Thursday, April 16, 2020

                        ਕਰੋਨਾ ਦੀ ਮਾਰ 
           ਪੇਂਡੂ ਸੰਭਲੇ, ਸ਼ਹਿਰੀ ਉੱਖੜੇ
                         ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਏਨੇ ਡਰਾਵਣੇ ਨਹੀਂ ਜਾਪਦੇ ਜਿਨਾ ਕਰੋਨਾ ਖ਼ੌਫ ਨੇ ਲੋਕ ਅੰਦਰੋਂ ਹਿਲਾਏ ਹਨ। ਆਲਮੀ ਮਹਾਮਾਰੀ ਤਾਂ ਅਵੇਸਲੇ ਨਾ ਹੋਣ ਦਾ ਹੁੰਗਾਰਾ ਭਰ ਰਹੀ ਹੈ ਪ੍ਰੰਤੂ ਪੰਜਾਬ ਦੀ ਮੌਜੂਦਾ ਸਥਿਤੀ ਫਿਲਹਾਲ ਘਬਰਾਹਟ ਪੈਦਾ ਕਰਨ ਵਾਲੀ ਨਹੀਂ। ਪੰਜਾਬ ’ਚ 17 ਹੌਟਸਪਾਟ ਐਲਾਨੇ ਗਏ ਹਨ ਜਿਥੇ ਕਰੋਨਾ ਦਾ ਖ਼ਤਰਾ ਚੁਣੌਤੀ ਭਰਿਆ ਹੈ। ਦਿਹਾਤੀ ਪੰਜਾਬ ਤਾਂ ਪ੍ਰਕੋਪੀ ਤੋਂ ਦੂਰ ਜਾਪਦਾ ਹੈ ਪ੍ਰੰਤੂ ਸ਼ਹਿਰੀ ਲੋਕ ਉਖੜੇ ਹੋਏ ਹਨ।ਪੰਜਾਬੀ ਟ੍ਰਿਬਿਊਨ ਤਰਫ਼ੋਂ ਕਰੋਨਾ ਦੇ ਤੱਥਾਂ ਨੂੰ ਵਾਚਿਆ ਗਿਆ ਸਾਹਮਣੇ ਆਇਆ ਕਿ ਪੰਜਾਬ ਵਿਚ ਕਰੀਬ 13 ਹਜ਼ਾਰ ਪਿੰਡ ਪੈਂਦੇ ਹਨ ਜਿਨ੍ਹਾਂ ਚੋਂ ਸਿਰਫ਼ 23 ਪਿੰਡ (0.17 ਫ਼ੀਸਦੀ) ਕਰੋਨਾ ਤੋਂ ਫਿਲਹਾਲ ਪ੍ਰਭਾਵਿਤ ਹੋਏ ਹਨ। ਇਨ੍ਹਾਂ ’ਚ ਕਰੋਨਾ ਪਾਜ਼ੇਟਿਵ ਕੇਸ ਪਾਏ ਗਏ ਜਾਂ ਫਿਰ ਮੌਤਾਂ ਹੋਈਆਂ। ਮੁਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ’ਤੇ ਹੈ ਜਿਥੇ 38 ਪਾਜ਼ੇਟਿਵ ਕੇਸ ਹਨ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ’ਤੇ ਆਉਂਦਾ ਹੈ ਜਿਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਨਾਲ ਪੰਜਾਬ ਹਿਲ ਗਿਆ ਸੀ। ਪੰਜਾਬ ਦੇ ਕੁੱਲ 148 ਬਲਾਕ ਹਨ ਜਿਨ੍ਹਾਂ ਚੋਂ ਕਰੋਨਾ ਕੇਸ ਸਿਰਫ 20 ਬਲਾਕਾਂ (13.51 ਫ਼ੀਸਦੀ) ’ਚ ਟਾਵੇਂ ਵੇਖੇ ਗਏ ਹਨ। ਦਿਹਾਤੀ ਪੰਜਾਬ ਦੀ ਆਬਾਦੀ ਕਰੀਬ 2 ਕਰੋੜ (ਪ੍ਰੋਜੈਕਟਡ) ਹੈ ਜਿਸ ਚੋਂ 23 ਪਿੰਡਾਂ ਦੀ ਕਰੀਬ ਡੇਢ ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਇਸੇ ਤਰ੍ਹਾਂ ਪੰਜਾਬ ਦੇ 161 ਟਾਊਨ ਹਨ ਜਿਨ੍ਹਾਂ ਚੋਂ ਕਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਵਾਲੇ 13 ਸ਼ਹਿਰ (8.07 ਫ਼ੀਸਦੀ) ਹਨ। ਪੰਜਾਬ ਦੀ ਪ੍ਰੋਜੈਕਟਡ ਮੌਜੂਦਾ ਕੁੱਲ ਆਬਾਦੀ 3.12 ਕਰੋੜ ਦੱਸੀ ਜਾ ਰਹੀ ਹੈ।
                 ਆਬਾਦੀ ਦੇ ਲਿਹਾਜ਼ ਨਾਲ ਵੇਖੀਏ ਤਾਂ ਅੌਸਤਨ ਛੇ ਹਜ਼ਾਰ ਦੀ ਆਬਾਦੀ ਪਿਛੇ ਕਰੋਨਾ ਦਾ ਇੱਕ ਸ਼ੱਕੀ ਕੇਸ ਬਣਦਾ ਹੈ। ਪੰਜਾਬ ’ਚ ਹੁਣ ਤੱਕ 5193 ਸ਼ੱਕੀ ਕੇਸ ਹਨ ਅਤੇ 186 ਕੇਸ ਪਾਜ਼ੇਟਿਵ ਹਨ। 13 ਮੌਤਾਂ ਵੀ ਹੋਈਆਂ ਹਨ। ਪੰਜਾਬ ਦੇ ਚਾਰ ਜ਼ਿਲ੍ਹੇ ਬਠਿੰਡਾ, ਫਾਜ਼ਿਲਕਾ, ਫਿਰੋਜ਼ਪੁਰ ਅਤੇ ਤਰਨਤਾਰਨ ਹਾਲੇ ਤੱਕ ਇਸ ਅਲਾਮਤ ਤੋਂ ਬਚੇ ਹਨ। ਇਨ੍ਹਾਂ ਚਾਰੋਂ ਜ਼ਿਲ੍ਹਿਆਂ ਦੇ 2135 ਪਿੰਡ ਪੂਰੀ ਤਰ੍ਹਾਂ ਫਿਲਹਾਲ ਇਸ ਲਾਗ ਤੋਂ ਦੂਰ ਹਨ। ਇਵੇਂ ਹੀ ਜ਼ਿਲ੍ਹਾ ਮਾਨਸਾ,ਫਰੀਦਕੋਟ,ਮੁਕਤਸਰ ਅਤੇ ਅੰਮ੍ਰਿਤਸਰ ਦੇ 1657 ਪਿੰਡਾਂ ’ਚ ਕੋਈ ਪਾਜ਼ੇਟਿਵ ਕੇਸ ਨਹੀਂ ਆਇਆ ਹੈ ਜਦੋਂ ਇਨ੍ਹਾਂ ਜ਼ਿਲ੍ਹਿਆਂ ਦੇ ਪੰਜ ਸ਼ਹਿਰਾਂ ਵਿਚ ਪਾਜ਼ੇਟਿਵ ਕੇਸ ਪਾਏ ਗਏ ਹਨ। ਭਾਵੇਂ ਕਰੋਨਾ ਨੂੰ ਹਲਕੇ ਵਿਚ ਲੈਣ ਦਾ ਸਮਾਂ ਨਹੀਂ ਹੈ ਪ੍ਰੰਤੂ ਲੋਕ ਅੰਦਰੋਂ ਏਨੀ ਬੁਰੀ ਤਰ੍ਹਾਂ ਹੱਲੇ ਹੋਏ ਹਨ ਕਿ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਦਾ ਸੱਚ ਇਹ ਵੀ ਹੈ ਕਿ ਜਦੋਂ ਇੱਥੇ ਟੈਸਟਿੰਗ ਦੀ ਪੂਰੀ ਸੁਵਿਧਾ ਹੀ ਨਹੀਂ ਤਾਂ ਕੋਈ ਟੇਵਾ ਲਾਉਣਾ ਵੀ ਅੌਖਾ ਹੈ। ਨਵਾਂ ਸ਼ਹਿਰ ਦੇ ਪਿੰਡ ਪਠਲਾਵਾ ਅਤੇ ਸੁੱਜੋਂ ਦੇ 19 ਕੇਸ ਪਾਜ਼ੇਟਿਵ ਸਨ ਜਿਨ੍ਹਾਂ ਚੋਂ 16 ਜਣੇ ਠੀਕ ਹੋ ਕੇ ਘਰ ਚਲੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਮੋਰਾਂਵਾਲੀ ਅਤੇ ਪੈਸਰਾਂ ਵਿਚ ਸੱਤ ਕੇਸ ਪਾਜ਼ੇਟਿਵ ਪਾਏ ਗਏ। ਰੋਪੜ ਦੇ ਪਿੰਡ ਚਤਾਮਲੀ ਵਿਚ ਤਿੰਨ ਕੇਸ ਪਾਜ਼ੇਟਿਵ ਸਨ ਅਤੇ ਇਵੇਂ ਹੀ ਲੁਧਿਆਣਾ ਦੇ ਪਿੰਡ ਚੌਕੀਮਾਨ ਵਿਚ ਚਾਚਾ ਭਤੀਜਾ ਪਾਜ਼ੇਟਿਵ ਆਏ ਹਨ। ਜਲੰਧਰ ਦੇ ਪਿੰਡ ਵਿਰਕ ਅਤੇ ਕੋਟਲਾ ਹੇਰਾਂ ’ਚ ਵੀ ਅਲਾਮਤ ਨੇ ਰੰਗ ਦਿਖਾਇਆ ਹੈ।
                ਪਠਾਨਕੋਟ ਦੇ ਪਿੰਡ ਤਰੋਟਵਾਂ ਅਤੇ ਬਗਿਆਲ ਲਪੇਟ ਵਿਚ ਆਏ ਹਨ ਅਤੇ ਸੰਗਰੂਰ ਦੇ ਪਿੰਡ ਘੱਗੜਪੁਰ ਅਤੇ ਦਹਿਲੀਜ਼ ਕਲਾਂ ਦੀ ਦੇਹਲੀ ਵਾਇਰਸ ਟੱਪਿਆ ਹੈ। ਫਤਹਿਗੜ੍ਹ ਸਾਹਿਬ ਦਾ ਪਿੰਡ ਮਨੇਲੀ ਵੀ ਇਸੇ ਕਤਾਰ ਵਿਚ ਖੜ੍ਹਾ ਹੋਇਆ ਹੈ। ਬਰਨਾਲਾ ਦੇ ਪਿੰਡ ਮਹਿਲ ਕਲਾਂ ਦੀ ਅੌਰਤ ਦੀ ਇਸੇ ਬਿਮਾਰੀ ਨਾਲ ਮੌਤ ਹੋਈ ਹੈ। ਸ਼ਹਿਰਾਂ ’ਤੇ ਨਜ਼ਰ ਮਾਰੀਏ ਤਾਂ ਮੁਹਾਲੀ, ਜਲੰਧਰ, ਅੰਮ੍ਰਿਤਸਰ, ਬੁਢਲਾਡਾ,ਪਠਾਨਕੋਟ,ਲੁਧਿਆਣਾ,ਫਰੀਦਕੋਟ,ਪਟਿਆਲਾ ਨੂੰ ਵਾਇਰਸ ਨੇ ਸਿੱਧੀ ਸੱਟ ਮਾਰੀ ਹੈ। ਸਮਾਜਿਕ ਕਾਰਕੁਨ ਡਾ. ਅਮਰਜੀਤ ਸਿੰਘ ਮਾਨ (ਸੰਗਰੂਰ) ਆਖਦੇ ਹਨ ਕਿ ਪੰਜਾਬ ਦੇ ਲੋਕ ਜਿਥੇ ਕਰੋਨਾ ਤੋਂ ਡਰੇ ਹਨ, ਉਥੇ ਗੈਰ ਭਰੋਸਗੀ ਕਰਕੇ ਸਰਕਾਰੀ ਪ੍ਰਬੰਧਾਂ ਤੋਂ ਵੱਧ ਖ਼ੌਫ ਵਿਚ ਹਨ। ਉਨ੍ਹਾਂ ਆਖਿਆ ਕਿ ਲੋਕ ਸੋਚਦੇ ਹਨ ਕਿ ਅਗਰ ਤਾਕਤਵਾਰ ਮੁਲਕ ਸੰਭਲ ਨਹੀਂ ਸਕੇ ਤਾਂ ਭਾਰਤ ਦੇ ਵਸ ਦਾ ਰੋਗ ਕਿਥੇ ਹੈ।ਮੋਟਾ ਅੰਦਾਜ਼ਾ ਹੈ ਕਿ ਦਿਹਾਤੀ ਪੰਜਾਬ ਦਾ ਵੱਡਾ ਹਿੱਸਾ ਕਰੋਨਾ ਤੋਂ ਦੂਰ ਹੈ। ਜਦੋਂ ਬਾਕੀ ਆਲਮ ਦੀ ਤਰ੍ਹਾਂ ਪੰਜਾਬ ਵੀ ਇਸ ਵਾਇਰਸ ਦੀ ਜਕੜ ਵਿਚ ਹੈ ਤਾਂ ਇਸ ਮੌਕੇ ਪ੍ਰਾਈਵੇਟ ਡਾਕਟਰਾਂ ਦਾ ਛੁਪ ਜਾਣਾ ਵੀ ਆਮ ਲੋਕਾਂ ਵਿਚ ਰੋਹ ਪੈਦਾ ਕਰ ਰਿਹਾ ਹੈ। ਚਰਚੇ ਇਹ ਵੀ ਹਨ ਕਿ ਆਉਂਦੇ ਦਿਨਾਂ ਵਿਚ ਇਸ ਵਾਇਰਸ ਦਾ ਭਿਆਨਕ ਰੂਪ ਸਾਹਮਣੇ ਆ ਸਕਦਾ ਹੈ। ਹਾੜੀ ਦੀ ਫਸਲ ਵੀ ਹੁਣ ਮੰਡੀਆਂ ਵਿਚ ਆਉਣੀ ਸ਼ੁਰੂ ਹੋ ਗਈ ਹੈ। ਇਸ ਘੜੀ ’ਚ ਕਰੋਨਾ ਵਾਇਰਸ ਨੇ ਪੰਜਾਬ ਦੇ ਸਿਹਤ ਪ੍ਰਬੰਧਾਂ ਨੂੰ ਵੀ ਉਜਾਗਰ ਕਰ ਦਿੱਤਾ ਹੈ। ਆਫਤ ਸਿਰ ਖੜ੍ਹੀ ਹੈ ਅਤੇ ਮੁਢਲੇ ਇੰਤਜ਼ਾਮਾਂ ਲਈ ਹੱਥ ਪੈਰ ਮਾਰੇ ਜਾ ਰਹੇ ਹਨ।
                           ਅਵੇਸਲੇ ਹੋਣ ਦਾ ਸਮਾਂ ਨਹੀਂ : ਮੰਤਰੀ
ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਆਖਦੇ ਹਨ ਕਿ ਕਰਫਿਊ ਕਰਕੇ ਪੰਜਾਬ ਹਾਲੇ ਥੋੜਾ ਬਚਿਆ ਹੈ ਅਤੇ ਪੇਂਡੂ ਨਾਕਾਬੰਦੀ ਵੀ ਸਹਿਯੋਗੀ ਬਣੀ ਹੈ। ਵਿਸ਼ਵੀ ਆਫਤ ਕਰਕੇ ਲੋਕ ਜਾਗਰੂਕ ਹੋਏ ਹਨ। ਪੰਜਾਬੀ ਖੁਦ ਵੀ ਸੰਭਲੇ ਹਨ ਅਤੇ ਸਰਕਾਰ ਨੇ ਵੀ ਵੇਲਾ ਸੰਭਾਲਿਆ ਹੈ। 10 ਲੱਖ ਰੈਪਿਡ ਟੈਸਟ ਕਿੱਟਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਨਾਲ ਟੈਸਟਿੰਗ ਦਾ ਕੰਮ ਸਪੀਡੀ ਹੋਵੇਗਾ ਅਤੇ 17 ਹੌਟਸਪੌਟ ’ਤੇ ਵੀ ਬਾਰੀਕੀ ਨਾਲ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਚੌਕਸ ਰਹਿ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਦਾ ਸਮਾਂ ਹੈ। ਬਹੁਤਾ ਅਵੇਸਲੇ ਹੋਣ ਦਾ ਵਕਤ ਨਹੀਂ। ‘ਸਿਦਕ’ ਫੋਰਮ ਦੇ ਸਾਧੂ ਰਾਮ ਕੁਸਲਾ ਆਖਦੇ ਹਨ ਕਿ ਮੁੱਖ ਮੰਤਰੀ ਨੇ ਦੋ ਦਿਨ ਪਹਿਲਾਂ ਕਰੋਨਾ ਦੇ ਪਸਾਰ ਬਾਰੇ ਭਵਿੱਖਬਾਣੀ ਕਰਕੇ ਲੋਕਾਂ ਨੂੰ ਡਰਾ ਦਿੱਤਾ ਹੈ। ਲੋੜ ਲੋਕਾਂ ਨੂੰ ਚੇਤੰਨ ਕਰਨ ਦੀ ਹੈ, ਨਾ ਕਿ ਹਊਆ ਪੈਦਾ ਕਰਨ ਦੀ।
   

No comments:

Post a Comment