Monday, April 20, 2020

ਬਿਪਤਾ ਦੀ ਘੜੀ  
ਵੱਡੇ ਘਰਾਂ ਨੇ ਦਸਵੰਧ ਲਈ ਹੱਥ ਘੁੱਟੇ
                                                             ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦੇ ਦਰਜਨਾਂ ਸਿਆਸੀ ਘਰ ਆਪਣੀ ਪੈਨਸ਼ਨਾਂ ਦੀ ਪੰਡ ਚੋਂ ਕਰੋਨਾ ਆਫ਼ਤ ਰਾਹਤ ਫੰਡਾਂ ਲਈ ਦਸਵੰਧ ਕੱਢਣਗੇ ? ਇਹ ਨਵੀਂ ਸਿਆਸੀ ਚਰਚਾ ਛਿੜੀ ਹੈ ਤੇ ਪੰਜਾਬ ਦੇ ਲੋਕ ਉੱਤਰ ਉਡੀਕ ਰਹੇ ਹਨ। ਮਸਲਾ ਸਿਆਸੀ ਵੀ ਬਣਨ ਲੱਗਾ ਹੈ ਅਤੇ ਸੋਸ਼ਲ ਮੀਡੀਏ ’ਤੇ ਵੀ ਤੂਲ ਫੜਨ ਲੱਗਾ ਹੈ। ਆਮ ਆਦਮੀ ਪਾਰਟੀ ਨੇ ਖੁੱਲ੍ਹੇਆਮ ਵੰਗਾਰ ਪਾਈ ਹੈ ਕਿ ਇੱਕ ਟਰਮ ਤੋਂ ਜਿਆਦਾ ਟਰਮਾਂ ਦੀ ਪੈਨਸ਼ਨ ਲੈਣ ਵਾਲੇ ਨੇਤਾ ਮਹਾਮਾਰੀ ਖ਼ਿਲਾਫ਼ ਰਾਹਤ ਫੰਡ ’ਚ ਵਿੱਤੀ ਯੋਗਦਾਨ ਪਾਉਣ। ਦੇਖਣਾ ਹੋਵੇਗਾ ਕਿ ਕੌਮੀ ਆਫ਼ਤ ਮੌਕੇ ਕਿਹੜੇ ਨੇਤਾ ਜ਼ਖ਼ਮਾਂ ਤੇ ਮੱਲਮ ਲਾਉਂਦੇ ਹਨ।ਵੇਰਵਿਆਂ ਅਨੁਸਾਰ ਸਿਆਸੀ ਆਗੂਆਂ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਇੱਕੋ ਸਮੇਂ ਦੋ ਪੈਨਸ਼ਨਾਂ (ਬਤੌਰ ਸਾਬਕਾ ਵਿਧਾਇਕ ਅਤੇ ਬਤੌਰ ਸੰਸਦ ਮੈਂਬਰ) ਪੈਨਸ਼ਨ ਲੈ ਸਕਦੇ ਹਨ। 17ਵੀਂ ਲੋਕ ਸਭਾ ਵਿਚ ਦੇਸ਼ ਭਰ ਚੋਂ ਮੌਜੂਦਾ ਸਮੇਂ 181 ਐਮ.ਪੀਜ਼ ਹਨ ਜੋ ਪਹਿਲਾਂ ਵਿਧਾਇਕ ਵੀ ਰਹਿ ਚੁੱਕੇ ਹਨ। ਬਤੌਰ ਐਮ.ਪੀ ਉਹ ਤਨਖਾਹ ’ਤੇ ਭੱਤੇ ਲੈ ਰਹੇ ਹਨ ਜਦੋਂ ਕਿ ਨਾਲੋਂ ਨਾਲ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਪੰਜਾਬ ਦੇ ਅੱਠ ਐਮ.ਪੀਜ਼ ਹਨ ਜੋ ਸਾਬਕਾ ਐਮ.ਐਲ.ਏਜ਼ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਤਨਖ਼ਾਹਾਂ ਤੇ ਭੱਤਿਆਂ ਦੀ ਇਨ੍ਹਾਂ ਦੇ ਘਰਾਂ ਵਿਚ ਝੜੀ ਲੱਗੀ ਹੋਈ ਹੈ। ਦੂਸਰੀ ਤਰਫ਼ ਸਰਕਾਰੀ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ ਕੱਟ ਲੱਗੇ ਰਹੇ ਹਨ।
        ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਥੀ ਵਾਰ ਹੁਣ ਲੋਕ ਸਭਾ ਮੈਂਬਰ ਬਣੇ ਹਨ। ਇੱਕ ਵਾਰ ਉਹ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ। ਤਿੰਨ ਵਾਰੀ ਉਹ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਨੂੰ ਪ੍ਰਤੀ ਮਹੀਨਾ ਪੌਣੇ ਦੋ  ਲੱਖ ਰੁਪਏ ਪੈਨਸ਼ਨ ਮਿਲ ਰਹੀ ਹੈ ਜਦੋਂ ਕਿ ਬਤੌਰ ਐਮ.ਪੀ ਤਨਖਾਹ ਤੇ ਭੱਤੇ ਵੀ ਲੈ ਰਹੇ ਹਨ। ਉਹ ਪ੍ਰਾਈਵੇਟ ਚੈੱਨਲ ਕੋਲ ਖੁਦ ਮੰਨੇ ਹਨ ਕਿ ਉਨ੍ਹਾਂ ਨੇ ਕਿਸੇ ਰਾਹਤ ਫੰਡ ਵਿਚ ਨਿੱਜੀ ਤੌਰ ’ਤੇ ਕੋਈ ਰਾਸ਼ੀ ਨਹੀਂ ਦਿੱਤੀ ਹੈ। ਏਨਾ ਜਰੂਰ ਹੈ ਕਿ ਉਨ੍ਹਾਂ ਸੰਸਦੀ ਕੋਟੇ ਦੇ ਫੰਡ ਜਰੂਰ ਦਿੱਤੇ ਹਨ। ਪ੍ਰਨੀਤ ਕੌਰ ਵੀ ਚੌਥੀ ਵਾਰ ਐਮ.ਪੀ ਬਣੇ ਹਨ ਜਦੋਂ ਕਿ ਉਹ ਬਤੌਰ ਸਾਬਕਾ ਵਿਧਾਇਕ 75 ਹਜ਼ਾਰ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਖੁਦ ਸਾਬਕਾ ਐਮ.ਪੀ ਵਾਲੀ ਪੈਨਸ਼ਨ ਵੀ ਰਹੇ ਹਨ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕੀ ਵਾਲੀ ਪੌਣ ਦੋ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ ਜਦੋਂ ਕਿ ਚੌਧਰੀ ਸੰਤੋਖ ਸਿੰਘ ਵੀ ਐਮ.ਪੀ ਵਾਲੀ ਤਨਖਾਹ ਤੇ ਭੱਤਿਆਂ ਤੋਂ ਇਲਾਵਾ ਸਾਬਕਾ ਵਿਧਾਇਕ ਵਜੋਂ ਪੌਣੇ ਦੋ ਲੱਖ ਰੁਪਏ ਪੈਨਸ਼ਨ ਵੀ ਲੈ ਰਹੇ ਹਨ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ 75 ਹਜ਼ਾਰ ਰੁਪਏ ਪੈਨਸ਼ਨ ਲੈ ਰਹੇ ਹਨ। ਇਵੇਂ ਮੁਹੰਮਦ ਸਦੀਕ ਵੀ ਦੋਹਰਾ ਗੱਫਾ ਲੈ ਰਹੇ ਹਨ। ਬਲਵਿੰਦਰ ਸਿੰਘ ਭੂੰਦੜ ਤੀਸਰੀ ਦਫ਼ਾ ਰਾਜ ਸਭਾ ਮੈਂਬਰ ਬਣੇ ਹਨ ਜਦੋਂ ਕਿ ਉਹ ਪੰਜ ਵਾਰ ਵਿਧਾਇਕ ਰਹੇ ਹਨ।
               ਭੂੰਦੜ ਨੂੰ ਬਤੌਰ ਸਾਬਕਾ ਵਿਧਾਇਕ ਪੌਣੇ ਤਿੰਨ ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜਦੋਂ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਸਵਾ ਦੋ ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜੋ ਤੀਸਰੀ ਵਾਰ ਰਾਜ ਸਭਾ ਮੈਂਬਰ ਬਣੇ ਹਨ। ਐਮ.ਪੀ ਸ਼ਮਸ਼ੇਰ ਸਿੰਘ ਦੂਲੋ ਵੀ ਸਵਾ ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। 17ਵੀਂ ਲੋਕ ਸਭਾ ਵਿਚ 22 ਐਮ.ਪੀ ਉਹ ਵੀ ਹਨ ਜੋ ਪਹਿਲਾਂ ਰਾਜ ਸਭਾ ਮੈਂਬਰ ਰਹਿ ਚੁੱਕੇ ਹਨ।ਪੰਜਾਬ ਦੇ ਇਸ ਵੇਲੇ 268 ਸਾਬਕਾ ਵਿਧਾਇਕ ਹਨ ਜਿਨ੍ਹਾਂ ਨੂੰ ਪੈਨਸ਼ਨ ਮਿਲ ਰਹੀ ਹੈ। ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਬਤੌਰ ਸਾਬਕਾ ਵਿਧਾਇਕਾ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਅਤੇ  ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਛੇ ਵਾਰ ਵਿਧਾਇਕ ਰਹਿਣ ਕਰਕੇ ਸਵਾ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਵੀ 3.25 ਲੱਖ ਰੁਪਏ ਅਤੇ ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਦੱਸ ਦੇਈਏ ਕਿ ਪਿਛਲੇ ਅਰਸੇ ਦੌਰਾਨ ਬੁਢਾਪਾ ਪੈਨਸ਼ਨ ਤਿੰਨ ਵਾਰ ਅਤੇ ਸਾਬਕਾ ਵਿਧਾਇਕਾਂ ਦੀ ਪੈਨਸ਼ਨ 120 ਗੁਣਾ ਵਧੀ ਹੈ।
               ਦੂਸਰੀ ਤਰਫ਼ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਤਨਖ਼ਾਹਾਂ ’ਤੇ 30 ਫੀਸਦੀ ਕੱਟ ਲਗਾਏ ਜਾਣ ਬਾਰੇ ਵਿਚਾਰ ਕਰ ਰਹੀ ਹੈ। ਇੱਕ ਦਿਨ ਦੀ ਤਨਖਾਹ ਕੱਟਣ ਦੀ ਗੱਲ ਵੀ ਤੁਰੀ ਹੈ। ਪੰਜਾਬ ਵਿਚ ਹਰ ਤਰ੍ਹਾਂ ਦੇ ਕਰੀਬ 3.77 ਲੱਖ ਮੁਲਾਜ਼ਮ ਹਨ। ਪੰਜਾਬ ਐਂਡ ਯੂ.ਟੀ ਪੈਨਸ਼ਨਜ਼ ਸਾਂਝਾ ਮੁਲਾਜ਼ਮ ਫਰੰਟ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ ਆਖਦੇ ਹਨ ਕਿ ਪਹਿਲਾਂ ਸਰਕਾਰ ਖੁਦ ਆਦਰਸ਼ ਬਣੇ। ਸਿਆਸੀ ਲੋਕ ਆਪਣੀ ਨਿੱਜੀ ਸੰਪਤੀ ਚੋਂ ਆਫਤ ਰਾਹਤ ਫੰਡ ਲਈ ਦਸਵੰਧ ਕੱਢਣ। ਇੱਕ ਤੋਂ ਜਿਆਦਾ ਪੈਨਸ਼ਨਾਂ ਲੈਣੀਆਂ ਬੰਦ ਕਰਨ। ਉਨ੍ਹਾਂ ਕਿਹਾ ਕਿ ਮੁਲਾਜ਼ਮ ਕਿਸੇ ਜਬਰੀ ਕੱਟ ਦਾ ਵਿਰੋਧ ਕਰਨਗੇ।
                                       ਪੈਨਸ਼ਨਾਂ ਦਾ ਤਿਆਗ ਕਰੋ : ਚੀਮਾ
ਵਿਰੋਧੀ ਧਿਰ ਦੇ ਨੇਤਾ ਐਡਵੋਕੇਟ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਦੁੱਖ ਦੀ ਘੜੀ ਵਿਚ ਕਈ ਕਈ ਪੈਨਸ਼ਨਾਂ ਲੈਣ ਵਾਲੇ ਨੇਤਾ ਵੱਡਾ ਦਿਲ ਦਿਖਾਉਣ। ਸਿਰਫ਼ ਇੱਕ ਟਰਮ ਦੀ ਪੈਨਸ਼ਨ ਰੱਖ ਕੇ ਬਾਕੀ ਦਾ ਤਿਆਗ ਕਰਨ। ਉਨ੍ਹਾਂ ਕਿਹਾ ਕਿ ਸਭ ਸਰਦੇ ਪੁੱਜਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ। ਦੱਸਣਯੋਗ ਹੈ ਕਿ ਇੱਕ ਟਰਮ ਵਾਲੇ ਵਿਧਾਇਕ ਨੂੰ 75 ਹਜ਼ਾਰ, ਦੋ ਟਰਮਾਂ ਵਾਲੇ ਨੂੰ 1.25 ਲੱਖ ,ਤਿੰਨ ਟਰਮਾਂ ਵਾਲੇ ਨੂੰ 1.75 ਲੱਖ ਅਤੇ ਚਾਰ ਟਰਮਾਂ ਵਾਲੇ ਨੂੰ 2.25 ਲੱਖ ਰੁਪਏ ਪੈਨਸ਼ਨ ਮਿਲਦੀ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਵੇਲੇ 5.25 ਲੱਖ ਦੀ ਪੈਨਸ਼ਨ ਦੇ ਹੱਕਦਾਰ ਬਣ ਚੁੱਕੇ ਹਨ।





               


No comments:

Post a Comment