Showing posts with label lathicharge. Show all posts
Showing posts with label lathicharge. Show all posts

Tuesday, September 7, 2021

                                                  ਮਾਂ ਦੀ ਉਡੀਕ
                                    ਉਹ ਸਵੇਰ ਹੁਣ ਨਹੀਂ ਆਏਗੀ..!
                                                 ਚਰਨਜੀਤ ਭੁੱਲਰ  

ਚੰਡੀਗੜ੍ਹ :  ਵਿਧਵਾ ਸੁਦੇਸ਼ ਦੇਵੀ ਲਈ ਸਭ ਸਰਕਾਰੀ ਬੂਹੇ ਬੰਦ ਹਨ। ਡੇਢ ਏਕੜ ਦੀ ਮਾਲਕੀ ਵਾਲਾ ਉਸ ਦਾ ਕਿਸਾਨ ਪਤੀ ਸੁਸ਼ੀਲ ਕਾਜਲ ਸ਼ਹੀਦ ਹੋ ਗਿਆ ਹੈ। ਖੇਤੀ ਬਚਾਉਣ ਗਿਆ ਸੁਸ਼ੀਲ ਕਰਨਾਲ ਵਿੱਚ ਹਰਿਆਣਾ ਪੁਲੀਸ ਦੀ ਲਾਠੀ ਦਾ ਸ਼ਿਕਾਰ ਹੋ ਗਿਆ। ਲਾਠੀਚਾਰਜ ਮਗਰੋਂ ਕਿਸਾਨ ਸੁਸ਼ੀਲ ਘਰ ਆ ਗਿਆ। ਸਿਰ ਦੀ ਚੋਟ ਨੇ ਦਿਨ ਨਹੀਂ ਚੜ੍ਹਨ ਦਿੱਤਾ। ਮੰਜੇ ’ਤੇ ਪਿਆ ਸੁਸ਼ੀਲ ਲੋਥ ਬਣ ਗਿਆ। ਕਿਸਾਨ ਧਿਰਾਂ ਨੇ ਭਲਕੇ ਕਰਨਾਲ ਵਿੱਚ ਵੱਡਾ ਮੁਜ਼ਾਹਰਾ ਕਰਨਾ ਹੈ ਅਤੇ ਪੀੜਤ ਪਰਿਵਾਰ ਲਈ 25 ਲੱਖ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਹਰਿਆਣਾ ਸਰਕਾਰ ਨੇ ਸਭ ਰਾਹ ਬੰਦ ਕਰ ਦਿੱਤੇ ਹਨ।

             ਵਿਧਵਾ ਸੁਦੇਸ਼ ਦੇਵੀ ਨੇ ਦੱਸਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ’ਚ ਉਸ ਦਾ ਪਤੀ ਕੁਰਬਾਨ ਹੋ ਗਿਆ ਹੈ। ਉਹ ਆਖਦੀ ਹੈ ਕਿ ਹਰਿਆਣਾ ਪੁਲੀਸ ਦੀ ਲਾਠੀ ਮਗਰੋਂ ਸਿਰ ਵਿੱਚ ਗਹਿਰਾ ਦਰਦ ਹੋਇਆ ਅਤੇ ਬਿਨਾਂ ਰੋਟੀ ਖਾਧੇ ਹੀ ਉਹ ਸੌਂ ਗਿਆ। ਸੌਣ ਤੋਂ ਪਹਿਲਾਂ ਸੁਸ਼ੀਲ ਨੇ ਹਰਿਆਣਾ ਪੁਲੀਸ ਦੇ ਬੇਕਿਰਕ ਚਿਹਰੇ ਦੀ ਗਾਥਾ ਸੁਣਾਈ ਅਤੇ ਲਾਠੀ ਨਾਲ ਝੰਬੇ ਗਏ ਬਜ਼ੁਰਗਾਂ ਦੀ ਗੱਲ ਕਰਕੇ ਰੋ ਪਿਆ। ਪਤਨੀ ਨੇ ਕਿਹਾ ਕਿ ਸੁਸ਼ੀਲ ਰਾਤ ਨੂੰ ਇਹ ਆਖ ਕੇ ਸੁੱਤਾ ਕਿ ਸਵੇਰੇ ਦੇਖਾਂਗੇ, ਲਾਠੀ ਕਿਵੇਂ ਰਾਹ ਰੋਕਦੀ ਹੈ।

           ਮ੍ਰਿਤਕ ਕਿਸਾਨ ਦੀ ਮਾਂ ਮੂਰਤੀ ਦੇਵੀ ਨੇ ਏਨਾ ਹੀ ਕਿਹਾ ਕਿ ਪੁੱਤ, ਹੁਣ ਉਹ ਸਵੇਰ ਨਹੀਂ ਆਏਗੀ। ਮ੍ਰਿਤਕ ਕਿਸਾਨ ਸੁਸ਼ੀਲ ਦੇ ਪਿਤਾ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਸੁਸ਼ੀਲ ਦੇ ਚਾਚੇ ਦਿਲਾਵਰ ਸਿੰਘ ਨੇ ਦੱਸਿਆ ਕਿ ਸੁਸ਼ੀਲ ਕਾਜਲ ਕਿਸਾਨ ਅੰਦੋਲਨ ਦੇ ਸ਼ੁਰੂ ਤੋਂ ਹੀ ਨਾਲ ਜੁੜ ਗਿਆ ਸੀ ਅਤੇ ਉਸ ਨੂੰ ਆਪਣੀ ਏਕੜ ਜ਼ਮੀਨ ਦੇ ਖੁੱਸ ਜਾਣ ਦਾ ਡਰ ਸੀ। ਉਨ੍ਹਾਂ ਕਿਹਾ ਕਿ ਬਸਤਾੜਾ ਟੌਲ ਪਲਾਜ਼ੇ ਦਾ ਉਹ ਡੇਲੀ ਪੈਸੰਜਰ ਸੀ, ਕੋਈ ਦਿਨ ਜਾਣੋਂ ਨਹੀਂ ਖੁੰਝਿਆ ਸੀ। ਉਨ੍ਹਾਂ ਕਿਹਾ ਕਿ ਪੁਲੀਸ ਦੀ ਲਾਠੀ ਵੱਜਣ ਕਰਕੇ ਸੁਸ਼ੀਲ ਦੇ ਸਿਰ ਵਿੱਚ ਗੋਲਾ ਜਿਹਾ ਬਣ ਗਿਆ ਸੀ।

          ਮ੍ਰਿਤਕ ਸੁਸ਼ੀਲ ਕਾਜਲ ਪਿੱਛੇ ਲੜਕਾ ਸਾਹਿਲ ਕਾਜਲ ਅਤੇ ਲੜਕੀ ਅਨੂ ਛੱਡ ਗਿਆ ਹੈ। ਪੋਸਟ ਗਰੈਜੂਏਟ ਲੜਕਾ ਸਾਹਿਲ ਆਖਦਾ ਹੈ ਕਿ ਉਸ ਦਾ ਬਾਪ ਪੈਲ਼ੀਆਂ ਦੀ ਜੰਗ ਲੜਦਾ ਸ਼ਹੀਦ ਹੋਇਆ ਹੈ ਅਤੇ ਹੁਣ ਉਹ ਵੀ ਪਿਤਾ ਦੀ ਸੋਚ ਨੂੰ ਹੋਰ ਅੱਗੇ ਲਿਜਾਏਗਾ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਐੱਸਡੀਐੱਮ ਖ਼ਿਲਾਫ਼ ਪੁਲੀਸ ਕੇਸ ਦਰਜ ਹੋਵੇ। ਕਿਸਾਨ ਆਗੂ ਮੰਗ ਕਰ ਚੁੱਕੇ ਹਨ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਿੱਤੀ ਜਾਵੇ।

         ਹੁਣ ਜਦੋਂ ਹਰਿਆਣਾ ਸਰਕਾਰ ਨੇ ਕਰਨਾਲ ਦੇ ਸਾਰੇ ਰਾਹ ਰਸਤੇ ਬੰਦ ਕਰ ਦਿੱਤੇ ਹਨ ਅਤੇ ਸਖ਼ਤੀ ਵਧਾ ਦਿੱਤੀ ਹੈ ਤਾਂ ਇਸ ਪਰਿਵਾਰ ਦੇ ਹੌਸਲੇ ਦੂਣ ਸਵਾਏ ਹੋ ਗਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਲੜਨਗੇ, ਜਦੋਂ ਤੱਕ ਨਿਆਂ ਨਹੀਂ ਮਿਲ ਜਾਂਦਾ। ਇਸ ਸ਼ਹੀਦ ਕਿਸਾਨ ਦਾ ਪਿੰਡ ਰਾਏਪੁਰ ਵੀ ਦਹਿਸ਼ਤ ਵਿੱਚ ਹੈ।

                                                  ਗ੍ਰਿਫ਼ਤਾਰੀ ਲਈ ਛਾਪੇ ਸ਼ੁਰੂ

ਕਰਨਾਲ ਪੁਲੀਸ ਨੇ ਦੇਰ ਸ਼ਾਮ ਕਿਸਾਨ ਆਗੂਆਂ ਦੀ ਗ੍ਰਿਫ਼ਤਾਰੀ ਲਈ ਪਿੰਡਾਂ ਵਿੱਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਸੂਤਰ ਦੱਸਦੇ ਹਨ ਕਿ ਪੁਲੀਸ ਨੇ 125 ਕਿਸਾਨ ਆਗੂਆਂ ਦੀ ਸੂਚੀ ਤਿਆਰ ਕੀਤੀ ਹੈ। ਕਿਸਾਨ ਅੰਦੋਲਨ ਦੇ ਹਮਦਰਦ ਵਜੋਂ ਵਿਚਰ ਰਹੇ ਸਮਾਜ ਸੇਵੀ ਗੁਰਕੀਰਤ ਸਿੰਘ ਨੂੰ ਪਹਿਲਾਂ ਵੀ ਪੁਲੀਸ ਨੇ ਲਾਠੀਚਾਰਜ ਵਾਲੇ ਦਿਨ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਸੀ ਅਤੇ ਅੱਜ ਮੁੜ ਪੁਲੀਸ ਨੇ ਇਸ ਸਮਾਜ ਸੇਵੀ ਅਤੇ ਉਸ ਦੀ ਸੰਸਥਾ ’ਤੇ ਨਜ਼ਰ ਰੱਖੀ ਹੋਈ ਹੈ।

Monday, August 30, 2021

                                                    ਖੱਟਰ ਕੀ ਜਾਣੇ  
                                        ਹਰ ਫੱਟੜ ਮੱਥਾ ਨਹੀਂ ਝੁਕਦਾ..!
                                                    ਚਰਨਜੀਤ ਭੁੱਲਰ     

ਚੰਡੀਗੜ੍ਹ : ਹਰਿਆਣਾ ਪੁਲੀਸ ਦੀ ਲਾਠੀ ਨਾਲ ਲਹੂ ਲੁਹਾਨ ਹੋਏ ਕਿਸਾਨਾਂ ਦੇ ਚਿਹਰੇ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਹਕੂਮਤ ਦਾ ਲਹੂ ਸਫ਼ੈਦ ਹੋ ਗਿਆ ਹੋਵੇ। ਸਿਰ ਤੋਂ ਪੈਰਾਂ ਤੱਕ ਖੂਨ ’ਚ ਗੜੁੱਚ ਤਾਊ ਮਹਿੰਦਰ ਦੀ ਦਗਦੀ ਅੱਖ ਏਹ ਆਖਦੀ ਜਾਪੀ, ‘ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।’ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਹ ਭੁੱਲ ਬੈਠੇ ਹਨ ਕਿ ਏਹ ਕਿਸਾਨਾਂ ਦਾ ਖੂਨ ਹੈ, ਪਾਣੀ ਨਹੀਂ। ਹਰਿਆਣਾ ਪੁਲੀਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਬਸਤਾੜਾ ਟੌਲ ਪਲਾਜ਼ਾ ’ਤੇ ਸ਼ਨਿਚਰਵਾਰ ਨੂੰ ਡਾਂਗ ਵਰ੍ਹਾਈ ਜਿਸ ਨੂੰ ਲੈ ਕੇ ਸਮੁੱਚੀ ਕਿਸਾਨੀ ਦਾ ਖੂਨ ਖੌਲ ਗਿਆ ਹੈ। ਕਰਨਾਲ ਜ਼ਿਲ੍ਹੇ ’ਚ ਇਸ ਵੇਲੇ 60 ਜ਼ਖ਼ਮੀ ਕਿਸਾਨ ਜ਼ੇਰੇ ਇਲਾਜ ਹਨ। ਜਿਵੇਂ ਰਾਕੇਸ਼ ਟਿਕੈਤ ਦੇ ਵਗੇ ਹੰਝੂਆਂ ਨੇ ਕਿਸਾਨ ਘੋਲ ਨੂੰ ਮੁੜ ਖੜ੍ਹਾ ਕੀਤਾ ਸੀ, ਉਵੇਂ ਬਸਤਾੜਾ ਟੌਲ ’ਤੇ ਸਭ ਤੋਂ ਵੱਧ ਪੁਲੀਸ ਦੀ ਕੁੱਟ ਦਾ ਸ਼ਿਕਾਰ ਹੋਏ ਪਿੰਡ ਬੜੌਤਾ ਦੇ ਤਾਊ ਮਹਿੰਦਰ ਦੀ ਲਹੂ ਭਿੱਜੀ ਤਸਵੀਰ ਹਕੂਮਤੀ ਜ਼ੁਲਮ ਦਾ ਸ਼ੀਸ਼ਾ ਵਿਖਾ ਗਈ ਹੈ। ਇਸ ਤਾਊ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ। 

            ਮਹਿੰਦਰ ਤੇ ਉਸ ਦਾ ਛੋਟਾ ਭਰਾ ਰਣਬੀਰ ਕਾਫ਼ੀ ਸਮੇਂ ਤੋਂ ਬਸਤਾੜਾ ਟੌਲ ’ਤੇ ਲੰਗਰ ਦੀ ਸੇਵਾ ਚਲਾ ਰਹੇ ਹਨ। ਉਸ ਦੇ ਛੋਟੇ ਭਰਾ ਦੇ ਅੱਠ ਟਾਂਕੇ ਲੱਗੇ ਹਨ ਜਦਕਿ ਤਾਊਂ ਮਹਿੰਦਰ ਦੇ 14 ਟਾਂਕੇ ਲੱਗੇ ਹਨ।ਛੋਟੇ ਭਰਾ ’ਤੇ ਜਦੋਂ ਪੁਲੀਸ ਝਪਟੀ ਤਾਂ ਵੱਡੇ ਭਰਾ ਮਹਿੰਦਰ ਨੇ ਬਚਾਉਣਾ ਚਾਹਿਆ ਤਾਂ ਪੁਲੀਸ ਨੇ ਤਾਊ ਨੂੰ ਲੰਮਾ ਪਾ ਲਿਆ। ਪੁਲੀਸ ਦਾ ਸਾਹ ਫੁੱਲ ਗਿਆ ਪਰ ਇਸ ਤਾਊ ਨੇ ਹਾਰ ਨਾ ਮੰਨੀ। ਜਿਸ ਜਗ੍ਹਾ ’ਤੇ ਤਾਊ ਬੈਠਿਆ, ਉਥੇ ਧਰਤੀ ਖੂਨ ਨਾਲ ਰੰਗੀ ਗਈ, ਪੁਲੀਸ ਨੇ ਪਾਣੀ ਵਗਾ ਕੇ ਖੂਨ ਵਾਲਾ ਮੁੱਦਾ ਗਾਇਬ ਕੀਤਾ। ਤਾਊ ਮਹਿੰਦਰ ਦਾ ਤੀਸਰਾ ਭਰਾ ਹਰੀਸ਼ ਪੂਨੀਆ ਆਖਦਾ ਹੈ ਕਿ ਉਨ੍ਹਾਂ ਦੇ ਭਰਾਵਾਂ ਨੇ ਕਿਸਾਨੀ ਬਚਾਉਣ ਲਈ ਆਪਣੇ ਪਿੰਡੇ ’ਤੇ ਲਾਠੀਆਂ ਝੱਲ ਲਈਆਂ ਪਰ ਈਨ ਨਹੀਂ ਮੰਨੀ। ਹਰੀਸ਼ ਪੂਨੀਆਂ ਖ਼ੁਦ ਕੁਸ਼ਤੀ ਕੋਚ ਹੈ ਤੇ ਮੁਫ਼ਤ ’ਚ ਸਿਖਲਾਈ ਦਿੰਦਾ ਹੈ। ਇਸੇ ਤਰ੍ਹਾਂ ਕਰਨਾਲ ਦਾ ਨੌਜਵਾਨ ਕਿਸਾਨ ਗੁਰਜੰਟ ਸਿੰਘ ਘਰੋਂ ਜ਼ਮੀਨ ਬਚਾਉਣ ਲਈ ਤੁਰਿਆ ਸੀ। ਛੇ ਮਹੀਨੇ ਦਿੱਲੀ ਬੈਠਾ ਰਿਹਾ। ਹੁਣ ਜਦੋਂ ਕਰਨਾਲ ’ਚ ਪੁਲੀਸ ਦੀ ਡਾਂਗ ਚੱਲੀ ਤਾਂ ਇੱਕ ਬਜ਼ੁਰਗ ਕਿਸਾਨ ਨੂੰ ਬਚਾਉਣ ਲਈ ਉਸ ’ਤੇ ਡਿੱਗ ਪਿਆ। ਪੁਲੀਸ ਦੀ ਬੇਰਹਿਮ ਲਾਠੀ ਤੋਂ ਉਹ ਹੁਣ ਆਪਣੀ ਅੱਖ ਦੀ ਰੌਸ਼ਨੀ ਨਹੀਂ ਬਚਾ ਸਕਿਆ।

            ਕਰਨਾਲ ਦੇ ਕਲਪਨਾ ਚਾਵਲਾ ਹਸਪਤਾਲ ’ਚ ਇਲਾਜ ਕਰਾ ਰਿਹਾ ਹੈ। ਪੁਲੀਸ ਦੀ ਲਾਠੀ ਤੋਂ ਉਸ ਦੇ ਸਰੀਰ ਦਾ ਕੋਈ ਅੰਗ ਨਹੀਂ ਬਚਿਆ। ਨੱਕ ਦੀ ਹੱਡੀ ਰਗੜ ਹੇਠ ਆ ਗਈ ਅਤੇ ਇੱਕ ਅੱਖ ਦੀ ਰੌਸ਼ਨੀ ਅੱਧੀ ਹੋ ਗਈ। ਕਈ ਟਾਂਕੇ ਲੱਗੇ ਹਨ। ਉਸ ਦਾ ਹੌਸਲਾ ਪੁਲੀਸ ਤੋੜ ਨਹੀਂ ਸਕੀ। ਗੁਰਜੰਟ ਸਿੰਘ ਦੱਸਦਾ ਹੈ, ‘ਜਦੋਂ ਸ਼ਾਂਤ ਬੈਠਿਆਂ ’ਤੇ ਪੁਲੀਸ ਪੈ ਨਿਕਲੀ ਤਾਂ ਕਈ ਬਜ਼ੁਰਗਾਂ ਤੋਂ ਉੱਠਿਆ ਨਾ ਗਿਆ। ਬਜ਼ੁਰਗਾਂ ਨੂੰ ਬਚਾਉਣ ਲਈ ਉਹ ਉਨ੍ਹਾਂ ’ਤੇ ਲੰਮਾ ਪੈ ਗਿਆ। ਪੁਲੀਸ ਨੇ ਉਸ ਦੀ ਗਰਦਨ ’ਤੇ ਗੋਡਾ ਰੱਖਿਆ ਅਤੇ ਧੂਹ ਲਿਆ। ਉਹ ਬੇਹੋਸ਼ ਹੋ ਕੇ ਡਿੱਗ ਪਿਆ। ਹੋਸ਼ ਆਈ ਤਾਂ ਉਸ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਲਾ ਦਿੱਤਾ। ਫੇਰ ਕੀ ਸੀ, ਉਸ ਪੁਲੀਸ ਨੇ ਕਸਰਾਂ ਕੱਢ ਲਈਆਂ। ਉਸ ’ਤੇ ਨਹੀਂ, ਸਮੁੱਚੀ ਕਿਸਾਨੀ ’ਤੇ ਏਹ ਡਾਂਗ ਪਈ ਹੈ।’ਗੁਰਜੰਟ ਮੁਤਾਬਕ ਉਸ ਦੇ ਦਾਦੇ ਪੜਦਾਦੇ ਨੇ ਵੰਡ ਦਾ ਸੰਤਾਪ ਝੱਲਿਆ। ਇੱਧਰ ਜ਼ਮੀਨਾਂ ’ਤੇ ਪਸੀਨਾ ਵਹਾਇਆ। ਉਹ ਆਖਦਾ ਹੈ, ‘ਕਿਸਾਨ ਅੰਨ ਪੈਦਾ ਕਰਦਾ ਹੈ ਤੇ ਧਰਤੀ ਸਾਡੀ ਮਾਂ ਹੈ, ਕੋਈ ਮਾਂ ਦੀ ਇੱਜ਼ਤ ਨੂੰ ਹੱਥ ਪਾਏ, ਕਿਵੇਂ ਜਰ ਲਈਏ।’ 

          ਕਰਨਾਲ ਦਾ ਬੇਜ਼ਮੀਨਾ ਕਿਸਾਨ ਰਵਿੰਦਰ ਵੀ ਪੁਲੀਸ ਦੀ ਮਾਰ ਤੋਂ ਬਚ ਨਹੀਂ ਸਕਿਆ। ਉਹ ਜ਼ਮੀਨਾਂ ਵਾਲੇ ਕਿਸਾਨਾਂ ਲਈ ਸੜਕ ’ਤੇ ਉੱਤਰਿਆ, ਪੁਲੀਸ ਨੇ ਏਨੀ ਬੁਰੀ ਤਰ੍ਹਾਂ ਝੰਬ ਦਿੱਤਾ ਕਿ ਉਸ ਦੇ 28 ਟਾਂਕੇ ਲੱਗੇ ਹਨ। ਕਿਸਾਨ ਵਕੀਲ ਫੋਰਮ ਦੇ ਕਨਵੀਨਰ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ (ਭਾਈਰੂਪਾ) ਤੇ ਹਾਕਮ ਸਿੰਘ ਵਗੈਰਾ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਭੇਜੀ ਹੈ। ਜਿਸ ਵਿਚ ਗ਼ੈਰਕਨੂੰਨੀ ਹੁਕਮ ਦੇਣ ਵਾਲੇ ਆਈਏਐੱਸ ਅਧਿਕਾਰੀ ਆਯੂਸ਼ ਸਿਨਹਾ ਅਤੇ ਕਰਨਾਲ ਵਿੱਚ ਲਾਠੀਚਾਰਜ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।

                                               ‘ਕਿਤੇ ਮਾਂ ਨੇ ਕੰਨ ਖਿੱਚੇ ਹੁੰਦੇ...’

ਕਿਤੇ ਮਾਂ ਅਲਕਾ ਵਰਮਾ ਨੇ ਕੰਨ ਖਿੱਚੇ ਹੁੰਦੇ ਤਾਂ ਐੱਸਡੀਐੱਮ ਅਯੂਸ਼ ਸਿਨਹਾ ਕਦੇ ਇਹ ਹੁਕਮ ਨਾ ਦਿੰਦਾ, ‘ਸਿਰ ਤੋੜ ਦਿਓ’। ਕਰਨਾਲ ਦੇ ਐੱਸਡੀਐਮ ਸਿਨਹਾ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਉਹ ਕਿਸਾਨਾਂ ਖ਼ਿਲਾਫ਼ ਹੁਕਮ ਦਿੰਦੇ ਸੁਣਾਈ ਦੇ ਰਹੇ ਹਨ, ‘ਕੋਈ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਨਾ ਸਕੇ, ਕੋਈ ਆਉਂਦਾ ਹੈ ਤਾਂ ਲਾਠੀ ਚੁੱਕੋ, ਸਿਰ ਤੋੜ ਦਿਓ।’ ਮਰਹੂਮ ਪਿਤਾ ਬਲਵੀਰ ਵਰਮਾ ਅੱਜ ਜਿੰਦਾ ਹੁੰਦੇ ਤਾਂ ਆਪਣੇ ਪੁੱਤ ਦੇ ਇਨ੍ਹਾਂ ਹੁਕਮਾਂ ਨੂੰ ਸੁਣ ਕੇ ਜ਼ਰੂਰ ਸ਼ਰਮਸਾਰ ਹੁੰਦੇ।

                                               ਕੌਣ ਹੈ ਇਹ ਅਧਿਕਾਰੀ

ਅਯੂਸ਼ ਸਿਨਹਾ ਹਰਿਆਣਾ ਕਾਡਰ ਦਾ 2018 ਬੈਚ ਦਾ ਆਈਏਐੱਸ ਅਧਿਕਾਰੀ ਹੈ। ਇਸ ਅਧਿਕਾਰੀ ਕੋਲ ਦੋ ਫਲੈਟ ਹਨ, ਜਿਨ੍ਹਾਂ ਚੋਂ ਇੱਕ ਫਲੈਟ ਸ਼ਿਮਲਾ ਦੇ ‘ਵਰਮਾ ਅਪਾਰਟਮੈਂਟਸ’ ’ਚ ਹੈ, ਜਿਸ ਦੀ ਮਾਰਕੀਟ ਕੀਮਤ ਇੱਕ ਕਰੋੜ ਰੁਪਏ ਹੈ, ਜਿਸ ਦਾ ਉਨ੍ਹਾਂ ਨੂੰ 3.60 ਲੱਖ ਰੁਪਏ ਸਾਲਾਨਾ ਕਿਰਾਇਆ ਆ ਰਿਹਾ ਹੈ। ਦਿੱਲੀ ਦੇ ਸ਼ੁਭਮ ਅਪਾਰਟਮੈਂਟ, ਦਵਾਰਕਾ ਵਿਚ ਦੂਜੇ ਫਲੈਟ ਤੋਂ ਉਨ੍ਹਾਂ ਨੂੰ 2.32 ਲੱਖ ਰੁਪਏ ਸਾਲਾਨਾ ਕਿਰਾਇਆ ਆ ਰਿਹਾ ਹੈ। ਇੱਕ ਰਿਹਾਇਸ਼ੀ ਮਕਾਨ ਪੰਚਕੂਲਾ ਵਿਚ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 1.10 ਕਰੋੜ ਰੁਪਏ ਹੈ। ਇਸ ਅਧਿਕਾਰੀ ਦੇ ਇਨ੍ਹਾਂ ਹੁਕਮਾਂ ਦੀ ਚੁਫੇਰਿਓਂ ਨਿਖੇਧੀ ਹੋ ਰਹੀ ਹੈ।





Friday, September 23, 2016

                              ਸਰਕਾਰੀ ਸੱਚ
       ਪੁਲੀਸ ਦੀ ਡਾਂਗ ਹੁਣ ਨਹੀਂ 'ਖੜਕਦੀ'
                              ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਪੁਲੀਸ ਹੁਣ ਲਾਠੀਚਾਰਜ ਕਰਨੋਂ ਹਟ ਗਈ ਹੈ ? ਪੰਜਾਬ ਪੁਲੀਸ ਦੇ ਸਰਕਾਰੀ ਰਿਕਾਰਡ ਤੇ ਯਕੀਨ ਕਰੀਏ ਤਾਂ ਇਹ ਸੱਚ ਹੈ। ਹਕੀਕਤ ਦੇਖੀਏ ਤਾਂ ਪੰਜਾਬ ਵਿਚ ਆਏ ਦਿਨ ਸੰਘਰਸ਼ੀ ਲੋਕਾਂ ਤੇ ਪੁਲੀਸ ਦੀ ਡਾਂਗ ਵਰ•ਦੀ ਹੈ। ਪੁਲੀਸ ਰਿਕਾਰਡ ਅਨੁਸਾਰ ਲੰਘੇ ਦੋ ਵਰਿ•ਆਂ ਵਿਚ ਪੰਜਾਬ ਵਿਚ ਸਿਰਫ਼ ਦੋ ਵਾਰੀ ਹੀ ਲਾਠੀਚਾਰਜ ਹੋਇਆ ਹੈ ਜਿਸ ਵਿਚ ਪੰਜ ਆਮ ਲੋਕ ਫੱਟੜ ਹੋਏ ਹਨ ਜਦੋਂ ਕਿ 27 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਹਨ। ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਤਾਜ਼ਾ ਵੇਰਵਿਆਂ ਅਨੁਸਾਰ ਸਾਲ 2014 ਵਿਚ ਪੰਜਾਬ ਪੁਲੀਸ ਨੂੰ ਸਿਰਫ਼ ਇੱਕ ਵਾਰ ਡਾਂਗ ਚਲਾਉਣੀ ਪਈ ਹੈ ਅਤੇ ਇਵੇਂ ਹੀ ਸਾਲ 2015 ਵਿਚ ਵੀ ਪੁਲੀਸ ਨੇ ਕੇਵਲ ਇੱਕ ਵਾਰੀ ਹੀ ਲਾਠੀਚਾਰਜ ਕੀਤਾ ਹੈ।   ਸਰਕਾਰੀ ਵੇਰਵਿਆਂ ਅਨੁਸਾਰ ਸਾਲ 2011 ਤੋਂ ਸਾਲ 2015 ਤੱਕ ਦੇ ਪੰਜ ਵਰਿ•ਆਂ ਦੌਰਾਨ ਪੰਜਾਬ ਪੁਲੀਸ ਨੂੰ ਸੰਘਰਸ਼ੀ ਲੋਕਾਂ ਤੇ ਤਿੰਨ ਦਫ਼ਾ ਫਾਈਰਿੰਗ ਕਰਨੀ ਪਈ ਹੈ। ਸਰਕਾਰੀ ਤੱਥਾਂ ਅਨੁਸਾਰ ਪੁਲੀਸ ਨੇ ਸਾਲ 2011 ਵਿਚ ਇੱਕ ਦਫ਼ਾ ਫਾਈਰਿੰਗ ਕੀਤੀ ਸੀ ਜਿਸ ਵਿਚ ਦੋ ਸਿਵਲੀਅਨ ਮਾਰੇ ਗਏ ਸਨ ਅਤੇ ਦੋ ਪੁਲੀਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਸੇ ਤਰ•ਾਂ ਸਾਲ 2014 ਵਿਚ ਦੋ ਵਾਰੀ ਪੁਲੀਸ ਫਾਈਰਿੰਗ ਹੋਈ ਹੈ ਜਿਸ ਵਿਚ ਦੋ ਸਿਵਲੀਅਨ ਮਾਰੇ ਗਏ ਸਨ ਜਦੋਂ ਕਿ 3 ਪੁਲੀਸ ਮੁਲਾਜ਼ਮ ਜ਼ਖਮੀ ਹੋਏ ਸਨ। ਉਂਜ ਨਜ਼ਰ ਮਾਰੀਏ ਤਾਂ ਬਰਗਾੜੀ ਕਾਂਡ ਵਿਚ ਪੁਲੀਸ ਫਾਈਰਿੰਗ ਵਿਚ ਹੀ ਦੋ ਨੌਜਵਾਨ ਮਾਰੇ ਗਏ ਸਨ।
                       ਉਸ ਮਗਰੋਂ ਅਕਤੂਬਰ 2015 ਵਿਚ ਹੀ ਕੋਟਕਪੂਰਾ ਵਿਚ ਪੰਥਕ ਇਕੱਠ ਤੇ ਪੁਲੀਸ ਨੇ ਫਾਈਰਿੰਗ ਕੀਤੀ ਸੀ ਜਿਸ ਵਿਚ 12 ਪੁਲੀਸ ਮੁਲਾਜ਼ਮਾਂ ਸਮੇਤ 27 ਵਿਅਕਤੀ ਜ਼ਖਮੀ ਹੋ ਗਏ ਸਨ। ਸਾਲ 2015 ਵਿਚ ਹੀ ਲੁਧਿਆਣਾ ਵਿਚ ਪੁਲੀਸ ਨੇ ਪ੍ਰਵਾਸੀ ਮਜ਼ਦੂਰਾਂ ਤੇ ਲਾਠੀਚਾਰਜ ਕੀਤਾ ਸੀ ਅਤੇ ਸਤੰਬਰ 2015 ਵਿਚ ਲੁਧਿਆਣਾ ਦੇ ਐਮ.ਪੀ ਤੇ ਲਾਠੀਚਾਰਜ ਹੋਇਆ ਸੀ। ਇਸੇ ਐਮ.ਪੀ ਨੇ ਬਠਿੰਡਾ ਪੁਲੀਸ ਨੇ ਵੀ ਲਾਠੀਚਾਰਜ ਕੀਤਾ ਸੀ। ਸਾਲ 2015 ਵਿਚ ਹੀ ਪੰਜਾਬੀ ਵਰਸਿਟੀ ਦੇ ਵਿਦਿਆਰਥੀਆਂ ਤੇ ਪੁਲੀਸ ਲਾਠੀਚਾਰਜ ਹੋਇਆ ਸੀ। ਪੰਜਾਬ ਵਿਚ ਬੇਰੁਜ਼ਗਾਰਾਂ,ਕਿਸਾਨਾਂ,ਮਜ਼ਦੂਰਾਂ,ਮੁਲਾਜ਼ਮਾਂ ਆਦਿ ਤੇ ਹਰ ਮਹੀਨੇ ਪੁਲੀਸ ਦੀ ਡਾਂਗ ਚੱਲਦੀ ਹੈ। ਬਠਿੰਡਾ ਦੇ ਪਿੰਡ ਖੋਖਰ ਵਿਚ 14 ਨਵੰਬਰ 2015 ਨੂੰ ਕਿਸਾਨਾਂ ਮਜ਼ਦੂਰਾਂ ਤੇ ਲਾਠੀਚਾਰਜ ਕੀਤਾ ਗਿਆ ਅਤੇ ਇਵੇਂ 16 ਅਗਸਤ 2015 ਨੂੰ ਪਿੰਡ ਦਿਆਲਪੁਰਾ ਭਾਈਕਾ ਵਿਚ ਪੁਲੀਸ ਨੇ ਡਾਂਗ ਦੀ ਵਰਤੋਂ ਕੀਤੀ ਸੀ। ਸੂਤਰ ਦੱਸਦੇ ਹਨ ਕਿ ਪੁਲੀਸ ਇਨ•ਾਂ ਘਟਨਾਵਾਂ ਨੂੰ ਕਿਤੇ ਰਿਕਾਰਡ ਤੇ ਹੀ ਲੈ ਕੇ ਨਹੀਂ ਆਉਂਦੀ ਹੈ। ਸੂਤਰ ਦੱਸਦੇ ਹਨ ਕਿ ਜਿਨ•ਾਂ ਘਟਨਾਵਾਂ ਵਿਚ ਪੁਲੀਸ ਮੁਲਾਜ਼ਮ ਜ਼ਖਮੀ ਹੋ ਜਾਂਦੇ ਹਨ, ਉਨ•ਾਂ ਮਾਮਲਿਆਂ ਨੂੰ ਪੁਲੀਸ ਰਿਕਾਰਡ ਤੇ ਲੈ ਆਉਂਦੀ ਹੈ।
                    ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਪੰਜਾਬ ਵਿਚ ਕੋਈ ਹਫਤਾ ਅਜਿਹਾ ਨਹੀਂ ਜਦੋਂ ਕਿਸੇ ਨਾ ਕਿਸੇ ਹੱਕ ਮੰਗਣ ਵਾਲੇ ਤੇ ਲਾਠੀਚਾਰਜ ਨਾ ਹੋਇਆ ਹੋਵੇ। ਉਨ•ਾਂ ਆਖਿਆ ਕਿ ਪੁਲੀਸ ਦਾ ਇਹ ਕੋਰਾ ਝੂਠ ਹੈ ਕਿ ਸਾਲ ਵਿਚ ਸਿਰਫ਼ ਇੱਕ ਵਾਰੀ ਹੀ ਲਾਠੀਚਾਰਜ ਹੋਇਆ ਹੈ। ਉਨ•ਾਂ ਆਖਿਆ ਕਿ ਪੁਲੀਸ ਰਿਕਾਰਡ ਕੁਝ ਵੀ ਬੋਲੇ ਪ੍ਰੰਤੂ ਸੱਚ ਲੋਕ ਜਾਣਦੇ ਹਨ। ਸੂਤਰਾਂ ਅਨੁਸਾਰ ਲੰਘੇ ਤਿੰਨ ਵਰਿ•ਆਂ ਵਿਚ ਇਕੱਲੇ ਜ਼ਿਲ•ਾ ਸੰਗਰੂਰ ਵਿਚ ਦਰਜਨਾਂ ਵਾਰੀ ਲਾਠੀਚਾਰਜ ਹੋ ਚੁੱਕਾ ਹੈ। ਇਨਸਾਫ ਲੈਣ ਲਈ ਸੰਘਰਸ਼ੀ ਲੋਕਾਂ ਵਲੋਂ ਖ਼ਜ਼ਾਨਾ ਮੰਤਰੀ ਪੰਜਾਬ ਦੀ ਕੋਠੀ ਅੱਗੇ ਪ੍ਰਦਰਸ਼ਨ ਦੇ ਉਲੀਕੇ ਪ੍ਰੋਗਰਾਮਾਂ ਨੂੰ ਪੁਲੀਸ ਨੇ ਡਾਂਗ ਦੇ ਜ਼ੋਰ ਤੇ ਹੀ ਅਸਫਲ ਬਣਾਇਆ ਹੈ। ਬਠਿੰਡਾ ਜ਼ਿਲ•ਾ ਵੀ.ਆਈ.ਪੀ ਹੈ ਜਿਥੇ ਥੋੜੇ ਸਮੇਂ ਮਗਰੋਂ ਹੀ ਸੰਘਰਸ਼ੀ ਲੋਕਾਂ ਤੇ ਡਾਂਗ ਖੜਕਦੀ ਹੈ। ਹਲਕਾ ਲੰਬੀ ਵਿਚ ਕਿੰਨੀ ਦਫ਼ਾ ਸੰਘਰਸ਼ੀ ਲੋਕਾਂ ਤੇ ਲਾਠੀਚਾਰਜ ਹੋਇਆ ਹੈ ਪ੍ਰੰਤੂ ਇਸ ਦਾ ਸਰਕਾਰੀ ਰਿਕਾਰਡ ਵਿਚ ਕਿਧਰੇ ਜ਼ਿਕਰ ਨਹੀਂ ਹੈ।
                  ਆਂਗਣਵਾੜੀ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਗੋਬਿੰਦ ਕੌਰ ਦਾ ਕਹਿਣਾ ਸੀ ਕਿ ਪੰਜਾਬ ਵਿਚ ਦਰਜਨਾਂ ਦਫ਼ਾ ਆਂਗਣਵਾੜੀ ਅਤੇ ਸਿਹਤ ਵਿਭਾਗ ਦੇ ਮੁਲਾਜ਼ਮਾਂ ਤੇ ਪੁਲੀਸ ਨੇ ਡਾਂਗ ਚਲਾਈ ਹੈ। ਪੰਜਾਬ ਵਿਚ ਲਾਠੀਚਾਰਜ ਹੁਣ ਮੁਢਲੇ ਪੜਾਅ ਤੇ ਹੀ ਵਰਤਿਆ ਜਾਣ ਲੱਗਾ ਹੈ।  ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸ੍ਰੀ ਛਿੰਦਰਪਾਲ ਸਿੰਘ ਬਰਾੜ ਨੇ ਦੱਸਿਆ ਕਿ ਕਾਨੂੰਨ ਅਨੁਸਾਰ ਪਹਿਲਾਂ ਵਾਰਨਿੰਗ ਦਿੱਤੀ ਜਾਂਦੀ ਹੈ, ਫਿਰ ਤਾਕਤ ਦੀ ਵਰਤੋਂ ਕਰਨ ਤੋਂ ਪਹਿਲਾਂ ਕਾਰਜਕਾਰੀ ਮੈਜਿਸਟਰੇਟ ਦੀ ਪ੍ਰਵਾਨਗੀ ਲੈਣੀ ਹੁੰਦੀ ਹੈ। ਉਨ•ਾਂ ਦੱਸਿਆ ਕਿ ਲੋਕ ਰਾਜ ਵਿਚ ਲਾਠੀਚਾਰਜ ਦੀ ਵਰਤੋਂ ਅਖੀਰਲਾ ਹਥਿਆਰ ਹੈ, ਉਸ ਤੋਂ ਪਹਿਲਾਂ ਪਾਣੀ ਦੀਆਂ ਬੁਛਾੜਾਂ ਦੀ ਵਰਤੋਂ ਕਰਨੀ ਹੁੰਦੀ ਹੈ। ਐਡਵੋਕੇਟ ਸ੍ਰੀ ਐਨ.ਕੇ.ਜੀਤ ਦਾ ਪ੍ਰਤੀਕਰਮ ਸੀ ਕਿ ਪੁਲੀਸ ਬਿਨ•ਾਂ ਕਿਸੇ ਪ੍ਰਵਾਨਗੀ ਤੋਂ ਮੁਢਲੇ ਪੜਾਅ ਤੇ ਹੀ ਡਾਂਗ ਚਲਾ ਦਿੰਦੀ ਹੈ ਜਿਸ ਕਰਕੇ ਪੁਲੀਸ ਹਰ ਲਾਠੀਚਾਰਜ ਨੂੰ ਰਿਕਾਰਡ ਤੇ ਨਹੀਂ ਲਿਆਉਂਦੀ ਹੈ। 

Wednesday, August 17, 2011

     ਲੋਕਾਂ ਦੀ 'ਸੇਵਾ' 'ਚ ਟੁੱਟੀਆਂ ਡਾਂਗਾਂ
                         ਚਰਨਜੀਤ ਭੁੱਲਰ
ਬਠਿੰਡਾ  : ਪੰਜਾਬ ਪੁਲੀਸ ਦੀ ਸਭ ਤੋਂ ਵੱਧ 'ਡਾਂਗ' ਮਾਲਵਾ ਪੱਟੀ 'ਚ ਟੁੱਟੀ ਹੈ। ਜਦੋਂ ਤੋਂ ਬਠਿੰਡਾ ਵੀ.ਵੀ.ਆਈ.ਪੀ ਹਲਕਾ ਬਣਿਆ ਹੈ, ਉਦੋਂ ਤੋਂ ਇੱਥੇ 'ਮਟਕਾ ਚੌਂਕ' ਵਰਗਾ  ਮਾਹੌਲ ਹੈ। ਤਾਹੀਓ ਪੁਲੀਸ ਦੀ ਡਾਂਗ ਚੱਲਣੋਂ ਰੁਕੀ ਨਹੀਂ ਹੈ। ਪੰਜਾਬ ਪੁਲੀਸ ਵਲੋਂ ਪਹਿਲਾਂ 'ਡਾਂਗ' ਨਾਲ ਡੇਰਾ ਵਿਵਾਦ ਨਜਿੱਠਿਆ ਗਿਆ। ਮਗਰੋਂ ਬੇਰੁਜ਼ਗਾਰ ਤੇ ਕਿਸਾਨ ਮਜ਼ਦੂਰ ਧਿਰਾਂ ਨਾਲ। ਉਪਰੋਂ ਹੁਣ ਅਸੈਂਬਲੀ ਚੋਣਾਂ ਦੂਰ ਨਹੀਂ ਹਨ। ਸ਼ਾਇਦ ਤਾਹੀਂ ਪੁਲੀਸ ਵਲੋਂ 4106 ਨਵੀਆਂ ਡਾਂਗਾਂ ਤੇ ਡੰਡਿਆਂ ਦੀ ਖਰੀਦ ਕੀਤੀ ਗਈ ਹੈ। ਬਦਲ ਦੇ ਤੌਰ 'ਤੇ ਪੁਲੀਸ ਦੀ ਤਰਜੀਹ ਹੁਣ ਪਲਾਸਟਿਕ ਦੇ ਡੰਡੇ ਬਣ ਗਏ ਹਨ ਕਿਉਂਕਿ ਇਹ ਟੁੱਟਦੇ ਨਹੀਂ ਹਨ। ਜ਼ਿਲ੍ਹਾ ਪੁਲੀਸ ਬਠਿੰਡਾ 'ਡਾਂਗਾਂ' ਤੋੜਨ ਦੇ  ਮਾਮਲੇ 'ਚ ਕਿਸੇ ਪੱਖੋਂ ਘੱਟ ਨਹੀਂ। ਜਿਆਦਾ ਸੰਘਰਸ਼ੀ ਤੰਬੂ ਬਠਿੰਡਾ 'ਚ ਹੀ ਗੱਡੇ ਗਏ ਹਨ। ਲੰਘੇ ਸਾਢੇ ਪੰਜ ਵਰ੍ਹਿਆਂ 'ਚ ਬਠਿੰਡਾ ਪੁਲੀਸ ਦੀਆਂ ਸਭ ਤੋਂ ਵੱਧ 1845 ਡਾਂਗਾਂ ਟੁੱਟੀਆਂ ਹਨ ਜਿਨ੍ਹਾਂ 'ਚ ਗੁੰਮ ਹੋਈਆਂ ਡਾਂਗਾਂ ਤੇ ਡੰਡੇ ਵੀ ਸ਼ਾਮਲ ਹਨ। ਮਾਹੌਲ ਨੂੰ ਦੇਖਦੇ ਹੋਏ ਬਠਿੰਡਾ ਪੁਲੀਸ ਨੇ 866 ਡਾਂਗਾਂ ਤੇ ਡੰਡੇ ਨਵੇਂ ਵੀ ਖਰੀਦ ਕੀਤੇ ਹਨ। ਜ਼ਿਲ੍ਹਾ ਮਾਨਸਾ ਦੇ ਗੋਬਿੰਦਪੁਰਾ ਦੇ ਜਬਰੀ ਜ਼ਮੀਨ ਖੋਹਣ ਦੇ ਵਿਵਾਦ ਪਿਛੋਂ ਇਨ੍ਹਾਂ 'ਡਾਂਗਾਂ' ਦੀ ਪੁਲੀਸ ਹੋਰ ਲੋੜ ਮਹਿਸੂਸ ਕਰਨ ਲੱਗੀ ਹੈ। ਬਠਿੰਡਾ 'ਚ ਉੱਠੇ ਡੇਰਾ ਵਿਵਾਦ ਵਾਲੇ ਸਾਲ 2007 ਦੌਰਾਨ ਬਠਿੰਡਾ ਪੁਲੀਸ ਦੀਆਂ ਇੱਕੋ ਸਾਲ 'ਚ 550 ਡਾਂਗਾਂ ਟੁੱਟੀਆਂ ਅਤੇ ਗੁੰਮ ਹੋਈਆਂ ਸਨ। ਉਦੋਂ ਤੋਂ ਪੁਲੀਸ 'ਡਾਂਗਾਂ' ਦੇ ਉਚੇਚੇ ਪ੍ਰਬੰਧ ਕਰਨ 'ਚ ਜੁੱਟੀ ਰਹੀ। ਫਿਰ ਲਗਾਤਾਰ ਕਿਤੇ ਲੰਬੀ 'ਚ ਡਾਂਗ  ਚੱਲੀ ਤੇ ਕਦੇ ਬਠਿੰਡਾ ਪੱਟੀ 'ਚ। ਜਿਨ੍ਹਾਂ ਲੋਕਾਂ ਨੇ ਇਨ੍ਹਾਂ ਡਾਂਗਾਂ ਦੀ ਮਾਰ ਝੱਲੀ ਹੈ,ਉਨ੍ਹਾਂ ਨੂੰ ਹਾਲੇ ਵੀ ਚੀਸ ਨਹੀਂ ਭੁੱਲਦੀ। ਬੇਰੁਜ਼ਗਾਰੀ ਦੇ ਦਿੱਤੇ ਦਰਦ ਭੁੱਲਣੇ ਤਾਂ ਦੂਰ ਦੀ ਗੱਲ।
           ਬਠਿੰਡਾ ਜ਼ੋਨ ਦੀ ਪੁਲੀਸ ਵਲੋਂ ਜੋ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਵੇਰਵੇ ਦਿੱਤੇ ਗਏ ਹਨ, ਉਨ੍ਹਾਂ ਮੁਤਾਬਿਕ ਬਠਿੰਡਾ, ਮਾਨਸਾ,ਫਰੀਦਕੋਟ,ਮੁਕਤਸਰ,ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਪੁਲੀਸ ਕੋਲ ਇਸ ਵੇਲੇ 8364 'ਡਾਂਗਾਂ' ਦਾ ਪ੍ਰਬੰਧ ਹੈ। ਇਸੇ ਤਰ੍ਹਾਂ 3614 ਬੈਂਤ ਦੇ ਡੰਡੇ ਵੀ ਹਨ ਜਦੋਂ ਕਿ 3831 ਪਲਾਸਟਿਕ ਦੇ ਡੰਡੇ ਵੀ ਸਟਾਕ 'ਚ ਰੱਖੇ ਗਏ ਹਨ। ਸਰਕਾਰੀ ਸੂਚਨਾ ਅਨੁਸਾਰ ਮਾਲਵਾ ਇਲਾਕੇ 'ਚ ਸਾਲ 2005 ਤੋਂ ਹੁਣ ਤੱਕ 1257 ਡਾਂਗਾਂ ਤੇ ਡੰਡੇ ਟੁੱਟੇ ਹਨ ਜਿਨ੍ਹਾਂ 'ਚ ਗੁੰਮ ਹੋਈ ਡਾਂਗ ਵੀ ਸ਼ਾਮਲ ਹੈ। ਬਠਿੰਡਾ ਪੁਲੀਸ ਕੋਲ ਇਸ ਵੇਲੇ 1521 ਡਾਂਗਾਂ ਹਨ ਜਦੋਂ ਕਿ 249 ਬੈਂਤ ਦੇ ਡੰਡੇ ਹਨ। ਇਸੇ ਤਰ੍ਹਾਂ 398 ਪਲਾਸਟਿਕ ਦੇ ਡੰਡੇ ਹਨ ਜਿਨ੍ਹਾਂ ਦੀ ਸੱਟ ਭੈੜੀ ਹੈ ਪਰ ਉਹ ਟੁੱਟਦੇ ਨਹੀਂ। ਬਠਿੰਡਾ ਪੁਲੀਸ ਦੇ ਲੋਕ ਸਭਾ ਚੋਣਾਂ ਵਾਲੇ ਸਾਲ 'ਚ 86 ਡਾਂਗਾਂ ਅਤੇ 33 ਡੰਡੇ ਟੁੱਟੇ ਸਨ। ਚਾਲੂ ਸਾਲ 'ਚ 44 ਡਾਂਗਾਂ ਟੁੱਟ ਅਤੇ ਗੁੰਮ ਹੋ ਚੁੱਕੀਆਂ ਹਨ। ਜ਼ਿਲ੍ਹਾ ਪੁਲੀਸ ਵਲੋਂ ਪਿਛਲੇ ਸਾਲ 504 ਨਵੀਆਂ ਡਾਂਗਾਂ ਖਰੀਦ ਕੀਤੀਆਂ ਹਨ ਜਦੋਂ ਕਿ 62 ਪਲਾਸਟਿਕ ਦੇ ਡੰਡੇ ਖ਼ਰੀਦੇ ਗਏ ਹਨ। ਮੁਕਤਸਰ ਪੁਲੀਸ ਨੇ ਢਾਈ ਸੌ ਡਾਂਗ ਖਰੀਦੀ ਹੈ ਜਦੋਂ ਕਿ 240 ਡੰਡੇ ਵੀ ਖ਼ਰੀਦੇ ਹਨ। ਇਸ ਜ਼ਿਲ੍ਹੇ 'ਚ ਹੁਣ 1903 ਡਾਂਗਾਂ ਹਨ।
          ਜ਼ਿਲ੍ਹੇ ਦੇ ਹਲਕਾ ਲੰਬੀ ਵਿੱਚ ਪਿਛਲੇ ਚਾਰ ਸਾਲਾਂ ਤੋਂ ਬੇਰੁਜ਼ਗਾਰ ਅਤੇ ਹੋਰਨਾਂ ਧਿਰਾਂ ਦੇ ਲਗਾਤਾਰ ਧਰਨੇ ਮੁਜ਼ਾਹਰੇ ਚੱਲ ਰਹੇ ਹਨ। ਪੁਲੀਸ ਦੇ ਰਿਕਾਰਡ ਮੁਤਾਬਿਕ ਇਸ ਜ਼ਿਲ੍ਹੇ 'ਚ 4 ਡੰਡੇ ਪਲਾਸਟਿਕ ਟੁੱਟੇ ਹਨ। ਜ਼ਿਲ੍ਹੇ ਦੀ ਪੁਲੀਸ ਵਲੋਂ ਜਿਆਦਾ ਪਲਾਸਟਿਕ ਡੰਡੇ ਹੀ ਖ਼ਰੀਦੇ ਗਏ ਹਨ ਜੋ ਕਿ 3153 ਦੇ ਕਰੀਬ ਹਨ ਜਿਸ ਕਰਕੇ ਡਾਂਗਾਂ ਟੁੱਟਣ ਦੀ ਗਿਣਤੀ ਘੱਟ ਰਹੀ ਹੈ। ਮੁਕਤਸਰ ਪੁਲੀਸ ਵਲੋਂ ਤਾਂ ਫਰੀਦਕੋਟ ਪੁਲੀਸ ਤੋਂ ਵੀ 535 ਡੰਡੇ ਲਏ ਗਏ ਹਨ। ਇਸੇ ਤਰ੍ਹਾਂ ਡਾਂਗਾਂ ਵੀ ਪੁਲੀਸ ਨੇ ਦੂਸਰੇ ਜ਼ਿਲ੍ਹਿਆਂ ਤੋਂ ਲਈਆਂ ਹਨ। ਇਵੇਂ ਹੀ ਫਰੀਦਕੋਟ ਪੁਲੀਸ ਨੂੰ ਵੀ ਸਾਲ 2009 ਵਿੱਚ 150 ਡੰਡੇ  ਕੰਡਮ ਕਰੇ ਪਏ ਹਨ। ਫਰੀਦਕੋਟ ਪੁਲੀਸ ਕੋਲ 1406 ਡਾਂਗਾਂ ਹਨ ਜਿਨ੍ਹਾਂ ਚੋਂ 364 ਡਾਂਗਾਂ ਥਾਣਿਆਂ ਵਿੱਚ ਵੰਡੀਆਂ ਗਈਆਂ ਹਨ। ਜ਼ਿਲ੍ਹਾ ਮਾਨਸਾ ਦੀ ਪੁਲੀਸ ਨੇ ਵੀ 400 ਡੰਡੇ ਨਵੇਂ ਖਰੀਦ ਕੀਤੇ ਹਨ ਜਦੋਂ ਕਿ ਇਸ ਵੇਲੇ ਪੁਲੀਸ ਕੋਲ 1200 ਡਾਂਗਾਂ ਹਨ ਅਤੇ 750 ਬੈਂਤ ਦੇ ਡੰਡੇ ਹਨ। ਇਸ ਤੋਂ ਇਲਾਵਾ ਫਿਰੋਜ਼ਪੁਰ ਪੁਲੀਸ ਵਲੋਂ ਵੀ 855 ਡਾਂਗਾਂ ਪਿਛਲੇ ਸਮੇਂ 'ਚ ਖਰੀਦ ਕੀਤੀਆਂ ਗਈਆਂ ਹਨ। ਮੋਗਾ ਪੁਲੀਸ ਨੂੰ ਡਾਂਗਾਂ ਦੀ ਬਹੁਤੀ ਜ਼ਰੂਰਤ ਪਈ ਨਹੀਂ ਹੈ।
                                            ਪੁਲੀਸ ਜਿਆਦਤੀ ਦਾ ਸਬੂਤ-ਕਿਸਾਨ ਆਗੂ।
ਭਾਰਤੀ ਕਿਸਾਨ ਯੂਨੀਅਨ  (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਅਸਲ 'ਚ ਪੁਲੀਸ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਤੋਂ ਇਲਾਵਾ ਬੇਰੁਜ਼ਗਾਰ ਤੇ ਮੁਲਾਜ਼ਮਾਂ ਦੀ ਅਵਾਜ਼ ਨੂੰ ਬੰਦ ਕਰਨ ਵਾਸਤੇ ਡਾਂਗ ਵਰਤੀ ਜਾ ਰਹੀ ਹੈ। ਇਸ ਡਾਂਗ ਦਾ ਜਬਰ ਲੋਕ ਸੰਘਰਸ਼ ਹੋਰ ਮਜ਼ਬੂਤ ਕਰ ਰਿਹਾ ਹੈ। ਏਨੀਆਂ ਡਾਂਗਾਂ ਦੀ ਟੁੱਟ ਭੱਜ ਪੁਲੀਸ ਜਿਆਦਤੀ ਦੀ ਗਵਾਹੀ ਭਰਦੀ ਹੈ।  ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਰਕਾਰੀ ਡਾਂਗ ਮਸਲੇ ਦਾ ਹੱਲ ਨਹੀਂ ਹੈ। ਦੂਸਰੀ ਤਰਫ਼ ਸਰਕਾਰੀ ਧਿਰ ਦਾ ਕਹਿਣਾ ਹੈ ਕਿ ਬਹੁਤੇ ਪੁਲੀਸ ਮੁਲਾਜ਼ਮ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਵੇਲੇ ਹੀ ਡਾਂਗ ਦੇ ਡੰਡੇ ਚੁੱਕਦੇ ਹਨ ਅਤੇ ਕਈ ਮੁਲਾਜ਼ਮ ਆਪਣੀ ਡਾਂਗ ਜਾਂ ਡੰਡਾ ਗੁੰਮ ਵੀ ਕਰ ਬੈਠਦੇ ਹਨ ਜਿਸ ਕਰਕੇ ਇਹ ਗਿਣਤੀ ਵੱਧ ਜਾਂਦੀ ਹੈ। ਸੂਤਰ ਆਖਦੇ ਹਨ ਕਿ ਡਾਂਗ ਦੀ ਵਰਤੋਂ ਪੁਲੀਸ ਵਲੋਂ ਹਮੇਸ਼ਾਂ ਲਾਠੀਚਾਰਜ ਸਮੇਂ ਹੀ ਕੀਤੀ ਹੈ।
                                     

Tuesday, April 19, 2011

                                                           
....ਕਾਹਤੋਂ ਬੂਟ ਪਾਲਿਸ਼ਾਂ ਰੀਏ           
                    ਚਰਨਜੀਤ ਭੁੱਲਰ
ਬਠਿੰਡਾ  : ਜਲਸਿਆਂ 'ਚ ਲੁਕ ਲੁਕ ਕੇ ਬੈਠਣ ਵਾਲੇ ਇਹ ਕੌਣ ਹਨ ? ਏਨਾ ਸਾਫ ਹੈ ਕਿ ਇਹ ਕੋਈ ਚੋਰ ਜਾਂ ਠੱਗ ਤਾਂ ਨਹੀਂ ਹਨ।  ਫਿਰ ਇਹ ਕੌਣ ਹਨ ਤੇ ਕਿਉਂ ਛੁਪਦੇ ਹਨ ਹਕੂਮਤੀ ਰੈਲੀਆਂ 'ਚ। ਰਾਜ ਭਾਗ ਪਛਾਣ ਰੱਖਦਾ ਤਾਂ ਇਹ ਉਹੀ ਮੁੰਡੇ ਹਨ ਜਿਨ੍ਹਾਂ ਦੇ ਬਾਪ ਦਾਦੇ ਕਦੇ ਜ਼ਿੰਦਾਬਾਦ ਕਰਦੇ ਸਨ। ਏਨੀ ਕੁ ਉਮੀਦ ਨਾਲ ਕਿ ਭਲੇ ਦਿਨ ਆਉਣਗੇ। ਆਹ ਦਿਨ ਦੇਖਣੇ ਪੈ ਰਹੇ ਹਨ ਹੁਣ ਪੁੱਤ ਪੋਤਿਆ ਨੂੰ। ਹੱਕ ਮੰਗਣ ਲਈ ਵੀ ਲੁਕਣਾ ਪੈਂਦਾ ਹੈ। ਹਜ਼ਾਰਾਂ ਹਨ ਜੋ ਮੰਗਣ ਤਾਂ ਇਨ੍ਹਾਂ ਜਲਸਿਆਂ 'ਚ ਆਪਣਾ ਹੱਕ ਜਾਂਦੇ ਹਨ,ਬਦਲੇ 'ਚ ਮਿਲਦੀ ਹੈ ਪੁਲੀਸ ਦੀ ਡਾਂਗ। ਮੰਗਦੇ ਤਾਂ ਨੌਕਰੀ ਹਨ,ਮਿਲਦੀ ਹੈ ਐਫ.ਆਈ.ਆਰ। ਇਕੱਲਾ ਰੁਜ਼ਗਾਰ ਦਾ ਹੱਕ ਨਹੀਂ ਖੋਹਿਆ। ਇਨ੍ਹਾਂ ਤੋਂ ਤਾਂ ਰੁਜ਼ਗਾਰ ਮੰਗਣ ਦਾ ਵੀ ਹੱਕ ਖੋਹਿਆ ਜਾ ਰਿਹੈ। ਉਪਰੋਂ ਤਰਾਸ਼ਦੀ ਇਹ ਹੈ ਕਿ ਬਹੁਤੇ ਇਕੱਲੀ ਨੌਕਰੀ ਵਾਲੀ ਨਹੀਂ,ਵਿਆਹ ਵਾਲੀ ਉਮਰ ਦੀ ਟਪਾ ਬੈਠੇ ਹਨ। ਦਰਜਨਾਂ ਧਿਰਾਂ ਹਨ ਜਿਨ੍ਹਾਂ ਪੱਲੇ ਨਿਰੋਲ ਬੇਰੁਜ਼ਗਾਰੀ ਹੈ। ਦਮਦਮੇ ਦੀ ਵਿਸਾਖੀ 'ਤੇ ਬੇਰੁਜ਼ਗਾਰ ਲਾਈਨਮੈਨ ਏਨਾ ਕੁ ਕਸੂਰ ਕਰ ਬੈਠੇ ਕਿ ਅਕਾਲੀ ਕਾਨਫਰੰਸ 'ਚ ਮੁਰਦਾਬਾਦ ਕਰ ਬੈਠੇ। ਫਿਰ ਕੀ ਸੀ ,ਉਨ੍ਹਾਂ ਨੂੰ ਜੇਲ੍ਹੀਂ ਡੱਕ ਦਿੱਤਾ। ਜੇਲ੍ਹ ਵਾਲਿਆਂ 'ਚ ਮਹਿਰਾਜ ਵਾਲੇ ਬਲਵੰਤ ਦਾ ਮੁੰਡਾ ਵੀ ਹੈ। ਪਹਿਲਾ ਬਲਵੰਤ ਨੇ ਲੋਕ ਇਨਸਾਫ ਲਈ ਪੂਰੀ ਜ਼ਿੰਦਗੀ ਲਾ ਦਿੱਤੀ। ਹੁਣ ਰੁਜ਼ਗਾਰ ਮੰਗਣ ਗਿਆ ਮੁੰਡਾ ਜੇਲ੍ਹ ਬੈਠਾ ਹੈ। ਰੁਜ਼ਗਾਰ ਤਾਂ ਛੱਡੋ, ਇਥੇ ਇਹੋ ਚਰਚਾ ਬਣਦੀ ਹੈ ਕਿ ਹੱਕ ਮੰਗਣਾ ਕਿਵੇਂ ਗੁਨਾਹ ਹੋ ਗਿਆ। ਰਾਜ ਗੱਦੀ ਵਾਲੇ ਸੋਚਦੇ ਹਨ ਕਿ ਹੱਕਾਂ ਵਾਲੇ ਤਾਂ ਕੇਵਲ ਉਹੀ ਹੀ ਹਨ, ਪਰਜਾ ਤਾਂ ਕੇਵਲ ਫਰਜ਼ ਹੀ ਪੂਰੇ, ਉਹ ਵੀ ਵੋਟਾਂ ਪਾ ਪਾ ਕੇ।
           ਸਿਆਸੀ ਧਿਰਾਂ ਦੇ ਉਪਰੋਂ ਚਿਹਰੇ ਹੋਰ ਹੋ ਸਕਦੇ ਹਨ, ਅੰਦਰੋਂ ਕੋਈ ਭਿੰਨਤਾ ਨਹੀਂ ਹੈ। ਫਰਵਰੀ 2007 ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਸੈਂਕੜੇ ਡਾਂਗਾਂ ਦਾ ਇੰਤਜ਼ਾਮ ਕੀਤਾ ਸੀ। ਇਹੋ ਡਾਂਗਾਂ ਬੇਰੁਜ਼ਗਾਰਾਂ 'ਤੇ ਟੁੱਟੀਆਂ। ਅਕਾਲੀ ਹਕੂਮਤ ਬਣੀ ਤਾਂ ਉਦੋਂ ਇਹੋ ਡਾਂਗਾਂ ਡੇਰਾ ਸਿੱਖ ਵਿਵਾਦ 'ਚ ਟੁੱਟ ਗਈਆਂ। ਉਨ੍ਹਾਂ ਦਿਨਾਂ 'ਚ ਅਕਾਲੀ ਸਰਕਾਰ ਨੇ ਦੂਸਰੇ ਜ਼ਿਲ੍ਹਿਆਂ ਤੋਂ ਉਧਾਰ 'ਚ ਡਾਂਗਾਂ ਲੈਣੀਆਂ ਪਈਆਂ ਸਨ। ਹੁਣ ਅਗਲੀ ਚੋਣ ਫਿਰ ਸਿਰ 'ਤੇ ਹੈ। ਪਤਾ ਲੱਗਾ ਹੈ ਕਿ ਪੰਜਾਬ ਪੁਲੀਸ ਹੁਣ ਤੋਂ ਡਾਂਗਾਂ ਦੇ ਇੰਤਜ਼ਾਮ ਕਰਨ 'ਤੇ ਲੱਗੀ ਹੋਈ ਹੈ। ਬੇਕਾਰੀ ਦੇ ਭੰਨੇ ਮੁੰਡੇ ਕਦੇ ਕੈਪਟਨ ਦੀ ਪੁਲੀਸ ਤੋਂ ਕੁੱਟ ਖਾਂਦੇ ਰਹੇ ਹਨ ਤੇ ਹੁਣ ਬਾਦਲ ਸਰਕਾਰ ਦੀ ਪੁਲੀਸ ਤੋਂ ਪੱਗਾਂ ਲੁਹਾ ਰਹੇ ਹਨ। ਟੈਂਕੀਆਂ 'ਤੇ ਚੜ੍ਹਨਾ ਵੀ ਕਿਸੇ ਦਾ ਸ਼ੌਕ ਨਹੀਂ ਹੈ। ਫਰੀਦਕੋਟ ਦੀ ਕਿਰਨਜੀਤ ਕੌਰ ਐਵੇਂ ਟੈਂਕੀ 'ਤੇ ਨਹੀਂ ਚੜ ਗਈ ਸੀ। ਜਦੋਂ ਕੋਈ ਉਮੀਦ ਦੀ ਕਿਰਨ ਨਾ ਦਿਖੀ ਤਾਂ ਉਸ ਧੀ ਨੂੰ ਹੱਕ ਖਾਤਰ ਆਪਣੀ ਜਾਨ ਗੁਆਉਣੀ ਪਈ। ਸਰਕਾਰਾਂ ਦੀ ਅੱਖ ਹੁਣ ਉਦੋਂ ਹੀ ਖੁੱਲ੍ਹਦੀ ਹੈ ਜਦੋਂ ਕੋਈ ਆਪਣੀ ਜਾਨ ਦੇ ਬੈਠਦਾ ਹੈ। ਸੱਧਰਾਂ ਤਾਂ ਕਿਰਨਜੀਤ ਵੀ ਰੱਖਦੀ ਹੋਵੇਗੀ। ਇਵੇਂ ਹੀ ਬਾਕੀ ਧੀਆਂ ਦੇ ਵੀ ਤਾਂ ਅਰਮਾਨ ਹਨ। ਨਿੱਕੇ ਨਿੱਕੇ ਬੱਚੇ ਜਦੋਂ ਮਾਂਵਾਂ ਨਾਲ ਧਰਨੇ 'ਤੇ ਬੈਠਦੇ ਹਨ ਤਾਂ ਉਨ੍ਹਾਂ ਦੇ ਅਣਭੋਲ ਚਿਹਰੇ ਵੀ ਕਈ ਸੁਆਲ ਰੱਖਦੇ ਹਨ। ਸੱਭਿਅਕ ਸਮਾਜ 'ਚ ਕਿਧਰੇ ਵੀ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ 'ਤੇ ਪਾਬੰਦੀ ਨਹੀਂ ਲੱਗਦੀ। ਨਾ ਹੀ ਸ਼ਾਂਤਮਈ ਪ੍ਰਦਰਸ਼ਨ ਕਰਨ 'ਤੇ ਕੋਈ ਰੋਕ ਹੁੰਦੀ ਹੈ। ਹੁਣ ਇਹੋ ਅਧਿਕਾਰ ਤੇ ਹੱਕ ਸਰਕਾਰਾਂ ਨੇ ਖੋਹ ਕੇ ਆਪਣੇ ਬੋਝੇ ਪਾ ਲਏ ਹਨ।
         ਜਦੋਂ ਪਾਰਲੀਮੈਂਟ ਜਾਂ ਅਸੈਂਬਲੀ 'ਚ ਨੇਤਾ ਲੋਕ ਚੀਕਦੇ ਹਨ, ਭੰਨ ਤੋੜ ਕਰਦੇ ਹਨ, ਸੈਸ਼ਨ ਚੱਲਣਾ ਠੱਪ ਕਰ ਦਿੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਇਹ ਤਾਂ ਉਨ੍ਹਾਂ ਦਾ ਸੰਵਿਧਾਨਿਕ ਹੱਕ ਹੈ। ਉਨ੍ਹਾਂ ਵਲੋਂ ਕੀਤੀ ਕਾਰਵਾਈ ਜਾਇਜ਼ ਬਣ ਜਾਂਦੀ ਹੈ। ਜਦੋਂ ਸਿਆਸੀ ਜਲਸੇ 'ਚ ਕੋਈ ਮੁੰਡਾ ਰੁਜ਼ਗਾਰ ਖਾਤਰ ਉੱਚੀ ਬੋਲ ਪੈਂਦਾ ਹੈ ਤਾਂ ਪੁਲੀਸ ਉਸ ਨੂੰ ਖਿੱਚ ਧੂਹ ਕੇ ਪੰਡਾਲ ਚੋਂ ਬਾਹਰ ਲੈ ਜਾਂਦੀ ਹੈ। ਅਖੇ ਇਸ ਨਾਲ ਰੈਲੀ 'ਚ ਵਿਘਨ ਪੈਂਦਾ ਹੈ। ਜਦੋਂ ਉਹ ਪਾਰਲੀਮੈਂਟ ਜਾਂ ਅਸੈਂਬਲੀ 'ਚ ਆਪਣੀ ਸਿਰਫ਼ ਸਿਆਸਤ ਚਮਕਾਉਣ ਖਾਤਰ ਸੈਸ਼ਨ 'ਚ ਵਿਘਨ ਪਾਉਂਦੇ ਹਨ,ਤਾਂ ਉਦੋਂ ਕੋਈ ਪੁਲੀਸ ਨਹੀਂ ਆਉਂਦੀ। ਜਦੋਂ ਬੇਰੁਜ਼ਗਾਰ ਨੌਜਵਾਨ ਰੁਜ਼ਗਾਰ ਲਈ ਸੜਕ ਜਾਮ ਕਰਦੇ ਹਨ ਤਾਂ ਇਹੋ ਸਰਕਾਰ ਆਖਦੀ ਹੈ ਕਿ ਇਹ ਕੋਈ ਤਰੀਕਾ ਹੈ। ਸੜਕਾਂ ਜਾਮ ਕਰਕੇ ਇਹ ਨੌਜਵਾਨ ਆਮ ਲੋਕਾਂ ਦੀ ਪ੍ਰੇਸ਼ਾਨੀ ਵਧਾਉਂਦੇ ਨੇ, ਸਰਕਾਰਾਂ ਵਲੋਂ ਇਹ ਗੱਲ ਆਖੀ ਜਾਂਦੀ ਹੈ। ਜਦੋਂ ਸਿਆਸੀ ਧਿਰਾਂ ਆਪਣੇ ਮੁਫਾਦਾਂ ਖਾਤਰ ਦਿੱਲੀ ਜਾਮ ਕਰਦੀਆਂ ਹਨ ਤਾਂ ਉਦੋਂ ਆਮ ਲੋਕਾਂ ਦਾ ਫਿਕਰ ਨੇੜੇ ਵੀ ਨਹੀਂ ਢੁੱਕਦਾ। ਪਿਛਲੇ ਦਿਨ੍ਹੀ ਐਮ.ਪੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਹਾਜ਼ਰੀ 'ਚ ਬਠਿੰਡਾ ਵਿਖੇ ਜਥੇਦਾਰਾਂ ਅਤੇ ਪੁਲੀਸ ਨੇ ਮਿਲ ਕੇ ਬੇਰੁਜ਼ਗਾਰ ਮੁੰਡੇ ਕੁੱਟੇ। ਕੁੱਟਮਾਰ ਤੋਂ ਦੂਸਰੇ ਦਿਨ ਹੀ ਇੱਕ ਸੀਨੀਅਰ ਭਾਜਪਾ ਨੇਤਾ ਆਖ ਰਿਹਾ ਸੀ ਕਿ 'ਏਹ ਕੋਈ ਤਰੀਕਾ ਹੱਕ ਮੰਗਣ ਦਾ, ਚਾਰ ਕੁ ਕੱਠੇ ਹੋ ਕੇ ਹਰ ਥਾਂ ਪਹੁੰਚ ਜਾਂਦੇ ਨੇ।'  ਭਾਜਪਾ ਨੇਤਾ ਪੰਚਾਇਤੀ ਚੋਣਾਂ ਵਾਲੇ ਦਿਨ ਭੁੱਲ ਗਿਆ ਜਦੋਂ ਭਾਜਪਾ ਲੀਡਰਾਂ ਨੇ ਹੀ ਬਠਿੰਡਾ ਦੇ ਬੱਸ ਅੱਡੇ ਦੇ ਬਾਹਰ ਔਰਬਿਟ ਬੱਸਾਂ ਭੰਨ ਦਿੱਤੀਆਂ ਸਨ। ਕੀ ਉਹ ਤਰੀਕਾ ਠੀਕ ਸੀ।
             ਜਲੰਧਰ ਦੀ ਲਵਲੀ ਯੂਨੀਵਰਸਿਟੀ 'ਚ ਨੰਨ੍ਹੀ ਛਾਂ ਮੁਹਿੰਮ ਤਹਿਤ ਪ੍ਰੋਗਰਾਮ ਸੀ। ਜਦੋਂ ਉਥੇ ਬੇਰੁਜ਼ਗਾਰ ਮੁੰਡੇ ਹੱਕ ਮੰਗਣ ਪੁੱਜ ਗਏ। ਪੁਲੀਸ ਨੇ ਉਨ੍ਹਾਂ 'ਤੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਇਲਜ਼ਾਮਾਂ ਤਹਿਤ ਧਾਰਾ 295 ਏ ਤਹਿਤ ਪੁਲੀਸ ਕੇਸ ਦਰਜ ਕਰ ਦਿੱਤਾ। ਹੁਣ ਇਹ ਲੀਡਰ ਹੀ ਦੱਸਣ ਕਿ ਹੱਕ ਮੰਗਣ ਨਾਲ ਧਾਰਮਿਕ ਭਾਵਨਾਵਾਂ ਭੜਕਣ ਦਾ ਕੀ ਸਬੰਧ ਹੈ। ਬਲਕਿ ਧਰਮ ਤਾਂ ਹੱਕਾਂ ਦੀ ਪ੍ਰੋੜ੍ਹਤਾ ਹੀ ਕਰਦਾ ਹੈ। ਜਦੋਂ ਇਹੋ ਅਕਾਲੀ ਨੇਤਾ ਕੇਂਦਰ ਸਰਕਾਰ ਖ਼ਿਲਾਫ਼ ਮੋਰਚਾ ਲਾਉਂਦੇ ਹਨ ਤਾਂ ਸਭ ਕੁਝ ਜਾਇਜ਼ ਬਣ ਜਾਂਦਾ ਹੈ। ਜਦੋਂ ਇਹੋ ਮੋਰਚਾ ਬੇਰੁਜ਼ਗਾਰ ਲਾਉਂਦੇ ਹਨ ਤਾਂ ਉਹ ਗ਼ੈਰਕਨੂੰਨੀ ਕਿਵੇਂ ਬਣ ਜਾਂਦਾ ਹੈ। ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਹੱਕ ਸਭ ਦੇ ਬਰਾਬਰ ਹੁੰਦੇ ਹਨ। ਹਰ ਕਿਸੇ ਨੂੰ ਹੱਕ ਮੰਗਣ ਦਾ ਅਧਿਕਾਰ ਹੈ। ਹੁਣ ਚੋਣਾਂ 'ਚ ਇਕੱਲੇ ਸਬਜਬਾਗ ਦਿਖਾ ਕੇ ਨਹੀਂ ਸਰਨਾ,ਕੁਝ ਕਰਨਾ ਵੀ ਪੈਣਾ ਹੈ। ਇਹੋ ਰੋਣਾ ਇਹ ਬੇਕਾਰੀ ਦੇ ਭੰਨੇ ਰੋਂਦੇ ਹਨ। ਅੱਗੇ ਅਸੈਂਬਲੀ ਚੋਣਾਂ ਹਨ ਜਿਨ੍ਹਾਂ 'ਚ ਮੁੜ ਬੇਰੁਜ਼ਗਾਰਾਂ ਨੇ ਆਪਣੀ ਗੱਲ ਰੱਖਣੀ ਹੈ। ਜੁਆਬ 'ਚ ਹਾਕਮਾਂ ਨੇ ਉਹੋ ਡਾਂਗ ਵਰਾਉਣੀ ਹੈ ਜੋ ਪਹਿਲਾਂ ਕੈਪਟਨ ਸਰਕਾਰ ਨੇ ਵਰਾਈ ਸੀ। ਬੇਰੁਜ਼ਗਾਰਾਂ ਨੂੰ ਕੁਝ ਮਿਲਦਾ ਹੈ ਜਾਂ ਨਹੀਂ, ਇਹ ਵੱਖਰਾ ਮਾਮਲਾ ਹੈ ਪ੍ਰੰਤੂ ਇਨ੍ਹਾਂ ਨੌਜਵਾਨਾਂ ਨੂੰ ਡਾਂਗ ਪਛਾਣਨੀ ਜ਼ਰੂਰ ਆ ਗਈ ਹੈ। ਇੰਂਝ ਲੱਗਦਾ ਹੈ ਕਿ ਜਿਵੇਂ ਇਨ੍ਹਾਂ ਹੱਕ ਮੰਗਣ ਵਾਲਿਆਂ ਦੀ ਤਰਜਮਾਨੀ ਜਗਸੀਰ ਜੀਦਾ ਦਾ ਏਹ ਗੀਤ ਕਰ ਰਿਹਾ ਹੋਵੇ :
                                   'ਹੱਕ ਮੰਗੀਏ ਬਰਾਬਰ ਦੇ ,ਕਾਹਤੋਂ ਬੂਟ ਪਾਲਿਸ਼ਾਂ ਕਰੀਏ
                              ਪਾਲਿਸ਼ਾਂ ਕਰਦੇ ਮਰਜਾ ਗੇ, ਆਓ ਸੋਚਾਂ ਵਿੱਚ ਵਿੱਚ ਦਮ ਭਰੀਏ।'