Tuesday, April 14, 2020

                      ਪੰਜਾਬ ਤਾਲਾਬੰਦੀ  
          ਨਸ਼ੇੜੀ ਹੁਣ ਬਣੇ ‘ਬੀਬੇ ਪੁੱਤ’
                        ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਤਾਲਾਬੰਦੀ ਨੇ ਨਸ਼ੇੜੀ ਇੰਨੀ ਬੁਰੀ ਤਰ੍ਹਾਂ ਛੁਲਕ ਦਿੱਤੇ ਹਨ ਕਿ ਉਹ ਤੋਟ ਦੇ ਭੰਨੇ ‘ਬੀਬੇ ਪੁੱਤ’ ਬਣ ਗਏ ਹਨ। ਜਦੋਂ ਕਿਧਰੋਂ ਵੀ ਨਸ਼ੇ ਦੀ ਡੋਜ਼ ਨਾ ਜੁੜੀ ਤਾਂ ਇਹ ਨਸ਼ੇੜੀ ਸਰਕਾਰ ਦੇ ਲੜ ਲੱਗੇ ਹਨ। ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਨੂੰ ਇਲਾਜ ਵਜੋਂ ਰੋਜ਼ਾਨਾ ਅੌਸਤਨ ਪੌਣੇ ਗਿਆਰਾਂ ਲੱਖ ਗੋਲੀ (ਬੁਪਰੀਨੌਰਫਿਨ) ਵੰਡ ਰਹੀ ਹੈ। ਮਜਬੂਰੀ ’ਚ ਫਸੇ ਇਹ ਨਸ਼ੇੜੀ ਸਰਕਾਰੀ ਓਟ ਸੈਂਟਰਾਂ ’ਤੇ ਦਿਨ ਚੜ੍ਹਦੇ ਹੀ ਪੁੱਜ ਜਾਂਦੇ ਹਨ। ਪੰਜਾਬ ਸਰਕਾਰ ਇਸ ਗੱਲੋਂ ਧਰਵਾਸ ਹੈ ਕਿ ਨਸ਼ੇੜੀ ਆਖਰ ਨਸ਼ੇ ਤੋਂ ਤੌਬਾ ਕਰਨ ਲੱਗੇ ਹਨ। ਵੇਰਵਿਆਂ ਅਨੁਸਾਰ ਲੌਕਡਾਊਨ ਦੌਰਾਨ (13 ਅਪਰੈਲ ਤੱਕ) ਪੰਜਾਬ ਭਰ ਦੇ ਕਰੀਬ 23 ਹਜ਼ਾਰ ਨਵੇਂ ਨਸ਼ੇੜੀਆਂ ਨੇ ਓਟ ਕੇਂਦਰਾਂ ਚੋਂ ਦਵਾਈ ਲੈਣੀ ਸ਼ੁਰੂ ਕਰ ਦਿੱਤੀ ਹੈ। ਲੌਕਡਾਊਨ ਤੋਂ ਪਹਿਲਾਂ 22 ਮਾਰਚ ਤੱਕ ਦਵਾਈ ਲੈਣ ਵਾਲੇ ਨਸ਼ੇੜੀਆਂ ਦੀ ਗਿਣਤੀ 4,14,167 ਸੀ ਜੋ ਕਿ ਲੰਘੇ 21 ਦਿਨਾਂ ਵਿਚ ਵੱਧ ਕੇ 4,37,480 ਹੋ ਗਈ ਹੈ। ਮੋਟੇ ਹਿਸਾਬ ਨਾਲ 23 ਹਜ਼ਾਰ ਨਵੇਂ ਨਸ਼ੇੜੀ ਤੋਟ ਦੇ ਭੰਨੇ ਓਟ ਕੇਂਦਰਾਂ ਦੇ ਲੜ ਲੱਗੇ ਹਨ। ਸਰਕਾਰ ਤਰਫ਼ੋਂ ਅੌਸਤਨ ਹਰ ਨਸ਼ੇੜੀ ਨੂੰ ਪ੍ਰਤੀ ਦਿਨ ਲਈ ਦੋ ਤੋਂ ਤਿੰਨ ਗੋਲੀਆਂ (ਬੁਪਰੀਨੌਰਫਿਨ) ਦਿੱਤੀਆਂ ਜਾਂਦੀਆਂ ਹਨ। ਇਸ ਲਿਹਾਜ਼ ਨਾਲ ਪੰਜਾਬ ਭਰ ’ਚ ਰੋਜ਼ਾਨਾ ਅੌਸਤਨ 10.93 ਲੱਖ ਗੋਲੀਆਂ ਦੀ ਖਪਤ ਹੋ ਰਹੀ ਹੈ। ਅੌਸਤਨ ਪ੍ਰਤੀ ਘੰਟਾ 91 ਹਜ਼ਾਰ ਗੋਲੀ ਇਹ ਨਸ਼ੇੜੀ ਇਲਾਜ ਵਜੋਂ ਖਾ ਰਹੇ ਹਨ। ਪੰਜਾਬ ਸਰਕਾਰ ਇਨ੍ਹਾਂ ਨਸ਼ੇੜੀਆਂ ਦੀ ਦਵਾਈ ’ਤੇ ਰੋਜ਼ਾਨਾ ਅੌਸਤਨ 65 ਲੱਖ ਰੁਪਏ ਖਰਚ ਕਰ ਰਹੀ ਹੈ।
             ਪੰਜਾਬ ਸਰਕਾਰ ਦੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ 198 ਓਟ ਕਲੀਨਿਕ, 35 ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ 108 ਪ੍ਰਾਈਵੇਟ ਲਾਇਸੈਂਸਸੁਦਾ ਨਸ਼ਾ ਛੁਡਾਊ ਕੇਂਦਰ ਚੱਲ ਰਹੇ ਹਨ। ਲੌਕਡਾਊਨ ਤੋਂ ਪਹਿਲਾਂ ਓਟ ਕੇਂਦਰਾਂ ਵਿਚ ਖੁਦ ਨਸ਼ੇੜੀ ਪੁੱਜਦੇ ਸਨ ਅਤੇ ਡਾਕਟਰ ਦੀ ਹਾਜ਼ਰੀ ਵਿਚ ਗੋਲੀ ਪੀਸ ਕੇ ਮੌਕੇ ’ਤੇ ਖੁਆਈ ਜਾਂਦੀ ਸੀ। ਹੁਣ ਕਰਫਿਊ ਮਗਰੋਂ ਓਟ ਕੇਂਦਰਾਂ ਚੋਂ ਹਰ ਨਸ਼ੇੜੀ ਨੂੰ 14 ਦਿਨ ਦੀਆਂ ਗੋਲੀਆਂ ਦੇ ਦਿੱਤੀਆਂ ਜਾਂਦੀਆਂ ਹਨ। ਇਸੇ ਹਫਤੇ ਤੋਂ ਹੁਣ 21 ਦਿਨਾਂ ਦੀਆਂ ਗੋਲੀਆਂ ਮਿਲਣ ਲੱਗੀਆਂ ਹਨ। ਕਰਫਿਊ ਹੋਣ ਕਰਕੇ ਦਿਨ ਚੜ੍ਹਦੇ ਹੀ ਪਿੰਡਾਂ ਦੇ ਅਮਲੀ ਓਟ ਕੇਂਦਰਾਂ ਵਿਚ ਪੁੱਜ ਜਾਂਦੇ ਹਨ। ਹਾਲਾਂਕਿ ਸਮਾਜਿਕ ਦੂਰੀ ਬਣਾਈ ਰੱਖਣ ਦੀ ਹਦਾਇਤ ਕੀਤੀ ਹੋਈ ਹੈ ਪ੍ਰੰਤੂ ਨਸ਼ੇ ਦੇ ਭੰਨੇ ਅਮਲੇ ਕਰੋਨਾ ਵਾਇਰਸ ਤੋਂ ਵੀ ਭੈਅ ਨਹੀਂ ਖਾਂਦੇ ਹਨ। ਮਾਲਵੇ ਦੇ 14 ਜ਼ਿਲ੍ਹਿਆਂ ਵਿਚ ਤਾਲਾਬੰਦੀ ਦੌਰਾਨ 17,256 (74 ਫੀਸਦੀ) ਨਵੇਂ ਨਸ਼ੇੜੀ ਇਲਾਜ ਲਈ ਓਟ ਕੇਂਦਰਾਂ ’ਤੇ ਪੁੱਜੇ ਹਨ। ਕਣਕ ਦੀ ਵਾਢੀ ਵੀ ਹੁਣ ਸ਼ੁਰੂ ਹੋ ਗਈ ਹੈ ਜਿਸ ਕਰਕੇ ਆਉਂਦੇ ਦਿਨਾਂ ਵਿਚ ਨਸ਼ੇੜੀਆਂ ਦੀ ਮੰਗ ਹੋਰ ਵਧ ਜਾਣੀ ਹੈ। ਪਿੰਡਾਂ ਵਿਚ ਪੰਚਾਇਤਾਂ ਵੱਲੋਂ ਲਗਾਏ ਨਾਕੇ ਵੀ ਇਨ੍ਹਾਂ ਨਸ਼ੇੜੀਆਂ ਦੇ ਰਾਹ ਰੋਕਣ ਦਾ ਸਬੱਬ ਬਣੇ। ਆਖਰ ਇਹ ਓਟ ਕੇਂਦਰਾਂ ਵਿਚ ਪੁੱਜਣ ਵਿਚ ਹੀ ਭਲਾਈ ਸਮਝਣ ਲੱਗੇ। ਸਿਹਤ ਵਿਭਾਗ ਪੰਜਾਬ ਤਰਫ਼ੋਂ ਇਹ ਦਵਾਈ ਬਿਲਕੁਲ ਮੁਫ਼ਤ ਦਿੱਤੀ ਜਾ ਰਹੀ ਹੈ। ਸੂਤਰ ਦੱਸਦੇ ਹਨ ਕਿ ਕਈ ਸ਼ਹਿਰਾਂ ਵਿਚ ਪ੍ਰਾਈਵੇਟ ਡਾਕਟਰ ਨਸ਼ੇੜੀਆਂ ਦੀ ਲੁੱਟ ਵੀ ਕਰ ਰਹੇ ਹਨ।
        ਸ਼ਿਕਾਇਤਾਂ ਇਹ ਵੀ ਹਨ ਕਿ ਬਹੁਤੇ ਨਸ਼ੇੜੀ ਇਸ ਮਾਮਲੇ ਵਿਚ ਵੀ ਜੁਗਾੜ ਲਾ ਰਹੇ ਹਨ ਅਤੇ ਜਾਅਲੀ ਨਸ਼ੇੜੀ ਖੜ੍ਹੇ ਕਰਕੇ ਗੋਲੀਆਂ ਦੀ ਮਾਤਰਾ ਜਿਆਦਾ ਹਾਸਲ ਕਰ ਲੈਂਦੇ ਹਨ ਅਤੇ ਮਗਰੋਂ ਪਿੰਡਾਂ ਵਿਚ ਵੇਚ ਦਿੰਦੇ ਹਨ। ਵੱਧ ਗੋਲੀਆਂ ਹਾਸਲ ਕਰਨ ਵਾਸਤੇ ਓਟ ਕੇਂਦਰਾਂ ਵਿਚ ਇਹ ਨਸ਼ੇੜੀ ਆਪਣੀ ਨਸ਼ੇ ਦੀ ਸਮਰੱਥਾ ਵੀ ਵਧਾ ਚੜ੍ਹਾ ਕੇ ਦੱਸ ਰਹੇ ਹਨ। ਬਹੁਤੇ ਨਸ਼ੇੜੀ ਪਿੰਡਾਂ ਚੋਂ ਟੈਂਪੂ ਵਗੈਰਾ ’ਤੇ ਇਕੱਠੇ ਚੜ ਕੇ ਆਉਂਦੇ ਹਨ। ‘ਚਿੱਟਾ’ ਲੈਣ ਵਾਲਿਆਂ ਦਾ ਸਭ ਤੋਂ ਬੁਰਾ ਹਾਲ ਹੈ ਜੋ ਠੱਗੇ ਵੀ ਜਾ ਰਹੇ ਹਨ। ਵੇਰਵਿਆਂ ਅਨੁਸਾਰ ਤਾਲਾਬੰਦੀ ਦੇ 21 ਦਿਨਾਂ ਦੌਰਾਨ ਸੰਗਰੂਰ ਵਿਚ 1240, ਪਟਿਆਲਾ ਵਿਚ 1433, ਲੁਧਿਆਣਾ ਵਿਚ 2375, ਬਰਨਾਲਾ ਵਿਚ 1604, ਮੋਗਾ ਵਿਚ 1966 ਅਤੇ ਮੁਕਤਸਰ ਵਿਚ 1266,ਅੰਮ੍ਰਿਤਸਰ ’ਚ 709, ਜਲੰਧਰ ਵਿਚ 999 ਅਤੇ ਕਪੂਰਥਲਾ ਵਿਚ 740 ਨਵੇਂ ਨਸ਼ੇੜੀ ਇਲਾਜ ਵਾਸਤੇ ਆਏ ਹਨ। ਦੱਸਦੇ ਹਨ ਕਿ ਓਟ ਕੇਂਦਰਾਂ ’ਚ ਪਹਿਲਾਂ ਰਜਿਸਟਡ ਨਸ਼ੇੜੀਆਂ ਚੋਂ ਕੁਝ ਆਉਣੇ ਬੰਦ ਹੋ ਗਏ ਸਨ ਪ੍ਰੰਤੂ ਹੁਣ ਤਾਲਾਬੰਦੀ ਮਗਰੋਂ ਉਹ ਮੁੜ ਕੇਂਦਰਾਂ ਵਿਚ ਪੁੱਜਣ ਲੱਗੇ ਹਨ।
                                   ਸਪਲਾਈ ਲਾਈਨ ਟੁੱਟੀ : ਸਿੱਧੂ 
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਲੌਕਡਾਊਨ ਨਾਲ ਨਸ਼ਿਆਂ ਦੀ ਸਪਲਾਈ ਲਾਈਨ ਟੁੱਟੀ ਹੈ ਅਤੇ ਪੇਂਡੂ ਨਾਕਾਬੰਦੀ ਨੇ ਵੀ ਨਸ਼ੇੜੀਆਂ ਦੇ ਰਾਹ ਰੋਕੇ ਹਨ। ਉਨ੍ਹਾਂ ਕਿਹਾ ਕਿ 30 ਅਪਰੈਲ ਤੱਕ ਪੰਜਾਬ ਭਰ ’ਚ ਨਸ਼ੇੜੀਆਂ ਦੀ ਨਵੀਂ ਰਜਿਸਟੇ੍ਰਸ਼ਨ ਵਿਚ 40 ਹਜ਼ਾਰ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਚੰਗੀ ਗੱਲ ਹੈ ਕਿ ਨਸ਼ੇੜੀ ਇਲਾਜ ਵਾਲੇ ਪਾਸੇ ਮੁੜੇ ਹਨ ਜਿਨ੍ਹਾਂ ਨੂੰ ਹੁਣ 21 ਦਿਨਾਂ ਦੀ  ਇਕੱਠੀ ਦਵਾਈ ਦੇਣ ਦੀ ਹਦਾਇਤ ਕਰ ਦਿੱਤੀ ਗਈ ਹੈ। ਸਰਕਾਰ ਦੇ ਨਸ਼ਾ ਛੁਡਾਊ ਪ੍ਰੋਗਰਾਮ ਤਹਿਤ ਨਸ਼ੇੜੀਆਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ।
    ਰਜਿਸਟਰਡ ਨਸ਼ੇੜੀਆਂ ਦੀ ਗਿਣਤੀ
     ਜ਼ਿਲ੍ਹਾ      ਗਿਣਤੀ
1.  ਲੁਧਿਆਣਾ 76030
2.   ਮੋਗਾ 34398
3. ਪਟਿਆਲਾ 32933
4. ਮੁਕਤਸਰ 24,825
5. ਬਠਿੰਡਾ 15,531
6. ਤਰਨਤਾਰਨ 27,946
7. ਜਲੰਧਰ     20840
8. ਗੁਰਦਾਸਪੁਰ 16699
9. ਅੰਮ੍ਰਿਤਸਰ 26,909
         

No comments:

Post a Comment