Tuesday, September 28, 2021

                                               ਸਰਕਾਰੀ ਸੋਚ
                       ਭਗਤ ਸਿੰਘ ਯੁਵਾ ਐਵਾਰਡ ਲਈ ਫੰਡਾਂ ਦੀ ਤੋਟ..!
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਸਰਕਾਰ ਨੇ ਬੀਤੇ ਛੇ ਵਰ੍ਹਿਆਂ ਤੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਹੀਂ ਦਿੱਤਾ ਹੈ। ਪੰਜਾਬ ਦਾ ਇਹ ਇਕਲੌਤਾ ਐਵਾਰਡ ਹੈ, ਜੋ ਭਗਤ ਸਿੰਘ ਨੂੰ ਸਮਰਪਿਤ ਹੈ। ਦੋ ਵਰ੍ਹਿਆਂ ਤੋਂ ਸਰਕਾਰ ਨੇ ਇਸ ਪੁਰਸਕਾਰ ਲਈ ਦਰਖਾਸਤਾਂ ਲੈਣ ਦੀ ਲੋੜ ਵੀ ਨਹੀਂ ਸਮਝੀ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਕੌਮੀ ਯੁਵਕ ਐਵਾਰਡ ਰੈਗੂਲਰ ਦਿੱਤਾ ਜਾ ਰਿਹਾ ਹੈ। ਭਲਕੇ 28 ਸਤੰਬਰ ਨੂੰ ਭਗਤ ਸਿੰਘ ਦਾ ਜਨਮ ਦਿਹਾੜਾ ਹੈ।ਪ੍ਰਾਪਤ ਵੇਰਵਿਆਂ ਅਨੁਸਾਰ ਕਰੀਬ ਦਸ ਵਰ੍ਹਿਆਂ ਤੋਂ ਇਹ ਰਾਜ ਯੁਵਾ ਪੁਰਸਕਾਰ ਕਦੇ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ। ਮੌਜੂਦਾ ਸਥਿਤੀ ਇਹ ਹੈ ਕਿ ਵਰ੍ਹਾ 2015-16 ਤੋਂ ਅੱਜ ਤੱਕ ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਜ ਯੁਵਾ ਪੁਰਸਕਾਰ ਨਹੀਂ ਦਿੱਤਾ ਗਿਆ ਹੈ। 

         ਮੁੱਢਲੇ ਦੋ-ਤਿੰਨ ਵਰ੍ਹਿਆਂ ਵਿੱਚ ਪੁਰਸਕਾਰ ਲਈ ਨੌਜਵਾਨਾਂ ਨੇ ਅਰਜ਼ੀਆਂ ਵੀ ਭੇਜੀਆਂ ਸਨ ਪਰ ਪੰਜਾਬ ਸਰਕਾਰ ਕੋਲ ਪੁਰਸਕਾਰ ਲਈ ਚੋਣ ਕਰਨ ਦੀ ਵੀ ਵਿਹਲ ਨਹੀਂ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਛਾਪਿਆਂ ਵਾਲੀ ਦੇ ਨੌਜਵਾਨ ਮਨੋਜ ਕੁਮਾਰ ਨੇ ਦੱਸਿਆ ਕਿ ਉਸ ਨੇ ਛੇ ਸਾਲ ਪਹਿਲਾਂ ਐਵਾਰਡ ਲਈ ਅਪਲਾਈ ਕੀਤਾ ਸੀ ਪਰ ਸਰਕਾਰ ਨੇ ਕੋਈ ਫ਼ੈਸਲਾ ਹੀ ਨਹੀਂ ਕੀਤਾ।ਵਿਧਾਨ ਅਨੁਸਾਰ ਹਰ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਦੋ ਨੌਜਵਾਨਾਂ ਨੂੰ ਰਾਜ ਯੁਵਾ ਪੁਰਸਕਾਰ ਦਿੱਤਾ ਜਾ ਸਕਦਾ ਹੈ। 15 ਤੋਂ 35 ਸਾਲ ਤੱਕ ਦਾ ਨੌਜਵਾਨ ਇਸ ਐਵਾਰਡ ਲਈ ਯੋਗ ਹੈ। ਯੁਵਕ ਸੇਵਾਵਾਂ ਵਿਭਾਗ ਵੱਲੋਂ ਪਹਿਲਾਂ ਹਰ ਵਰ੍ਹੇ ਅਖ਼ਬਾਰਾਂ ’ਚ ਜਨਤਕ ਨੋਟਿਸ ਜਾਰੀ ਕਰ ਕੇ ਇਸ ਪੁਰਸਕਾਰ ਲਈ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਸੀ। ਹੁਣ ਦੋ ਵਰ੍ਹਿਆਂ ਤੋਂ ਅਰਜ਼ੀਆਂ ਦੀ ਮੰਗ ਕਰਨੀ ਵੀ ਬੰਦ ਕਰ ਦਿੱਤੀ ਗਈ ਹੈ।

          ਇਸ ਯੁਵਾ ਪੁਰਸਕਾਰ ਤਹਿਤ 51 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। ਵੱਧ ਤੋਂ ਵੱਧ ਐਵਾਰਡ ਵੀ ਦਿੱਤੇ ਜਾਣ ਤਾਂ ਵੀ ਸਰਕਾਰ ਨੂੰ ਸਿਰਫ਼ 23.46 ਲੱਖ ਰੁਪਏ ਦੇ ਸਾਲਾਨਾ ਬਜਟ ਦੀ ਲੋੜ ਹੈ। ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਭਲਕੇ ਮੰਗਲਵਾਰ ਨੂੰ ਖਟਕੜ ਕਲਾਂ ਵਿੱਚ ਸ਼ਹੀਦ-ਏ-ਆਜ਼ਮ ਨੂੰ ਸਿਜਦਾ ਕਰਨ ਜਾ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚੰਨੀ ਨੂੰ ਪੁਰਾਣੇ ਐਵਾਰਡ ਕਲੀਅਰ ਕਰਨ ਦੇ ਨਾਲ ਹੀ ਐਵਾਰਡ ਰਾਸ਼ੀ ਵਧਾ ਕੇ ਇੱਕ ਲੱਖ ਰੁਪਏ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ। ਪੰਜਾਬ ਸਰਕਾਰ ਵੱਲੋਂ ਆਖ਼ਰੀ ਵਾਰ 23 ਮਾਰਚ 2017 ਨੂੰ ਯੁਵਾ ਪੁਰਸਕਾਰਾਂ ਦੀ ਵੰਡ ਕੀਤੀ ਗਈ ਸੀ, ਜੋ ਕਿ ਵਰ੍ਹਾ 2013-14 ਅਤੇ 2014-15 ਦੇ ਸਨ। ਉਸ ਤੋਂ ਪਹਿਲਾਂ 2012-13 ਵਿਚ ਇਹ ਪੁਰਸਕਾਰ ਦਿੱਤੇ ਗਏ ਸਨ।

          ਪੰਜਾਬ ਸਰਕਾਰ ਨੇ ਯੁਵਕ ਭਲਾਈ ਬੋਰਡ ਤਾਂ ਬਣਾਇਆ ਹੈ ਪਰ ਯੁਵਾ ਐਵਾਰਡ ਲਈ ਸਰਕਾਰ ਕੋਲ ਬਜਟ ਨਹੀਂ ਹੈ। ਸ਼ੁਰੂ ਵਿੱਚ ਇਸ ਐਵਾਰਡ ਦੀ ਰਾਸ਼ੀ ਸਿਰਫ਼ 10 ਹਜ਼ਾਰ ਰੁਪਏ ਹੁੰਦੀ ਸੀ। ਉਸ ਮਗਰੋਂ ਵਧਾ ਕੇ 21 ਹਜ਼ਾਰ ਕਰ ਦਿੱਤੀ ਗਈ ਸੀ। ਆਖ਼ਰੀ ਵਾਰ ਇਹ ਰਾਸ਼ੀ 51 ਹਜ਼ਾਰ ਕੀਤੀ ਗਈ। ਯੁਵਕ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਡੀਪੀਐਸ ਖਰਬੰਦਾ ਨੇ ਦੱਸਿਆ ਕਿ ਯੁਵਾ ਪੁਰਸਕਾਰ ਬਾਰੇ ਰਿਕਾਰਡ ਦੇਖ ਕੇ ਹੀ ਕੁਝ ਦੱਸਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾਂਦੇ ਹਨ। ਦਿਲਚਸਪ ਗੱਲ ਇਹ ਹੈ ਕਿ ਵਿਭਾਗ ਦੇ ਮੁੱਖ ਦਫ਼ਤਰ ਜਾਂ ਕਿਸੇ ਜ਼ਿਲ੍ਹਾ ਅਧਿਕਾਰੀ ਨੂੰ ਵੀ ਇਹ ਚੇਤਾ ਵੀ ਨਹੀਂ ਹੈ ਕਿ ਆਖ਼ਰੀ ਪੁਰਸਕਾਰ ਕਦੋਂ ਦਿੱਤੇ ਗਏ ਸਨ।

                                 ਸ਼ਹੀਦ ਭਗਤ ਸਿੰਘ ਰੁਜ਼ਗਾਰ ਯੋਜਨਾ ਵੀ ਹੋਈ ਫੇਲ੍ਹ

ਕਾਂਗਰਸ ਸਰਕਾਰ ਵੱਲੋਂ ਵਰ੍ਹਾ 2015-17 ਵਿੱਚ ਐਲਾਨੀ ਗਈ ‘ਸ਼ਹੀਦ ਭਗਤ ਸਿੰਘ ਰੁਜ਼ਗਾਰ ਸਿਰਜਣ ਯੋਜਨਾ’ ਵੀ ਫਾਈਲਾਂ ਦਾ ਸ਼ਿੰਗਾਰ ਬਣ ਕੇ ਹੀ ਰਹਿ ਗਈ। ਇਸ ਸਕੀਮ ਤਹਿਤ ਇੱਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਣਾ ਸੀ ਅਤੇ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸ਼ੁਰੂ ਕਰਨ ਵਾਸਤੇ ਬੈਂਕ ਲੋਨ ਦੇ ਵਿਆਜ਼ ਦੀ ਭਰਪਾਈ ਵਿੱਚ ਵਿੱਤੀ ਮਦਦ ਕੀਤੀ ਜਾਣੀ ਸੀ। ਇਸ ਵਾਸਤੇ ਪਹਿਲੇ ਵਰ੍ਹੇ 150 ਕਰੋੜ ਦੀ ਬਜਟ ਵਿਚ ਵਿਵਸਥਾ ਕੀਤੀ ਗਈ ਪਰ ਇਸ ਸਕੀਮ ’ਤੇ ਸਾਢੇ ਚਾਰ ਸਾਲਾਂ ਤੋਂ ਕੋਈ ਪੈਸਾ ਖ਼ਰਚ ਨਹੀਂ ਕੀਤਾ ਗਿਆ ਹੈ। ਸਰਕਾਰ ਅਨੁਸਾਰ ਸਕੀਮ ਲਈ ਪੈਸੇ ਦਾ ਪ੍ਰਬੰਧ ਨਹੀਂ ਹੋ ਸਕਿਆ ਹੈ।

Monday, September 20, 2021

                                            ਕਿਤੇ ਖੁਸ਼ੀ, ਕਿਤੇ ਗਮ
                                  ਢੋਲ ਕਿਤੇ ਹੋਰ ਵੱਜਦੇ ਰਹਿ ਗਏ...
                                               ਚਰਨਜੀਤ ਭੁੱਲਰ    

ਚੰਡੀਗੜ੍ਹ : ਕਾਂਗਰਸ ਵਿੱਚ ਸਭ ਕੁਝ ਕਿਸੇ ਵੇਲੇ ਦੀ ਸੰਭਵ ਹੈ। ਅੱਜ ਮੁੱਖ ਮੰਤਰੀ ਦੇ ਐਲਾਨ ਤੋਂ ਅਜਿਹਾ ਹੀ ਦੇਖਣ ਨੂੰ ਮਿਲਿਆ। ਪਹਿਲਾਂ ਢੋਲ ਕਿਤੇ ਹੋਰ ਹੀ ਵੱਜ ਗਏ, ਮੁੱਖ ਮੰਤਰੀ ਵਾਲੀ ਝੰਡੀ ਕਿਸੇ ਹੋਰ ਦੇ ਹੱਥ ਆ ਗਈ।ਸਿਆਸੀ ਅਟਕਲਾਂ ਦੌਰਾਨ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਵਿਧਾਇਕ ਲੱਡੂ ਲੈ ਕੇ ਪੁੱਜ ਗਏ ਅਤੇ ਕਈ ਆਗੂਆਂ ਦੇ ਹੱਥਾਂ ਵਿੱਚ ਹਾਰ ਵੀ ਦੇਖੇ ਗਏ। ਦੁਪਹਿਰ ਮਗਰੋਂ ਤਿੰਨ ਵਜੇ ਸੁਖਜਿੰਦਰ ਰੰਧਾਵਾ ਦੇ ਮੁੱਖ ਮੰਤਰੀ ਬਣਾਏ ਜਾਣ ਦਾ ਰੌਲਾ ਵੀ ਪੈ ਗਿਆ ਸੀ। ਵਿਧਾਇਕਾਂ ਨੇ ਰੰਧਾਵਾ ਦੇ ਘਰ ਵੱਲ ਗੱਡੀਆਂ ਦੇ ਮੂੰਹ ਮੋੜ ਲਏ। ਪਹਿਲਾਂ ਇਹੋ ਕਾਫ਼ਲੇ ਸੁਨੀਲ ਜਾਖੜ ਦੇ ਘਰ ਅੱਗੇ ਰੁਕੇ ਸਨ। ਹਾਈ ਕਮਾਨ ਤਰਫੋਂ ਅੱਜ ਮੁੱਖ ਮੰਤਰੀ ਦੇ ਅਹੁਦੇ ਲਈ ਸੁਨੀਲ ਜਾਖੜ, ਸੁਖਜਿੰਦਰ ਰੰਧਾਵਾ, ਅੰਬਿਕਾ ਸੋਨੀ ਅਤੇ ਨਵਜੋਤ ਸਿੱਧੂ ਦੇ ਨਾਮ ਵਿਚਾਰੇ ਜਾ ਰਹੇ ਸਨ। ਹਿੰਦੂ ਹੋਣ ਵਜੋਂ ਸੁਨੀਲ ਜਾਖੜ ਦਾ ਨਾਮ ਸਭ ਤੋਂ ਉਪਰ ਸੀ। ਦੁਪਹਿਰ ਵੇਲੇ ਅੰਬਿਕਾ ਸੋਨੀ ਨੇ ਸਿੱਖ ਚਿਹਰਾ ਮੁੱਖ ਮੰਤਰੀ ਹੋਣ ਦਾ ਐਲਾਨ ਕਰ ਦਿੱਤਾ ਗਿਆ, ਜਿਸ ਮਗਰੋਂ ਸੁਖਜਿੰਦਰ ਸਿੰਘ ਰੰਧਾਵਾ ਦਾ ਨਾਮ ਸਿਖ਼ਰ ’ਤੇ ਆ ਗਿਆ। ਇਸੇ ਦੌਰਾਨ ਨਵਜੋਤ ਸਿੱਧੂ ਦੇ ਚਰਚੇ ਵੀ ਸ਼ੁਰੂ ਹੋ ਗਏ। 

               ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਸਿਆਸੀ ਲੋਕਾਂ ਦਾ ਤਾਂਤਾ ਲੱਗਣਾ ਸ਼ੁਰੂ ਹੋ ਗਿਆ। ਰਸਮੀ ਐਲਾਨ ਤੋਂ ਪਹਿਲਾਂ ਹੀ ਵਿਧਾਇਕ ਪ੍ਰੀਤਮ ਕੋਟਭਾਈ ਨੇ ਰੰਧਾਵਾ ਦੇ ਮੁੱਖ ਮੰਤਰੀ ਬਣਨ ’ਤੇ ਮੋਹਰ ਵੀ ਲਗਾ ਦਿੱਤੀ। ਲੱਡੂਆਂ ਦੇ ਡੱਬੇ ਲੈ ਕੇ ਕਈ ਆਗੂ ਰੰਧਾਵਾ ਦੇ ਘਰ ਪੁੱਜ ਗਏ। ਇੱਥੋਂ ਤੱਕ ਸੁਖਜਿੰਦਰ ਸਿੰਘ ਰੰਧਾਵਾ ਦੇ ਸਹੁਰੇ ਪਿੰਡ ਅਬਲਖੁਰਾਣਾ ਵਿੱਚ ਭੰਗੜੇ ਵੀ ਪੈ ਗਏ। ਰੰਧਾਵਾ ਦੇ ਜੱਦੀ ਪਿੰਡ ਧਾਰੋਵਾਲੀ ਵਿੱਚ ਵੀ ਪੁਲੀਸ ਅਫ਼ਸਰਾਂ ਨੇ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ। ਡਿਪਟੀ ਮੁੱਖ ਮੰਤਰੀ ਵਜੋਂ ਐਲਾਨ ਦੀ ਅਫਵਾਹ ਨਾਲ ਭਾਰਤ ਭੂਸ਼ਨ ਆਸ਼ੂ ਦੇ ਘਰ ਵੀ ਭੰਗੜੇ ਪੈਣੇ ਸ਼ੁਰੂ ਹੋ ਗਏ ਸਨ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਮ ਕਿਸੇ ਵੀ ਦੌੜ ਵਿੱਚ ਨਹੀਂ ਸੀ ਪਰ ਅਚਾਨਕ ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਐਲਾਨ ਦਿੱਤਾ। ਪਲਾਂ ਵਿੱਚ ਸਭ ਕੁਝ ਬਦਲ ਗਿਆ। ਚੰਨੀ ਦੇ ਸਮਰਥਕਾਂ ਵਿੱਚ ਖੁਸ਼ੀ ਪਾਈ ਜਾਣ ਲੱਗੀ ਅਤੇ ਚਮਕੌਰ ਸਾਹਿਬ ਹਲਕੇ ਵਿੱਚ ਕਾਂਗਰਸੀ ਖੁਸ਼ੀ ਵਿੱਚ ਖੀਵੇ ਹੋ ਗਏ। 

              ਅੱਜ ਐਲਾਨ ਹੋਣ ਮਗਰੋਂ ਹੀ ਚੰਨੀ ਦਾ ਪਰਿਵਾਰ ਚੰਡੀਗੜ੍ਹ ਪੁੱਜ ਗਿਆ। ਚੰਨੀ ਦੇ ਸਮਰਥਕਾਂ ਨੇ ਵੀ ਅੱਜ ਚੰਡੀਗੜ੍ਹ ਵਿੱਚ ਭੰਗੜੇ ਪਾਏ। ਮੁੱਖ ਮੰਤਰੀ ਐਲਾਨੇ ਜਾਣ ਮਗਰੋਂ ਹੀ ਬਾਕੀ ਦਾਅਵੇਦਾਰਾਂ ਦੇ ਘਰਾਂ ਅੱਗੇ ਸੁੰਨ ਵਰਤ ਗਈ।  ਸਿਆਸੀ ਮਾਹਿਰ ਅਤੇ ਸਾਬਕਾ ਡੀਪੀਆਰਓ ਉਜਾਗਰ ਸਿੰਘ ਪਟਿਆਲਾ ਦਾ ਪ੍ਰਤੀਕਰਮ ਸੀ ਕਿ ਕਾਂਗਰਸ ਹਾਈ ਕਮਾਨ ਦਾ ਹਮੇਸ਼ਾ ਅਜਿਹਾ ਸੱਭਿਆਚਾਰ ਅਤੇ ਰੌਂਅ ਰਿਹਾ ਹੈ ਕਿ ਬਹੁਤੇ ਵਾਰੀ ਅਣਕਿਆਸੇ ਐਲਾਨ ਵੇਖਣ ਨੂੰ ਮਿਲਦੇ ਹਨ। ਉਨ੍ਹਾਂ ਕਿਹਾ ਕਿ ਹਾਈ ਕਮਾਨ ਨੇ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ ਕਿਉਂਕਿ ਮੁੱਖ ਮੰਤਰੀ ਦੀ ਦੌੜ ਵਿੱਚ ਚੰਨੀ ਦਾ ਨਾਮ ਕਿਧਰੇ ਨਹੀਂ ਸੀ। ਖ਼ਜ਼ਾਨਾ ਮੰਤਰੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਚਰਨਜੀਤ ਸਿੰਘ ਚੰਨੀ ਨਾਲ ਨੇੜਤਾ ਰਹੀ ਹੈ। ਅਹਿਮ ਸੂਤਰਾਂ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਨੇ ਹੀ ਸਭ ਤੋਂ ਪਹਿਲਾਂ ਚਰਨਜੀਤ ਚੰਨੀ ਦੇ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਮੀਡੀਆ ਅੱਗੇ ਰੱਖੀ ਸੀ। ਦੱਸਦੇ ਹਨ ਕਿ ਮਨਪ੍ਰੀਤ ਨੇ ਰਾਹੁਲ ਗਾਂਧੀ ਤੱਕ ਪਹੁੰਚ ਕਰਕੇ ਉਨ੍ਹਾਂ ਦੇ ਕੰਨ ਵਿੱਚ ਫੂਕ ਮਾਰੀ ਸੀ ਕਿ ਕਾਂਗਰਸ ਵਿਰੋਧੀਆਂ ਦੀ ਸਿਆਸੀ ਕਾਟ ਲਈ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਅਹੁਦਾ ਦਿੱਤਾ ਜਾਵੇ। 

                             ਤਕਦੀਰਾਂ ਦੀ ਖੇਡ: ਇੰਜ ਟੈਂਟ ਵਾਲਾ ਬਣਿਆ ਮੁੱਖ ਮੰਤਰੀ

ਇਸ ਨੂੰ ਕਿਸਮਤ ਦਾ ਖੇਡ ਕਹੋ, ਭਾਵੇਂ ਸਿਆਸੀ ਇਤਫਾਕ ਕਿ ਜਿਸ ਚਰਨਜੀਤ ਚੰਨੀ ਨੂੰ ਕੁਝ ਅਰਸਾ ਪਹਿਲਾਂ ਤੱਕ ਵਜ਼ਾਰਤ ਵਿੱਚੋਂ ਆਪਣੀ ਛੁੱਟੀ ਦਾ ਡਰ ਸੀ, ਉਹ ਹੁਣ ਖੁਦ ਵਜ਼ੀਰੀਆਂ ਦੀ ਵੰਡ ਕਰਨਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਉਤਾਰੇ ਜਾਣ ਤੋਂ ਪਹਿਲਾਂ ਵਜ਼ਾਰਤ ਵਿੱਚ ਫੇਰ-ਬਦਲ ਦੀ ਗੱਲ ਤੁਰੀ ਸੀ ਤਾਂ ਉਦੋਂ ਚਰਨਜੀਤ ਚੰਨੀ ਵੀ ਬਾਗੀ ਖੇਮੇ ਵਿੱਚੋਂ ਹੋਣ ਕਰਕੇ ਵਜ਼ੀਰੀ ਬਚਾਉਣ ਲਈ ਹੱਥ-ਪੈਰ ਮਾਰ ਰਿਹਾ ਸੀ।  ਅੱਜ ਜਦੋਂ ਅਚਾਨਕ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨਿਆ ਗਿਆ ਤਾਂ ਇਸ ਦਾ ਖ਼ੁਦ ਚੰਨੀ ਨੂੰ ਵੀ ਭਰੋਸਾ ਨਹੀਂ ਹੋਵੇਗਾ। ਨਵੇਂ ਮੁੱਖ ਮੰਤਰੀ ਚੰਨੀ ਦਾ ਪਿਛੋਕੜ ਗੁਰਬਤ ਭਰਿਆ ਰਿਹਾ ਹੈ। ਵੇਰਵਿਆਂ ਅਨੁਸਾਰ ਚੰਨੀ ਰਮਦਾਸੀਆ ਭਾਈਚਾਰੇ ’ਚੋਂ ਹਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਮਕੜੋਨਾ ਕਲਾਂ ਚਮਕੌਰ ਸਾਹਿਬ ਹਲਕੇ ਵਿੱਚ ਪੈਂਦਾ ਹੈ। ਚੰਨੀ ਨੇ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚੋਂ ਮੁੱਢਲੀ ਸਿੱਖਿਆ ਹਾਸਲ ਕੀਤੀ ਅਤੇ ਖਾਲਸਾ ਹਾਇਰ ਸੈਕੰਡਰੀ ਸਕੂਲ ਖਰੜ ਤੋਂ ਮੈਟ੍ਰਿਕ ਕੀਤੀ। ਉਸ ਦੇ ਪਿਤਾ ਹਰਸਾ ਸਿੰਘ ਅਤੇ ਮਾਤਾ ਅਜਮੇਰ ਕੌਰ ਨੇ ਗਰੀਬੀ ਭਰੇ ਦਿਨ ਵੇਖੇ। ਅਖ਼ੀਰ ਚਰਨਜੀਤ ਸਿੰਘ ਚੰਨੀ ਦਾ ਪਿਤਾ ਹਰਸਾ ਸਿੰਘ ਮਲੇਸ਼ੀਆ ਚਲਾ ਗਿਆ ਤਾਂ ਜੋ ਪਰਿਵਾਰ ਨੂੰ ਪੈਰਾਂ ਸਿਰ ਕਰ ਸਕੇ।   ਪਿਤਾ ਹਰਸਾ ਸਿੰਘ ਨੇ ਮਲੇਸ਼ੀਆ ਤੋਂ ਵਾਪਸੀ ਮਗਰੋਂ ਖਰੜ ਵਿੱਚ ਟੈਂਟ ਹਾਊਸ ਖੋਲ੍ਹ ਲਿਆ ਅਤੇ ਚੰਨੀ ਨੇ ਟੈਂਟ ਹਾਊਸ ’ਤੇ ਟੈਂਟ ਬੁਆਏ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਚੰਨੀ ਸਕੂਲ ਸਮੇਂ ਖੁਦ ਹੈਂਡਬਾਲ ਦਾ ਚੰਗਾ ਖਿਡਾਰੀ ਰਿਹਾ ਅਤੇ ਕਈ ਇਨਾਮ ਵੀ ਜਿੱਤੇ।  ਚੰਨੀ ਦਾ ਪਿਤਾ ਹਰਸਾ ਸਿੰਘ ਪਿੰਡ ਦਾ ਸਰਪੰਚ ਬਣਿਆ ਅਤੇ ਮਗਰੋਂ ਬਲਾਕ ਸਮਿਤੀ ਦਾ ਮੈਂਬਰ ਵੀ। ਚੰਨੀ ਖੁਦ  ਵਿਦਿਆਰਥੀ ਯੂਨੀਅਨ ਦਾ ਆਗੂ ਰਿਹਾ। ਚੰਨੀ ਨੇ ਚੰਡੀਗੜ੍ਹ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚੋਂ ਉਚੇਰੀ ਸਿੱਖਿਆ ਹਾਸਲ ਕੀਤੀ ਅਤੇ ਉਨ੍ਹਾਂ ਹਾਲ ਹੀ ਵਿੱਚ ਪੀਐੱਚਡੀ ਦੀ ਡਿਗਰੀ ਮੁਕੰਮਲ ਕੀਤੀ ਹੈ। ਇੱਕ ਟੈਂਟ ਬੁਆਏ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜ ਜਾਵੇਗਾ, ਕਿਸੇ ਨੇ ਸੋਚਿਆ ਵੀ ਨਹੀਂ ਸੀ। ਦੱਸਦੇ ਹਨ ਕਿ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਕਿੱਤੇ ਵਜੋਂ ਡਾਕਟਰ ਹੈ। 


                                          ਸਮਾਂ ਘੱਟ,ਪੈਂਡਾ ਲੰਮਾ
                           ਚਰਨਜੀਤ ਚੰਨੀ ਪੰਜਾਬ ਦੇ ਨਵੇਂ ਮੁੱਖ ਮੰਤਰੀ 
                                             ਚਰਨਜੀਤ ਭੁੱਲਰ           

ਚੰਡੀਗੜ੍ਹ: ਕਾਂਗਰਸ ਹਾਈ ਕਮਾਨ ਨੇ ਪਾਰਟੀ ਵਿਧਾਇਕਾਂ ਨਾਲ ਲੰਮੀ ਵਿਚਾਰ ਚਰਚਾ ਮਗਰੋਂ ਅੱਜ ਸਾਰੇ ਕਿਆਸਾਂ ਨੂੰ ਵਿਰਾਮ ਦਿੰਦਿਆਂ ਦਲਿਤ ਆਗੂ ਚਰਨਜੀਤ ਸਿੰਘ ਚੰਨੀ(58) ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਚਮਕੌਰ ਸਾਹਿਬ ਤੋਂ ਵਿਧਾਇਕ ਚਰਨਜੀਤ ਸਿੰਘ ਚੰਨੀ ਭਲਕੇ ਸੋਮਵਾਰ ਨੂੰ 11 ਵਜੇ ਪੰਜਾਬ ਦੇ 16ਵੇਂ ਮੁੱਖ ਮੰਤਰੀ ਵਜੋਂ ਅਹੁਦੇ ਦਾ ਹਲਫ਼ ਲੈਣਗੇ। ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਦਫ਼ਾ ਕੋਈ ਦਲਿਤ ਆਗੂ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਵੇਗਾ| ਇਸ ਤੋਂ ਪਹਿਲਾਂ ਰਾਮਗੜ੍ਹੀਆ ਭਾਈਚਾਰੇ ’ਚੋਂ ਗਿਆਨੀ ਜ਼ੈਲ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ|ਦੱਸਣਾ ਬਣਦਾ ਹੈ ਕਿ ਸ਼ਨਿੱਚਰਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਹੋਈ ਮੀਟਿੰਗ ਵਿੱਚ ਨਵਾਂ ਆਗੂ ਚੁਣਨ ਲਈ ਵਿਧਾਇਕਾਂ ਨੇ ਸਰਬਸੰਮਤੀ ਨਾਲ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਸਨ| ਕਾਂਗਰਸ ਹਾਈ ਕਮਾਨ ਵੱਲੋਂ ਅੱਜ ਦਿੱਲੀ ਵਿਚ ਪੰਜਾਬ ਦੇ ਨਵੇਂ ਮੁੱਖ ਮੰਤਰੀ ਦੇ ਚਿਹਰੇ ਲਈ ਲੰਮਾ ਮੰਥਨ ਕੀਤਾ ਗਿਆ। 

            ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਸੀਨੀਅਰ ਆਗੂ ਰਾਹੁਲ ਗਾਂਧੀ ਇਸ ਫ਼ੈਸਲੇ ਲਈ ਮੀਟਿੰਗਾਂ ਦੇ ਦੌਰ ’ਚ ਲੱਗੇ ਰਹੇ| ਇੱਧਰ ਚੰਡੀਗੜ੍ਹ ਵਿਚ ਹਾਈ ਕਮਾਨ ਵੱਲੋਂ ਭੇਜੇ ਕੇਂਦਰੀ ਨਿਗਰਾਨਾਂ ਅਜੈ ਮਾਕਨ, ਹਰੀਸ਼ ਚੌਧਰੀ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਲੰਘੇ 24 ਘੰਟਿਆਂ ਦੌਰਾਨ ਮੁੱਖ ਮੰਤਰੀ ਦੇ ਨਵੇਂ ਚਿਹਰੇ ਵਾਸਤੇ ਸਰਬ-ਪ੍ਰਵਾਨਗੀ ਹਾਸਲ ਕਰਨ ਲਈ ਮੀਟਿੰਗਾਂ ਕੀਤੀਆਂ| ਸੁਨੀਲ ਜਾਖੜ ਦੇ ਨਾਮ ਤੋਂ ਸ਼ੁਰੂ ਹੋਇਆ ਮੰਥਨ ਆਖਿਰ ਨੂੰ ਚਰਨਜੀਤ ਚੰਨੀ ਦੇ ਨਾਮ ’ਤੇ ਸਮਾਪਤ ਹੋ ਗਿਆ| ਪਾਰਟੀ ਹਾਈ ਕਮਾਨ ਨੇ ਚਰਨਜੀਤ ਚੰਨੀ ਦੇ ਨਾਂ ਦਾ ਐਲਾਨ ਕਰਕੇ ਦਲਿਤ ਪੱਤਾ ਖੇਡਣ ਦੇ ਨਾਲ ਹੀ ਪੰਜਾਬ ਦੇ ਲੋਕਾਂ ਨੂੰ ਮੁੱਖ ਮੰਤਰੀ ਵਜੋਂ ਸਿੱਖ ਚਿਹਰਾ ਵੀ ਦਿੱਤਾ ਹੈ| ਪੰਜਾਬ ਵਿਚ ਕਰੀਬ 34 ਫੀਸਦੀ ਤੋਂ ਵੱਧ ਦਲਿਤ ਭਾਈਚਾਰੇ ਦਾ ਵੋਟ ਬੈਂਕ ਹੈ ਤੇ 34 ਰਾਖਵੇਂ ਹਲਕੇ ਹਨ| ਚੇਤੇ ਰਹੇ ਭਾਜਪਾ ਨੇ ਪਹਿਲਾਂ ਹੀ ਅਗਲੀਆਂ ਚੋਣਾਂ ਵਿਚ ਦਲਿਤ ਵਿਅਕਤੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦਾ ਐਲਾਨ ਕੀਤਾ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਬਹੁਜਨ ਸਮਾਜ ਪਾਰਟੀ ਨਾਲ ਸਿਆਸੀ ਗਠਜੋੜ ਕਰਕੇ ਡਿਪਟੀ ਮੁੱਖ ਮੰਤਰੀ ਕਿਸੇ ਦਲਿਤ ਨੂੰ ਬਣਾਏ ਜਾਣ ਦਾ ਫੈਸਲਾ ਕੀਤਾ ਹੈ| 

            ਕਾਂਗਰਸ ਪਾਰਟੀ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਐਲਾਨ ਕੇ ਵਿਰੋਧੀ ਪਾਰਟੀਆਂ ਨੂੰ ਸਿਆਸੀ ਝਟਕਾ ਦੇਣ ਦੀ ਕੋਸ਼ਿਸ਼ ਕੀਤੀ ਹੈ| ਅਗਾਮੀ ਚੋਣਾਂ ਵਿਚ ਚੰਨੀ ਦਾ ਦਲਿਤ ਚਿਹਰਾ ਕਿੰਨਾ ਕੁ ਦਲਿਤ ਵੋਟ ਬੈਂਕ ਹਾਸਲ ਕਰਨ ਵਿਚ ਸਫਲ ਹੋਵੇਗਾ, ਫਿਲਹਾਲ ਕਹਿਣਾ ਮੁਸ਼ਕਲ ਹੈ, ਪਰ ਹਾਈ ਕਮਾਨ ਨੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣ ਲਈ ਦੋਹਰਾ ਪੱਤਾ ਖੇਡਿਆ ਹੈ| ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਦੇ ਪ੍ਰਾਈਵੇਟ ਪੰਜ ਤਾਰਾ ਹੋਟਲ ਵਿਚ ਸਿਆਸੀ ਹਲਚਲ ਬਣੀ ਰਹੀ| ਕਰੀਬ ਪੌਣੇ ਛੇ ਵਜੇ ਸ਼ਾਮੀਂ ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਟਵੀਟ ਕਰਕੇ ਚਰਨਜੀਤ ਸਿੰਘ ਚੰਨੀ ਦੇ ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਦੀ ਪੁਸ਼ਟੀ ਕੀਤੀ| ਉਸ ਮਗਰੋਂ ਹੀ ਚਰਨਜੀਤ ਚੰਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ, ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਆਦਿ ਨਾਲ ਰਾਜ ਭਵਨ ਲਈ ਰਵਾਨਾ ਹੋਏ| ਸ੍ਰੀ ਚੰਨੀ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਕੋਲ ਆਪਣਾ ਦਾਅਵਾ ਪੇਸ਼ ਕੀਤਾ| ਰਾਜ ਭਵਨ ਦੇ ਬਾਹਰ ਚੰਨੀ ਨੇ 7 ਵਜੇ ਸ਼ਾਮੀਂ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਕੋਲ ਦਾਅਵਾ ਪੇਸ਼ ਕਰ ਦਿੱਤਾ ਹੈ ਅਤੇ ਰਾਜਪਾਲ ਵਲੋਂ ਭਲਕੇ 11 ਵਜੇ ਹਲਫ਼ ਲੈਣ ਦਾ ਸਮਾਂ ਦਿੱਤਾ ਗਿਆ ਹੈ|

          ਪਾਰਟੀ ਹਾਈ ਕਮਾਨ ਨੂੰ ਅੱਜ ਅੰਤਿਮ ਫੈਸਲਾ ਲੈੈਣ ਲਈ ਕਾਫੀ ਮੁਸ਼ਕਲ ਦੌਰ ਵਿਚੋਂ ਲੰਘਣਾ ਪਿਆ| ਕੇਂਦਰੀ ਨਿਗਰਾਨਾਂ ਨੇ ਅੱਜ ਦਿਨ ਵੇਲੇ ਵਿਧਾਇਕਾਂ ਨੂੰ ਫੋਨ ਕਰਕੇ ਉਨ੍ਹਾਂ ਤੋਂ ਰਾਏ ਮੰਗੀ। ਸੁਨੀਲ ਜਾਖੜ ਅਤੇ ਸੁਖਜਿੰਦਰ ਰੰਧਾਵਾ ਦੇ ਨਾਵਾਂ ’ਤੇ ਲੰਮੀ ਬਹਿਸ ਚੱਲੀ| ਹਾਈ ਕਮਾਨ ਵੱਲੋਂ ਸੁਨੀਲ ਜਾਖੜ ਨੂੰ ਅੱਗੇ ਕਰਕੇ ਹਿੰਦੂ ਪੱਤਾ ਖੇਡਣ ਬਾਰੇ ਸੋਚਿਆ ਗਿਆ ਸੀ, ਪਰ ਅੰਬਿਕਾ ਸੋਨੀ ਨੇ ਅਚਾਨਕ ਦੁਪਹਿਰ ਵਕਤ ਮੁੱਖ ਮੰਤਰੀ ਸਿੱਖ ਚਿਹਰਾ ਹੋਣ ਦਾ ਐਲਾਨ ਕਰ ਦਿੱਤਾ| ਹਾਈ ਕਮਾਨ ਦੀ ਇੱਛਾ ਸੀ ਕਿ ਨਵਾਂ ਚਿਹਰਾ ਪਾਰਟੀ ਦੇ ਨਵੇਂ ਪ੍ਰਧਾਨ ਨਵਜੋਤ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਵਾਲਾ ਹੋਵੇ| ਦੇਰ ਸ਼ਾਮ ਰਾਜ ਭਵਨ ’ਚੋਂ ਰਵਾਨਾ ਹੋ ਕੇ ਚਰਨਜੀਤ ਚੰਨੀ ਸਿੱਧਾ ਆਪਣੀ ਰਿਹਾਇਸ਼ ’ਤੇ ਪੁੱਜੇ ਜਿੱਥੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਹੋਰਨਾਂ ਵਿਧਾਇਕਾਂ ਨੇ ਚੰਨੀ ਨੂੰ ਮੁਬਾਰਕਾਂ ਦਿੱਤੀਆਂ| ਹੁਣ ਜਦੋਂ ਚੰਨੀ ਮੁੱਖ ਮੰਤਰੀ ਐਲਾਨੇ ਜਾ ਚੁੱਕੇ ਹਨ ਤਾਂ ਉਨ੍ਹਾਂ ਅੱਗੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਾਲ ਲੈ ਕੇ ਚੱਲਣਾ ਵੀ ਪਰਖ ਵਾਲੀ ਗੱਲ ਹੋਵੇਗੀ|

                                       ਸਮਾਂ ਘੱਟ, ਪੈਂਡਾ ਲੰਮਾ ਤੇ ਆਸਾਂ ਵੱਡੀਆਂ !

ਪੰਜਾਬ ਦੇ ਅਗਲੇ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਕੋਲ ਹੁਣ ਸਮਾਂ ਘੱਟ ਅਤੇ ਪੈਂਡਾ ਲੰਮੇਰਾ ਹੈ। ਪੰਜਾਬ ਚੋੋਣਾਂ ’ਚ ਹੁਣ ਬਹੁਤਾ ਵਕਤ ਨਹੀਂ ਰਿਹਾ ਤੇ ਚੁਣੌਤੀਆਂ ਦਾ ਵੱਡਾ ਢੇਰ ਸਾਹਮਣੇ ਹੈ| ਨਵੇਂ ਮੁੱਖ ਮੰਤਰੀ ਵਜੋਂ ਚੰਨੀ ਲਈ ਇਹ ਪਰਖ ਦੀ ਘੜੀ ਹੋਵੇਗੀ| ਨਵੇਂ ਮੁੱਖ ਮੰਤਰੀ ਨੂੰ ਜਿੱਥੇ ਹਾਈ ਕਮਾਨ ਦੀਆਂ ਆਸਾਂ ਉਮੀਦਾਂ ’ਤੇ ਫੁੱਲ ਚੜ੍ਹਾਉਣੇ ਹੋਣਗੇ, ਉਥੇ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਵੱਡੀ ਚੁਣੌਤੀ ਹੋਵੇਗੀ| ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਵਾਅਦਿਆਂ ਤੋਂ ਪਲਟਣ ਕਰਕੇ ਲੋਕਾਂ ਦਾ ਵਿਸਵਾਸ਼ ਟੁੱਟਿਆ ਹੈ| ਕਾਂਗਰਸ ਹਾਈ ਕਮਾਨ ਨੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਠਾਉਣ ਦਾ ਫੈਸਲਾ ਕਰਕੇ ਅਗਾਮੀ ਚੋਣਾਂ ਲਈ ਵੱਡਾ ਦਾਅ ਖੇਡਿਆ ਹੈ| ਚੰਨੀ ਲਈ ਮੁੱਖ ਮੰਤਰੀ ਦਾ ਅਹੁਦਾ ਫੁੱਲਾਂ ਦੀ ਨਹੀਂ ਕੰਡਿਆਂ ਦੀ ਸੇਜ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਚੁਣੌਤੀਆਂ ਦਰਪੇਸ਼ ਰਹਿਣਗੀਆਂ। ਇਥੇ ਵੱਡਾ ਮਸਲਾ ਇਹ ਹੈ ਕਿ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਮੁੱਖ ਮੰਤਰੀ ਨੂੰ ਕੰਮ ਕਰਨ ਲਈ ਲਗਪਗ 100 ਦਿਨ ਹੀ ਮਿਲਣਗੇ। ਉਨ੍ਹਾਂ ਲਈ 18 ਨੁਕਾਤੀ ਏਜੰਡਾ ਪਰਖ ਬਣੇਗਾ| ਅਮਰਿੰਦਰ ਸਿੰਘ ਦੇ ਕਾਰਜਕਾਲ ਦੌਰਾਨ ਕਾਂਗਰਸ ’ਤੇ ਮਾਫੀਆ ਰਾਜ ਦੇ ਲੱਗੇ ਦਾਗ਼ ਨੂੰ ਧੋਣ ਵਿਚ ਵੀ ਉਨ੍ਹਾਂ ਨੂੰ ਲੰਮੇਰਾ ਵਕਤ ਲੱਗੇਗਾ| ਨਵੇਂ ਮੁੱਖ ਮੰਤਰੀ ਨੂੰ ਖਾਸ ਕਰਕੇ ਬਹਿਬਲ ਤੇ ਬਰਗਾੜੀ ਮਾਮਲੇ ’ਤੇ ਨਤੀਜੇ ਦੇਣੇ ਹੋਣਗੇ| ਉਸ ਤੋਂ ਵੱਧ ਨਸ਼ਾ ਤਸਕਰੀ ਦੇ ਮਾਮਲੇ ’ਚ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਦਲੇਰੀ ਦਿਖਾਉਣੀ ਹੋਵੇਗੀ| ਇਸੇ ਤਰ੍ਹਾਂ ਮਹਿੰਗੇ ਬਿਜਲੀ ਸਮਝੌਤੇ ਵੀ ਉਨ੍ਹਾਂ ਦਾ ਇਮਤਿਹਾਨ ਲੈਣਗੇ| ਪੰਜਾਬ ਵਿੱਚ ਰੁਜ਼ਗਾਰ ਦਾ ਵੱਡਾ ਮਸਲਾ ਹੈ ਅਤੇ ਪੰਜਾਬ ਭਰ ਵਿਚ ਬੇਰੁਜ਼ਗਾਰਾਂ ਵੱਲੋਂ ਧਰਨੇ ਮੁਜ਼ਾਹਰੇ ਕੀਤੇ ਜਾ ਰਹੇ ਹਨ| ਉਹ ਪੰਜਾਬ ਦੀ ਜਵਾਨੀ ਨੂੰ ਕਿਵੇਂ ਮੋੜਾ ਦੇਣਗੇ, ਇਹ ਵੀ ਪਰਖ ਬਣੇਗਾ| ਸਭ ਤੋਂ ਵੱਡਾ ਮਸਲਾ ਕਿਸਾਨੀ ਦਾ ਹੋਵੇਗਾ| ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਧਿਰਾਂ ਪ੍ਰਤੀ ਨਰਮੀ ਵਰਤੀ ਜਾਂਦੀ ਸੀ| ਚੰਨੀ ਕਿਸਾਨ ਅੰਦੋਲਨ ਨੂੰ ਲੈ ਕੇ ਕਿਸ ਤਰ੍ਹਾਂ ਦਾ ਰੁਖ਼ ਅਖ਼ਤਿਆਰ ਕਰਦੇ ਹਨ ਅਤੇ ਕਿਸਾਨਾਂ ਦੇ ਦਿਲ ਕਿਵੇਂ ਜਿੱਤਣਗੇ, ਇਹ ਵੀ ਵੇਖਣ ਵਾਲੀ ਗੱਲ ਹੋਵੇਗੀ|

                                        ਕੌਂਸਲਰ ਤੋਂ ਮੁੱਖ ਮੰਤਰੀ ਤੱਕ ਦਾ ਸਫ਼ਰ

ਚਰਨਜੀਤ ਸਿੰਘ ਚੰਨੀ ਨੇ ਆਪਣਾ ਸਿਆਸੀ ਸਫ਼ਰ ਬਤੌਰ ਨਗਰ ਕੌਂਸਲਰ ਸ਼ੁਰੂ ਕੀਤਾ| ਉਹ ਤਿੰਨ ਵਾਰੀ ਕੌਂਸਲਰ ਰਹੇ ਅਤੇ ਫਿਰ ਨਗਰ ਕੌਂਸਲ ਖਰੜ ਦੇ ਪ੍ਰਧਾਨ ਵੀ ਬਣੇ| 15 ਮਾਰਚ 1963 ਨੂੰ ਜਨਮੇ ਚਰਨਜੀਤ ਚੰਨੀ ਨੇ ਆਜ਼ਾਦ ਉਮੀਦਵਾਰ ਵਜੋਂ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜੀ ਅਤੇ ਵਿਧਾਨ ਸਭਾ ਵਿਚ ਪੁੱਜੇ। ਉਸ ਮਗਰੋਂ ਉਨ੍ਹਾਂ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ ਅਤੇ 2012 ਵਿਚ ਕਾਂਗਰਸੀ ਉਮੀਦਵਾਰ ਵਜੋਂ ਚੋਣ ਜਿੱਤ ਕੇ ਵਿਧਾਇਕ ਬਣੇ| ਹੁਣ ਤੀਸਰੀ ਦਫ਼ਾ ਵਿਧਾਇਕ ਬਣਨ ਮਗਰੋਂ ਤਕਨੀਕੀ ਸਿੱਖਿਆ ਮੰਤਰੀ ਬਣੇ| ਉਨ੍ਹਾਂ ਦੀ ਵਿੱਦਿਅਕ ਯੋਗਤਾ ਐਮ.ਏ (ਰਾਜਨੀਤੀ ਸ਼ਾਸਤਰ), ਐੱਮਬੀਏ ਅਤੇ ਐੱਲਐੱਲਬੀ ਹੈ। ਚੰਨੀ ਦਾ ਨਾਮ ਸਮੇਂ ਸਮੇਂ ’ਤੇ ਵਿਵਾਦਾਂ ਨਾਲ ਵੀ ਜੁੜਦਾ ਰਿਹਾ ਹੈ। ਮੀ-ਟੂ ਮੁਹਿੰਮ ਦੌਰਾਨ ਉਨ੍ਹਾਂ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਅਤੇ ਉਹ ਜੋਤਿਸ਼ ਵਿੱਦਿਆ ਵਿਚ ਵਿਸਵਾਸ਼ ਰੱਖਣ ਕਰਕੇ ਵੀ ਸੁਰਖੀਆਂ ਵਿਚ ਰਹੇ ਹਨ।

                                  ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾਣਗੇ: ਰਾਹੁਲ ਗਾਂਧੀ

ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਟਵੀਟ ਕਰਕੇ ਨਵੇਂ ਮੁੱਖ ਮੰਤਰੀ ਵਜੋਂ ਨਾਮਜ਼ਦ ਚਰਨਜੀਤ ਸਿੰਘ ਚੰਨੀ ਨੂੰ ਨਵੀਂ ਭੂਮਿਕਾ ਲਈ ਵਧਾਈ ਦਿੱਤੀ। ਰਾਹੁਲ ਗਾਂਧੀ ਨੇ ਕਿਹਾ ਕਿ ਪਾਰਟੀ ਵੱਲੋਂ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਰੋਸਾ ਮਹੱਤਵਪੂਰਨ ਹੈ। ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੰਨੀ ਨੂੰ ਮੁਬਾਰਕਾਂ ਦਿੱਤੀਆਂ ਹਨ। ਪੰਜਾਬ ਮਾਮਲਿਆਂ ਬਾਰੇ ਇੰਚਾਰਜ ਹਰੀਸ਼ ਰਾਵਤ, ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਕਾਂਗਰਸ ਦੇ ਜਨਰਲ ਸਕੱਤਰ ਪਰਗਟ ਸਿੰਘ ਅਤੇ ਬ੍ਰਹਮ ਮਹਿੰਦਰਾ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਆਗੂਆਂ ਨੇ ਵੀ ਵਧਾਈ ਦਿੱਤੀ।

                             ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਉਪ ਮੁੱਖ ਮੰਤਰੀ ਨਿਯੁਕਤ

ਕਾਂਗਰਸ ਹਾਈ ਕਮਾਨ ਨੇ ਦੇਰ ਰਾਤ ਕੀਤੇ ਫੈਸਲੇ ਵਿੱਚ ਸੀਨੀਅਰ ਮੰਤਰੀਆਂ ਸੁਖਜਿੰਦਰ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਉਪ ਮੰਤਰੀ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਖ਼ਜ਼ਾਨਚੀ ਤੇ ਸੀਨੀਅਰ ਕਾਂਗਰਸ ਆਗੂ ਪਵਨ ਕੁਮਾਰ ਬਾਂਸਲ ਨੇ ਟਵੀਟ ਕਰਕੇ ਮਹਿੰਦਰਾ ਤੇ ਰੰਧਾਵਾ ਨੂੰ ਡਿਪਟੀ ਸੀਐੱਮ ਨਿਯੁਕਤ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਬ੍ਰਹਮ ਮਹਿੰਦਰਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਨੇੜਲਿਆਂ ’ਚੋਂ ਇਕ ਹਨ ਤੇ ਉਹ ਕੈਪਟਨ ਸਰਕਾਰ ’ਚ ਸੀਨੀਅਰ ਮੰਤਰੀ ਸਨ। ਉਧਰ ਸੁਖਜਿੰਦਰ ਰੰਧਾਵਾ, ਜਿਨ੍ਹਾਂ ਨੂੰ ਕੈਪਟਨ ਦੇ ਕਾਫੀ ਕਰੀਬ ਮੰਨਿਆ ਜਾਂਦਾ ਸੀ, ਚੋਣ ਵਾਅਦਿਆਂ ਦੀ ਪੂਰਤੀ ਦੇ ਮੁੱਦੇ ਨੂੰ ਲੈ ਕੇ ਵਧੇ ਵੱਖਰੇਵਿਆਂ ਮਗਰੋਂ ਕੈਪਟਨ ਧੜੇ ਨਾਲੋਂ ਵੱਖ ਹੋ ਗਏ ਸਨ। ਦੋ ਉਪ ਮੁੱਖ ਮੰਤਰੀਆਂ ਦੀ ਚੋਣ ਤੋਂ ਸਾਫ਼ ਹੈ ਕਿ ਕਾਂਗਰਸ ਹਾਈ ਕਮਾਨ ਨੇ ਕੈਪਟਨ ਅਮਰਿੰਦਰ ਨੇੜਲੇ ਆਗੂ ਨੂੰ ਐਡਜਸਟ ਕਰਨ ਦੀ ਕੋਸ਼ਿਸ਼ ਕੀਤੀ ਹੈ।

                                     ਸਿੱਧੂ ਦਾ ਰਾਹ ਡੱਕਣ ਿਵੱਚ ਸਫ਼ਲ ਰਹੇ ਕੈਪਟਨ

ਕੈਪਟਨ ਅਮਰਿੰਦਰ ਸਿੰਘ ਅਸਤੀਫਾ ਦੇਣ ਮਗਰੋਂ ਲਏ ਨਵੇਂ ਸਿਆਸੀ ਪੈਂਤੜੇ ਕਰਕੇ ਮੁੱਖ ਮੰਤਰੀ ਦੀ ਦੌੜ ਵਿੱਚ ਸ਼ਾਮਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਰਾਹ ਰੋਕਣ ਵਿਚ ਸਫ਼ਲ ਰਹੇ ਹਨ। ਉਹ ਆਪਣੇ ਕਿਸੇ ਵੀ ਕੱਟੜ ਵਿਰੋਧੀ ਨੂੰ ਮੁੱਖ ਮੰਤਰੀ ਵਜੋਂ ਨਹੀਂ ਦੇਖਣਾ ਚਾਹੁੰਦੇ ਸਨ। ਮੁੱਖ ਮੰਤਰੀ ਦਾ ਅਹੁਦਾ ਕਿਸੇ ਮਝੈਲ ਨੂੰ ਨਾ ਮਿਲਣ ਕਰਕੇ ਅਮਰਿੰਦਰ ਨੇੜਲੇ ਮਝੈਲ ਭਰਾਵਾਂ ਨੇ ਵੀ ਰਾਹਤ ਮਹਿਸੂਸ ਕੀਤੀ ਹੈ। ਅਮਰਿੰਦਰ ਸਿੰਘ ਨੇ ਟਵੀਟ ਕਰਕੇ ਚਰਨਜੀਤ ਚੰਨੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਉਮੀਦ ਜ਼ਾਹਿਰ ਕੀਤੀ ਕਿ ਚੰਨੀ ਸਰਹੱਦੀ ਸੂਬੇ ਅਤੇ ਲੋਕਾਂ ਨੂੰ ਸਰਹੱਦ ਪਾਰਲੇ ਖਤਰੇ ਤੋਂ ਸੁਰੱਖਿਅਤ ਰੱਖਣਗੇ।

                                   ਕਾਂਗਰਸ ਨੇ ਨਵਾਂ ਇਤਿਹਾਸ ਰਚਿਆ: ਸੁਰਜੇਵਾਲਾ

ਕਾਂਗਰਸੀ ਆਗੂ ਰਣਦੀਪ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਕਾਂਗਰਸ ਨੇ ਅੱਜ ਨਵਾਂ ਇਤਿਹਾਸ ਰਚਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਇੱਕ ਦਲਿਤ ਸਾਥੀ ਨੂੰ ਮੁੱਖ ਮੰਤਰੀ ਬਣਾ ਕੇ ਹਰ ਗਰੀਬ ਵਰਕਰ ਨੂੰ ਤਾਕਤ ਬਖਸ਼ੀ ਹੈ| ਤਾਰੀਖ ਗਵਾਹ ਹੈ ਕਿ ਅੱਜ ਦਾ ਨਿਰਣਾ ਪੰਜਾਬ ਤੇ ਦੇਸ਼ ਦੇ ਹਰ ਵੰਚਿਤ ਤੇ ਸ਼ੋਸ਼ਿਤ ਸਾਥੀ ਲਈ ਉਮੀਦ ਦੀ ਕਿਰਨ ਬਣੇਗਾ ਅਤੇ ਨਵੇਂ ਦਰਵਾਜ਼ੇ ਖੁੱਲ੍ਹਣਗੇ|

                                       ਮਾਝਾ ਬ੍ਰਿਗੇਡ ਨੇ ਮੋਰਚਾ ਫਤਹਿ ਕੀਤਾ: ਰੰਧਾਵਾ

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਹ ਹਾਈ ਕਮਾਨ ਦੇ ਫੈਸਲੇ ਨੂੰ ਸਵੀਕਾਰ ਕਰਦੇ ਹਨ ਅਤੇ ਇਹ ਵੀ ਕਿਹਾ ਕਿ ਮਾਝਾ ਬ੍ਰਿਗੇਡ ਵੱਲੋਂ ਜੋ ਲੜਾਈ ਸ਼ੁਰੂ ਕੀਤੀ ਗਈ ਸੀ, ਉਸ ’ਚ ਅੱਜ ਫਤਹਿ ਹੋਈ ਹੈ| ਅਹੁਦਿਆਂ ਦੀ ਲਾਲਸਾ ਉਨ੍ਹਾਂ ਦੇ ਖੂਨ ਵਿਚ ਨਹੀਂ ਹੈ ਅਤੇ ਉਹ ਕਦੇ ਵੀ ਪਾਰਟੀ ਨਾਲ ਨਾ ਰੁੱਸੇ ਹਨ ਅਤੇ ਨਾ ਹੀ ਪਾਰਟੀ ਨੂੰ ਕਦੇ ਪਿੱਠ ਵਿਖਾਈ ਹੈ| ਡਿਪਟੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਉਨ੍ਹਾਂ ਕਿਹਾ ਕਿ ਇਹ ਕੋਈ ਸੰਵਿਧਾਨਕ ਅਹੁਦਾ ਨਹੀਂ ਹੈ| ਉਨ੍ਹਾਂ ਕਿਹਾ ਕਿ ਬੇਦਅਬੀ ਮੁੱਦਾ, ਨਸ਼ਾ ਤਸਕਰੀ ਅਤੇ ਬਿਜਲੀ ਸਮਝੌਤੇ ਨਾਲ ਜੁੜੇ ਚੋਣ ਵਾਅਦਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

                                             ਮੁਬਾਰਕਾਂ ! ਚੰਨੀ ਬਾਈ: ਸਿੱਧੂ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੁੂ ਨੇ ਅੱਜ ਮੁੱਖ ਮੰਤਰੀ ਦੇ ਐਲਾਨ ਮਗਰੋਂ ਟਵੀਟ ਕਰਕੇ ਕਿਹਾ ਕਿ ‘‘ਇਤਿਹਾਸਕ!! ਪੰਜਾਬ ਦਾ ਪਹਿਲਾ ਦਲਿਤ ਮੁੱਖ ਮੰਤਰੀ ਐਲਾਨਿਆ ਗਿਆ ਹੈ, ਇਤਿਹਾਸ ਵਿਚ ਇਹ ਸੁਨਹਿਰੀ ਅੱਖਰਾਂ ਵਿਚ ਲਿਖਿਆ ਜਾਵੇਗਾ| ਇਹ ਸੰਵਿਧਾਨ ਦੀ ਸਪਿਰਟ ਅਤੇ ਕਾਂਗਰਸ ਨੂੰ ਸੱਚੀ ਸ਼ਰਧਾ ਹੈ। ਮੁਬਾਰਕਾਂ ! ਚਰਨਜੀਤ ਚੰਨੀ ਬਾਈ।’’

                                          ਵਾਅਦੇ ਪੂਰੇ ਕਰਨ ਚੰਨੀ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਨਵੇਂ ਐਲਾਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਵਧਾਈ ਦਿੱਤੀ ਹੈ| ਸ੍ਰੀ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੀਆਂ ਅਮੀਰ ਲੋਕਰਾਜੀ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਚੰਨੀ ਤੋਂ ਉਸਾਰੂ ਭੂਮਿਕਾ ਦੀ ਆਸ ਕਰਦੇ ਹਨ ਅਤੇ ਉਮੀਦ ਕਰਦੇ ਹਨ ਕਿ ਚੰਨੀ ਕਾਂਗਰਸ ਵੱਲੋਂ ਕੀਤੇ ਚੋਣ ਵਾਅਦੇ ਅਤੇ ਸਾਢੇ ਚਾਰ ਸਾਲ ਤੋਂ ਬਕਾਇਆ ਪਈਆਂ ਮੰਗਾਂ ਨੂੰ ਪੂਰਾ ਕਰਨਗੇ।

                                 ਦਲਿਤਾਂ ਦੇ ਮਸਲੇ ਹੱਲ ਕਰਨ ਪਹਿਲਾਂ: ਨਸਰਾਲੀ

ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਕਿਹਾ ਕਿ ਉਨ੍ਹਾਂ ਨੇ ਨਵੇਂ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਬਹੁਤੀਆਂ ਉਮੀਦਾਂ ਨਹੀਂ ਲਾਈਆਂ ਕਿਉਂਕਿ ਅਗਾਮੀ ਚੋੋਣਾਂ ਲਈ ਸਮਾਂ ਬਹੁਤ ਥੋੜ੍ਹਾ ਹੈ ਅਤੇ ਦਲਿਤ ਭਾਈਚਾਰੇ ਦੇ ਮਸਲੇ ਵੱਡੇ ਹਨ। ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਨੇ 34 ਵਿਧਾਇਕ ਵਿਧਾਨ ਸਭਾ ਵਿਚ ਪਹਿਲਾਂ ਹੀ ਭੇਜੇ ਹੋਏ ਸਨ, ਉਨ੍ਹਾਂ ’ਚੋਂ ਕਿਸੇ ਨੇ ਵੀ ਇੱਕ ਸ਼ਬਦ ਵੀ ਖੇਤ ਮਜ਼ਦੂਰਾਂ ਪ੍ਰਤੀ ਨਹੀਂ ਬੋਲਿਆ। ਨਸਰਾਲੀ ਨੇ ਕਿਹਾ ਕਿ ਮੁੱਖ ਮੰਤਰੀ ਵਜੋਂ ਹਲਫ਼ ਲੈਣ ਮਗਰੋਂ ਚੰਨੀ ਦਲਿਤ ਭਾਈਚਾਰੇ ਦਾ ਸਭ ਤੋਂ ਵੱਡਾ ਮਸਲਾ ਰੁਜ਼ਗਾਰ ਦਾ ਹੱਲ ਕਰਨ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ’ਤੇ ਲੀਕ ਫੇਰਨ। ਇਸੇ ਤਰ੍ਹਾਂ ਦਲਿਤਾਂ ਦੇ ਰਿਹਾਇਸ਼ ਦੇ ਮਸਲੇ ਵੀ ਹੱਲ ਕਰਨ।

Sunday, September 19, 2021

                                            ਸਿਆਸੀ ਵਿਦਾਇਗੀ
                     ਅਮਰਿੰਦਰ ਦੂਜੀ ਪਾਰੀ ’ਚ ਦਿਖਾ ਨਾ ਸਕੇ ਕਪਤਾਨੀ
                                              ਚਰਨਜੀਤ ਭੁੱਲਰ             

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਦੂਜੀ ਪਾਰੀ ਉਨ੍ਹਾਂ ਦੇ ਸਿਆਸੀ ਅਕਸ ਨੂੰ ਢਾਹ ਲਾ ਗਈ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਆਪਣਾ ਪੰਜ ਵਰ੍ਹਿਆਂ ਦਾ ਕਾਰਜਕਾਲ ਪੂਰਾ ਕਰਨਾ ਨਸੀਬ ਨਾ ਹੋਇਆ। ਦੂਸਰੀ ਪਾਰੀ ਵਿਚ ਉਨ੍ਹਾਂ ਦੀ ਭਰੋਸੇਯੋਗਤਾ ਨੂੰ ਵੱਡੀ ਢਾਹ ਲੱਗੀ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਪੁਰਾਣੇ ਅਕਸ ਨੂੰ ਕਾਇਮ ਰੱਖਣ ਵਿੱਚ ਫੇਲ੍ਹ ਰਹੇ। ਜਦੋਂ ਵਰ੍ਹਾ 2017 ਦੀਆਂ ਚੋਣਾਂ ਸਨ ਤਾਂ ਉਦੋਂ ਅਮਰਿੰਦਰ ਸਿੰਘ ਮਜ਼ਬੂਤ ਆਗੂ ਵਜੋਂ ਉਭਰੇ ਸਨ ਪਰ ਛੇਤੀ ਹੀ ਉਹ ਲੋਕ ਮਨਾਂ ’ਚੋਂ ਆਪਣੀ ਪੈਂਠ ਗੁਆ ਬੈਠੇ। ਅਮਰਿੰਦਰ ਸਿੰਘ ਵੱਲੋਂ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਖਾਣੀ ਅਤੇ ਉਸ ’ਤੇ ਪਹਿਰਾ ਨਾ ਦੇਣਾ ਵੀ ਸਿਆਸੀ ਚਰਚਾ ਵਿੱਚ ਰਿਹਾ।ਪਹਿਲੀ ਪਾਰੀ ਦੌਰਾਨ ਅਮਰਿੰਦਰ ਸਿੰਘ ਦਲੇਰਾਨਾ ਫ਼ੈਸਲੇ ਲੈਣ ਵਜੋਂ ਜਾਣੇ ਜਾਂਦੇ ਸਨ। ਸਭ ਤੋਂ ਮਹਿੰਗਾ ਉਨ੍ਹਾਂ ਨੂੰ ਐਤਕੀਂ ਬਾਦਲਾਂ ਪ੍ਰਤੀ ਦੋਸਤਾਨਾ ਰਵੱਈਆ ਪਿਆ ਹੈ। ਚੋਣਾਂ ਵਿੱਚ ਥੋੜ੍ਹਾ ਸਮਾਂ ਰਹਿਣ ਦੇ ਬਾਵਜੂਦ ਅਮਰਿੰਦਰ ਸਿੰਘ ਨੇ ਸਿਆਸੀ ਰੁਖ ਵਿੱਚ ਕੋਈ ਬਦਲਾਅ ਨਾ ਲਿਆਂਦਾ। ਜਦੋਂ ਕਾਂਗਰਸੀ ਵਿਧਾਇਕਾਂ ਤੇ ਵਜ਼ੀਰਾਂ ਨੂੰ ਜਾਪਿਆ ਕਿ ਉਨ੍ਹਾਂ ਨੂੰ ਅਗਲੀਆਂ ਚੋਣਾਂ ’ਚ ਲੋਕ ਕਚਹਿਰੀ ’ਚ ਮੂੰਹ ਦਿਖਾਉਣਾ ਮੁਸ਼ਕਲ ਹੋ ਜਾਵੇਗਾ ਤਾਂ ਉਨ੍ਹਾਂ ਕੈਪਟਨ ਖ਼ਿਲਾਫ਼ ਝੰਡਾ ਚੁੱਕ ਲਿਆ।

           ਸਿਆਸੀ ਮਾਹਿਰ ਆਖਦੇ ਹਨ ਕਿ ਅਮਰਿੰਦਰ ਸਿੰਘ ਨੇ ਦੂਸਰੀ ਪਾਰੀ ਦੌਰਾਨ ਜਿੱਥੇ ਆਮ ਲੋਕਾਂ ਤੋਂ ਦੂਰੀ ਬਣਾਈ ਰੱਖੀ, ਉਥੇ ਪਾਰਟੀ ਦੇ ਵਿਧਾਇਕਾਂ ਅਤੇ ਵਜ਼ੀਰਾਂ ਨੂੰ ਵੀ ਮਿਲਣ ਲਈ ਸਮਾਂ ਨਹੀਂ ਦਿੰਦੇ ਸਨ। ਸਿਸਵਾਂ ਫਾਰਮ ਹਾਊਸ ਵਿੱਚੋਂ ਨਾ ਨਿਕਲਣਾ ਵੀ ਉਨ੍ਹਾਂ ਨੂੰ ਸਿਆਸੀ ਤੌਰ ’ਤੇ ਲੋਕਾਂ ਤੋਂ ਦੂਰ ਲੈ ਗਿਆ। ਇਸੇ ਤਰ੍ਹਾਂ ਅਮਰਿੰਦਰ ਸਿੰਘ ਦੀ ਨੌਕਰਸ਼ਾਹੀ ’ਤੇ ਲੋੜੋਂ ਵੱਧ ਨਿਰਭਰਤਾ ਅਤੇ ਅਫ਼ਸਰਸ਼ਾਹੀ ਨੂੰ ਤਰਜੀਹ ਦੇਣ ਨਾਲ ਵੀ ਕੈਪਟਨ ਦੀ ਭੱਲ ਨੂੰ ਢਾਹ ਲੱਗੀ ਹੈ।ਅਮਰਿੰਦਰ ਸਿੰਘ ਵੱਲੋਂ ਆਪਣੇ ਚੀਫ ਪ੍ਰਮੁੱਖ ਸਕੱਤਰ ਨੂੰ ਪੂਰੀ ਕਮਾਨ ਦਿੱਤੇ ਜਾਣ ਤੋਂ ਚੁਣੇ ਹੋਏ ਨੁਮਾਇੰਦੇ ਹੇਠੀ ਮਹਿਸੂਸ ਕਰਦੇ ਸਨ। ਹਾਈਕਮਾਨ ਦਾ ਮਨ ਉਦੋਂ ਖੱਟਾ ਪੈਣਾ ਸ਼ੁਰੂ ਹੋ ਗਿਆ ਸੀ, ਜਦੋਂ 18 ਨੁਕਾਤੀ ਏਜੰਡੇ ’ਤੇ ਵੀ ਅਮਰਿੰਦਰ ਸਿੰਘ ਨੇ ਕੋਈ ਠੋਸ ਕਾਰਵਾਈ ਨਾ ਕੀਤੀ। ਹਾਈਕਮਾਨ ਨੂੰ ਇਹ ਗੱਲ ਪੱਕੀ ਹੋਣ ਲੱਗੀ ਸੀ ਕਿ ਅਮਰਿੰਦਰ ਸਿੰਘ ਸਿਆਸੀ ਵਿਰੋਧੀ ਬਾਦਲਾਂ ਨਾਲ ਵੀ ਅੰਦਰੋਂ ਖਿਓ-ਖਿਚੜੀ ਹਨ। 

          ਬਹਿਬਲ ਕਲਾਂ ਤੇ ਬਰਗਾੜੀ ਦੇ ਮਾਮਲੇ ’ਤੇ ਕੋਈ ਕਾਰਵਾਈ ਨਾ ਕਰਨਾ, ਬਿਜਲੀ ਸਮਝੌਤਿਆਂ ’ਤੇ ਚੁੱਪ ਵੱਟਣਾ, ਹਰ ਤਰ੍ਹਾਂ ਦੇ ਮਾਫੀਏ ਨੂੰ ਖੁੱਲ੍ਹੀ ਛੁੱਟੀ ਦੇਣਾ ਅਤੇ ਵੱਡੇ ਨਸ਼ਾ ਤਸਕਰਾਂ ਤੋਂ ਮੂੰਹ ਫੇਰਨਾ, ਇਹ ਉਹ ਸਭ ਮਾਮਲੇ ਹਨ ਜਿਨ੍ਹਾਂ ਕਰਕੇ ਆਮ ਲੋਕ ਵੀ ਅਮਰਿੰਦਰ ਨੂੰ ਕਮਾਨ ਦੇ ਕੇ ਪਛਤਾਉਣ ਲੱਗੇ ਸਨ। ਭਾਵੇਂ ਅਮਰਿੰਦਰ ਸਿੰਘ ਨੇ ਕਿਸਾਨ ਪੱਖੀ ਕਈ ਫ਼ੈਸਲੇ ਲਏ ਹਨ ਪਰ ਉਨ੍ਹਾਂ ਦੀ ਪੰਜਾਬ ਵਿੱਚੋਂ ਗੈਰਹਾਜ਼ਰੀ ਸਭ ਨੂੰ ਰੜਕਦੀ ਰਹੀ ਹੈ। ਅਮਰਿੰਦਰ ਸਿੰਘ ਪੰਜਾਬ ਨੂੰ ਆਰਥਿਕ ਪੱਖੋਂ ਤੋਂ ਪੈਰਾਂ ਸਿਰ ਨਹੀਂ ਕਰ ਸਕੇ ਹਨ। ਸੂਤਰ ਆਖਦੇ ਹਨ ਕਿ ਅਮਰਿੰਦਰ ਸਿੰਘ ਦੀ ਕੇਂਦਰ ਦੀ ਭਾਜਪਾ ਸਰਕਾਰ ਨਾਲ ਅੰਦਰੋਂ ਸੁਰ ਮਿਲਦੀ ਹੋਣ ਦਾ ਸ਼ੱਕ ਵੀ ਲੋਕਾਂ ਵਿੱਚ ਵਧ ਗਿਆ ਸੀ। ਅਮਰਿੰਦਰ ਸਿੰਘ ਭਾਜਪਾ ਖ਼ਿਲਾਫ਼ ਦੱਬਵੀਂ ਸੁਰ ਵਿੱਚ ਬੋਲਦੇ ਰਹੇ ਹਨ। ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਠੰਢੀ ਰਹੀ ਅਤੇ ਉਨ੍ਹਾਂ ਐਤਕੀਂ ਦੀ ਪਾਰੀ ਦੌਰਾਨ ਕਿਸੇ ਵੀ ਸਿਆਸੀ ਆਗੂ ਨੂੰ ਹੱਥ ਨਹੀਂ ਪਾਇਆ।

                                            ਸਿਰਫ 100 ਦਿਨ ਬਚੇ ਹਨ...

ਹਾਈਕਮਾਨ ਤਰਫੋਂ ਐਲਾਨੇ ਜਾਣ ਵਾਲੇ ਮੁੱਖ ਮੰਤਰੀ ਅੱਗੇ ਚੁਣੌਤੀਆਂ ਦਾ ਢੇਰ ਹੋਵੇਗਾ। ਪਤਾ ਲੱਗਿਆ ਹੈ ਕਿ ਨਵੇਂ ਮੁੱਖ ਮੰਤਰੀ ਨੂੰ ਸੋਮਵਾਰ ਨੂੰ ਸਹੁੰ ਚੁਕਾਈ ਜਾ ਸਕਦੀ ਹੈ, ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਨਵੇਂ ਮੁੱਖ ਮੰਤਰੀ ਨੂੰ ਸਿਰਫ 100 ਦਿਨ ਦਾ ਸਮਾਂ ਮਿਲੇਗਾ ਅਤੇ ਇੰਨੇ ਥੋੜੇ ਸਮੇਂ ਵਿੱਚ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਦਸੰਬਰ ਅਖੀਰ ਤੱਕ ਚੋਣ ਜ਼ਾਬਤਾ ਲੱਗਣ ਦੀ ਸੰਭਾਵਨਾ ਹੈ। ਸਭ ਤੋਂ ਵੱਡਾ 18 ਨੁਕਾਤੀ ਏਜੰਡਾ ਹੋਵੇਗਾ, ਜਿਸ ਵਿੱਚ ਬਹਿਬਲ ਕਲਾਂ ਤੇ ਬਰਗਾੜੀ ਕਾਂਡ ਦਾ ਮਾਮਲਾ, ਨਸ਼ਾ ਤਸਕਰੀ ਦਾ ਮਾਮਲਾ, ਟਰਾਂਸਪੋਰਟ ਮਾਫੀਆ, ਬਿਜਲੀ ਸਮਝੌਤੇ ਆਦਿ ਮੁੱਖ ਹਨ। ਕੁਝ ਸਮਾਂ ਤਾਂ ਪ੍ਰਸ਼ਾਸਨਿਕ ਤਬਾਦਲਿਆਂ ਵਿੱਚ ਹੀ ਲੱਗ ਜਾਵੇਗਾ। ਉਸ ਮਗਰੋਂ ਧੜੱਲੇ ਤੇ ਦਲੇਰਾਨਾ ਫ਼ੈਸਲੇ ਲੈਣੇ ਪੈਣਗੇ ਤਾਂ ਹੀ ਲੋਕਾਂ ਵਿੱਚ ਕਾਂਗਰਸੀ ਮੂੰਹ ਦਿਖਾਈ ਕਰ ਸਕਣਗੇ। ਅੱਜ ਦੇ ਘਟਨਾਕ੍ਰਮ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨੇੜਲੇ ਹਰਚਰਨ ਬੈਂਸ ਨੇ ਟਵੀਟ ਕੀਤਾ ਹੈ ਕਿ ‘ਗੱਬਰ ਚਲਾ ਗਿਆ, ਕਾਲੀਆ ਆ ਗਿਆ।’ ਭਾਵ ਗੈਂਗ ਤਾਂ ਉਹੀ ਹੀ ਰਹੇਗਾ।

                                            ਚੜ੍ਹਦੇ ਸੂਰਜ ਨੂੰ ਸਲਾਮਾਂ...

ਮੁੱਖ ਮੰਤਰੀ ਵਜੋਂ ਅਸਤੀਫ਼ਾ ਦੇਣ ਦੀ ਦੇਰ ਸੀ ਕਿ ਪਰਛਾਵਾਂ ਬਣ ਕੇ ਚੱਲਣ ਵਾਲੇ ਆਗੂ ਵੀ ਸਾਥ ਛੱਡ ਗਏ। ਕੈਪਟਨ ਅਮਰਿੰਦਰ ਸਿੰਘ ਦਾ ਨੇੜਲਾ ਮਾਲਵਾ ਦਾ ਇੱਕ ਵਜ਼ੀਰ ਤਾਂ ਅੱਜ ਦਿਨ ਚੜ੍ਹਦੇ ਹੀ ਇੱਕ ਪ੍ਰਾਈਵੇਟ ਘਰ ਵਿੱਚ ਲੁਕ ਗਿਆ, ਜਿਸ ਨੂੰ ਡਰ ਸੀ ਕਿ ਕਿਤੇ ਅਮਰਿੰਦਰ ਸਿੰਘ ਵਿਧਾਇਕ ਦਲ ਦੀ ਮੀਟਿੰਗ ਤੋਂ ਪਹਿਲਾਂ ਉਸ ਨੂੰ ਆਪਣੇ ਘਰ ਨਾ ਸੱਦ ਲਵੇ। ਹਾਲਾਂ ਕਿ ਬੀਤੇ ਦਿਨ ਹੀ ਅਮਰਿੰਦਰ ਸਿੰਘ ਨੇ ਉਸ ਵਜ਼ੀਰ ’ਤੇ ਨਿੱਜੀ ਅਹਿਸਾਨ ਕੀਤਾ ਸੀ। ਬਤੌਰ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਤੇ ਦਿਨ ਆਖਰੀ ਕੈਬਨਿਟ ਮੀਟਿੰਗ ਕੀਤੀ, ਜਿਸ ਵਿੱਚ ਉਨ੍ਹਾਂ ਆਖਰੀ ਰੁਜ਼ਗਾਰ ਮਾਲ ਮੰਤਰੀ ਗੁਰਪ੍ਰੀਤ ਕਾਂਗੜ ਦੇ ਜਵਾਈ ਨੂੰ ਆਬਕਾਰੀ ਇੰਸਪੈਕਟਰ ਲਗਾ ਦਿੱਤਾ। ਦੂਸਰੀ ਤਰਫ਼ ਅੱਜ ਸੁਨੀਲ ਜਾਖੜ ਦੇ ਘਰ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ

                                         ਪ੍ਰਸ਼ਾਂਤ ਕਿਸ਼ੋਰ ਖੁਸ਼ ਹੂਆ..
                        ਕੈਪਟਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ
                                              ਚਰਨਜੀਤ ਭੁੱਲਰ        

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਮਗਰੋਂ ਪੰਜਾਬ ਕਾਂਗਰਸ ਵਿਧਾਇਕ ਦਲ ਨੇ ਸਰਬਸੰਮਤੀ ਨਾਲ ਅਗਲੇ ਮੁੱਖ ਮੰਤਰੀ ਲਈ ਫ਼ੈਸਲਾ ਲੈਣ ਦੇ ਅਧਿਕਾਰ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ| ਹਾਈ ਕਮਾਨ ਵੱਲੋਂ ਪੰਜਾਬ ਦੇ ਅਗਲੇ ਮੁੱਖ ਮੰਤਰੀ ਦਾ ਐਲਾਨ ਕਿਸੇ ਵੇਲੇ ਵੀ ਕੀਤਾ ਜਾ ਸਕਦਾ ਹੈ| ਸੂਤਰਾਂ ਮੁਤਾਬਕ ਐਤਵਾਰ ਨੂੰ ਕਾਂਗਰਸ ਵਿਧਾਇਕ ਦਲ ਦੀ ਸਵੇਰੇ 11 ਵਜੇ ਮੁੜ ਮੀਟਿੰਗ ਸੱਦ ਲਈ ਗਈ ਹੈ ਜਿਸ ਿਵੱਚ ਨਵੇਂ ਮੁੱਖ ਮੰਤਰੀ ਦੇ ਨਾਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਅਹੁਦੇ ਲਈ ਸੁਨੀਲ ਜਾਖੜ ਦੇ ਨਾਮ ’ਤੇ ਵੀ ਇਤਰਾਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਭਲਕੇ ਹੀ ਨਵਾਂ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਚੁੱਕ ਸਕਦਾ ਹੈ। ਹਾਈ ਕਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਪੰਜਾਬ ਕਾਂਗਰਸ ਅੰਦਰਲੀ ਖਿੱਚੋਤਾਣ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਬਦੀਲ ਕਰਨ ਦੀ ਸਿਆਸੀ ਹਿੰਮਤ ਦਿਖਾਈ ਹੈ|

            ਕਾਂਗਰਸ ਹਾਈ ਕਮਾਨ ਨੇ ਨਵੇਂ ਚਿਹਰੇ ਨਾਲ ਆਗਾਮੀ ਚੋਣਾਂ ਵਿਚ ਉਤਰਨ ਦਾ ਪੈਂਤੜਾ ਲਿਆ ਹੈ| ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਤੋਂ ਕਰੀਬ 22 ਮਿੰਟ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਸੌਂਪ ਦਿੱਤਾ| ਰਾਜਪਾਲ ਨੇ ਕੈਪਟਨ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਦਾ ਅਸਤੀਫ਼ਾ ਸਵੀਕਾਰ ਕਰ ਲਿਆ ਹੈ| ਰਾਜਪਾਲ ਨੇ ਉਨ੍ਹਾਂ ਨੂੰ ਅਤੇ ਮੰਤਰੀ ਮੰਡਲ ਨੂੰ ਬਦਲਵੇਂ ਪ੍ਰਬੰਧ ਹੋਣ ਤੱਕ ਕੰਮਕਾਜ ਚਲਾਉਣ ਲਈ ਕਿਹਾ ਹੈ| ਇਸ ਦੌਰਾਨ ਕਾਂਗਰਸ ਭਵਨ ਵਿਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ ਹੇਠ ਹੋਈ ਜਿਸ ਵਿਚ ਪਾਰਟੀ ਦੇ 80 ਵਿਧਾਇਕਾਂ ’ਚੋਂ 78 ਨੇ ਸ਼ਮੂਲੀਅਤ ਕੀਤੀ| ‘ਆਪ’ ’ਚੋਂ ਕਾਂਗਰਸ ’ਚ ਸ਼ਾਮਲ ਹੋਏ ਵਿਧਾਇਕ ਵੀ ਪੁੱਜੇ ਹੋਏ ਸਨ ਪਰ ਉਹ ਵਿਧਾਇਕ ਦਲ ਦੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਏ| ਮੀਟਿੰਗ ’ਚੋਂ ਕੈਪਟਨ ਅਮਰਿੰਦਰ ਸਿੰਘ ਗੈਰਹਾਜ਼ਰ ਰਹੇ|

            ਹਾਈ ਕਮਾਨ ਵੱਲੋਂ ਕੇਂਦਰੀ ਅਬਜ਼ਰਵਰ ਵਜੋਂ ਕਾਂਗਰਸ ਦੇ ਜਨਰਲ ਸਕੱਤਰ ਅਜੈ ਮਾਕਨ ਅਤੇ ਹਰੀਸ਼ ਚੌਧਰੀ ਮੀਟਿੰਗ ਦੌਰਾਨ ਮੌਜੂਦ ਰਹੇ| ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ| ਕਰੀਬ ਡੇਢ ਘੰਟਾ ਚੱਲੀ ਮੀਟਿੰਗ ਵਿਚ ਸਰਬਸੰਮਤੀ ਨਾਲ ਦੋ ਮਤੇ ਪਾਸ ਕੀਤੇ ਗਏ ਜਿਨ੍ਹਾਂ ’ਚੋਂ ਇੱਕ ਮਤਾ ਪਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੀਆਂ ਗਈਆਂ ਸੇਵਾਵਾਂ ਦਾ ਧੰਨਵਾਦ ਕੀਤਾ ਗਿਆ| ਇਹ ਮਤਾ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਪੇਸ਼ ਕੀਤਾ ਸੀ| ਮੀਟਿੰਗ ਵਿਚ ਦੂਸਰਾ ਮਤਾ ਬ੍ਰਹਮ ਮਹਿੰਦਰਾ ਵੱਲੋਂ ਪੇਸ਼ ਕੀਤਾ ਗਿਆ ਜਿਸ ਦੀ ਤਾਈਦ ਵਿਧਾਇਕ ਅਮਰੀਕ ਸਿੰਘ ਆਦਿ ਵੱਲੋਂ ਕੀਤੀ ਗਈ| ਇਸ ਮਤੇ ਵਿਚ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ। ਹੁਣ ਸੋਨੀਆ ਗਾਂਧੀ ਕਿਸੇ ਵਕਤ ਵੀ ਵਿਧਾਇਕ ਦਲ ਦੇ ਨਵੇਂ ਨੇਤਾ ਦਾ ਐਲਾਨ ਕਰ ਸਕਦੇ ਹਨ ਜੋ ਪੰਜਾਬ ਦੇ ਅਗਲੇ ਮੁੱਖ ਮੰਤਰੀ ਹੋਣਗੇ|

            ਕੇਂਦਰੀ ਅਬਜ਼ਰਵਰਾਂ ਦੀ ਹਾਜ਼ਰੀ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਾਈ ਕਮਾਨ ਵੱਲੋਂ ਲਏ ਗਏ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ ਗਈ ਅਤੇ ਸਿਆਸੀ ਰਣਨੀਤੀ ਲਈ ਕਈ ਵਿਧਾਇਕਾਂ ਨੇ ਵਿਚਾਰ ਵੀ ਪੇਸ਼ ਕੀਤੇ| ਇਸ ਤੋਂ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਉਦੋਂ ਹੋਈ ਸੀ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਨੇਤਾ ਚੁਣਿਆ ਗਿਆ ਸੀ ਅਤੇ ਦੂਸਰੀ ਮੀਟਿੰਗ ਅੱਜ ਹੋਈ ਹੈ। ਕੇਂਦਰੀ ਅਬਜ਼ਰਵਰਾਂ ਅਜੈ ਮਾਕਨ ਅਤੇ ਹਰੀਸ਼ ਚੌਧਰੀ ਤੋਂ ਇਲਾਵਾ ਹਰੀਸ਼ ਰਾਵਤ ਨੇ ਮੀਟਿੰਗ ਖ਼ਤਮ ਹੋਣ ਮਗਰੋਂ ਦੱਸਿਆ ਕਿ ਵਿਧਾਇਕ ਦਲ ਦਾ ਅਗਲਾ ਨੇਤਾ ਚੁਣਨ ਦੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਗਏ ਹਨ ਅਤੇ ਪਾਸ ਕੀਤਾ ਗਿਆ ਮਤਾ ਹੁਣ ਹਾਈ ਕਮਾਨ ਕੋਲ ਦਿੱਲੀ ਭੇਜ ਦਿੱਤਾ ਗਿਆ ਹੈ| ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਸਿਸਵਾਂ ਫਾਰਮ ਹਾਊਸ ਤੋਂ ਇੱਥੇ ਸਰਕਾਰੀ ਰਿਹਾਇਸ਼ ’ਤੇ ਪੁੱਜੇ ਜਿਥੇ ਉਨ੍ਹਾਂ ਨਾਲ ਦਰਜਨ ਕੁ ਵਿਧਾਇਕ ਕੁਝ ਸਮਾਂ ਠਹਿਰੇ ਜਿਨ੍ਹਾਂ ਵਿਚ ਅਜੈਬ ਸਿੰਘ ਭੱਟੀ, ਫਤਹਿਜੰਗ ਸਿੰਘ ਬਾਜਵਾ, ਜੋਗਿੰਦਰ ਭੋਆ, ਓ ਪੀ ਸੋਨੀ, ਸੰਤੋਖ ਸਿੰਘ ਭਲਾਈਆਣਾ, ਰਾਣਾ ਸੋਢੀ ਆਦਿ ਸ਼ਾਮਲ ਸਨ|

              ਇੱਥੋਂ ਹੀ ਕਰੀਬ 4.30 ਵਜੇ ਮੁੱਖ ਮੰਤਰੀ ਅਸਤੀਫ਼ਾ ਦੇਣ ਲਈ ਰਾਜ ਭਵਨ ਰਵਾਨਾ ਹੋਏ| ਕੈਪਟਨ ਨਾਲ ਇਸ ਮੌਕੇ ਸੰਸਦ ਮੈਂਬਰ ਪ੍ਰਨੀਤ ਕੌਰ, ਉਨ੍ਹਾਂ ਦਾ ਪੁੱਤਰ ਰਣਇੰਦਰ ਸਿੰਘ, ਭਰਤਇੰਦਰ ਸਿੰਘ ਚਹਿਲ ਆਦਿ ਵੀ ਮੌਜੂਦ ਸਨ| ਅਸਤੀਫ਼ਾ ਦੇਣ ਦੀ ਸਭ ਤੋਂ ਪਹਿਲਾਂ ਜਾਣਕਾਰੀ ਕੈਪਟਨ ਦੇ ਪੁੱਤਰ ਰਣਇੰਦਰ ਸਿੰਘ ਨੇ ਸਾਂਝੀ ਕੀਤੀ| ਉਸ ਤੋਂ ਪਹਿਲਾਂ ਪੂਰਾ ਦਿਨ ਅਟਕਲਾਂ ਦਾ ਬਾਜ਼ਾਰ ਗਰਮ ਰਿਹਾ| ਕੈਪਟਨ ਨੇ ਆਪਣੇ ਪਾਲੇ ’ਚ ਵਿਧਾਇਕਾਂ ਦੀ ਘੱਟ ਗਿਣਤੀ ਨੂੰ ਦੇਖਦਿਆਂ ਅਸਤੀਫ਼ਾ ਦੇਣ ਵਿਚ ਹੀ ਬਿਹਤਰੀ ਸਮਝੀ| ਦੂਜੇ ਪਾਸੇ ਕਾਂਗਰਸ ਪ੍ਰਧਾਨ ਨਜਵੋਤ ਸਿੱਧੂ ਅਤੇ ਪਾਰਟੀ ਦੇ ਜਨਰਲ ਸਕੱਤਰ ਪਰਗਟ ਸਿੰਘ ਕੇਂਦਰੀ ਅਬਜ਼ਰਵਰਾਂ ਨੂੰ ਹਵਾਈ ਅੱਡੇ ’ਤੇ ਲੈਣ ਲਈ ਗੲੇ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖਿਲਾਫ਼ ਕੁਝ ਅਰਸਾ ਪਹਿਲਾਂ ਬਗਾਵਤੀ ਸੁਰਾਂ ਉੱਠੀਆਂ ਸਨ ਜਿਸ ਮਗਰੋਂ ਨਵਜੋਤ ਸਿੱਧੂ ਨੂੰ ਸੂਬੇ ਦੀ ਪ੍ਰਧਾਨਗੀ ਸੌਂਪੀ ਗਈ ਸੀ| ਉਸ ਮਗਰੋਂ ਅਮਰਿੰਦਰ ਵਿਰੋਧੀ ਧੜੇ ਨੇ ਮੁੱਖ ਮੰਤਰੀ ਨੂੰ ਬਦਲਣ ਦੀ ਗੱਲ ਉਠਾ ਦਿੱਤੀ ਸੀ| ਦੋ ਕੁ ਦਿਨ ਪਹਿਲਾਂ ਕਰੀਬ 40 ਤੋਂ ਜ਼ਿਆਦਾ ਵਿਧਾਇਕਾਂ ਨੇ ਹਾਈ ਕਮਾਨ ਨੂੰ ਚਿੱਠੀ ਲਿਖ ਕੇ ਵਿਧਾਇਕ ਦਲ ਦੀ ਮੀਟਿੰਗ ਸੱਦਣ ਦੀ ਮੰਗ ਉਠਾਈ ਸੀ| ਦੱਸਿਆ ਜਾਂਦਾ ਹੈ ਕਿ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇ ਸਿਆਸੀ ਦਿਮਾਗ ’ਚੋਂ ਇਹ ਨਵਾਂ ਪੈਂਤੜਾ ਨਿਕਲਿਆ ਹੈ|

                                      ਮੁੱਖ ਮੰਤਰੀ ਦੀ ਦੌੜ ਿਵੱਚ ਜਾਖੜ ਸਭ ਤੋਂ ਮੂਹਰੇ

ਮੁੱਖ ਮੰਤਰੀ ਦੀ ਦੌੜ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਸਭ ਤੋਂ ਅੱਗੇ ਦੱਸਿਆ ਜਾ ਰਿਹਾ ਹੈ। ਉਂਜ ਨਵਜੋਤ ਸਿੰਘ ਸਿੱਧੂ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਵੀ ਚੱਲ ਰਹੇ ਹਨ। ਕਾਂਗਰਸ ਹਾਈ ਕਮਾਨ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਦਾ ਅਹੁਦਾ ਦੇਣ ਦੀ ਇੱਛੁਕ ਹੈ ਤਾਂ ਜੋ ਹਿੰਦੂ ਵੋਟ ਬੈਂਕ ਨੂੰ ਨਾਲ ਜੋੜਿਆ ਜਾ ਸਕੇ। ਸ੍ਰੀ ਜਾਖੜ ਨੇ ਅੱਜ ਟਵੀਟ ਕਰਕੇ ਵਿਧਾਇਕ ਦਲ ਦੀ ਮੀਟਿੰਗ ਸੱਦੇ ਜਾਣ ਨੂੰ ਰਾਹੁਲ ਗਾਂਧੀ ਦਾ ਦਲੇਰਾਨਾ ਕਦਮ ਦੱਸਿਆ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੇ ਅਹੁਦੇ ਲਈ ਅੰਬਿਕਾ ਸੋਨੀ ਦੇ ਨਾਮ ’ਤੇ ਵੀ ਚਰਚਾ ਹੋਈ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਹੈ| ਹਾਈ ਕਮਾਨ ਵੱਲੋਂ ਮੁੱਖ ਮੰਤਰੀ ਦੇ ਨਾਲ ਦੋ ਡਿਪਟੀ ਮੁੱਖ ਮੰਤਰੀ ਬਣਾਏ ਜਾਣ ਦੀ ਵੀ ਰਣਨੀਤੀ ਹੈ| ਦਲਿਤ ਚਿਹਰੇ ਵਜੋਂ ਚਰਨਜੀਤ ਚੰਨੀ ਦੇ ਨਾਮ ’ਤੇ ਵਿਚਾਰ ਹੋ ਰਿਹਾ ਹੈ ਅਤੇ ਜੇਕਰ ਜਾਖੜ ਮੁੱਖ ਮੰਤਰੀ ਬਣਦੇ ਹਨ ਤਾਂ ਦੂਜੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਜਾਂ ਤ੍ਰਿਪਤ ਰਾਜਿੰਦਰ ਬਾਜਵਾ ’ਚੋਂ ਕੋਈ ਇਕ ਹੋ ਸਕਦਾ ਹੈ।

                                ‘ਹਾਲੇ ਤਾਂ ਕਾਂਗਰਸੀ ਹਾਂ ਪਰ ਸਿਆਸੀ ਬਦਲ ਖੁੱਲ੍ਹੇ ਹਨ’

ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰਾਜਪਾਲ ਨੂੰ ਅਸਤੀਫ਼ਾ ਸੌਂਪਣ ਮਗਰੋਂ ਤਿੱਖੇ ਸੁਰ ਅਪਣਾਉਂਦਿਆਂ ਕਿਹਾ ਕਿ ਉਹ ਹਾਈ ਕਮਾਨ ਦੇ ਰਵੱਈਏ ਤੋਂ ਅਪਮਾਨਿਤ ਮਹਿਸੂਸ ਕਰ ਰਹੇ ਹਨ ਅਤੇ ਇਸ ਜ਼ਲਾਲਤ ਦੇ ਚੱਲਦਿਆਂ ਉਨ੍ਹਾਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ| ਉਨ੍ਹਾਂ ਸਵੇਰੇ ਹੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਸਤੀਫ਼ਾ ਦੇਣ ਦੇ ਫ਼ੈਸਲੇ ਤੋਂ ਜਾਣੂ ਕਰਵਾ ਦਿੱਤਾ ਸੀ| ਉਨ੍ਹਾਂ ਕਿਹਾ ਕਿ ਉਹ ਅਜੇ ਵੀ ਕਾਂਗਰਸ ਵਿਚ ਹੀ ਹਨ ਪਰ ਉਨ੍ਹਾਂ ਲਈ ਸਿਆਸੀ ਰਾਹ ਖੁੱਲ੍ਹੇ ਹੋਏ ਹਨ| ਕੈਪਟਨ ਨੇ ਕਿਹਾ ਕਿ ਹਾਈ ਕਮਾਨ ਨੇ ਦੋ ਮਹੀਨਿਆਂ ਵਿਚ ਅੱਜ ਤੀਜੀ ਵਾਰ ਵਿਧਾਇਕਾਂ ਨੂੰ ਬੁਲਾਇਆ ਜਿਸ ਕਰਕੇ ਉਹ ਆਪਣੇ ਆਪ ਨੂੰ ਬੇਇੱਜ਼ਤ ਹੋਇਆ ਮਹਿਸੂਸ ਕਰਦੇ ਹਨ| ਉਨ੍ਹਾਂ ਕਿਹਾ,‘‘ਇਸ ਦਾ ਸਿੱਧਾ ਮਤਲਬ ਇਹੋ ਹੈ ਕਿ ਹਾਈ ਕਮਾਨ ਨੂੰ ਸ਼ੱਕ ਹੈ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ| ਮੈਂ ਹਾਈ ਕਮਾਨ ਨੂੰ ਆਖ ਦਿੱਤਾ ਹੈ ਕਿ ਜਿਸ ’ਤੇ ਭਰੋਸਾ ਹੈ, ਉਸ ਨੂੰ ਮੁੱਖ ਮੰਤਰੀ ਬਣਾ ਦਿਓ|’’

           ਉਂਜ ਨਵੇਂ ਮੁੱਖ ਮੰਤਰੀ ਨੂੰ ਕਬੂਲਣ ਬਾਰੇ ਉਨ੍ਹਾਂ ਸਪੱਸ਼ਟ ਕੁਝ ਨਹੀਂ ਆਖਿਆ| ਆਪਣੀ ਭਵਿੱਖ ਦੀ ਸਿਆਸਤ ਬਾਰੇ ਉਨ੍ਹਾਂ ਕਿਹਾ,‘‘ਮੇਰੇ ਲਈ ਰਸਤੇ ਖੁੱਲ੍ਹੇ ਹਨ ਤੇ ਹੋਰ ਬਦਲ ਵੀ ਮੌਜੂਦ ਹਨ ਜਿਨ੍ਹਾਂ ਬਾਰੇ ਫ਼ੈਸਲੇ ਤੋਂ ਪਹਿਲਾਂ ਮੈਂ ਆਪਣੇ ਪੁਰਾਣੇ ਸਮਰਥਕਾਂ ਨਾਲ ਸਲਾਹ-ਮਸ਼ਵਰਾ ਕਰਾਂਗਾ।’’ ਇਸ ਤੋਂ ਪਹਿਲਾਂ ਰਣਇੰਦਰ ਸਿੰਘ ਨੇ ਵੀ ਕਿਹਾ ਸੀ ਕਿ ‘ਹੁਣ ਪਿਤਾ ਜੀ ਨਵੀਂ ਸ਼ੁਰੂਆਤ ਕਰਨਗੇ।’ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ 52 ਸਾਲ ਤੋਂ ਸਿਆਸਤ ਵਿਚ ਹਨ ਅਤੇ ਸਾਢੇ ਨੌਂ ਸਾਲ ਮੁੱਖ ਮੰਤਰੀ ਰਹੇ ਹਨ| ਅਸਤੀਫ਼ੇ ਮਗਰੋਂ ਉਨ੍ਹਾਂ ਵੱਖ ਵੱਖ ਚੈਨਲਾਂ ’ਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ’ਤੇ ਤਿੱਖੇ ਹਮਲੇ ਕੀਤੇ| ਉਨ੍ਹਾਂ ਕਿਹਾ ਕਿ ਉਹ ਨਵਜੋਤ ਸਿੱਧੂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਸਿੱਧੂ 3-4 ਸਾਲ ਦਾ ਬੱਚਾ ਸੀ| ਉਹ ਚੰਗਾ ਕ੍ਰਿਕਟਰ ਹੋ ਸਕਦਾ ਹੈ ਪਰ ਇੱਕ ਦਿਨ ਕਾਂਗਰਸ ਆਪਣੇ ਫ਼ੈਸਲੇ ’ਤੇ ਪਛਤਾਏਗੀ| ਉਨ੍ਹਾਂ ਇਹ ਵੀ ਕਿਹਾ ਕਿ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਬਣਾਉਣਾ ਕੌਮੀ ਸੁਰੱਖਿਆ ਦਾ ਮਾਮਲਾ ਵੀ ਹੈ| ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿ ਥਲ ਸੈਨਾ ਦੇ ਮੁਖੀ ਕਮਰ ਜਾਵੇਦ ਬਾਜਵਾ ਨਾਲ ਦੋਸਤਾਨਾ ਸਬੰਧ ਹਨ ਅਤੇ ਪਾਕਿਸਤਾਨ ਤੋਂ ਹੀ ਹਥਿਆਰ ਵਗੈਰਾ ਪੰਜਾਬ ਆ ਰਹੇ ਹਨ| 

           ਕੈਪਟਨ ਨੇ ਕਿਹਾ,‘‘ਜਿਹੜਾ ਸਿੱਧੂ ਇੱਕ ਮਹਿਕਮਾ ਨਹੀਂ ਸੰਭਾਲ ਸਕਿਆ, ਉਹ ਪੂਰਾ ਪੰਜਾਬ ਕਿਵੇਂ ਸੰਭਾਲ ਲਵੇਗਾ| ਕਾਬਲ ਨਾ ਹੋਣ ਕਰਕੇ ਮੈਂ ਸਿੱਧੂ ਨੂੰ ਮੁੱਖ ਮੰਤਰੀ ਵਜੋਂ ਸਵੀਕਾਰ ਨਹੀਂ ਕਰਾਂਗਾ।’’ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਫ਼ੌਜੀ ਹਨ ਅਤੇ ਫ਼ੌਜ ਵਿਚ ਟਾਸਕ ਦਿੱਤੇ ਜਾਂਦੇ ਹਨ। ਇੱਕ ਟਾਸਕ ਖ਼ਤਮ ਹੁੰਦਾ ਹੈ ਤਾਂ ਦੂਜਾ ਸ਼ੁਰੂ ਹੋ ਜਾਂਦਾ ਹੈ| ਕੈਪਟਨ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਜੀਵਨ ਅਜੇ ਖ਼ਤਮ ਨਹੀਂ ਹੋਇਆ ਹੈ| ਸਿਆਸੀ ਹਲਕੇ ਇਸ ਗੱਲੋਂ ਵੀ ਹੈਰਾਨ ਹਨ ਕਿ ਕੈਪਟਨ ਨੇ ਅਸਤੀਫ਼ਾ ਦੇਣ ਮਗਰੋਂ ਨਵਜੋਤ ਸਿੱਧੂ ਖ਼ਿਲਾਫ਼ ਧੂੰਆਂਧਾਰ ਹਮਲੇ ਕਿਉਂ ਕੀਤੇ ਹਨ| ਚਰਚੇ ਹਨ ਕਿ ਨਵਜੋਤ ਸਿੱਧੂ ਦੇ ਅਗਲੇ ਰਾਹ ਰੋਕਣ ਲਈ ਉਨ੍ਹਾਂ ਇਹ ਪੈਂਤੜਾ ਲਿਆ ਹੈ।

Saturday, September 18, 2021

                                                ਸਰਕਾਰੀ ਤਰਸ
                        ਕਰੋੜਪਤੀ ਜਵਾਈ ਇੰਜ ਬਣਿਆ ‘ਇੰਸਪੈਕਟਰ’
                                                ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਵਿਸ਼ੇਸ਼ ਰਿਆਇਤ ਦੇ ਕੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਗੁਰਸ਼ੇਰ ਸਿੰਘ ਨੂੰ ਬਤੌਰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨਿਯੁਕਤੀ ਲਈ ਹਰੀ ਝੰਡੀ ਦੇਣ ਮਗਰੋਂ ਪੰਜਾਬ ਸਰਕਾਰ ਅੱਜ ਮੁੜ ਵਿਰੋਧੀ ਧਿਰਾਂ ਦੇ ਨਿਸ਼ਾਨੇ ’ਤੇ ਆ ਗਈ ਹੈ| ਗੁਰਸ਼ੇਰ ਸਿੰਘ ਦਾ ਪਿਤਾ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ ਵਿੱਚ ਈਟੀਓ ਵਜੋਂ ਤਾਇਨਾਤ ਸੀ, ਜਿਸ ਦਾ 28 ਸਤੰਬਰ 2011 ਨੂੰ ਦੇਹਾਂਤ ਹੋ ਗਿਆ ਸੀ। ਭੂਪਜੀਤ ਸਿੰਘ ਦੇ ਦੇਹਾਂਤ ਮੌਕੇ ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਸੀ| ਮਰਹੂਮ ਭੂਪਜੀਤ ਸਿੰਘ ਦੀ ਪਤਨੀ ਜਸਬੀਰ ਕੌਰ ਨੇ 26 ਜੂਨ, 2020 ਨੂੰ  ਦਿੱਤੀ ਦਰਖਾਸਤ ਰਾਹੀਂ (ਆਪਣੇ ਪਤੀ ਦੀ ਮੌਤ ਤੋਂ ਅੱਠ ਸਾਲ ਬਾਅਦ) ਆਪਣੇ ਪੁੱਤਰ ਗੁਰਸ਼ੇਰ ਸਿੰਘ ਲਈ ਨੌਕਰੀ ਦੀ ਮੰਗ ਕੀਤੀ ਸੀ, ਜਿਸ ’ਤੇ ਅੱਜ ਕੈਬਨਿਟ ਨੇ ਮੋਹਰ ਲਗਾ ਦਿੱਤੀ ਹੈ| 

             ਕੈਪਟਨ ਹਕੂਮਤ ਪਹਿਲਾਂ ਵੀ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਨੌਕਰੀ ਦਿੱਤੇ ਜਾਣ ਤੋਂ ਵਿਵਾਦਾਂ ਵਿਚ ਘਿਰ ਗਈ ਸੀ। ਆਬਕਾਰੀ ਤੇ ਕਰ ਵਿਭਾਗ ਵੱਲੋਂ 10 ਸਤੰਬਰ ਨੂੰ ਜੋ ਕੈਬਨਿਟ ਮੀਟਿੰਗ ਲਈ ਗੁਪਤ ਮੈਮੋਰੈਂਡਮ ਭੇਜਿਆ ਗਿਆ ਹੈ, ਉਸ ਦੀ ਘੋਖ ’ਚ ਕਾਫੀ ਕੁਝ ਬੇਪਰਦ ਹੁੰਦਾ ਹੈ। 21 ਨਵੰਬਰ 2002 ਦੀ ਸਰਕਾਰੀ ਨੀਤੀ ਅਤੇ 28 ਦਸੰਬਰ 2005 ਨੂੰ  ਇੱਕ ਪੱਤਰ ਰਾਹੀਂ ਹੋਈ ਸੋਧ ਮੁਤਾਬਕ ਮ੍ਰਿਤਕ ਕਰਮਚਾਰੀ/ਅਫਸਰ ਦੇ ਵਾਰਸਾਂ ਲਈ ਮੌਤ ਦੀ ਮਿਤੀ ਤੋਂ ਇੱਕ ਸਾਲ ਅੰਦਰ ਨੌਕਰੀ ਲਈ ਅਰਜ਼ੀ ਦੇਣਾ ਜ਼ਰੂਰੀ ਹੁੰਦਾ ਹੈ। ਜੇਕਰ ਦੇਰੀ ਦਾ ਕੋਈ ਵਾਜਬ ਕਾਰਨ ਹੋਵੇ ਤਾਂ ਉਮੀਦਵਾਰ ਦੀ ਅਰਜ਼ੀ ਪੰਜ ਸਾਲ ਬਾਅਦ ਵੀ ਪ੍ਰਵਾਨ ਕੀਤੀ ਜਾ ਸਕਦੀ ਹੈ ਪਰ ਗੁਰਸ਼ੇਰ ਸਿੰਘ ਦੇ ਕੇਸ ਵਿੱਚ ਕਿਤੇ ਵੀ ਅੱਠ ਸਾਲ ਦੀ ਦੇਰੀ ਦਾ ਯੋਗ ਕਾਰਨ ਨਹੀਂ ਦੱਸਿਆ ਗਿਆ। 

            ਪੰਜਾਬ ਸਰਕਾਰ ਦੇ 17 ਮਾਰਚ 2017 ਦੇ ਪੱਤਰ ਅਨੁਸਾਰ ਗਰੈਜੂਏਟ ਉਮੀਦਵਾਰ ਨੂੰ ਸਿਰਫ ਕਲਰਕ ਦੀ ਅਸਾਮੀ ਲਈ ਵਿਚਾਰਿਆ ਜਾਂਦਾ ਹੈ। ਗੁਰਸ਼ੇਰ ਸਿੰਘ ਕਾਮਰਸ ਵਿੱਚ ਗਰੈਜੂਏਟ ਹੋਣ ਦੇ ਬਾਵਜੂਦ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗੇਗਾ। ਕਰ ਕਮਿਸ਼ਨਰ ਦਫਤਰ ਕੋਲ ਤਰਸ ਦੇ ਆਧਾਰ ’ਤੇ ਨੌਂ ਹੋਰ ਗਰੈਜੂਏਟ ਉਮੀਦਵਾਰਾਂ ਨੇ ‘ਆਬਕਾਰੀ ਤੇ ਕਰ ਇੰਸਪੈਕਟਰ’ ਲੱਗਣ ਲਈ ਅਪਲਾਈ ਕੀਤਾ ਪਰ ਵਿਭਾਗ ਨੇ  ਇਨ੍ਹਾਂ ਸਾਰੇ ਉਮੀਦਵਾਰਾਂ ਦੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਸਨ। ਮੰਤਰੀ ਮੰਡਲ ਦਾ ਤਰਕ ਹੈ ਕਿ ਗੁਰਸ਼ੇਰ ਸਿੰਘ ਦੇ ਪਿਤਾ ਭੂਪਜੀਤ ਸਿੰਘ ਨੇ ਜੋ ਆਪਣੀ ਨੌਕਰੀ ਦੌਰਾਨ ਯੋਗਦਾਨ ਪਾਇਆ ਹੈ, ਉਸ ਦੇ ਮੱਦੇਨਜ਼ਰ ਵਿਸ਼ੇਸ਼ ਕੇਸ ਵਜੋਂ ਗੁਰਸ਼ੇਰ ਸਿੰਘ ਨੂੰ ‘ਆਬਕਾਰੀ ਤੇ ਕਰ ਇੰਸਪੈਕਟਰ’ ਦੀ ਨੌਕਰੀ ਲਈ ਯੋਗ ਸਮਝਿਆ ਜਾਂਦਾ ਹੈ।

            ਇਵੇਂ ਪੰਜਾਬ ਸਰਕਾਰ ਦੀ 21 ਨਵੰਬਰ 2002 ਦੀ ਪਾਲਿਸੀ ਦੇ ਪੈਰ੍ਹਾ 6(ਏ) ਮੁਤਾਬਕ ਮ੍ਰਿਤਕ ਮੁਲਾਜ਼ਮ ਦੀ ਮੌਤ ਮਗਰੋਂ ਜੇ ਪਰਿਵਾਰ ਕੋਲ ਗੁਜ਼ਾਰੇ ਲਈ ਸਾਧਨ ਨਹੀਂ ਹਨ ਅਤੇ ਮੌਤ ਮਗਰੋਂ ਪਰਿਵਾਰ ਲਈ ਵਿੱਤੀ ਸੰਕਟ ਬਣ ਗਿਆ ਹੈ ਤਾਂ ਉਹ ਤਰਸ ਦੇ ਆਧਾਰ ’ਤੇ ਆਸਾਮੀ ਲਈ ਯੋਗ ਹੈ।  ਗੁਰਸ਼ੇਰ ਸਿੰਘ ਦੇ ਮਾਮਲੇ ’ਤੇ ਨਜ਼ਰ ਮਾਰੀਏ ਤਾਂ ਗੁਪਤ ਮੈਮੋਰੈਂਡਮ ਦੇ ਲੜੀ ਨੰਬਰ 1.4 ਵਿੱਚ ਗੁਰਸ਼ੇਰ ਸਿੰਘ ਨੇ ਜਾਇਦਾਦ ਬਾਰੇ ਜੋ ਹਲਫੀਆ ਬਿਆਨ ਦਿੱਤਾ ਹੈ, ਉਸ ਮੁਤਾਬਕ ਉਸ ਕੋਲ ਅਤੇ ਉਸ ਦੇ ਪਰਿਵਾਰ ਕੋਲ ਕਰੋੜਾਂ ਰੁਪਏ ਦੀ ਸੰਪਤੀ ਹੈ, ਜਿਸ ਵਿੱਚ 35 ਏਕੜ ਵਾਹੀਯੋਗ ਜ਼ਮੀਨ, ਇੱਕ 1000 ਵਰਗ ਦਾ ਪਟਿਆਲਾ ਵਿੱਚ ਰਿਹਾਇਸ਼ੀ ਮਕਾਨ, ਲੁਧਿਆਣਾ ਵਿੱਚ 800 ਵਰਗ ਗਜ ਦੇ ਦੋ ਰਿਹਾਇਸ਼ੀ ਪਲਾਟ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿੱਚ ਹੈ। ਇਸ ਤੋਂ ਇਲਾਵਾ ਇਕ ਗੋਦਾਮ ਵੀ ਹੈ। ਮੁੱਖ ਮੰਤਰੀ ਨੇ ਵਿੱਤੀ ਸਥਿਤੀ ਦੇ ਮਾਮਲੇ ਵਿਚ ਗੁਰਸ਼ੇਰ ਸਿੰਘ ਨੂੰ ਇੱਕ ਦਫਾ ਛੋਟ ਦੇ ਦਿੱਤੀ ਹੈ ਪਰ ਇਸ ਕੇਸ ਨੂੰ ਭਵਿੱਖ ਵਿਚ ਨਜ਼ੀਰ ਨਹੀਂ ਸਮਝਿਆ ਜਾਵੇਗਾ। 

                                ਪਿਤਾ ਭੂਪਜੀਤ ਨੂੰ ਵੀ ਝੱਲਣਾ ਪਿਆ ਸੀ ਮਾਨਸਿਕ ਦਬਾਅ

ਗੁਰਸ਼ੇਰ ਸਿੰਘ ਦਾ ਈਟੀਓ ਪਿਤਾ ਭੂਪਜੀਤ ਸਿੰਘ ਮੌਤ ਤੋਂ ਪਹਿਲਾਂ ਰਵੀ ਸਿੱਧੂ ਨੌਕਰੀ ਘਪਲੇ ਦੇ ਮਾਮਲੇ ਸਬੰਧੀ ਮਾਨਸਿਕ ਦਬਾਅ ਹੇਠ ਸਨ। ਜਦੋਂ ਨੌਕਰੀਆਂ ਦਾ ਸਕੈਂਡਲ ਫੜਿਆ ਗਿਆ ਸੀ ਤਾਂ ਰਵੀ ਸਿੱਧੂ ਦੇ ਸਮੇਂ ਦੌਰਾਨ ਕੀਤੀਆਂ ਗਈਆਂ ਗਲਤ ਨਿਯੁਕਤੀਆਂ ਨੂੰ ਉਸ ਸਮੇਂ ਦੀ ਸਰਕਾਰ ਵੱਲੋਂ ਰੱਦ ਕਰ ਦਿੱਤਾ ਗਿਆ ਸੀ। ਇਸੇ ਕੇਸ ਦੇ ਸਿੱਟੇ ਵਜੋਂ ਭੂਪਜੀਤ ਸਿੰਘ ਮਾਨਸਿਕ ਦਬਾਅ ਥੱਲੇ ਰਹੇ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਉਚੇਚੇ ਤੌਰ ’ਤੇ ਜ਼ਿਕਰ ਕੀਤਾ ਕਿ ਭੂਪਜੀਤ ਸਿੰਘ ਨੇ ਰਵੀ ਸਿੱਧੂ ਦੇ ਸਮੇਂ ਹੋਏ ਪੰਜਾਬ ਪਬਲਿਕ ਸਰਵਿਸ ਕਮਿਸ਼ਨ ’ਚ ਨੌਕਰੀ ਘੁਟਾਲੇ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ।

Friday, September 17, 2021

                                              ਕਾਂਗੜ ਬਾਗੋ ਬਾਗ
                             ਕਰੋੜਪਤੀ ਜਵਾਈ ਨੂੰ ਨੌਕਰੀ ਦਾ 'ਤੋਹਫਾ' !
                                               ਚਰਨਜੀਤ ਭੁੱਲਰ     

ਚੰਡੀਗੜ੍ਹ : ਕੈਪਟਨ ਸਰਕਾਰ ਵੱਲੋਂ ਹੁਣ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਕਰੋੜਪਤੀ ਜਵਾਈ ਨੂੰ ਤਰਸ ਦੇ ਅਧਾਰ 'ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ | ਪੰਜਾਬ ਕੈਬਨਿਟ 'ਚ ਸ਼ੁੱਕਰਵਾਰ ਇਸ ਵੀ.ਆਈ.ਪੀ ਹਸਤੀ ਨੂੰ ਸਰਕਾਰੀ ਰੁਜ਼ਗਾਰ ਲਈ ਹਰੀ ਝੰਡੀ ਦਿੱਤੇ ਜਾਣ ਦੀ ਪੂਰਨ ਸੰਭਾਵਨਾ ਹੈ | ਆਬਕਾਰੀ ਤੇ ਕਰ ਵਿਭਾਗ ਪੰਜਾਬ ਤਰਫੋਂ ਮੰਤਰੀ ਮੰਡਲ ਦੀ ਮੀਟਿੰਗ ਲਈ ਇਸ ਨੌਕਰੀ ਦਾ ਏਜੰਡਾ ਭੇਜਿਆ ਗਿਆ ਹੈ | ਪੰਜਾਬ ਸਰਕਾਰ ਵੱਲੋਂ ਮਾਲ ਮੰਤਰੀ ਕਾਂਗੜ ਦੇ ਜਵਾਈ ਗੁਰਸ਼ੇਰ ਸਿੰਘ ਨੂੰ ਆਬਕਾਰੀ ਤੇ ਕਰ ਅਫਸਰ ਜਾਂ ਆਬਕਾਰੀ ਇੰਸਪੈਕਟਰ ਲਾਏ ਜਾਣ ਦੇ ਚਰਚੇ ਹਨ |

    ਚਰਚੇ ਛਿੜੇ ਹਨ ਕਿ ਐਨ ਜਦੋਂ ਪੰਜਾਬ ਚੋਣਾਂ 'ਚ ਬਹੁਤਾ ਸਮਾਂ ਬਾਕੀ ਨਹੀਂ ਹੈ ਤਾਂ ਉਸ ਵਕਤ ਸਰਕਾਰ ਤਰਫੋਂ ਆਪਣੇ ਵਜ਼ੀਰਾਂ ਦੇ ਰਿਸ਼ਤੇਦਾਰਾਂ ਨੂੰ ਨੌਕਰੀਆਂ ਵੰਡੀਆਂ ਜਾ ਰਹੀਆਂ ਹਨ | ਪਹਿਲਾਂ ਵੀ ਪੰਜਾਬ ਸਰਕਾਰ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੇ ਜਾਣ ਤੋਂ ਵਿਰੋਧੀ ਧਿਰਾਂ ਦੇ ਨਿਸ਼ਾਨੇ 'ਤੇ ਆ ਗਈ ਸੀ | ਵੇਰਵਿਆਂ ਅਨੁਸਾਰ ਗੁਰਸ਼ੇਰ ਸਿੰਘ ਕਾਮਰਸ ਗਰੈਜੂਏਟ ਹੈ ਅਤੇ ਉਨ੍ਹਾਂ ਦੇ ਪਿਤਾ ਭੂਪਜੀਤ ਸਿੰਘ ਦਾ 28 ਸਤੰਬਰ 2011 'ਚ ਦੇਹਾਂਤ ਹੋ ਗਿਆ ਸੀ | ਉਦੋਂ ਭੂਪਜੀਤ ਸਿੰਘ ਆਬਕਾਰੀ ਤੇ ਕਰ ਵਿਭਾਗ 'ਚ ਈ.ਟੀ.ਓ ਵਜੋਂ ਤਾਇਨਾਤ ਸਨ |

   ਦੱਸਣਯੋਗ ਹੈ ਕਿ ਵਰ੍ਹਾ 2002 ਵਿਚ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਤਤਕਾਲੀ ਚੇਅਰਮੈਨ ਰਵੀ ਸਿੱਧੂ ਖਿਲਾਫ ਸ਼ਿਕਾਇਤਕਰਤਾ ਵੀ ਭੂਪਜੀਤ ਸਿੰਘ ਸਨ | ਉਦੋਂ ਭੂਪਜੀਤ ਸਿੰਘ ਨੇ 25 ਮਾਰਚ 2002 ਨੂੰ ਰਵੀ ਸਿੱਧੂ ਨੂੰ ਪੰਜ ਲੱਖ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਫੜਾਇਆ ਸੀ | ਕੈਪਟਨ ਸਰਕਾਰ ਨੇ ਵਰ੍ਹਾ 2005 ਵਿਚ ਭੂਪਜੀਤ ਸਿੰਘ ਨੂੰ ਪੀ.ਸੀ.ਐਸ ਵਜੋਂ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਜੋ ਸਿਰੇ ਨਹੀਂ ਲੱਗ ਸਕੀ ਸੀ | ਹੁਣ ਕੈਬਨਿਟ ਵੱਲੋਂ ਪਾਲਿਸੀ ਵਿਚ ਛੋਟਾਂ ਦੇ ਕੇ ਗੁਰਸ਼ੇਰ ਸਿੰਘ ਨੂੰ ਸਰਕਾਰੀ ਨੌਕਰੀ ਦਿੱਤੀ ਜਾਣੀ ਹੈ | 

   ਸੁਪਰੀਮ ਕੋਰਟ ਦੇ ਫੈਸਲਿਆਂ ਅਨੁਸਾਰ ਤਰਸ ਦੇ ਅਧਾਰ 'ਤੇ ਨੌਕਰੀ ਵਾਰਸ ਨੂੰ ਉਦੋਂ ਨਹੀਂ ਦਿੱਤੀ ਜਾ ਸਕਦੀ ਹੈ ਜਦੋਂ ਕਿ ਨੌਕਰੀ ਕਰਨ ਵਾਲੇ ਮਿ੍ਤਕ ਦੀ ਮੌਤ ਨੂੰ ਕਾਫੀ ਅਰਸਾ ਬੀਤ ਚੁੱਕਾ ਹੋਵੇ | ਗੁਰਸ਼ੇਰ ਸਿੰਘ ਦੇ ਪਿਤਾ ਦੀ ਮੌਤ ਨੂੰ ਵੀ ਕਰੀਬ ਦਸ ਸਾਲ ਦਾ ਅਰਸਾ ਹੋ ਗਿਆ ਹੈ | ਦੂਸਰਾ ਅਧਾਰ ਇਹ ਦੇਖਿਆ ਜਾਂਦਾ ਹੈ ਕਿ ਅਗਰ ਮਿ੍ਤਕ ਦੇ ਪਰਿਵਾਰ ਕੋਲ ਗੁਜਾਰੇ ਲਾਇਕ ਸਾਧਨ ਨਹੀਂ ਹੈ ਤਾਂ ਉਸ ਨੂੰ ਤਰਸ ਦੇ ਅਧਾਰ 'ਤੇ ਨੌਕਰੀ ਦਿੱਤੀ ਜਾ ਸਕਦੀ ਹੈ | ਕੈਬਨਿਟ ਵੱਲੋਂ ਹੁਣ ਵਿਸ਼ੇਸ਼ ਛੋਟਾਂ ਦੇ ਕੇ ਇਹ ਨੌਕਰੀ ਦਿੱਤੀ ਜਾਣੀ ਹੈ | 

    ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਸ਼ੁਰੂ ਤੋਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਜੁੜੇ ਹੋਏ ਹਨ | ਸੂਤਰਾਂ ਅਨੁਸਾਰ ਪੰਜਾਬ ਕਾਂਗਰਸ ਦੀ ਆਪਸੀ ਖਿੱਚੋਤਾਣ ਦੌਰਾਨ ਕਾਂਗੜ ਦੂਸਰੇ ਕੈਂਪ ਵਿਚ ਚਲੇ ਗਏ ਸਨ | ਪਤਾ ਲੱਗਾ ਹੈ ਕਿ ਹੁਣ ਕਾਂਗੜ ਮੁੜ ਕੈਪਟਨ ਕੈਂਪ ਵਿਚ ਪਰਤ ਆਏ ਹਨ | 

                                  ਜਾਇਦਾਦ 'ਚ 35 ਏਕੜ ਜ਼ਮੀਨ ਵੀ..

  ਜਾਣਕਾਰੀ ਅਨੁਸਾਰ ਗੁਰਸ਼ੇਰ ਸਿੰਘ ਅਤੇ ਉਸ ਦੇ ਪਰਿਵਾਰ ਕੋਲ ਮੌਜੂਦਾ ਸਮੇਂ 35 ਏਕੜ ਵਾਹੀਯੋਗ ਜ਼ਮੀਨ ਹੈ ਅਤੇ ਪਟਿਆਲਾ ਵਿਚ ਇੱਕ ਹਜ਼ਾਰ ਗਜ ਦਾ ਰਿਹਾਇਸ਼ੀ ਮਕਾਨ ਵੀ ਹੈ | ਇਸੇ ਤਰ੍ਹਾਂ ਲੁਧਿਆਣਾ ਵਿਚ ਅੱਠ ਅੱਠ ਸੌ ਗਜ ਦੇ ਦੋ ਰਿਹਾਇਸ਼ੀ ਪਲਾਟ ਵੀ ਹਨ ਅਤੇ ਇੱਕ ਰਿਹਾਇਸ਼ੀ ਫਲੈਟ ਚੰਡੀਗੜ੍ਹ ਵਿਚ ਵੀ ਹੈ | ਇਸ ਤੋਂ ਇਲਾਵਾ ਇਸ ਪਰਿਵਾਰ ਦਾ ਇੱਕ ਐਫਸੀਆਈ ਦਾ ਗੁਦਾਮ ਵੀ ਹੈ | ਹੁਣ ਸਰਕਾਰ ਨੇ ਇਸ ਪਰਿਵਾਰ ਦੇ ਗੁਰਸ਼ੇਰ ਸਿੰਘ ਨੂੰ ਤਰਸ਼ ਦੇ ਅਧਾਰ 'ਤੇ ਨੌਕਰੀ ਦੇਣ ਦੀ ਤਿਆਰੀ ਖਿੱਚ ਲਈ ਹੈ | 

                        ਏਹਨਾਂ ਦਾ ਕੀ ਕਸੂਰ ਏ..

ਦੂਸਰੀ ਤਰਫ ਨਜ਼ਰ ਮਾਰੀਏ ਤਾਂ ਪੰਜਾਬ ਵਿਚ ਰੁਜ਼ਗਾਰ ਲਈ ਜਵਾਨੀ ਸੜਕਾਂ 'ਤੇ ਮੁਜ਼ਾਹਰੇ ਕਰ ਰਹੀ ਹੈ, ਕਿਸੇ ਨੂੰ ਟੈਂਕੀਆਂ 'ਤੇ ਚੜਨਾ ਪੈਂਦਾ ਹੈ ਅਤੇ ਰੁਜ਼ਗਾਰ ਲਈ ਕਈ ਭਾਖੜਾ ਵਿਚ ਵੀ ਛਾਲਾਂ ਮਾਰ ਚੁੱਕੇ ਹਨ | ਇਕੱਲੇ ਪਾਵਰਕੌਮ 'ਤੇ ਨਜ਼ਰ ਮਾਰੀਏ ਤਾਂ ਵਰ੍ਹਾ 2002-2010 ਦੌਰਾਨ ਦੇ ਕਰੀਬ 6200 ਕੇਸ ਅਜਿਹੇ ਹਨ ਜਿਨ੍ਹਾਂ ਦੇ ਵਾਰਸਾਂ ਨੂੰ ਹਾਲੇ ਤੱਕ ਤਰਸ ਦੇ ਅਧਾਰ 'ਤੇ ਨੌਕਰੀ ਨਹੀਂ ਮਿਲੀ ਹੈ | ਜਿਨ੍ਹਾਂ ਨੂੰ ਮਿਲਦੀ ਹੈ, ਉਨ੍ਹਾਂ ਨੂੰ ਵੀ ਦਰਜਾ ਚਾਰ ਦਾ ਰੁਜ਼ਗਾਰ ਪ੍ਰਾਪਤ ਹੁੰਦਾ ਹੈ | 



Tuesday, September 14, 2021

                                             ਸਰਕਾਰੀ ਮਹੂਰਤ
                             ਇਮਾਰਤ ਵੀ ਉਧਾਰੀ, ਸਟਾਫ਼ ਵੀ ਉਧਾਰਾ
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਨੇ ਹਲਕਾ ਬੱਲੂਆਣਾ ਦੇ ਪਿੰਡ ਖੁੰਬਣ ਵਿੱਚ ਇੱਕ ਨਿੱਜੀ ਸਕੂਲ ਦੀ ਇਮਾਰਤ ’ਚ ਹੀ ਸਰਕਾਰੀ ਕਾਲਜ ਸ਼ੁਰੂ ਕਰ ਦਿੱਤਾ ਹੈ। ਉਚੇਰੀ ਸਿੱਖਿਆ ਵਿਭਾਗ ਨੇ ਇਸ ਹਲਕੇ ਦੇ ਪਿੰਡ ਸੁਖਚੈਨ ’ਚ ਨਵਾਂ ਸਰਕਾਰੀ ਕਾਲਜ ਖੋਲ੍ਹਿਆ ਹੈ ਪਰ ਇੱਥੇ ਇਮਾਰਤ ਨਾ ਬਣੀ ਹੋਣ ਕਰਕੇ ਨੇੜਲੇ ਪਿੰਡ ਖੁੰਬਣ ’ਚ ਨਵੇਂ ਦਾਖ਼ਲੇ ਸ਼ੁਰੂ ਕਰ ਦਿੱਤੇ ਹਨ। ਪਿੰਡ ਖੁੰਬਣ ਦੇ ਨਿੱਜੀ ਸਕੂਲ ’ਚ ਇੱਕ ਪਾਸੇ ਸਕੂਲ ਚੱਲ ਰਿਹਾ ਹੈ ਤੇ ਦੂਸਰੇ ਪਾਸੇ ਸਰਕਾਰੀ ਕਾਲਜ ਸ਼ੁਰੂ ਹੋ ਗਿਆ ਹੈ। ਇਮਾਰਤ ਵੀ ਉਧਾਰੀ ਹੈ ਅਤੇ ਸਟਾਫ਼ ਵੀ ਉਧਾਰਾ।ਚੋਣਾਂ ਮੌਕੇ ਕਾਂਗਰਸ ਨੇ ਚੋਣ ਮਨੋਰਥ ਪੱਤਰ ’ਚ ਪੰਜਾਬ ਵਿੱਚ ਸਰਕਾਰ ਬਣਨ ’ਤੇ 50 ਨਵੇਂ ਸਰਕਾਰੀ ਕਾਲਜ ਖੋਲ੍ਹਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਲੰਘੇ ਤਿੰਨ ਵਰ੍ਹਿਆਂ ਦੌਰਾਨ ਸਿਰਫ਼ ਛੇ ਨਵੇਂ ਕਾਲਜ ਚਾਲੂ ਕੀਤੇ ਜਦਕਿ ਦਰਜਨ ਸਰਕਾਰੀ ਕਾਲਜ ਹੁਣ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਨਵੇਂ ਕਾਲਜਾਂ ਲਈ ਕਰੀਬ 200 ਕਰੋੜ ਰੁਪਏ ਜਾਰੀ ਕੀਤੇ ਗਏ ਹਨ। 

            ਵਿਰੋਧੀ ਆਖ ਰਹੇ ਹਨ ਕਿ ਚੋਣਾਂ ਸਿਰ ’ਤੇ ਹੋਣ ਕਰਕੇ ਸਰਕਾਰ ਨੇ ਨਵੇਂ ਕਾਲਜ ਬਿਨਾਂ ਇਮਾਰਤਾਂ ਅਤੇ ਸਟਾਫ਼ ਤੋਂ ਕਾਹਲ ’ਚ ਚਲਾ ਦਿੱਤੇ ਹਨ ਤਾਂ ਜੋ ਸਿਆਸੀ ਮੁੱਲ ਵੱਟਿਆ ਜਾ ਸਕੇ।ਅਬੋਹਰ ਦੇ ਸਰਕਾਰੀ ਸਕੂਲ ਦੀ ਇਮਾਰਤ ’ਚ ਨਵਾਂ ਕਾਲਜ ਚਾਲੂ ਕਰ ਦਿੱਤਾ ਗਿਆ ਹੈ, ਜਿੱਥੇ ਹੁਣ ਤੱਕ 45 ਵਿਦਿਆਰਥੀਆਂ ਨੇ ਦਾਖਲਾ ਲਿਆ ਹੈ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਸਰਕਾਰੀ ਕਾਲਜ ਵਿੱਚ ਜੋ ਕਰੀਬ 10 ਲੈਕਚਰਾਰ ਭੇਜੇ ਗਏ ਹਨ, ਉਹ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ’ਚੋਂ ਸ਼ਿਫ਼ਟ ਕੀਤੇ ਗਏ ਹਨ। ਸ਼ਿਫ਼ਟ ਕੀਤੇ ਜਾਣ ਮਗਰੋਂ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਵਿੱਚ ਪਿੱਛੇ 12 ਗੈਸਟ ਫੈਕਲਟੀ ਲੈਕਚਰਾਰ ਰਹਿ ਗਏ ਹਨ। ਇਸ ਕਾਲਜ ਵਿਚ ਕਰੀਬ 2600 ਵਿਦਿਆਰਥੀ ਪੜ੍ਹ ਰਹੇ ਹਨ, ਜਿਨ੍ਹਾਂ ਲਈ ਲੈਕਚਰਾਰਾਂ ਦੀ ਘਾਟ ਪੈ ਗਈ ਹੈ। ਨਵੇਂ ਕਾਲਜਾਂ ਵਿਚ ਵੀ ਗੈਸਟ ਫੈਕਲਟੀ ਲੈਕਚਰਾਰ ਭੇਜੇ ਗਏ ਹਨ। ਅਬੋਹਰ ਅਤੇ ਪਿੰਡ ਸੁਖਚੈਨ ਦੇ ਨਵੇਂ ਕਾਲਜ ਅਤੇ ਫ਼ਾਜ਼ਿਲਕਾ ਦੇ ਸਰਕਾਰੀ ਕਾਲਜ ਦੇ ਪ੍ਰਿੰਸੀਪਲ ਦਾ ਵਾਧੂ ਚਾਰਜ ਉੜਮੜ ਟਾਂਡਾ ਦੇ ਪ੍ਰਿੰਸੀਪਲ ਨੂੰ ਦਿੱਤਾ ਗਿਆ ਹੈ।

            ਪਿੰਡ ਸੁਖਚੈਨ ਦੇ ਸਰਕਾਰੀ ਕਾਲਜ ਵਿੱਚ ਹੁਣ ਤੱਕ 12 ਵਿਦਿਆਰਥੀ ਦਾਖਲ ਹੋਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਪਿੰਡ ਮੁਖਲਿਆਣਾ ਵਿੱਚ ਨਵਾਂ ਸਰਕਾਰੀ ਕਾਲਜ ਸ਼ੁਰੂ ਕੀਤਾ ਗਿਆ ਹੈ, ਜੋ ਕਿ ਇਸ ਪਿੰਡ ਤੋਂ ਥੋੜੀ ਦੂਰ ਪੈਂਦੇ ਕਸਬਾ ਰਾਜਪੁਰਾ ਦੇ ਸਰਕਾਰੀ ਸਕੂਲ ਦੀ ਇਮਾਰਤ ਵਿੱਚ ਚੱਲ ਰਿਹਾ ਹੈ। ਸਰਕਾਰੀ ਸਕੂਲ ਦੀ ਇਮਾਰਤ ਵਿੱਚ ਇੱਕੋ ਵੇਲੇ ਸਕੂਲ ਅਤੇ ਕਾਲਜ ਚੱਲ ਰਹੇ ਹਨ। ਦਾਖ਼ਲੇ ਸ਼ੁਰੂ ਹੋ ਚੁੱਕੇ ਹਨ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅੱਜ ਇਸ ਕਾਲਜ ਦੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਹੈ। ਇਸੇ ਤਰ੍ਹਾਂ ਮਾਲੇਰਕੋਟਲਾ ਵਿੱਚ ਜੋ ਲੜਕੀਆਂ ਦਾ ਨਵਾਂ ਸਰਕਾਰੀ ਕਾਲਜ ਬਣਾਇਆ ਗਿਆ ਹੈ, ਉਹ ਵੀ ਉਰਦੂ ਅਕੈਡਮੀ ਦੀ ਇਮਾਰਤ ਵਿੱਚ ਸ਼ੁਰੂ ਕੀਤਾ ਗਿਆ ਹੈ। ਨਵਾਂ ਸ਼ਹਿਰ ਦੇ ਪਿੰਡ ਜਾਡਲਾ ਵਿੱਚ ਨਵਾਂ ਕਾਲਜ ਖੋਲ੍ਹਿਆ ਗਿਆ ਹੈ, ਜਿੱਥੇ 140 ਵਿਦਿਆਰਥੀ ਦਾਖਲ ਹੋਏ ਹਨ। ਮਲੋਟ ਦੇ ਪਿੰਡ ਦਾਨੇਵਾਲਾ ’ਚ ਨਵੇਂ ਸਰਕਾਰੀ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਲੁਧਿਆਣਾ ਈਸਟ ਵਿੱਚ ਵੀ ਨਵੇਂ ਕਾਲਜ ਦੀ ਇਮਾਰਤ ਤਿਆਰ ਹੋ ਗਈ ਹੈ। ਸੂਤਰ ਦੱਸਦੇ ਹਨ ਕਿ ਨਵੇਂ ਕਾਲਜਾਂ ਵਿੱਚ ਸਟਾਫ਼ ਨੇੜਲੇ ਪੁਰਾਣੇ ਕਾਲਜਾਂ ’ਚੋਂ ਸ਼ਿਫ਼ਟ ਕੀਤਾ ਗਿਆ ਹੈ।

                                    ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ: ਬਰਾੜ

ਸਹਾਇਕ ਡੀਪੀਆਈ ਗੁਰਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਜੋ ਤਿੰਨ ਕੁ ਸਰਕਾਰੀ ਕਾਲਜ ਟਰਾਂਜ਼ਿਟ ਇਮਾਰਤਾਂ ਵਿਚ ਸ਼ੁਰੂ ਕੀਤੇ ਗਏ ਹਨ, ਉਨ੍ਹਾਂ ਦੀ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈ। ਬਾਕੀ ਸਾਰੀਆਂ ਇਮਾਰਤਾਂ ਮੁਕੰਮਲ ਹੋ ਕੇ ਕਾਲਜ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਨਵੇਂ ਕਾਲਜਾਂ ਲਈ ਸਟਾਫ਼ ਦੇਣ ਵਾਸਤੇ 931 ਅਸਾਮੀਆਂ ਦੀ ਭਰਤੀ ਕੀਤੀ ਜਾ ਰਹੀ ਹੈ ਅਤੇ 160 ਅਸਾਮੀਆਂ ਵੱਖਰੇ ਤੌਰ ’ਤੇ ਪ੍ਰਵਾਨ ਕੀਤੀਆਂ ਹਨ। ਇਨ੍ਹਾਂ ਕਾਲਜਾਂ ਵਿਚ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ਇਸੇ ਦੌਰਾਨ ਹੁਣ ਸਰਕਾਰ ਨੇ ਕਰੀਬ 30 ਪੁਰਾਣੇ ਕਾਲਜਾਂ ਵਿੱਚ ਚੱਲਦੇ ਸੈੱਲਫ ਫਾਈਨਾਂਸ ਕੋਰਸ ਵੀ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਨਾਲ ਕਰੀਬ ਇੱਕ ਹਜ਼ਾਰ ਲੈਕਚਰਾਰਾਂ ਹੱਥੋਂ ਨੌਕਰੀ ਖੁੱਸ ਜਾਣੀ ਹੈ।

                                ਪੰਜਾਹ ਫੀਸਦ ਕਾਲਜਾਂ ਕੋਲ ਪੱਕੇ ਪ੍ਰਿੰਸੀਪਲ ਨਹੀਂ

ਪੰਜਾਬ ’ਚ ਜੋ ਪੁਰਾਣੇ 47 ਸਰਕਾਰੀ ਕਾਲਜ ਚੱਲ ਰਹੇ ਹਨ, ਉਨ੍ਹਾਂ ਵਿਚ ਕਰੀਬ 50 ਫ਼ੀਸਦ ਕੋਲ ਪੱਕੇ ਪ੍ਰਿੰਸੀਪਲ ਹੀ ਨਹੀਂ ਹਨ। ਜਾਣਕਾਰੀ ਅਨੁਸਾਰ ਮਾਲਵੇ ਵਿੱਚ ਇੱਕ ਪੱਕੇ ਪ੍ਰਿੰਸੀਪਲ ਕੋਲ ਛੇ ਕਾਲਜਾਂ ਦਾ ਵਾਧੂ ਚਾਰਜ ਹੈ। ਇਨ੍ਹਾਂ 47 ਕਾਲਜਾਂ ਵਿੱਚ 1610 ਰੈਗੂਲਰ ਅਸਾਮੀਆਂ ਖਾਲੀ ਪਈਆਂ ਹਨ ਅਤੇ ਇਸ ਵੇਲੇ ਇਨ੍ਹਾਂ ਪੁਰਾਣੇ ਕਾਲਜਾਂ ਵਿੱਚ ਸਿਰਫ਼ 308 ਪੱਕੇ ਲੈਕਚਰਾਰ ਤਾਇਨਾਤ ਹਨ ਜਦਕਿ 39 ਪੱਕੇ ਲੈਕਚਰਾਰ ਚੰਡੀਗੜ੍ਹ ਯੂਟੀ ਵਿੱਚ ਡੈਪੂਟੇਸ਼ਨ ’ਤੇ ਹਨ। ਇਨ੍ਹਾਂ ਕਾਲਜਾਂ ਵਿਚ 962 ਗੈਸਟ ਫੈਕਲਟੀ ਅਤੇ 245 ਪਾਰਟ ਟਾਈਮ ਲੈਕਚਰਾਰ ਕੰਮ ਕਰਦੇ ਹਨ। ਪੁਰਾਣੇ ਕਾਲਜਾਂ ਵਿੱਚ ਪੰਜਾਬੀ ਦੇ ਸਿਰਫ਼ ਡੇਢ ਦਰਜਨ ਰੈਗੂਲਰ ਲੈਕਚਰਾਰ ਹਨ|

Saturday, September 11, 2021

                                             ਅੰਦੋਲਨ ਦੀ ਬਰਕਤ
                                      ਕਿਸਾਨਾਂ ਦਾ ਹੁਕਮ ਸਿਰ-ਮੱਥੇ
                                                ਚਰਨਜੀਤ ਭੁੱਲਰ       

ਚੰਡੀਗੜ੍ਹ : ਕਿਸਾਨੀ ਏਕਤਾ ’ਚ ਹੁਣ ਕਿੰਨੀ ਬਰਕਤ ਹੈ, ਅੱਜ ਸੰਯੁਕਤ ਕਿਸਾਨ ਮੋਰਚਾ ਅੱਗੇ ਸਿਆਸੀ ਆਗੂਆਂ ਦੇ ਜੁੜੇ ਹੱਥ ਇਸ ਦਾ ਸਬੂਤ ਬਣੇ। ਕਿਸਾਨ ਆਗੂਆਂ ਨਾਲ ਮੀਟਿੰਗ ਦੌਰਾਨ ਬਹੁਤੇ ਸਿਆਸੀ ਆਗੂ ‘ਕਿਸਾਨਾਂ ਦਾ ਹੁਕਮ ਸਿਰ-ਮੱਥੇ’ ਕਹਿੰਦੇ ਨਜ਼ਰ ਆਏ। 32 ਕਿਸਾਨ ਧਿਰਾਂ ਨੇ ਇੱਥੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਕਿਸਾਨ ਅੰਦੋਲਨ ਕਰਕੇ ਅਗੇਤਾ ਚੋਣ ਪ੍ਰਚਾਰ ਨਾ ਕਰਨ ਲਈ ਕਿਹਾ ਹੈ। ਅੱਜ ਕਿਸਾਨ ਆਗੂਆਂ ਦੀ ਮੀਟਿੰਗ ’ਚ ਅਸਲ ਲੋਕ-ਰਾਜ ਦਿਖਿਆ। ਸਿਆਸੀ ਆਗੂ ਇੱਥੇ ਕਿਸਾਨ ਮੋਰਚੇ ਨੂੰ ਮਿਲਣ ਲਈ ਕਾਹਲੇ ਸਨ ਅਤੇ ਉਨ੍ਹਾਂ ਵੱਲੋਂ ਹੱਥ ਜੋੜ-ਜੋੜ ਗੱਲ ਰੱਖੀ ਜਾ ਰਹੀ ਸੀ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ, ਪਰਮਿੰਦਰ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਪਹਿਲਾਂ ਹੀ ਪੁੱਜ ਗਏ, ਜਿਨ੍ਹਾਂ ਨੂੰ ਕਿਸਾਨ ਆਗੂਆਂ ਨੇ ਦੁਪਹਿਰ ਮਗਰੋਂ ਆਉਣ ਲਈ ਕਿਹਾ। 

            ਨਵਜੋਤ ਸਿੱਧੂ ਨੇ ਮੀਟਿੰਗ ’ਚ ਬਹੁਤ ਨਿਮਰਤਾ ਦਿਖਾਈ। ਸਿੱਧੂ ਨੂੰ ਤਾਂ ਅੱਜ ਮੀਟਿੰਗ ਵਾਲੇ ਕਮਰੇ ਦੇ ਬਾਹਰ ਕਰੀਬ ਇੱਕ ਘੰਟਾ ਉਡੀਕ ਵੀ ਕਰਨੀ ਪਈ। ਮੀਟਿੰਗ ਦੌਰਾਨ ਬਲਬੀਰ ਸਿੰਘ ਰਾਜੇਵਾਲ ਪ੍ਰਧਾਨਗੀ ਕੁਰਸੀ ’ਤੇ ਬੈਠੇ।ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਕਿ ਕਿਸਾਨੀ ਘੋਲ ਨੂੰ ਨਜ਼ਰਅੰਦਾਜ਼ ਕਰਨਾ ਹੁਣ ਸਿਆਸੀ ਲੋਕਾਂ ਨੂੰ ਵਾਰਾ ਨਹੀਂ ਖਾਂਦਾ ਅਤੇ ਅੱਜ ਹਰ ਸਿਆਸੀ ਆਗੂ ਹੁਕਮ ਮੰਨਣ ਲਈ ਤਿਆਰ ਸੀ। ਕਿਰਤੀ ਕਿਸਾਨ ਯੂਨੀਅਨ ਦੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਨਵਜੋਤ ਸਿੱਧੂ ਨੇ ਖ਼ੁਦ ਆਖਿਆ ਸੀ, ‘ਪਿਆਸਾ ਖੂਹ ਕੋਲ ਚੱਲ ਕੇ ਆਉਂਦਾ ਹੈ।’ ਉਨ੍ਹਾਂ ਕਿਹਾ ਕਿ ਲੋਕਾਂ ਦੇ ਹੱਥ ਆਪਸ ’ਚ ਜੁੜ ਜਾਣ ਤਾਂ ਸਿਆਸੀ ਆਗੂਆਂ ਨੂੰ ਧਰਤੀ ’ਤੇ ਆਉਣਾ ਪੈਂਦਾ ਹੈ।

          ਰਾਜਨੀਤੀ ਸ਼ਾਸਤਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰੋ. ਜਮਸ਼ੀਦ ਅਲੀ ਖਾਨ ਨੇ ਕਿਹਾ ਕਿ ਜਮਹੂਰੀਅਤ ਵਿਚ ਅਸਲ ਮਾਲਕ ਲੋਕ ਹੁੰਦੇ ਹਨ ਅਤੇ ਹੁਕਮਰਾਨ ਸੇਵਕ ਹੁੰਦੇ ਹਨ। ਕਦੇ ਵੀ ਲੋਕ ਰਾਜ ਦਾ ਇਹ ਹਕੀਕੀ ਚਿਹਰਾ ਨਹੀਂ ਦਿਸਿਆ ਸੀ ਪਰ ਕਿਸਾਨ ਅੰਦੋਲਨ ਦੀ ਤਾਕਤ ਨੇ ਲੋਕ ਰਾਜ ਨੂੰ ਅਸਲ ਮਾਅਨੇ ਦਿੱਤੇ ਹਨ। ਦੇਖਿਆ ਜਾਵੇ ਤਾਂ ਪਿਛਲੇ ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸੌ ਹਲਕਿਆਂ ਦੀ ਯਾਤਰਾ ਵੀ ਹਫ਼ਤੇ ਲਈ ਮੁਲਤਵੀ ਕਰਨੀ ਪਈ ਹੈ। ਪਹਿਲਾਂ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ ਦੇਣਾ ਅਤੇ ਫਿਰ ਐੱਨਡੀਏ ਨਾਲੋਂ ਤੋੜ-ਵਿਛੋੜਾ ਕਰਨਾ, ਸਭ ਕਿਸਾਨ ਏਕੇ ਵਜੋਂ ਹੈ। ਕਿਸਾਨ ਆਗੂ ਆਖਦੇ ਹਨ ਕਿ ਅਮਰਿੰਦਰ ਸਿੰਘ ਵੱਲੋਂ ਗੰਨੇ ਦੇ ਭਾਅ ’ਚ ਵਾਧਾ ਕਿਸਾਨ ਅੰਦੋਲਨ ਦੇ ਦਬਾਅ ਕਾਰਨ ਹੀ ਕੀਤਾ ਗਿਆ ਹੈ।

          ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਿਸਾਨ ਏਕਤਾ ਨੇ ਸਿਆਸਤਦਾਨਾਂ ਨੂੰ ਦਿਖਾ ਦਿੱਤਾ ਹੈ ਕਿ ਲੋਕਾਂ ’ਚ ਹੀ ਜੜ੍ਹਾਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਚੋਣਾਂ ਕਰਕੇ ਸਿਆਸੀ ਲੋਕ ਕਿਸਾਨਾਂ ਦੀ ਹਮਦਰਦੀ ਲੈਣ ਲਈ ਨਾਟਕ ਕਰਨੋਂ ਵੀ ਨਹੀਂ ਖੁੰਝਦੇ। ਅੰਦੋਲਨ ਦੇ ਦਾਬੇ ਕਰਕੇ ਸਿਆਸੀ ਆਗੂਆਂ ਨੂੰ ਠੰਢੇ ਪੈਣਾ ਪਿਆ ਹੈ। ਕਿਸਾਨ ਘੋਲ ਦਾ ਰੰਗ ਹੈ ਕਿ ਸਰਕਾਰੀ ਦਫ਼ਤਰਾਂ ’ਚ ਕਿਸਾਨ ਆਗੂਆਂ ਨੂੰ ਪੂਰਾ ਇੱਜ਼ਤ-ਮਾਣ ਮਿਲਣ ਲੱਗਾ ਹੈ। ਇੱਕ ਕਿਸਾਨ ਆਗੂ ਨੇ ਦੱਸਿਆ ਕਿ ਵੱਢੀਖ਼ੋਰ ਵੀ ਹੁਣ ਵਿਜੀਲੈਂਸ ਤੋਂ ਘੱਟ, ਕਿਸਾਨ ਆਗੂਆਂ ਤੋਂ ਵੱਧ ਡਰਦੇ ਹਨ। ਆਮ ਲੋਕ ਕੰਮ-ਧੰਦਿਆਂ ਲਈ ਵੀ ਕਿਸਾਨ ਆਗੂਆਂ ਕੋਲ ਜਾਣ ਨੂੰ ਤਰਜੀਹ ਦੇਣ ਲੱਗੇ ਹਨ। ਇੱਥੋਂ ਤੱਕ ਕਿ ਪਿੰਡ ਪੱਧਰ ਦੇ ਕਿਸਾਨ ਆਗੂਆਂ ਨੂੰ ਵੀ ਸਰਕਾਰੀ ਦਰਬਾਰੋਂ ਜਵਾਬ ਨਹੀਂ ਮਿਲਦਾ।

                                              ਕਿਧਰ ਜਾਵੇ ਪੰਜਾਬ 
                         ਜਹਾਜ਼ ਉੱਡੇ ਅਸਮਾਨੀਂ, ਭੁੰਜੇ ਲਾਹ ਖ਼ਜ਼ਾਨੇ ਨੂੰ..! 
                                                ਚਰਨਜੀਤ ਭੁੱਲਰ       

ਚੰਡੀਗੜ੍ਹ : ਢਾਈ ਦਹਾਕੇ ਤੋਂ ਹੈਲੀਕਾਪਟਰ ਦੀ ਸਵਾਰੀ ਖ਼ਜ਼ਾਨੇ 'ਤੇ ਭਾਰੀ ਪੈ ਰਹੀ ਹੈ | ਹਕੂਮਤਾਂ ਨੇ ਸੜਕੀਂ ਰਸਤਾ ਨਹੀਂ ਚੁਣਿਆ, ਅਸਮਾਨੀ ਉੱਡਣ ਨੂੰ ਤਰਜੀਹ ਦਿੱਤੀ | ਇਹ ਉਡਾਣਾਂ 24 ਵਰਿ੍ਹਆਂ 'ਚ ਸਰਕਾਰੀ ਖ਼ਜ਼ਾਨੇ ਨੂੰ 166.23 ਕਰੋੜ 'ਚ ਪਈਆਂ | ਇਸ ਸਮੇਂ ਦੌਰਾਨ ਅਕਾਲੀ-ਭਾਜਪਾ ਗੱਠਜੋੜ ਨੰਬਰ ਵਨ ਰਿਹਾ ਜਿਸ ਦਾ ਹੈਲੀਕਾਪਟਰ ਖਰਚਾ 119.35 ਕਰੋੜ ਰਿਹਾ ਜਦੋਂ ਕਾਂਗਰਸ ਹਕੂਮਤਾਂ ਦੌਰਾਨ ਇਹੋ ਖ਼ਰਚ 46.88 ਕਰੋੜ ਰਿਹਾ | ਬਾਦਲ ਪਰਿਵਾਰ ਨੇ ਤਾਂਘੇ ਵਾਂਗੂ ਹੈਲੀਕਾਪਟਰ ਵਰਤਿਆ | ਵਰ੍ਹਾ 2007-12 ਦੌਰਾਨ ਬਾਦਲਾਂ ਦੇ 426 ਗੇੜੇ ਇਕੱਲੇ ਪਿੰਡ ਬਾਦਲ ਦੇ ਰਹੇ | ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪ੍ਰਾਪਤ ਵੇਰਵਿਆਂ ਅਨੁਸਾਰ ਨਵੰਬਰ 1997 ਤੋਂ ਜੁਲਾਈ 2021 ਤੱਕ ਦੇ ਸਮੇਂ (ਕਰੀਬ 24 ਸਾਲ) ਦੌਰਾਨ ਹੈਲੀਕਾਪਟਰ ਦਾ ਖਰਚਾ 166.23 ਕਰੋੜ  ਰਿਹਾ ਹੈ | ਮੌਜੂਦਾ ਹਕੂਮਤ ਤੋਂ ਗੱਲ ਸ਼ੁਰੂ ਕਰੀਏ ਤਾਂ ਬੇਸ਼ੱਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਦੇ ਦੌਰੇ ਉਂਗਲਾਂ 'ਤੇ ਗਿਣੇ ਜਾਣ ਜੋਗੇ ਹਨ ਪਰ ਪਹਿਲੀ ਅਪਰੈਲ 2017 ਤੋਂ 31 ਜੁਲਾਈ 2021 ਤੱਕ ਸਰਕਾਰੀ ਹੈਲੀਕਾਪਟਰ ਦੇ ਅਪਰੇਸ਼ਨ/ਮੈਂਟੀਨੈਸ ਦਾ ਖਰਚਾ ਅਤੇ ਪ੍ਰਾਈਵੇਟ ਹੈਲੀਕਾਪਟਰਾਂ ਦੇ ਭਾੜੇ ਦਾ ਖਰਚਾ 14.58 ਕਰੋੜ ਰੁਪਏ ਰਿਹਾ ਹੈ | 

    ਕੈਪਟਨ ਸਰਕਾਰ ਨੇ ਸਵਾ ਚਾਰ ਵਰਿ੍ਹਆਂ ਦੌਰਾਨ ਪ੍ਰਾਈਵੇਟ ਹੈਲੀਕਾਪਟਰ ਦੇ ਭਾੜੇ 'ਤੇ 3.66 ਕਰੋੜ ਰੁਪਏ ਖਰਚ ਕੀਤੇ ਹਨ ਜਦੋਂ ਕਿ ਸਰਕਾਰੀ ਹੈਲੀਕਾਪਟਰ ਦਾ ਖਰਚਾ 10.92 ਕਰੋੜ ਰੁਪਏ ਰਿਹਾ ਹੈ | ਇਸ ਲਿਹਾਜ਼ ਨਾਲ ਕੈਪਟਨ ਸਰਕਾਰ ਦਾ ਰੋਜ਼ਾਨਾ ਦਾ ਔਸਤਨ ਹੈਲੀਕਾਪਟਰ ਖਰਚਾ 94064 ਰੁਪਏ ਰਿਹਾ ਹੈ | ਚਰਚੇ ਹਨ ਕਿ ਪੰਜਾਬ ਕਾਂਗਰਸ ਦੀ ਖਿੱਚੋਤਾਣ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਵੀ ਸਰਕਾਰੀ ਹੈਲੀਕਾਪਟਰ ਵਰਤਿਆ ਹੈ | ਪੰਜਾਬ ਸਰਕਾਰ ਨੇ ਆਰ.ਟੀ.ਆਈ ਤਹਿਤ ਸਰਕਾਰੀ ਹੈਲੀਕਾਪਟਰ ਦੇ ਦੂਸਰੇ ਸੂਬਿਆਂ ਦੇ ਦੌਰਿਆਂ ਦਾ ਰਿਕਾਰਡ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਹਿਮਾਚਲ ਪ੍ਰਦੇਸ਼ ਦੇ ਗੇੜੇ ਵੀ ਹੈਲੀਕਾਪਟਰ ਦੇ ਕਾਫ਼ੀ ਰਹੇ ਹਨ | ਵਿਰੋਧੀ ਉਂਗਲ ਉਠਾ ਰਹੇ ਹਨ ਕਿ ਕੋਵਿਡ ਮਹਾਂਮਾਰੀ ਦੇ ਡੇਢ ਵਰ੍ਹੇ ਦੌਰਾਨ ਸਭ ਕੁਝ ਰੁਕਿਆ ਰਿਹਾ ਹੈ ਅਤੇ ਇਸ ਸਮੇਂ ਦੌਰਾਨ ਹੈਲੀਕਾਪਟਰ ਦੀ ਵਰਤੋਂ ਕਿਥੇ ਕੀਤੀ ਗਈ ਹੈ, ਮਾਮਲਾ ਜਨਤਿਕ ਹੋਣਾ ਚਾਹੀਦਾ ਹੈ | ਦੇਖਿਆ ਜਾਵੇ ਤਾਂ ਏਨਾ ਜਰੂਰ ਹੈ ਕਿ ਗਠਜੋੜ ਸਰਕਾਰ ਦੇ ਮੁਕਾਬਲੇ ਕਾਂਗਰਸ ਹਕੂਮਤ ਦਾ ਹੈਲੀਕਾਪਟਰ ਖਰਚਾ ਕਾਫ਼ੀ ਘੱਟ ਹੈ | 

   ਤੈਰਵੀਂ ਨਜ਼ਰ ਮਾਰੀਏ ਤਾਂ ਮੁੱਖ ਮੰਤਰੀ ਪਿਛਲੇ ਸਮਿਆਂ ਤੋਂ ਹੈਲੀਕਾਪਟਰ 'ਤੇ ਜਿਆਦਾ ਸਫ਼ਰ ਕਰਨ ਲੱਗੇ ਹਨ | ਪੰਜਾਬ ਸਰਕਾਰ ਵੱਲੋਂ ਨਵੰਬਰ 1995 ਤੋਂ ਭਾੜੇ ਦਾ ਹੈਲੀਕਾਪਟਰ ਵਰਤਣਾ ਸ਼ੁਰੂ ਕੀਤਾ ਗਿਆ ਸੀ | ਨਵੰਬਰ 1995 ਤੋਂ 31 ਮਾਰਚ 1997 ਤੱਕ ਹੈਲੀਕਾਪਟਰ ਦਾ ਖਰਚਾ 9.68 ਕਰੋੜ ਰੁਪਏ ਰਿਹਾ ਸੀ ਜਿਸ ਦਾ ਮਤਲਬ ਹੈ ਕਿ ਰੋਜ਼ਾਨਾ ਦਾ ਔਸਤਨ ਖਰਚਾ 1.87 ਲੱਖ ਰੁਪਏ ਹੈਲੀਕਾਪਟਰ 'ਤੇ ਕੀਤਾ ਗਿਆ | ਗਠਜੋੜ ਸਰਕਾਰ ਦੀ ਦਸ ਵਰਿ੍ਹਆਂ (2007-2017) ਦੌਰਾਨ ਹੈਲੀਕਾਪਟਰ ਦਾ ਖਰਚਾ 97.81 ਕਰੋੜ ਰੁਪਏ ਹੈ | ਇੱਕ ਅੰਦਾਜ਼ੇ ਅਨੁਸਾਰ ਇਨ੍ਹਾਂ ਦਸ ਵਰਿ੍ਹਆਂ 'ਚ ਰੋਜ਼ਾਨਾ ਔਸਤਨ 2 ਘੰਟੇ ਹੈਲੀਕਾਪਟਰ ਅਸਮਾਨੀ ਗੂੰਜਦਾ ਰਿਹਾ ਹੈ | ਗਠਜੋੜ ਸਰਕਾਰ ਦੀ ਪਹਿਲੀ ਪਾਰੀ (2007-2012) ਦੌਰਾਨ ਹੈਲੀਕਾਪਟਰ 53.81 ਕਰੋੜ ਰੁਪਏ ਰਿਹਾ ਸੀ | ਦੂਸਰੀ ਪਾਰੀ (2012-2017) ਦੌਰਾਨ ਇਹੋ ਖਰਚਾ 44 ਕਰੋੜ ਰੁਪਏ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਜਦੋਂ ਪਹਿਲੀ ਦਫ਼ਾ ਮੁੱਖ ਮੰਤਰੀ ਬਣੇ ਸਨ ਤਾਂ ਉਦੋਂ (2002-07) ਦੌਰਾਨ ਹੈਲੀਕਾਪਟਰ ਖਰਚਾ 22.62 ਕਰੋੜ ਰੁਪਏ ਆਇਆ ਸੀ | ਐਤਕੀਂ ਦੂਸਰੀ ਪਾਰੀ 'ਚ ਅਮਰਿੰਦਰ ਸਿੰਘ ਨੇ ਜਿਆਦਾ ਸਮਾਂ ਸਿਸਵਾਂ ਫਾਰਮ ਹਾਊਸ 'ਤੇ ਹੀ ਕੱਢਿਆ ਹੈ |

     ਪੰਜਾਬ ਸਰਕਾਰ ਨੇ ਜਿਆਦਾ ਸਮਾਂ ਭਾੜੇ ਦਾ ਹੈਲੀਕਾਪਟਰ ਹੀ ਵਰਤਿਆ ਹੈ | ਦਸੰਬਰ 2012 ਵਿਚ ਸਰਕਾਰ ਨੇ 'ਬੈੱਲ-429' ਹੈਲੀਕਾਪਟਰ 38 ਕਰੋੜ ਦੀ ਲਾਗਤ ਨਾਲ ਖਰੀਦ ਕੀਤਾ ਸੀ | ਪੰਜਾਬ ਸਰਕਾਰ ਦਾ ਇੱਕ ਹੈਲੀਕਾਪਟਰ ਅਪਰੈਲ 1994 ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਜਿਸ ਵਿਚ ਪੰਜਾਬ ਦੇ ਰਾਜਪਾਲ ਸੁਰਿੰਦਰ ਨਾਥ ਆਦਿ ਮਾਰੇ ਗਏ ਸਨ | ਇਸੇ ਤਰ੍ਹਾਂ 'ਕਿੰਗ ਏਅਰ-90' ਵੀ ਅਕਤੂਬਰ 2008 ਵਿਚ ਲੁਧਿਆਣਾ ਵਿਚ ਹਾਦਸ਼ਾਗ੍ਰਸਤ ਹੋ ਗਿਆ ਸੀ ਪੰ੍ਰਤੂ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਸੀ |   ਆਡਿਟ ਇਤਰਾਜ਼ ਵੀ ਉੱਠਦੇ ਰਹੇ ਹਨ ਕਿ ਪੰਜਾਬ ਸਰਕਾਰ ਨੇ ਬਿਨਾਂ ਟੈਂਡਰ ਕੀਤੇ ਹੀ ਭਾੜੇ 'ਤੇ ਹੈਲੀਕਾਪਟਰ ਲਏ ਹਾਲਾਂਕਿ ਭੂਗੋਲਿਕ ਲਿਹਾਜ਼ ਤੋਂ ਪੰਜਾਬ ਬਹੁਤਾ ਲੰਮਾ ਚੌੜਾ ਨਹੀਂ ਹੈ ਪਰ ਫਿਰ ਵੀ ਸਰਕਾਰਾਂ ਤਰਫ਼ੋਂ ਸੜਕੀਂ ਰਸਤੇ ਦੀ ਥਾਂ ਹੈਲੀਕਾਪਟਰ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਸ ਦਾ ਬੋਝ ਆਮ ਲੋਕਾਂ ਨੂੰ ਚੁੱਕਣਾ ਪੈਂਦਾ ਹੈ | 

               ਹੈਲੀਕਾਪਟਰ ਦੀ ਪ੍ਰਾਈਵੇਟ ਵਰਤੋਂ ਬੰਦ ਹੋਵੇ : ਚੀਮਾ

ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਵਿਧਾਇਕ ਹਰਪਾਲ ਸਿੰਘ ਚੀਮਾ ਆਖਦੇ ਹਨ ਕਿ ਹੈਲੀਕਾਪਟਰ ਦਾ ਸਮੁੱਚੇ ਰੂਪ ਵਿਚ ਬੋਝ ਆਮ ਲੋਕਾਂ 'ਤੇ ਪੈਂਦਾ ਹੈ ਜਿਸ ਕਰਕੇ ਸਰਕਾਰਾਂ ਨੂੰ ਇਹ ਖਰਚਾ ਸੀਮਿਤ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਹੁਣ ਪੰਜਾਬ ਕਰਜ਼ ਵਿਚ ਜਕੜਿਆ ਪਿਆ ਹੈ ਤਾਂ ਬਹੁਤ ਹੰਗਾਮੀ ਹਾਲਾਤਾਂ 'ਚ ਹੀ ਹੈਲੀਕਾਪਟਰ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਅਤੇ ਪ੍ਰਾਈਵੇਟ ਕੰਮਾਂ ਲਈ ਹੈਲੀਕਾਪਟਰ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ |

     ਹੈਲੀਕਾਪਟਰ ਖਰਚਾ : ਇੱਕ ਨਜ਼ਰ 

ਟਰਮ ਪੀਰੀਅਡ          ਕੁੱਲ ਖਰਚਾ           ਔਸਤਨ ਪ੍ਰਤੀ ਦਿਨ ਖਰਚਾ

1995-1997    9.68 ਕਰੋੜ      1.87 ਲੱਖ

1997-2002   21.44 ਕਰੋੜ      1.17 ਲੱਖ

2002-2007   22.62 ਕਰੋੜ     1.23 ਲੱਖ

2007-2012   53.81 ਕਰੋੜ     2.94 ਲੱਖ

2012-2017   44.00 ਕਰੋੜ     2.41 ਲੱਖ

2017-2021    14.58 ਕਰੋੜ    94064 ਰੁਪਏ

 



Thursday, September 9, 2021

                                                 ਸਰਪੰਚ ਦਾ ਹੋਕਾ
                                      ਪੌਦੇ ਲੈ ਜਾਓ, ਨਾਲੇ ਪੈਸੇ ਵੀ..!
                                                 ਚਰਨਜੀਤ ਭੁੱਲਰ   

ਚੰਡੀਗੜ੍ਹ :  ਪਿੰਡ ਰਣਸੀਹ ਕਲਾਂ ਦੀ ਮਹਿਲਾ ਸਰਪੰਚ ਕੁਲਦੀਪ ਕੌਰ ਨੇ ਨਵੀਂ ਪੈੜ ਪਾਈ ਹੈ, ਜੋ ਪੰਜਾਬ ਲਈ ਨਵਾਂ ਰਾਹ ਬਣ ਸਕਦੀ ਹੈ। ਉਸ ਨੂੰ ਧਰਤੀ ਦੀ ਕੁੱਖ ਤੇ ਪੌਦਿਆਂ ਦੇ ਪਾਲਣ ਪੋਸ਼ਣ ਦਾ ਇੱਕੋ ਜਿੰਨਾ ਫਿਕਰ ਹੈ। ਮੋਗਾ ਜ਼ਿਲ੍ਹੇ ਦੇ ਇਸ ਪਿੰਡ ਦੀ ਮਹਿਲਾ ਸਰਪੰਚ ਇਕੱਲੇ ਪੌਦੇ ਨਹੀਂ ਵੰਡ ਰਹੀ, ਸਗੋਂ ਚੈੱਕ ਵੀ ਵੰਡ ਰਹੀ ਹੈ ਤਾਂ ਜੋ ਪੌਦਿਆਂ ਦੀ ਦੇਖਭਾਲ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਗਰਾਮ ਪੰਚਾਇਤ ਨੇ ਪਹਿਲੀ ਸਤੰਬਰ ਤੋਂ ਪਿੰਡ ’ਚ ਨਵਾਂ ਨਾਅਰਾ ਦਿੱਤਾ ਹੈ, ‘ਰੁੱਖ ਲਗਾਓ, ਵਾਤਾਵਰਨ ਬਚਾਓ ਤੇ ਪੈਸੇ ਕਮਾਓ।’ ਅੱਗੇ ਇਹ ਵੀ ਕਿਹਾ ਹੈ ਕਿ ‘ਮਿੱਠੇ ਫਲ ਵੀ ਖਾਓ।’  ਨੌਂ ਮੈਂਬਰੀ ਪੰਚਾਇਤ ਦੀ ਅਗਵਾਈ ਕਰ ਰਹੀ ਸਰਪੰਚ ਕੁਲਦੀਪ ਕੌਰ ਕੋਲ ਨਜ਼ਰੀਆ ਹੈ ਤੇ ਪਿੰਡ ਦੇ ਦਾਨੀ ਸੱਜਣਾਂ ਕੋਲ ਖਜ਼ਾਨਾ। ਸਰਪੰਚ ਵੱਲੋਂ ਹਰ ਚਾਹਵਾਨ ਨੂੰ ਪ੍ਰਤੀ ਪੌਦਾ ਸੌ ਰੁਪਏ ਦਾ ਚੈੱਕ ਮੌਕੇ ’ਤੇ ਦਿੱਤਾ ਜਾਂਦਾ ਹੈ। ਪਿੰਡ ਦੇ ਕਰੀਬ 2700 ਵਸਨੀਕ ਹਨ, ਜਿਨ੍ਹਾਂ ’ਚੋਂ ਬਹੁਤਿਆਂ ਨੇ 2 ਤੋਂ 10 ਪੌਦੇ ਤੱਕ ਵੀ ਲਏ ਹਨ। ਸਾਰੇ ਪੌਦੇ ਮਿੱਠੇ ਫਲਾਂ ਵਾਲੇ ਹਨ। ਕਿਸਾਨ ਸੁਖਮੰਦਰ ਸਿੰਘ ਨੇ 14 ਫਲਦਾਰ ਬੂਟੇ ਲਏ। 

              ਸਰਪੰਚ ਕੁਲਦੀਪ ਕੌਰ ਦੱਸਦੀ ਹੈ ਕਿ ਪੰਜਾਬ ’ਚ ਪੌਦੇ ਸਿਰਫ਼ ਦਿਖਾਵੇ ਲਈ ਲੱਗਦੇ ਹਨ ਤੇ ਬਹੁਤੇ ਪੌਦੇ ਜੋਬਨ ਰੁੱਤੇ ਮਰ ਜਾਂਦੇ ਹਨ। ਉਹ ਆਖਦੀ ਹੈ ਕਿ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਚੁੱਕੇ ਬਿਨਾਂ ਪੌਦਾ ਲਾਉਣਾ ਬੇਅਰਥ ਹੈ। ਲੋਕਾਂ ਨੂੰ ਚੇਟਕ ਲਾਉਣ ਲਈ ਉਸ ਨੇ ਪ੍ਰਤੀ ਪੌਦਾ ਸੌ ਰੁਪਏ ਦੇਣਾ ਸ਼ੁਰੂ ਕੀਤਾ ਹੈ।ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਖੇਤੀ ’ਵਰਸਿਟੀ ਤੋਂ ਪੌਣੇ ਦੋ ਲੱਖ ਰੁਪਏ ਵਿੱਚ ਇੱਕ ਹਜ਼ਾਰ ਫਲਦਾਰ ਪੌਦੇ ਲਿਆਂਦੇ ਸਨ, ਜਿਸ ਚੋਂ 700 ਪੌਦੇ ਉਹ ਵੰਡ ਚੁੱਕੇ ਹਨ। ਇਨ੍ਹਾਂ ਵਿੱਚੋਂ 600 ਪੌਦਿਆਂ ਨਾਲ 60 ਹਜ਼ਾਰ ਰੁਪਏ ਦੇ ਚੈੱਕ ਵੀ ਦਿੱਤੇ ਗਏ ਹਨ, ਜਦਕਿ ਸੌ ਪੌਦੇ ਲੈਣ ਵਾਲਿਆਂ ਨੇ ਇਸ ਨੂੰ ਧਰਮ ਦਾ ਕੰਮ ਮੰਨ ਕੇ ਪੈਸੇ ਲੈਣ ਤੋਂ ਨਾਂਹ ਕਰ ਦਿੱਤੀ। ਪੰਚਾਇਤ ਨੇ ਜਨਮ ਦਿਨ ’ਤੇ ਵੀ ਪੌਦੇ ਵੰਡਣੇ ਸ਼ੁਰੂ ਕੀਤੇ ਹਨ। ਪਿੰਡ ਦੇ ਸਾਬਕਾ ਸਰਪੰਚ ਪ੍ਰੀਤ ਮਹਿੰਦਰਪਾਲ ਸਿੰਘ ਮਿੰਟੂ, ਹਾਂਗਕਾਂਗ ਵਾਸੀ ਕਰਮਪਾਲ ਸਿੰਘ, ਕੈਨੇਡਾ ਵਾਸੀ ਮਨਜਿੰਦਰ ਸਿੰਘ ਤੇ ਇੰਦਰਪਾਲ ਸਿੰਘ ਸਮੇਤ ਦਾਨੀ ਸੱਜਣਾਂ ਨੇ ਇਨ੍ਹਾਂ ਪੌਦਿਆਂ ਦੇ ਪਾਲਣ-ਪੋਸ਼ਣ ਦਾ ਸਾਰਾ ਖਰਚਾ ਚੁੱਕਣ ਦਾ ਫੈ਼ਸਲਾ ਕੀਤਾ ਹੈ। ਹਰ ਵਿਅਕਤੀ ਦਾ ਨਾਮ ਤੇ ਦਿੱਤੇ ਪੌਦਿਆਂ ਦੀ ਗਿਣਤੀ ਦਾ ਰਿਕਾਰਡ ਰੱਖਿਆ ਗਿਆ ਹੈ। 

             ਸਾਬਕਾ ਸਰਪੰਚ ਮਿੰਟੂ ਦੱਸਦਾ ਹੈ ਕਿ ਇੱਕ ਮਹੀਨੇ ਮਗਰੋਂ ਵਿਸ਼ੇਸ਼ ਟੀਮ ਸਾਰੇ ਪੌਦਿਆਂ ਦੀ ਜਾਂਚ ਕਰੇਗੀ। ਪੰਚਾਇਤ ਵੱਲੋਂ ਲੋਕਾਂ ਨੂੰ ਅੰਬ, ਆਲੂ ਬੁਖਾਰਾ, ਲੀਚੀ, ਅਮਰੂਦ, ਜਾਮਣ, ਚੀਕੂ ਤੇ ਨਾਸ਼ਪਾਤੀ ਦੇ ਪੌਦੇ ਵੰਡੇ ਗਏ ਹਨ ਅਤੇ ਇਹ ਖੁੱਲ੍ਹ ਦਿੱਤੀ ਗਈ ਹੈ ਕਿ ਲੋਕ ਆਪੋ-ਆਪਣੇ ਘਰ ਜਾਂ ਖੇਤ ਵਿੱਚ ਇਹ ਪੌਦੇ ਲਗਾ ਸਕਦੇ ਹਨ। ਪਿੰਡ ਦੇ ਪਰਵਾਸੀ ਭਾਰਤੀ ਆਖਦੇ ਹਨ ਕਿ ਲੋਕਾਂ ਵਿਚ ਜਜ਼ਬਾ ਭਰਨ ਅਤੇ ਚੇਟਕ ਲਾਉਣ ਲਈ ਇਹ ਨਿਵੇਕਲੀ ਪਹਿਲ ਹੈ। ਪਿੰਡ ਦੀ ਪੰਚਾਇਤ ਵੱਲੋਂ ਪਹਿਲਾਂ ਵੀ ਪਲਾਸਟਿਕ ਤੇ ਕਬਾੜ ਬਦਲੇ ਚੀਨੀ ਅਤੇ ਗੁੜ ਦਿੱਤਾ ਜਾਂਦਾ ਸੀ। ਪਿੰਡ ਵਿੱਚ ਪਾਣੀ ਨੂੰ ਸਾਫ਼ ਕਰਕੇ ਮੁੜ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਪਿੰਡ ਰਣਸੀਹ ਕਲਾਂ ਨੂੰ ਦੋ ਕੌਮੀ ਐਵਾਰਡ ਦਿੱਤੇ ਜਾ ਚੁੱਕੇ ਹਨ। ਖੂਬਸੂਰਤ ਪਿੰਡ ਵਜੋਂ ਅਤੇ ਇੱਕ ਐਵਾਰਡ ਗਰਾਮ ਸਭਾ ਲਈ ਦਿੱਤਾ ਗਿਆ ਸੀ। ਇਹ ਐਵਾਰਡ 2018-19 ਦੇ ਸਨ। ਜਦੋਂ ਕੇਂਦਰ ਸਰਕਾਰ ਨੇ ਖੇਤੀ ਕਾਨੂੰਨ ਲਿਆਂਦੇ ਤੇ ਕਿਸਾਨਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤੀ ਤਾਂ ਪਿੰਡ ਦਾ ਤਤਕਾਲੀ ਸਰਪੰਚ ਪ੍ਰੀਤ ਮਹਿੰਦਰ ਸਿੰਘ ਆਪਣੀ ਟੀਮ ਨਾਲ ਦੋਵੇਂ ਐਵਾਰਡ ਲੈ ਕੇ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦੇ ਦਫ਼ਤਰ ਗਿਆ ਅਤੇ ਦੋਵੇਂ ਐਵਾਰਡ ਵਾਪਸ ਕਰ ਆਇਆ।

Wednesday, September 8, 2021

                                              ਚੱਬਣਾ ਪਏਗਾ ਅੱਕ 
                               ‘ਵੱਡਿਆਂ’ ਦੇ ਬੱਸ ਪਰਮਿਟ ਹੋਣਗੇ ਰੱਦ !  
                                                ਚਰਨਜੀਤ ਭੁੱਲਰ    

ਚੰਡੀਗੜ੍ਹ : ਕੈਪਟਨ ਸਰਕਾਰ ਨੂੰ ਆਖ਼ਰ ਹੁਣ ਗ਼ੈਰਕਾਨੂੰਨੀ ਬੱਸ ਪਰਮਿਟ ਰੱਦ ਕਰਨ ਦਾ ਅੱਕ ਚੱਬਣਾ ਪੈ ਰਿਹਾ ਹੈ ਜਿਸ ਨਾਲ ਸਿੱਧੇ ਤੌਰ ’ਤੇ ਵੱਡੇ ਘਰਾਣੇ ਨੂੰ ਵਿੱਤੀ ਸੱਟ ਵੱਜਣੀ ਹੈ। ਕਾਂਗਰਸ ਹਾਈਕਮਾਨ ਨੇ 18 ਨੁਕਾਤੀ ਏਜੰਡੇ ਤਹਿਤ ‘ਬੱਸ ਮਾਫੀਆ’ ਨੂੰ ਨਕੇਲ ਪਾਉਣ ਲਈ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਟੀਚਾ ਦਿੱਤਾ ਹੈ। ਹਾਲਾਂਕਿ ਕਾਂਗਰਸ ਦਾ ਬੱਸ ਮਾਫੀਆ ਨੂੰ ਨੱਥ ਪਾਏ ਜਾਣ ਦਾ ਚੋਣ ਵਾਅਦਾ ਸੀ। ਵਿਰੋਧੀ ਧਿਰਾਂ ਵੱਲੋਂ ਹਾਕਮ ਧਿਰ ’ਤੇ ਦੋਸਤਾਨਾ ਮੈਚ ਖੇਡਣ ਦੇ ਇਲਜ਼ਾਮ ਲਾਏ ਗਏ ਸਨ। ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਵੀ ਇਸ ਮੁੱਦੇ ’ਤੇ ਨਿਸ਼ਾਨਾ ਸਾਧਿਆ ਹੋਇਆ ਸੀ। ਚਰਚੇ ਰਹੇ ਹਨ ਕਿ ਕੈਪਟਨ ਸਰਕਾਰ ਸ਼ੁਰੂ ਤੋਂ ਇਸ ਮਾਮਲੇ ’ਤੇ ਡੰਗ ਟਪਾਈ ਕਰ ਰਹੀ ਸੀ ਅਤੇ ਹੁਣ ਜਦੋਂ ਅਗਲੀਆਂ ਚੋਣਾਂ ਸਿਰ ’ਤੇ ਹਨ ਤਾਂ ਗ਼ੈਰਕਾਨੂੰਨੀ ਪਰਮਿਟ ਰੱਦ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਟਰਾਂਸਪੋਰਟ ਵਿਭਾਗ ਪੰਜਾਬ ਨੇ ਗ਼ੈਰਕਾਨੂੰਨੀ ਬੱਸ ਪਰਮਿਟ ਰੱਦ ਕਰਨ ਤੋਂ ਪਹਿਲਾਂ ਪ੍ਰਾਈਵੇਟ ਬੱਸ ਅਪਰੇਟਰਾਂ ਨੂੰ ਨੋਟਿਸ ਭੇਜ ਕੇ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਸੀ। ਇਹ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਟਰਾਂਸਪੋਰਟ ਵਿਭਾਗ ਨੇ ਕਾਨੂੰਨੀ ਮਸ਼ਵਰੇ ਲਈ ਫਾਈਲ ਹੁਣ ਐਡਵੋਕੇਟ ਜਨਰਲ ਕੋਲ ਭੇਜ ਦਿੱਤੀ ਹੈ। 

             ਸੂਤਰਾਂ ਅਨੁਸਾਰ ਐਡਵੋਕੇਟ ਜਨਰਲ ਵੱਲੋਂ ਬੀਤੇ ਦਿਨੀਂ ਸਟੇਟ ਟਰਾਂਸਪੋਰਟ ਕਮਿਸ਼ਨਰ ਨਾਲ ਇਸ ਮਾਮਲੇ ’ਤੇ ਕਾਨੂੰਨੀ ਪੱਖ ਤੋਂ ਲੰਮੀ ਵਿਚਾਰ-ਚਰਚਾ ਵੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਭਰ ਦੇ ਕਰੀਬ 340 ਬੱਸ ਅਪਰੇਟਰਾਂ ਦੇ 700 ਤੋਂ ਵੱਧ ਗ਼ੈਰਕਾਨੂੰਨੀ ਬੱਸ ਪਰਮਿਟ ਹਨ ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਹੈ। ਅਦਾਲਤੀ ਫ਼ੈਸਲਿਆਂ ਮਗਰੋਂ ਵੀ ਇਹ ਪਰਮਿਟ ਰੱਦ ਕਰਨ ਦੀ ਪ੍ਰਕਿਰਿਆ ਕੀੜੀ ਦੀ ਚਾਲ ਹੀ ਰਹੀ ਹੈ ਜਿਸ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ’ਤੇ ਸਿੱਧੀ ਉਂਗਲ ਵੀ ਉੱਠੀ ਹੈ।ਸੂਤਰਾਂ ਅਨੁਸਾਰ ਗ਼ੈਰਕਾਨੂੰਨੀ ਪਰਮਿਟਾਂ ਵਿਚ ਕਾਫ਼ੀ ਹਿੱਸਾ ਉਸ ਸਿਆਸੀ ਘਰਾਣੇ ਦਾ ਹੈ ਜਿਨ੍ਹਾਂ ਦੀਆਂ ਬੱਸਾਂ ਦੀ ਰਾਜ ’ਚ ਤੂਤੀ ਬੋਲ ਰਹੀ ਹੈ। ਅਕਾਲੀ ਦਲ-ਭਾਜਪਾ ਗੱਠਜੋੜ ਸਰਕਾਰ ਸਮੇਂ ਨਿਯਮਾਂ ਤੋਂ ਉਲਟ ਜਾ ਕੇ ਟਰਾਂਸਪੋਰਟ ਵਿਭਾਗ ਨੇ ਸਿਆਸੀ ਪਹੁੰਚ ਵਾਲੇ ਟਰਾਂਸਪੋਰਟਰਾਂ ਦੇ ਬੱਸ ਪਰਮਿਟਾਂ ਵਿੱਚ ਇੱਕ ਤੋਂ ਜ਼ਿਆਦਾ ਦਫ਼ਾ ਰੂਟਾਂ ਵਿਚ ਵਾਰ ਵਾਰ ਵਾਧਾ ਕੀਤਾ ਗਿਆ। ਹੁਣ ਗ਼ੈਰਕਾਨੂੰਨੀ ਤੌਰ ’ਤੇ ਰੂਟ ਵਿਚ ਕੀਤੇ ਵਾਧੇ ਵਾਲੇ ਪਰਮਿਟ ਰੱਦ ਕੀਤੇ ਜਾਣੇ ਹਨ। 

            ਕੈਪਟਨ ਸਰਕਾਰ ਨੇ 22 ਫਰਵਰੀ 2018 ਨੂੰ ਨਵੀਂ ਟਰਾਂਸਪੋਰਟ ਪਾਲਿਸੀ ਬਣਾਈ ਸੀ, ਜੋ ਹਾਲੇ ਤੱਕ ਆਪਣਾ ਰੰਗ ਨਹੀਂ ਦਿਖਾ ਸਕੀ। ਇਸ ‘ਬੱਸ ਮਾਫੀਆ’ ਕਾਰਨ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਨੂੰ ਰਗੜਾ ਲੱਗ ਰਿਹਾ ਹੈ। ਸੂਤਰ ਆਖਦੇ ਹਨ ਕਿ ਟਰਾਂਸਪੋਰਟ ਵਿਭਾਗ ਵਿਚ ਵੱਡੇ ਘਰਾਣੇ ਦੇ ਨੇੜਲੇ ਅਧਿਕਾਰੀ ਉਪਰ ਤੋਂ ਹੇਠਾਂ ਤੱਕ ਤਾਇਨਾਤ ਹਨ। ਇਹ ਅਧਿਕਾਰੀ ਫਾਈਲਾਂ ਦੱਬ ਕੇ ਅਤੇ ਨਵੀਆਂ ਘੁਣਤਰਾਂ ਕੱਢ ਕੇ ਗ਼ੈਰਕਾਨੂੰਨੀ ਪਰਮਿਟ ਰੱਦ ਕਰਨ ਦੇ ਰਾਹ ਵਿਚ ਰੋੜਾ ਬਣੇ ਹੋਏ ਹਨ। ਸਰਕਾਰੀ ਪੱਖ ਲੈਣ ਲਈ ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ ਫੋਨ ਕੀਤਾ, ਪਰ ਉਨ੍ਹਾਂ ਚੁੱਕਿਆ ਨਹੀਂ। ਉਂਜ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਹਾਈ ਕੋਰਟ ਦੇ ਫ਼ੈਸਲੇ ਦੇ ਨੁਕਤੇ ਤੋਂ ਗ਼ੈਰਕਾਨੂੰਨੀ ਪਰਮਿਟਾਂ ਬਾਰੇ ਕਾਨੂੰਨੀ ਰਾਇ ਲੈਣ ਲਈ ਫਾਈਲ ਐਡਵੋਕੇਟ ਜਨਰਲ ਕੋਲ ਭੇਜੀ ਗਈ ਹੈ। 

                                        ਢਾਈ ਸੌ ਨਵੇਂ ਬੱਸ ਪਰਮਿਟ ਦੇਣ ਦਾ ਫ਼ੈਸਲਾ

ਟਰਾਂਸਪੋਰਟ ਵਿਭਾਗ ਨੇ ਪੰਜਾਬ ’ਚ 248 ਨਵੇਂ ਬੱਸ ਪਰਮਿਟ ਦੇਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਕਾਂਗਰਸ ਸਰਕਾਰ ਤਰਫ਼ੋਂ ਸਾਢੇ ਚਾਰ ਵਰ੍ਹਿਆਂ ਮਗਰੋਂ ਪਹਿਲੀ ਦਫ਼ਾ ਵੱਡੀਆਂ ਬੱਸਾਂ ਦੇ ਪਰਮਿਟ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਅੰਮ੍ਰਿਤਸਰ, ਬਠਿੰਡਾ, ਫ਼ਰੀਦਕੋਟ, ਹੁਸ਼ਿਆਰਪੁਰ ਤੇ ਜਲੰਧਰ ਦੀ ਖੇਤਰੀ ਅਥਾਰਟੀ ਵੱਲੋਂ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਜਿਸ ਤਹਿਤ ਕੌਮੀ ਸੜਕ ਮਾਰਗਾਂ ’ਤੇ ਕੁੱਲ ਪਰਮਿਟਾਂ ’ਚੋਂ 50 ਫੀਸਦੀ ਪਰਮਿਟ ਪਬਲਿਕ ਟਰਾਂਸਪੋਰਟ ਨੂੰ ਦਿੱਤੇ ਜਾਣੇ ਹਨ। ਪਰਮਿਟ ਦੇ ਚਾਹਵਾਨਾਂ ਤੋਂ 7 ਅਕਤੂਬਰ ਤੱਕ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ ਅਤੇ 10 ਹਜ਼ਾਰ ਰੁਪਏ ਦਰਖਾਸਤ ਫ਼ੀਸ ਰੱਖੀ ਗਈ ਹੈ। 

                                      ਬੱਸ ਮਾਫੀਆ ’ਚ ਸਭ ਘਿਉ-ਖਿਚੜੀ: ਚੀਮਾ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਕਿ ਬੱਸ ਮਾਫੀਆ ਨੂੰ ਚਲਾ ਹੀ ਸਿਆਸਤਦਾਨ ਰਹੇ ਹਨ ਜਿਸ ਕਰਕੇ ਮੌਜੂਦਾ ਸਰਕਾਰ ਤੋਂ ਗ਼ੈਰਕਾਨੂੰਨੀ ਪਰਮਿਟ ਰੱਦ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਹੈ। ‘ਆਪ’ ਦੀ ਸਰਕਾਰ ਬਣਨ ’ਤੇ ਇਹ ਪਰਮਿਟ ਰੱਦ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮਾਫੀਆ ਵਿਚ ਅਕਾਲੀ ਤੇ ਕਾਂਗਰਸੀ ਘਿਉ-ਖਿਚੜੀ ਹਨ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ਇਨ੍ਹਾਂ ਨਾਲ ਪੂਰੀ ਤਰ੍ਹਾਂ ਰਲੇ ਹੋਏ ਹਨ। 

Tuesday, September 7, 2021

                                                  ਮਾਂ ਦੀ ਉਡੀਕ
                                    ਉਹ ਸਵੇਰ ਹੁਣ ਨਹੀਂ ਆਏਗੀ..!
                                                 ਚਰਨਜੀਤ ਭੁੱਲਰ  

ਚੰਡੀਗੜ੍ਹ :  ਵਿਧਵਾ ਸੁਦੇਸ਼ ਦੇਵੀ ਲਈ ਸਭ ਸਰਕਾਰੀ ਬੂਹੇ ਬੰਦ ਹਨ। ਡੇਢ ਏਕੜ ਦੀ ਮਾਲਕੀ ਵਾਲਾ ਉਸ ਦਾ ਕਿਸਾਨ ਪਤੀ ਸੁਸ਼ੀਲ ਕਾਜਲ ਸ਼ਹੀਦ ਹੋ ਗਿਆ ਹੈ। ਖੇਤੀ ਬਚਾਉਣ ਗਿਆ ਸੁਸ਼ੀਲ ਕਰਨਾਲ ਵਿੱਚ ਹਰਿਆਣਾ ਪੁਲੀਸ ਦੀ ਲਾਠੀ ਦਾ ਸ਼ਿਕਾਰ ਹੋ ਗਿਆ। ਲਾਠੀਚਾਰਜ ਮਗਰੋਂ ਕਿਸਾਨ ਸੁਸ਼ੀਲ ਘਰ ਆ ਗਿਆ। ਸਿਰ ਦੀ ਚੋਟ ਨੇ ਦਿਨ ਨਹੀਂ ਚੜ੍ਹਨ ਦਿੱਤਾ। ਮੰਜੇ ’ਤੇ ਪਿਆ ਸੁਸ਼ੀਲ ਲੋਥ ਬਣ ਗਿਆ। ਕਿਸਾਨ ਧਿਰਾਂ ਨੇ ਭਲਕੇ ਕਰਨਾਲ ਵਿੱਚ ਵੱਡਾ ਮੁਜ਼ਾਹਰਾ ਕਰਨਾ ਹੈ ਅਤੇ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਸਭ ਰਾਹ ਬੰਦ ਕਰ ਦਿੱਤੇ ਹਨ।

             ਵਿਧਵਾ ਸੁਦੇਸ਼ ਦੇਵੀ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਉਸ ਦਾ ਪਤੀ ਕੁਰਬਾਨ ਹੋ ਗਿਆ ਹੈ। ਉਹ ਆਖਦੀ ਹੈ ਕਿ ਹਰਿਆਣਾ ਪੁਲੀਸ ਦੀ ਲਾਠੀ ਮਗਰੋਂ ਸਿਰ ਵਿੱਚ ਗਹਿਰਾ ਦਰਦ ਹੋਇਆ ਅਤੇ ਬਿਨਾਂ ਰੋਟੀ ਖਾਧੇ ਹੀ ਉਹ ਸੌਂ ਗਿਆ। ਸੌਣ ਤੋਂ ਪਹਿਲਾਂ ਸੁਸ਼ੀਲ ਨੇ ਹਰਿਆਣਾ ਪੁਲੀਸ ਦੇ ਬੇਕਿਰਕ ਚਿਹਰੇ ਦੀ ਗਾਥਾ ਸੁਣਾਈ ਅਤੇ ਲਾਠੀ ਨਾਲ ਝੰਬੇ ਗਏ ਬਜ਼ੁਰਗਾਂ ਦੀ ਗੱਲ ਕਰਕੇ ਰੋ ਪਿਆ। ਪਤਨੀ ਨੇ ਕਿਹਾ ਕਿ ਸੁਸ਼ੀਲ ਰਾਤ ਨੂੰ ਇਹ ਆਖ ਕੇ ਸੁੱਤਾ ਕਿ ਸਵੇਰੇ ਦੇਖਾਂਗੇ, ਲਾਠੀ ਕਿਵੇਂ ਰਾਹ ਰੋਕਦੀ ਹੈ।

           ਮ੍ਰਿਤਕ ਕਿਸਾਨ ਦੀ ਮਾਂ ਮੂਰਤੀ ਦੇਵੀ ਨੇ ਏਨਾ ਹੀ ਕਿਹਾ ਕਿ ਪੁੱਤ, ਹੁਣ ਉਹ ਸਵੇਰ ਨਹੀਂ ਆਏਗੀ। ਮ੍ਰਿਤਕ ਕਿਸਾਨ ਸੁਸ਼ੀਲ ਦੇ ਪਿਤਾ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਸੁਸ਼ੀਲ ਦੇ ਚਾਚੇ ਦਿਲਾਵਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਕਾਜਲ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਨਾਲ ਜੁੜ ਗਿਆ ਸੀ ਅਤੇ ਉਸ ਨੂੰ ਆਪਣੀ ਏਕੜ ਜ਼ਮੀਨ ਦੇ ਖੁੱਸ ਜਾਣ ਦਾ ਡਰ ਸੀ। ਉਨ੍ਹਾਂ ਕਿਹਾ ਕਿ ਬਸਤਾੜਾ ਟੌਲ ਪਲਾਜ਼ੇ ਦਾ ਉਹ ਡੇਲੀ ਪੈਸੰਜਰ ਸੀ, ਕੋਈ ਦਿਨ ਜਾਣੋਂ ਨਹੀਂ ਖੁੰਝਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਲਾਠੀ ਵੱਜਣ ਕਰਕੇ ਸੁਸ਼ੀਲ ਦੇ ਸਿਰ ਵਿੱਚ ਗੋਲਾ ਜਿਹਾ ਬਣ ਗਿਆ ਸੀ।

          ਮ੍ਰਿਤਕ ਸੁਸ਼ੀਲ ਕਾਜਲ ਪਿੱਛੇ ਲੜਕਾ ਸਾਹਿਲ ਕਾਜਲ ਅਤੇ ਲੜਕੀ ਅਨੂ ਛੱਡ ਗਿਆ ਹੈ। ਪੋਸਟ ਗਰੈਜੂਏਟ ਲੜਕਾ ਸਾਹਿਲ ਆਖਦਾ ਹੈ ਕਿ ਉਸ ਦਾ ਬਾਪ ਪੈਲ਼ੀਆਂ ਦੀ ਜੰਗ ਲੜਦਾ ਸ਼ਹੀਦ ਹੋਇਆ ਹੈ ਅਤੇ ਹੁਣ ਉਹ ਵੀ ਪਿਤਾ ਦੀ ਸੋਚ ਨੂੰ ਹੋਰ ਅੱਗੇ ਲਿਜਾਏਗਾ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਐੱਸਡੀਐੱਮ ਖ਼ਿਲਾਫ਼ ਪੁਲੀਸ ਕੇਸ ਦਰਜ ਹੋਵੇ। ਕਿਸਾਨ ਆਗੂ ਮੰਗ ਕਰ ਚੁੱਕੇ ਹਨ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।

         ਹੁਣ ਜਦੋਂ ਹਰਿਆਣਾ ਸਰਕਾਰ ਨੇ ਕਰਨਾਲ ਦੇ ਸਾਰੇ ਰਾਹ ਰਸਤੇ ਬੰਦ ਕਰ ਦਿੱਤੇ ਹਨ ਅਤੇ ਸਖ਼ਤੀ ਵਧਾ ਦਿੱਤੀ ਹੈ ਤਾਂ ਇਸ ਪਰਿਵਾਰ ਦੇ ਹੌਸਲੇ ਦੂਣ ਸਵਾਏ ਹੋ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਲੜਨਗੇ, ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ। ਇਸ ਸ਼ਹੀਦ ਕਿਸਾਨ ਦਾ ਪਿੰਡ ਰਾਏਪੁਰ ਵੀ ਦਹਿਸ਼ਤ ਵਿੱਚ ਹੈ।

                                                  ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ

ਕਰਨਾਲ ਪੁਲੀਸ ਨੇ ਦੇਰ ਸ਼ਾਮ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਪਿੰਡਾਂ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਨੇ 125 ਕਿਸਾਨ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ। ਕਿਸਾਨ ਅੰਦੋਲਨ ਦੇ ਹਮਦਰਦ ਵਜੋਂ ਵਿਚਰ ਰਹੇ ਸਮਾਜ ਸੇਵੀ ਗੁਰਕੀਰਤ ਸਿੰਘ ਨੂੰ ਪਹਿਲਾਂ ਵੀ ਪੁਲੀਸ ਨੇ ਲਾਠੀਚਾਰਜ ਵਾਲੇ ਦਿਨ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਅਤੇ ਅੱਜ ਮੁੜ ਪੁਲੀਸ ਨੇ ਇਸ ਸਮਾਜ ਸੇਵੀ ਅਤੇ ਉਸ ਦੀ ਸੰਸਥਾ ’ਤੇ ਨਜ਼ਰ ਰੱਖੀ ਹੋਈ ਹੈ।

Saturday, September 4, 2021

                                                  ਬਠਿੰਡਾ ਥਰਮਲ
                                   ਧੂੰਆਂ-ਧੂੰਆਂ ਹੋ ਗਏ ਸਿਆਸੀ ਸੁਫਨੇ
                                                  ਚਰਨਜੀਤ ਭੁੱਲਰ    

ਚੰਡੀਗੜ੍ਹ:  ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਿਆਂ ’ਚ ਬਠਿੰਡਾ ਦੇ ਥਰਮਲ ਪਲਾਂਟ ਵਿੱਚ ਅੱਜ ਚਾਰੋਂ ਚਿਮਨੀਆਂ ਦਾ ਵਜੂਦ ਮਿਟਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਦਾ 500ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਨੀਂਹ ਟਿਕੀ ਸੀ। ਪੰਜਾਬ ਵਜ਼ਾਰਤ ਨੇ 17 ਸਤੰਬਰ, 2020 ਨੂੰ ਇਸ ਥਰਮਲ ਦੀ ਜ਼ਮੀਨ ’ਤੇ ‘ਬਲਕ ਡਰੱਗ ਪਾਰਕ’ ਬਣਾਏ ਜਾਣ ਦਾ ਫ਼ੈਸਲਾ ਲਿਆ ਸੀ। ਕੇਂਦਰ ਸਰਕਾਰ ਨੇ ਹਾਲੇ ‘ਡਰੱਗ ਪਾਰਕ’ ਲਈ ਪੱਲਾ ਨਹੀਂ ਫੜਾਇਆ ਅਤੇ ਇੱਧਰ ਦੋ ਦਿਨਾਂ ’ਚ ਥਰਮਲ ਦੀਆਂ ਚਾਰ ਧੂੰਏ ਵਾਲੀਆਂ ਚਿਮਨੀਆਂ ਨੂੰ ਢਹਿ-ਢੇਰੀ ਵੀ ਕਰ ਦਿੱਤਾ ਗਿਆ ਹੈ। ਬਠਿੰਡਾ ਥਰਮਲ ਦੇ 440 ਮੈਗਾਵਾਟ ਦੇ ਚਾਰ ਯੂਨਿਟ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਯੂਨਿਟ 22 ਸਤੰਬਰ, 1974 ਨੂੰ ਚਾਲੂ ਹੋਇਆ ਸੀ। ਕੈਪਟਨ ਸਰਕਾਰ ਨੇ ਪਹਿਲੇ ਮਾਲੀ ਵਰ੍ਹੇ ’ਚ ਹੀ ਇਸ ਥਰਮਲ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਬਠਿੰਡਾ ਵਾਸੀਆਂ ਕੋਲੋਂ ਇਕੱਲਾ ਸਨਅਤੀ ਪ੍ਰਾਜੈਕਟ ਨਹੀਂ, ਵਿਰਾਸਤ ਵੀ ਖੁੱਸ ਗਈ ਹੈ।

            ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ’ਤੇ ਬਠਿੰਡਾ ਥਰਮਲ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਜ਼ਰੂਰ ਕੱਢਿਆ ਜਾਵੇਗਾ। ਥਰਮਲ ਬੰਦ ਕਰਨ ਮਗਰੋਂ ਇਸ ਨੂੰ ਢਾਹੁਣ ਤੇ ਸਾਜ਼ੋ-ਸਾਮਾਨ ਦੀ ਵਿਕਰੀ ਦਾ ਟੈਂਡਰ 164 ਕਰੋੜ ਵਿੱਚ ਪਾਸ ਕੀਤਾ ਗਿਆ। ਪੰਜ ਮਹੀਨਿਆਂ ਤੋਂ ਇਸ ਥਰਮਲ ਨੂੰ ਉਖਾੜਨ ਦਾ ਕੰਮ ਚੱਲ ਰਿਹਾ ਸੀ ਅਤੇ ਬੀਤੇ ਦੋ ਦਿਨਾਂ ਦੌਰਾਨ ਥਰਮਲ ਦੀਆਂ ਉੱਚੀਆਂ ਚਾਰ ਚਿਮਨੀਆਂ ਨੂੰ ਵੀ ਢੇਰੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਚਿਮਨੀਆਂ ਨੂੰ ਢਾਹੁਣ ਸਬੰਧੀ ਵਿੱਤ ਮੰਤਰੀ ਨੂੰ ਸਿੱਧੇ ਤੌਰ ਉੱਤੇ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਹਾਲਾਂਕਿ ਬਠਿੰਡਾ ਥਰਮਲ ਦਾ 737 ਕਰੋੜ ਰੁਪਏ ਖਰਚ ਕੇ ਨਵੀਨੀਕਰਨ ਕੀਤਾ ਗਿਆ ਸੀ ਅਤੇ ਮਸ਼ੀਨਰੀ ਵੀ ਨਵੀਂ ਪਾਈ ਸੀ।

           ਸਰਕਾਰੀ ਯੋਜਨਾਬੰਦੀ ਸੀ ਕਿ ਥਰਮਲ ਦੀ ਜ਼ਮੀਨ ’ਤੇ ‘ਡਰੱਗ ਪਾਰਕ’ ਬਣਾਇਆ ਜਾਵੇਗਾ। ਕੇਂਦਰ ਸਰਕਾਰ ਤਰਫੋਂ 27 ਜੁਲਾਈ, 2020 ਨੂੰ ‘ਬਲਕ ਡਰੱਗ ਪਾਰਕ’ ਸਕੀਮ ਲਾਂਚ ਕੀਤੀ ਗਈ ਸੀ, ਜਿਸ ਤਹਿਤ ਤਿੰਨ ਸੂਬਿਆਂ ਨੂੰ ‘ਡਰੱਗ ਪਾਰਕ’ ਦਿੱਤੇ ਜਾਣੇ ਹਨ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਲਿਤਪੁਰ ਦੇ ਪਿੰਡ ਸੈਦਪੁਰ ਵਿੱਚ ਇਹ ਪਾਰਕ ਬਣਾਏ ਜਾਣ ਦੀ ਤਜਵੀਜ਼ ਭੇਜੀ ਹੋਈ ਹੈ। ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦਰਜਨਾਂ ਸੂਬੇ ਕੇਂਦਰ ਸਰਕਾਰ ਤੋਂ ਇਹ ‘ਡਰੱਗ ਪਾਰਕ’ ਲੈਣ ਦੀ ਦੌੜ ਵਿੱਚ ਹਨ। ਪੰਜਾਬ ਸਰਕਾਰ ਵੱਲੋਂ ਜੋ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਗਈ ਸੀ, ਉਸ ਅਨੁਸਾਰ ਥਰਮਲ ਦੀ ਜ਼ਮੀਨ ‘ਡਰੱਗ ਪਾਰਕ’ ਲਈ ਕੰਪਨੀਆਂ ਨੂੰ ਇੱਕ ਰੁਪਏ ਲੀਜ਼ ’ਤੇ ਦਿੱਤੀ ਜਾਣੀ ਹੈ। ਪਾਵਰਕੌਮ ਦੀ ਜ਼ਮੀਨ ਦਾ ਇੰਤਕਾਲ 16 ਸਤੰਬਰ ਨੂੰ ਪੁੱਡਾ ਦੇ ਨਾਮ ਹੋ ਚੁੱਕਾ ਹੈ। ਪਾਵਰਕੌਮ ਨੇ ਇਸ ਥਰਮਲ ਦੀ ਜਗ੍ਹਾ ’ਤੇ ਪਹਿਲਾਂ ਬਾਇਓਮਾਸ ਪਲਾਂਟ ਅਤੇ ਪਿੱਛੋਂ 100 ਮੈਗਾਵਾਟ ਸੋਲਰ ਪਲਾਂਟ ਲਾਏ ਜਾਣ ਦੀ ਤਜਵੀਜ਼ ਭੇਜੀ ਸੀ, ਜੋ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਸੀ।

             ਵਿੱਤ ਮੰਤਰੀ ਮਨਪ੍ਰੀਤ ਬਾਦਲ ਥਰਮਲ ਦੀ ਜਗ੍ਹਾ ਉੱਤੇ ‘ਡਰੱਗ ਪਾਰਕ’ ਬਣਾਏ ਜਾਣ ਦੇ ਇੱਛੁਕ ਹਨ। ਡਰੱਗ ਪਾਰਕ ਲਈ ਇੱਕ ਰੁਪਏ ਲੀਜ਼ ’ਤੇ 33 ਸਾਲ ਲਈ ਇਹ ਜ਼ਮੀਨ ਦਿੱਤੀ ਜਾਣੀ ਹੈ ਤੇ ਇਸ ਲੀਜ਼ ਵਿੱਚ 99 ਸਾਲ ਤੱਕ ਦਾ ਵਾਧਾ ਹੋ ਸਕਦਾ ਹੈ। ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਤੇ ਇੱਕ ਰੁਪਏ ਵਿੱਚ ਪ੍ਰਤੀ ਹਜ਼ਾਰ ਲਿਟਰ ਪਾਣੀ ਦੇਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਅਨੁਸਾਰ ‘ਡਰੱਗ ਪਾਰਕ’ ਪ੍ਰਾਜੈਕਟ 1878 ਕਰੋੜ ਦਾ ਹੋਵੇਗਾ, ਜਿਸ ਵਿੱਚੋਂ 1000 ਕਰੋੜ ਕੇਂਦਰ ਦੇਵੇਗੀ ਤੇ ਬਾਕੀ 878 ਕਰੋੜ ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾਏਗੀ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਤਰਫੋਂ ਕੇਂਦਰ ਨੂੰ ‘ਬਲਕ ਡਰੱਗ ਪਾਰਕ’ ਲਈ ਤਜਵੀਜ਼ ਭੇਜੀ ਗਈ ਸੀ ਪਰ ਇਸ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਡਰੱਗ ਪਾਰਕ’ ਲਈ ਕੇਂਦਰ ਨੇ ਹਵਾਈ ਅੱਡਾ ਅਤੇ ਬੰਦਰਗਾਹ ਹੋਣ ਦੀ ਸ਼ਰਤ ਲਗਾਈ ਸੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਤਰਫ਼ੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ 135 ਏਕੜ ਵਿੱਚ ‘ਫਾਰਮਾ ਪਾਰਕ’ ਜ਼ਰੂਰ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। 

                                           ਮਨਪ੍ਰੀਤ ਨੇ ‘ਧੂੰਆਂ’ ਕੱਢਿਆ: ਸੰਧੂ

ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਪਹਿਲਾਂ ਤਾਂ ਹਜ਼ਾਰਾਂ ਕਰੋੜ ਦੀ ਪਾਵਰਕੌਮ ਦੀ ਜਾਇਦਾਦ ਸਰਕਾਰ ਨੇ ਖੋਹ ਲਈ ਅਤੇ ਉਸ ਮਗਰੋਂ ਕੌਡੀਆਂ ਦੇ ਭਾਅ ਮੁੰਬਈ ਦੀ ਇੱਕ ਕੰਪਨੀ ਨੂੰ ਮਸ਼ੀਨਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ‘ਡਰੱਗ ਪਾਰਕ’ ਮਿਲਿਆ ਨਹੀਂ ਪਰ ਥਰਮਲ ਦੀਆਂ ਚਿਮਨੀਆਂ ਦਾ ਸੱਚਮੁੱਚ ਖ਼ਜ਼ਾਨਾ ਮੰਤਰੀ ਨੇ ‘ਧੂੰਆਂ’ ਕੱਢ ਦਿੱਤਾ ਹੈ।

Wednesday, September 1, 2021

                                            ‘ਪਾਵਰਫੁੱਲ’ ਚਾਲ 
                              ਬੀਬੀਆਂ ਨੂੰ ਖੰਭੇ ’ਤੇ ਚੜ੍ਹਨੋਂ ਕੌਣ ਰੋਕੂ ! 
                                              ਚਰਨਜੀਤ ਭੁੱਲਰ    

ਚੰਡੀਗੜ੍ਹ : ਬਿਜਲੀ ਮਹਿਕਮੇ ਨੂੰ ਅੱਜ ਦੇ ਜ਼ਮਾਨੇ ’ਚ ਇੰਝ ਲੱਗਦਾ ਹੈ ਕਿ ਕੁੜੀਆਂ ਖੰਭੇ ’ਤੇ ਨਹੀਂ ਚੜ੍ਹ ਸਕਦੀਆਂ। ਪਾਵਰਕੌਮ ਮਹਿਲਾ ਯੋਗਤਾ ਨੂੰ ਘਟਾ ਕੇ ਦੇਖਣ ਲੱਗਾ ਹੈ। ਇਸੇ ਤਹਿਤ ਸਵਾਲ ਉੱਠੇ ਹਨ ਕਿ ਜੇ ਕੁੜੀਆਂ ਚੰਨ ’ਤੇ ਜਾ ਸਕਦੀਆਂ ਹਨ, ਐਵਰੈਸਟ ’ਤੇ ਚੜ੍ਹ ਸਕਦੀਆਂ ਹਨ ਤਾਂ ਖੰਭੇ ’ਤੇ ਚੜ੍ਹਨਾ ਕਿਵੇਂ ਔਖਾ ਹੈ, ਪਾਵਰਕੌਮ ਕੋਲ ਇਸ ਦਾ ਕੋਈ ਜਵਾਬ ਨਹੀਂ। ਪੰਜਾਬ ਸਰਕਾਰ ਨੇ ਨੌਕਰੀਆਂ ’ਚ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ ਜਦਕਿ ਬਿਜਲੀ ਮਹਿਕਮਾ ਹੁਣ ਆਖ ਰਿਹਾ ਹੈ ਕਿ ਸਹਾਇਕ ਲਾਈਨਮੈਨਾਂ ਦੀ ਭਰਤੀ ’ਚ ਲੜਕੀਆਂ ਨੂੰ 33 ਫ਼ੀਸਦੀ ਰਾਖਵੇਂਕਰਨ ਤੋਂ ਛੋਟ ਦਿੱਤੀ ਜਾਵੇ।

          ਪਾਵਰਕੌਮ ਦੇ ਮੁੱਖ ਇੰਜਨੀਅਰ (ਐੱਚਆਰਡੀ) ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜਿਆ ਕਿ ਪਾਵਰਕੌਮ ਵੱਲੋਂ ਸਹਾਇਕ ਲਾਈਨਮੈਨ ਦੀਆਂ 1700 ਅਸਾਮੀਆਂ ਦੀ ਭਰਤੀ ਲਈ 21 ਫਰਵਰੀ, 2021 ਨੂੰ ਜਨਤਕ ਨੋਟਿਸ ਦਿੱਤਾ ਗਿਆ ਸੀ ਅਤੇ ਹੁਣ ਵਿਸਥਾਰ ਵਿੱਚ ਵਿਗਿਆਪਨ ਦਿੱਤਾ ਜਾਣਾ ਹੈ। ਪੱਤਰ ’ਚ ਲਿਖਿਆ ਹੈ ਕਿ ਸਹਾਇਕ ਲਾਈਨਮੈਨ ਦੀ ਅਸਾਮੀ ਟੈਕਨੀਕਲ ਹੈ, ਜਿਸ ਵਿੱਚ ਮੁਲਾਜ਼ਮ ਨੇ ਹਾਈ ਵੋਲਟੇਜ ਲਾਈਨਾਂ ’ਤੇ ਕੰਮ ਕਰਨਾ ਹੁੰਦਾ ਹੈ। ਇਸ ਅਸਾਮੀ ’ਤੇ ਮਹਿਲਾ ਮੁਲਾਜ਼ਮਾਂ ਲਈ ਕੰਮ ਕਰਨਾ ਸੌਖਾ ਨਹੀਂ ਹੈ ਭਾਵ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨਾ ਪੈਂਦਾ ਹੈ, ਜੋ ਕੁੜੀਆਂ ਦੇ ਵੱਸ ਦਾ ਰੋਗ ਨਹੀਂ।

            ਪਾਵਰਕੌਮ ਨੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਮਹਿਲਾਵਾਂ ਲਈ 33 ਫ਼ੀਸਦੀ ਰਾਖਵੇਂਕਰਨ ਲਈ 26 ਅਕਤੂਬਰ, 2020 ਨੂੰ ਜਾਰੀ ਪੱਤਰ ਦਾ ਹਵਾਲਾ ਦਿੰਦਿਆਂ ਔਰਤਾਂ ਲਈ 33 ਫ਼ੀਸਦੀ ਰਾਖਵੇਕਰਨ ਤੋਂ ਛੋਟ ਦੀ ਮੰਗ ਕੀਤੀ ਹੈ। ਇੱਕ ਵੱਖਰੇ ਪੱਤਰ ’ਚ ਪਾਵਰਕੌਮ ਨੇ ਖ਼ੁਦ ਖੁਲਾਸਾ ਕੀਤਾ ਹੈ ਕਿ ਸਾਲ 2016 ਅਤੇ ਸਾਲ 2019 ਵਿੱਚ ਸਹਾਇਕ ਲਾਈਨਮੈਨ ਦੀ ਭਰਤੀ ਮੌਕੇ 23 ਲੜਕੀਆਂ ਨੂੰ ਵੀ ਭਰਤੀ ਕੀਤਾ ਗਿਆ ਸੀ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੇ ਊਰਜਾ ਵਿਭਾਗ ਨੂੰ ਹੁਣ 16 ਅਗਸਤ ਨੂੰ ਜਵਾਬ ਭੇਜਿਆ ਹੈ, ਜਿਸ ਵਿੱਚ ਸਪੱਸ਼ਟ ਆਖਿਆ ਹੈ ਕਿ ਜੇ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਤਾਂ ਉਹ ਕੰਮ ਕਿਉਂ ਨਹੀਂ ਕਰ ਸਕਦੀਆਂ? ਇਹ ਵੀ ਆਖਿਆ ਕਿ ਜੇ ਮਹਿਲਾ ਉਮੀਦਵਾਰਾਂ ਦੀਆਂ ਘੱਟ ਦਰਖਾਸਤਾਂ ਆਉਂਦੀਆਂ ਹਨ ਤਾਂ ਇਨ੍ਹਾਂ ਅਸਾਮੀਆਂ ਨੂੰ ਪੁਰਸ਼ ਅਸਾਮੀਆਂ ਵਿੱਚ ਬਦਲਿਆ ਜਾ ਸਕਦਾ ਹੈ। ਲਾਈਨਮੈਨ ਦੀ ਭਰਤੀ ਲਈ ਆਈਟੀਆਈ (ਇਲੈਕਟ੍ਰੀਕਲ ਤੇ ਵਾਇਰਮੈਨ) ਵਿੱਦਿਅਕ ਯੋਗਤਾ ਹੈ ਅਤੇ ਦੋ ਸਾਲ ਦੀ ਅਪਰੈਂਟਸ਼ਿਪ ਲਾਜ਼ਮੀ ਹੈ।

           ‘ਆਪ’ ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਲੜਕੀਆਂ ਨੂੰ ਲਾਈਨਮੈਨ ਦਾ ਕੋਰਸ ਕਰਾਇਆ ਜਾ ਰਿਹਾ ਹੈ ਤਾਂ ਲੜਕੀਆਂ ਨੂੰ ਨੌਕਰੀ ਦੇਣ ਤੋਂ ਸਰਕਾਰ ਕਿਵੇਂ ਇਨਕਾਰ ਕਰ ਸਕਦੀ ਹੈ। ਪਾਵਰਕੌਮ ਦੇ ਸਾਬਕਾ ਮੁੱਖ ਇੰਜਨੀਅਰ ਕਰਨੈਲ ਸਿੰਘ ਮਾਨ ਦਾ ਕਹਿਣਾ ਹੈ ਕਿ ਨਿਯਮਾਂ ਮੁਤਾਬਕ ਤਾਂ ਸਹਾਇਕ ਲਾਈਨਮੈਨ ਨੇ ਖੰਭੇ ’ਤੇ ਵੀ ਨਹੀਂ ਚੜ੍ਹਨਾ ਹੁੰਦਾ ਅਤੇ ਸਿਰਫ਼ ਲਾਈਨਮੈਨ ਹੀ ਖੰਭੇ ’ਤੇ ਚੜ੍ਹ ਸਕਦਾ ਹੈ, ਜਿਸ ਦੀ ਮਦਦ ਸਹਾਇਕ ਲਾਈਨਮੈਨ ਕਰਦਾ ਹੈ।

            ਵੇਰਵਿਆਂ ਅਨੁਸਾਰ ਪਾਵਰਕੌਮ ਨੇ ਸਾਲ 2017 ਵਿੱਚ ਲਾਈਨਮੈਨ ਦੀ ਭਰਤੀ ਹੀ ਬੰਦ ਕਰ ਦਿੱਤੀ ਸੀ ਅਤੇ ਸਹਾਇਕ ਲਾਈਨਮੈਨ ਹੀ ਭਰਤੀ ਕਰਨੇ ਸ਼ੁਰੂ ਕੀਤੇ ਹਨ। ਇਨ੍ਹਾਂ ਹਾਲਾਤ ’ਚ ਲਾਈਨਮੈਨ ਘਟ ਗਏ ਹਨ। ਪਾਵਰਕੌਮ ਦੇ ਐਕਸੀਅਨ ਕੋਲ ਇਹ ਅਧਿਕਾਰ ਹੈ ਕਿ ਉਹ ਸਹਾਇਕ ਲਾਈਨਮੈਨ ਨੂੰ ਖੰਭੇ ’ਤੇ ਚੜ੍ਹਨ ਲਈ ਆਥੋਰਾਈਜ਼ ਕਰ ਸਕਦਾ ਹੈ। ਪੰਜਾਬ ’ਚ ਪਿਛਲੇ ਸਮੇਂ ਦੌਰਾਨ ਦੋ ਸਹਾਇਕ ਲਾਈਨਮੈਨ ਹਾਦਸੇ ਦਾ ਸ਼ਿਕਾਰ ਹੋ ਗਏ। ਰੌਲਾ ਪੈਣ ਮਗਰੋਂ ਉਨ੍ਹਾਂ ਅਧਿਕਾਰੀਆਂ ’ਤੇ ਕੇਸ ਦਰਜ ਹੋ ਗਿਆ, ਜਿਨ੍ਹਾਂ ਨੇ ਸਹਾਇਕ ਲਾਈਨਮੈਨਾਂ ਨੂੰ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕੀਤਾ ਸੀ।

            ਪਾਵਰਕੌਮ ਨੇ ਥੋੜ੍ਹਾ ਸਮਾਂ ਪਹਿਲਾਂ ਸਾਰੇ ਸਹਾਇਕ ਲਾਈਨਮੈਨਾਂ ਨੂੰ ਜਦੋਂ ਲਾਈਨਮੈਨ ਦਾ ਕੰਮ ਕਰਨ ਲਈ ਆਥੋਰਾਈਜ਼ ਕਰ ਦਿੱਤਾ ਤਾਂ ਸਹਾਇਕ ਲਾਈਨਮੈਨਾਂ ਨੇ ਮੰਗ ਚੁੱਕੀ ਸੀ ਕਿ ਉਨ੍ਹਾਂ ਨੂੰ ਤਨਖਾਹ ਵੀ ਲਾਈਨਮੈਨਾਂ ਵਾਲੀ ਦਿੱਤੀ ਜਾਵੇ। ਪੰਜਾਬ ਵਿੱਚ ਕਰੀਬ 450 ਲਾਈਨਮੈਨ ਭਰਤੀ ਵਾਲੀ ਉਡੀਕ ਸੂਚੀ ਵਿੱਚ ਹਨ। ਕੋਈ ਅੜਿੱਕਾ ਨਾ ਪਿਆ ਤਾਂ ਆਉਣ ਵਾਲੀ ਸਹਾਇਕ ਲਾਈਨਮੈਨ ਦੀ ਭਰਤੀ ਵਿੱਚ ਮਹਿਲਾਵਾਂ ਨੂੰ ਨਿਯੁਕਤ ਹੋਣ ਤੋਂ ਕੋਈ ਰੋਕ ਨਹੀਂ ਸਕੇਗਾ।

                                       ਤਿਲੰਗਾਨਾ ਵਿੱਚ ਔਰਤਾਂ ਲਾਈਨਮੈਨ

ਆਂਧਰਾ ਪ੍ਰਦੇਸ਼ ਤੇ ਤਿਲੰਗਾਨਾ ਵਿੱਚ ਕਾਫ਼ੀ ਗਿਣਤੀ ਵਿੱਚ ਔਰਤਾਂ ਲਾਈਨਮੈਨ ਹਨ। ਤਿਲੰਗਾਨਾ ਵਿੱਚ ਵੀ ਜਦੋਂ ਸਾਲ 2019 ਵਿੱਚ ਲੜਕੀਆਂ ਨੂੰ ਭਰਤੀ ਕਰਨ ਤੋਂ ਨਾਂਹ ਕਰ ਦਿੱਤੀ ਸੀ ਤਾਂ ਉਦੋਂ ਹਾਈ ਕੋਰਟ ਦੇ ਦਖ਼ਲ ਮਗਰੋਂ ਲੜਕੀਆਂ ਨੂੰ ਲਾਈਨਮੈਨ ਭਰਤੀ ਕਰਨਾ ਪਿਆ ਸੀ। ਉਸ ਵੇਲੇ ਦੋ ਲੜਕੀਆਂ ਵੀ. ਭਾਰਥੀ ਤੇ ਬਾਬੁਰੀ ਸਿਰਿਸ਼ਾ ਨੇ ਬਿਜਲੀ ਦੇ ਖੰਭੇ ’ਤੇ ਚੜ੍ਹਨ ਦੀ ਪ੍ਰੀਖਿਆ ਵੀ ਪਾਸ ਕੀਤੀ ਸੀ।

                                  ਭਰਤੀ ਤੋਂ ਰੋਕਣਾ ਸਿੱਧੀ ਜ਼ਿਆਦਤੀ: ਪਿਰਮਲ ਸਿੰਘ

ਲਾਈਨਮੈਨ ਯੂਨੀਅਨ ਦੀ ਅਗਵਾਈ ਕਰਨ ਵਾਲੇ ਅਤੇ ਮੌਜੂਦਾ ਵਿਧਾਇਕ ਪਿਰਮਲ ਸਿੰਘ ਨੇ ਕਿਹਾ ਕਿ ਜਿਨ੍ਹਾਂ ਲੜਕੀਆਂ ਕੋਲ ਲਾਈਨਮੈਨ ਦੀ ਯੋਗਤਾ ਹੈ ਅਤੇ ਪਾਵਰਕੌਮ ਨੇ ਅਪਰੈਂਟਸ਼ਿਪ ਵੀ ਕਰਾਈ ਹੈ, ਉਨ੍ਹਾਂ ਨੂੰ ਭਰਤੀ ਹੋਣ ਤੋਂ ਰੋਕਣਾ ਸਿੱਧੀ ਜ਼ਿਆਦਤੀ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਲਾਈਨਮੈਨ ਦਾ ਕੋਰਸ ਕਰਨ ਵਾਲੀਆਂ ਲੜਕੀਆਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ।