ਖੱਟਰ ਕੀ ਜਾਣੇ
ਹਰ ਫੱਟੜ ਮੱਥਾ ਨਹੀਂ ਝੁਕਦਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਹਰਿਆਣਾ ਪੁਲੀਸ ਦੀ ਲਾਠੀ ਨਾਲ ਲਹੂ ਲੁਹਾਨ ਹੋਏ ਕਿਸਾਨਾਂ ਦੇ ਚਿਹਰੇ ਵੇਖ ਕੇ ਇੰਝ ਲੱਗਦਾ ਹੈ ਜਿਵੇਂ ਹਕੂਮਤ ਦਾ ਲਹੂ ਸਫ਼ੈਦ ਹੋ ਗਿਆ ਹੋਵੇ। ਸਿਰ ਤੋਂ ਪੈਰਾਂ ਤੱਕ ਖੂਨ ’ਚ ਗੜੁੱਚ ਤਾਊ ਮਹਿੰਦਰ ਦੀ ਦਗਦੀ ਅੱਖ ਏਹ ਆਖਦੀ ਜਾਪੀ, ‘ਹਰ ਫੱਟੜ ਮੱਥਾ ਨਹੀਂ ਝੁਕਦਾ, ਬੰਨ੍ਹ ਲਾਇਆਂ ਹਰ ਛੱਲ ਨਹੀਂ ਰੁਕਦੀ।’ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਇਹ ਭੁੱਲ ਬੈਠੇ ਹਨ ਕਿ ਏਹ ਕਿਸਾਨਾਂ ਦਾ ਖੂਨ ਹੈ, ਪਾਣੀ ਨਹੀਂ। ਹਰਿਆਣਾ ਪੁਲੀਸ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ ’ਤੇ ਬਸਤਾੜਾ ਟੌਲ ਪਲਾਜ਼ਾ ’ਤੇ ਸ਼ਨਿਚਰਵਾਰ ਨੂੰ ਡਾਂਗ ਵਰ੍ਹਾਈ ਜਿਸ ਨੂੰ ਲੈ ਕੇ ਸਮੁੱਚੀ ਕਿਸਾਨੀ ਦਾ ਖੂਨ ਖੌਲ ਗਿਆ ਹੈ। ਕਰਨਾਲ ਜ਼ਿਲ੍ਹੇ ’ਚ ਇਸ ਵੇਲੇ 60 ਜ਼ਖ਼ਮੀ ਕਿਸਾਨ ਜ਼ੇਰੇ ਇਲਾਜ ਹਨ। ਜਿਵੇਂ ਰਾਕੇਸ਼ ਟਿਕੈਤ ਦੇ ਵਗੇ ਹੰਝੂਆਂ ਨੇ ਕਿਸਾਨ ਘੋਲ ਨੂੰ ਮੁੜ ਖੜ੍ਹਾ ਕੀਤਾ ਸੀ, ਉਵੇਂ ਬਸਤਾੜਾ ਟੌਲ ’ਤੇ ਸਭ ਤੋਂ ਵੱਧ ਪੁਲੀਸ ਦੀ ਕੁੱਟ ਦਾ ਸ਼ਿਕਾਰ ਹੋਏ ਪਿੰਡ ਬੜੌਤਾ ਦੇ ਤਾਊ ਮਹਿੰਦਰ ਦੀ ਲਹੂ ਭਿੱਜੀ ਤਸਵੀਰ ਹਕੂਮਤੀ ਜ਼ੁਲਮ ਦਾ ਸ਼ੀਸ਼ਾ ਵਿਖਾ ਗਈ ਹੈ। ਇਸ ਤਾਊ ਕੋਲ ਸਿਰਫ਼ ਡੇਢ ਏਕੜ ਜ਼ਮੀਨ ਹੈ।
ਮਹਿੰਦਰ ਤੇ ਉਸ ਦਾ ਛੋਟਾ ਭਰਾ ਰਣਬੀਰ ਕਾਫ਼ੀ ਸਮੇਂ ਤੋਂ ਬਸਤਾੜਾ ਟੌਲ ’ਤੇ ਲੰਗਰ ਦੀ ਸੇਵਾ ਚਲਾ ਰਹੇ ਹਨ। ਉਸ ਦੇ ਛੋਟੇ ਭਰਾ ਦੇ ਅੱਠ ਟਾਂਕੇ ਲੱਗੇ ਹਨ ਜਦਕਿ ਤਾਊਂ ਮਹਿੰਦਰ ਦੇ 14 ਟਾਂਕੇ ਲੱਗੇ ਹਨ।ਛੋਟੇ ਭਰਾ ’ਤੇ ਜਦੋਂ ਪੁਲੀਸ ਝਪਟੀ ਤਾਂ ਵੱਡੇ ਭਰਾ ਮਹਿੰਦਰ ਨੇ ਬਚਾਉਣਾ ਚਾਹਿਆ ਤਾਂ ਪੁਲੀਸ ਨੇ ਤਾਊ ਨੂੰ ਲੰਮਾ ਪਾ ਲਿਆ। ਪੁਲੀਸ ਦਾ ਸਾਹ ਫੁੱਲ ਗਿਆ ਪਰ ਇਸ ਤਾਊ ਨੇ ਹਾਰ ਨਾ ਮੰਨੀ। ਜਿਸ ਜਗ੍ਹਾ ’ਤੇ ਤਾਊ ਬੈਠਿਆ, ਉਥੇ ਧਰਤੀ ਖੂਨ ਨਾਲ ਰੰਗੀ ਗਈ, ਪੁਲੀਸ ਨੇ ਪਾਣੀ ਵਗਾ ਕੇ ਖੂਨ ਵਾਲਾ ਮੁੱਦਾ ਗਾਇਬ ਕੀਤਾ। ਤਾਊ ਮਹਿੰਦਰ ਦਾ ਤੀਸਰਾ ਭਰਾ ਹਰੀਸ਼ ਪੂਨੀਆ ਆਖਦਾ ਹੈ ਕਿ ਉਨ੍ਹਾਂ ਦੇ ਭਰਾਵਾਂ ਨੇ ਕਿਸਾਨੀ ਬਚਾਉਣ ਲਈ ਆਪਣੇ ਪਿੰਡੇ ’ਤੇ ਲਾਠੀਆਂ ਝੱਲ ਲਈਆਂ ਪਰ ਈਨ ਨਹੀਂ ਮੰਨੀ। ਹਰੀਸ਼ ਪੂਨੀਆਂ ਖ਼ੁਦ ਕੁਸ਼ਤੀ ਕੋਚ ਹੈ ਤੇ ਮੁਫ਼ਤ ’ਚ ਸਿਖਲਾਈ ਦਿੰਦਾ ਹੈ। ਇਸੇ ਤਰ੍ਹਾਂ ਕਰਨਾਲ ਦਾ ਨੌਜਵਾਨ ਕਿਸਾਨ ਗੁਰਜੰਟ ਸਿੰਘ ਘਰੋਂ ਜ਼ਮੀਨ ਬਚਾਉਣ ਲਈ ਤੁਰਿਆ ਸੀ। ਛੇ ਮਹੀਨੇ ਦਿੱਲੀ ਬੈਠਾ ਰਿਹਾ। ਹੁਣ ਜਦੋਂ ਕਰਨਾਲ ’ਚ ਪੁਲੀਸ ਦੀ ਡਾਂਗ ਚੱਲੀ ਤਾਂ ਇੱਕ ਬਜ਼ੁਰਗ ਕਿਸਾਨ ਨੂੰ ਬਚਾਉਣ ਲਈ ਉਸ ’ਤੇ ਡਿੱਗ ਪਿਆ। ਪੁਲੀਸ ਦੀ ਬੇਰਹਿਮ ਲਾਠੀ ਤੋਂ ਉਹ ਹੁਣ ਆਪਣੀ ਅੱਖ ਦੀ ਰੌਸ਼ਨੀ ਨਹੀਂ ਬਚਾ ਸਕਿਆ।
ਕਰਨਾਲ ਦੇ ਕਲਪਨਾ ਚਾਵਲਾ ਹਸਪਤਾਲ ’ਚ ਇਲਾਜ ਕਰਾ ਰਿਹਾ ਹੈ। ਪੁਲੀਸ ਦੀ ਲਾਠੀ ਤੋਂ ਉਸ ਦੇ ਸਰੀਰ ਦਾ ਕੋਈ ਅੰਗ ਨਹੀਂ ਬਚਿਆ। ਨੱਕ ਦੀ ਹੱਡੀ ਰਗੜ ਹੇਠ ਆ ਗਈ ਅਤੇ ਇੱਕ ਅੱਖ ਦੀ ਰੌਸ਼ਨੀ ਅੱਧੀ ਹੋ ਗਈ। ਕਈ ਟਾਂਕੇ ਲੱਗੇ ਹਨ। ਉਸ ਦਾ ਹੌਸਲਾ ਪੁਲੀਸ ਤੋੜ ਨਹੀਂ ਸਕੀ। ਗੁਰਜੰਟ ਸਿੰਘ ਦੱਸਦਾ ਹੈ, ‘ਜਦੋਂ ਸ਼ਾਂਤ ਬੈਠਿਆਂ ’ਤੇ ਪੁਲੀਸ ਪੈ ਨਿਕਲੀ ਤਾਂ ਕਈ ਬਜ਼ੁਰਗਾਂ ਤੋਂ ਉੱਠਿਆ ਨਾ ਗਿਆ। ਬਜ਼ੁਰਗਾਂ ਨੂੰ ਬਚਾਉਣ ਲਈ ਉਹ ਉਨ੍ਹਾਂ ’ਤੇ ਲੰਮਾ ਪੈ ਗਿਆ। ਪੁਲੀਸ ਨੇ ਉਸ ਦੀ ਗਰਦਨ ’ਤੇ ਗੋਡਾ ਰੱਖਿਆ ਅਤੇ ਧੂਹ ਲਿਆ। ਉਹ ਬੇਹੋਸ਼ ਹੋ ਕੇ ਡਿੱਗ ਪਿਆ। ਹੋਸ਼ ਆਈ ਤਾਂ ਉਸ ਨੇ ‘ਕਿਸਾਨ ਏਕਤਾ ਜ਼ਿੰਦਾਬਾਦ’ ਦਾ ਨਾਅਰਾ ਲਾ ਦਿੱਤਾ। ਫੇਰ ਕੀ ਸੀ, ਉਸ ਪੁਲੀਸ ਨੇ ਕਸਰਾਂ ਕੱਢ ਲਈਆਂ। ਉਸ ’ਤੇ ਨਹੀਂ, ਸਮੁੱਚੀ ਕਿਸਾਨੀ ’ਤੇ ਏਹ ਡਾਂਗ ਪਈ ਹੈ।’ਗੁਰਜੰਟ ਮੁਤਾਬਕ ਉਸ ਦੇ ਦਾਦੇ ਪੜਦਾਦੇ ਨੇ ਵੰਡ ਦਾ ਸੰਤਾਪ ਝੱਲਿਆ। ਇੱਧਰ ਜ਼ਮੀਨਾਂ ’ਤੇ ਪਸੀਨਾ ਵਹਾਇਆ। ਉਹ ਆਖਦਾ ਹੈ, ‘ਕਿਸਾਨ ਅੰਨ ਪੈਦਾ ਕਰਦਾ ਹੈ ਤੇ ਧਰਤੀ ਸਾਡੀ ਮਾਂ ਹੈ, ਕੋਈ ਮਾਂ ਦੀ ਇੱਜ਼ਤ ਨੂੰ ਹੱਥ ਪਾਏ, ਕਿਵੇਂ ਜਰ ਲਈਏ।’
ਕਰਨਾਲ ਦਾ ਬੇਜ਼ਮੀਨਾ ਕਿਸਾਨ ਰਵਿੰਦਰ ਵੀ ਪੁਲੀਸ ਦੀ ਮਾਰ ਤੋਂ ਬਚ ਨਹੀਂ ਸਕਿਆ। ਉਹ ਜ਼ਮੀਨਾਂ ਵਾਲੇ ਕਿਸਾਨਾਂ ਲਈ ਸੜਕ ’ਤੇ ਉੱਤਰਿਆ, ਪੁਲੀਸ ਨੇ ਏਨੀ ਬੁਰੀ ਤਰ੍ਹਾਂ ਝੰਬ ਦਿੱਤਾ ਕਿ ਉਸ ਦੇ 28 ਟਾਂਕੇ ਲੱਗੇ ਹਨ। ਕਿਸਾਨ ਵਕੀਲ ਫੋਰਮ ਦੇ ਕਨਵੀਨਰ ਐਡਵੋਕੇਟ ਅਜੀਤਪਾਲ ਸਿੰਘ ਮੰਡੇਰ (ਭਾਈਰੂਪਾ) ਤੇ ਹਾਕਮ ਸਿੰਘ ਵਗੈਰਾ ਨੇ ਅੱਜ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਸ਼ਿਕਾਇਤ ਭੇਜੀ ਹੈ। ਜਿਸ ਵਿਚ ਗ਼ੈਰਕਨੂੰਨੀ ਹੁਕਮ ਦੇਣ ਵਾਲੇ ਆਈਏਐੱਸ ਅਧਿਕਾਰੀ ਆਯੂਸ਼ ਸਿਨਹਾ ਅਤੇ ਕਰਨਾਲ ਵਿੱਚ ਲਾਠੀਚਾਰਜ ਕਰਨ ਲਈ ਜ਼ਿੰਮੇਵਾਰ ਅਧਿਕਾਰੀਆਂ ’ਤੇ ਕਾਰਵਾਈ ਦੀ ਮੰਗ ਕੀਤੀ ਹੈ।
‘ਕਿਤੇ ਮਾਂ ਨੇ ਕੰਨ ਖਿੱਚੇ ਹੁੰਦੇ...’
ਕਿਤੇ ਮਾਂ ਅਲਕਾ ਵਰਮਾ ਨੇ ਕੰਨ ਖਿੱਚੇ ਹੁੰਦੇ ਤਾਂ ਐੱਸਡੀਐੱਮ ਅਯੂਸ਼ ਸਿਨਹਾ ਕਦੇ ਇਹ ਹੁਕਮ ਨਾ ਦਿੰਦਾ, ‘ਸਿਰ ਤੋੜ ਦਿਓ’। ਕਰਨਾਲ ਦੇ ਐੱਸਡੀਐਮ ਸਿਨਹਾ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ’ਚ ਉਹ ਕਿਸਾਨਾਂ ਖ਼ਿਲਾਫ਼ ਹੁਕਮ ਦਿੰਦੇ ਸੁਣਾਈ ਦੇ ਰਹੇ ਹਨ, ‘ਕੋਈ ਪ੍ਰਦਰਸ਼ਨਕਾਰੀ ਇੱਥੇ ਪਹੁੰਚ ਨਾ ਸਕੇ, ਕੋਈ ਆਉਂਦਾ ਹੈ ਤਾਂ ਲਾਠੀ ਚੁੱਕੋ, ਸਿਰ ਤੋੜ ਦਿਓ।’ ਮਰਹੂਮ ਪਿਤਾ ਬਲਵੀਰ ਵਰਮਾ ਅੱਜ ਜਿੰਦਾ ਹੁੰਦੇ ਤਾਂ ਆਪਣੇ ਪੁੱਤ ਦੇ ਇਨ੍ਹਾਂ ਹੁਕਮਾਂ ਨੂੰ ਸੁਣ ਕੇ ਜ਼ਰੂਰ ਸ਼ਰਮਸਾਰ ਹੁੰਦੇ।
ਕੌਣ ਹੈ ਇਹ ਅਧਿਕਾਰੀ
ਅਯੂਸ਼ ਸਿਨਹਾ ਹਰਿਆਣਾ ਕਾਡਰ ਦਾ 2018 ਬੈਚ ਦਾ ਆਈਏਐੱਸ ਅਧਿਕਾਰੀ ਹੈ। ਇਸ ਅਧਿਕਾਰੀ ਕੋਲ ਦੋ ਫਲੈਟ ਹਨ, ਜਿਨ੍ਹਾਂ ਚੋਂ ਇੱਕ ਫਲੈਟ ਸ਼ਿਮਲਾ ਦੇ ‘ਵਰਮਾ ਅਪਾਰਟਮੈਂਟਸ’ ’ਚ ਹੈ, ਜਿਸ ਦੀ ਮਾਰਕੀਟ ਕੀਮਤ ਇੱਕ ਕਰੋੜ ਰੁਪਏ ਹੈ, ਜਿਸ ਦਾ ਉਨ੍ਹਾਂ ਨੂੰ 3.60 ਲੱਖ ਰੁਪਏ ਸਾਲਾਨਾ ਕਿਰਾਇਆ ਆ ਰਿਹਾ ਹੈ। ਦਿੱਲੀ ਦੇ ਸ਼ੁਭਮ ਅਪਾਰਟਮੈਂਟ, ਦਵਾਰਕਾ ਵਿਚ ਦੂਜੇ ਫਲੈਟ ਤੋਂ ਉਨ੍ਹਾਂ ਨੂੰ 2.32 ਲੱਖ ਰੁਪਏ ਸਾਲਾਨਾ ਕਿਰਾਇਆ ਆ ਰਿਹਾ ਹੈ। ਇੱਕ ਰਿਹਾਇਸ਼ੀ ਮਕਾਨ ਪੰਚਕੂਲਾ ਵਿਚ ਹੈ, ਜਿਸ ਦੀ ਬਾਜ਼ਾਰੀ ਕੀਮਤ ਕਰੀਬ 1.10 ਕਰੋੜ ਰੁਪਏ ਹੈ। ਇਸ ਅਧਿਕਾਰੀ ਦੇ ਇਨ੍ਹਾਂ ਹੁਕਮਾਂ ਦੀ ਚੁਫੇਰਿਓਂ ਨਿਖੇਧੀ ਹੋ ਰਹੀ ਹੈ।
Excellent 👌👍
ReplyDeleteਸੁੱਚੀ , ਸੱਚੀ ਤੇ ਦਲੇਰ ਪੱਤਰਕਾਰੀ ਨੂੰ ਹਾਰਦਿਕ ਸੁੱਭ ਕਾਮਨਾਵਾਂ
ReplyDeleteਸਰਕਾਰ ਨੂੰ ਸ਼ਰਮ ਬਿਲਕੁਲ ਵੀ ਨਹੀਂ ਹੈ
ReplyDeleteਦਲੇਰੀ ਨਾਲ ਸਰਕਾਰ ਨਾਲ ਮੱਥਾ ਲਾਉਣ ਵਾਲਿਆਂ ਲਈ ਦਿਲੋਂ ਸਤਿਕਾਰ
ਬਾਈ ਜੀ ਸਾਫ ਸੁਥਰੀ ਦਲੇਰੀ ਪੱਤਰਕਾਰੀ ਨੂੰ ਦਿਲੋ ਸਲੂਟ
ReplyDelete