ਮਾਂ ਦੀ ਉਡੀਕ
ਉਹ ਸਵੇਰ ਹੁਣ ਨਹੀਂ ਆਏਗੀ..!
ਚਰਨਜੀਤ ਭੁੱਲਰ
ਚੰਡੀਗੜ੍ਹ : ਵਿਧਵਾ ਸੁਦੇਸ਼ ਦੇਵੀ ਲਈ ਸਭ ਸਰਕਾਰੀ ਬੂਹੇ ਬੰਦ ਹਨ। ਡੇਢ ਏਕੜ ਦੀ ਮਾਲਕੀ ਵਾਲਾ ਉਸ ਦਾ ਕਿਸਾਨ ਪਤੀ ਸੁਸ਼ੀਲ ਕਾਜਲ ਸ਼ਹੀਦ ਹੋ ਗਿਆ ਹੈ। ਖੇਤੀ ਬਚਾਉਣ ਗਿਆ ਸੁਸ਼ੀਲ ਕਰਨਾਲ ਵਿੱਚ ਹਰਿਆਣਾ ਪੁਲੀਸ ਦੀ ਲਾਠੀ ਦਾ ਸ਼ਿਕਾਰ ਹੋ ਗਿਆ। ਲਾਠੀਚਾਰਜ ਮਗਰੋਂ ਕਿਸਾਨ ਸੁਸ਼ੀਲ ਘਰ ਆ ਗਿਆ। ਸਿਰ ਦੀ ਚੋਟ ਨੇ ਦਿਨ ਨਹੀਂ ਚੜ੍ਹਨ ਦਿੱਤਾ। ਮੰਜੇ ’ਤੇ ਪਿਆ ਸੁਸ਼ੀਲ ਲੋਥ ਬਣ ਗਿਆ। ਕਿਸਾਨ ਧਿਰਾਂ ਨੇ ਭਲਕੇ ਕਰਨਾਲ ਵਿੱਚ ਵੱਡਾ ਮੁਜ਼ਾਹਰਾ ਕਰਨਾ ਹੈ ਅਤੇ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਸਭ ਰਾਹ ਬੰਦ ਕਰ ਦਿੱਤੇ ਹਨ।
ਵਿਧਵਾ ਸੁਦੇਸ਼ ਦੇਵੀ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਉਸ ਦਾ ਪਤੀ ਕੁਰਬਾਨ ਹੋ ਗਿਆ ਹੈ। ਉਹ ਆਖਦੀ ਹੈ ਕਿ ਹਰਿਆਣਾ ਪੁਲੀਸ ਦੀ ਲਾਠੀ ਮਗਰੋਂ ਸਿਰ ਵਿੱਚ ਗਹਿਰਾ ਦਰਦ ਹੋਇਆ ਅਤੇ ਬਿਨਾਂ ਰੋਟੀ ਖਾਧੇ ਹੀ ਉਹ ਸੌਂ ਗਿਆ। ਸੌਣ ਤੋਂ ਪਹਿਲਾਂ ਸੁਸ਼ੀਲ ਨੇ ਹਰਿਆਣਾ ਪੁਲੀਸ ਦੇ ਬੇਕਿਰਕ ਚਿਹਰੇ ਦੀ ਗਾਥਾ ਸੁਣਾਈ ਅਤੇ ਲਾਠੀ ਨਾਲ ਝੰਬੇ ਗਏ ਬਜ਼ੁਰਗਾਂ ਦੀ ਗੱਲ ਕਰਕੇ ਰੋ ਪਿਆ। ਪਤਨੀ ਨੇ ਕਿਹਾ ਕਿ ਸੁਸ਼ੀਲ ਰਾਤ ਨੂੰ ਇਹ ਆਖ ਕੇ ਸੁੱਤਾ ਕਿ ਸਵੇਰੇ ਦੇਖਾਂਗੇ, ਲਾਠੀ ਕਿਵੇਂ ਰਾਹ ਰੋਕਦੀ ਹੈ।
ਮ੍ਰਿਤਕ ਕਿਸਾਨ ਦੀ ਮਾਂ ਮੂਰਤੀ ਦੇਵੀ ਨੇ ਏਨਾ ਹੀ ਕਿਹਾ ਕਿ ਪੁੱਤ, ਹੁਣ ਉਹ ਸਵੇਰ ਨਹੀਂ ਆਏਗੀ। ਮ੍ਰਿਤਕ ਕਿਸਾਨ ਸੁਸ਼ੀਲ ਦੇ ਪਿਤਾ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਸੁਸ਼ੀਲ ਦੇ ਚਾਚੇ ਦਿਲਾਵਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਕਾਜਲ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਨਾਲ ਜੁੜ ਗਿਆ ਸੀ ਅਤੇ ਉਸ ਨੂੰ ਆਪਣੀ ਏਕੜ ਜ਼ਮੀਨ ਦੇ ਖੁੱਸ ਜਾਣ ਦਾ ਡਰ ਸੀ। ਉਨ੍ਹਾਂ ਕਿਹਾ ਕਿ ਬਸਤਾੜਾ ਟੌਲ ਪਲਾਜ਼ੇ ਦਾ ਉਹ ਡੇਲੀ ਪੈਸੰਜਰ ਸੀ, ਕੋਈ ਦਿਨ ਜਾਣੋਂ ਨਹੀਂ ਖੁੰਝਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਲਾਠੀ ਵੱਜਣ ਕਰਕੇ ਸੁਸ਼ੀਲ ਦੇ ਸਿਰ ਵਿੱਚ ਗੋਲਾ ਜਿਹਾ ਬਣ ਗਿਆ ਸੀ।
ਮ੍ਰਿਤਕ ਸੁਸ਼ੀਲ ਕਾਜਲ ਪਿੱਛੇ ਲੜਕਾ ਸਾਹਿਲ ਕਾਜਲ ਅਤੇ ਲੜਕੀ ਅਨੂ ਛੱਡ ਗਿਆ ਹੈ। ਪੋਸਟ ਗਰੈਜੂਏਟ ਲੜਕਾ ਸਾਹਿਲ ਆਖਦਾ ਹੈ ਕਿ ਉਸ ਦਾ ਬਾਪ ਪੈਲ਼ੀਆਂ ਦੀ ਜੰਗ ਲੜਦਾ ਸ਼ਹੀਦ ਹੋਇਆ ਹੈ ਅਤੇ ਹੁਣ ਉਹ ਵੀ ਪਿਤਾ ਦੀ ਸੋਚ ਨੂੰ ਹੋਰ ਅੱਗੇ ਲਿਜਾਏਗਾ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਐੱਸਡੀਐੱਮ ਖ਼ਿਲਾਫ਼ ਪੁਲੀਸ ਕੇਸ ਦਰਜ ਹੋਵੇ। ਕਿਸਾਨ ਆਗੂ ਮੰਗ ਕਰ ਚੁੱਕੇ ਹਨ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।
ਹੁਣ ਜਦੋਂ ਹਰਿਆਣਾ ਸਰਕਾਰ ਨੇ ਕਰਨਾਲ ਦੇ ਸਾਰੇ ਰਾਹ ਰਸਤੇ ਬੰਦ ਕਰ ਦਿੱਤੇ ਹਨ ਅਤੇ ਸਖ਼ਤੀ ਵਧਾ ਦਿੱਤੀ ਹੈ ਤਾਂ ਇਸ ਪਰਿਵਾਰ ਦੇ ਹੌਸਲੇ ਦੂਣ ਸਵਾਏ ਹੋ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਲੜਨਗੇ, ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ। ਇਸ ਸ਼ਹੀਦ ਕਿਸਾਨ ਦਾ ਪਿੰਡ ਰਾਏਪੁਰ ਵੀ ਦਹਿਸ਼ਤ ਵਿੱਚ ਹੈ।
ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ
ਕਰਨਾਲ ਪੁਲੀਸ ਨੇ ਦੇਰ ਸ਼ਾਮ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਪਿੰਡਾਂ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਨੇ 125 ਕਿਸਾਨ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ। ਕਿਸਾਨ ਅੰਦੋਲਨ ਦੇ ਹਮਦਰਦ ਵਜੋਂ ਵਿਚਰ ਰਹੇ ਸਮਾਜ ਸੇਵੀ ਗੁਰਕੀਰਤ ਸਿੰਘ ਨੂੰ ਪਹਿਲਾਂ ਵੀ ਪੁਲੀਸ ਨੇ ਲਾਠੀਚਾਰਜ ਵਾਲੇ ਦਿਨ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਅਤੇ ਅੱਜ ਮੁੜ ਪੁਲੀਸ ਨੇ ਇਸ ਸਮਾਜ ਸੇਵੀ ਅਤੇ ਉਸ ਦੀ ਸੰਸਥਾ ’ਤੇ ਨਜ਼ਰ ਰੱਖੀ ਹੋਈ ਹੈ।
No comments:
Post a Comment