Sunday, April 5, 2020

                            ਵਿਚਲੀ ਗੱਲ
              ਨਦੀ ਨਾ ਘਟਿਓ ਨੀਰ..!
                           ਚਰਨਜੀਤ ਭੁੱਲਰ
ਚੰਡੀਗੜ੍ਹ : ਨਾਢੂ ਖਾਂ ਤੇ ਪਾਟੇ ਖਾਂ, ਫੰਨੇ ਖਾਂ ਤੇ ਖੱਬੀ ਖਾਂ। ਭੁੱਲ ਨਾ ਜਾਈਏ, ਤੀਸ ਮਾਰ ਖਾਂ ਵੀ। ਹੱਥ ’ਚ ਚਿੱਠੀ ਹੈ, ਕੰਨੀ ਤੋਂ ਪਾਟੀ ਹੋਈ। ਇੰਝ ਭਮੱਤਰੇ ਹੋਏ ਨੇ ਸਭ, ਜਿਵੇਂ ਸ਼ੇਰ ਕੋਲ ਬੱਕਰੀ ਬੰਨ੍ਹੀ ਹੋਵੇ। ਕੋਈ ਖੱਬੇ ਵੇਖਦਾ ਹੈ, ਸੱਜੇ ਵੀ ਸੁੱਖ ਨਹੀਂ। ਮੂੰਹ ਵੀ ਸੁੱਜੇ ਨੇ, ਦਿਲ ਪਤਲੇ ਪਏ ਨੇ। ਕੋਈ ਘੁਮੰਡ ਦਾ ਨਾੜੂਆ ਕੱਟ ਦੇਊ। ਕਿਥੇ ਚਿੱਤ ਚੇਤੇ ਸੀ, ਭੁੱਲ ਹੀ ਬੈਠੇ ਸੀ। ਕਈ ਮੰਜ਼ਿਲੇ ਚੁਬਾਰੇ, ਸਭ ਮਹਿਲ ਮੁਨਾਰੇ। ਹੁਣ ਰੇਤ ਦੀ ਢੇਰੀ ਲੱਗਦੇ ਨੇ। ਜਿਉਂਦੇ ਜਾਗਦੇ, ਮਿੱਟੀ ਦੇ ਬੁੱਤ ਬਣੇ ਨੇ। ਬਾਘੀਆਂ ਮਹਾਮਾਰੀ ਪਾ ਰਹੀ ਹੈ।ਲਟਾ-ਪੀਂਘ ਡੋਨਲਡ ਟਰੰਪ ਹੋ ਰਿਹੈ। ਬਾਕੀ ਨੂਰ ਮੁਹੰਮਦ ਨੂਰ ਤੋਂ ਸੁਣੋ। ‘ਬਹੁਤ ਘੁਮੰਡ ਕਰੀਂ ਨਾ ਆਪਣੀ, ਸੁੰਦਰ ਦਿੱਖ ਦੇ ਸਿੰਗਾਂ ’ਤੇ/ਫੁੱਟ ਜਾਂਦੀ ਹੈ ਅੱਖ ਬਲੌਰੀ, ਇੱਕ ਪੱਥਰ ਦੇ ਟੋਟੇ ਨਾਲ।’ ਫਸੀ ਤਾਂ ਫਟਕਣ ਕੀ। ਜ਼ਿੰਦਗੀ ਦੇ ਆਖ਼ਰੀ ਮੋੜ ’ਤੇ ਖੜ੍ਹੇ ਬਜ਼ੁਰਗਾਂ ਨੂੰ ਕੱਤੇ ਦੀ ਬਿਮਾਰੀ ਭੁੱਲੀ ਨਹੀਂ। ਪਿੰਡ ਕੋਟਲੀ ਦੇਵਨ (ਮੁਕਤਸਰ) ਦਾ ਖੇਤਾ ਸਿਓਂ। ਉਮਰ ਪੂਰੇ 95 ਸਾਲ ਹੈ। ਕਿਵੇਂ ਪਿਉ ਦਾਦੇ ਸਿਵੇ ਬਾਲਦੇ ਹੰਭੇ ਸਨ, ਭੁੱਲਿਆ ਨਹੀਂ। ਮੌਤਾਂ ਵੰਡਦੀ ਪਲੇਗ ਨੇ ਕਿਥੇ ਥੱਕਣਾ ਸੀ। ਦੋ ਦਾ ਸਸਕਾਰ ਕਰਕੇ ਮੁੜਦੇ। ਚਾਰ ਹੋਰ ਤਿਆਰ ਹੁੰਦੇ। ਅਮਰੀਕਾ, ਵਿਸ਼ਵ ਦਾ ਜ਼ੈਲਦਾਰ ਅਖਵਾਉਂਦੈ। ਡੋਨਲਡ ਟਰੰਪ ਨੇ ਹੁਣੇ ਆਰਡਰ ਕੀਤੈ। ਪੂਰੇ ਇੱਕ ਲੱਖ ਤਾਬੂਤ ਦਾ। ਕਰੋਨਾ ਕੋਈ ਮਹਾਮਾਰੀ ਨਹੀਂ, ਜ਼ਿੰਦਗੀ ਦੀ ਇੱਕ ਠੋਕਰ ਹੈ। ਭੁੱਲੋਗੇ ਤਾਂ ਪਛਤਾਓਗੇ। ਜਦੋਂ ਕੁਦਰਤ ਮੁੜ ਨਵੇਂ ਮੋੜ ’ਤੇ ਟੱਕਰੀ। ‘ਮੂਸਾ ਭੱਜਿਆ ਮੌਤ ਤੋਂ, ਅੱਗੇ ਮੌਤ ਖੜ੍ਹੀ।’ ਮੂਸੇ ਦੇ ਵਾਰਸ ਨਾ ਬਣਿਓਂ। ਬਾਕੀ ਥੋਡੀ ਮਰਜ਼ੀ।
                 ਅਮਰੀਕਾ ਤਾਕਤ ’ਚ ਦਾਦੈ। ਇੰਗਲੈਂਡ, ਇਟਲੀ, ਫਰਾਂਸ, ਸਭ ਸ਼ਰੀਕੇ ਕਬੀਲੇ ’ਚੋਂ ਨੇ। ਇੱਧਰ ਮੁਲਕ ਕਿਊਬਾ ਬਿਲਕੁਲ ਗਿੱਠੈ। ਇਸ ਗਿੱਠਮੁਠੀਏ ਨਾਲ ਕੀਹਨੇ ਭਲੀ ਗੁਜ਼ਾਰੀ ਸੀ। ‘ਦੁਸ਼ਮਣ ਮਰੇ ਦੀ ਖੁਸ਼ੀ ਨਾ ਕਰੀਏ’। ਸੋਚ ਗਿੱਠੀ ਨਹੀਂ, ਕਿਊਬਾ ਸਭ ਭੁੱਲ ਭੁਲਾ ਗਿਆ। ਕਰੋਨਾ ਵਿਸ਼ਵ ਦਾ ਖਲਨਾਇਕ ਬਣਿਐ। ਇੱਧਰ ਕਿਊਬਾ ਦੇ ਡਾਕਟਰ ਨਾਇਕ। ਉਂਜ, ਜੋ ਜਾਨ ਗੁਆ ਬੈਠੇ। ਫਰਜ਼ਾਂ ਨੂੰ ਬਚਾਉਂਦੇ ਬਚਾਉਂਦੇ। ਤਹਿ ਦਿਲੋਂ ਸਲਾਮ ਹਰ ਉਸ ਡਾਕਟਰ ਨੂੰ, ਜੋ ਖੁਦ ਉਧੜ ਗਏ, ਜ਼ਿੰਦਗੀ ਦੇ ਨਗੰਦੇ ਪਾਉਣੋਂ ਨਾ ਹਟੇ। ਮਹਾਮਾਰੀ ਕੋਈ ਚਿੱਠੀ ਪਾ ਕੇ ਨਹੀਂ ਆਉਂਦੀ। ਠੀਕ ਉਵੇਂ ਹੀ, ਜਿਵੇਂ ਥੋਨੂੰ ਅਕਲ ਨਹੀਂ ਆਉਂਦੀ। ਬਹੁਤਾ ਚਾਂਭਲਣ ਦੀ ਲੋੜ ਨਹੀਂ, ਇਟਲੀ ਸਪੇਨ ਹੀ ਦੇਖ ਲਓ। ਟਿਕ ਕੇ ਘਰੇ ਬੈਠੋ। ਬੱਸ ਮੌਤ ਨੂੰ ਮਾਸੀ ਨਾ ਕਹੋ। ਜ਼ਿੰਦਗੀ ਕਦੋਂ ਡੋ ਡੋ ਕਰਦੇ, ਕਿਹੜਾ ਪਤਾ ਲੱਗਦੈ। ਬੱਸ ਛੋਟਾ ਜੇਹਾ ਵਿਸ਼ਾਣੂ ਹੈ। ਤਖ਼ਤ ਤੋਂ ਬਖ਼ਤ ਕਰ ਗਿਐ। ਹੈਸੀਅਤ ਦਿਖਾ ਦਿੱਤੀ। ਕੀੜੀ ਹਾਥੀ ਦੇ ਕੰਨ ’ਚ ਵੜੀ ਮਾਣ ਨਹੀਂ ਹੁੰਦੀ। ਕੁਦਰਤ ਦੀ ਪ੍ਰੀਖਿਆ ਹੈ। ਆਖ਼ਰ ਵਿਸ਼ਾਣੂ ਨੂੰ ਹਾਰਨਾ ਪੈਣੈ। ਜੋ ਭੁੱਖ ਤੋਂ ਹਾਰੇ, ਉਨ੍ਹਾਂ ਨੂੰ ਸ਼ਹੀਦ ਹੀ ਸਮਝੋ। ‘ਬਾਬਾ, ਮੌਤੋਂ ਭੁੱਖ ਬੁਰੀ’। ਬਿਹਾਰ ਦਾ ਭੋਜਪੁਰੀ ਬੱਚਾ ਭੁੱਖ ਨਾਲ ਮਰ ਗਿਆ। ਨਾਗਪੁਰ ਤੋਂ ਪਰਵਾਸੀ ਮਜ਼ਦੂਰ ਲੋਗੇਸ਼ ਪੰਜ ਸੌ ਕਿਲੋਮੀਟਰ ਤੁਰਿਆ। ਪਹਿਲਾਂ ਬੇਹੋਸ਼ ਹੋਇਆ, ਫਿਰ ਫ਼ੌਤ ਹੋਇਆ। ਨੌਜਵਾਨ ਰਣਵੀਰ, ਮੱਧ ਪ੍ਰਦੇਸ਼ ਤੋਂ ਚੱਲਿਆ। ਮੰਜ਼ਿਲ ਤੋਂ ਪਹਿਲਾਂ ਮੌਤ ਮਿਲੀ। ਢਿੱਡ ਦੇ ਝੁਲਕੇ, ਕਰੋਨਾ ਤੋਂ ਘੱਟ ਨਹੀਂ। ‘ਭੁੱਲ ਗਈ ਨਮਾਜ਼, ਮਾਰੀ ਭੁੱਖ ਦੀ।’
                 ਜ਼ਿੰਦਗੀ ਦੀ ਜਰਨੈਲੀ ਸੜਕ ’ਤੇ ਭਲੇ ਲੋਕ ਵੀ ਬੈਠੇ ਨੇ। ਡੰਡੀ ਉੱਤਰ ਕੇ ਭੱਜਣ ਵਾਲੇ ਵੀ। ਜੋ ਪਹੀ ਤੋਂ ਉੱਤਰੇ ਨੇ, ਵੋਟਾਂ ਵੇਲੇ ਆਉਣਗੇ। ਭਗੌੜੇ ਲੋਕਾਂ ਦੀ ਜ਼ਮਾਨਤ ਥੋਡੇ ਹੱਥ ਹੈ, ਬੱਕਰੀ ਨੋਟ ਆਪੇ ਖਾਣੋਂ ਹਟੂ। ਜ਼ਿੰਦਗੀ ਦੀ ਤਾਲਾਬੰਦੀ ’ਚ। ਮਜ਼ਦੂਰ ਦਾ ਜੁਆਕ ਕਿਥੋਂ ਰੋਟੀ ਖਾਏ। ਬੇਲਾਰੂਸ ਦਾ ਰਾਸ਼ਟਰਪਤੀ। ਲੱਲ-ਵਲੱਲੀਆਂ ਮਾਰੀ ਜਾਂਦੈ। ਅਖੇ, ਵੋਦਕਾ ਪੀਓ। ਸ਼ਰਾਬ ਦੀ ਹੋਮ ਡਿਲਿਵਰੀ ਮੇਘਾਲਿਆ ਸਰਕਾਰ ਨੇ ਕਰਤੀ। ਗੁਜਰਾਤ ’ਚ ਰਾਸ਼ਟਰੀ ਕਾਮਧੇਨੂ ਬੋਰਡ ਹੈ। ਰੋਜ਼ਾਨਾ ਛੇ ਹਜ਼ਾਰ ਲਿਟਰ ਗਊ ਮੂਤਰ ਵੇਚ ਰਿਹੈ। ਕਮਲਿਆਂ ਦੇ ਕਿਹੜਾ ਸਿੰਗ ਲੱਗੇ ਹੁੰਦੇ ਨੇ। ਢੁੱਡਾਂ ਕਰੋਨਾ ਮਾਰ ਰਿਹਾ ਹੈ। ਵੱਡੇ ਲੀਡਰ ਘਰੇ ਦੜੇ ਬੈਠੇ ਨੇ, ਅਖੇ ਡਰ ਲੱਗਦੈ। ਸਿੱਖਦੇ ਫੇਰ ਵੀ ਕੁਛ ਨਹੀਂ। ਏਹੋ ਜੇਹੀ ਅਮੀਰੀ, ਕਿਹੜੇ ਫੋੜ੍ਹੇ ਲਾਈਏ।ਗੱਲ ਨਾਇਕਾਂ ਦੀ ਕਰਾਂਗੇ। ਘਰਾਂ ਦੇ ਗਰੀਬ ਨੇ, ਦਿਲਾਂ ਦੇ ਬਾਦਸ਼ਾਹ। ਸਾਬਕਾ ਫੌਜੀ ਨੇ ਕਰ ਦਿੱਤਾ, ਜੋ ਕੈਪਟਨ ਨਹੀਂ ਕਰ ਸਕਿਆ। ਬੀਬੀ ਵਾਲਾ (ਬਠਿੰਡਾ) ਦਾ ਸਾਬਕਾ ਫੌਜੀ ਬੂਟਾ ਸਿੰਘ। ਜ਼ਿੰਦਗੀ ਮੁਰਝਾ ਨਾ ਜਾਏ, ਇਹ ਸੋਚ ਕੇ ਇੱਕ ਏਕੜ ਜ਼ਮੀਨ ਦਾਨ ਕਰ ਦਿੱਤੀ। ਅਖੇ ਬਣਾ ਲਓ ਕਰੋਨਾ ਹਸਪਤਾਲ। ਛੋਟਾ ਕਿਸਾਨ ਬੂਟਾ ਸਿੰਘ ਦਸਵੀਂ ਫੇਲ੍ਹ ਹੈ। ਜ਼ਿੰਦਗੀ ਦੀ ਮੈਰਿਟ ’ਚ ਹੁਣ ਆਇਐ। ਕੈਪਟਨ ਦੇ ਘਰ ਕੋਈ ਘਾਟੈ। ਸੱਚ, ਗੱਲ ਤਾਂ ਦਿਲ ਦੀ ਹੁੰਦੀ ਹੈ। ਮੱਧ ਪ੍ਰਦੇਸ਼ ਦਾ ਕਿਸਾਨ ਦੱਤਾ ਰਾਮ। ਕਣਕ ਦੀ ਵਾਢੀ ਕੀਤੀ, ਕਰਫਿਊ ’ਚ ਫਸੇ ਮਜ਼ਦੂਰਾਂ ਨੂੰ ਸਾਰੀ ਵੰਡ ਦਿੱਤੀ। ਅਖੇ, ਦਾਤਾ ਆਪੇ ਦੇਊ।‘ਚਿੜੀ ਚੋਂਚ ਭਰ ਲੇ ਗਈ, ਨਦੀ ਨਾ ਘਟਿਓ ਨੀਰ/ਦਾਨ ਦੀਏ ਧਨ ਨਾ ਘਟੇ, ਕਹਿ ਗਏ ਭਗਤ ਕਬੀਰ।’ ਛੋਟੇ ਜਾਣੂ ਨੇ। ਵੱਡਿਆਂ ਦੇ ਹੌਲ ਪੈਂਦੇ, ਦੱਸੋ ਚਿੜੀ ਵਿਚਾਰੀ ਕੀ ਕਰੇ।
                 ਖੈਰ, ਮਹਾਮਾਰੀ ਨੇ ਹਲੂਣਾ ਦਿੱਤੈ। ਆਪਣੇ ਬੇਗਾਨੇ ਦਾ ਪਤਾ ਉਦੋਂ ਲੱਗਦੈ ਜਦੋਂ ਕੁੰਢੀਆਂ ਦੇ ਸਿੰਗ ਫਸ ਜਾਣ। ਗੁਰਦਾਸਪੁਰ ਦੀ ਇੱਕ ਸਕੂਲੀ ਬੱਚੀ। ਆਪਣਾ ਗੱਲਾ (ਪਿੱਗੀ ਬੈਂਕ) ਡੀਸੀ ਹਵਾਲੇ ਕਰ ਆਈ। ਜੋੜ ਜੋੜ ਕੇ ਪੈਸੇ ਰੱਖੇ ਲੋਕਾਂ ਲੇਖੇ ਲਾ ਆਈ। ਮੱਧ ਪ੍ਰਦੇਸ਼ ’ਚ ਦੋ ਭੈਣਾਂ ਨੇ ਜੋੜੇ ਪੈਸੇ ਪੁਲੀਸ ਹਵਾਲੇ ਕਰ ਦਿੱਤੇ, ਮਜ਼ਦੂਰ ਭੁੱਖੇ ਨਾ ਸੌਣ। ਗੁੜਗਾਓਂ ਹਾਈਵੇਅ ’ਤੇ, ਭੁੱਖੇ ਰਾਹਗੀਰ ਝੱਲੇ ਨਾ ਗਏ, ਸੱਤ ਨੌਜਵਾਨ ਦਿਨ ਰਾਤ ਜਾਗੇ। ਤਲਵੰਡੀ ਸਾਬੋ ਦਾ ਇੱਕ ਕਰਿਆਨਾ ਸਟੋਰ ਮਾਲਕ। ਗਰੀਬੀ ’ਚੋਂ ਉੱਠਿਐ। ਹੁਣ ਪਿੰਡੋਂ ਪਿੰਡ ਗਰੀਬ ਲੱਭਦੈ। 860 ਰੁਪਏ ਦਾ ਰਾਸ਼ਨ ਘਰੇ ਰੱਖ ਆਉਂਦੈ। ਨਾ ਕੋਈ ਫੋਟੋ ਖਿਚਾਉਂਦੈ, ਬੱਸ ਸਭ ਕੁਝ ਗੁਪਤਦਾਨ।ਮੁਕਤਸਰ ਦਾ ਇੱਕ ‘ਪੇਂਡੂ ਜੱਟ’ ਕਾਫੀ ਮਸ਼ਹੂਰ ਹੈ। ਵੇਰਕਾ ਦੁੱਧ ਦਾ ਟਰੱਕ ਮੰਗਵਾ ਲਿਐ। ਲੋੜਵੰਦਾਂ ਦੇ ਘਰੋਂ ਘਰੀ ਦੁੱਧ ਭੇਜ ਰਿਹੈ। ਗਰੀਬ ਲੋਕ ਹੈਰਾਨ ਨੇ, ਦੁੱਧ ਕਿਥੋਂ ਆਉਂਦੈ। ‘ਪੇਂਡੂ ਜੱਟ’ ਲੁਕਿਐ ਬੈਠੇ। ਮੰਤਰੀ ਸੰਤਰੀ ਰਾਸ਼ਨ ਵੰਡਦੇ ਨੇ। ਢੋਲ ਵਜਾ ਕੇ। ਦਸਵੰਧ ਦੀ ਗੁੜ੍ਹਤੀ ਪੰਜਾਬੀਆਂ ਨੂੰ ਸਤਿਗੁਰਾਂ ਨੇ ਦਿੱਤੀ ਹੈ। ਯਾਦ ਆਇਐ, ਸੁਖਬੀਰ ਬਾਦਲ ਹੁਣ ਜਥੇਦਾਰ ਬਣੇ ਹਨ। ਪੂਰਾ ਸਿੱਖੀ ਸਰੂਪ ਧਾਰਨ ਕੀਤੈ। ਦਸਵੰਧ ਕੱਢਿਆ ਹੈ, ਇਹ ਪਤਾ ਨਹੀਂ। ਏਨਾ ਪਤਾ ਕਿ ਹਰਸਿਮਰਤ ਬਾਦਲ ਕੋਲ ਸੱਤ ਕਰੋੜ ਦਾ ਸੋਨਾ ਹੈ। ਗਰੀਬਾਂ ਨੂੰ ਕੀ ਭਾਅ। ਘਰੋਂ ਕੋਈ ਨੇਤਾ ਦਾਨ ਦਿੰਦਾ ਦੇਖਿਆ ਹੋਵੇ, ਜ਼ਰੂਰ ਦੱਸਣਾ। ਆਓ, ਛੋਟੀ ਸੋਚ ਦੇ ਦਰਸ਼ਨ ਕਰਾਈਏ। ਪੰਜਾਬ ਦੇ ਵਜ਼ੀਰਾਂ, ਕਈ ਵਿਧਾਇਕਾਂ ਨੇ ਮਹੀਨੇ ਦੀ ਤਨਖਾਹ ‘ਰਾਹਤ ਫੰਡ’ ਵਜੋਂ ਦੇਣੀ ਹੈ। ਸਿਰਫ਼ ਤੇ ਸਿਰਫ਼ ਬੇਸਿਕ ਪੇਅ ਦੇਣਗੇ। ਪੂਰੀ ਤਨਖਾਹ ਨਹੀਂ।
                 ਸਭ ਭੱਤਿਆਂ ਸਮੇਤ ਇੱਕ ਐੱਮਐੱਲਏ ਨੂੰ ਲੱਖ ਤੋਂ ਉਪਰ ਮਿਲਦੇ ਨੇ। ‘ਰਾਹਤ ਫੰਡ’ ’ਚ ਪਾਉਣਗੇ ਕੇਵਲ 25 ਹਜ਼ਾਰ। ਇਵੇਂ ਵਜ਼ੀਰ ਕਰਨਗੇ। ਇਸ ਗੱਲੋਂ ਕੇਵਲ ਢਿੱਲੋਂ ਮੱਲ ਮਾਰ ਗਿਆ। ਪੰਜ ਕਰੋੜ ਦੀ ਭੇਟਾ ਦਿੱਤੀ ਹੈ। ਭਗਵੰਤ ਮਾਨ ਸ਼ਾਇਦ ਦਬ ਗਿਆ। ਨਵਜੋਤ ਸਿੱਧੂ ਭਾਲਿਆ ਨਹੀਂ ਥਿਆਉਂਦਾ। ਪੰਜਾਬੀਓ, ਕਾਪੀ ਲਾ ਲਓ, ਨੋਟ ਕਰਨਾ, ਕੌਣ ਕੌਣ ਮੈਦਾਨ ਛੱਡ ਭੱਜਿਐ। ਮਨ ’ਚ ਮੈਲ ਨਾ ਹੁੰਦੀ, ਹਰ ਛੋਟਾ ਵੱਡਾ ਨੇਤਾ, ‘ਨੇਕ’ ਕਮਾਈ ’ਚੋਂ ਦਸਵੰਧ ਕੱਢਦਾ। ਲੋਕ ਸਭਾ ਦੇ 542 ਐੱਮਪੀ ਹਨ ਜਿਨ੍ਹਾਂ ਦੀ ਇੱਕ ਨੰਬਰ ਦੀ ਜਾਇਦਾਦ 11,344 ਕਰੋੜ ਬਣਦੀ ਹੈ। ਹਰ ਐੱਮਪੀ ਕੋਲ ਅੌਸਤਨ 20.93 ਕਰੋੜ ਦੀ ਸੰਪਤੀ ਹੈ। ਹਾਰਿਆਂ ਕੋਲ ਵੀ ਨੌਂ ਹਜ਼ਾਰ ਕਰੋੜ ਤੋਂ ਘੱਟ ਨਹੀਂ। ਬਾਕੀ ਮੁਲਕ ਭਰ ਦੇ 4116 ਵਿਧਾਇਕਾਂ ਦੀ ਕਮਾਈ ਜੋੜ ਲਓ। ਦੇਸ਼ ਦਾ ਸਭ ਤੋਂ ਅਮੀਰ ਵਿਧਾਇਕ, ਕਰਨਾਟਕ ਦਾ ਟੀ.ਬੀ. ਨਾਗਰਾਜ ਹੈ। 1015 ਕਰੋੜ ਦੀ ਸੰਪਤੀ ਹੈ। ‘ਕੱਟੇ ਨੂੰ ਮਣ ਦੁੱਧ ਦਾ ਕੀ ਭਾਅ’। ਆਖਦੇ ਨੇ, ਲੋੜਾਂ ਦਾ ਖੂਹ ਭਰ ਜਾਂਦੈ, ਲੋਭ ਦੀ ਖਾਣ ਨਹੀਂ ਭਰਦੀ। ਮਹਾਮਾਰੀ ਤੋਂ ਇਨ੍ਹਾਂ ਧੇਲੇ ਦਾ ਨਹੀਂ ਸਿੱਖਿਆ। ਵੱਡੇ ਲੋਕ, ਦਿਲ ਛੋਟੇ, ਉਪਰ ਮੈਲ ਜੰਮੀ ਪਈ ਹੈ, ਸੈਨੇਟਾਈਜ਼ਰ ਨਾਲ ਧੋਣੇ ਪੈਣੇ ਨੇ। ਵੈਸੇ ਹੁਣ ਗੰਗਾ ਵੀ ਸਾਫ ਹੈ, ਉਥੇ ਮੂੰਹ ਧੋ ਆਉਣ। ਛੱਜੂ ਰਾਮ ਨੂੰ ਨਾ ਬੁਲਾਓ, ਮੂੰਹ ’ਤੇ ਮਾਸਕ ਬੰਨ੍ਹਿਐ, ਠੀਕਰੀ ਪਹਿਰੇ ’ਤੇ ਡਟਿਐੈ। ਦੱਸੋਂਗੇ, ਕੀ ਤੁਸੀਂ ਅੱਜ ਰਾਤ ਦੀਵੇ ਬਾਲੋਂਗੇ। ‘ਫੋੜਾ ਕਿਤੇ, ਚੀਰਾ ਕਿਤੇ’।

1 comment:

  1. ਨਤਮਸਤਕ ਵੀਰ ਜੀ ਤੁਹਾਨੂੰ

    ReplyDelete