੱਸਿਆ ਕਿ ਸਰਕਾਰੀ ਤਾਂ ਛੱਡੋ, ਪ੍ਰਾਈਵੇਟ ਨੌਕਰੀ ਵੀ ਨਹੀਂ ਦਿੱਤੀ। ਹੁਣ ਕਰਫਿਊ ਕਰਕੇ ਖੇਤੀ ਤੇ ਖ਼ਤਰੇ ਦੇ ਬੱਦਲ ਮੰਡਰਾਉਣ ਲੱਗੇ ਹਨ। ਇਸ ਸਮੇਂ ਦੌਰਾਨ ਵੀ ਕਿਸੇ ਆਗੂ ਨੇ ਬਾਤ ਨਹੀਂ ਪੁੱਛੀ ਹੈ।
       ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 12 ਅਗਸਤ 2017 ਨੁੂੰ ਮਾਨਸਾ ਦੇ ਪਿੰਡ ਖਿਆਲਾ ਕਲਾਂ ਦੇ ਕਿਸਾਨ ਮਲਕੀਤ ਸਿੰਘ ਦੇ ਖੇਤ ਵੀ ਪੁੱਜੇ ਸਨ ਜਿਸ ਨੇ ਚਿੱਟੀ ਮੱਖੀ ਦੇ ਹਮਲੇ ਮਗਰੋਂ ਖੜ੍ਹੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਸੀ। ਕੈਪਟਨ ਨੇ ਭਰੋਸਾ ਦਿੱਤਾ ਸੀ ਕਿ ਉਹ ਹੋਏ ਨੁਕਸਾਨ ਦੇ ਮੁਆਵਜ਼ੇ ਬਾਰੇ ਫੈਸਲਾ ਲੈਣਗੇ। ਕਿਸਾਨ ਦੀ ਕਰੀਬ ਪੌਣੇ ਦੋ ਲੱਖ ਰੁਪਏ ਦੀ ਫਸਲ ਦਾ ਖ਼ਰਾਬਾ ਹੋਇਆ ਸੀ। ਮਲਕੀਤ ਸਿੰਘ ਦੱਸਦਾ ਹੈ ਕਿ ਹਾਲੇ ਤੱਕ ਕੋਈ ਮੁਆਵਜ਼ਾ ਨਹੀਂ ਮਿਲਿਆ ਖੇਤੀ ’ਵਰਸਿਟੀ ਦੇ ਦਵਾਈਆਂ ਦਾ ਛਿੜਕਾਓ ਵਗੈਰਾ ਕਰਾਇਆ ਸੀ ਪ੍ਰੰਤੂ ਮੁਆਵਜ਼ਾ ਰਾਸ਼ੀ ਅੱਜ ਤੱਕ ਨਹੀਂ ਮਿਲੀ। ਕਰਫਿਊ ਦੇ ਸੰਦਰਭ ਵਿਚ ਉਸ ਨੇ ਆਖਿਆ ਕਿ ਹੁਣ ਫਸਲ ਬਿਨ੍ਹਾਂ ਅੜਚਣ ਤੋਂ ਸਿਰੇ ਲੱਗ ਜਾਵੇ, ਇਹੋ ਫਿਕਰ ਸਤਾ ਰਿਹਾ ਹੈ।ਫਤਹਿਗੜ੍ਹ ਸਾਹਿਬ ਦੇ ਪਿੰਡ ਦਾਦੂਮਾਜਰਾ ਦੇ ਖੁਦਕੁਸ਼ੀ ਕਰਨ ਵਾਲੇ ਕਿਸਾਨ ਸੁਰਜੀਤ ਸਿੰਘ ਦੇ ਘਰ ਦੁੱਖ ਵੰਡਾਉਣ ਖੁਦ ਰਾਹੁਲ ਗਾਂਧੀ ਪੁੱਜੇ ਸਨ। ਰਾਹੁਲ ਗਾਂਧੀ ਨੇ ਪੰਜਾਬ ’ਚ ਕਾਂਗਰਸੀ ਸਰਕਾਰ ਬਣਨ ’ਤੇ ਪਰਿਵਾਰ ਦੀ ਮਦਦ ਦਾ ਭਰੋਸਾ ਦਿੱਤਾ ਸੀ। ਮ੍ਰਿਤਕ ਕਿਸਾਨ ਦੇ ਪੁੱਤਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਸਾਰਾ ਕਰਜ਼ਾ ਮੁਆਫ਼ ਕਰਨਾ ਸੀ ਅਤੇ ਇੱਕ ਜੀਅ ਨੂੰ ਨੌਕਰੀ ਦੇਣੀ ਸੀ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਇਹ ਵਾਅਦੇ ਪੂਰੇ ਨਹੀਂ ਕੀਤੇ ਹਨ। ਉਸ ਦੀ ਚਿੰਤਾ ਸੀ ਕਿ ਕਰਫਿਊ ਕਰਕੇ ਫਸਲ ਦਾ ਮੰਡੀਕਰਨ ਵੇਲੇ ਸਿਰ ਹੋ ਜਾਵੇ। ਦੱਸਣਯੋਗ ਹੈ ਕਿ ਕਰੋਨਾ ਤੇ ਕਰਫਿਊ ਦੀ ਬਿਪਤਾ ਮੌਕੇ ਇਨ੍ਹਾਂ ਪਰਿਵਾਰਾਂ ਨੂੰ ਮੁੜ ਉਹ ਵਾਅਦੇ ਚੇਤੇ ਆਏ ਹਨ ਜੋ ਕਾਂਗਰਸੀ ਆਗੂਆਂ ਨੇ ਕੀਤੇ ਸਨ।



 

Friday, April 3, 2020

                         ਸ਼ਰਾਬ ਦੇ ਵਪਾਰੀ
              ਨਾਲੇ ਪੁੰਨ, ਨਾਲੇ ਫਲੀਆਂ
                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਸ਼ਰਾਬ ਸਨਅਤਾਂ ਕਰੋਨਾ ਖ਼ਿਲਾਫ਼ ਜੰਗ ’ਚ ਪੁੰਨ ਵੀ ਖੱਟ ਰਹੀਆਂ ਹਨ ਅਤੇ ਇਨ੍ਹਾਂ ਦਾ ਨਾਲੋ ਨਾਲ ਮਸ਼ਹੂਰੀ ਦਾ ਵਾਜਾ ਵੀ ਵੱਜ ਰਿਹਾ ਹੈ। ਸ਼ਰਾਬ ਸਨਅਤਾਂ ਵੱਲੋਂ ਮੁਫ਼ਤ ’ਚ ਸਰਕਾਰ ਨੂੰ ਸੈਨੇਟਾਈਜ਼ਰ ਮੁਹੱਈਆ ਕਰਾਇਆ ਜਾ ਰਿਹਾ ਹੈ। ਕੋਈ ਸ਼ਰਾਬ ਸਨਅਤ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਲੇਬਲ ਚਿਪਕਾ ਕੇ ਸਪਲਾਈ ਦੇ ਰਹੀ ਹੈ। ਜਦੋਂ ਕਿ ਸਾਬਕਾ ਅਕਾਲੀ ਮੰਤਰੀ ਦੀ ਸ਼ਰਾਬ ਸਨਅਤ ਆਪਣੇ ਸ਼ਰਾਬ ਦੇ ਬਰਾਂਡ ਦੇ ਨਾਮ ਹੀ ਸੈਨੇਟਾਈਜ਼ਰ ਦੇ ਲੇਬਲ ਲਾ ਕੇ ਦੇ ਰਹੀ ਹੈ। ਪੰਜਾਬ ਦੀਆਂ ਅੱਧੀ ਦਰਜਨ ਸ਼ਰਾਬ ਫੈਕਟਰੀਆਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਮੁਫ਼ਤ ਵਿਚ ਸੈਨੇਟਾਈਜ਼ਰ ਸਪਲਾਈ ਕੀਤਾ ਜਾ ਰਿਹਾ ਹੈ। ਉਂਜ ਤਾਂ ਸ਼ਰਾਬ ਉਤਪਾਦਨ ਇਨ੍ਹਾਂ ਸਨਅਤਾਂ ਵਿਚ ਬੰਦ ਹੈ ਪ੍ਰੰਤੂ ਹੁਣ ਅੌਖੀ ਘੜੀ ਵਿਚ ਇਹ ਸਨਅਤਾਂ ਵੀ ਸਰਕਾਰ ਦਾ ਮੋਢਾ ਬਣੀਆਂ ਹਨ। ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ, ਜ਼ਿਲ੍ਹਾ ਪ੍ਰਸ਼ਾਸਨ, ਐਸ.ਐਸ.ਪੀ ਦਫ਼ਤਰਾਂ ਤੇ ਪੁਲੀਸ ਨੂੰ ਇਹ ਸੈਨੇਟਾਈਜ਼ਰ ਸਪਲਾਈ ਦਿੱਤਾ ਜਾ ਰਹੀ ਹੈ। ਕਰੀਬ 50 ਹਜ਼ਾਰ ਲੀਟਰ ਸੈਨੇਟਾਈਜ਼ਰ ਇਨ੍ਹਾਂ ਸ਼ਰਾਬ ਸਨਅਤਾਂ ਵੱਲੋਂ ਦਿੱਤਾ ਜਾਣਾ ਹੈ। ਸਰਕਾਰ ਨੂੰ ਇਸ ਨਾਲ ਥੋੜੀ ਰਾਹਤ ਵੀ ਮਿਲੀ ਹੈ ਪ੍ਰੰਤੂ ਇਸ ਪੁੰਨ ਦੇ ਕੰਮ ’ਚ ਸ਼ਰਾਬ ਸਨਅਤਾਂ ਮਸ਼ਹੂਰੀ ਦਾ ਢੋਲ ਵੀ ਵਜਾ ਗਈਆਂ ਹਨ।
        ਐਨ.ਵੀ ਡਿਸਟਿਲਰੀ ਵੱਲੋਂ ਵੀ ਸਰਕਾਰ ਨੂੰ ਮੁਫ਼ਤ ’ਚ ਸੈਨੇਟਾਈਜ਼ਰ ਦਿੱਤਾ ਜਾ ਰਿਹਾ ਹੈ। ਇਸ ਸ਼ਰਾਬ ਸਨਅਤ ਵੱਲੋਂ ਜੋ 200 ਐਮ.ਐਲ ਦੀ ਸਪਲਾਈ ਦਿੱਤੀ ਜਾ ਰਹੀ ਹੈ, ਉਸ ਹਰ ਸ਼ੀਸ਼ੀ ’ਤੇ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਵਾਲਾ ਸਟਿੱਕਰ ਚਿਪਕਾਇਆ ਗਿਆ ਹੈ। ਭਾਵੇਂ ਸਰਕਾਰ ਇਹ ਮੁਫ਼ਤ ਸੇਵਾ ਲੈ ਰਹੀ ਹੈ ਪ੍ਰੰਤੂ ਸ਼ਰਾਬ ਸਨਅਤ ਪ੍ਰਬੰਧਕ ਇੱਕੋ ਹੱਲੇ ਪੰਜਾਬ ਸਰਕਾਰ ਨੂੰ ਵੀ ਖੁਸ਼ ਕਰਨ ਦੇ ਰਾਹ ਪਏ ਹਨ। ਹੁਣ ਸਰਕਾਰੀ ਮੁਲਾਜ਼ਮਾਂ ਅਤੇ ਸਟਾਫ ਦੇ ਹੱਥਾਂ ਵਿਚ ਮੁੱਖ ਮੰਤਰੀ ਦੀ ਫੋਟੋ ਵਾਲਾ ਸੈਨੇਟਾਈਜ਼ਰ ਪੁੱਜ ਰਿਹਾ ਹੈ। ਸਾਬਕਾ ਅਕਾਲੀ ਮੰਤਰੀ ਦੀਪ ਮਲਹੋਤਰਾ ਦੀ ਫਿਰੋਜ਼ਪੁਰ ਜ਼ਿਲ੍ਹੇ ਵਿਚਲੀ ਸ਼ਰਾਬ ਸਨਅਤ ਵੀ ਸੈਨੇਟਾਈਜਰ ਸਪਲਾਈ ਕਰ ਰਹੀ ਹੈ। ਮਲਹੋਤਰਾ ਦੀ ਮੈਲਬਰੋਸ ਇੰਟਰਨੈਸ਼ਨਲ ਕੰਪਨੀ ਤਰਫ਼ੋਂ ਸੈਨੇਟਾਈਜਰ ਦੀ180 ਐਮ.ਐਲ ਦੀ ਪੈਕਿੰਗ ਵੀ ਤਿਆਰ ਕੀਤੀ ਗਈ ਹੈ ਜਿਸ ਨੂੰ ‘ਆਲ ਸੀਜ਼ਨ’ ਹੈਂਡ ਸੈਨੇਟਾਈਜ਼ਰ ਨਾਮ ਦਿੱਤਾ ਗਿਆ ਹੈ। ਮਲਹੋਤਰਾ ਫਰਮ ਦੀ ‘ਆਲ ਸੀਜ਼ਨ’ ਅੰਗਰੇਜ਼ੀ ਸ਼ਰਾਬ ਵੀ ਹੈ। ਸੂਤਰ ਆਖਦੇ ਹਨ ਕਿ ਨੇਕੀ ਦੇ ਕੰਮ ਦੇ ਨਾਲ ਨਾਲ ਇਹ ਸ਼ਰਾਬ ਫਰਮ ਆਪਣੀ ਸ਼ਰਾਬ ਦੀ ਮਸ਼ਹੂਰੀ ਵੀ ਕਰ ਰਹੀ ਹੈ।
                ਮਲਹੋਤਰਾ ਨੇ ਸੰਪਰਕ ਕਰਨ ’ਤੇ ਫੋਨ ਨਹੀਂ ਚੁੱਕਿਆ ਜਦੋਂ ਕਿ ਫਿਰੋਜ਼ਪੁਰ ਦੇ ਆਬਕਾਰੀ ਤੇ ਕਰ ਅਫਸਰ ਕਰਮਵੀਰ ਮਾਹਲਾ ਦਾ ਕਹਿਣਾ ਸੀ ਕਿ ਸ਼ਰਾਬ ਦੇ ਲੇਬਲ ਦੀ ਵਰਤੋਂ ਹੋ ਸਕਦੀ ਹੈ। ਸ਼ਰਾਬ ਫੈਕਟਰੀ ਜਗਤਜੀਤ ਹਮੀਰਾ ਵੱਲੋਂ ਛੋਟੀ ਪੈਕਿੰਗ ਤਿਆਰ ਨਹੀਂ ਕੀਤੀ ਗਈ ਹੈ ਅਤੇ ਦੋ ਲੀਟਰ ਦੀ ਪੈਕਿੰਗ ਵੀ ਰੱਖੀ ਗਈ ਹੈ। ਜਗਤਜੀਤ ਡਿਸਟਿਲਰੀ ਦੇ ਬਲਵੀਰ ਸ਼ਰਮਾ ਨੇ ਦੱਸਿਆ ਕਿ ਉਹ 10 ਹਜ਼ਾਰ ਲੀਟਰ ਸੈਨੇਟਾਈਜ਼ਰ ਤਿਆਰ ਕਰਕੇ ਸਪਲਾਈ ਕਰ ਚੁੱਕੇ ਹਨ ਜਿਸ ਦੀ ਕੀਮਤ ਕਰੀਬ 6.50 ਲੱਖ ਰੁਪਏ ਬਣਦੀ ਹੈ। ਉਨ੍ਹਾਂ ਨੇ ਵੱਡੀ ਪੈਕਿੰਗ ਹੀ ਤਿਆਰ ਕੀਤੀ ਹੈ। ਹਰਿਆਣਾ ਵਿਚ ਜੋ ਸਰਕਾਰ ਵੱਲੋਂ ਸੈਨੇਟਾਈਜ਼ਰ ਦਿੱਤੇ ਜਾ ਰਹੇ ਹਨ, ਉਨ੍ਹਾਂ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਲਾਈ ਗਈ ਹੈ। ਸਿਆਸੀ ਲੀਡਰ ਇਸ ਆਫ਼ਤ ਮੌਕੇ ਵੀ ਸਿਆਸੀ ਲਾਹੇ ਖਾਤਰ ਹੱਥ ਪੈਰ ਮਾਰ ਰਹੇ ਹਨ।
      ਏ.ਬੀ ਗਰੇਨਜ਼ ਵੱਲੋਂ ਵੀ ਛੋਟੀ ਪੈਕਿੰਗ ਕੀਤੇ ਜਾਣ ਦੀ ਖ਼ਬਰ ਹੈ। ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਪੱਧਰ ’ਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ। ਉਹ ਆਪਣੀ ਸ਼ਰਾਬ ਸਨਅਤ ਤੋਂ ਸੈਨੇਟਾਈਜ਼ਰ ਤਿਆਰ ਕਰਾ ਕੇ ਵੰਡ ਰਹੇ ਹਨ। ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੈਨੇਟਾਈਜ਼ਰ ਬਣਾਉਣ ਲਈ ਸਪਿਰਿਟ ਦੀ ਵਰਤੋਂ ਲਈ ਸ਼ਰਾਬ ਸਨਅਤਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਬਾਕੀ ਕੰਮ ਦੀ ਦੇਖ ਰੇਖ ਡਰੱਗਜ਼ ਵਿਭਾਗ ਪੰਜਾਬ ਕਰ ਰਿਹਾ ਹੈ।
                                 ਸਪਲਾਈ ਨੇ ਰਾਹਤ ਦਿੱਤੀ : ਪੰਨੂ
ਫੂਡ ਐਂਡ ਡਰੱਗ ਐਡਮਿਨਿਸਟੇ੍ਰਸ਼ਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਮੌਕੇ ਮਾਰਕੀਟ ’ਚ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਦਾ ਵੱਡਾ ਡਰ ਸੀ ਜਿਸ ਕਰਕੇ ਸ਼ਰਾਬ ਫੈਕਟਰੀਆਂ ਤੋਂ ਸੈਨੇਟਾਈਜ਼ਰ ਤਿਆਰ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਦਾਰਿਆਂ ਨੂੰ 50 ਹਜ਼ਾਰ ਲੀਟਰ ਸੈਨੇਟਾਈਜ਼ਰ ਮੁਹੱਈਆ ਕਰਾਇਆ ਜਾਣਾ ਹੈ ਅਤੇ ਇਸ ਸਪਲਾਈ ਨਾਲ ਸਰਕਾਰੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਗਈ ਹੈ। ਜਿਆਦਾ ਵੱਡੀ ਪੈਕਿੰਗ ਵਿਚ ਵੀ ਸਪਲਾਈ ਲਈ ਗਈ ਹੈ ਅਤੇ ਫੋਟੋ ਵਗੈਰਾ ਤਾਂ ਫੈਕਟਰੀ ਨੇ ਆਪਣੇ ਪੱਧਰ ’ਤੇ ਹੀ ਲਾਈ ਹੋਵੇਗੀ।


   

Thursday, April 2, 2020

                         ਖ਼ਾਲੀ ਹੱਥ ਗਰੀਬ
    ਸਿਆਸੀ ਭੁੱਖ ’ਚ ਫਸੀ ਰਾਸ਼ਨ ਸਕੀਮ ! 
                            ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਆਫ਼ਤ ਦੀ ਘੜੀ ’ਚ ਆਰੰਭੀ ‘ਮੁਫਤ ਰਾਸ਼ਨ ਸਕੀਮ’ ਸਿਆਸੀ ਭੁੱਖ ’ਚ ਉਲਝਣ ਲੱਗੀ ਹੈ। ਰਾਜ ਸਰਕਾਰ ਵੱਲੋਂ 10 ਲੱਖ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇ ਪੈਕਟ ਵੰਡੇ ਜਾਣੇ ਹਨ ਜਿਨ੍ਹਾਂ ’ਤੇ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਦਾ ਠੱਪਾ ਲਾਉਣ ਕਰਕੇ ਰਾਸ਼ਨ ਦੀ ਵੰਡ ’ਚ ਦੇਰੀ ਹੋਣ ਲੱਗੀ ਹੈ। ਪੰਜਾਬ ’ਚ ਗਰੀਬ ਲੋਕ ਦੋ ਵਕਤ ਦੀ ਰੋਟੀ ਲਈ ਰਾਸ਼ਨ ਉਡੀਕ ਰਹੇ ਹਨ ਜਦੋਂ ਕਿ ਰਾਜ ਸਰਕਾਰ ਕੁਝ ਦਿਨਾਂ ਤੋਂ ਮੁੱਖ ਮੰਤਰੀ ਦੀ ਤਸਵੀਰ ਵਾਲੇ ਥੈਲਿਆਂ ਦੇ ਇੰਤਜ਼ਾਮਾਂ ਵਿਚ ਉਲਝੀ ਹੋਈ ਹੈ। ਇਸ ਨੂੰ ਲੈ ਕੇ ਹੁਣ ਕਾਂਗਰਸ ਤੇ ‘ਆਪ’ ਆਹਮੋ ਸਾਹਮਣੇ ਹੋ ਗਏ ਹਨ। ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਤਰਫ਼ੋਂ 28 ਮਾਰਚ ਨੂੰ ਜਾਰੀ ਕੀਤੇ ਪੱਤਰ ਅਨੁਸਾਰ ਪੰਜਾਬ ਵਿਚ ਆਰਥਿਕ ਪੱਖੋਂ ਗਰੀਬ ਪਰਿਵਾਰਾਂ ਨੂੰ 10 ਲੱਖ ਰਾਸ਼ਨ ਦੇ ਪੈਕਟ ਮੁਫ਼ਤ ਵੰਡਣ ਦਾ ਫੈਸਲਾ ਕੀਤਾ ਹੈ। ਰਾਸ਼ਨ ਦੇ ਥੈਲੇ ਵਿਚ 10 ਕਿਲੋ ਆਟੇ ਦੀ ਥੈਲੀ, ਦੋ ਕਿਲੋ ਖੰਡ ਅਤੇ ਦੋ ਕਿਲੋ ਦਾਲ ਦਾ ਪੈਕਟ ਪਾਇਆ ਗਿਆ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਜੋ ਰਾਸ਼ਨ ਵਾਸਤੇ ਵਿਸ਼ੇਸ਼ ਮੁੱਖ ਮੰਤਰੀ ਦੀ ਤਸਵੀਰ ਵਾਲਾ ਥੈਲਾ ਤਿਆਰ ਕੀਤਾ ਗਿਆ ਹੈ, ਉਸ ’ਤੇ ਸਰਕਾਰ ਨੇ ਕਰੀਬ ਡੇਢ ਕਰੋੜ ਰੁਪਏ ਖਰਚ ਕੀਤੇ ਹਨ। ਪ੍ਰਤੀ ਥੈਲਾ ਅੰਦਾਜ਼ਨ 15 ਰੁਪਏ ਖਰਚੇ ਗਏ ਹਨ। ਥੈਲਿਆਂ ਦਾ ਪ੍ਰਬੰਧ ਅਤੇ ਤਸਵੀਰ ਦੀ ਛਪਾਈ ਰਾਜ ਪੱਧਰ ’ਤੇ ਕੀਤੀ ਗਈ ਹੈ ਜਿਸ ਮਗਰੋਂ ਥੈਲੇ ਜ਼ਿਲ੍ਹਿਆਂ ਵਿਚ ਪੈਕਿੰਗ ਵਾਸਤੇ ਭੇਜੇ ਗਏ ਹਨ।
                ਪੱਤਰ ਅਨੁਸਾਰ 10 ਕਿਲੋ ਆਟੇ ਦੀ ਥੈਲੀ ’ਤੇ 240 ਰੁਪਏ ਅਤੇ ਦਾਲ ਪ੍ਰਤੀ ਕਿਲੋ ਦੇ ਹਿਸਾਬ ਨਾਲ 50 ਤੋਂ 57 ਰੁਪਏ ਵਿਚ ਖਰੀਦ ਕੀਤੀ ਗਈ ਹੈ। ਖੰਡ ਦੀ ਸਪਲਾਈ ਸੂਗਰਫੈਡ ਨੇ ਦਿੱਤੀ ਹੈ। ਦਾਲਾਂ ਦੀ ਖਰੀਦ ਦਾ ਕੰਮ ਨੈਫੇਡ ਨੂੰ ਦਿੱਤਾ ਗਿਆ ਹੈ। ਮਹਿਕਮੇ ਨੇ 30 ਮਾਰਚ ਨੂੰ ਮੁੜ ਪੱਤਰ ਜਾਰੀ ਕਰਕੇ ਹਦਾਇਤ ਕੀਤੀ ਗਈ ਕਿ ਇਹ ਮੁਫ਼ਤ ਰਾਸ਼ਨ ਉਨ੍ਹਾਂ ਗਰੀਬ ਲੋਕਾਂ ਨੂੰ ਦਿੱਤਾ ਜਾਣਾ ਹੈ ਜੋ ਨੀਲੇ ਕਾਰਡਾਂ ਵਾਲੀ ਸਕੀਮ ਤੋਂ ਵਾਂਝੇ ਰਹਿ ਗਏ ਹਨ। ਰਾਸ਼ਨ ਵੰਡਣ ਸਮੇਂ ਸਮਾਜਿਕ ਦੂਰੀ ਯਕੀਨੀ ਬਣਾਏ ਜਾਣ ਦੀ ਹਦਾਇਤ ਵੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਪੰਜਾਬ ਦੇ ਹਰ ਵਿਧਾਨ ਸਭਾ ਹਲਕੇ ਵਿਚ 8500 ਪੈਕੇਟ ਰਾਸ਼ਨ ਦੀ ਵੰਡ ਕੀਤੀ ਜਾਣੀ ਹੈ। ਕਾਂਗਰਸ ਦੇ ਵਿਧਾਇਕਾਂ ਨੇ ਇਸ ਮੁਫ਼ਤ ਰਾਸ਼ਨ ਦੀ ਵੰਡ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਕਰੀਬ 70 ਕਰੋੜ ਦਾ ਬਜਟ ਇਸ ਮੁਫ਼ਤ ਰਾਸ਼ਨ ਵਾਸਤੇ ਰੱਖਿਆ ਗਿਆ ਹੈ ਅਤੇ ਪਹਿਲੇ ਪੜਾਅ ਤਹਿਤ 10 ਲੱਖ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਟੀਚਾ ਰੱਖਿਆ ਗਿਆ ਹੈ। ਬਿਪਤਾ ਦੀ ਘੜੀ ਵਿਚ ਇਸ ਸਰਕਾਰੀ ਉਪਰਾਲੇ ਦੀ ਸ਼ਲਾਘਾ ਹੋ ਰਹੀ ਹੈ ਪ੍ਰੰਤੂ ਇਸ ਦਾ ਸਿਆਸੀ ਲਾਹਾ ਲੈਣ ਦੀ ਸਰਕਾਰੀ ਕੋਸ਼ਿਸ਼ ਨੇਕ ਕੰਮ ’ਤੇ ਪਾਣੀ ਫੇਰਦੀ ਜਾਪ ਰਹੀ ਹੈ। ਮੋਗਾ ਜ਼ਿਲ੍ਹੇ ਵਿਚ ਰਾਸ਼ਨ ਦੀ ਵੰਡ ਸ਼ੁਰੂ ਹੋ ਗਈ ਹੈ ਜਦੋਂ ਕਿ ਬਠਿੰਡਾ ਜ਼ਿਲ੍ਹੇ ਵਿਚ ਬੀਤੇ ਕੱਲ 10 ਹਜ਼ਾਰ ਆਟੇ ਦੇ ਥੈਲੇ ਪੁੱਜੇ ਹਨ ਅਤੇ ਖੰਡ ਦਾਲਾਂ ਸਮੇਤ ਹਾਲੇ ਵਿਸ਼ੇਸ਼ ਥੈਲਿਆਂ ਵਿਚ ਪੈਕਿੰਗ ਲਈ ਜ਼ਿਲ੍ਹੇ ਵਿਚ ਦੋ ਦਿਨ ਦਾ ਸਮਾਂ ਲੱਗ ਸਕਦਾ ਹੈ।
               ਪੰਜਾਬ ਸਰਕਾਰ ਵੱਲੋਂ ਜੋ ਜ਼ਿਲ੍ਹਾ ਪੱਧਰ ’ਤੇ ਕੰਟਰੋਲ ਰੂਮ ਬਣਾਏ ਗਏ ਹਨ, ਉਨ੍ਹਾਂ ਤੇ ਸਭ ਤੋਂ ਵੱਧ ਸ਼ਿਕਾਇਤਾਂ ਰਾਸ਼ਨ ਨਾ ਮਿਲਣ ਦੀਆਂ ਹਨ। ਸ਼ਹਿਰੀ ਤੇ ਪੇਂਡੂ ਖੇਤਰਾਂ ਦੀਆਂ ਗਰੀਬ ਬਸਤੀਆਂ ਰਾਸ਼ਨ ਦੀ ਉਡੀਕ ਵਿਚ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਸਰਕਾਰ ਤਰਫ਼ੋਂ ਰਾਸ਼ਨ ਅਤੇ ਥੈਲੇ ’ਤੇ ਕਰੀਬ 435 ਰੁਪਏ (ਪ੍ਰਤੀ ਕਿੱਟ) ਖਰਚ ਕੀਤੇ ਜਾ ਰਹੇ ਹਨ ਅਤੇ ਪਹਿਲੇ ਪੜਾਅ ਵਿਚ ਕਰੀਬ 43.50 ਕਰੋੜ ਰੁਪਏ ਦਾ ਖਰਚਾ ਆਵੇਗਾ। ਕਰੋਨਾ ਆਫ਼ਤ ਦੇ ਮੌਕੇ ਗਰੀਬ ਲੋਕਾਂ ਤੱਕ ਰਾਸ਼ਨ ਪੁੱਜਦਾ ਕਰਨਾ ਵੱਡਾ ਮਸਲਾ ਹੈ। ਸਰਕਾਰੀ ਉਪਰਾਲੇ ਤੇ ਨੀਅਤ ਵਿਚ ਕੋਈ ਖੋਟ ਨਹੀਂ ਜਾਪਦਾ ਹੈ ਪ੍ਰੰਤੂ ਇਹ ਗੱਲ ਵਿਰੋਧੀ ਧਿਰਾਂ ਨੂੰ ਖੜਕ ਰਹੀ ਹੈ ਕਿ ਇਸ ਬਿਪਤਾ ਦੀ ਘੜੀ ਮੌਕੇ ਰਾਸ਼ਨ ਨੂੰ ਸਿਆਸੀ ਲੇਪ ਤੋਂ ਮੁਕਤ ਰੱਖਿਆ ਜਾਣਾ ਬਣਦਾ ਸੀ। ਗੱਲ ਉੱਠ ਰਹੀ ਹੈ ਕਿ ਜਦੋਂ ਗੱਠਜੋੜ ਸਰਕਾਰ ਸਮੇਂ ਆਟਾ ਦਾਲ ਸਕੀਮ ਦੇ ਅਨਾਜ ਵਾਲੀਆਂ ਬੋਰੀਆਂ ਅਤੇ 108-ਐਬੂਲੈਂਸਾਂ ਤੋਂ ਵੱਡੇ ਬਾਦਲ ਦੀ ਤਸਵੀਰ ਛਪੀ ਸੀ ਤਾਂ ਉਦੋਂ ਕਾਂਗਰਸ ਨੇ ਇਸ ਨੂੰ ਨਿਸ਼ਾਨੇ ’ਤੇ ਰੱਖਿਆ ਸੀ। ਹੁਣ ਜੋ ਥੈਲੇ ਹਰ ਜ਼ਿਲ੍ਹੇ ਵਿਚ ਭੇਜੇ ਗਏ ਹਨ, ਉਨ੍ਹਾਂ ’ਤੇ ‘ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਦਾ ਨਿਮਾਣਾ ਯਤਨ’ ਛਪਿਆ ਹੋਇਆ ਹੈ। ਅਨਾਜ ਦੀ ਮਾਤਰਾ ਵੀ ਦੱਸੀ ਗਈ ਹੈ। 
                                     ਸਿਆਸੀ ਲਾਹਾ ਕਰਕੇ ਵੰਡ ਪਛੜੀ : ਚੀਮਾ
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਸੀ ਕਿ ਰਾਸ਼ਨ ਵਾਲੇ ਥੈਲਿਆਂ ’ਤੇ ਮੁੱਖ ਮੰਤਰੀ ਦੀ ਤਸਵੀਰ ਛਾਪਣ ਦੇ ਚੱਕਰ ਵਿਚ ਰਾਸ਼ਨ ਵੰਡਣ ਦਾ ਕੰਮ ਚਾਰ ਦਿਨ ਪਛੜ ਗਿਆ ਹੈ ਅਤੇ ਸਰਕਾਰ ਇਸ ਅੌਖ ਵਾਲੇ ਪਲਾਂ ਚੋਂ ਪਾਰਟੀ ਦੀ ਮਜ਼ਬੂਤੀ ਭਾਲਣ ਲੱਗੀ ਹੈ। ਕਰਫਿਊ ਦੇ ਦਿਨਾਂ ’ਚ ਰਾਸ਼ਨ ਵੰਡ ਨੂੰ ਪ੍ਰਾਪਤੀ ਵਜੋਂ ਉਭਾਰਨਾ ਜਾਇਜ਼ ਨਹੀਂ ਹੈ ਬਲਕਿ ਇਹ ਸਰਕਾਰ ਦਾ ਮਨੁੱਖਤਾ ਪ੍ਰਤੀ ਫਰਜ਼ ਹੈ। ਸਰਕਾਰ ਹਾਲਾਤ ਸੁਧਰਨ ਮਗਰੋਂ ਲਾਹੇ ਵਾਲੀਆਂ ਗੱਲਾਂ ਕਰ ਲਵੇ ਪ੍ਰੰਤੂ ਹੁਣ ਗਰੀਬਾਂ ਤੱਕ ਰਾਸ਼ਨ ਪਹੁੰਚਾਉਣ ’ਤੇ ਧਿਆਨ ਕੇਂਦਰਿਤ ਕਰੇ। ਸਿਆਸੀ ਲਾਹੇ ਤੋਂ ਗੁਰੇਜ਼ ਕਰੇ ਅਤੇ ਗਰੀਬਾਂ ਦੀ ਆਤਮਾ ਤੇ ਮਜਬੂਰੀ ਨੂੰ ਸਮਝਣ ਦੀ ਕੋਸ਼ਿਸ਼ ਕਰੇ।
                               ਦੂਸ਼ਣਬਾਜੀ ਛੱਡੋ, ਸਹਿਯੋਗ ਕਰੋ : ਮੰਤਰੀ
ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਕਹਿਣਾ ਸੀ ਕਿ ‘ਆਪ’ ਨੂੰ ਇਸ ਮੌਕੇ ਬੇਤੁਕੀਆਂ ਗੱਲਾਂ ਅਤੇ ਦੂਸ਼ਣਬਾਜੀ ਨਹੀਂ ਕਰਨੀ ਚਾਹੀਦੀ ਬਲਕਿ ਰਾਸ਼ਨ ਦੀ ਵੰਡ ਵਿਚ ਪ੍ਰਸ਼ਾਸਨ ਦਾ ਸਹਿਯੋਗ ਕਰਨਾ ਚਾਹੀਦਾ ਹੈ। ਮੁੱਖ ਮੰਤਰੀ ਦੀ ਤਸਵੀਰ ਪੰਜਾਬ ਸਰਕਾਰ ਦੀ ਹੀ ਤਾਂ ਤਰਜਮਾਨੀ ਕਰਦੀ ਹੈ। ਉਨ੍ਹਾਂ ਦੱਸਿਆ ਕਿ ਮੁਫ਼ਤ ਰਾਸ਼ਨ ਦੇ ਇੱਕ ਲੱਖ ਪੈਕਟ ਜ਼ਿਲ੍ਹਿਆਂ ਵਿਚ ਭੇਜ ਦਿੱਤੇ ਗਏ ਹਨ  ਅਤੇ ਚਾਰ ਦਿਨਾਂ ਵਿਚ ਰਾਸ਼ਨ ਵੰਡਣ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਰਾਜਸਥਾਨ ਤੋਂ ਦਾਲਾਂ ਦੀ ਸਪਲਾਈ ਪਛੜਨ ਕਰਕੇ ਥੋੜੀ ਦੇਰੀ ਹੋਈ ਹੈ।

Monday, March 30, 2020

                                                           ਇੱਕ ਸੱਚ ਏਹ ਵੀ..
                                ਪੰਜਾਬ ਦੀ ਜ਼ਿੰਦਗੀ ’ਚੋਂ ਪਠਲਾਵਾ ‘ਬੇਦਖ਼ਲ’
                                                              ਚਰਨਜੀਤ ਭੁੱਲਰ
ਚੰਡੀਗੜ੍ਹ : ਨਵਾਂ ਸ਼ਹਿਰ ਜ਼ਿਲ੍ਹੇ ਦਾ ਪਿੰਡ ਪਠਲਾਵਾ ਪਲ-ਪਲ ਮਰ ਰਿਹਾ ਹੈ। ਇੱਥੇ ਲੋਕਾਂ ਦੀ ਜ਼ਿੰਦਗੀ ਸਹਿਕ ਰਹੀ ਹੈ ਜਿਨ੍ਹਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਹੈ। ਪੰਜਾਬ ਦਾ ਪਹਿਲਾ ਮਰੀਜ਼ ਗਿਆਨੀ ਬਲਦੇਵ ਸਿੰਘ ਇਸੇ ਪਿੰਡ ਦਾ ਸੀ ਜਿਸ ਦੀ 18 ਮਾਰਚ ਨੂੰ ਮੌਤ ਹੋਈ ਹੈ। ਉਸ ਮਗਰੋਂ ਪਿੰਡ ਪਠਲਾਵਾ ਬੇਦਖ਼ਲੀ ਦੀ ਜ਼ਿੰਦਗੀ ਭੋਗਣ ਲੱਗਾ ਹੈ। ਪਠਲਾਵਾ ਇਸ ਵੇਲੇ ਪੰਜਾਬ ‘ਚ ਕਰੋਨਾ ਦਾ ਕੇਂਦਰ ਬਿੰਦੂ ਹੈ। ਸੂਬਾ ਸਰਕਾਰ ਕਰੋਨਾ ਨੂੰ ਲੈ ਕੇ ਕਿੰਨੀ ਕੁ ਸੰਜੀਦਾ ਹੈ, ਇਸ ਦਾ ਪਤਾ ਪਠਲਾਵਾ ਦੀ ਜ਼ਮੀਨੀ ਹਕੀਕਤ ਤੋਂ ਲੱਗਦਾ ਹੈ। ਵੇਰਵਿਆਂ ਅਨੁਸਾਰ ਬਲਦੇਵ ਸਿੰਘ ਤੋਂ ਕਰੋਨਾ ਦੀ ਲਾਗ ਦਾ ਪਸਾਰਾ ਹੋਇਆ ਅਤੇ ਡੇਢ ਦਰਜਨ ਪਾਜ਼ੇਟਿਵ ਕੇਸ ਨਿਕਲੇ ਹਨ। ਚੁਫੇਰ ਵਾਲੇ 15 ਪਿੰਡਾਂ ਨੂੰ ਸੀਲ ਕਰਨਾ ਪਿਆ ਹੈ। ਹੁਣ ਤੱਕ 350 ਦੇ ਕਰੀਬ ਨਮੂਨੇ ਲਏ ਗਏ ਹਨ। ਦੋ ਦਿਨਾਂ ਤੋਂ ਨਮੂਨੇ ਨੈਗੇਟਿਵ ਆਉਣੇ ਸ਼ੁਰੂ ਹੋਏ ਹਨ ਜੋ ਪਠਲਾਵਾ ਲਈ ਰਾਹਤ ਦੀ ਖ਼ਬਰ ਹੈ। ਦੂਜੇ ਪਾਸੇ ਇਸ ਪਿੰਡ ਨੂੰ ‘ਸਮਾਜਿਕ ਬਾਈਕਾਟ‘ ਵਰਗੇ ਮਾਹੌਲ ‘ਚੋਂ ਲੰਘਣਾ ਪੈ ਰਿਹਾ ਹੈ। ਲੋਕ ਆਖਦੇ ਹਨ ਕਿ ਕਸੂਰ ਜਾਣੇ-ਅਣਜਾਣੇ ‘ਚ ਕਿਸੇ ਇੱਕ ਦਾ ਹੈ ਪਰ ਭੁਗਤ ਸਾਰਾ ਪਿੰਡ ਰਿਹਾ ਹੈ।‘ਪੰਜਾਬੀ ਟ੍ਰਿਬਿਊਨ‘ ਵੱਲੋਂ ਜ਼ਮੀਨੀ ਹਕੀਕਤ ਜਾਣਨ ਲਈ ਪਠਲਾਵਾ ਦੇ ਪਤਵੰਤਿਆਂ ਨਾਲ ਗੱਲ ਕੀਤੀ ਗਈ। ਸਰਕਾਰੀ ਹਸਪਤਾਲ ‘ਚ ਦਾਖ਼ਲ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਮਰੀਜ਼ਾਂ ਨਾਲ ਇੰਜ ਦਾ ਸਲੂਕ ਹੋ ਰਿਹਾ ਹੈ ਜਿਵੇਂ ਉਹ ਮੁਜਰਮ ਹੋਣ। ਡਾਕਟਰ ਅਤੇ ਸਟਾਫ ਡਰਦੇ ਨੇੜੇ ਨਹੀਂ ਲੱਗਦੇ।
              ਇਲਾਜ ਤੋਂ ਨਾਖੁਸ਼ ਹਰਪਾਲ ਸਿੰਘ ਮੁਤਾਬਕ ਰੋਜ਼ਾਨਾ ਦੀ ਕੋਈ ਨਜ਼ਰਸਾਨੀ ਨਹੀਂ ਹੋ ਰਹੀ ਅਤੇ ਟੈਸਟ ਵੀ ਰੈਗੂਲਰ ਨਹੀਂ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਇਲਾਜ ਲਈ ਚੰਗੇ ਹਸਪਤਾਲ ‘ਚ ਦਾਖ਼ਲ ਕਰਾਏ। ਪਠਲਾਵਾ ਦਾ ਨੌਜਵਾਨ ਹਰਪ੍ਰੀਤ ਸਿੰਘ ਦੱਸਦਾ ਹੈ ਕਿ ਕਰੋਨਾ ਮਰੀਜ਼ ਦੀ ਮੌਤ ਮਗਰੋਂ ਸਰਕਾਰ ਨੇ ਮਾਸਕ ਅਤੇ ਸੈਨੇਟਾਈਜ਼ਰ ਤੱਕ ਪਿੰਡ ‘ਚ ਨਹੀਂ ਭੇਜੇ। ਪਿੰਡ ਦੀ ਏਕਨੂਰ ਸਮਾਜ ਭਲਾਈ ਸੰਸਥਾ ਨੇ ਇੱਕ ਲੱਖ ਰੁਪਏ ਖ਼ਰਚ ਕਰਕੇ ਚਾਰ ਹਜ਼ਾਰ ਮਾਸਕ ਅਤੇ ਅੱਠ ਪੇਟੀਆਂ ਸੈਨੇਟਾਈਜ਼ਰ ਖੁਦ ਖਰੀਦ ਕੇ ਘਰ-ਘਰ ਵੰਡੇ ਹਨ। ਇੱਥੋਂ ਤੱਕ ਕਿ ਘਰੋਂ-ਘਰੀਂ ਜਾ ਕੇ ਸਰਵੇ ਕਰਨ ਵਾਲੇ ਮੁਲਾਜ਼ਮਾਂ ਨੂੰ ਵੀ ਪਿੰਡ ਤਰਫ਼ੋਂ ਮਾਸਕ ਮੁਹੱਈਆ ਕਰਾਏ ਗਏ। ਹਰਪ੍ਰੀਤ ਨੇ ਕਿਹਾ ਕਿ ਪ੍ਰਸ਼ਾਸਨ ਨੇ ਕੀਟਾਣੂ ਮੁਕਤ ਕਰਨ ਵਾਲੀ 30 ਲੀਟਰ ਦਵਾਈ ਭੇਜੀ ਸੀ ਜਿਸ ਦਾ ਪਿੰਡ ਦੇ ਨੌਜਵਾਨਾਂ ਨੇ ਖੁਦ ਹੀ ਛਿੜਕਾਅ ਕੀਤਾ। ਸੰਤ ਬਾਬਾ ਘਨੱਈਆ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਪ੍ਰਧਾਨ ਸੰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦਾ ਚੈਰੀਟੇਬਲ ਹਸਪਤਾਲ ਪ੍ਰਸ਼ਾਸਨ ਨੇ ਬੰਦ ਕਰਾ ਦਿੱਤਾ। ਦਵਾਈਆਂ ਵੀ ਕਲੱਬ ਸ਼ਹਿਰ ਤੋਂ ਖਰੀਦ ਕੇ ਲਿਆ ਰਿਹਾ ਹੈ। ਪ੍ਰਧਾਨ ਨੇ ਦੱਸਿਆ ਕਿ ਕਰੋਨਾ ਦੇ ਨਮੂਨੇ ਲੈਣ ਲਈ ਡਾਕਟਰੀ ਟੀਮਾਂ ਜ਼ਰੂਰ ਆਈਆਂ ਪ੍ਰੰਤੂ ਆਮ ਇਲਾਜ ਵਾਸਤੇ ਜੋ ਐਂਬੂਲੈਂਸ ਤੇ ਡਾਕਟਰ ਭੇਜੇ ਗਏ ਸਨ, ਉਹ ਪਿੰਡੋਂ ਬਾਹਰ ਰੁਕ ਜਾਂਦੇ ਸਨ। ਹੁਣ ਜਦੋਂ ਰਿਪੋਰਟਾਂ ਨੈਗੇਟਿਵ ਆਈਆਂ ਤਾਂ ਡਾਕਟਰ ਪਿੰਡ ‘ਚ ਆਉਣ ਲੱਗ ਪਏ ਹਨ।
               ਉਨ੍ਹਾਂ ਆਖਿਆ ਕਿ ਸਰਕਾਰ ਨੇ ਬਣਦਾ ਰੋਲ ਨਹੀਂ ਨਿਭਾਇਆ। ਪਿੰਡ ਸਹਿਮ ਵਿਚ ਹੈ ਅਤੇ ਲੋਕ ਦਹਿਲੇ ਹੋਏ ਹਨ।ਚੈਰੀਟੇਬਲ ਸੁਸਾਇਟੀ ਦੇ ਚੇਅਰਮੈਨ ਇੰਦਰਜੀਤ ਸਿੰਘ ਨੇ ਤਸੱਲੀ ਜ਼ਾਹਰ ਕਰਦਿਆਂ ਕਿਹਾ ਕਿ ਢਾਰਸ ਦੇਣ ਖਾਤਰ ਹਾਕਮ ਧਿਰ ਦੇ ਆਗੂਆਂ ਨੂੰ ਪਿੰਡ ਆਉਣਾ ਚਾਹੀਦਾ ਸੀ ਪ੍ਰੰਤੂ ਇਹ ਲੀਡਰ ਖੁਦ ਹੀ ਪਿੰਡ ਤੋਂ ਡਰਨ ਲੱਗ ਪਏ ਹਨ। ਨੌਜਵਾਨਾਂ ਨੇ ਦੱਸਿਆ ਕਿ ਹਾਕਮ ਧਿਰ ਅਤੇ ਵਿਰੋਧੀ ਧਿਰ ਨੇ ਪਿੰਡ ਤੋਂ ਇੱਕੋ ਜਿੰਨੀ ਦੂਰੀ ਬਣਾਈ ਹੋਈ ਹੈ। ਅੌਖ ਦੀ ਘੜੀ ਵਿਚ ਪਿੰਡ ਨੂੰ ਇਕੱਲਾ ਛੱਡ ਦਿੱਤਾ ਗਿਆ ਹੈ। ਮ੍ਰਿਤਕ ਬਲਦੇਵ ਸਿੰਘ ਦੇ ਘਰ ਨੂੰ ਜਿੰਦਰਾ ਵੱਜਾ ਹੋਇਆ ਹੈ ਅਤੇ ਮੁਹੱਲੇ ਦੇ ਲੋਕਾਂ ਨੇ ਜਿੰਦਰਾ ਮਾਰ ਕੇ ਬੱਚੇ ਅੰਦਰ ਤਾੜੇ ਹੋਏ ਹਨ। ਨਵਾਂਸ਼ਹਿਰ ਦੇ 15 ਪਿੰਡ ਪੂਰੀ ਤਰ੍ਹਾਂ ਨਾਲ ਸੀਲ ਹਨ। ਪਠਲਾਵਾ ‘ਚ ਪੰਜ ਗੁਰੂ ਘਰ ਹਨ ਜਿਨ੍ਹਾਂ ‘ਚ ਹੁਣ ਕੋਈ ਨਹੀਂ ਜਾਂਦਾ। ਕਿਸਾਨਾਂ ਨੂੰ ਖੇਤਾਂ ਵਿਚ ਹਰਾ ਚਾਰਾ ਲਿਆਉਣ ਦੀ ਛੋਟ ਹੈ। ਇੱਕ ਐੱਨਆਰਆਈ ਪਰਿਵਾਰ ਪਿੰਡ ‘ਚ ਫਸਿਆ ਹੋਇਆ ਹੈ। ਪਿੰਡ ਦੀ ਗਰਭਵਤੀ ਅੌਰਤ ਲਖਵਿੰਦਰ ਕੌਰ ਨੇ ਇਲਾਜ ਵਾਸਤੇ ਸ਼ਹਿਰ ਜਾਣਾ ਸੀ ਪ੍ਰੰਤੂ ਉਹ ਜਾ ਨਾ ਸਕੀ। ਅਲਰਜੀ ਦਾ ਮਰੀਜ਼ ਮੋਹਨ ਲਾਲ ਸ਼ਹਿਰੋਂ ਦਵਾਈ ਲਿਆਉਣਾ ਚਾਹੁੰਦਾ ਹੈ। ਪਿੰਡ ਦਾ ਮੈਡੀਕਲ ਸਟੋਰ ਤੇ ਲੈਬ ਬੰਦ ਹਨ। ਦੋ ਆਟਾ ਚੱਕੀਆਂ ਅੱਜ ਚੱਲੀਆਂ ਹਨ ਜਦੋਂ ਕਿ ਪਰਚੂਨ ਦੀਆਂ ਦੁਕਾਨਾਂ ਬੰਦ ਹਨ। ਗਲੀਆਂ ਸੁੰਨੀਆਂ ਹਨ ਅਤੇ ਖ਼ੌਫ ਦਾ ਪਹਿਰਾ ਹੈ।
              ਪਤਵੰਤੇ ਗੁਰਚਰਨ ਸਿੰਘ ਦਾ ਪ੍ਰਤੀਕਰਮ ਸੀ ਕਿ ਪਠਲਾਵਾ ਸਮਾਜਿਕ ਮੌਤ ਝੱਲ ਰਿਹਾ ਹੈ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਣ ਦੀ ਥਾਂ ਸਰਕਾਰੀ ਡਾਕਟਰ ਖੁਦ ਪਿੰਡ ਦੇ ਲੋਕਾਂ ਨਾਲ ਅਛੂਤਾਂ ਵਾਲਾ ਵਿਵਹਾਰ ਕਰਨ ਲੱਗ ਪਏ ਹਨ। ਉਹ ਆਪਣੀ ਭੈਣ ਨੂੰ ਲੈ ਕੇ ਗਏ ਪ੍ਰੰਤੂ ਡਾਕਟਰਾਂ ਨੇ ਇੰਜ ਦਵਾਈ ਸੁੱਟੀ ਜਿਵੇਂ ਕੋਈ ਕੁੱਤੇ ਨੂੰ ਰੋਟੀ ਪਾਉਂਦਾ ਹੈ। ਪਤਾ ਲੱਗਾ ਹੈ ਕਿ ਐੱਸਡੀਐੱਮ ਬੀਤੇ ਕੱਲ ਪਿੰਡ ਆਏ ਸਨ ਅਤੇ ਰਾਸ਼ਨ ਦੀਆਂ 25 ਕਿੱਟਾਂ ਦੇ ਕੇ ਗਏ ਹਨ। ਪਿੰਡ ਦੇ ਇੱਕ ਐੱਨਆਰਆਈ ਨੇ ਵਾਅਦਾ ਕੀਤਾ ਹੈ ਕਿ ਉਹ 200 ਕਿੱਟਾਂ ਦੇ ਪੈਸੇ ਭੇਜ ਦੇਵੇਗਾ। ਦਿਹਾੜੀਦਾਰ ਜਸਪਾਲ ਸਿੰਘ ਤਾਂ ਰੋ ਹੀ ਪਿਆ। ਉਹ ਦੱਸਦਾ ਹੈ ਕਿ ਜਦੋਂ ਪਿੰਡ ਸੀਲ ਕੀਤਾ ਗਿਆ ਤਾਂ ਉਦੋਂ ਜੇਬ ‘ਚ ਪੰਜ ਸੌ ਰੁਪਏ ਸਨ, ਹੁਣ ਪਿੰਡ ਦੇ ਲੋਕ ਬਾਂਹ ਨਾ ਫੜਦੇ ਤਾਂ ਉਸ ਨੇ ਭੁੱਖੇ ਮਰ ਜਾਣਾ ਸੀ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਪੱਲਾ ਝਾੜ ਲਿਆ ਹੈ ਅਤੇ ਜੋ 25 ਕਿੱਟਾਂ ਰਾਸ਼ਨ ਭੇਜਿਆ, ਉਹ ਲੋੜਵੰਦਾਂ ਨੂੰ ਨਹੀਂ ਮਿਲਿਆ। ਪਿੰਡ ਦੇ ਖੇਤਾਂ ਵਿਚ 70 ਦੇ ਕਰੀਬ ਪਰਵਾਸੀ ਮਜ਼ਦੂਰ ਬੈਠੇ ਹਨ, ਜਿਨ੍ਹਾਂ ਨੂੰ ਰਾਸ਼ਨ ਕਿਸਾਨ ਪਰਿਵਾਰ ਦੇ ਰਹੇ ਹਨ। ਪਿੰਡ ਦੇ ਕਿਸਾਨ ਸੰਤੋਖ ਸਿੰਘ ਦੀ ਦੋ ਏਕੜ ਆਲੂ ਦੀ ਫਸਲ ਖਰਾਬ ਹੋ ਗਈ ਹੈ। ਸੰਤੋਖ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਸਪਰੇਅ ਨਹੀਂ ਕਰ ਸਕਿਆ ਤੇ ਮੌਸਮ ਖਰਾਬ ਹੋ ਗਿਆ। ਹੁਣ ਆਲੂ ਵਾਹੁਣੇ ਹੀ ਪੈਣੇ ਨੇ। ਕਿਸਾਨਾਂ ਨੇ ਫਿਕਰ ਜ਼ਾਹਰ ਕੀਤਾ ਕਿ ਹਾੜੀ ਦੀ ਫਸਲ ਲਈ ਲੇਬਰ ਨੇ ਪਿੰਡ ਵੱਲ ਮੂੰਹ ਨਹੀਂ ਕਰਨਾ ਅਤੇ ਕੰਬਾਇਨਾਂ ਵਾਲੇ ਕਿਤੇ ਨਾਂਹ ਨਾ ਕਰ ਜਾਣ।
               ਪਠਲਾਵਾ ਦੇ ਟਰੱਕ ਮਾਲਕ ਜਸਵਿੰਦਰ ਸਿੰੰਘ ਨੇ ਦੱਸਿਆ ਕਿ ਉਸ ਦਾ ਇੱਕ ਟਰੱਕ ਬੰਗਾ ‘ਚ ਲੋਡ ਹੋਇਆ ਖੜ੍ਹਾ ਸੀ। ਜਿਉਂ ਹੀ ਬਲਦੇਵ ਸਿੰਘ ਦੀ ਮੌਤ ਦੀ ਖ਼ਬਰ ਆਈ ਤਾਂ ਟਰੱਕ ਯੂਨੀਅਨ ਵਾਲਿਆਂ ਨੇ ਟਰੱਕ ਅਣਲੋਡ ਕਰਾ ਦਿੱਤਾ ਅਤੇ ਪਠਲਾਵਾ ਦੇ ਸਭ ਲੋਕਾਂ ਨੂੰ ਯੂਨੀਅਨ ‘ਚੋਂ ਬਾਹਰ ਕੱਢ ਦਿੱਤਾ। ਬਹੁਤੇ ਲੋਕਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਆਪਣੀ ਗਲਤੀ ਛੁਪਾਉਣ ਲਈ ਸਾਰਾ ਭਾਂਡਾ ਬਲਦੇਵ ਸਿੰਘ ‘ਤੇ ਭੰਨ ਦਿੱਤਾ ਜੋ ਚਾਰ ਹਸਪਤਾਲਾਂ ਵਿਚ ਇਲਾਜ ਲਈ ਭਟਕਦਾ ਰਿਹਾ। ਸਰਕਾਰ ਨੇ ਵੇਲੇ ਸਿਰ ਉਸ ਨੂੰ ਇਕਾਂਤਵਾਸ ਕਿਉਂ ਨਹੀਂ ਭੇਜਿਆ। ਅੌਰਤਾਂ ਦਾ ਕਹਿਣਾ ਸੀ ਕਿ ਮੰਨ ਵੀ ਲਈਏ ਤਾਂ ਇੱਕ ਵਿਅਕਤੀ ਦੀ ਸਜ਼ਾ ਪੂਰੇ ਪਿੰਡ ਨੂੰ ਕਿਉਂ ਦਿੱਤੀ ਜਾ ਰਹੀ ਹੈ। ਪਿੰਡ ਵਾਸੀ ਮੱਖਣ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੀ ਧੀ ਦਾ ਵਿਆਹ ਹੁਣ ਪਿੱਛੇ ਪਾਉਣਾ ਪੈ ਰਿਹਾ ਹੈ। ਨੌਜਵਾਨ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਦਰਜਨਾਂ ਲੋਕ ਡਿਪਰੈਸ਼ਨ ਵਿਚ ਚਲੇ ਗਏ ਹਨ ਜੋ ਘਰਾਂ ਨੂੰ ਅੰਦਰੋਂ ਜਿੰਦਰੇ ਮਾਰੀ ਬੈਠੇ ਹਨ। ਪਿੰਡ ਦਾ ਕਹਿਣਾ ਹੈ ਕਿ ਸਰਕਾਰ ਨੇ ਵੀ ਪਠਲਾਵਾ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਅਤੇ ਉਪਰੋਂ ਸਮਾਜ ਨੇ ਪਿੰਡ ਨੂੰ ਛੇਕਣ ਵਾਲਾ ਰਵੱਈਆ ਧਾਰ ਲਿਆ। ਪਿੰਡ ‘ਚ ਸਬਜ਼ੀ ਅਤੇ ਗੈਸ ਵਗੈਰਾ ਆਉਣ ਲੱਗ ਪਈ ਹੈ ਪ੍ਰੰਤੂ ਹਾਲੇ ਤੱਕ ਸਿਹਤ ਮਹਿਕਮੇ ਦਾ ਕੋਈ ਵੱਡਾ ਅਧਿਕਾਰੀ ਪਿੰਡ ਨਹੀਂ ਆਇਆ।
                                    ਬਿਹਤਰ ਉਪਰਾਲੇ ਕਰ ਰਹੇ ਹਾਂ: ਡਿਪਟੀ ਕਮਿਸ਼ਨਰ
ਨਵਾਂਸ਼ਹਿਰ ਦੇ ਡਿਪਟੀ ਕਮਿਸ਼ਨਰ ਵਿਨੈ ਬੁਬਲਾਨੀ ਆਖਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਤਰਫ਼ੋਂ ਹਰ ਤਰ੍ਹਾਂ ਦੇ ਬਿਹਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਹੁਣ ਤੱਕ 75 ਕੇਸ ਨੈਗੇਟਿਵ ਆਏ ਹਨ। ਉਹ ਖੁਦ ਇਨ੍ਹਾਂ ਪਿੰਡਾਂ ਵਿਚ ਜਾ ਰਹੇ ਹਨ ਅਤੇ ਲੋਕਾਂ ਨੂੰ ਸਹਿਮ ‘ਚੋਂ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਸ਼ਨ ਵਗੈਰਾ ਦੀ ਸਪਲਾਈ ਦਿੱਤੀ ਜਾ ਰਹੀ ਹੈ। ਇਸੇ ਦੌਰਾਨ ਐੱਸਐੱਮਓ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਮਰੀਜ਼ਾਂ ਦਾ ਡਾਕਟਰਾਂ ਵੱਲੋਂ ਰੈਗੂਲਰ ਚੈੱਕਅਪ ਕੀਤਾ ਜਾ ਰਿਹਾ ਅਤੇ ਕਿਸੇ ਨਾਲ ਕੋਈ ਮਾੜਾ ਸਲੂਕ ਨਹੀਂ ਕੀਤਾ ਜਾ ਰਿਹਾ ਹੈ।

Sunday, March 29, 2020

                           ਵਿਚਲੀ ਗੱਲ
               ਜ਼ਿੰਦਗੀ ਦੀ ਗੇਮ ਜ਼ੀਰੋ..!
                          ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ਿਲ੍ਹਾ ਨਵਾਂ ਸ਼ਹਿਰ ਹੈ ਤੇ ਕਿੱਸਾ ਪੁਰਾਣਾ। ਪਿੰਡ ਪਠਲਾਵਾ ਦੇ ਚੇਤੇ ’ਚ ਘੁੰਮਿਐ। ਪਲੇਗ ਨੇ ਉਦੋਂ ਕਈ ਪਿੰਡ ਹਿਲਾਏ। ਬਿਨ ਬੁਲਾਏ ਯਮਦੂਤ ਇੰਝ ਆਏ ਜਿਵੇਂ ਕੱਫਨਾਂ ਦੇ ਬਜਾਜੀ ਹੋਣ। ਅੱਗਿਓਂ ਟੱਕਰੇ ਕੋਈ ਸਿੱਧ ਪੁਰਸ਼, ਜਿਨ੍ਹਾਂ ਪੁੱਠਾ ਹਲ਼ ਵਾਹਿਆ। ਬਿਮਾਰੀ ਛੂ ਮੰਤਰ ਹੋ ਗਈ, ਨਾਲੇ ਯਮਦੂਤ। ਪਿੰਡ ਦਾ ਇੱਥੋਂ ਹੀ ਨਾਮ ਬੱਝਾ ‘ਪਠਲਾਵਾ’। ਕੋਈ ਮੰਨੇ ਚਾਹੇ ਨਾ, ਪਿੰਡ ਦੇ ਬਜ਼ੁਰਗ ਜ਼ਰੂਰ ਮੰਨਦੇ ਹਨ। ਪਿੰਡ ਤੱਤੀ ’ਵਾ ਤੋਂ ਬਚਿਆ ਰਿਹਾ। ਕਰੋਨਾ ਤੋਂ ਹੁਣ ਕਿਵੇਂ ਬਚਦਾ। ਵੱਡੇ ਵੱਡੇ ਲਾਟ ਨੀ ਬਚੇ। ਗਿਆਨੀ ਬਲਦੇਵ ਸਿਓਂ ਕੀਹਦਾ ਵਿਚਾਰੈ। ਪਠਲਾਵਾ ਦਾ ਏਹ ਗਿਆਨੀ। ਇਟਲੀ ਗਿਆ ਤਾਂ ਕਥਾ ਕਰਨ ਸੀ, ਮੁੜਦਾ ਕਰੋਨਾ ਮੋਢੇ ਚੁੱਕ ਲਿਆਇਆ। ਪੰਜਾਬ ’ਚ ਕਰੋਨਾ ਮਰੀਜ਼ ਦਾ ਪਹਿਲਾ ਸਿਵਾ ਪਠਲਾਵਾ ’ਚ ਬਲਿਆ। ਪੰਜਾਬ ਨੂੰ ਪਿੱਸੂ ਪਏ ਹੋਏ ਨੇ, ਜਿੰਨੇ ਮੂੰਹ, ਓਨੀਆਂ ਗੱਲਾਂ। ਤਪਿਆ ਪਿਐ ਪੰਜਾਬ। ਅਖੇ ਗਿਆਨੀ ਜੀ, ਘਰੇ ਟਿਕ ਕੇ ਨਹੀਂ ਬੈਠ ਸਕਦੇ ਸੀ। ਸਾਨੂੰ ਬਿਨਾਂ ਗੱਲੋਂ ਟਿੰਢੀ ਦੇ ਬੀਅ ’ਤੇ ਚਾੜ੍ਹਤਾ। ਗਿਆਨੀ ਜੀ ਵਿਦੇਸ਼ੋਂ ਆਏ। ਦੂਜੇ ਦਿਨ ਹੋਲੇ ਮਹੱਲੇ ’ਚ ਚਲੇ ਗਏ। ‘ਖਾਮੋਸ਼ ਕਾਤਲ’ ਨੇ ਮੇਲੇ ’ਚ ਛਿੱਟਾ ਦੇ ਦਿੱਤਾ। ਲੰਗਰ ਲਾਇਆ, ਨਾਲੇ ਪ੍ਰਸ਼ਾਦ ਵੰਡਿਆ। ਲੱਕ ਨਾਲ ਮੌਤ ਬੰਨ੍ਹ ਕੇ ਪਿੰਡ ਮੁੜੇ। ਘਰ ਦੇ ਅੱਠ ਮੈਂਬਰ, ਪਠਲਾਵਾ ਦੇ ਕੁੱਲ 11 ਜਣੇ, ਕਰੋਨਾ ਪਾਜ਼ੇਟਿਵ ਹਨ। ਜਾਂਦੀ ਉਮਰੇ ਗਿਆਨੀ ਜੀ ਦੇ ਢੋਲ ਵੱਜ ਗਏ। 550 ਜਣੇ ਤਾਂ ਅਗਿਆਨੀ ਹੀ ਨਿਕਲੇ, ਜੋ ਗਿਆਨੀ ਜੀ ਤੋਂ ਖ਼ਤਾ ਖਾ ਗਏ। ‘ਛੱਡੋ ਜੀ, ਜੋ ਮਾਲਕ ਦੀ ਰਜ਼ਾ, ਪੂਰੀ ਦੁਨੀਆਂ ’ਤੇ ਕੋਈ ਗ੍ਰਹਿ ਲੱਗਦੈ।’ ਦੱਸੋ ਭਲਾ, ਏਦਾਂ ਦਾ ਬਿਆਨ ਕੌਣ ਦੇ ਸਕਦੈ।
                ਪਠਲਾਵਾ ਹੁਣ ਮੌਤ ਦੇ ਸਾਏ ਹੇਠ ਹੈ। ਪਿੰਡ ਵੱਲ ਕੋਈ ਮੂੰਹ ਨਹੀਂ ਕਰਦਾ। ਖੰਘਣਾ ਤਾਂ ਦੂਰ ਦੀ ਗੱਲ। ਜਲੰਧਰ ਵਾਲਾ ਪੱਤਰਕਾਰ ਆਈ.ਪੀ.ਸਿੰਘ ਆਖਦੈ, ਗਿਆਨੀ ਜੀ ਦਾ ਕੋਈ ਕਸੂਰ ਨਹੀਂ। ਸਰਕਾਰ ਘੂਕ ਸੁੱਤੀ ਰਹੀ, ਹਸਪਤਾਲ ਡੁੰਨਵੱਟਾ ਬਣ ਗਏ। ਖ਼ੈਰ, ਕਸੂਰ ਕਿਸੇ ਦਾ ਹੋਵੇ। ਗਿਆਨੀ ਜੀ ਪੰਜਾਬ ਨੂੰ ਕਲਬੂਤ ਦੇ ਗਏ। ਭਾਵੇਂ ਸਰਕਾਰ ਨੇ ਠੀਕਰਾ ਗਿਆਨੀ ਜੀ ’ਤੇ ਭੰਨਿਐ। ਲੱਗਦੈ ਪਠਲਾਵਾ ਨੂੰ ਹੁਣ ਗਿਆਨੀ ਜੀ ਦਾ ਯਾਦਗਾਰੀ ਗੇਟ ਨਹੀਂ ਬਣਾਉਣਾ ਪੈਣਾ। ਅੱਗੇ ਤੁਰਦੇ ਹਾਂ। ਭੀਲਵਾੜਾ (ਰਾਜਸਥਾਨ) ਵੀ ‘ਮਿੰਨੀ ਇਟਲੀ’ ਬਣ ਗਿਐ। ਨਰਾਇਣ ਸਿੰਘ ਮੌਤ ਦਾ ਦੂਤ ਬਣਿਐ। ਖ਼ੁਦ ਤਾਂ ਕਰੋਨਾ ਨਾਲ ਫ਼ੌਤ ਹੋ ਗਿਆ। ਪਿੱਛੇ ਪੁੱਤ ਪੋਤੇ ਵੀ ਰਗੜੇ ਗਏ। ਭੀਲਵਾੜਾ ਵਿਚ 21 ਪਾਜ਼ੇਟਿਵ ਕੇਸ ਨਿਕਲੇ ਨੇ। ਦੱਖਣੀ ਕੋਰੀਆ ’ਚ ‘ਮਰੀਜ਼ ਨੰਬਰ-31’ ਦੇ ਚਰਚੇ ਹਨ। ਹਸਪਤਾਲ ਦੇ ਬੈੱਡ ਨੰਬਰ ਇਕੱਤੀ ’ਤੇ ਜੋ ਮਹਿਲਾ ਪਈ, ਪਹਿਲਾਂ ਗਿਰਜਾ ਘਰ, ਫਿਰ ਹੋਟਲ ਤੇ ਅੱਗੇ ਬਾਜ਼ਾਰਾਂ ’ਚ ਘੁੰਮੀ। ਬਾਰਾਂ ਦਿਨਾਂ ’ਚ ਪੰਜ ਹਜ਼ਾਰ ਦਾ ਸਿਰ ਪਲੋਸ ਗਈ। ਆਸਟਰੀਆ ’ਚ ਇੱਕ ਸਾਕੀ ਨੇ ਪਿਆਲੇ ਵੰਡ ਦਿੱਤੇ। ਰਿਜ਼ੌਰਟ ਨੇ ਆਪਣਾ ਮਰੀਜ਼ ਛੁਪਾ ਲਿਆ। ਕਿੰਨੇ ਹੀ ਹੁਣ ਮਦਹੋਸ਼ੀ ’ਚ ਪਏ ਹਨ। ਡੋਨਲਡ ਟਰੰਪ ਹੁਣ ਚੀਨ ’ਤੇ ਦੰਦੀਆਂ ਵੱਢ ਰਿਹੈ।
                ‘ਗੇਮ ਜ਼ੀਰੋ’ ਨੇ ਇਟਲੀ ਮਸਲ ਦਿੱਤਾ। ਰੋਮ ਇਕੱਲਾ ਨਹੀਂ, ਸਭ ਸ਼ਹਿਰ ਜਲ ਰਹੇ ਨੇ। ਇਟਲੀ ਦਾ ਸ਼ਹਿਰ ਮਿਲਾਨ, ਜਿੱਥੇ ਫੁੱਟਬਾਲ ਦੀ ‘ਚੈਂਪੀਅਨਜ਼ ਲੀਗ’ ਹੋਈ। ਸਟੇਡੀਅਮ ’ਚ ਬਰਗਾਮੋ (ਇਟਲੀ) ਦੇ 40 ਹਜ਼ਾਰ ਦਰਸ਼ਕ, ਸਪੇਨ ਦੇ 2500 ਦਰਸ਼ਕ ਸਜੇ। ਇਟਲੀ ਦੀ ਕਲੱਬ ਟੀਮ ਨੇ ਚਾਰ ਗੋਲ ਕੀਤੇ। ਖੁਸ਼ੀ ’ਚ ਚਾਲੀ ਹਜ਼ਾਰ ਦਰਸ਼ਕਾਂ ਨੇ ਚਾਰ ਵਾਰ ਇਕ ਦੂਜੇ ਨੂੰ ਚੁੰਮਿਆ। ਦਰਸ਼ਕਾਂ ’ਚ ਕਿਤੇ ‘ਖਾਮੋਸ਼ ਕਾਤਲ’ ਵੀ ਬੈਠਾ ਸੀ। ਇਕੱਲੇ ਬਰਗਾਮੋ ’ਚ ਸੱਤ ਹਜ਼ਾਰ ਨੂੰ ਮੌਤ ਨੇੜੇ ਕਰ ਦਿੱਤਾ। ਸਪੇਨ ਮੈਚ ਵੀ ਹਾਰਿਆ ਤੇ ਜ਼ਿੰਦਗੀ ਵੀ। ਕਰੋਨਾ ਮਹਾਮਾਰੀ ਮਗਰੋਂ ਚਾਰ ਗੋਲਾਂ ਵਾਲੇ ਮੈਚ ਨੂੰ ‘ਗੇਮ ਜ਼ੀਰੋ’ ਦਾ ਨਾਮ ਮਿਲਿਐ। ਦੁਨੀਆਂ ’ਚ ਜੋ ਨਹੀਂ ਰਹੇ, ਉਹ ਵਿਸ਼ਵ ਨੂੰ ‘ਜਾਗਦੇ ਰਹੋ’ ਦਾ ਹੋਕਾ ਦੇ ਗਏ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ, ਪ੍ਰਿੰਸ ਚਾਰਲਸ, ਟਰੂਡੋ ਦੀ ਪਤਨੀ, ਸਪੇਨ ਦੇ ਪ੍ਰਧਾਨ ਮੰਤਰੀ ਦੀ ਬੀਵੀ, ਆਸਟਰੇਲੀਆ ਦਾ ਗ੍ਰਹਿ ਮੰਤਰੀ, ਬ੍ਰਿਟੇਨ ਦੀ ਸਿਹਤ ਮੰਤਰੀ, ਕਿੰਨੇ ਵੀ.ਵੀ.ਆਈ.ਪੀ ਨੇ ਜਿਨ੍ਹਾਂ ਨੂੰ ਕਰੋਨਾ ਨੇ ਅੌਕਾਤ ਦਿਖਾਈ ਹੈ। ਯੂਰੋਪ ਦਾ ਮਹਾਮਾਰੀ ਨਾਲ ਵਾਹ ਪੁਰਾਣਾ ਹੈ। 14ਵੀਂ ਸਦੀ ਵਿਚ ਪਲੇਗ ਤੇ 2009 ’ਚ ਸਵਾਈਨ ਫਲੂ। ਚੇਚਕ, ਹੈਜ਼ਾ, ਮਲੇਰੀਆ, ਸਾਰਸ, ਬਰਡ ਫਲੂ, ਨਿਪਾਹ, ਡੇਂਗੂ, ਜ਼ੀਕਾ ਵਾਇਰਸ, ਹੋਰ ਕਿੰਨੇ ਹੀ ਰੋਗ ਨੇ ਜੋ ਵਿਸ਼ਵ ਨੂੰ ਲੰਮਾ ਪਾ ਗਏ। ਕੋਈ ਰੋਗ ਸੂਰਾਂ ਤੋਂ ਫੈਲਿਆ ਤੇ ਕੋਈ ਚੂਹਿਆਂ ਤੋਂ।                                                                                   ਚੀਨ ਨੇ ਹੁਣੇ ਵਣ ਜੀਵ ਬਾਜ਼ਾਰ ਬੰਦ ਕੀਤੈ, ਜਿੱਥੇ ਜਿਊਂਦੇ ਜੀਵਾਂ ਦੀ ਮੰਡੀ ਲੱਗਦੀ ਸੀ। ਕੋਈ ਚਮਗਿੱਦੜ ਦਾ ਸੂਪ ਪੀਂਦਾ ਸੀ ਤੇ ਕੋਈ ਕੇਕੜੇ ਖਾਂਦਾ ਸੀ। ਜੰਗਲੀ ਚੂਹੇ ਤੇ ਸੱਪਾਂ ਦੇ ਸ਼ੌਕੀ ਵੀ ਹਨ। ਭਾਰਤ ਦੀ ਚਾਦਰ ਛੋਟੀ ਹੈ ਤੇ ਮੈਲੀ ਵੀ ਹੈ। ਚਾਦਰ ’ਚ ਸੁੰਗੜ ਕੇ ਪੈਣਾ ਆ ਗਿਐ। ਤਾਹੀਓਂ ਪ੍ਰਧਾਨ ਮੰਤਰੀ ਨੇ ਸਭ ਘਰੋ-ਘਰੀ ਤਾੜੇ ਹਨ। ਖ਼ੈਰ ਪਰਹੇਜ਼ ਤਾਂ ਚੰਗਾ ਹੈ। ਘੱਟੋ ਘੱਟ ਆਪਣੀ ਜ਼ਿੰਦਗੀ ਬਾਰੇ ਤਾਂ ਸੋਚੋ। ਅਮਰਿੰਦਰ ਨੇ ਵੀ ਪ੍ਰਸ਼ਾਸਕੀ ਰੰਗ ਦਿਖਾਇਐ, ਜਿਵੇਂ ਪੰਜਾਬ ਪੁਲੀਸ ਨੇ ਆਪਣੇ ਲੰਮੇ ਹੱਥ ਦਿਖਾਏ ਨੇ। ਪੁਲੀਸ ‘ਲਛਮਣ ਰੇਖਾ’ ਹੀ ਟੱਪ ਗਈ। ਸਖ਼ਤੀ ’ਤੇ ਕਾਹਦਾ ਇਤਰਾਜ਼ ਸੀ। ਅੱਜ ਕੱਲ੍ਹ ਖੰਘਣ ’ਤੇ ਜ਼ਰੂਰ ਹੈ। ਕਦੇ ਮੁਹੰਮਦ ਸਦੀਕ ਗਾਉਂਦਾ ਹੁੰਦਾ ਸੀ। ‘ਮਿੱਤਰਾਂ ਦੀ ਖੰਘ ਵਿਚ ਖੰਘ ਬੱਲੀਏ।’ ਹੁਣ ਖੰਘ ਦੇ ਡਰੋਂ ਸਦੀਕ ਘਰੇ ਡਰਿਆ ਬੈਠੈ। ਥੋਡੇ ‘ਖੰਘ ਵਾਲੀ ਦਵਾਈ’ ਚੇਤੇ ’ਚ ਵੱਜੀ ਹੋਊ, ਨਾਲੇ ਰਾਜਾ ਵੜਿੰਗ। ਮਹਾਮਾਰੀ ਜੰਗ ਤੋਂ ਘੱਟ ਨਹੀਂ ਹੁੰਦੀ, ‘ਜ਼ਿੰਦਗੀ ਹਰ ਕਦਮ ਇਕ ਨਵੀਂ ਜੰਗ ਹੈ’। ਪੰਜਾਬ ਦਾ ਰਾਜ ਪੰਛੀ ਬਾਜ਼ ਹੈ। ਬਾਜ਼ ਤੋਂ ਸਿੱਖੋ, ਤਕਲੀਫ਼ਾਂ ਨਾਲ ਜੂਝਣਾ। ਮੁਸੀਬਤਾਂ ਨੂੰ ਕਿਵੇਂ ਟੱਕਰਨੈ। ਇਹੋ ਗੱਲ ਛੱਜੂ ਰਾਮ ਸਮਝਾ ਰਿਹੈ। ’ਕੱਲੇ ਪ੍ਰਵਚਨਾਂ ਨਾਲ ਕਿੱਥੇ ਢਿੱਡ ਭਰਦੈ। ਭੁੱਖ ਕਿਹੜਾ ਬਿਮਾਰੀ ਤੋਂ ਘੱਟ ਹੈ। ਰੋਟੀ ਮਿਲੂ ਤਾਂ ਇਲਾਜ ਹੋਊ। ਗ਼ਰੀਬ ਬੰਦਾ ਦੋਹਰੀ ਜੰਗ ਲੜ ਰਿਹੈ। ਕਰੋਨਾ ਖ਼ਿਲਾਫ਼ ਤੇ ਦੂਜੀ ਢਿੱਡ ਦੀ।
               ਸਿਆਣਿਆ ਦਾ ਕਹਿਣੈ ‘ਗ਼ਰੀਬਾਂ ਲਈ ਮੌਤ ਸਭ ਤੋਂ ਚੰਗੀ ਡਾਕਟਰ ਹੁੰਦੀ ਹੈ।’ ਕਾਮਰੇਡਾਂ ਨੇ ਗਿਲਾ ਕੀਤਾ ਹੈ। ਉਧਰੋਂ, ਜਗਸੀਰ ਜੀਦਾ ਦੀ ਬੋਲੀ ਖੜ੍ਹਕੀ ਹੈ ‘ਹੱਕ ਮੰਗੀਏ ਬਰਾਬਰ ਦੇ, ਕਾਹਤੋਂ ਬੂਟ ਪਾਲਿਸ਼ਾਂ ਕਰੀਏ’। ਸਾਥੀਓ, ਪਹਿਲਾਂ ਕਰੋਨਾ ਨਾਲ ਸਿੱਝ ਲਓ। ਅਕਲ ਨੂੰ ਹੱਥ ਵੀ ਮਾਰੋ। ਕਿਊਬਾ ਤੋਂ ਹੀ ਸਿੱਖ ਲਵੋ। ਕੇਵਲ 1.10 ਕਰੋੜ ਦੀ ਆਬਾਦੀ ਹੈ। ਸਿਹਤ ਪ੍ਰਬੰਧਾਂ ’ਚ ਪੂਰੇ ਵਿਸ਼ਵ ਨੂੰ ਦੀਵਾ ਦਿਖਾ ਰਿਹਾ ਹੈ। ਕਿਊਬਾ ’ਚ ਇਕ ਹਜ਼ਾਰ ਆਬਾਦੀ ਪਿੱਛੇ 8 ਡਾਕਟਰ ਹਨ। ਭਾਰਤ ’ਚ ਸਿਰਫ਼ 0.8 ਫ਼ੀਸਦੀ। ਮੁਫ਼ਤ ਸਿੱਖਿਆ ਤੇ ਮੁਫ਼ਤ ਸਿਹਤ ਪ੍ਰਬੰਧ ਹਨ। ਕਿਊਬਾ ਨੇ 92 ਡਾਕਟਰ ਇਟਲੀ ਭੇਜੇ ਹਨ। ਚੀ ਗਵੇਰਾ ਦੀ ਡਾਕਟਰ ਧੀ ਵੀ ਬਾਲ ਭਲਾਈ ਦੇ ਲੇਖੇ ਲੱਗੀ ਹੈ। ਅਸੀਂ ਤਾਲੀ ਤੇ ਥਾਲੀ ਵਜਾ ਰਹੇ ਹਾਂ। ਭਾਂਡੇ ਖਾਲੀ ਹਨ, ਸਰਕਾਰੀ ਤੇ ਗ਼ਰੀਬ ਲੋਕਾਂ ਦੇ ਵੀ। ਭਾਰਤ ਸਰਕਾਰ ਨੇ 1.70 ਲੱਖ ਕਰੋੜ ਦਾ ਪੈਕੇਜ ਦਿੱਤੈ, 60 ਫ਼ੀਸਦੀ ਗ਼ਰੀਬ ਲੋਕਾਂ ਲਈ। ਕਰੋਨਾ ਨੇ ਗ਼ਰੀਬ ਦੇ ਗਲ ’ਗੂਠਾ ਦਿੱਤਾ ਹੈ। ਕਿਤੇ ਬੱਚੇ ਰੋਟੀ ਮੰਗ ਰਹੇ ਨੇ। ਕਿਤੇ ਬੱਚੇ ਘਾਹ ਖਾ ਰਹੇ ਨੇ।
               ਰੁਜ਼ਗਾਰ ਖੁਹਾ ਕੇ ਗੁਜਰਾਤ ਤੋਂ ਰਮੇਸ਼ ਮੀਣਾ ਪੈਦਲ ਰਾਜਸਥਾਨ ਲਈ ਤੁਰਿਆ। ਪਤਨੀ ਦੇ ਫਰੈਕਚਰ ਹੈ, ਜੋ ਮੋਢੇ ’ਤੇ ਚੁੱਕੀ ਹੈ। ਜਰਨੈਲੀ ਸੜਕਾਂ ’ਤੇ ਭੀੜਾਂ ਹਨ। ਮਦਦ ਲਈ ਕੋਈ ਹੱਥ ਨਹੀਂ ਉੱਠ ਰਿਹਾ। ਯੂਰੋਪ ’ਚ ਕਈ ਅਰਬਪਤੀ ਉੱਠੇ ਹਨ, ‘ਅਸੀਂ ਚੁੱਕਾਂਗੇ ਬੋਝ।’ ਸਾਡੇ ਤਾਂ ਇੱਕ-ਅੱਧੇ ਨੂੰ ਛੱਡ ਕੇ ਸਭ ਛਾਪਲ ਗਏ ਹਨ। ਸਿਆਸੀ ਜਮਾਤ ਤੋਂ ਕੀ ਆਸ ਰੱਖੀਏ। ਪੰਜਾਬ ਦੇ ਮੌਜੂਦਾ 117 ਵਿਧਾਇਕਾਂ ਕੋਲ ਕੁੱਲ 1378 ਕਰੋੜ ਦੀ ਸੰਪਤੀ ਹੈ। ਦੋ ਨੰਬਰ ਵਾਲੇ ਧਨ ਨੂੰ ਛੱਡ ਕੇ। ਕੋਈ ਦਸਵੰਧ ਨਹੀਂ ਕੱਢਦਾ। ਅੌਖੇ ਸਮੇਂ ਤਾਂ ਮਾੜੇ ਘਰ ਵੀ ਸੰਦੂਕ ਹਿਲਾ ਦਿੰਦੇ ਨੇ। ਏਹ ਧਨਾਢ, ਮਹਾਮਾਰੀ ਤੋਂ ਹੀ ਕੁਝ ਸਿੱਖ ਲੈਣ। ਜ਼ਿੰਦਗੀ ਚਾਰ ਦਿਹਾੜੇ। ਜੋ ਆਮ ਲੋਕ ਘਰਾਂ ’ਚ ਤੜੇ ਬੈਠੇ ਹਨ, ਉਹ ਹੱਸ ਖੇਡ ਕੇ ਸਮਾਂ ਕੱਢਣ। ਅਖ਼ੀਰ ’ਚ ਇਨ੍ਹਾਂ ਸੱਜਣਾਂ ਦੀ ਦਿਲੀ ਆਵਾਜ਼, ‘ਇੱਕੀ ਦਿਨ, ਚੌਵੀ ਘੰਟੇ, ਬੀਵੀ ਨਾਲ ਰਹਿਣਾ ਤੂੰ ਕੀ ਜਾਣੇ ਨਰਿੰਦਰ ਬਾਬੂ।’