Showing posts with label SSS Board. Show all posts
Showing posts with label SSS Board. Show all posts

Friday, July 31, 2026

 ਗੁਆਚੇ ਚਿਹਰੇ
 ਕੌਣ ਮਿਟਾਵੇ ਲੇਖਾ ਕਰਮਾਂ ਦਾ
ਚਰਨਜੀਤ ਭੁੱਲਰ 


 ਚੰਡੀਗੜ੍ਹ :‘ਇੱਕ ਦਿਨ ਕਰਮਾਂ ਵਾਲਾ’, ਇਹ ਕੋਈ ਕਥਨ ਜਾਂ ਮੁਹਾਵਰਾ ਨਹੀਂ,ਬਲਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ਦੇ ਪੜ੍ਹੇ ਲਿਖੇ ਨੌਜਵਾਨ ਦਾ ਅਸਲ ਨਾਮ ਹੈ। ਪੰਜਾਬ ਤੇ ਹਰਿਆਣਾ ’ਚ ਉਸ ਦੇ ਨਾਮ ’ਤੇ ਸਵਾਲ ਉੱਠ ਰਹੇ ਹਨ। ਸਿਆਸੀ ਹਸਤੀਆਂ ਨੇ ਉਸ ਦੇ ਇਸ ਨਾਮ ਨੂੰ ਸ਼ੱਕੀ ਐਲਾਨ ਦਿੱਤਾ ਹੈ। ‘ਇੱਕ ਦਿਨ ਕਰਮਾਂ ਵਾਲਾ’ ਨਾਮ ਦੇ ਗਰੈਜੂਏਟ ਨੌਜਵਾਨ ਨੇ ਆਬਕਾਰੀ ਤੇ ਕਰ ਇੰਸਪੈਕਟਰ ਦੀ ਆਸਾਮੀ ਲਈ ਅਪਲਾਈ ਕੀਤਾ ਸੀ। ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਜਦੋਂ ਨਤੀਜਾ ਐਲਾਨਿਆ ਗਿਆ ਤਾਂ ਵਿਰੋਧੀ ਧਿਰਾਂ ਨੇ ਉਸ ਦਾ ਨਾਮ ਨਤੀਜਾ ਸੂਚੀ ’ਚ ਦੇਖ ਕੇ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਾਕਾਇਦਾ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਇਹ ਕੋਈ ਨਾਮ ਨਹੀਂ ਹੋ ਸਕਦਾ। ਪੰਜਾਬ ਦੇ ਆਗੂਆਂ ਨੇ ਵੀ ਇਸ ਨਾਮ ਬਾਰੇ ਆਬਕਾਰੀ ਤੇ ਕਰ ਇੰਸਪੈਕਟਰ ਦੀ ਲਿਖਤੀ ਪ੍ਰੀਖਿਆ ’ਚ ਘਪਲਾ ਹੋਣ ਦੀ ਗੱਲ ਕਹੀ।

        ਉਂਝ, ਏਦਾਂ ਦੇ ਕਈ ਨਾਮ ਹਨ, ਜਿਨ੍ਹਾਂ ਦੇ ਹਵਾਲੇ ਨਾਲ ਆਬਕਾਰੀ ਤੇ ਕਰ ਇੰਸਪੈਕਟਰ ਦੀ ਪ੍ਰੀਖਿਆ ਨੂੰ ਨਿਸ਼ਾਨੇ ’ਤੇ ਲਿਆ ਗਿਆ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਇਸ ਭਰਤੀ ’ਤੇ ਰੋਕ ਲਾ ਦਿੱਤੀ ਹੈ, ਜਿਨ੍ਹਾਂ ਅਜੀਬ ਨਾਵਾਂ ਦੀ ਸਿਆਸੀ ਆਗੂ ਸਟੇਜਾਂ ਤੋਂ ਚਰਚਾ ਕਰ ਰਹੇ ਹਨ, ਉਹ ਨਾਵਾਂ ਵਾਲੇ ਨੌਜਵਾਨ ਕਾਫ਼ੀ ਪ੍ਰੇਸ਼ਾਨ ਹਨ। ਪਿੰਡ ਜੈ ਸਿੰਘ ਵਾਲਾ ਦੇ ਨੌਜਵਾਨ ‘ਇੱਕ ਦਿਨ ਕਰਮਾਂ ਵਾਲਾ’ ਨੇ ਦੱਸਿਆ ਕਿ ਉਸ ਦੇ ਦਾਦਾ ਬੰਤ ਸਿੰਘ ਨੇ ਉਸ ਦੇ ਜਨਮ ਤੋਂ ਦੋ ਮਹੀਨੇ ਪਹਿਲਾਂ ਹੀ ਇਹ ਨਾਮ ਰੱਖ ਦਿੱਤਾ ਸੀ। ਉਨ੍ਹਾਂ ਦੇ ਮਾਪਿਆਂ ਨੇ ਬਜ਼ੁਰਗਾਂ ਦੇ ਬੋਲ ਪੁਗਾਉਣ ਲਈ ਨਾਮ ਨਹੀਂ ਬਦਲਿਆ। ਹੁਣ ਸਿਆਸੀ ਆਗੂ ਉਸ ਦੇ ਵਜੂਦ ’ਤੇ ਸਵਾਲ ਉਠਾ ਕੇ ਕਿਰਦਾਰ ਨੂੰ ਸ਼ੱਕੀ ਐਲਾਨ ਰਹੇ ਹਨ। ਸੋਸ਼ਲ ਮੀਡੀਆ ’ਤੇ ਵੀ ਉਸ ਦੇ ਨਾਮ ਨੂੰ ਜਾਅਲੀ ਕਰਾਰ ਦਿੱਤਾ ਜਾ ਰਿਹਾ ਹੈ। ਇਸ ਨੌਜਵਾਨ ਨੇ ਬੀ ਬੀ ਏ ’ਚੋਂ 64.78 ਫ਼ੀਸਦੀ, ਬਾਰ੍ਹਵੀਂ ’ਚੋਂ 69.11 ਫ਼ੀਸਦੀ ਅਤੇ ਦਸਵੀਂ ’ਚੋਂ 70 ਫ਼ੀਸਦੀ ਅੰਕ ਹਾਸਲ ਕੀਤੇ ਸਨ।

        ਬਠਿੰਡਾ ਦੇ ਪਿੰਡ ਸੇਖਪੁਰਾ ਦੇ ਨੌਜਵਾਨ ਜਿਪਸ ਦੀ ਪ੍ਰੇਸ਼ਾਨੀ ਵੀ ਕੋਈ ਘੱਟ ਨਹੀਂ। ਉਸ ਨੇ ਐਕਸਾਈਜ਼ ਇੰਸਪੈਕਟਰ ਦੀ ਪ੍ਰੀਖਿਆ ਦਿੱਤੀ, ਜਦੋਂ ਨਤੀਜਾ ਸੂਚੀ ਆਈ ਤਾਂ ਵਿਰੋਧੀ ਆਗੂਆਂ ਨੇ ਜਿਪਸ ਨਾਮ ਦੇ ਉਮੀਦਵਾਰ ’ਤੇ ਉਂਗਲ ਖੜ੍ਹੀ ਕੀਤੀ। ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮੇ ਨੇ ਕਿਸੇ ਕ੍ਰਿਕਟਰ ਤੋਂ ਪ੍ਰਭਾਵਿਤ ਹੋ ਕੇ ਇਹ ਨਾਮ ਰੱਖਿਆ ਸੀ। ਨੌਜਵਾਨ ਜਿਪਸ ਨੇ ਜੇਲ੍ਹ ਵਿਭਾਗ ਅਤੇ ਪੁਲੀਸ ਵਿਭਾਗ ਦੀਆਂ ਪੋਸਟਾਂ ਲਈ ਵੀ ਲਿਖਤੀ ਪ੍ਰੀਖਿਆ ਦਿੱਤੀ ਸੀ। ਪਹਿਲਾਂ ਕਦੇ ਉਸ ਦੇ ਨਾਮ ’ਤੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਈ। ਨੌਜਵਾਨ ਜਿਪਸ ਨੇ ਬੀ ਏ ’ਚੋਂ 62.03 ਫ਼ੀਸਦੀ, ਬਾਰ੍ਹਵੀਂ ’ਚੋਂ 88.20 ਫ਼ੀਸਦੀ ਅਤੇ ਦਸਵੀਂ ’ਚੋਂ 71.25 ਫ਼ੀਸਦੀ ਅੰਕ ਹਾਸਲ ਕੀਤੇ ਸਨ। ਜਲੰਧਰ ਦੀ ਸ਼ਮਾਇਲੀ ਦੀ ਕਹਾਣੀ ਵੀ ਕੁਝ ਇਸੇ ਤਰ੍ਹਾਂ ਦੀ ਹੈ, ਜੋ ਇਸ ਵੇਲੇ ਐੱਮ ਬੀ ਏ ਕਰ ਰਹੀ ਹੈ। ਇਸ ਲੜਕੀ ਨੇ ਦੱਸਿਆ ਕਿ ਉਸ ਦੀ ਮੰਮੀ ਨੇ ਉਸ ਦਾ ਸਟਾਈਲਿਸ਼ ਨਾਮ ‘ਸ਼ਮਾਇਲੀ’ ਰੱਖਿਆ। ਉਹ ਵੀ ਐਕਸਾਈਜ਼ ਵਿਭਾਗ ਦੀ ਪ੍ਰੀਖਿਆ ’ਚ ਬੈਠੀ ਸੀ।

        ‘ਸਟੇਟ ਬੈਂਕ ਆਫ਼ ਇੰਡੀਆ’ ਨਾਮ ਦਾ ਵੀ ਰੌਲਾ ਪਿਆ। ਇਸ ਉਮੀਦਵਾਰ ਦਾ ਅਸਲ ਨਾਮ ਅਮਨਦੀਪ ਸਿੰਘ ਹੈ ਜੋ ਮਾਨਸਾ ਦੇ ਪਿੰਡ ਫ਼ਤਿਹਗੜ੍ਹ ਸਾਹਨੇਵਾਲੀ ਦਾ ਰਹਿਣ ਵਾਲਾ ਹੈ। ਉਹ ਕੇਂਦਰੀ ਯੂਨੀਵਰਸਿਟੀ ਘੁੱਦਾ ’ਚੋਂ ਪੋਸਟ ਗਰੈਜੂਏਟ ਹੈ। ਉਸ ਦੇ ਘਰ ਜਦੋਂ ਰੋਲ ਨੰਬਰ ਪੁੱਜਾ ਤਾਂ ਉਹ ਆਪਣਾ ਨਾਮ ‘ਸਟੇਟ ਬੈਂਕ ਆਫ਼ ਇੰਡੀਆ’ ਵੇਖ ਕੇ ਦੰਗ ਰਹਿ ਗਿਆ। ਉਸ ਨੇ ਆਬਕਾਰੀ ਇੰਸਪੈਕਟਰ ਦੀ ਪ੍ਰੀਖਿਆ ਤਾਂ ਦਿੱਤੀ ਪਰ ਹੁਣ ਲੋਕਾਂ ਨੇ ਚਰਚਾ ਕਰ ਕੇ ਉਸ ਦੀ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਗ਼ਲਤੀ ਕਿਸੇ ਦੀ, ਸ਼ੱਕ ਮੇਰੇ ’ਤੇ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਤਰਫ਼ੋਂ ਇਹ ਲਿਖਤੀ ਪ੍ਰੀਖਿਆ ਲਈ ਗਈ ਸੀ। ਜਲੰਧਰ ਦੀ ਰਿਸ਼ਮਾ ਨੂੰ ਦੋ ਰੋਲ ਨੰਬਰ ਜਾਰੀ ਕੀਤੇ ਗਏ। ਇੱਕ ਅਸਲੀ ਨਾਮ ਰਿਸ਼ਮਾ ਹੇਠ ਅਤੇ ਦੂਜਾ ‘ਫ਼ੋਟੋ’ ਨਾਮ ਹੇਠ। ਉਸ ਨੇ ਪੇਪਰ ਨਾ ਦੇਣ ਦਾ ਹੀ ਫ਼ੈਸਲਾ ਕੀਤਾ। ਰਿਸ਼ਮਾ ਨੇ ਕਿਹਾ ਕਿ ਭਰਤੀ ਪ੍ਰੀਖਿਆ ਲਈ ਅਪਲਾਈ ਕਰਨ ਮੌਕੇ ਉਸ ਤੋਂ ਕੋਈ ਗ਼ਲਤੀ ਨਹੀਂ ਹੋਈ। ਇਹ ਕਿਵੇਂ ਹੋ ਗਿਆ, ਪਤਾ ਨਹੀਂ।

Monday, January 26, 2026

ਮੁਕੱਦਰ ਦੇ ਸਿਕੰਦਰ
ਇੱਕਾ-ਦੁੱਕਾ ਅਸਾਮੀ ਨੂੰ ਨਹੀਂ ਗੌਲਦੇ ਪੰਜਾਬੀ
 ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਬੇਰੁਜ਼ਗਾਰੀ ਕੋਈ ਘੱਟ ਨਹੀਂ ਹੈ, ਫਿਰ ਵੀ ਨੌਜਵਾਨ ਇੱਕਾ-ਦੁੱਕਾ ਅਸਾਮੀ ਲਈ ਦਿਲਚਸਪੀ ਨਹੀਂ ਦਿਖਾਉਂਦੇ। ਜਿਹੜੇ ਅਪਲਾਈ ਕਰਦੇ ਹਨ, ਉਹ ਮੁਕੱਦਰ ਦੇ ਸਿਕੰਦਰ ਬਣਦੇ ਹਨ। ਅਧੀਨ ਸੇਵਾਵਾਂ ਚੋਣ ਬੋਰਡ ਜਦੋਂ ਇੱਕ-ਇੱਕ ਜਾਂ ਦੋ-ਦੋ ਅਸਾਮੀਆਂ ਲਈ ਇਸ਼ਤਿਹਾਰ ਦਿੰਦਾ ਹੈ ਤਾਂ ਬਹੁਤੇ ਪੰਜਾਬੀ ਨੌਜਵਾਨ ਅਪਲਾਈ ਹੀ ਨਹੀਂ ਕਰਦੇ। ਅਧੀਨ ਸੇਵਾਵਾਂ ਚੋਣ ਬੋਰਡ ਨੇ ਪਿਛਲੇ ਦਿਨੀਂ ਵੱਖ-ਵੱਖ ਵਿਭਾਗਾਂ ’ਚ ਸੱਤ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ। ਸਿਰਫ਼ 193 ਉਮੀਦਵਾਰਾਂ ਨੇ ਹੀ ਅਪਲਾਈ ਕੀਤਾ। ਅਧੀਨ ਸੇਵਾਵਾਂ ਚੋਣ ਬੋਰਡ ਨੇ ਜਦੋਂ ਲੰਘੀ 17 ਜਨਵਰੀ ਨੂੰ ਲਿਖਤੀ ਪ੍ਰੀਖਿਆ ਲਈ ਤਾਂ ਇਨ੍ਹਾਂ 193 ਉਮੀਦਵਾਰਾਂ ’ਚੋਂ ਸਿਰਫ਼ 30 ਉਮੀਦਵਾਰ ਹੀ ਪ੍ਰੀਖਿਆ ’ਚ ਬੈਠੇ। ਇਹ ਪੱਕੀ ਭਰਤੀ ਹੈ, ਫਿਰ ਵੀ ਉਮੀਦਵਾਰ ਘੱਟ ਅਸਾਮੀਆਂ ਹੋਣ ਕਰ ਕੇ ਪਾਸਾ ਵੱਟ ਰਹੇ ਹਨ। ਪੰਜਾਬ ਭਵਨ ਨਵੀਂ ਦਿੱਲੀ ਲਈ ਚਾਰ ਅਸਾਮੀਆਂ ਭਰੀਆਂ ਜਾਣੀਆਂ ਸਨ। 

       ਵਰਕ ਮਿਸਤਰੀ ਦੀ ਇੱਕ ਪੱਕੀ ਅਸਾਮੀ ਲਈ ਸਿਰਫ਼ ਤਿੰਨ ਉਮੀਦਵਾਰਾਂ ਨੇ ਹੀ ਅਪਲਾਈ ਕੀਤਾ ਤੇ ਲਿਖਤੀ ਪ੍ਰੀਖਿਆ ਦੇਣ ਸਿਰਫ਼ ਇੱਕ ਉਮੀਦਵਾਰ ਪੁੱਜਿਆ। ਇਕਲੌਤੇ ਉਮੀਦਵਾਰ ਦਾ ਸਫਲ ਹੋਣਾ ਤੈਅ ਹੈ। ਮੱਛੀ ਪਾਲਣ ਵਿਭਾਗ ’ਚ ਲੈਬਾਰਟਰੀ ਸਹਾਇਕ ਦੀ ਇੱਕ ਅਸਾਮੀ ਲਈ 62 ਉਮੀਦਵਾਰਾਂ ਨੇ ਅਪਲਾਈ ਕੀਤਾ ਅਤੇ ਲਿਖਤੀ ਪ੍ਰੀਖਿਆ ’ਚ ਸਿਰਫ਼ ਤਿੰਨ ਉਮੀਦਵਾਰ ਹੀ ਬੈਠੇ। ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ ਦੋ ਲੇਖਾਕਾਰ ਭਰਤੀ ਕਰਨੇ ਹਨ ਜਿਨ੍ਹਾਂ ਵਾਸਤੇ 52 ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ’ਚ ਸਿਰਫ਼ 12 ਉਮੀਦਵਾਰ ਹੀ ਬੈਠੇ। ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਵਿਭਾਗ ਦੀ ਵੈੱਬਸਾਈਟ ’ਤੇ ਪੰਜਾਬ ’ਚ ਰੁਜ਼ਗਾਰ ਮੰਗਣ ਵਾਲਿਆਂ ਦਾ ਅੰਕੜਾ 22.45 ਲੱਖ ਹੈ। ਜਦੋਂ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਤਾਂ ਉਹ ਇੱਕਾ-ਦੁੱਕਾ ਅਸਾਮੀਆਂ ’ਤੇ ਅਪਲਾਈ ਕਰਨ ਤੋਂ ਪਾਸਾ ਕਿਉਂ ਵੱਟ ਰਹੇ ਹਨ।

      ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਆਖਦੇ ਹਨ ਕਿ ਅਸਲ ’ਚ ਉਮੀਦਵਾਰ ਘੱਟ ਆਸਾਮੀਆਂ ਹੋਣ ਦੀ ਸੂਰਤ ’ਚ ਮਾਨਸਿਕ ਤੌਰ ’ਤੇ ਇਹ ਮੰਨ ਬੈਠਦੇ ਹਨ ਕਿ ਉਨ੍ਹਾਂ ਦਾ ਨੰਬਰ ਨਹੀਂ ਆ ਸਕੇਗਾ ਜਿਸ ਕਰ ਕੇ ਉਮੀਦਵਾਰਾਂ ਦੀ ਗਿਣਤੀ ਘੱਟ ਰਹਿ ਜਾਂਦੀ ਹੈ। ਪੰਜਾਬ ਭਵਨ ਨਵੀਂ ਦਿੱਲੀ ’ਚ ਇੱਕ ਕਲਰਕ ਰੱਖਿਆ ਜਾਣਾ ਹੈ ਜਿਸ ਵਾਸਤੇ 45 ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ਦੇਣ ਲਈ ਸਿਰਫ਼ ਸੱਤ ਉਮੀਦਵਾਰ ਹੀ ਪੁੱਜੇ। ਇਸ ਤੋਂ ਇਲਾਵਾ ਅਧੀਨ ਸੇਵਾਵਾਂ ਚੋਣ ਬੋਰਡ ਨੇ 18 ਜਨਵਰੀ ਨੂੰ ਤਿੰਨ ਵਿਭਾਗਾਂ ਦੀਆਂ 56 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਹੈ। ਇਨ੍ਹਾਂ ਅਸਾਮੀਆਂ ਲਈ 19 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ਦੇਣ ਵਾਸਤੇ ਸਿਰਫ਼ 7500 ਉਮੀਦਵਾਰ ਹੀ ਪੁੱਜੇ। ਕਰੀਬ 60 ਫ਼ੀਸਦੀ ਉਮੀਦਵਾਰਾਂ ਨੇ ਪ੍ਰੀਖਿਆ ਦੇਣ ਤੋਂ ਹੀ ਪਾਸਾ ਵੱਟ ਲਿਆ।

       ਜੇਲ੍ਹ ਵਿਭਾਗ ’ਚ 29 ਸਹਾਇਕ ਸੁਪਰਡੈਂਟ, ਪੰਜਾਬ ਭਵਨ ਨਵੀਂ ਦਿੱਲੀ ’ਚ 9 ਟੈਲੀਫ਼ੋਨ ਅਪਰੇਟਰ ਅਤੇ ਰੱਖਿਆ ਭਲਾਈ ਵਿਭਾਗ ’ਚ 18 ਕਲਰਕ ਰੱਖਣੇ ਸਨ ਪਰ ਲਿਖਤੀ ਪ੍ਰੀਖਿਆ ’ਚ ਹੀ 60 ਫ਼ੀਸਦੀ ਉਮੀਦਵਾਰ ਗ਼ੈਰ-ਹਾਜ਼ਰ ਹੋ ਗਏ। ਦੂਜੇ ਪਾਸੇ, ਅਦਾਲਤਾਂ ’ਚ ਦਰਜਾ ਚਾਰ ਅਸਾਮੀਆਂ ਦੀ ਭਰਤੀ ਸਮੇਂ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਦਾ ਹੜ੍ਹ ਆ ਜਾਂਦਾ ਹੈ।

Wednesday, January 21, 2026

ਘਪਲੇ ਦਾ ਧੂੰਆਂ 
 ਭਰਤੀ ਪ੍ਰੀਖਿਆ ਦੀ ਜਾਂਚ ਵਿਜੀਲੈਂਸ ਹਵਾਲੇ !
 ਚਰਨਜੀਤ ਭੁੱਲਰ 

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗਰੁੱਪ-ਬੀ ਲਈ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ’ਚ ਘਪਲੇ ਦਾ ਧੂੰਆਂ ਉੱਠਿਆ ਹੈ। ਮੁੱਢਲੀ ਛਾਣਬੀਣ ਮਗਰੋਂ ਅਧੀਨ ਸੇਵਾਵਾਂ ਚੋਣ ਬੋਰਡ ਨੇ ਭਰਤੀ ਪ੍ਰੀਖਿਆ ਦੀ ਜਾਂਚ ਅੱਜ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ। ਬਠਿੰਡਾ ਸ਼ਹਿਰ ’ਚ ਭਰਤੀ ਪ੍ਰੀਖਿਆ ਦਾ ਪੇਪਰ ਲੀਕ ਹੋਣ ’ਤੇ ਸ਼ੱਕ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਭਰਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਣ ਦੇ ਮਕਸਦ ਨਾਲ ਫੌਰੀ ਜਾਂਚ ਸੌਂਪ ਦਿੱਤੀ ਹੈ। ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ ਬੀ ਦੀ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਕਰਾਰ ਕੀਤਾ ਹੋਇਆ ਹੈ ਅਤੇ ਬੋਰਡ ਨੇ ਭਰਤੀ ਪ੍ਰੀਖਿਆ ਨਿਰਪੱਖ ਤੇ ਪਾਰਦਰਸ਼ੀ ਤਰੀਕੇ ਨਾਲ ਕਰਾਉਣ ਦੀ ਸਮੁੱਚੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ’ਵਰਸਿਟੀ ਨੂੰ ਸੌਂਪੀ ਹੋਈ ਹੈ। ਗੁਰੂ ਨਾਨਕ ਦੇਵ ’ਵਰਸਿਟੀ ਨੇ ਗਰੁੱਪ ਬੀ ਦੀਆਂ ਪੰਜ ਤਰ੍ਹਾਂ ਦੀਆਂ ਅਸਾਮੀਆਂ ਲਈ 21 ਦਸੰਬਰ 2025 ਨੂੰ ਪ੍ਰੀਖਿਆ ਲਈ ਸੀ ਜਿਸ ’ਚ ਇੱਕ ਲੱਖ ਤੋਂ ਜ਼ਿਆਦਾ ਪ੍ਰੀਖਿਆਰਥੀ ਬੈਠੇ ਸਨ। 

        ਭਰਤੀ ਪ੍ਰੀਖਿਆ ਦਾ ਨਤੀਜਾ 9 ਜਨਵਰੀ ਨੂੰ ਐਲਾਨਿਆ ਗਿਆ ਜਿਸ ਮਗਰੋਂ ਮੈਰਿਟ ਸੂਚੀ ’ਚ ਆਏ ਪ੍ਰੀਖਿਆਰਥੀਆਂ ’ਤੇ ਸ਼ੱਕ ਦੀ ਉਂਗਲ ਉੱਠਣ ਲੱਗੀ। ਦਰਜਨਾਂ ਸ਼ਿਕਾਇਤਾਂ ਉੱਪਰੋ-ਥੱਲੀ ਅਧੀਨ ਸੇਵਾਵਾਂ ਚੋਣ ਬੋਰਡ ਕੋਲ ਪਹੁੰਚੀਆਂ। ਸੂਤਰ ਦੱਸਦੇ ਹਨ ਕਿ ਬੋਰਡ ਨੇ ਮੁੱਢਲੇ ਤੌਰ ’ਤੇ ਇਨ੍ਹਾਂ ਸ਼ਿਕਾਇਤਾਂ ’ਚ ਦਿੱਤੇ ਵੇਰਵਿਆਂ ਦੀ ਛਾਣਬੀਣ ਵੀ ਕੀਤੀ। ਜਦੋਂ ਮਾਮਲਾ ਸ਼ੱਕੀ ਜਾਪਿਆ ਤਾਂ ਬੋਰਡ ਨੇ ਜਾਂਚ ਵਿਜੀਲੈਂਸ ਨੂੰ ਸੌਂਪ ਦਿੱਤੀ ਹੈ।ਬੇਸ਼ੱਕ ਬੋਰਡ ਨੇ ਨਤੀਜਾ ਘੋਸ਼ਿਤ ਕਰ ਦਿੱਤਾ ਹੈ ਪ੍ਰੰਤੂ ਅਗਲੇਰੀ ਕਾਰਵਾਈ ਰੋਕੀ ਹੋਈ ਹੈ। ਬੋਰਡ ਕੋਲ ਬਹੁਤੇ ਉਮੀਦਵਾਰਾਂ ਨੇ ਇਹ ਦਰਖਾਸਤਾਂ ਵੀ ਭੇਜੀਆਂ ਹਨ ਕਿ ਸ਼ੱਕੀ ਉਮੀਦਵਾਰਾਂ ਨੂੰ ਛੱਡ ਕੇ ਬਾਕੀ ਦੀ ਭਰਤੀ ਪ੍ਰਕਿਰਿਆ ਜਾਰੀ ਰੱਖੀ ਜਾਵੇ। ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਭਰਤੀ ਪ੍ਰੀਖਿਆ ਦੀ ਮੈਰਿਟ ਸੂਚੀ ਵਿਚਲੇ ਸਿਖਰਲੇ 100 ਪ੍ਰੀਖਿਆਰਥੀਆਂ ’ਚ ਇਕੱਲੇ ਬਠਿੰਡਾ ਜ਼ਿਲ੍ਹੇ ਦੇ 22 ਪ੍ਰੀਖਿਆਰਥੀ ਹਨ।

        ਮੈਰਿਟ ਸੂਚੀ ’ਚ ਸਿਖਰਲੇ ਪੰਜ ਪ੍ਰੀਖਿਆਰਥੀ ਤਾਂ ਤਿੰਨ ਪਰਿਵਾਰਾਂ ਦੇ ਹੀ ਹਨ। ਸਿਖਰਲੇ 100 ਪ੍ਰੀਖਿਆਰਥੀਆਂ ’ਚੋਂ 22 ਨੇ ਪੀ ਸੀ ਐੱਸ ਦੀ ਪ੍ਰੀ-ਪ੍ਰੀਖਿਆ ਪਾਸ ਕੀਤੀ ਹੋਈ ਹੈ ਪਰ ਉਹ ਬਠਿੰਡਾ ਦੇ ਤਿੰਨ-ਚਾਰ ਪਰਿਵਾਰਾਂ ਦੇ ਪ੍ਰੀਖਿਆਰਥੀਆਂ ਦੀ ਮੈਰਿਟ ਤੋਂ ਕਾਫ਼ੀ ਹੇਠਾਂ ਹਨ। ਦੂਜੇ ਪਾਸੇ ਜੋ ਸਿਖਰਲੇ ਪੰਜ ਪ੍ਰੀਖਿਆਰਥੀ ਹਨ, ਉਹ ਇਸ ਤੋਂ ਪਹਿਲਾਂ ਪਟਵਾਰੀ ਅਤੇ ਲੇਬਰ ਇੰਸਪੈਕਟਰ ਦੇ ਪੇਪਰ ’ਚ ਪਾਸ ਨਹੀਂ ਹੋ ਸਕੇ ਸਨ। ਸੂਤਰ ਦਸਦੇ ਹਨ ਕਿ ਗੁਰੂ ਨਾਨਕ ਦੇਵ ’ਵਰਸਿਟੀ ਵੱਲੋਂ ਭਰਤੀ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਸ਼ਨ ਪੱਤਰ ਬਠਿੰਡਾ ਭੇਜੇ ਗਏ ਸਨ ਜਿਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਦੀ ਕਸਟੱਡੀ ’ਚ ਰੱਖਿਆ ਗਿਆ। ’ਵਰਸਿਟੀ ਵੱਲੋਂ ਹੀ ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਵਿਜੀਲੈਂਸ ਨੂੰ ਭੇਜੇ ਪੱਤਰ ਅਨੁਸਾਰ ਪਹਿਲੇ ਸਥਾਨ ’ਤੇ ਆਏ ਪ੍ਰੀਖਿਆਰਥੀ ਨੇ 120 ’ਚੋਂ 117.50 ਨੰਬਰ ਹਾਸਲ ਕੀਤੇ ਅਤੇ ਪੰਜਵੇਂ ਨੰਬਰ ’ਤੇ ਆਏ ਪ੍ਰੀਖਿਆਰਥੀ ਨੇ 115 ਅੰਕ ਪ੍ਰਾਪਤ ਕੀਤੇ। ਇਹ ਦੋਵੇਂ ਪ੍ਰੀਖਿਆਰਥੀ ਭੈਣ-ਭਰਾ ਹਨ। 

        ਪਹਿਲੇ ਸਥਾਨ ’ਤੇ ਆਏ ਪ੍ਰੀਖਿਆਰਥੀ ਨੇ ਪਿਛਲੇ ਸਮੇਂ ਦੌਰਾਨ ਲੇਬਰ ਇੰਸਪੈਕਟਰ ਦੀ ਪ੍ਰੀਖਿਆ ’ਚੋਂ 76.5 ਫ਼ੀਸਦੀ ਅਤੇ ਪਟਵਾਰੀ ਦੀ ਪ੍ਰੀਖਿਆ ’ਚ 66.41 ਫ਼ੀਸਦੀ ਅੰਕ ਪ੍ਰਾਪਤ ਕੀਤੇ ਅਤੇ ਹੁਣ ਕਰੀਬ 98 ਫ਼ੀਸਦੀ ਅੰਕ ਹਾਸਲ ਕੀਤੇ ਹਨ। ਦੂਜੇ ਸਥਾਨ ’ਤੇ ਰਹੇ ਪ੍ਰੀਖਿਆਰਥੀ ਨੇ ਵੀ 117.50 ਫ਼ੀਸਦੀ ਅੰਕ ਲਏ ਅਤੇ ਇਹ ਪ੍ਰੀਖਿਆਰਥੀ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦਾ ਭਤੀਜਾ ਹੈ। ਉਸ ਦੀ ਧੀ 116.25 ਅੰਕਾਂ ਨਾਲ ਚੌਥੇ ਸਥਾਨ ’ਤੇ ਆਈ ਹੈ। ਇੱਕ ਮੁਅੱਤਲ ਨਿਗਰਾਨ ਇੰਜਨੀਅਰ ਦਾ ਲੜਕਾ ਤੀਜੇ ਸਥਾਨ ’ਤੇ ਹੈ ਜਿਸ ਨੇ 116.25 ਅੰਕ ਲਏ ਹਨ। ਇਸ ਪ੍ਰੀਖਿਆਰਥੀ ਦੀ ਮਾਤਾ ਵੀ ਸਰਕਾਰੀ ਸਕੂਲ ’ਚ ਪ੍ਰਿੰਸੀਪਲ ਹੈ। 106.75 ਅੰਕਾਂ ਨਾਲ ਛੇਵਾਂ ਸਥਾਨ ਪ੍ਰੀਖਿਆਰਥਣ ਦਾ ਹੈ। ਉਸ ਦਾ ਪਤੀ 101.25 ਅੰਕਾਂ ਨਾਲ ਸੱਤਵੇਂ ਨੰਬਰ ’ਤੇ ਆਇਆ ਹੈ। ਜਾਣਕਾਰੀ ਅਨੁਸਾਰ ਮਾਮਲਾ ਉਦੋਂ ਸ਼ੱਕੀ ਬਣ ਗਿਆ ਜਦੋਂ ਮੈਰਿਟ ’ਚ 105 ਅੰਕਾਂ ਤੋਂ ਸਿੱਧੀ ਛਾਲ 115 ਅੰਕਾਂ ਤੱਕ ਵੱਜੀ।

       ਪ੍ਰੀਖਿਆਰਥੀਆਂ ਵੱਲੋਂ ਭੇਜੀਆਂ ਸ਼ਿਕਾਇਤਾਂ ’ਚ ਪੇਪਰ ਲੀਕ ਮਾਮਲੇ ਦਾ ਕਰਤਾ ਧਰਤਾ ਇੱਕ ਪ੍ਰਿੰਸੀਪਲ ਨੂੰ ਦੱਸਿਆ ਜਾ ਰਿਹਾ ਹੈ ਅਤੇ ਉਸ ਨਾਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੇ ਪੇਪਰ ਸੁਪਰਡੈਂਟ ਦੀ ਮਿਲੀਭੁਗਤ ਵੀ ਦੱਸੀ ਜਾ ਰਹੀ ਹੈ।

ਅਸਾਮੀਆਂ ਦਾ ਵੇਰਵਾ

ਸੀਨੀਅਰ ਸਹਾਇਕ: 300

ਨਾਇਬ ਤਹਿਸੀਲਦਾਰ: 13

ਸੀਨੀ. ਸਹਾਇਕ ਕਮ ਇੰਸਪੈਕਟਰ: 62

ਖ਼ਜ਼ਾਨਾ ਅਫ਼ਸਰ: 36

ਜ਼ਿਲ੍ਹਾ ਖ਼ਜ਼ਾਨਾ ਅਫ਼ਸਰ: 1

Monday, September 25, 2023

                                                       ਪੁੱਟਿਆ ਪਹਾੜ..
                         ਸਰਕਾਰੀ ਭਰਤੀ ’ਚ ਦੋ ਫ਼ੀਸਦੀ ‘ਬਾਹਰਲੇ’ !    
                                                       ਚਰਨਜੀਤ ਭੁੱਲਰ 

ਚੰਡੀਗੜ੍ਹ : ਐੱਸ.ਐੱਸ.ਐੱਸ ਬੋਰਡ ਵੱਲੋਂ ਹੁਣ ਤੱਕ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ 356 ਨੌਜਵਾਨ ਭਰਤੀ ਕੀਤੇ ਗਏ ਹਨ ਜੋ ਕਿ ਬੋਰਡ ਦੀ ਕੁੱਲ ਕੀਤੀ ਭਰਤੀ ਦਾ ਦੋ ਫ਼ੀਸਦੀ ਬਣਦੇ ਹਨ। ਹਾਲਾਂਕਿ ਸੂਬੇ ’ਚ ਪੈ ਰਹੇ ਸਿਆਸੀ ਰੌਲ਼ੇ ਰੱਪੇ ਤੋਂ ਇੰਜ ਜਾਪਦਾ ਹੈ ਕਿ ਜਿਵੇਂ ਵੱਡੀ ਗਿਣਤੀ ’ਚ ਦੂਸਰੇ ਸੂਬਿਆਂ ਦੇ ਨੌਜਵਾਨ ਹੀ ਪੰਜਾਬ ’ਚ ਨੌਕਰੀਆਂ ਮੱਲ ਰਹੇ ਹੋਣ। ਏਨਾ ਕੁ ਜ਼ਰੂਰ ਹੈ ਕਿ ਪਸ਼ੂ ਪਾਲਣ ਵਿਭਾਗ ਅਤੇ ਪਾਵਰਕੌਮ/ਟਰਾਂਸਕੋ ਵਿਚ ਹਰਿਆਣਾ ਤੇ ਰਾਜਸਥਾਨ ਦੇ ਕਾਫ਼ੀ ਨੌਜਵਾਨ ਨੌਕਰੀਆਂ ਵਿਚ ਲੈਣ ’ਚ ਸਫਲ ਹੋਏ ਹਨ। ਵੇਰਵਿਆਂ ਅਨੁਸਾਰ ਬੋਰਡ ਵਰ੍ਹਾ 2006 ਤੋਂ ਹੁਣ ਤੱਕ ਸਲਾਨਾ ਔਸਤਨ ਇੱਕ ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਵਾਸਤੇ ਚੁਣ ਰਿਹਾ ਹੈ।   ਲੰਘੇ ਸਾਢੇ 17 ਵਰ੍ਹਿਆਂ ਦੀ ਔਸਤਨ ਤੋਂ ਇਹ ਤੱਥ ਉੱਭਰੇ ਹਨ ਕਿ ਬੋਰਡ ਵੱਲੋਂ ਹਰ ਵਰ੍ਹੇ ਕਰੀਬ ਇੱਕ ਹਜ਼ਾਰ ਨੌਜਵਾਨ ਹੀ ਸਰਕਾਰੀ ਨੌਕਰੀ ਵਾਸਤੇ ਸਿਫ਼ਾਰਸ਼ ਕੀਤੇ ਗਏ ਹਨ। ਸਾਲ 2006 ਤੋਂ ਹੁਣ ਤੱਕ ਬੋਰਡ ਨੇ 17,864 ਉਮੀਦਵਾਰਾਂ ਨੂੰ ਨੌਕਰੀਆਂ ਵਾਸਤੇ ਸਿਫ਼ਾਰਸ਼ ਕੀਤਾ ਹੈ ਅਤੇ ਇਨ੍ਹਾਂ ਚੋਂ 356 ਨੌਜਵਾਨ ਪੰਜਾਬ ਤੋਂ ਬਾਹਰਲੇ ਹਨ।

          ਅਕਾਲੀ ਭਾਜਪਾ ਗੱਠਜੋੜ ਵੇਲੇ 2013 ਵਿਚ 1400 ਕਲਰਕ ਭਰਤੀ ਕੀਤੇ ਗਏ ਸਨ ਜਿਨ੍ਹਾਂ ਚੋਂ 122 ਉਮੀਦਵਾਰ ਦੂਸਰੇ  ਸੂਬਿਆਂ ਦੇ ਸਨ।  ਕਾਂਗਰਸ ਸਰਕਾਰ ਸਮੇਂ 2868 ਕਲਰਕ ਭਰਤੀ ਕੀਤੇ ਗਏ ਸਨ ਅਤੇ ਇਨ੍ਹਾਂ ਚੋਂ 12 ਉਮੀਦਵਾਰ ਹਰਿਆਣਾ ਦੇ, ਸੱਤ ਰਾਜਸਥਾਨ ਤੋਂ ਅਤੇ ਤਿੰਨ ਉਮੀਦਵਾਰ ਹਿਮਾਚਲ ਪ੍ਰਦੇਸ਼ ਦੇ ਸਨ। ਅਮਰਿੰਦਰ ਸਰਕਾਰ ਸਮੇਂ ਹੀ ਬੋਰਡ ਨੇ 547 ਜੂਨੀਅਰ ਡਰਾਫਟਸਮੈਨ ਭਰਤੀ ਕੀਤੇ ਸਨ ਜਿਨ੍ਹਾਂ ’ਚ ਚੰਡੀਗੜ੍ਹ ਦੇ 17, ਉੱਤਰ ਪ੍ਰਦੇਸ਼ ਦਾ ਇੱਕ, ਰਾਜਸਥਾਨ ਦੇ 25, ਹਿਮਾਚਲ ਪ੍ਰਦੇਸ਼ ਦੇ 3, ਜੰਮੂ ਕਸ਼ਮੀਰ ਦੇ ਦੋ ਅਤੇ ਦਿੱਲੀ ਦਾ ਇੱਕ ਉਮੀਦਵਾਰ ਵੀ ਸਿਫ਼ਾਰਸ਼ ਕੀਤਾ ਗਿਆ। ਇਸ਼ਤਿਹਾਰ ਨੰਬਰ 01/2021 ਤਹਿਤ ਭਰਤੀ ਕੀਤੇ 1131 ਉਮੀਦਵਾਰਾਂ ਚੋਂ ਬਾਹਰਲੇ ਸੂਬਿਆਂ ਦੇ 10 ਉਮੀਦਵਾਰ ਵੀ ਸ਼ਾਮਲ ਸਨ। ਇਨ੍ਹਾਂ ਵਿਚ ਇੱਕ ਉਮੀਦਵਾਰ ਉੱਤਰ ਪ੍ਰਦੇਸ਼ ਦਾ ਅਤੇ ਸੱਤ ਹਰਿਆਣਾ ਦੇ ਵੀ ਸਨ।ਸਾਲ 2022 ਵਿਚ ਭਰਤੀ ਕੀਤੇ 429 ਉਮੀਦਵਾਰਾਂ ਚੋਂ 76 ਉਮੀਦਵਾਰ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਸਨ। 

         ਹਾਲ ਹੀ ਵਿੱਚ ਭਰਤੀ ਕੀਤੇ 677 ਮਾਲ ਪਟਵਾਰੀਆਂ ਵਿਚ ਤਿੰਨ ਹਰਿਆਣਾ ਦੇ ਅਤੇ ਤਿੰਨ ਰਾਜਸਥਾਨ ਦੇ ਉਮੀਦਵਾਰ ਵੀ ਕਾਮਯਾਬ ਹੋਏ ਹਨ। ਬੋਰਡ ਦੀ ਭਰਤੀ ਤੋਂ ਸਪੱਸ਼ਟ ਹੁੰਦਾ ਹੈ ਕਿ ਹਰ ਸਰਕਾਰ ਵੇਲੇ ਹੀ ਦੂਸਰੇ ਸੂਬਿਆਂ ਦੇ ਉਮੀਦਵਾਰਾਂ ਦੀ ਭਰਤੀ ਹੁੰਦੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਪਾਵਰਕੌਮ ਵੱਲੋਂ ਭਰਤੀ ਕੀਤੇ 1370 ਲਾਈਨਮੈਨਾਂ ਚੋਂ 534 ਹਰਿਆਣਾ ਦੇ ਅਤੇ 94 ਰਾਜਸਥਾਨ ਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਭਰਤੀ ਕੀਤੇ 379 ਵੈਟਰਨਰੀ ਇੰਸਪੈਕਟਰਾਂ ਚੋਂ 170 ਇੰਸਪੈਕਟਰ ਦੂਸਰੇ ਸੂਬਿਆਂ ਦੇ ਸਨ। ਪੰਜਾਬ ਸਰਕਾਰ ਵੱਲੋਂ ਬਹੁਤੀਆਂ ਭਰਤੀਆਂ ਦੀ ਪ੍ਰੀਖਿਆ ਵਿਚ ਪੰਜਾਬੀ ਭਾਸ਼ਾ ਦਾ ਪੇਪਰ ਵੀ ਰੱਖਿਆ ਗਿਆ ਹੈ ਜਿਸ ਚੋਂ ਤੈਅ ਨੰਬਰ ਲੈਣੇ ਲਾਜ਼ਮੀ ਕਰਾਰ ਕੀਤੇ ਹੋਏ ਹਨ।

         ਐੱਸਐੱਸਐੱਸ ਬੋਰਡ ਨੇ ਲੰਘੇ ਸਾਢੇ 17 ਸਾਲਾਂ ਦੌਰਾਨ ਸਭ ਤੋਂ ਵੱਧ 7480 ਕਲਰਕ ਕਮ ਡਾਟਾ ਐਂਟਰੀ ਅਪਰੇਟਰ ਭਰਤੀ ਕੀਤੇ ਹਨ ਜੋ ਕਿ ਕੁੱਲ ਕੀਤੀ ਭਰਤੀ ਦਾ ਕਰੀਬ 42 ਫ਼ੀਸਦੀ ਹਨ। ਬੋਰਡ ਨੇ ਇਸ਼ਤਿਹਾਰ ਨੰਬਰ 05/16 ਤਹਿਤ 214 ਡਰਾਈਵਰ ਭਰਤੀ ਕਰਨੇ ਸਨ ਪ੍ਰੰਤੂ ਹੁਣ ਤੱਕ ਸਿਰਫ਼ 69 ਡਰਾਈਵਰਾਂ ਦੀ ਹੀ ਸਿਫ਼ਾਰਸ਼ ਕੀਤੀ ਹੈ ਜਦੋਂ ਕਿ 145 ਡਰਾਈਵਰਾਂ ਦਾ ਨਿਪਟਾਰਾ ਸਾਢੇ ਸੱਤ ਸਾਲਾਂ ਮਗਰੋਂ ਵੀ ਨਹੀਂ ਕੀਤਾ ਜਾ ਸਕਿਆ ਹੈ। ਇਸੇ ਤਰ੍ਹਾਂ ਸਾਲ 2022 ਤੋਂ 939 ਕਲਰਕ ਕਮ ਡਾਟਾ ਐਂਟਰੀ ਅਪਰੇਟਰਾਂ ਦਾ ਮਾਮਲਾ ਵੀ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ ਹੈ। 

                               ਭਰਤੀ ਖ਼ਿਲਾਫ਼ 181 ਕੇਸ ਅਦਾਲਤਾਂ ’ਚ ਪੈਂਡਿੰਗ

ਐੱਸਐੱਸਐੱਸ ਬੋਰਡ ਵੱਲੋਂ ਸਾਲ 2006 ਤੋਂ ਹੁਣ ਤੱਕ ਕੀਤੀ ਭਰਤੀ ਦੇ ਖ਼ਿਲਾਫ਼ ਕਰੀਬ 181 ਕੇਸ ਅਦਾਲਤਾਂ ਵਿਚ ਪੈਂਡਿੰਗ ਪਏ ਹਨ ਜਿਨ੍ਹਾਂ ਚੋਂ ਕਈ ਕੇਸਾਂ ਕਰਕੇ ਭਰਤੀ ਦੀ ਲਟਕੀ ਹੋਈ ਹੈ। ਸਾਲ 2013 ਵਿਚ ਭਰਤੀ ਕੀਤੇ 1400 ਕਲਰਕਾਂ ਦੇ ਮਾਮਲੇ ਨੂੰ ਲੈ ਕੇ 17 ਕੇਸ ਅਦਾਲਤਾਂ ਵਿਚ ਪੈਂਡਿੰਗ ਪਏ ਹਨ। ਵਰ੍ਹਾ 2006 ਵਿਚ ਭਰਤੀ ਕੀਤੇ ਆਰਟ ਐਂਡ ਕਰਾਫ਼ਟ ਟੀਚਰਾਂ ਦੀ ਭਰਤੀ ਖ਼ਿਲਾਫ਼ ਵੀ ਇੱਕ ਕੇਸ ਸਾਢੇ 17 ਸਾਲਾਂ ਮਗਰੋਂ ਵੀ ਪੈਂਡਿੰਗ ਪਿਆ ਹੈ। 2012 ਵਿਚ ਸਕੂਲਾਂ ਲਾਇਬ੍ਰੇਰੀਅਨਾਂ ਦੀ ਭਰਤੀ ਹੋਈ ਜਿਸ ਦੇ ਖ਼ਿਲਾਫ਼ ਛੇ ਮਾਮਲੇ ਅਦਾਲਤਾਂ ਵਿਚ ਬਕਾਇਆ ਪਏ ਹਨ। ਸਭ ਤੋਂ ਵੱਧ 2015 ਵਿਚ ਬੋਰਡ ਵੱਲੋਂ ਭਰਤੀ ਕੀਤੇ ਖੇਤੀਬਾੜੀ ਉਪ ਨਿਰੀਖਕ/ਕਲਰਕ/ਸਹਾਇਕ ਸੁਪਰਡੈਂਟ/ਲੇਬਰ ਇੰਸਪੈਕਟਰ/ਡਿਪਟੀ ਰੇਂਜਰ ਆਦਿ ਖ਼ਿਲਾਫ਼ 69 ਕੇਸ ਅਦਾਲਤਾਂ ਵਿਚ ਪੈਂਡਿੰਗ ਪਏ ਹਨ। 2021 ਵਿਚ ਭਰਤੀ ਕੀਤੇ ਮਾਲ ਪਟਵਾਰੀਆਂ ਖ਼ਿਲਾਫ਼ ਵੀ 15 ਕੇਸ ਅਦਾਲਤਾਂ ਵਿਚ ਹਨ। 





Sunday, September 24, 2023

                                                      ਨੌਕਰੀ ਦਾ ਗੇੜ 
                          ਅਸੀਂ ਤਾਂ ਫ਼ੀਸਾਂ ਤਾਰਦੇ ਮਲੰਗ ਹੋ ਗਏ..!
                                                     ਚਰਨਜੀਤ ਭੁੱਲਰ 

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਤੈਅ ਭਾਰੀ ਫ਼ੀਸਾਂ ਦਾ ਨਤੀਜਾ ਹੈ ਕਿ ਸਰਕਾਰੀ ਨੌਕਰੀ ਲੈਣ ਦੇ ਗੇੜ ’ਚ ਪਏ ਨੌਜਵਾਨਾਂ ਦੀ ਜੇਬ ਖ਼ਾਲੀ ਹੋ ਰਹੀ ਹੈ ਜਦਕਿ ਸਰਕਾਰੀ ਖ਼ਜ਼ਾਨੇ ਦੇ ਬੇਕਾਰੀ ਰਾਸ ਆ ਰਹੀ ਹੈ। ਐੱਸ.ਐੱਸ.ਐੱਸ ਬੋਰਡ ਨੇ ਵਰ੍ਹਾ 2016 ਤੋਂ ਹੁਣ ਤੱਕ ਬੇਰੁਜ਼ਗਾਰਾਂ ਤੋਂ ਅਰਜ਼ੀ ਫ਼ੀਸ ਦੇ ਰੂਪ ਵਿਚ 53.91 ਕਰੋੜ ਰੁਪਏ ਇਕੱਠੇ ਕਰ ਲਏ ਹਨ। ਇਸ ਸਮੇਂ ਦੌਰਾਨ ਬੋਰਡ ਨੇ 12,308 ਅਸਾਮੀਆਂ ’ਤੇ ਭਰਤੀ ਕੀਤੀ ਹੈ ਜਿਸ ਚੋਂ 7934 ਅਸਾਮੀਆਂ ਦੀ ਭਰਤੀ ਸਿਰੇ ਲੱਗ ਗਈ ਹੈ ਜਦੋਂ ਕਿ ਬਾਕੀ 4374 ਅਸਾਮੀਆਂ ਦੀ ਭਰਤੀ ਵਿਚਾਰ ਅਧੀਨ ਹੈ।ਪੰਜਾਬ ’ਚ ਬੇਰੁਜ਼ਗਾਰਾਂ ਨੇ ਕਾਫ਼ੀ ਰੌਲਾ ਵੀ ਪਾਇਆ ਹੈ ਕਿ ਅਰਜ਼ੀ ਫ਼ੀਸ ਦੀ ਰਾਸ਼ੀ ਬਾਕੀ ਸੂਬਿਆਂ ਦੀ ਤਰਜ਼ ’ਤੇ ਰੱਖੀ ਜਾਵੇ। ਐਸਐਸਐਸ ਬੋਰਡ ਨੇ ਇਸ਼ਤਿਹਾਰ ਨੰਬਰ 7/22 ਤਹਿਤ 200 ਫਾਰੈਸਟ ਗਾਰਡਾਂ ਦੀ ਭਰਤੀ ਕੀਤੀ ਸੀ। ਇਸ ਭਰਤੀ ਤੋਂ ਅਰਜ਼ੀ ਫ਼ੀਸ ਦੇ ਰੂਪ ਵਿਚ ਬੋਰਡ ਨੂੰ 5.05 ਕਰੋੜ ਰੁਪਏ ਦੀ ਕਮਾਈ ਹੋਈ ਹੈ। ਇਵੇਂ ਇਸ਼ਤਿਹਾਰ ਨੰਬਰ 2/23 ਤਹਿਤ 710 ਮਾਲ ਪਟਵਾਰੀ ਭਰਤੀ ਕੀਤੇ ਗਏ ਜਿਸ ਵਾਸਤੇ 1.18 ਲੱਖ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਨ੍ਹਾਂ ਤੋਂ ਬੋਰਡ ਨੂੰ ਇਕੱਲੀ ਅਰਜ਼ੀ ਫ਼ੀਸ ਦੇ ਵਜੋਂ 5.50 ਕਰੋੜ ਰੁਪਏ ਦੀ ਆਮਦਨ ਹੋਈ ਹੈ। 

         ਇਸੇ ਤਰ੍ਹਾਂ ਐਸਐਸਐਸ ਬੋਰਡ ਨੇ 107 ਆਬਕਾਰੀ ਇੰਸਪੈਕਟਰ ਭਰਤੀ ਕਰਨ ਵਾਸਤੇ ਇਸ਼ਤਿਹਾਰ ਨੰਬਰ 8/22 ਤਹਿਤ ਬੇਰੁਜ਼ਗਾਰਾਂ ਤੋਂ 3.44 ਕਰੋੜ ਰੁਪਏ ਇਕੱਠੇ ਕੀਤੇ ਹਨ। ਵਿਲੇਜ ਡਿਵੈਲਪਮੈਂਟ ਆਰਗੇਨਾਈਜਰਾਂ ਦੀ ਭਰਤੀ ਲਈ ਇਸ਼ਤਿਹਾਰ ਨੰਬਰ 4/22 ਜਾਰੀ ਕੀਤਾ ਅਤੇ 792 ਅਸਾਮੀਆਂ ਦੀ ਭਰਤੀ ਲਈ ਅਰਜ਼ੀ ਫ਼ੀਸ ਵਜੋਂ 2.88 ਕਰੋੜ ਰੁਪਏ ਦੀ ਆਮਦਨ ਹੋਈ। ਵਿਭਾਗੀ ਰੂਲਾਂ ਵਿਚ ਸੋਧ ਕੀਤੇ ਜਾਣ ਕਰਕੇ ਇਸ ਭਰਤੀ ’ਤੇ ਰੋਕ ਲੱਗੀ ਹੋਈ ਹੈ। ਪੰਜਾਬ ਸਰਕਾਰ ਨੇ ਹੁਣ ਨਵੀਂ ਸ਼ਰਤ ਪਾ ਦਿੱਤੀ ਹੈ ਕਿ ਅਗਰ ਕੋਈ ਭਰਤੀ ਰੱਦ ਹੁੰਦੀ ਹੈ ਤਾਂ ਅਰਜ਼ੀ ਫ਼ੀਸ ਮੋੜਨਯੋਗ ਨਹੀਂ ਹੋਵੇਗੀ।ਅੱਗੇ ਦੇਖੀਏ ਤਾਂ ਐਸਐਸਐਸ ਬੋਰਡ ਨੇ ਇਸ਼ਤਿਹਾਰ ਨੰਬਰ 7/2021 ਤਹਿਤ 112 ਆਂਗਣਵਾੜੀ ਸੁਪਰਵਾਈਜ਼ਰਾਂ ਦੀ ਭਰਤੀ ਲਈ ਅਰਜੀ ਫ਼ੀਸ ਦੇ ਰੂਪ ਵਿਚ 2.90 ਕਰੋੜ ਰੁਪਏ ਇਕੱਠੇ ਕੀਤੇ ਜਦੋਂ ਕਿ 15 ਸੁਪਰਵਾਈਜ਼ਰਾਂ ਦੀ ਭਰਤੀ ਹਾਲੇ ਵੀ ਫਸੀ ਹੋਈ ਹੈ। ਕਾਂਗਰਸ ਸਰਕਾਰ ਸਮੇਂ ਜਦੋਂ ਐਸਐਸਐਸ ਬੋਰਡ ਨੇ ਮਾਲ ਪਟਵਾਰੀ, ਜਿਲੇਦਾਰ ਅਤੇ ਨਹਿਰੀ ਪਟਵਾਰੀਆਂ ਦੀ ਭਰਤੀ ਲਈ ਇਸ਼ਤਿਹਾਰ ਨੰਬਰ 01/21 ਜਾਰੀ ਕੀਤਾ ਸੀ ਤਾਂ ਉਦੋਂ ਕੁੱਲ 1152 ਅਸਾਮੀਆਂ ਭਰੀਆਂ ਜਾਣੀਆਂ ਸਨ। ਇਸ ਇਕੱਲੀ ਭਰਤੀ ਵਿਚ ਬੋਰਡ ਨੂੰ 12.01 ਕਰੋੜ ਰੁਪਏ ਦੀ ਕਮਾਈ ਹੋਈ ਸੀ। 

         ਬੋਰਡ ਨੇ ਇਸ਼ਤਿਹਾਰ ਨੰਬਰ 1/23 ਜ਼ਰੀਏ 1327 ਡਰਾਈਵਰ/ਅਪਰੇਟਰ ਅਤੇ ਫਾਇਰਮੈਨ ਦੀਆਂ ਅਸਾਮੀਆਂ ਲਈ 3.69 ਕਰੋੜ ਦੀ ਆਮਦਨ ਕਰ ਲਈ ਹੈ ਜਦੋਂ ਕਿ ਫਾਇਰਮੈਨਾਂ ਦੀ ਲਿਖਤੀ ਪ੍ਰੀਖਿਆ 1 ਅਕਤੂਬਰ 2023 ਨੂੰ ਹੋਣੀ ਹੈ। ਮੌਜੂਦਾ ਸਰਕਾਰ ਨੇ ਐਸਐਸਐਸ ਬੋਰਡ ਰਾਹੀਂ ਹੁਣ ਤੱਕ ਵੱਖ ਵੱਖ ਤਰ੍ਹਾਂ ਦੀਆਂ 1563 ਅਸਾਮੀਆਂ ’ਤੇ ਭਰਤੀ ਮੁਕੰਮਲ ਕੀਤੀ ਹੈ। ਬੇਰੁਜ਼ਗਾਰਾਂ ਦਾ ਕਹਿਣਾ ਹੈ ਕਿ ਬਹੁਤੇ ਮਾਮਲੇ ਤਾਂ ਅਦਾਲਤਾਂ ਵਿਚ ਫਸ ਜਾਂਦੇ ਹਨ ਅਤੇ ਲੰਮਾ ਸਮਾਂ ਲਟਕੇ ਰਹਿੰਦੇ ਹਨ। ਐਸਐਸਐਸ ਬੋਰਡ ਤੋਂ ਇਲਾਵਾ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਅਰਜ਼ੀ ਫ਼ੀਸ ਵੀ ਜ਼ਿਆਦਾ ਹੋਣ ਦਾ ਕਈ ਵਾਰ ਮੁੱਦਾ ਉੱਠ ਚੁੱਕਾ ਹੈ। ਵੱਖ ਵੱਖ ਵਿਭਾਗਾਂ ਵੱਲੋਂ ਜੋ ਭਰਤੀ ਕੀਤੀ ਜਾਂਦੀ ਹੈ, ਉਸ ਦੀ ਅਰਜ਼ੀ ਫ਼ੀਸ ਵੀ ਏਨੀ ਹੀ ਜ਼ਿਆਦਾ ਹੈ ਜੋ ਗ਼ਰੀਬ ਘਰਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ। ਦੂਸਰੀ ਤਰਫ਼ ਬੋਰਡ ਅਧਿਕਾਰੀਆਂ ਦੀ ਦਲੀਲ ਹੈ ਕਿ ਬੇਰੁਜ਼ਗਾਰਾਂ ਦੀ ਲਿਖਤੀ ਪ੍ਰੀਖਿਆ ਅਤੇ ਬਾਕੀ ਪ੍ਰਬੰਧਾਂ ਲਈ ਕਾਫ਼ੀ ਪੈਸਾ ਖ਼ਰਚ ਹੁੰਦਾ ਹੈ ਅਤੇ ਕੰਪਿਊਟਰੀਕਰਨ ’ਤੇ ਵੀ ਖ਼ਰਚ ਹੁੰਦਾ ਹੈ। ਇਹ ਫ਼ੀਸ ਕਿਸੇ ਕਮਾਈ ਲਈ ਨਹੀਂ ਬਲਕਿ ਇੰਤਜ਼ਾਮਾਂ ਦੇ ਖ਼ਰਚੇ ਵਜੋਂ ਲਈ ਜਾਂਦੀ ਹੈ। 

          ਫ਼ੀਸਾਂ ਲੈਣ ’ਚ ਪੰਜਾਬ ਦੀ ਝੰਡੀ..

ਅਰਜ਼ੀ ਫ਼ੀਸ ਦੇ ਮਾਮਲੇ ’ਚ ਪੰਜਾਬ ਦੀ ਝੰਡੀ ਹੈ। ਮਿਸਾਲ ਦੇ ਤੌਰ ’ਤੇ ਐਸਐਸਐਸ ਬੋਰਡ ਪੰਜਾਬ ਦੀ ਪਟਵਾਰੀ ਦੀ ਭਰਤੀ ਲਈ ਅਰਜ਼ੀ ਫ਼ੀਸ ਜਨਰਲ ਕੈਟਾਗਰੀ ਲਈ ਇੱਕ ਹਜ਼ਾਰ ਰੁਪਏ ਹੈ ਜਦੋਂ ਕਿ ਇਹੋ ਫ਼ੀਸ ਹਰਿਆਣਾ ਵਿਚ 50 ਰੁਪਏ ਅਤੇ ਰਾਜਸਥਾਨ ਵਿਚ 450 ਰੁਪਏ ਹੈ। ਫਾਰੈਸਟ ਗਾਰਡ ਦੀ ਭਰਤੀ ਲਈ ਅਰਜ਼ੀ ਫ਼ੀਸ ਪੰਜਾਬ ਵਿਚ ਇੱਕ ਹਜ਼ਾਰ  ਰੁਪਏ ਹੈ ਅਤੇ ਹਰਿਆਣਾ ਵਿਚ 150 ਰੁਪਏ ਤੋਂ ਇਲਾਵਾ ਰਾਜਸਥਾਨ ਵਿਚ 450 ਰੁਪਏ ਹੈ। ਅੱਗੇ ਦੇਖੀਏ ਤਾਂ ਆਬਕਾਰੀ ਇੰਸਪੈਕਟਰ ਦੀ ਭਰਤੀ ਵਾਸਤੇ ਅਰਜ਼ੀ ਫ਼ੀਸ ਪੰਜਾਬ ਵਿਚ ਇੱਕ ਹਜ਼ਾਰ ਰੁਪਏ ਹੈ ਜਦੋਂ ਕਿ ਹਰਿਆਣਾ ਵਿਚ 150 ਰੁਪਏ ਅਤੇ ਰਾਜਸਥਾਨ ਵਿਚ 300 ਰੁਪਏ ਹੈ। 

             ਅਰਜ਼ੀ ਫ਼ੀਸ ਦਾ ਭਾਰ ਸਰਕਾਰ ਚੁੱਕੇ: ਢਿਲਵਾਂ

ਬੇਰੁਜ਼ਗਾਰ ਓਵਰਏਜ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿਲਵਾਂ ਦਾ ਕਹਿਣਾ ਸੀ ਕਿ ਇੱਕ ਤਾਂ ਬੇਰੁਜ਼ਗਾਰੀ ਦਾ ਸੰਤਾਪ ਹੀ ਜਵਾਨੀ ਨੂੰ ਤੋੜ ਦਿੰਦਾ ਹੈ ਅਤੇ ਉੱਪਰੋਂ ਅਰਜ਼ੀ ਫ਼ੀਸਾਂ ਦਾ ਬੋਝ ਚੁੱਕਣਾ ਪੈਂਦਾ ਹੈ। ਬਹੁਤੇ ਬੇਰੁਜ਼ਗਾਰ ਤਾਂ ਫ਼ੀਸਾਂ ਤਾਰਦੇ ਹੀ ਮਲੰਗ ਹੋ ਜਾਂਦੇ ਹਨ। ਢਿਲਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਮਾਤਰ ਫ਼ੀਸ ਰੱਖੇ ਤਾਂ ਜੋ ਗ਼ਰੀਬ ਘਰਾਂ ਦੇ ਨੌਜਵਾਨਾਂ ਨੂੰ ਰਾਹਤ ਮਿਲ ਸਕੇ। ਹੁਣ ਜਦੋਂ ਅਸਾਮੀਆਂ ਲਈ ਆਨ ਲਾਈਨ ਅਪਲਾਈ ਹੁੰਦਾ ਹੈ ਤਾਂ ਵੱਧ ਫ਼ੀਸ ਦੀ ਕੋਈ ਤੁਕ ਨਹੀਂ ਰਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਚੰਗਾ ਹੋਵੇ ਕਿ ਸਰਕਾਰ ਖ਼ੁਦ ਇਹ ਫ਼ੀਸ ਤਾਰੇ। 


Wednesday, June 7, 2023

                                                     ਨੌਕਰੀ ਲਈ ਪ੍ਰੀਖਿਆ
                                  ਪੰਜਾਬੀ ’ਚੋਂ 13 ਹਜ਼ਾਰ ਉਮੀਦਵਾਰ ਫ਼ੇਲ੍ਹ !
                                                       ਚਰਨਜੀਤ ਭੁੱਲਰ   

ਚੰਡੀਗੜ੍ਹ : ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਵਾਸਤੇ ਹੋਈ ਲਿਖਤੀ ਪ੍ਰੀਖਿਆ ’ਚੋਂ ਕਰੀਬ 38 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਹੀ ਫ਼ੇਲ੍ਹ ਹੋ ਗਏ। ਲਿਖਤੀ ਪ੍ਰੀਖਿਆ ਦਾ ਇਹ ਨਤੀਜਾ ਆਪਣੀ ਹੀ ਜ਼ਮੀਨ ’ਤੇ ਮਾਤ ਭਾਸ਼ਾ ਦੇ ਜ਼ਮੀਨੀ ਸੱਚ ਦੀ ਤਸਵੀਰ ਪੇਸ਼ ਕਰਦਾ ਹੈ। ਅਧੀਨ ਸੇਵਾਵਾਂ ਚੋਣ ਬੋਰਡ (ਐੱਸਐੱਸਐੱਸ ਬੋਰਡ) ਵੱਲੋਂ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਭਰਤੀ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ, ਜਿਸ ’ਚ ਪੰਜਾਬੀ ਵਿਸ਼ੇ ਦੀ ਪ੍ਰੀਖਿਆ ਵੀ ਸ਼ਾਮਲ ਸੀ ਅਤੇ ਪੰਜਾਬੀ ’ਚੋਂ ਘੱਟੋ-ਘੱਟ ਪੰਜਾਹ ਫ਼ੀਸਦੀ ਅੰਕ ਲੈਣੇ ਲਾਜ਼ਮੀ ਸਨ। ਵੇਰਵਿਆਂ ਅਨੁਸਾਰ ਆਬਕਾਰੀ ਅਤੇ ਕਰ ਇੰਸਪੈਕਟਰਾਂ ਦੀ ਲਿਖਤੀ ਪ੍ਰੀਖਿਆ ਵਿਚ ਕੁੱਲ 36,836 ਉਮੀਦਵਾਰ ਬੈਠੇ ਸਨ, ਜਿਨ੍ਹਾਂ ’ਚੋਂ 22,957 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਪ੍ਰੀਖਿਆ ’ਚੋਂ 13,879 ਉਮੀਦਵਾਰ ਪੰਜਾਬੀ ’ਚੋਂ ਫ਼ੇਲ੍ਹ ਹੋ ਗਏ ਹਨ, ਜਿਨ੍ਹਾਂ ਦੀ ਦਰ 37.67 ਫ਼ੀਸਦੀ ਬਣਦੀ ਹੈ।

          ਪੰਜਾਬੀ ’ਚੋਂ ਫ਼ੇਲ੍ਹ ਹੋਣ ਕਰ ਕੇ ਇਹ ਉਮੀਦਵਾਰ ਆਬਕਾਰੀ ਅਤੇ ਕਰ ਇੰਸਪੈਕਟਰ ਦੀ ਸੂਚੀ ਵਿਚ ਸ਼ਾਮਲ ਨਹੀਂ ਹੋ ਸਕੇ ਹਨ। ਆਪਣੀ ਮਾਤ ਭਾਸ਼ਾ ’ਚੋਂ 50 ਫ਼ੀਸਦੀ ਅੰਕ ਵੀ ਹਾਸਲ ਨਾ ਕਰਨ ਵਾਲੇ ਸਿੱਖਿਆ ਢਾਂਚੇ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਹਨ, ਜਿਸ ਵਿੱਚ 46 ਉਮੀਦਵਾਰ ਅਜਿਹੇ ਹਨ, ਜਿਹੜੇ 25 ਅੰਕ ਲੈਣ ਦੀ ਬਜਾਏ ਸਿਰਫ਼ ਇੱਕ ਤੋਂ 10 ਅੰਕ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ 3678 ਉਮੀਦਵਾਰ 11 ਤੋਂ 20 ਅੰਕ ਹੀ ਲੈ ਸਕੇ ਹਨ। ਕਰੀਬ 10,152 ਉਮੀਦਵਾਰਾਂ ਦੇ ਅੰਕ 20 ਤੋਂ 25 ਅੰਕਾਂ ਦੇ ਦਰਮਿਆਨ ਰਹੇ। ਆਬਕਾਰੀ ਅਤੇ ਕਰ ਇੰਸਪੈਕਟਰ ਦੀ ਪ੍ਰੀਖਿਆ ਦੇਣ ਵਾਲਿਆਂ ਵਿੱਚ 19,457 ਲੜਕੀਆਂ ਵੀ ਹਨ। ਇਸੇ ਤਰ੍ਹਾਂ ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਵਾਸਤੇ ਲਈ ਲਿਖਤੀ ਪ੍ਰੀਖਿਆ ਵਿਚ 4627 ਉਮੀਦਵਾਰ ਬੈਠੇ ਸਨ, ਜਿਨ੍ਹਾਂ ’ਚੋਂ 20.38 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਫ਼ੇਲ੍ਹ ਹੋ ਗਏ। 

          ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਹੋਈ ਪ੍ਰੀਖਿਆ ’ਚੋਂ 9.20 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਫ਼ੇਲ੍ਹ ਹੋਏ ਹਨ। ਲਾਈਵ ਸਟਾਕ ਸੁਪਰਵਾਈਜ਼ਰ ਵਾਸਤੇ ਹੋਈ ਲਿਖਤੀ ਪ੍ਰੀਖਿਆ ’ਚੋਂ 6 ਫ਼ੀਸਦੀ ਉਮੀਦਵਾਰ ਪੰਜਾਬੀ ’ਚੋਂ ਪਾਸ ਨਹੀਂ ਹੋ ਸਕੇ। ਏਦਾਂ ਦੇ ਰੁਝਾਨ ਦੇਖ ਕੇ ਪੰਜਾਬ ਸਰਕਾਰ ਨੂੰ ਵੀ ਚੌਕਸ ਹੋਣ ਦੀ ਲੋੜ ਹੈ। ਹਾਲਾਂਕਿ ਇਨ੍ਹਾਂ ਉਮੀਦਵਾਰਾਂ ਨੇ ਗਰੈਜੂਏਸ਼ਨ ਵਿਚ ਪੰਜਾਬੀ ਪੜ੍ਹੀ ਹੋਈ ਹੈ। ਕਿਥੇ ਕਮੀ ਰਹੀ ਹੈ, ਇਸ ਦੀ ਘੋਖ ਹੋਣੀ ਚਾਹੀਦੀ ਹੈ। ਪੰਜਾਬੀ ’ਵਰਸਿਟੀ ਦੇ ਡੀਨ (ਭਾਸ਼ਾਵਾਂ) ਰਾਜਿੰਦਰਪਾਲ ਸਿੰਘ ਬਰਾੜ ਇਸ ਨਤੀਜੇ ਨੂੰ ਪੰਜਾਬ ਲਈ ਸ਼ੁੱਭ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਨਤੀਜੇ ਵਿਚ ਜਿਹੜੇ ਪੰਜਾਬੀ ’ਚੋਂ ਪਾਸ ਹੋਏ ਹਨ, ਉਨ੍ਹਾਂ ਦਾ ਹੀ ਪੰਜਾਬ ਵਿੱਚ ਨੌਕਰੀ ’ਤੇ ਹੱਕ ਬਣਦਾ ਹੈ। ਜਿਨ੍ਹਾਂ ਨੂੰ ਪੰਜਾਬ ਦੀ ਜ਼ਮੀਨੀ ਹਕੀਕਤ ਦਾ ਹੀ ਪਤਾ ਨਹੀਂ, ਉਨ੍ਹਾਂ ਦਾ ਪੰਜਾਬੀ ’ਚੋਂ ਫ਼ੇਲ੍ਹ ਹੋਣਾ ਇੱਕ ਤਰੀਕੇ ਨਾਲ ਪੰਜਾਬ ਦਾ ਹੀ ਭਲਾ ਹੈ। ਇਸ ਪੱਖੋਂ ਪੰਜਾਬ ਸਰਕਾਰ ਨੂੰ ਸ਼ਾਬਾਸ਼ ਦੇਣੀ ਬਣਦੀ ਹੈ।

                                  ਕਮਜ਼ੋਰ ਬੁਨਿਆਦ ਜ਼ਿੰਮੇਵਾਰ: ਡਾ. ਰਵੀ

ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵੀ ਰਵਿੰਦਰ ਦਾ ਕਹਿਣਾ ਸੀ ਕਿ ਵੱਡੀ ਗਿਣਤੀ ਵਿਚ ਉਮੀਦਵਾਰਾਂ ਦੇ ਪੰਜਾਬੀ ’ਚੋਂ ਫ਼ੇਲ੍ਹ ਹੋਣ ਲਈ ਸਿੱਖਿਆ ਦੀ ਬੁਨਿਆਦ ਹੀ ਜ਼ਿੰਮੇਵਾਰ ਹੈ। ਪ੍ਰਾਇਮਰੀ ਪੱਧਰ ’ਤੇ ਪੰਜਾਬੀ ਭਾਸ਼ਾ ਨਾ ਠੀਕ ਤਰੀਕੇ ਨਾਲ ਸਿਖਾਈ ਜਾ ਰਹੀ ਹੈ ਅਤੇ ਨਾ ਹੀ ਵਿਦਿਆਰਥੀ ਪੰਜਾਬੀ ਨੂੰ ਸਿੱਖਣ ਤੇ ਲਿਖਣ ਦਾ ਯਤਨ ਕਰਦੇ ਹਨ। ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਬਹੁਤੇ ਵਿਦਿਆਰਥੀ ਸ਼ੁੱਧ ਪੰਜਾਬੀ ਲਿਖਣ ਤੋਂ ਕੋਰੇ ਹੁੰਦੇ ਹਨ। 

Wednesday, August 11, 2021

                                                     ਨੀ ਸਰਕਾਰੇ ! 
                                            ਮੈਨੂੰ ਪਟਵਾਰੀ ਬਣਾ ਦੇ...
                                                    ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਕੁੜੀਆਂ ਹੁਣ ਨਵੇਂ ਰਾਹਾਂ ’ਤੇ ਤੁਰੀਆਂ ਹਨ। ਪਟਵਾਰੀ ਬਣਨ ਲਈ ਕੁੜੀਆਂ ਨੇ ਆਪਣੀ ਰੁਚੀ ਦਿਖਾਈ ਹੈ। ਚਾਹੇ ਕਾਰਨ ਸਰਕਾਰੀ ਨੌਕਰੀ ਦਾ ਮੌਕਾ ਹੈ ਜਾਂ ਫਿਰ ਬੇਕਾਰੀ ਦਾ ਆਲਮ। ਬੀਤੇ ਦਿਨੀਂ ਪਟਵਾਰੀ ਦੀ ਭਰਤੀ ਲਈ ਜੋ ਪ੍ਰੀਖ਼ਿਆ ਹੋਈ ਹੈ, ਉਸ ਵਿੱਚ ਕਰੀਬ 44 ਫੀਸਦੀ ਕੁੜੀਆਂ ਸਨ। ਪਹਿਲਾਂ, ਪਟਵਾਰੀ ਦੀ ਨੌਕਰੀ ਸਿਰਫ ਪੁਰਸ਼ਾਂ ਤੱਕ ਮਹਿਦੂਦ ਸੀ, ਬਦਲੇ ਜ਼ਮਾਨੇ ’ਚ ਕੁੜੀਆਂ ਨੇ ਹਰ ਬੰਨੇ ਪੈਰ ਪਸਾਰੇ ਹਨ। ਪੰਜਾਬ ’ਚ ਪਟਵਾਰੀ ਦੀਆਂ ਅਸਾਮੀਆਂ ਲਈ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਸ ਵਿੱਚੋਂ 1.02 ਲੱਖ ਕੁੜੀਆਂ ਹਨ। ਪੰਜਾਬੀ ਕਲਚਰ ਦੇ ਮਾਹਿਰ ਡਾ. ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਭੈਣਾਂ ਸੁੱਖ ਮੰਗਦੀਆਂ ਸਨ, ‘ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ।’ ਡਾ. ਜੋਸ਼ੀ ਆਖਦੇ ਹਨ ਕਿ ਸਮੇਂ ਦੇ ਗੇੜ ਨੇ ਲੋਕ ਸੱਭਿਆਚਾਰ ਦੇ ਮੁਖੜੇ ਵੀ ਫਿੱਕੇ ਪਾ ਦਿੱਤੇ ਹਨ। 

              ਵੇਰਵਿਆਂ ਅਨੁਸਾਰ ਪਟਵਾਰੀ ਬਣਨ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਵਿੱਚ ਜ਼ਿਆਦਾ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਕੋਈ ਵੇਲਾ ਸੀ ਜਦੋਂ ਤਰਸ ਦੇ ਆਧਾਰ ਦੇ ਕੇਸਾਂ ਵਿੱਚ ਕੁੜੀਆਂ ਪਟਵਾਰੀ ਦੀ ਨੌਕਰੀ ਕਰਦੀਆਂ ਸਨ। ਸਾਬਕਾ ਕਾਨੂੰਨਗੋ ਨਿਰਮਲ ਸਿੰਘ ਜੰਗੀਰਾਣਾ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਪਟਵਾਰੀ ਨੂੰ ਗਿਰਦਾਵਰੀ ਅਤੇ ਮਿਣਤੀ ਲਈ ਖੇਤਾਂ ਵਿੱਚ ਵੱਟੋ ਵੱਟ ਤੁਰਨਾ ਪੈਂਦਾ ਸੀ, ਹੁਣ ਕੰਪਿਊਟਰੀਕਰਨ ਨੇ ਕੰਮ ਸੌਖਾ ਕੀਤਾ ਹੈ, ਜਿਸ ਕਰਕੇ ਕੁੜੀਆਂ ਲਈ ਪਟਵਾਰੀ ਦੀ ਨੌਕਰੀ ਓਪਰੀ ਤੇ ਔਖੀ ਨਹੀਂ ਰਹੀ ਹੈ। ਦੂਸਰੀ ਤਰਫ ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਬੇਰੁਜ਼ਗਾਰੀ ਵਧਣ ਕਰਕੇ ਹੁਣ ਲੜਕੀਆਂ ਕੋਲ ਬਹੁਤੇ ਬਦਲ ਨਹੀਂ ਰਹੇ। ਮਲੋਟ ਦੇ ਐੱਸ.ਡੀ.ਐੱਮ ਗੋਪਾਲ ਸਿੰਘ ਆਖਦੇ ਹਨ ਕਿ ਇਸ ਰੁਝਾਨ ਨਾਲ ਮਾਲ ਮਹਿਕਮੇ ਦੀ ਛਵੀ ਬਿਹਤਰ ਬਣੇਗੀ। 

            ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਐਤਵਾਰ ਨੂੰ 1152 ਅਸਾਮੀਆਂ ਲਈ ਪ੍ਰੀਖ਼ਿਆ ਲਈ ਗਈ ਸੀ ਜਿਸ ਦਾ ਨਤੀਜਾ 18 ਅਗਸਤ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ। ਦੂਸਰੀ ਪ੍ਰੀਖ਼ਿਆ ਸਤੰਬਰ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ। ਪ੍ਰੀਖ਼ਿਆ ਦੇ ਸਬੰਧ ਵਿੱਚ 14 ਅਗਸਤ ਤੱਕ ਬੋਰਡ ਨੇ ਇਤਰਾਜ਼ ਮੰਗੇ ਹਨ। ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪਟਵਾਰੀ ਦੀ ਇੱਕ ਅਸਾਮੀ ਪਿੱਛੇ ਔਸਤਨ 203 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।ਜਾਣਕਾਰੀ ਅਨੁਸਾਰ ਪ੍ਰੀਖ਼ਿਆ ਵਿੱਚ 1.75 ਲੱਖ ਉਮੀਦਵਾਰ ਹੀ ਬੈਠੇ ਹਨ ਜਦੋਂ ਕਿ 59 ਹਜ਼ਾਰ ਉਮੀਦਵਾਰ ਗੈਰਹਾਜ਼ਰ ਰਹੇ ਹਨ। ਪਤਾ ਲੱਗਾ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਇਨ੍ਹਾਂ ਅਸਾਮੀਆਂ ਲਈ ਅਪਲਾਈ ਫੀਸ ਤੋਂ ਕਰੀਬ 12 ਕਰੋੜ ਰੁਪਏ ਪ੍ਰਾਪਤ ਹੋਏ ਹਨ। ਜਨਰਲ ਸ਼੍ਰੇਣੀ ਲਈ ਇੱਕ ਹਜ਼ਾਰ ਅਤੇ ਐੱਸਸੀ/ਬੀਸੀ ਲਈ 250 ਰੁਪਏ ਫ਼ੀਸ ਰੱਖੀ ਗਈ ਸੀ।

                                             ਪਟਵਾਰਪੁਣੇ ਵਿੱਚ ਦੋਆਬੀਏ ਪਛੜੇ

ਜਾਣਕਾਰੀ ਅਨੁਸਾਰ ਪਟਵਾਰੀ ਬਣਨ ਦੇ ਇੱਛੁਕਾਂ ’ਚ ਜ਼ਿਆਦਾ ਮਲਵਈ ਉਮੀਦਵਾਰ ਹਨ ਜਦੋਂਕਿ ਦੋਆਬੇ ਨੇ ਬਹੁਤੀ ਰੁਚੀ ਨਹੀਂ ਦਿਖਾਈ ਹੈ। ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ 21,567 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਦੋਂਕਿ ਦੂਜੇ ਨੰਬਰ ’ਤੇ ਸੰਗਰੂਰ ਦੇ 19,974 ਉਮੀਦਵਾਰ ਸਨ। ਬਠਿੰਡਾ ਜ਼ਿਲ੍ਹਾ 18,126 ਉਮੀਦਵਾਰਾਂ ਨਾਲ ਤੀਜੇ ਨੰਬਰ ’ਤੇ ਰਿਹਾ ਜਦੋਂਕਿ ਫਾਜ਼ਿਲਕਾ 17,625 ਉਮੀਦਵਾਰਾਂ ਨਾਲ ਚੌਥੇ ਨੰਬਰ ’ਤੇ ਰਿਹਾ ਹੈ। ਮਾਨਸਾ ਵਿੱਚੋਂ 12,336 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚੋਂ ਸਿਰਫ਼ 2667 ਅਤੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਕੇਵਲ 2183 ਉਮੀਦਵਾਰਾਂ ਨੇ ਇਸ ਅਸਾਮੀ ਲਈ ਅਪਲਾਈ ਕੀਤਾ ਸੀ। ਜਲੰਧਰ ਜ਼ਿਲ੍ਹੇ ਵਿੱਚੋਂ 7141 ਉਮੀਦਵਾਰਾਂ ਅਤੇ ਮੋਗਾ ਵਿੱਚੋਂ 4236 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।