Friday, April 3, 2020

                         ਸ਼ਰਾਬ ਦੇ ਵਪਾਰੀ
              ਨਾਲੇ ਪੁੰਨ, ਨਾਲੇ ਫਲੀਆਂ
                           ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਸ਼ਰਾਬ ਸਨਅਤਾਂ ਕਰੋਨਾ ਖ਼ਿਲਾਫ਼ ਜੰਗ ’ਚ ਪੁੰਨ ਵੀ ਖੱਟ ਰਹੀਆਂ ਹਨ ਅਤੇ ਇਨ੍ਹਾਂ ਦਾ ਨਾਲੋ ਨਾਲ ਮਸ਼ਹੂਰੀ ਦਾ ਵਾਜਾ ਵੀ ਵੱਜ ਰਿਹਾ ਹੈ। ਸ਼ਰਾਬ ਸਨਅਤਾਂ ਵੱਲੋਂ ਮੁਫ਼ਤ ’ਚ ਸਰਕਾਰ ਨੂੰ ਸੈਨੇਟਾਈਜ਼ਰ ਮੁਹੱਈਆ ਕਰਾਇਆ ਜਾ ਰਿਹਾ ਹੈ। ਕੋਈ ਸ਼ਰਾਬ ਸਨਅਤ ਸੈਨੇਟਾਈਜ਼ਰ ਦੀਆਂ ਸ਼ੀਸ਼ੀਆਂ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫੋਟੋ ਵਾਲੇ ਲੇਬਲ ਚਿਪਕਾ ਕੇ ਸਪਲਾਈ ਦੇ ਰਹੀ ਹੈ। ਜਦੋਂ ਕਿ ਸਾਬਕਾ ਅਕਾਲੀ ਮੰਤਰੀ ਦੀ ਸ਼ਰਾਬ ਸਨਅਤ ਆਪਣੇ ਸ਼ਰਾਬ ਦੇ ਬਰਾਂਡ ਦੇ ਨਾਮ ਹੀ ਸੈਨੇਟਾਈਜ਼ਰ ਦੇ ਲੇਬਲ ਲਾ ਕੇ ਦੇ ਰਹੀ ਹੈ। ਪੰਜਾਬ ਦੀਆਂ ਅੱਧੀ ਦਰਜਨ ਸ਼ਰਾਬ ਫੈਕਟਰੀਆਂ ਵੱਲੋਂ ਸਰਕਾਰੀ ਅਦਾਰਿਆਂ ਨੂੰ ਮੁਫ਼ਤ ਵਿਚ ਸੈਨੇਟਾਈਜ਼ਰ ਸਪਲਾਈ ਕੀਤਾ ਜਾ ਰਿਹਾ ਹੈ। ਉਂਜ ਤਾਂ ਸ਼ਰਾਬ ਉਤਪਾਦਨ ਇਨ੍ਹਾਂ ਸਨਅਤਾਂ ਵਿਚ ਬੰਦ ਹੈ ਪ੍ਰੰਤੂ ਹੁਣ ਅੌਖੀ ਘੜੀ ਵਿਚ ਇਹ ਸਨਅਤਾਂ ਵੀ ਸਰਕਾਰ ਦਾ ਮੋਢਾ ਬਣੀਆਂ ਹਨ। ਸਰਕਾਰੀ ਹਸਪਤਾਲਾਂ, ਮੈਡੀਕਲ ਕਾਲਜਾਂ, ਜ਼ਿਲ੍ਹਾ ਪ੍ਰਸ਼ਾਸਨ, ਐਸ.ਐਸ.ਪੀ ਦਫ਼ਤਰਾਂ ਤੇ ਪੁਲੀਸ ਨੂੰ ਇਹ ਸੈਨੇਟਾਈਜ਼ਰ ਸਪਲਾਈ ਦਿੱਤਾ ਜਾ ਰਹੀ ਹੈ। ਕਰੀਬ 50 ਹਜ਼ਾਰ ਲੀਟਰ ਸੈਨੇਟਾਈਜ਼ਰ ਇਨ੍ਹਾਂ ਸ਼ਰਾਬ ਸਨਅਤਾਂ ਵੱਲੋਂ ਦਿੱਤਾ ਜਾਣਾ ਹੈ। ਸਰਕਾਰ ਨੂੰ ਇਸ ਨਾਲ ਥੋੜੀ ਰਾਹਤ ਵੀ ਮਿਲੀ ਹੈ ਪ੍ਰੰਤੂ ਇਸ ਪੁੰਨ ਦੇ ਕੰਮ ’ਚ ਸ਼ਰਾਬ ਸਨਅਤਾਂ ਮਸ਼ਹੂਰੀ ਦਾ ਢੋਲ ਵੀ ਵਜਾ ਗਈਆਂ ਹਨ।
        ਐਨ.ਵੀ ਡਿਸਟਿਲਰੀ ਵੱਲੋਂ ਵੀ ਸਰਕਾਰ ਨੂੰ ਮੁਫ਼ਤ ’ਚ ਸੈਨੇਟਾਈਜ਼ਰ ਦਿੱਤਾ ਜਾ ਰਿਹਾ ਹੈ। ਇਸ ਸ਼ਰਾਬ ਸਨਅਤ ਵੱਲੋਂ ਜੋ 200 ਐਮ.ਐਲ ਦੀ ਸਪਲਾਈ ਦਿੱਤੀ ਜਾ ਰਹੀ ਹੈ, ਉਸ ਹਰ ਸ਼ੀਸ਼ੀ ’ਤੇ ਮੁੱਖ ਮੰਤਰੀ ਪੰਜਾਬ ਦੀ ਤਸਵੀਰ ਵਾਲਾ ਸਟਿੱਕਰ ਚਿਪਕਾਇਆ ਗਿਆ ਹੈ। ਭਾਵੇਂ ਸਰਕਾਰ ਇਹ ਮੁਫ਼ਤ ਸੇਵਾ ਲੈ ਰਹੀ ਹੈ ਪ੍ਰੰਤੂ ਸ਼ਰਾਬ ਸਨਅਤ ਪ੍ਰਬੰਧਕ ਇੱਕੋ ਹੱਲੇ ਪੰਜਾਬ ਸਰਕਾਰ ਨੂੰ ਵੀ ਖੁਸ਼ ਕਰਨ ਦੇ ਰਾਹ ਪਏ ਹਨ। ਹੁਣ ਸਰਕਾਰੀ ਮੁਲਾਜ਼ਮਾਂ ਅਤੇ ਸਟਾਫ ਦੇ ਹੱਥਾਂ ਵਿਚ ਮੁੱਖ ਮੰਤਰੀ ਦੀ ਫੋਟੋ ਵਾਲਾ ਸੈਨੇਟਾਈਜ਼ਰ ਪੁੱਜ ਰਿਹਾ ਹੈ। ਸਾਬਕਾ ਅਕਾਲੀ ਮੰਤਰੀ ਦੀਪ ਮਲਹੋਤਰਾ ਦੀ ਫਿਰੋਜ਼ਪੁਰ ਜ਼ਿਲ੍ਹੇ ਵਿਚਲੀ ਸ਼ਰਾਬ ਸਨਅਤ ਵੀ ਸੈਨੇਟਾਈਜਰ ਸਪਲਾਈ ਕਰ ਰਹੀ ਹੈ। ਮਲਹੋਤਰਾ ਦੀ ਮੈਲਬਰੋਸ ਇੰਟਰਨੈਸ਼ਨਲ ਕੰਪਨੀ ਤਰਫ਼ੋਂ ਸੈਨੇਟਾਈਜਰ ਦੀ180 ਐਮ.ਐਲ ਦੀ ਪੈਕਿੰਗ ਵੀ ਤਿਆਰ ਕੀਤੀ ਗਈ ਹੈ ਜਿਸ ਨੂੰ ‘ਆਲ ਸੀਜ਼ਨ’ ਹੈਂਡ ਸੈਨੇਟਾਈਜ਼ਰ ਨਾਮ ਦਿੱਤਾ ਗਿਆ ਹੈ। ਮਲਹੋਤਰਾ ਫਰਮ ਦੀ ‘ਆਲ ਸੀਜ਼ਨ’ ਅੰਗਰੇਜ਼ੀ ਸ਼ਰਾਬ ਵੀ ਹੈ। ਸੂਤਰ ਆਖਦੇ ਹਨ ਕਿ ਨੇਕੀ ਦੇ ਕੰਮ ਦੇ ਨਾਲ ਨਾਲ ਇਹ ਸ਼ਰਾਬ ਫਰਮ ਆਪਣੀ ਸ਼ਰਾਬ ਦੀ ਮਸ਼ਹੂਰੀ ਵੀ ਕਰ ਰਹੀ ਹੈ।
                ਮਲਹੋਤਰਾ ਨੇ ਸੰਪਰਕ ਕਰਨ ’ਤੇ ਫੋਨ ਨਹੀਂ ਚੁੱਕਿਆ ਜਦੋਂ ਕਿ ਫਿਰੋਜ਼ਪੁਰ ਦੇ ਆਬਕਾਰੀ ਤੇ ਕਰ ਅਫਸਰ ਕਰਮਵੀਰ ਮਾਹਲਾ ਦਾ ਕਹਿਣਾ ਸੀ ਕਿ ਸ਼ਰਾਬ ਦੇ ਲੇਬਲ ਦੀ ਵਰਤੋਂ ਹੋ ਸਕਦੀ ਹੈ। ਸ਼ਰਾਬ ਫੈਕਟਰੀ ਜਗਤਜੀਤ ਹਮੀਰਾ ਵੱਲੋਂ ਛੋਟੀ ਪੈਕਿੰਗ ਤਿਆਰ ਨਹੀਂ ਕੀਤੀ ਗਈ ਹੈ ਅਤੇ ਦੋ ਲੀਟਰ ਦੀ ਪੈਕਿੰਗ ਵੀ ਰੱਖੀ ਗਈ ਹੈ। ਜਗਤਜੀਤ ਡਿਸਟਿਲਰੀ ਦੇ ਬਲਵੀਰ ਸ਼ਰਮਾ ਨੇ ਦੱਸਿਆ ਕਿ ਉਹ 10 ਹਜ਼ਾਰ ਲੀਟਰ ਸੈਨੇਟਾਈਜ਼ਰ ਤਿਆਰ ਕਰਕੇ ਸਪਲਾਈ ਕਰ ਚੁੱਕੇ ਹਨ ਜਿਸ ਦੀ ਕੀਮਤ ਕਰੀਬ 6.50 ਲੱਖ ਰੁਪਏ ਬਣਦੀ ਹੈ। ਉਨ੍ਹਾਂ ਨੇ ਵੱਡੀ ਪੈਕਿੰਗ ਹੀ ਤਿਆਰ ਕੀਤੀ ਹੈ। ਹਰਿਆਣਾ ਵਿਚ ਜੋ ਸਰਕਾਰ ਵੱਲੋਂ ਸੈਨੇਟਾਈਜ਼ਰ ਦਿੱਤੇ ਜਾ ਰਹੇ ਹਨ, ਉਨ੍ਹਾਂ ’ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਉਪ ਮੁੱਖ ਮੰਤਰੀ ਦੀ ਫੋਟੋ ਲਾਈ ਗਈ ਹੈ। ਸਿਆਸੀ ਲੀਡਰ ਇਸ ਆਫ਼ਤ ਮੌਕੇ ਵੀ ਸਿਆਸੀ ਲਾਹੇ ਖਾਤਰ ਹੱਥ ਪੈਰ ਮਾਰ ਰਹੇ ਹਨ।
      ਏ.ਬੀ ਗਰੇਨਜ਼ ਵੱਲੋਂ ਵੀ ਛੋਟੀ ਪੈਕਿੰਗ ਕੀਤੇ ਜਾਣ ਦੀ ਖ਼ਬਰ ਹੈ। ਵੇਰਵਿਆਂ ਅਨੁਸਾਰ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਆਪਣੇ ਪੱਧਰ ’ਤੇ ਸੈਨੇਟਾਈਜ਼ਰ ਵੰਡੇ ਜਾ ਰਹੇ ਹਨ। ਉਹ ਆਪਣੀ ਸ਼ਰਾਬ ਸਨਅਤ ਤੋਂ ਸੈਨੇਟਾਈਜ਼ਰ ਤਿਆਰ ਕਰਾ ਕੇ ਵੰਡ ਰਹੇ ਹਨ। ਵਧੀਕ ਆਬਕਾਰੀ ਤੇ ਕਰ ਕਮਿਸ਼ਨਰ ਸ੍ਰੀ ਐਲ.ਕੇ.ਜੈਨ ਦਾ ਕਹਿਣਾ ਸੀ ਕਿ ਉਨ੍ਹਾਂ ਨੇ ਸੈਨੇਟਾਈਜ਼ਰ ਬਣਾਉਣ ਲਈ ਸਪਿਰਿਟ ਦੀ ਵਰਤੋਂ ਲਈ ਸ਼ਰਾਬ ਸਨਅਤਾਂ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਬਾਕੀ ਕੰਮ ਦੀ ਦੇਖ ਰੇਖ ਡਰੱਗਜ਼ ਵਿਭਾਗ ਪੰਜਾਬ ਕਰ ਰਿਹਾ ਹੈ।
                                 ਸਪਲਾਈ ਨੇ ਰਾਹਤ ਦਿੱਤੀ : ਪੰਨੂ
ਫੂਡ ਐਂਡ ਡਰੱਗ ਐਡਮਿਨਿਸਟੇ੍ਰਸ਼ਨ ਪੰਜਾਬ ਦੇ ਕਮਿਸ਼ਨਰ ਸ੍ਰੀ ਕਾਹਨ ਸਿੰਘ ਪੰਨੂ ਦਾ ਕਹਿਣਾ ਸੀ ਕਿ ਕਰੋਨਾ ਸੰਕਟ ਮੌਕੇ ਮਾਰਕੀਟ ’ਚ ਸੈਨੇਟਾਈਜ਼ਰ ਦੀ ਕਾਲਾਬਾਜ਼ਾਰੀ ਦਾ ਵੱਡਾ ਡਰ ਸੀ ਜਿਸ ਕਰਕੇ ਸ਼ਰਾਬ ਫੈਕਟਰੀਆਂ ਤੋਂ ਸੈਨੇਟਾਈਜ਼ਰ ਤਿਆਰ ਕਰਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਅਦਾਰਿਆਂ ਨੂੰ 50 ਹਜ਼ਾਰ ਲੀਟਰ ਸੈਨੇਟਾਈਜ਼ਰ ਮੁਹੱਈਆ ਕਰਾਇਆ ਜਾਣਾ ਹੈ ਅਤੇ ਇਸ ਸਪਲਾਈ ਨਾਲ ਸਰਕਾਰੀ ਲੋੜ ਕਾਫੀ ਹੱਦ ਤੱਕ ਪੂਰੀ ਹੋ ਗਈ ਹੈ। ਜਿਆਦਾ ਵੱਡੀ ਪੈਕਿੰਗ ਵਿਚ ਵੀ ਸਪਲਾਈ ਲਈ ਗਈ ਹੈ ਅਤੇ ਫੋਟੋ ਵਗੈਰਾ ਤਾਂ ਫੈਕਟਰੀ ਨੇ ਆਪਣੇ ਪੱਧਰ ’ਤੇ ਹੀ ਲਾਈ ਹੋਵੇਗੀ।


   

No comments:

Post a Comment