ਨੀ ਸਰਕਾਰੇ !
ਮੈਨੂੰ ਪਟਵਾਰੀ ਬਣਾ ਦੇ...
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕੁੜੀਆਂ ਹੁਣ ਨਵੇਂ ਰਾਹਾਂ ’ਤੇ ਤੁਰੀਆਂ ਹਨ। ਪਟਵਾਰੀ ਬਣਨ ਲਈ ਕੁੜੀਆਂ ਨੇ ਆਪਣੀ ਰੁਚੀ ਦਿਖਾਈ ਹੈ। ਚਾਹੇ ਕਾਰਨ ਸਰਕਾਰੀ ਨੌਕਰੀ ਦਾ ਮੌਕਾ ਹੈ ਜਾਂ ਫਿਰ ਬੇਕਾਰੀ ਦਾ ਆਲਮ। ਬੀਤੇ ਦਿਨੀਂ ਪਟਵਾਰੀ ਦੀ ਭਰਤੀ ਲਈ ਜੋ ਪ੍ਰੀਖ਼ਿਆ ਹੋਈ ਹੈ, ਉਸ ਵਿੱਚ ਕਰੀਬ 44 ਫੀਸਦੀ ਕੁੜੀਆਂ ਸਨ। ਪਹਿਲਾਂ, ਪਟਵਾਰੀ ਦੀ ਨੌਕਰੀ ਸਿਰਫ ਪੁਰਸ਼ਾਂ ਤੱਕ ਮਹਿਦੂਦ ਸੀ, ਬਦਲੇ ਜ਼ਮਾਨੇ ’ਚ ਕੁੜੀਆਂ ਨੇ ਹਰ ਬੰਨੇ ਪੈਰ ਪਸਾਰੇ ਹਨ। ਪੰਜਾਬ ’ਚ ਪਟਵਾਰੀ ਦੀਆਂ ਅਸਾਮੀਆਂ ਲਈ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਸ ਵਿੱਚੋਂ 1.02 ਲੱਖ ਕੁੜੀਆਂ ਹਨ। ਪੰਜਾਬੀ ਕਲਚਰ ਦੇ ਮਾਹਿਰ ਡਾ. ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਭੈਣਾਂ ਸੁੱਖ ਮੰਗਦੀਆਂ ਸਨ, ‘ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ।’ ਡਾ. ਜੋਸ਼ੀ ਆਖਦੇ ਹਨ ਕਿ ਸਮੇਂ ਦੇ ਗੇੜ ਨੇ ਲੋਕ ਸੱਭਿਆਚਾਰ ਦੇ ਮੁਖੜੇ ਵੀ ਫਿੱਕੇ ਪਾ ਦਿੱਤੇ ਹਨ।
ਵੇਰਵਿਆਂ ਅਨੁਸਾਰ ਪਟਵਾਰੀ ਬਣਨ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਵਿੱਚ ਜ਼ਿਆਦਾ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਕੋਈ ਵੇਲਾ ਸੀ ਜਦੋਂ ਤਰਸ ਦੇ ਆਧਾਰ ਦੇ ਕੇਸਾਂ ਵਿੱਚ ਕੁੜੀਆਂ ਪਟਵਾਰੀ ਦੀ ਨੌਕਰੀ ਕਰਦੀਆਂ ਸਨ। ਸਾਬਕਾ ਕਾਨੂੰਨਗੋ ਨਿਰਮਲ ਸਿੰਘ ਜੰਗੀਰਾਣਾ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਪਟਵਾਰੀ ਨੂੰ ਗਿਰਦਾਵਰੀ ਅਤੇ ਮਿਣਤੀ ਲਈ ਖੇਤਾਂ ਵਿੱਚ ਵੱਟੋ ਵੱਟ ਤੁਰਨਾ ਪੈਂਦਾ ਸੀ, ਹੁਣ ਕੰਪਿਊਟਰੀਕਰਨ ਨੇ ਕੰਮ ਸੌਖਾ ਕੀਤਾ ਹੈ, ਜਿਸ ਕਰਕੇ ਕੁੜੀਆਂ ਲਈ ਪਟਵਾਰੀ ਦੀ ਨੌਕਰੀ ਓਪਰੀ ਤੇ ਔਖੀ ਨਹੀਂ ਰਹੀ ਹੈ। ਦੂਸਰੀ ਤਰਫ ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਬੇਰੁਜ਼ਗਾਰੀ ਵਧਣ ਕਰਕੇ ਹੁਣ ਲੜਕੀਆਂ ਕੋਲ ਬਹੁਤੇ ਬਦਲ ਨਹੀਂ ਰਹੇ। ਮਲੋਟ ਦੇ ਐੱਸ.ਡੀ.ਐੱਮ ਗੋਪਾਲ ਸਿੰਘ ਆਖਦੇ ਹਨ ਕਿ ਇਸ ਰੁਝਾਨ ਨਾਲ ਮਾਲ ਮਹਿਕਮੇ ਦੀ ਛਵੀ ਬਿਹਤਰ ਬਣੇਗੀ।
ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਐਤਵਾਰ ਨੂੰ 1152 ਅਸਾਮੀਆਂ ਲਈ ਪ੍ਰੀਖ਼ਿਆ ਲਈ ਗਈ ਸੀ ਜਿਸ ਦਾ ਨਤੀਜਾ 18 ਅਗਸਤ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ। ਦੂਸਰੀ ਪ੍ਰੀਖ਼ਿਆ ਸਤੰਬਰ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ। ਪ੍ਰੀਖ਼ਿਆ ਦੇ ਸਬੰਧ ਵਿੱਚ 14 ਅਗਸਤ ਤੱਕ ਬੋਰਡ ਨੇ ਇਤਰਾਜ਼ ਮੰਗੇ ਹਨ। ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪਟਵਾਰੀ ਦੀ ਇੱਕ ਅਸਾਮੀ ਪਿੱਛੇ ਔਸਤਨ 203 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।ਜਾਣਕਾਰੀ ਅਨੁਸਾਰ ਪ੍ਰੀਖ਼ਿਆ ਵਿੱਚ 1.75 ਲੱਖ ਉਮੀਦਵਾਰ ਹੀ ਬੈਠੇ ਹਨ ਜਦੋਂ ਕਿ 59 ਹਜ਼ਾਰ ਉਮੀਦਵਾਰ ਗੈਰਹਾਜ਼ਰ ਰਹੇ ਹਨ। ਪਤਾ ਲੱਗਾ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਇਨ੍ਹਾਂ ਅਸਾਮੀਆਂ ਲਈ ਅਪਲਾਈ ਫੀਸ ਤੋਂ ਕਰੀਬ 12 ਕਰੋੜ ਰੁਪਏ ਪ੍ਰਾਪਤ ਹੋਏ ਹਨ। ਜਨਰਲ ਸ਼੍ਰੇਣੀ ਲਈ ਇੱਕ ਹਜ਼ਾਰ ਅਤੇ ਐੱਸਸੀ/ਬੀਸੀ ਲਈ 250 ਰੁਪਏ ਫ਼ੀਸ ਰੱਖੀ ਗਈ ਸੀ।
ਪਟਵਾਰਪੁਣੇ ਵਿੱਚ ਦੋਆਬੀਏ ਪਛੜੇ
ਜਾਣਕਾਰੀ ਅਨੁਸਾਰ ਪਟਵਾਰੀ ਬਣਨ ਦੇ ਇੱਛੁਕਾਂ ’ਚ ਜ਼ਿਆਦਾ ਮਲਵਈ ਉਮੀਦਵਾਰ ਹਨ ਜਦੋਂਕਿ ਦੋਆਬੇ ਨੇ ਬਹੁਤੀ ਰੁਚੀ ਨਹੀਂ ਦਿਖਾਈ ਹੈ। ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ 21,567 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਦੋਂਕਿ ਦੂਜੇ ਨੰਬਰ ’ਤੇ ਸੰਗਰੂਰ ਦੇ 19,974 ਉਮੀਦਵਾਰ ਸਨ। ਬਠਿੰਡਾ ਜ਼ਿਲ੍ਹਾ 18,126 ਉਮੀਦਵਾਰਾਂ ਨਾਲ ਤੀਜੇ ਨੰਬਰ ’ਤੇ ਰਿਹਾ ਜਦੋਂਕਿ ਫਾਜ਼ਿਲਕਾ 17,625 ਉਮੀਦਵਾਰਾਂ ਨਾਲ ਚੌਥੇ ਨੰਬਰ ’ਤੇ ਰਿਹਾ ਹੈ। ਮਾਨਸਾ ਵਿੱਚੋਂ 12,336 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚੋਂ ਸਿਰਫ਼ 2667 ਅਤੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਕੇਵਲ 2183 ਉਮੀਦਵਾਰਾਂ ਨੇ ਇਸ ਅਸਾਮੀ ਲਈ ਅਪਲਾਈ ਕੀਤਾ ਸੀ। ਜਲੰਧਰ ਜ਼ਿਲ੍ਹੇ ਵਿੱਚੋਂ 7141 ਉਮੀਦਵਾਰਾਂ ਅਤੇ ਮੋਗਾ ਵਿੱਚੋਂ 4236 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।
No comments:
Post a Comment