Friday, April 3, 2020

                         ਵਕਤ ਦੀ ਮਾਰ
       ਰੁਲਣ ਲੱਗੀ ਗਰੀਬਾਂ ਦੀ ਮਿੱਟੀ..!
                         ਚਰਨਜੀਤ ਭੁੱਲਰ
ਚੰਡੀਗੜ੍ਹ : ਕਰੋਨਾ ਮਹਾਮਾਰੀ ਤੇ ਪੰਜਾਬ ਤਾਲਾਬੰਦੀ ਨੇ ਸੂਬੇ ਦੇ ਗਰੀਬ ਪਰਿਵਾਰ ਏਨੇ ਝੰਬ ਦਿੱਤੇ ਹਨ ਕਿ ਉਨ੍ਹਾਂ ਨੂੰ ਮੋਇਆ ਦੀ ਮਿੱਟੀ ਸਮੇਟਣੀ ਅੌਖੀ ਹੋ ਗਈ ਹੈ। ਗਰੀਬ ਘਰਾਂ ’ਚ ਕਫ਼ਨ ਖਰੀਦਣ ਤੇ ਸਸਕਾਰ ਜੋਗੀ ਪਹੁੰਚ ਵੀ ਨਹੀਂ ਬਚੀ। ਅੌਖ ਦੀ ਇਸ ਘੜੀ ’ਚ ਦਾਨੀ ਸੱਜਣ ਸਹਾਰਾ ਬਣ ਰਹੇ ਹਨ। ਕਰੋਨਾ ਮਗਰੋਂ ਕਰਫਿਊ ਨੇ ਦਿਹਾੜੀਦਾਰ ਲੋਕਾਂ ਦੇ ਸਭ ਵਸੀਲੇ ਖੋਹ ਲਏ ਹਨ। ਮੋਟੇ ਅੰਦਾਜ਼ੇ ਅਨੁਸਾਰ ਪੰਜਾਬ ਵਿਚ ਲੰਘੇ ਹਫਤੇ ਦੌਰਾਨ ਸੈਂਕੜੇ ਸਸਕਾਰ ਸਮਾਜੀ ਸੇਵੀ ਲੋਕਾਂ ਦੀ ਮਦਦ ਨਾਲ ਸੰਭਵ ਹੋਏ ਹਨ ਜੋ ਕੁਦਰਤੀ ਤੌਰ ’ਤੇ ਫ਼ੌਤ ਹੋਏ। ਬੁਢਲਾਡਾ ਦਾ ਵਕੀਲ ਰਾਮ ਜ਼ਿੰਦਗੀ ਭਰ ਕੈਂਸਰ ਨਾਲ ਲੜਿਆ। ਦਲਿਤ ਬਸਤੀ ਦੇ ਇਸ ਬਾਸ਼ਿੰਦੇ ਨੂੰ ਇਲਾਜ ਲਈ ਬੂਹੇ ਖੜਕਾਉਣੇ ਪਏ। ਆਖਰ ਦੋ ਦਿਨ ਪਹਿਲਾਂ ਉਹ ਕੈਂਸਰ ਨੇ ਸਦਾ ਲਈ ਸੁਆ ਦਿੱਤਾ। ਮੌਤ ਮਗਰੋਂ ਜਦੋਂ ਪਰਿਵਾਰ ਸਸਕਾਰ ਦਾ ਕੋਈ ਵਸੀਲਾ ਕਰਨ ਤੋਂ ਬੇਵੱਸ ਹੋ ਗਿਆ ਤਾਂ ਗੁਆਂਢੀਆਂ ਨੇ ‘ਨੇਕੀ ਫਾਊਡੇਸ਼ਨ’ ਨੂੰ ਫੋਨ ਖੜਕਾ ਦਿੱਤਾ। ਆਖਰ ਇਸ ਫਾਊਡੇਸ਼ਨ ਦੇ ਵਲੰਟੀਅਰਾਂ ਨੇ ਸਸਕਾਰ ਵਾਸਤੇ ਸਮੱਗਰੀ ਅਤੇ ਲੱਕੜਾਂ ਦਾ ਪ੍ਰਬੰਧ ਕੀਤਾ।
               ਇਵੇਂ ਪਿੰਡ ਕੁੱਤੀਵਾਲ ਖੁਰਦ (ਮੌੜ ਮੰਡੀ)ਦਾ ਮਜ਼ਦੂਰ ਵਲੈਤੀ ਦਿਲ ਦਾ ਦੌਰਾ ਪੈਣ ਕਰਕੇ ਜ਼ਿੰਦਗੀ ਤੋਂ ਹੱਥ ਧੋ ਬੈਠਾ। ਪਤਨੀ ਵੀ ਸੁੱਧ ਬੁੱਧ ਖੋਹ ਬੈਠੀ। ਮੌਤ ਮਗਰੋਂ ਪਰਿਵਾਰ ਦੇ ਹੱਥ ਖਾਲੀ ਸਨ।ਮਹਿਲਾ ਸਰਪੰਚ ਭੁਪਿੰਦਰ ਕੌਰ ਨੇ ਦੱਸਿਆ ਕਿ ਆਖਰ ਮੁਹੱਲਾ ਵਾਸੀਆਂ ਨੇ ਪੈਸੇ ਇਕੱਠੇ ਕਰਕੇ ਸਸਕਾਰ ਦਾ ਪ੍ਰਬੰਧ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਤਰਫ਼ੋਂ ਹੀ ਭੋਗ ਦੀ ਰਸਮ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਬਰਨਾਲਾ ਸ਼ਹਿਰ ਦੇ ਮੁੱਖ ਸ਼ਮਸ਼ਾਨਘਾਟ ਵਿਚ ਲੰਘੇ ਇੱਕ ਹਫਤੇ ਵਿਚ ਦਰਜਨ ਸਸਕਾਰ ਹੋਏ ਹਨ ਜਿਨ੍ਹਾਂ ਚੋਂ ਚਾਰ ਵਿਅਕਤੀ ਗਰੀਬ ਪਰਿਵਾਰਾਂ ਨਾਲ ਤਅੱਲਕ ਰੱਖਦੇ ਸਨ। ਇਨ੍ਹਾਂ ਚਾਰਾਂ ਦਾ ਸਸਕਾਰ ਸਮਾਜ ਸੇਵੀ ਸੱਜਣਾਂ ਨੇ ਕੀਤਾ ਹੈ। ਇਨ੍ਹਾਂ ’ਚ ਤਿੰਨ ਅੌਰਤਾਂ ਵੀ ਸ਼ਾਮਿਲ ਹਨ।ਮੋਗਾ ਦੇ ਐਡਵੋਕੇਟ ਦਿਨੇਸ਼ ਕੁਮਾਰ ਵਰ੍ਹਿਆਂ ਤੋਂ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਦੇ ਆ ਰਹੇ ਹਨ। ਉਨ੍ਹਾਂ ਨੇ ਹੁਣ ਐਲਾਨ ਕੀਤਾ ਹੈ ਕਿ ਅਗਰ ਕਰਫਿਊ ਦੌਰਾਨ ਕਿਸੇ ਨੂੰ ਸਸਕਾਰ ਦੀ ਮੁਸ਼ਕਲ ਬਣਦੀ ਹੈ ਤਾਂ ਉਹ ਸਸਕਾਰ ਵਾਸਤੇ ਲੱਕੜਾਂ ਵਗੈਰਾ ਦਾ ਪ੍ਰਬੰਧ ਕਰਨਗੇ।
              ਮੁਕਤਸਰ ’ਚ ਇੱਕ ਰੇਹੜੀ ਵਾਲੇ ਦੀ ਮ੍ਰਿਤਕ ਦੇਹ ਨੂੰ ਸਿਰਫ਼ ਗੁਰਬਤ ਕਰਕੇ ਰੁਲਣਾ ਪਿਆ। ਇਹ ਵਿਅਕਤੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਅਤੇ ਉਸ ਦੀ ਪਤਨੀ ਦਾ ਸਾਰਾ ਪੈਸਾ ਇਲਾਜ ’ਤੇ ਚਲਾ ਗਿਆ। ਜਦੋਂ ਉਹ ਮੁਕਤਸਰ ਦੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹ ਲੈ ਕੇ ਗਈ ਤਾਂ ਉਸ ਤੋਂ 2400 ਰੁਪਏ ਮੰਗ ਲਏ। ਦੱਸਦੇ ਹਨ ਕਿ ਪੈਸੇ ਨਾ ਹੋਣ ਕਰਕੇ ਉਹ ਦੂਸਰੇ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹ ਲੈ ਗਈ ਜਿਥੇ ਸਮਾਜ ਸੇਵੀ ਲੋਕਾਂ ਨੇ ਸਸਕਾਰ ਕਰਕੇ ਇਸ ਗਰੀਬ ਅੌਰਤ ਨੂੰ ਆਖਰੀ ਮੌਕੇ ਢਾਰਸ ਦਿੱਤੀ। ਦੱਸਣਯੋਗ ਹੈ ਕਿ ਫਿਰੋਜ਼ਪੁਰ ਵਿਚ ਵੀ ਕਰੋਨਾ ਦੇ ਇੱਕ ਸ਼ੱਕੀ ਮਰੀਜ਼ ਕਰਕੇ ਲੋਕਾਂ ਨੇ ਸ਼ਮਸ਼ਾਨਘਾਟ ਵਿਚ ਸਸਕਾਰ ਨਹੀਂ ਕਰਨ ਦਿੱਤਾ ਸੀ। ਇਸ ਤਰ੍ਹਾਂ ਦਾ ਸੰਕਟ ਸਭ ਪਾਸੇ ਹੀ ਹੈ। ਮੋਹਾਲੀ ਵਿਚ ਇੱਕ ਝੁੱਗੀ ਵਾਲੇ ਵਿਅਕਤੀ ਦਾ ਸਸਕਾਰ ਵੀ ਉਧਾਰ ਲੱਕੜਾਂ ਮੰਗ ਕੇ ਕਰਨਾ ਪਿਆ ਸੀ। ਜਿਥੇ ਕਰੋਨਾ ਕਾਰਨ ਮੌਤ ਦੇ ਮੂੰਹ ਵਿਚ ਗਏ ਮਰੀਜ਼ਾਂ ਦਾ ਸਸਕਾਰ ਵਿਚ ਮੁਸ਼ਕਲਾਂ ਖੜੀਆਂ ਹਨ, ਉਥੇ ਗਰੀਬ ਲੋਕਾਂ ਨੂੰ ਕੁਦਰਤੀ ਮੌਤਾਂ ਵੀ ਦੁੱਖ ਵੰਡ ਰਹੀਆਂ ਹਨ।
                                   ਸਸਕਾਰ ਬਾਰੇ ਕੇਂਦਰੀ ਹਦਾਇਤਾਂ
ਕੇਂਦਰ ਸਰਕਾਰ ਨੇ ਕਰੋਨਾ ਨਾਲ ਹੋਈਆਂ ਮੌਤਾਂ ਦੇ ਸਸਕਾਰ ਬਾਰੇ ਵੀ ਬਕਾਇਦਾ ਅਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਮ੍ਰਿਤਕ ਦੀਆਂ ਆਖਰੀ ਧਾਰਮਿਕ ਰਸਮਾਂ ਮੌਕੇ ਮ੍ਰਿਤਕ ਦੇ ਸਰੀਰ ਨੂੰ ਛੂਹਣ ਦੀ ਪੂਰੀ ਤਰ੍ਹਾਂ ਮਨਾਹੀ ਕੀਤੀ ਗਈ ਹੈ। ਇਹ ਵੀ ਸਪੱਸ਼ਟ ਕੀਤਾ ਹੈ ਕਿ ਸਸਕਾਰ ਮਗਰੋਂ ਮ੍ਰਿਤਕ ਦੀ ਸੁਆਹ ਕਿਸੇ ਤਰ੍ਹਾਂ ਖਤਰਨਾਕ ਨਹੀਂ ਹੈ। ਮ੍ਰਿਤਕ ਦੇਹ ਨੂੰ ਲਿਜਾਣ ਬਾਰੇ ਵੀ ਹਦਾਇਤਾਂ ਹਨ। ਪੋਸਟ ਮਾਰਟਮ ਤੋਂ ਗੁਰੇਜ਼ ਕਰਨ ਵਾਸਤੇ ਆਖਿਆ ਗਿਆ ਹੈ। ਪੰਜਾਬ ’ਚ ਜੋ ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ, ਉਨ੍ਹਾਂ ਦੇ ਸਸਕਾਰ ਨੂੰ ਲੈ ਕੇ ਕਾਫ਼ੀ ਸੁਆਲ ਉੱਠੇ ਹਨ ਅਤੇ ਆਮ ਲੋਕਾਂ ਵਿਚ ਡਰ ਵੀ ਹੈ।

No comments:

Post a Comment