Sunday, April 26, 2020

                       ਵਿਚਲੀ ਗੱਲ
          ਬਾਤ ਪਾਵਾਂ ਬਤੋਲੀ ਪਾਵਾਂ..!
                       ਚਰਨਜੀਤ ਭੁੱਲਰ
ਚੰਡੀਗੜ੍ਹ : ਇਹ ਬੁਝਾਰਤ ਤੋਂ ਘੱਟ ਨਹੀਂ, ਨਵੇਂ ਤਾਂ ਕਿਥੋਂ ਬੁੱਝਣਗੇ। ਕਿਤੇ ਪੱਤਣਾਂ ਦੇ ਤਾਰੂ ਹੁੰਦੇ, ਵਗਦੀ ਗੰਗਾ ’ਚ ਡੁਬਕੀ ਲਾਉਂਦੇ। ਇਕੱਲੇ ਪਾਪੀ ਨਹੀਂ, ਮਹਾਂਮੂਰਖ ਵੀ ਨਿਕਲੇ। ਮਾਇਆ ਦੀ ਗੰਗਾ ਦਾ ਕਾਹਦਾ ਕਸੂਰ। ਬਜ਼ੁਰਗੋ, ਪੰਜ ਇਸ਼ਨਾਨਾ ਹੀ ਕਰ ਲੈਂਦੇ। ਅੌਲਾਦ ਇਹੋ ਸੋਚਦੀ ਹੋਊ। ‘ਜੋ ਲਾਹੌਰ ਬੁੱਧੂ, ਉਹ ਪਿਸ਼ੌਰ ਬੁੱਧੂ’। ਗੋਨਿਆਣਾ ਮੰਡੀ ਦਾ ਹੇਮ ਰਾਜ ਮਿੱਤਲ। ਸਿਰੇ ਦਾ ਬੁੱਧੂ ਹੀ ਜਾਪਦੈ। ਮਾਇਆ ਦਾ ਝਰਨਾ ਵਹਿੰਦਾ ਰਿਹਾ। ਨੇੜਿਓਂ ਵੇਖ ਕੇ ਮੁੜ ਆਇਆ। ਮਜਾਲ ਐ ਕੋਈ ਬੂੰਦ ਪੈਰ ’ਤੇ ਪਈ ਹੋਵੇ। ਪਿੱਛੋਂ ਪਾਪਾਂ ਦੀ ਸਜ਼ਾ ਜ਼ਰੂਰ ਸਿਰ ਪਈ। ਪਰਜਾ ਮੰਡਲ ਲਹਿਰ ’ਚ ਕੁੱਦਿਆ। ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ। ਮਿੱਤਲ ਦੀ ਅੱਖ ਪਛਾਣ ਗਿਆ। ਤੋਰ ਤੋਂ ਪਹਿਲਾਂ ਜਾਣੂ ਸੀ। ਜਦੋਂ ਡਿਪਟੀ ਡੀ.ਈ.ਓ ਦੀ ਕੁਰਸੀ ਛੱਡੀ। ਉਦੋਂ ਐਸ.ਐਸ.ਐਸ ਬੋਰਡ ਨੇ ਕਿਹਾ ‘ਧੰਨਭਾਗ’।ਹੇਮ ਰਾਜ ਤਿੰਨ ਵਰ੍ਹੇ ਬੋਰਡ ਦਾ ਚੇਅਰਮੈਨ ਰਿਹਾ। ਪੰਜਾਹ ਹਜ਼ਾਰ ਮੁੰਡਿਆਂ ਨੂੰ ਨੌਕਰੀਆਂ ਵੰਡੀਆਂ। ਸਾਈਕਲ ’ਤੇ ਦਫ਼ਤਰ ਜਾਂਦਾ। ਚੰਡੀਗੜ੍ਹੋਂ ਖਾਲੀ ਹੱਥ ਗੋਨਿਆਣੇ ਮੁੜਿਆ। ਕਿੰਨੇ ਵਰ੍ਹੇ ਘਰ ਹੀ ਨਾ ਜੁੜਿਆ। ਪਿਓ ਦੀ ਲਾਈ ਆਟਾ ਚੱਕੀ ’ਤੇ ਬੈਠਣਾ ਪਿਆ। ਮਾਸਟਰ ਜੀ ਪਾਪਾਂ ਦਾ ਆਟਾ ਚੌਵੀ ਸਾਲ ਛਾਣਦੇ ਰਹੇ। ਹੁਣ 95 ਵਰ੍ਹਿਆਂ ਨੂੰ ਢੁੱਕੇ ਨੇ। ਚਾਦਰ ਚਿੱਟੀ ਹੈ ਤੇ ਜ਼ਮੀਰ ਬਾਗੋ ਬਾਗ। ਪੈਨਸ਼ਨ ਤੋਂ ਸਿੱਖਿਆ ਮਹਿਕਮਾ ਮੁੱਕਰਿਆ। ਸੁਪਰੀਮ ਕੋਰਟ ਤੱਕ ਜਾਣਾ ਪਿਆ। ਪੈਨਸ਼ਨ ਲੱਗੀ 1293 ਰੁਪਏ। ਨਵੇਂ ਯੁੱਗ ਦੇ ਸਿਆਣਿਓਂ। ਤੁਸੀਂ ਬਿਨਾਂ ਗੱਲੋਂ ਅੌਖੇ ਹੋ। ਅਖੇ ,ਫਲਾਣਾ ਲੀਡਰ ਤਾਂ ਪੰਜ ਪੰਜ ਪੈਨਸ਼ਨਾਂ ਲੈਂਦੈ। ਮੁਲਾਜ਼ਮ ਢਿੱਡੋਂ ਤਪੇ ਪਏ ਨੇ। ਕਰੋਨਾ ਮੌਕੇ ਕੱਟ ਸਾਡੇ ‘ਤੇ ਕਿਉਂ। ਤਖ਼ਤਾਂ ਨੂੰ ਕੌਣ ਬੁੱਝੇ।
                ਪੱਛਮੀ ਅਫ਼ਰੀਕਾ ਦਾ ਫਿਕਰਾ ਹੈ। ‘ਚੋਰੀ ਕੁੱਤੇ ਨੇ ਕੀਤੀ, ਸਜ਼ਾ ਬੱਕਰੀ ਨੂੰ।’ ਮਾਸਟਰ ਤਾਰਾ ਸਿੰਘ ਪੰਥ ਰਤਨ ਬਣ ਚਮਕੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹੇ। ਕਫ਼ਨ ਦੇ ਤਾਂ ਜੇਬ ਨਹੀਂ ਹੁੰਦੀ। ਮਾਸਟਰ ਜੀ ਦੇ ਦੋ ਗੀਝੇ ਸਨ। ਕੇਰਾਂ ਕੁੜੀ ਨੇ ਪੈਸੇ ਮੰਗੇ। ਖੱਬੇ ਗੀਝੇ ’ਚ ਹੱਥ ਮਾਰਿਆ। ਵਿਚੋਂ ਹੱਥ ਖਾਲੀ ਨਿਕਲਿਆ। ਕੁੜੀ ਮੂੰਹ ਲਟਕਾ ਮੁੜ ਗਈ। ਪਾਰਟੀ ਵਰਕਰ ਫਰਿਆਦੀ ਬਣ ਆਏ। ਸੱਜੇ ਗੀਝੇ ’ਚ ਹੱਥ ਮਾਰਿਆ। ਕਈ ਕੜਕਦੇ ਨੋਟ ਨਿਕਲੇ। ਵਰਕਰ ਸ਼ੁਕਰਾਨਾ ਕਰਦੇ ਮੁੜੇ। ਮਾਸਟਰ ਜੀ ਇਹੋ ਆਖਦੇ, ਪੰਥ ਦਾ ਪੈਸਾ ਅਮਾਨਤ ਹੈ, ਪਰਿਵਾਰ ਲਈ ਨਹੀਂ। ਘਰੋਂ ਸਾਈਕਲ ’ਤੇ ਦਫ਼ਤਰ ਪੁੱਜਦੇ। ਡੰਡੇ ਨਾਲ ਟਿਫਨ ਬੰਨ੍ਹ ਲਿਆਉਂਦੇ। ਜਥੇਦਾਰ ਮੋਹਨ ਸਿੰਘ ਤੁੜ ਵੀ ਪ੍ਰਧਾਨ ਰਹੇ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ। ਜਦੋਂ ਐਮ.ਪੀ ਬਣੇ ਸਨ। ਉਦੋਂ ਵੀ ਪਸ਼ੂਆਂ ਨੂੰ ਨੀਰਾ ਚਾਰਾ ਖੁਦ ਪਾਉਂਦੇ। ਜੇਲ੍ਹਾਂ ’ਚ ਜ਼ਿੰਦਗੀ ਕੱਢੀ। ਕੈਰੋਂ ਦੇ ਲਾਲਚ ਵੀ ਠੁਕਰਾਏ। ਨੰਗੇ ਪਿੰਡੇ ਬਰਫ਼ ਵੀ ਝੱਲੀ। ਮਾਇਆ ਜਲ ਦੇ ਛਿੱਟੇ ਮਾਰੇ ਹੁੰਦੇ। ਤੁੜ ਦੀ ਜ਼ਮੀਨ ਕੁਰਕੀ ਦੇ ਢੋਲ ਨਾ ਵੱਜਦੇ। ਛੋਟੀ ਸੋਚ ਵਾਲਿਓ, ਤੁਸੀਂ ਆਖਦੇ ਹੋ, ਫਲਾਣੇ ਨੇ ਵਿਦੇਸ਼ ਚੋਂ ਕਿਉਂ ਇਲਾਜ ਕਰਾਇਐ। ਅਕਲ ਦਾ ਅਕਾਲ ਪੈ ਜਾਏ। ਬਜਟ ਗਿਆਨ ਦਾ ਲੁਟਕ ਜਾਵੇ। ਬੁੱਝਣਾ ਅੌਖਾ ਹੋ ਜਾਂਦੈ। ਪ੍ਰ੍ਰਤਾਪ ਸਿੰਘ ਕੈਰੋਂ ਦੀ ਵਜ਼ਾਰਤ ’ਚ ਮਾਲ ਮੰਤਰੀ। ਗਿਆਨੀ ਕਰਤਾਰ ਸਿੰਘ ਹੁੰਦਾ ਸੀ। ਸੁਣਿਆ ਤੁਸੀਂ ਵੀ ਹੋਊ। ਲਾਹੌਰ ਤੋਂ ਵੱਡੇ ਬਾਦਲ ਪੜ੍ਹ ਕੇ ਮੁੜੇ। ਗਿਆਨੀ ਜੀ ਕੋਲ ਨਾਇਬ ਤਹਿਸੀਲਦਾਰ ਭਰਤੀ ਹੋਣ ਗਏ। ਸਿਆਸੀ ਗੁੜ੍ਹਤੀ ਲੈ ਕੇ ਮੁੜੇ। ਗਿਆਨੀ ਜੀ ਕੋਲ ਜੌਂਗਾ ਹੁੰਦਾ ਸੀ। ਕੇਰਾਂ ਰਸਤੇ ’ਚ ਤੇਲ ਮੁੱਕ ਗਿਆ। ਛੇ ਸਵਾਰਾਂ ਕੋਲ 12 ਰੁਪਏ ਨਿਕਲੇ। ਜਦੋਂ ਦੁਨੀਆਂ ਨੂੰ ਅਲਵਿਦਾ ਕਿਹਾ। ਉਦੋਂ ਬੈਂਕ ਬੈਲੈਂਸ ਜ਼ੀਰੋ ਸੀ।
               ਜਥੇਦਾਰ ਗੁਰਚਰਨ ਸਿੰਘ ਟੌਹੜਾ। ਜਦੋਂ ਦੁਨੀਆ ਤੋਂ ਤੁਰੇ, ਚਿੱਟੀ ਲੋਈ ਸਾਫ਼ ਸੀ। ਖੇਤ ਵਾਲੇ ਟੱਕ ਵਧੇ ਨਹੀਂ। ਪੁਰਾਣੇ ਨੇਤਾਵਾਂ ਪੱਲੇ ਸਾਦਗੀ ਸੀ। ਬਲਵਿੰਦਰ ਸਿੰਘ ਭੂੰਦੜ ਵੀ ਪੁਰਾਣੇ ਹਨ। ਦਿਨ ਪਹਿਲੀ ਅਪਰੈਲ 1987 ਦਾ ਸੀ। ਉਦੋਂ ਅਸੈਂਬਲੀ ’ਚ ਭੂੰਦੜ ਇੰਝ ਗਰਜ਼ੇ। ਖ਼ਜ਼ਾਨਾ ਮੰਤਰੀ ਬਲਵੰਤ ਸਿਓਂ, ਜਦੋਂ ਸਰਕਾਰ ਬਣਦੀ ਹੈ, ਅੱਖਾਂ ਦੇ ਇਲਾਜ ਲਈ ਅਮਰੀਕਾ ਜਾਂਦੈ। ਕੋਈ ਹਿੰਦੁਸਤਾਨ ’ਚ ਹਸਪਤਾਲਾਂ ਦਾ ਘਾਟੈ। ਖ਼ਜ਼ਾਨੇ ਨੇ ਬਲਵੰਤ ਸਿਓਂ ਦੀਆਂ ਅੱਖਾਂ ’ਤੇ 93650 ਰੁਪਏ ਖਰਚੇ । ਹੁਣ ਮਹਿੰਗਾਈ ਜ਼ਿਆਦੈ, ਇਲਾਜ ਵੀ ਮਹਿੰਗੈ। ਬੱਦਲਵਾਈ ਬਣੀ ਹੋਈ ਹੈ, ਗਰਜਣ ਵਾਲਾ ਕੋਈ ਨਹੀਂ। ਭਲੇਮਾਣਸੋ, ਕਰੋਨਾ ਗੱਜ ਵੱਜ ਰਿਹੈ। ਤੁਸੀਂ ਪੁੱਛਦੇ ਹੋ, ਆਮਦਨ ਕਰ ਖਜ਼ਾਨੇ ਚੋਂ ਕਿੰਨਾ ਭਰਿਐ। ਜਦੋਂ ਮੁੱਖ ਮੰਤਰੀ 1997-2002 ਦੌਰਾਨ ਤਨਖਾਹ ਵਜੋਂ ਇੱਕ ਰੁਪਿਆ ਵਸੂਲਦੇ ਸਨ। ਉਦੋਂ ਤਿੰਨ ਸਾਲਾਂ ’ਚ ਮੁੱਖ ਮੰਤਰੀ ਦਾ ਆਮਦਨ ਕਰ ਪੌਣੇ ਦੋ ਲੱਖ ਬਣਿਆ ਸੀ। ਖ਼ਜ਼ਾਨੇ ਚੋਂ ਭਰਿਆ ਸੀ, ਥੋਨੂੰ ਕਾਹਦਾ ਸਾੜੈ। ‘ਬੰਦ ਮੁੱਠੀ ਲੱਖ ਬਰੋਬਰ।’ ਹੁਣ ਹੋਰ ਨਾ ਪੁੱਛਿਓ। ਕਵੀ ਸਤੀ ਕੁਮਾਰ ਦੀ ‘ਮਾਇਆਜਾਲ’ ਦੇ ਵਰਕੇ ਲੱਦ ਲਿਓ। ਹੋ ਸਕਦੈ, ਬੁਝਾਰਤ ਦੀ ਗੱਠ ਖੁੱਲ੍ਹ ਜਾਏ। ਮਕਬੂਲ ਨਾਅਰਾ ਸੀ। ‘ਜੈ ਜਵਾਨ ਜੈ ਕਿਸਾਨ’। ਲਾਲ ਬਹਾਦਰ ਸ਼ਾਸਤਰੀ ਵੀ ਬੁੱਧੂਆਂ ਦੇ ਟਕਸਾਲੀ ਨਿਕਲੇ। ਜਦੋਂ ਫੌਤ ਹੋਏ ਤਾਂ ਸਿਰ ਕਰਜ਼ਾ ਸੀ। ਪਤਨੀ ਚਾਰ ਸਾਲ ਕਿਸ਼ਤਾਂ ਮੋੜਦੀ ਰਹੀ। ਸਰਕਾਰੀ ਮਦਦ ਨੂੰ ਲੱਤ ਮਾਰ ਦਿੱਤੀ।
               ਤ੍ਰਿਪਰਾ ਦਾ ਕਾਮਰੇਡ ਮਾਨਿਕ ਸਰਕਾਰ। 25 ਸਾਲ ਮੁੱਖ ਮੰਤਰੀ ਰਿਹਾ। ਢਾਈ ਲੱਖ ਦੀ ਸੰਪਤੀ ਦਾ ਮਾਲਕ ਹੈ। ਤਨਖਾਹ ਪਾਰਟੀ ਨੂੰ ਭੇਜ ਦਿੰਦਾ। ਕੋਲ ਪੰਜ ਹਜ਼ਾਰ ਹੀ ਰੱਖਦਾ। ਏਦਾਂ ਦੇ ਮੂਰਖਾਂ ਦਾ ਘਾਟਾ ਨਹੀਂ। ਮਾਇਆ ਜਲ ਦੀ ਕੋਈ ਬੂੰਦ ਛੁਹਾ ਜਾਂਦੇ। ਅੌਲਾਦ ਤਾਂ ਜੈ ਜੈ ਕਾਰ ਕਰਦੀ। ਕੁੰਦਨ ਸਿੰਘ ਪਤੰਗ ਛੇ ਵਾਰੀ ਐਮਐਲਏ ਬਣਿਆ। ਡਿਪਟੀ ਸਿਹਤ ਮੰਤਰੀ ਵੀ ਰਿਹੈ। ਲਛਮਣ ਸਿੰਘ ਗਿੱਲ ਨੇ ਲਾਲਚ ਦਿੱਤਾ। ਕੈਬਨਿਟ ਵਜ਼ੀਰੀ ਅਤੇ ਮੁੰਡੇ ਨੂੰ ਇੰਗਲੈਂਡ ਭੇਜਣ ਦਾ। ਐ ਪਾਪੀ ਬੰਦੇ, ਮਾਇਆਜਲ ਨੂੰ ਕੋਈ ਠੁੱਡਾ ਮਾਰਦੈ। ਦੇਸ਼ ਭਗਤੀ ਤੇ ਜੇਲ੍ਹਾਂ ਕੱਟੀਆਂ, ਖੂਹ ’ਚ ਪੈ ਗਈਆਂ। ਜਦੋਂ ਦੁਨੀਆਂ ਤੋਂ ਤੁਰਿਆ। ਕਰਜ਼ੇ ਦੀ ਪੰਡ ਪਰਿਵਾਰ ’ਤੇ ਰੱਖ ਗਿਆ। ਸਰਕਾਰ ਨੇ ਏਕੜ ਜ਼ਮੀਨ ਕੁਰਕ ਕਰ ਲਈ। ਨਥਾਣੇ ਤੋਂ ਦੋ ਵਾਰੀ ਐਮ.ਐਲ.ਏ ਬਣਿਆ। ਹਰਦਿੱਤ ਸਿੰਘ ਪੂਹਲੀ, ਸਾਦਾ ਬੰਦਾ ਤੇ ਅੱਖਰਾਂ ਤੋਂ ਕੋਰਾ। ਕਿਸੇ ਨੂੰ ਸਿਪਾਹੀ ਤੋਂ ਐਸ.ਪੀ ਤੱਕ ਪਹੁੰਚਾ ਗਿਆ। ਪੋਤੇ ਨੂੰ ਬਠਿੰਡੇ ਰਿਕਸ਼ਾ ਚਲਾਉਣਾ ਪਿਐ। ਜਦੋਂ ਹਰਦਿੱਤ ਸਿਓਂ ਵਿਧਾਇਕ ਸੀ, ਮੁੰਡਾ ਉਦੋਂ ਵੀ ਸੀਰੀ ਰਲਿਆ ਹੋਇਆ ਸੀ। ਹੁਣ ਦੇ ਸਿਆਸੀ ਕਾਕਿਆਂ ਦਾ ਕਿਥੇ ਕਿਥੇ ਸੀਰ ਹੈ। ਏਹ ਬਾਤ ਤੁਸੀਂ ਬੁੱਝੋ। ਵਿਸ਼ਵ ’ਚ ਕਰੋਨਾ ਲੁੱਡੀਆਂ ਪਾ ਰਿਹੈ। ਗਰੀਬ ਨੂੰ ਢਿੱਡ ਦਾ ਫਿਕਰ ਹੈ। ਜਿਵੇਂ ਅਮੀਰ ਨੂੰ ਦੌਲਤ ਦਾ। ਸਿਆਸੀ ਜਮਾਤ ਦਿਲਾਂ ਦੀ ਨੰਗ ਹੈ। ਦੇਸ਼ ’ਤੇ ਭੀੜ ਪਈ ਐ। ਕਿਸੇ ਨੇ ਖੀਸੇ ਦਾ ਬਕਸੂਆ ਨਹੀਂ ਖੋਲ੍ਹਿਐ। ਦਸਵੰਧ ਤੇ ਸਬਰ ਦੇਖਣਾ ਹੈ ਤਾਂ ਗੁਲਜ਼ਾਰ ਸੰਧੂ ਦੀ ਕਹਾਣੀ ‘ਪੈਨਸ਼ਨ’ ਪੜ੍ਹ ਲਿਓ। ਸੱਚ ਚੇਤੇ ਆਇਐ ਤੇਜਾ ਸਿੰਘ ਦਰਦੀ। ਤਿੰਨ ਵਾਰੀ ਪੰਜਾਬ ਹਰਿਆਣਾ ਚੋਂ ਵਿਧਾਇਕ ਬਣਿਆ। ਇੱਕ ਵਾਰੀ ਐਮ.ਪੀ ਵੀ। ਪਤਨੀ ਪੈਨਸ਼ਨ ਪੈਨਸ਼ਨ ਕਰਦੀ ਮਰ ਗਈ।
                 ਸਾਬਕਾ ਵਿਧਾਇਕ ਸੁਰਜਨ ਸਿੰਘ ਜੋਗਾ ਤੇ ਬਲਦੇਵ ਸਿੰਘ ਬੱਲਮਗੜ੍ਹ ਨੂੰ। ਪਹਿਲਾਂ ਪੈਨਸ਼ਨ ਨਹੀਂ, ਜੇਲ੍ਹ ਮਿਲੀ। ਘਰ ਲਈ ਲਿਆ ਕਰਜ਼ ਨਾ ਮੋੜ ਸਕੇ। ਗੁਰਚਰਨ ਸਿੰਘ ਪੰਜਗਰਾਈਂ ਡਿਪਟੀ ਮੰਤਰੀ ਰਿਹਾ। ਜਦੋਂ ਮੌਤ ਆਈ, ਕਰਜ਼ਾ ਸਿਰ ਸੀ। ਸੁਖਦੇਵ ਮਾਦਪੁਰੀ ਦੀ ਕਿਤਾਬ ਹੈ ‘ਪੰਜਾਬੀ ਬੁਝਾਰਤਾਂ।’ ਮਾਦਪੁਰੀ ਜੀ, ਤੁਸੀਂ ਹੀ ਬੁਝ ਦਿਓ। ਸਿਆਸੀ ਜਮਾਤ ਮਾਇਆ ਦੀ ਗੰਗਾ ਚੋਂ ਕਦੋਂ ਬਾਹਰ ਨਿਕਲੂ। ਕਰੋਨਾ ਸਾਹਿਬ ਤਾਂ ਖੁਦ ਹੈਰਾਨ ਨੇ। ਆਖ ਰਹੇ ਨੇ, ਪੂਰਾ ਵਿਸ਼ਵ ਘੁੰਮ ਲਿਐ। ਐਡੇ ਢੀਠ ਨਹੀਂ ਦੇਖੇ। ਹਾਲੇ ਵੀ ਲਲਕਾਰੇ ਮਾਰ ਨੇ.. ਕਰੋਨਾ ਕੀ ਸਾਡੀ ਟੰਗ ਭੰਨਦੂ। ਸਪੇਨੋਂ ਆਈ ਕਹਾਵਤ ਸੁਣੋ ‘ ਪੈਸਾ ਬਿੱਲੀਆਂ ਨੂੰ ਨੱਚਣ, ਕੁੱਤਿਆਂ ਨੂੰ ਗਾਉਣ ਲਾ ਦਿੰਦੈ।’ ਤਾਹੀਓਂ ਸਾਡੇ ਆਲੇ ਗਾਉਣੋਂ ਨਹੀਂ ਹਟ ਰਹੇ। ਮਹਾਮਾਰੀ ਮੌਕੇ ਦਸਵੰਧ ਕੌਣ ਕੱਢੂ। ‘ਮਾੜੇ ਦਾ ਕੋਈ ਦੇਸ਼ ਨਹੀਂ ਹੁੰਦਾ’। ਸ਼ੁਕਰ ਐ, ਇਕਾਂਤਵਾਸ ਚੋਂ ਛੱਜੂ ਮੁੜਿਐ। ਹੱਥ ’ਚ ਛਿੱਕੂ ਫੜੇ ਨੇ। ਭਰਮ ਪਾਲੀ ਬੈਠੇ, ਅਖੇ ’ਕੱਲੇ ’ਕੱਲੇ ਦੇ ਛਿੱਕੂ ਚੜ੍ਹਾ ਕੇ ਜੂੜ ਵੱਡੂ।ਅਖੀਰ ’ਚ ਉਸ ਫਕੀਰ ਦੀ ਕਹਾਣੀ। ਜੋ ਕਬਰ ਚੋਂ ਲਾਸ਼ ਕੱਢੀ ਬੈਠਾ ਸੀ। ਘੋੜੇ ਤੇ ਲੰਘ ਰਹੇ ਬਾਦਸ਼ਾਹ ਦੇ ਪੈਰ ਰੁਕ ਗਏ। ਫਕੀਰ ਨੇ ਬਾਦਸ਼ਾਹ ਨੂੰ ਦੁਆ ਸਲਾਮ ਨਾ ਕੀਤੀ। ਬਾਦਸ਼ਾਹ ਗਰਜਿਆ, ‘ਇਹ ਕੀ ਕਰ ਰਿਹਾ ਏਂ ਓਏ?’ ਫਕੀਰ ਚੁੱਪ ਰਿਹਾ। ਬਾਦਸ਼ਾਹ ਨੇੜੇ ਆਇਆ। ਫਕੀਰ ’ਤੇ ਵਰ੍ਹਿਆ, ‘ਉਏ ਤੈਨੂੰ ਪਤਾ ਨਹੀਂ ਮੈਂ ਕੌਣ ਹਾਂ ?’ ਫਕੀਰ ਬੋਲਿਆ, ‘ਖਾਮੋਸ਼, ਇਹੋ ਸ਼ਬਦ ਕੱਲ ਇਹ ਕਹਿ ਰਿਹਾ ਸੀ’। ਅੱਜ ਮੈਂ ਇਸ ਤੋਂ ਪੁੱਛ ਰਿਹਾ ਹਾਂ ਕਿ ਤੂੰ ਕੌਣ ਐਂ ? ਦੱਸ ਨਹੀਂ ਰਿਹਾ।


No comments:

Post a Comment