Showing posts with label patwari. Show all posts
Showing posts with label patwari. Show all posts

Monday, September 4, 2023

                                                      ਕੌਣ ਕਰੂਗਾ ਰੀਸਾਂ 
                           ਬੋਲਦਾ ਮੁਰੱਬਿਆਂ ’ਚ ਨਾਂ ਪਟਵਾਰੀ ਦਾ..!
                                                       ਚਰਨਜੀਤ ਭੁੱਲਰ 

ਚੰਡੀਗੜ੍ਹ: ਹਲਕਾ ਖਨੌਰੀ ’ਚ ਤਾਇਨਾਤ ਰਹੇ ਪਟਵਾਰੀ ਬਲਕਾਰ ਸਿੰਘ ਦੀ ਜਾਇਦਾਦ ਏਨੀ ਛੜੱਪੇ ਮਾਰ ਕੇ ਵਧੀ ਹੈ ਜਿਸ ਨੇ ਵਿਜੀਲੈਂਸ ਨੂੰ ਵੀ ਅਚੰਭੇ ’ਚ ਪਾ ਦਿੱਤਾ ਹੈ। ਵਿਜੀਲੈਂਸ ਰੇਂਜ ਸੰਗਰੂਰ ਨੇ ਇਸ ਪਟਵਾਰੀ ਵੱਲੋਂ ਵਸੀਲਿਆਂ ਤੋਂ ਵੱਧ ਬਣਾਈ ਜਾਇਦਾਦ ਦੀ ਜਾਂਚ ਲਈ ਇਨਕੁਆਰੀ ਦਰਜ ਕੀਤੀ ਸੀ ਜਿਸ ਦੀ ਜਾਂਚ ’ਚ ਨਵੇਂ ਤੱਥ ਉੱਭਰ ਕੇ ਸਾਹਮਣੇ ਆਏ ਹਨ। ਬਲਕਾਰ ਸਿੰਘ ਮਹਿਕਮਾ ਮਾਲ ਵਿਚ 12 ਦਸੰਬਰ 2002 ਨੂੰ ਭਰਤੀ ਹੋਇਆ ਸੀ। ਉਸ ਨੇ ਆਪਣੀ 21 ਸਾਲ ਦੀ ਨੌਕਰੀ ਦੌਰਾਨ ਆਪਣੇ ਨਾਮ, ਪਤਨੀ ਦੇ ਨਾਮ ਅਤੇ ਆਪਣੀ ਮਾਤਾ ਦੇ ਨਾਮ ’ਤੇ ਕਰੀਬ ਚਾਰ ਕਰੋੜ ਦੀ ਪ੍ਰਾਪਰਟੀ ਬਣਾਈ ਹੈ ਜਿਸ ਦੀ ਮਾਰਕੀਟ ਕੀਮਤ ਕਿਤੇ ਜ਼ਿਆਦਾ ਹੋ ਸਕਦੀ ਹੈ। ਵਿਜੀਲੈਂਸ ਦੇ ਹੱਥ 1.24 ਕਰੋੜ ਦੀ ਜ਼ਮੀਨ ਹੋਰ ਖ਼ਰੀਦਣ ਦੇ ਬਿਆਨੇ ਵੀ ਲੱਗੇ ਹਨ।ਚੇਤੇ ਰਹੇ ਕਿ ਵਿਜੀਲੈਂਸ ਨੇ ਖ਼ਾਨਗੀ ਵਸੀਅਤ ਦੇ 2018 ਦੇ ਪੁਰਾਣੇ ਕੇਸ ਵਿਚ ਬਲਕਾਰ ਸਿੰਘ ਪਟਵਾਰੀ ਅਤੇ ਫ਼ੀਲਡ ਕਾਨੂੰਗੋ ਦਰਸ਼ਨ ਸਿੰਘ ਨੂੰ 23 ਅਗਸਤ ਨੂੰ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਸੀ। 

         ਇਸ ਕੇਸ ਵਿਚ ਕੁੱਝ ਤਕਨੀਕੀ ਨੁਕਤਿਆਂ ਨੂੰ ਲੈ ਕੇ ਸਮੁੱਚੇ ਪੰਜਾਬ ਦੇ ਪਟਵਾਰੀਆਂ ਨੇ ਰੋਸ ਵਜੋਂ ਪਹਿਲੀ ਸਤੰਬਰ ਤੋਂ ਕਲਮ ਛੋੜ ਹੜਤਾਲ ਦਾ ਐਲਾਨ ਕਰ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਹੜਤਾਲ ਨਾਲ ਸਖ਼ਤੀ ਨਜਿੱਠਣ ਦਾ ਰਾਹ ਅਖ਼ਤਿਆਰ ਕੀਤਾ ਹੈ। ਇਸੇ ਦੌਰਾਨ ਹੁਣ ਵਿਜੀਲੈਂਸ ਨੇ ਪਟਵਾਰੀ ਬਲਕਾਰ ਸਿੰਘ ਦੀ ਆਮਦਨ ਦੇ ਵਸੀਲਿਆਂ ਦੀ ਜਾਂਚ ਰਿਪੋਰਟ ਤਿਆਰ ਕੀਤੀ ਹੈ। ਵਿਜੀਲੈਂਸ ਰਿਪੋਰਟ ਅਨੁਸਾਰ ਪਟਵਾਰੀ ਬਲਕਾਰ ਸਿੰਘ ਨੇ ਆਪਣੀ ਸਰਵਿਸ ਦੌਰਾਨ ਖੇਤੀਬਾੜੀ ਵਾਲੀ 55 ਏਕੜ ਜ਼ਮੀਨ 21 ਵਰਿ੍ਹਆਂ ਵਿਚ ਖ਼ਰੀਦ ਕੀਤੀ ਹੈ। ਇਸ ਤੋਂ ਇਲਾਵਾ ਪਟਿਆਲਾ ਦੀ ਨਿਊ ਅਫ਼ਸਰ ਕਾਲੋਨੀ ਵਿਚ 400 ਗਜ ਦਾ ਰਿਹਾਇਸ਼ੀ ਪਲਾਟ, ਮਹਿੰਦਰਾ ਕੰਪਲੈਕਸ ਪਟਿਆਲਾ ਵਿਖੇ 2 ਕਮਰਸ਼ੀਅਲ ਪਲਾਟਾਂ ਦੀ ਖ਼ਰੀਦ ਵੀ ਕੀਤੀ ਹੈ। ਕੋਠੀ ਦੀ ਉਸਾਰੀ ’ਤੇ ਪੰਜ ਲੱਖ ਖ਼ਰਚ ਕੀਤੇ ਗਏ ਹਨ। ਇਨ੍ਹਾਂ ਸੰਪਤੀਆਂ ਦੀ ਸਰਕਾਰੀ ਕੀਮਤ ਕਰੀਬ 4 ਕਰੋੜ ਦੱਸੀ ਗਈ ਹੈ। ਮਾਰਕੀਟ ਕੀਮਤ ਦੇਖੀ ਜਾਵੇ ਤਾਂ ਕਈ ਇਹ ਸੰਪਤੀ ਕਈ ਗੁਣਾ ਜ਼ਿਆਦਾ ਦੀ ਹੋ ਸਕਦੀ ਹੈ। 

        ਇਸ ਤੋਂ ਇਲਾਵਾ ਪਟਵਾਰੀ ਬਲਕਾਰ ਸਿੰਘ ਨੇ ਕਿਸਾਨ ਹਰਵਿੰਦਰ ਸਿੰਘ ਵਾਸੀ ਢੀਂਡਸਾ ਨਾਲ 16 ਕਨਾਲ 17 ਮਰਲੇ ਦਾ 33.60 ਲੱਖ ਵਿਚ ਖ਼ਰੀਦ ਕਰਨ ਦਾ 11 ਅਗਸਤ 2023 ਨੂੰ ਬਿਆਨਾ ਕੀਤਾ ਹੋਇਆ ਹੈ।ਪਟਵਾਰੀ ਨੇ ਆਪਣੀ ਮਾਤਾ ਦੇ ਨਾਮ ਪਿੰਡ ਬਰਸਟ ਵਿਚਲੇ 19 ਬਿਘੇ ਰਕਬੇ ਦਾ 90.70  ਲੱਖ ਵਿਚ ਖ਼ਰੀਦ ਕਰਨ ਸਬੰਧੀ 16 ਅਪਰੈਲ 2018 ਨੂੰ ਬਿਆਨਾ ਕੀਤਾ ਹੋਇਆ ਹੈ। ਵਿਜੀਲੈਂਸ ਨੂੰ ਜੋ ਵਸੀਕੇ ਅਤੇ ਹੋਰ ਦਸਤਾਵੇਜ਼ ਪ੍ਰਾਪਤ ਹੋਏ ਹਨ, ਉਨ੍ਹਾਂ ਅਨੁਸਾਰ ਪਟਵਾਰੀ ਬਲਕਾਰ ਨੇ ਆਪਣੀ ਸਰਵਿਸ ਦੌਰਾਨ 11 ਪਿੰਡਾਂ ਵਿਚ ਜ਼ਮੀਨਾਂ ਖ਼ਰੀਦ ਕੀਤੀਆਂ ਹਨ। ਇਸ ਪਟਵਾਰੀ ਨੇ 54 ਰਜਿਸਟਰੀਆਂ ਜ਼ਰੀਏ ਪਿੰਡ ਰੋੜੇਵਾਲ, ਘੋੜੇਨਾਬ, ਭੁਟਾਲ ਖੁਰਦ,ਮਕੋਰੜ ਸਾਹਿਬ, ਗੁਜਰਾਂ, ਢੀਂਡਸਾ, ਹਮੀਰਗੜ੍ਹ, ਜਲੂਰ,ਬਲਰਾਂ,ਭੁਟਾਲ ਕਲਾਂ ਅਤੇ ਕਲੀਪੁਰ ਵਿਚ ਜ਼ਮੀਨਾਂ ਦੀ ਖ਼ਰੀਦ ਕੀਤੀ ਹੈ। ਪੜਤਾਲ ਰਿਪੋਰਟ ਅਨੁਸਾਰ ਇਸ ਪਟਵਾਰੀ ਨੇ ਸਰਵਿਸ ਵਿਚ ਆਉਣ ਤੋਂ ਤਿੰਨ ਸਾਲ ਬਾਅਦ ਹੀ ਪਹਿਲੀ ਖ਼ਰੀਦ 17 ਜੂਨ 2005 ਨੂੰ ਪਿੰਡ ਢੀਂਡਸਾ ਵਿਚ ਕੀਤੀ ਸੀ। ਫਿਰ ਭੁਟਾਲ ਕਲਾਂ ਅਤੇ ਉਸ ਮਗਰੋਂ ਪਿੰਡ ਕਲੀਪੁਰ ’ਚ ਜ਼ਮੀਨ ਖ਼ਰੀਦ ਕੀਤੀ। 

         ਫਿਰ ਚੱਲ ਸੋ ਚੱਲ, ਕੋਈ ਟਾਂਵਾਂ ਵਰ੍ਹਾ ਹੋਵੇਗਾ ਜੋ ਜ਼ਮੀਨ ਖ਼ਰੀਦ ਕੀਤੇ ਬਿਨਾਂ ਸੁੱਕਾ ਨਿਕਲਿਆ ਹੋਵੇਗਾ। ਵਿਜੀਲੈਂਸ ਨੇ ਜਾਇਦਾਦਾਂ ਦੇ ਦੋ ਵੇਰਵੇ ਤਿਆਰ ਕੀਤੇ ਹਨ। 33 ਰਜਿਸਟਰੀਆਂ ਦਾ ਵੇਰਵਾ ਵੱਖਰਾ ਤਿਆਰ ਕੀਤਾ ਹੈ ਜਿਨ੍ਹਾਂ ਦੇ ਵਸੀਕੇ ਪੜਤਾਲ ਦੌਰਾਨ ਪ੍ਰਾਪਤ ਹੋਏ ਹਨ। ਦੂਸਰੀ 21 ਵਸੀਕਿਆਂ ਅਤੇ ਦਸਤਾਵੇਜ਼ਾਂ ਦੀ ਵੱਖਰੀ ਸੂਚੀ ਹੈ ਜੋ ਪਟਵਾਰੀ ਬਲਕਾਰ ਸਿੰਘ ਦੀ ਗੱਡੀ ਚੋਂ ਬਰਾਮਦ ਹੋਈ ਹੈ। ਇਸ ਪਟਵਾਰੀ ਨੇ ਮਰਲਿਆਂ, ਕਨਾਲ਼ਾਂ ਅਤੇ ਏਕੜਾਂ ਵਿਚ ਜਿੱਥੇ ਮਿਲੀ, ਜ਼ਮੀਨ ਖ਼ਰੀਦ ਲਈ। ਇਸ ਪੜਤਾਲ ਦਾ ਵੱਖਰਾ ਮੁਕੱਦਮਾ ਦਰਜ ਕੀਤੇ ਜਾਣ ਦੀ ਤਿਆਰੀ ਹੈ। ਦੂਸਰੇ ਪਾਸੇ ਪੰਜਾਬ ਵਿਚ ਪਟਵਾਰੀ ਕਲਮ ਛੋੜ ਹੜਤਾਲ ਤੇ ਹਨ ਅਤੇ ਉਨ੍ਹਾਂ ਨੇ ਵਾਧੂ ਸਰਕਲਾਂ ਵਿਚ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਐਸਮਾ ਲਗਾਏ ਜਾਣ ਤੋਂ ਪੰਜਾਬ ਦਾ ਮੁਲਾਜ਼ਮ ਤਬਕਾ ਕਾਫ਼ੀ ਔਖ ਹੈ ਅਤੇ ਵਿਰੋਧੀ ਧਿਰਾਂ ਨੇ ਵੀ ਸਰਕਾਰ ਦੇ ਇਸ ਐਕਸ਼ਨ ਨੂੰ ਲੈ ਕੇ ਕਾਫ਼ੀ ਵਿਰੋਧ ਦਰਜ ਕਰਾਇਆ ਹੈ।

                       ਸਮਰੱਥ ਅਥਾਰਿਟੀ ਤੋਂ ਪ੍ਰਵਾਨਗੀ ਨਹੀਂ ਲਈ

ਪਟਵਾਰੀ ਅਤੇ ਕਾਨੂੰਗੋਜ ਦੀ ਯੂਨੀਅਨ ਦਾ ਕਹਿਣਾ ਹੈ ਕਿ ਕਿਸੇ ਵੀ ਪਟਵਾਰੀ ਜਾਂ ਕਾਨੂੰਗੋ ਨੂੰ ਗ੍ਰਿਫ਼ਤਾਰ ਕਰਨ ਤੋਂ ਪਹਿਲਾਂ ਸਮਰੱਥ ਅਥਾਰਿਟੀ ਤੋਂ ਪ੍ਰੋਵੈਨਸ਼ਨ ਆਫ਼ ਕੁਰੱਪਸ਼ਨ ਐਕਟ 1988 ਦੀ ਧਾਰਾ 17(ਏ) ਤੋਂ ਪ੍ਰਵਾਨਗੀ ਲੈਣ ਦੀ ਜ਼ਰੂਰਤ ਹੈ ਪ੍ਰੰਤੂ ਵਿਜੀਲੈਂਸ ਬਿਊਰੋ ਨੇ ਪ੍ਰਕਿਰਿਆ ਨੂੰ ਅਖ਼ਤਿਆਰ ਨਹੀਂ ਕੀਤਾ ਹੈ। ਪਟਵਾਰ ਯੂਨੀਅਨ ਆਖਦੀ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ ਅਤੇ ਲੋਕਾਂ ਦਾ ਧਿਆਨ ਹੋਰ ਪਾਸੇ ਕੇਂਦਰਿਤ ਕਰ ਰਹੀ ਹੈ।                                                                                 

Tuesday, May 16, 2023

                                                         ਬਦਲ ਗਏ ਯੁੱਗ
                                 ਜਿਨ੍ਹਾਂ ਨੂੰ ‘ਫੀਤੇ’ ਤੋਂ ਵੱਧ ‘ਫੀਤੀ’ ਪਿਆਰੀ..!
                                                         ਚਰਨਜੀਤ ਭੁੱਲਰ  

ਚੰਡੀਗੜ੍ਹ: ਕੋਈ ਵੇਲਾ ਸੀ ਜਦੋਂ ਪਟਵਾਰੀ ਦੇ ਰੁਤਬੇ ਦੀ ਤੂਤੀ ਬੋਲਦੀ ਸੀ ਪਰ ਅੱਜ ਨਵੇਂ ਜ਼ਮਾਨੇ ਵਿਚ ਨਵੀਂ ਪੀੜ੍ਹੀ ਛੇਤੀ ਕਿਤੇ ਪਟਵਾਰੀ ਲੱਗਣ ਨੂੰ ਤਿਆਰ ਨਹੀਂ। ਹਾਲਾਂਕਿ ਪੰਜਾਬ ਵਿੱਚ ਬੇਰੁਜ਼ਗਾਰੀ ਦੀ ਕੋਈ ਹੱਦ ਨਹੀਂ ਬਚੀ। ਫਿਰ ਵੀ ਹੋਣਹਾਰ ਨੌਜਵਾਨ ਪਟਵਾਰੀ ਦੀ ਨੌਕਰੀ ਛੱਡਣ ਤੋਂ ਗੁਰੇਜ਼ ਨਹੀਂ ਕਰਦੇ। ਪੰਜਾਬ ਸਰਕਾਰ ਨੇ ਕੱਲ੍ਹ ਪੁਲੀਸ ’ਚ ਨਵੇਂ ਭਰਤੀ ਕੀਤੇ 560 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਸ ਵਿਚ ਪਹਿਲਾਂ ਹੀ ਪਟਵਾਰੀ ਦੀ ਟਰੇਨਿੰਗ ਕਰ ਰਹੇ ਕਰੀਬ 60 ਉਮੀਦਵਾਰ ਵੀ ਸ਼ਾਮਲ ਹਨ।ਮਿਲੇ ਵੇਰਵਿਆਂ ਅਨੁਸਾਰ ਤਰਨ ਤਾਰਨ ਜ਼ਿਲ੍ਹੇ ਦੇ ਸਿਖਲਾਈ ਅਧੀਨ ਛੇ ਪਟਵਾਰੀ ਹੁਣ ਸਬ-ਇੰਸਪੈਕਟਰ ਭਰਤੀ ਹੋ ਗਏ ਹਨ ਜਦੋਂਕਿ ਲੁਧਿਆਣਾ ਜ਼ਿਲ੍ਹੇ ਦੇ ਸੱਤ ਪਟਵਾਰੀ ਸਬ-ਇੰਸਪੈਕਟਰ ਬਣ ਗਏ ਹਨ। ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੇ ਸੱਤ ਪਟਵਾਰੀ ਵੀ ਸਬ-ਇੰਸਪੈਕਟਰ ਬਣੇ ਹਨ ਜਦੋਂਕਿ ਸੰਗਰੂਰ ਜ਼ਿਲ੍ਹੇ ਦੇ ਸਿਖਲਾਈ ਅਧੀਨ ਪੰਜ ਪਟਵਾਰੀ ਵੀ ਸਬ-ਇੰਸਪੈਕਟਰ ਬਣ ਗਏ ਹਨ। ਇਵੇਂ ਹੀ ਪਟਿਆਲਾ ਦੇ ਛੇ, ਮੁਕਤਸਰ ਦੇ ਚਾਰ, ਰੋਪੜ ਦੇ ਦੋ, ਜਲੰਧਰ ਤੇ ਕਪੂਰਥਲਾ ਦੇ ਤਿੰਨ ਤਿੰਨ, ਬਠਿੰਡਾ, ਫ਼ਰੀਦਕੋਟ ਤੇ ਗੁਰਦਾਸਪੁਰ ਦਾ ਇੱਕ-ਇੱਕ ਪਟਵਾਰੀ ਸਬ-ਇੰਸਪੈਕਟਰ ਬਣ ਗਿਆ ਹੈ।

         ਪੰਜਾਬ ਵਿੱਚ ਪਟਵਾਰੀਆਂ ਦੇ 11 ਸਿਖਲਾਈ ਕੇਂਦਰ ਚੱਲ ਰਹੇ ਹਨ ਜਿੱਥੇ ਕਰੀਬ ਇੱਕ ਸਾਲ ਤੋਂ ਨਵੇਂ ਪਟਵਾਰੀਆਂ ਦੀ ਸਿਖਲਾਈ ਚੱਲ ਰਹੀ ਸੀ। ਹੁਣ ਜਦੋਂ ਇਨ੍ਹਾਂ ਪਟਵਾਰੀਆਂ ਦੇ ਫੀਲਡ ਵਿਚ ਜਾਣ ਦੀ ਤਿਆਰੀ ਸੀ ਤਾਂ ਇਨ੍ਹਾਂ ’ਚੋਂ ਕਰੀਬ 60 ਪਟਵਾਰੀ ਤਾਂ ਹੁਣ ਕਿਸੇ ਵੇਲੇ ਵੀ ਨੌਕਰੀ ਛੱਡ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਸਬ-ਇੰਸਪੈਕਟਰ ਦੀ ਫੀਤੀ ਦੀ ਖਿੱਚ ਬਣ ਗਈ ਹੈ। ਪਿਛਲੀ ਸਿਖਲਾਈ ਸਮੇਂ ਵੀ ਬਹੁਤੇ ਪਟਵਾਰੀ ਨੌਕਰੀ ਛੱਡ ਕੇ ਦੂਜੀਆਂ ਨੌਕਰੀਆਂ ਜੁਆਇਨ ਕਰ ਗਏ ਸਨ। ਹਾਲਾਂਕਿ ਪਿੰਡਾਂ ਵਿਚ ਪਟਵਾਰੀ ਨੂੰ ਸਬ-ਇੰਸਪੈਕਟਰਾਂ ਤੋਂ ਜ਼ਿਆਦਾ ਸਲੂਟ ਵੱਜਦੇ ਹਨ।ਬਠਿੰਡਾ ਦੇ ਪਟਵਾਰ ਸਿਖਲਾਈ ਕੇਂਦਰ ਦੇ ਅਧਿਆਪਕ ਨਿਰਮਲ ਸਿੰਘ ਜੰਗੀਰਾਣਾ ਦਾ ਪ੍ਰਤੀਕਰਮ ਸੀ ਕਿ ਸਬ-ਇੰਸਪੈਕਟਰ ਦਾ ਸਕੇਲ ਦੁੱਗਣਾ ਹੈ ਜਦੋਂਕਿ ਪਟਵਾਰੀ ਦੀ ਸਿਖਲਾਈ ਇੱਕ ਵਰ੍ਹੇ ਦੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨੌਜਵਾਨਾਂ ਦੀ ਤਰਜੀਹ ਪਟਵਾਰੀ ਨਾਲੋਂ ਸਬ-ਇੰਸਪੈਕਟਰ ਲੱਗਣ ਦੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਬਹੁਤੇ ਨੌਜਵਾਨ ਅੱਧ ਵਿਚਾਲੇ ਹੀ ਦੂਜੇ ਵਿਭਾਗਾਂ ਵਿਚ ਨੌਕਰੀਆਂ ਮਿਲਣ ਕਰ ਕੇ ਪਟਵਾਰੀ ਦੀ ਨੌਕਰੀ ਛੱਡ ਜਾਂਦੇ ਹਨ।

          ਕੱਲ੍ਹ ਵੀ ਪੰਜਾਬ ਵਿੱਚ 710 ਨਵੇਂ ਪਟਵਾਰੀ ਰੱਖਣ ਵਾਸਤੇ ਪੰਜਾਬ ਅਧੀਨ ਸੇਵਾਵਾਂ ਬੋਰਡ ਨੇ ਲਿਖਤੀ ਪ੍ਰੀਖਿਆ ਲਈ ਹੈ ਜਿਸ ਵਿਚ 28 ਫ਼ੀਸਦੀ ਉਮੀਦਵਾਰ ਗ਼ੈਰਹਾਜ਼ਰ ਸਨ। ਇਨ੍ਹਾਂ ਅਸਾਮੀਆਂ ਲਈ 1.20 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਕਰੀਬ 20 ਮਹੀਨੇ ਪਹਿਲਾਂ ਜਦੋਂ 1152 ਪਟਵਾਰੀਆਂ ਦੀ ਭਰਤੀ ਦਾ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਤਾਂ ਉਦੋਂ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਦੋਂਕਿ ਐਤਕੀਂ ਉਮੀਦਵਾਰਾਂ ਦੀ ਗਿਣਤੀ ਅੱਧੀ ਰਹਿ ਗਈ ਹੈ। ਅਗਸਤ 2021 ਵਿਚ ਪਟਵਾਰੀਆਂ ਦੀ ਭਰਤੀ ਲਈ ਹੋਈ ਲਿਖਤੀ ਪ੍ਰੀਖਿਆ ’ਚੋਂ ਕਰੀਬ 25.21 ਫ਼ੀਸਦੀ ਉਮੀਦਵਾਰ ਗ਼ੈਰਹਾਜ਼ਰ ਸਨ। ਉਸ ਵਕਤ 41 ਫ਼ੀਸਦੀ ਲੜਕੀਆਂ ਨੇ ਵੀ ਅਪਲਾਈ ਕੀਤਾ ਸੀ। ਇਸ ਤੋਂ ਪਹਿਲਾਂ ਬਹੁਤੇ ਸਿਖਲਾਈ ਅਧੀਨ ਪਟਵਾਰੀ ਖ਼ੁਰਾਕ ਤੇ ਸਪਲਾਈ ਵਿਭਾਗ ਵਿੱਚ ਵੀ ਭਰਤੀ ਹੋ ਗਏ ਸਨ। ਸਾਬਕਾ ਪੀਸੀਐੱਸ ਅਧਿਕਾਰੀ ਹਰਚਰਨ ਸਿੰਘ ਸੰਧੂ ਆਖਦੇ ਹਨ ਕਿ ਹੁਸ਼ਿਆਰ ਉਮੀਦਵਾਰਾਂ ਲਈ ਲਿਖਤੀ ਪ੍ਰੀਖਿਆ ਪਾਸ ਕਰਨੀ ਔਖੀ ਨਹੀਂ ਹੁੰਦੀ ਹੈ ਜਿਸ ਕਰ ਕੇ ਉਹ ਆਪਣੀ ਪਸੰਦ ਦੀ ਨੌਕਰੀ ਮਿਲਣ ’ਤੇ ਪਿਛਲੀ ਨੌਕਰੀ ਨੂੰ ਛੱਡ ਦਿੰਦੇ ਹਨ।

Tuesday, August 24, 2021

                                                 ਘਰ-ਘਰ ਰੁਜ਼ਗਾਰ
                             ਸੇਵਾਮੁਕਤ ਪਟਵਾਰੀ ਤਾਂ ਕਿਸਮਤ ਵਾਲੇ ਨਿਕਲੇ
                                                   ਚਰਨਜੀਤ ਭੁੱਲਰ   

ਚੰਡੀਗੜ੍ਹ :  ਕੈਪਟਨ ਸਰਕਾਰ ਨੇ ਆਪਣੇ ਦਰਵਾਜ਼ੇ ਸੇਵਾਮੁਕਤ ਪਟਵਾਰੀਆਂ/ਕਾਨੂੰਨਗੋਜ਼ ਲਈ ਖੋਲ੍ਹ ਦਿੱਤੇ ਹਨ। ਮਾਲ ਮਹਿਕਮਾ ਇਨ੍ਹਾਂ ਸੇਵਾਮੁਕਤ ਮੁਲਾਜ਼ਮਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਭਰਤੀ ਕਰੇਗਾ, ਜਦੋਂਕਿ ਪੰਜ ਵਰ੍ਹੇ ਪਹਿਲਾਂ ਭਰਤੀ ਕੀਤੇ ਪਟਵਾਰੀ ਸਿਰਫ਼ ਦਸ ਹਜ਼ਾਰ ਰੁਪਏ ਮਹੀਨਾ ’ਤੇ ਕੰਮ ਕਰ ਰਹੇ ਹਨ। ‘ਘਰ-ਘਰ ਰੁਜ਼ਗਾਰ’ ਉਡੀਕ ਰਹੇ ਨੌਜਵਾਨਾਂ ਤੋਂ ਸਰਕਾਰ ਨੇ ਨਵੇਂ ਮੌਕੇ ਖੋਹ ਲਏ ਹਨ। ਮਾਲ ਤੇ ਪੁਨਰਵਾਸ ਵਿਭਾਗ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਮੁਤਾਬਕ ਸੂਬੇ ਵਿੱਚ ਸਰਕਾਰ ਨੇ 1766 ਮਾਲ ਪਟਵਾਰੀ ਭਰਤੀ ਕਰਨੇ ਹਨ, ਜੋ ਪਹਿਲਾਂ ਸੇਵਾਮੁਕਤ ਹੋ ਚੁੱਕੇ ਹਨ।ਸਰਕਾਰੀ ਪੱਤਰ ਅਨੁਸਾਰ ਪੰਜਾਬ ਸਰਕਾਰ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਪੰਜਾਬ ਵਿੱਚ ਪਟਵਾਰੀਆਂ ਦੀ ਘਾਟ ਹੈ, ਜਿਸ ਕਰਕੇ ਸੇਵਾਮੁਕਤ ਪਟਵਾਰੀ ਤੇ ਕਾਨੂੰਨਗੋਜ਼ ਨੂੰ 31 ਜੁਲਾਈ, 2022 ਤੱਕ ਜਾਂ ਫਿਰ ਰੈਗੂਲਰ ਭਰਤੀ ਹੋਣ ਤੱਕ ਠੇਕੇ ’ਤੇ ਰੱਖਿਆ ਜਾਵੇਗਾ। ਇਸ ਭਰਤੀ ਲਈ 64 ਸਾਲ ਤੱਕ ਦੀ ਉਮਰ ਵਾਲਾ ਸੇਵਾਮੁਕਤ ਮੁਲਾਜ਼ਮ ਰੱਖਿਆ ਜਾਣਾ ਹੈ, ਜਿਸ ਨੂੰ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਸਾਫ਼-ਸੁਥਰੇ ਰਿਕਾਰਡ ਵਾਲੇ ਪਟਵਾਰੀ ਤੇ ਕਾਨੂੰਨਗੋਆਂ ਨੂੰ ਮੁੜ ਰੁਜ਼ਗਾਰ ਦਿੱਤਾ ਜਾਣਾ ਹੈ। 

              ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਫ਼ੌਰੀ ਇਹ ਭਰਤੀ ਸ਼ੁਰੂ ਕਰਨ ਵਾਸਤੇ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਇਸ ਭਰਤੀ ਲਈ ਜ਼ਿਲ੍ਹਾ ਪੱਧਰ ’ਤੇ ਕਮੇਟੀ ਬਣੇਗੀ, ਜੋ ਅਰਜ਼ੀਆਂ ਪ੍ਰਾਪਤ ਕਰ ਕੇ ਸੇਵਾਮੁਕਤ ਪਟਵਾਰੀ ਤੇ ਕਾਨੂੰਨਗੋਜ਼ ਨੂੰ ਮੁੜ ਰੁਜ਼ਗਾਰ ਦੇਵੇਗੀ।ਵੇਰਵਿਆਂ ਅਨੁਸਾਰ ਲੁਧਿਆਣਾ ਵਿੱਚ 252, ਗੁਰਦਾਸਪੁਰ ’ਚ 112, ਮੋਗਾ ’ਚ 109, ਨਵਾਂ ਸ਼ਹਿਰ ’ਚ 125, ਸੰਗਰੂਰ ’ਚ 191, ਜਲੰਧਰ ’ਚ 221, ਰੋਪੜ ’ਚ 72, ਬਠਿੰਡਾ ’ਚ 36 ਅਤੇ ਫ਼ਿਰੋਜ਼ਪੁਰ ਵਿੱਚ 78 ਸੇਵਾਮੁਕਤ ਪਟਵਾਰੀ ਭਰਤੀ ਕੀਤੇ ਜਾਣੇ ਹਨ। ਦੂਸਰੀ ਤਰਫ਼ ਜਿਹੜੇ 1227 ਪਟਵਾਰੀ ਪੰਜ ਸਾਲ ਪਹਿਲਾਂ ਭਰਤੀ ਕੀਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਹਾਲੇ ਵੀ 10 ਹਜ਼ਾਰ ਰੁਪਏ ਤਨਖ਼ਾਹ ਦੇ ਰਹੀ ਹੈ। ਉਨ੍ਹਾਂ ਨੂੰ ਡੇਢ ਸਾਲ ਸਿਖਲਾਈ ਦੌਰਾਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ। ਉਸ ਮਗਰੋਂ ਪਰਖ ਕਾਲ ਦਾ ਸਮਾਂ ਦੋ ਸਾਲ ਤੋਂ ਵਧਾ ਕੇ ਤਿੰਨ ਸਾਲ ਕਰ ਦਿੱਤਾ ਗਿਆ। ਇਹ ਪਟਵਾਰੀ ਮੁੱਖ ਮੰਤਰੀ ਤੋਂ ਆਪਣਾ ਕਸੂਰ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਪੰਜ ਸਾਲ ਮਗਰੋਂ ਵੀ 10 ਹਜ਼ਾਰ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਸੇਵਾਮੁਕਤ ਪਟਵਾਰੀਆਂ ਨੂੰ 25 ਹਜ਼ਾਰ ਦਿੱਤਾ ਜਾਣਾ ਹੈ।

                ਪੰਜਾਬ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਵੀ ਕਰੀਬ 1150 ਪਟਵਾਰੀ ਆਦਿ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਲਈ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਪਹਿਲ ਦੇਣ ਦੀ ਥਾਂ ਸੇਵਾਮੁਕਤ ਮੁਲਾਜ਼ਮਾਂ ਨੂੰ ਤਰਜੀਹ ਦਿੱਤੀ ਹੈ, ਜਿਸ ਨਾਲ ਬੇਰੁਜ਼ਗਾਰ ਨੌਜਵਾਨ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਚੇਤੇ ਰਹੇ ਕਿ ਪੰਜਾਬ ਵਿੱਚ ਮਾਲ ਪਟਵਾਰੀਆਂ ਦੀਆਂ 4716 ਪ੍ਰਵਾਨਿਤ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1995 ਅਸਾਮੀਆਂ ’ਤੇ ਪਟਵਾਰੀ ਕੰਮ ਕਰ ਰਹੇ ਹਨ। ਬਾਕੀ ਪਿੰਡਾਂ ਵਿੱਚ ਇਨ੍ਹਾਂ ਪਟਵਾਰੀਆਂ ਕੋਲ ਵਾਧੂ ਚਾਰਜ ਸੀ। ਪੰਜਾਬ ਭਰ ਦੇ ਪਟਵਾਰੀਆਂ ਨੇ 21 ਜੂਨ ਤੋਂ ਵਾਧੂ ਚਾਰਜ ਵਾਲੇ ਪਿੰਡਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਰੀਬ ਅੱਠ ਹਜ਼ਾਰ ਪਿੰਡ ਕਰੀਬ ਦੋ ਮਹੀਨਿਆਂ ਤੋਂ ਬਿਨਾਂ ਪਟਵਾਰੀਆਂ ਤੋਂ ਖ਼ਾਲੀ ਪਏ ਹਨ।ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾਈ ਆਗੂ ਸਤਬੀਰ ਸਿੰਘ ਜਟਾਣਾ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡੇ ਜਾਣ ਤੋਂ ਔਖੀ ਹੈ ਅਤੇ ਹੁਣ ਮੌਜੂਦਾ ਪਟਵਾਰੀਆਂ ਖ਼ਿਲਾਫ਼ ਇਹ ਨਵਾਂ ਪੱਤਾ ਖੇਡ ਰਹੀ ਹੈ, ਜਿਸ ਤਹਿਤ ਸੇਵਾਮੁਕਤ ਪਟਵਾਰੀ ਭਰਤੀ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੇਵਾਮੁਕਤ ਪਟਵਾਰੀਆਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਉਨ੍ਹਾਂ ਨੂੰ ਦੇ ਦਿੰਦੀ ਤਾਂ ਉਹ ਵਾਧੂ ਚਾਰਜ ਵਾਲਾ ਕੰਮ ਕਰਨ ਨੂੰ ਵੀ ਤਿਆਰ ਸਨ ਪਰ ਸਰਕਾਰ ਅਜਿਹਾ ਕਰ ਕੇ ਬੇਰੁਜ਼ਗਾਰਾਂ ਨਾਲ ਵੀ ਖਿਲਵਾੜ ਕਰ ਰਹੀ ਹੈ।

Wednesday, August 11, 2021

                                                     ਨੀ ਸਰਕਾਰੇ ! 
                                            ਮੈਨੂੰ ਪਟਵਾਰੀ ਬਣਾ ਦੇ...
                                                    ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਕੁੜੀਆਂ ਹੁਣ ਨਵੇਂ ਰਾਹਾਂ ’ਤੇ ਤੁਰੀਆਂ ਹਨ। ਪਟਵਾਰੀ ਬਣਨ ਲਈ ਕੁੜੀਆਂ ਨੇ ਆਪਣੀ ਰੁਚੀ ਦਿਖਾਈ ਹੈ। ਚਾਹੇ ਕਾਰਨ ਸਰਕਾਰੀ ਨੌਕਰੀ ਦਾ ਮੌਕਾ ਹੈ ਜਾਂ ਫਿਰ ਬੇਕਾਰੀ ਦਾ ਆਲਮ। ਬੀਤੇ ਦਿਨੀਂ ਪਟਵਾਰੀ ਦੀ ਭਰਤੀ ਲਈ ਜੋ ਪ੍ਰੀਖ਼ਿਆ ਹੋਈ ਹੈ, ਉਸ ਵਿੱਚ ਕਰੀਬ 44 ਫੀਸਦੀ ਕੁੜੀਆਂ ਸਨ। ਪਹਿਲਾਂ, ਪਟਵਾਰੀ ਦੀ ਨੌਕਰੀ ਸਿਰਫ ਪੁਰਸ਼ਾਂ ਤੱਕ ਮਹਿਦੂਦ ਸੀ, ਬਦਲੇ ਜ਼ਮਾਨੇ ’ਚ ਕੁੜੀਆਂ ਨੇ ਹਰ ਬੰਨੇ ਪੈਰ ਪਸਾਰੇ ਹਨ। ਪੰਜਾਬ ’ਚ ਪਟਵਾਰੀ ਦੀਆਂ ਅਸਾਮੀਆਂ ਲਈ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ, ਜਿਸ ਵਿੱਚੋਂ 1.02 ਲੱਖ ਕੁੜੀਆਂ ਹਨ। ਪੰਜਾਬੀ ਕਲਚਰ ਦੇ ਮਾਹਿਰ ਡਾ. ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਭੈਣਾਂ ਸੁੱਖ ਮੰਗਦੀਆਂ ਸਨ, ‘ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ।’ ਡਾ. ਜੋਸ਼ੀ ਆਖਦੇ ਹਨ ਕਿ ਸਮੇਂ ਦੇ ਗੇੜ ਨੇ ਲੋਕ ਸੱਭਿਆਚਾਰ ਦੇ ਮੁਖੜੇ ਵੀ ਫਿੱਕੇ ਪਾ ਦਿੱਤੇ ਹਨ। 

              ਵੇਰਵਿਆਂ ਅਨੁਸਾਰ ਪਟਵਾਰੀ ਬਣਨ ਦੀ ਇੱਛਾ ਰੱਖਣ ਵਾਲੀਆਂ ਕੁੜੀਆਂ ਵਿੱਚ ਜ਼ਿਆਦਾ ਪੇਂਡੂ ਖੇਤਰਾਂ ਨਾਲ ਸਬੰਧਤ ਹਨ। ਕੋਈ ਵੇਲਾ ਸੀ ਜਦੋਂ ਤਰਸ ਦੇ ਆਧਾਰ ਦੇ ਕੇਸਾਂ ਵਿੱਚ ਕੁੜੀਆਂ ਪਟਵਾਰੀ ਦੀ ਨੌਕਰੀ ਕਰਦੀਆਂ ਸਨ। ਸਾਬਕਾ ਕਾਨੂੰਨਗੋ ਨਿਰਮਲ ਸਿੰਘ ਜੰਗੀਰਾਣਾ ਆਖਦੇ ਹਨ ਕਿ ਉਹ ਵੇਲਾ ਗਿਆ ਜਦੋਂ ਪਟਵਾਰੀ ਨੂੰ ਗਿਰਦਾਵਰੀ ਅਤੇ ਮਿਣਤੀ ਲਈ ਖੇਤਾਂ ਵਿੱਚ ਵੱਟੋ ਵੱਟ ਤੁਰਨਾ ਪੈਂਦਾ ਸੀ, ਹੁਣ ਕੰਪਿਊਟਰੀਕਰਨ ਨੇ ਕੰਮ ਸੌਖਾ ਕੀਤਾ ਹੈ, ਜਿਸ ਕਰਕੇ ਕੁੜੀਆਂ ਲਈ ਪਟਵਾਰੀ ਦੀ ਨੌਕਰੀ ਓਪਰੀ ਤੇ ਔਖੀ ਨਹੀਂ ਰਹੀ ਹੈ। ਦੂਸਰੀ ਤਰਫ ਸਾਬਕਾ ਤਹਿਸੀਲਦਾਰ ਗੁਰਮੇਲ ਸਿੰਘ ਬਠਿੰਡਾ ਆਖਦੇ ਹਨ ਕਿ ਬੇਰੁਜ਼ਗਾਰੀ ਵਧਣ ਕਰਕੇ ਹੁਣ ਲੜਕੀਆਂ ਕੋਲ ਬਹੁਤੇ ਬਦਲ ਨਹੀਂ ਰਹੇ। ਮਲੋਟ ਦੇ ਐੱਸ.ਡੀ.ਐੱਮ ਗੋਪਾਲ ਸਿੰਘ ਆਖਦੇ ਹਨ ਕਿ ਇਸ ਰੁਝਾਨ ਨਾਲ ਮਾਲ ਮਹਿਕਮੇ ਦੀ ਛਵੀ ਬਿਹਤਰ ਬਣੇਗੀ। 

            ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ ਐਤਵਾਰ ਨੂੰ 1152 ਅਸਾਮੀਆਂ ਲਈ ਪ੍ਰੀਖ਼ਿਆ ਲਈ ਗਈ ਸੀ ਜਿਸ ਦਾ ਨਤੀਜਾ 18 ਅਗਸਤ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ। ਦੂਸਰੀ ਪ੍ਰੀਖ਼ਿਆ ਸਤੰਬਰ ਮਹੀਨੇ ’ਚ ਹੋਣ ਦੀ ਸੰਭਾਵਨਾ ਹੈ। ਪ੍ਰੀਖ਼ਿਆ ਦੇ ਸਬੰਧ ਵਿੱਚ 14 ਅਗਸਤ ਤੱਕ ਬੋਰਡ ਨੇ ਇਤਰਾਜ਼ ਮੰਗੇ ਹਨ। ਗਿਣਤੀ ਦੇ ਲਿਹਾਜ਼ ਨਾਲ ਦੇਖੀਏ ਤਾਂ ਪਟਵਾਰੀ ਦੀ ਇੱਕ ਅਸਾਮੀ ਪਿੱਛੇ ਔਸਤਨ 203 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ।ਜਾਣਕਾਰੀ ਅਨੁਸਾਰ ਪ੍ਰੀਖ਼ਿਆ ਵਿੱਚ 1.75 ਲੱਖ ਉਮੀਦਵਾਰ ਹੀ ਬੈਠੇ ਹਨ ਜਦੋਂ ਕਿ 59 ਹਜ਼ਾਰ ਉਮੀਦਵਾਰ ਗੈਰਹਾਜ਼ਰ ਰਹੇ ਹਨ। ਪਤਾ ਲੱਗਾ ਹੈ ਕਿ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਇਨ੍ਹਾਂ ਅਸਾਮੀਆਂ ਲਈ ਅਪਲਾਈ ਫੀਸ ਤੋਂ ਕਰੀਬ 12 ਕਰੋੜ ਰੁਪਏ ਪ੍ਰਾਪਤ ਹੋਏ ਹਨ। ਜਨਰਲ ਸ਼੍ਰੇਣੀ ਲਈ ਇੱਕ ਹਜ਼ਾਰ ਅਤੇ ਐੱਸਸੀ/ਬੀਸੀ ਲਈ 250 ਰੁਪਏ ਫ਼ੀਸ ਰੱਖੀ ਗਈ ਸੀ।

                                             ਪਟਵਾਰਪੁਣੇ ਵਿੱਚ ਦੋਆਬੀਏ ਪਛੜੇ

ਜਾਣਕਾਰੀ ਅਨੁਸਾਰ ਪਟਵਾਰੀ ਬਣਨ ਦੇ ਇੱਛੁਕਾਂ ’ਚ ਜ਼ਿਆਦਾ ਮਲਵਈ ਉਮੀਦਵਾਰ ਹਨ ਜਦੋਂਕਿ ਦੋਆਬੇ ਨੇ ਬਹੁਤੀ ਰੁਚੀ ਨਹੀਂ ਦਿਖਾਈ ਹੈ। ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਪਟਿਆਲਾ ਜ਼ਿਲ੍ਹੇ ਦੇ 21,567 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ ਜਦੋਂਕਿ ਦੂਜੇ ਨੰਬਰ ’ਤੇ ਸੰਗਰੂਰ ਦੇ 19,974 ਉਮੀਦਵਾਰ ਸਨ। ਬਠਿੰਡਾ ਜ਼ਿਲ੍ਹਾ 18,126 ਉਮੀਦਵਾਰਾਂ ਨਾਲ ਤੀਜੇ ਨੰਬਰ ’ਤੇ ਰਿਹਾ ਜਦੋਂਕਿ ਫਾਜ਼ਿਲਕਾ 17,625 ਉਮੀਦਵਾਰਾਂ ਨਾਲ ਚੌਥੇ ਨੰਬਰ ’ਤੇ ਰਿਹਾ ਹੈ। ਮਾਨਸਾ ਵਿੱਚੋਂ 12,336 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਨਵਾਂ ਸ਼ਹਿਰ ਜ਼ਿਲ੍ਹੇ ਵਿੱਚੋਂ ਸਿਰਫ਼ 2667 ਅਤੇ ਕਪੂਰਥਲਾ ਜ਼ਿਲ੍ਹੇ ਵਿੱਚੋਂ ਕੇਵਲ 2183 ਉਮੀਦਵਾਰਾਂ ਨੇ ਇਸ ਅਸਾਮੀ ਲਈ ਅਪਲਾਈ ਕੀਤਾ ਸੀ। ਜਲੰਧਰ ਜ਼ਿਲ੍ਹੇ ਵਿੱਚੋਂ 7141 ਉਮੀਦਵਾਰਾਂ ਅਤੇ ਮੋਗਾ ਵਿੱਚੋਂ 4236 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। 

Wednesday, January 9, 2019

                         ਬਦਲਦਾ ਜ਼ਮਾਨਾ 
       ਇੱਕ ਧੀ ਮੁਨਸ਼ੀ ਤੇ ਦੂਜੀ ਪਟਵਾਰੀ
                          ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਦੀਆਂ ਧੀਆਂ ਨੇ ਇਹ ਨਵੀਂ ਪੁਲਾਂਘ ਪੁੱਟੀ ਹੈ। ਇੱਕ ਧੀ ਮੁਨਸ਼ੀ ਤੇ ਇੱਕ ਪਟਵਾਰੀ। ਧੀਆਂ ਪਾਈਲਟ ਤਾਂ ਬਣੀਆਂ ਹੀ ਹਨ। ਹੁਣ ਜ਼ਮੀਨਾਂ ਦੀ ਮਿਣਤੀ ਤੇ ਤਕਸੀਮਾਂ ਦਾ ਖ਼ਾਕਾ ਵੀ ਕੁੜੀਆਂ ਵਾਹੁਣਗੀਆਂ। ਪੰਜਾਬ ਦੇ ਪਟਵਾਰ ਘਰਾਂ ਵਿਚ ਹੁਣ ਕੁੜੀਆਂ ਬੈਠਣਗੀਆਂ। ਉਹ ਵੀ ਉਚੇਰੀ ਪੜਾਈ ਵਾਲੀਆਂ। ਪੰਜਾਬ ਸਰਕਾਰ ਤਰਫ਼ੋਂ ਜੋ ਪਟਵਾਰੀਆਂ ਦੀ ਨਵੀਂ ਭਰਤੀ ਕੀਤੀ ਗਈ ਹੈ, ਉਸ ਵਿਚ 110 ਕੁੜੀਆਂ ਪਟਵਾਰੀ ਵਜੋਂ ਭਰਤੀ ਹੋਈਆਂ ਹਨ। ਕੋਈ ਕੁੜੀ ਐਮ.ਟੈੱਕ ਹੈ ਤੇ ਕੋਈ ਪੀ.ਐਚ.ਡੀ ਕਰ ਰਹੀ ਹੈ। ਇਨ੍ਹਾਂ ਕੁੜੀਆਂ ਨੂੰ ਸਿਖਲਾਈ ਮੁਕੰਮਲ ਹੋਣ ਮਗਰੋਂ ਨਿਯੁਕਤੀ ਪੱਤਰ ਮਿਲ ਗਏ ਹਨ। ਆਉਂਦੇ ਦਿਨਾਂ ’ਚ ਕਈ ਪਿੰਡਾਂ ਦੇ ਪਟਵਾਰ ਘਰਾਂ ਵਿਚ ਕੁੜੀਆਂ ਨਜ਼ਰ ਪੈਣਗੀਆਂ। ਪੁਰਾਣੇ ਵੇਲਿਆਂ ’ਚ ਇਹ ਬੋਲ ਕੰਨਾਂ ’ਚ ਗੂੰਜਦੇ ਹੁੰਦੇ ਸਨ ‘ ਦੋ ਵੀਰ ਦੇਈਂ ਵੇ ਰੱਬਾ, ਇੱਕ ਮੁਨਸ਼ੀ ਤੇ ਇੱਕ ਪਟਵਾਰੀ’। ਵਕਤ ਨੇ ਮੁਹਾਣ ਬਦਲੇ ਹਨ ਤੇ ਮੁਟਿਆਰਾਂ ਨੇ ਵੀ ਨਵੇਂ ਰਾਹਾਂ ’ਤੇ ਪੈਰ ਰੱਖਣੇ ਸ਼ੁਰੂ ਕੀਤੇ ਹਨ। ਪੰਜਾਬ ਵਿਚ ਪਹਿਲੀ ਦਫ਼ਾ ਪਟਵਾਰੀ ਲੱਗਣ ਵਾਸਤੇ ਕੁੜੀਆਂ ਨਿੱਤਰੀਆਂ ਹਨ। ਉਂਜ, ਤਰਸ ਦੇ ਆਧਾਰ ’ਤੇ ਕੱੁਝ ਕੁੜੀਆਂ ਪਹਿਲਾਂ ਵੀ ਪਟਵਾਰ ਘਰਾਂ ਵਿਚ ਪੁੱਜੀਆਂ ਸਨ। ਨਵੀਂ ਭਰਤੀ ਵਜੋਂ ਕੁੜੀਆਂ ਪਹਿਲੀ ਵਾਰ ਪਟਵਾਰ ਘਰਾਂ ਵੱਲ ਤੁਰੀਆਂ ਹਨ।
                ਪੰਜਾਬ ਸਰਕਾਰ ਵੱਲੋਂ 1227  ਪਟਵਾਰੀ ਨਿਯੁਕਤ ਕਰਨ ਵਾਸਤੇ 2016 ’ਚ ਪ੍ਰਕਿਰਿਆ ਸ਼ੁਰੂ ਕੀਤੀ ਗਈ। ਕਰੀਬ 65000 ਉਮੀਦਵਾਰਾਂ ਦੀ ਮੈਰਿਟ ਸੂਚੀ ਬਣੀ। ਨਿਯੁਕਤੀ ਮਗਰੋਂ ਇਨ੍ਹਾਂ ਉਮੀਦਵਾਰਾਂ ਨੇ ਇੱਕ ਵਰ੍ਹਾ ‘ਸਟੇਟ ਪਟਵਾਰ ਸਕੂਲ ਜਲੰਧਰ’ ਅਤੇ ਦਰਜਨ ਜ਼ਿਲ੍ਹਿਆਂ ਵਿਚ ਬਣਾਏ ਆਰਜ਼ੀ ਪਟਵਾਰ ਸਕੂਲਾਂ ਵਿਚ ਸਿਖਲਾਈ ਲਈ। ਉਸ ਮਗਰੋਂ ਛੇ ਮਹੀਨੇ ਫ਼ੀਲਡ ਵਿਚ ਸਿਖਲਾਈ ਲਈ। ਹੁਣ ਇਨ੍ਹਾਂ ਉਮੀਦਵਾਰਾਂ ਨੂੰ ਸਟੇਸ਼ਨਾਂ ਦੀ ਅਲਾਟਮੈਂਟ ਕੀਤੀ ਜਾਣ ਲੱਗੀ ਹੈ। ਇਨ੍ਹਾਂ ਉਮੀਦਵਾਰਾਂ ਵਿਚ 110 ਕੁੜੀਆਂ ਵੀ ਸ਼ਾਮਿਲ ਹਨ, ਜੋ ਉੱਚ ਸਿੱਖਿਆ ਹਾਸਲ ਹਨ। ਬਠਿੰਡਾ ਜ਼ਿਲ੍ਹੇ ਵਿਚ 11 ਅਤੇ ਮੋਗਾ ਜ਼ਿਲ੍ਹੇ ਵਿਚ ਤਿੰਨ ਕੁੜੀਆਂ ਨੂੰ ਨਿਯੁਕਤੀ ਪੱਤਰ ਮਿਲੇ ਹਨ। ਬਠਿੰਡਾ ਦੀ ਗਲੈਕਸੀ ਬਾਂਸਲ ਹੁਣ ਪੀ.ਐੱਚ.ਡੀ ਕਰ ਰਹੀ ਹੈ ਜੋ ਪਟਵਾਰੀ ਵਜੋਂ ਤਾਇਨਾਤ ਕੀਤੀ ਗਈ ਹੈ। ਪੋਸਟ ਗਰੈਜੂਏਟ ਲੜਕੀ ਅਨੂਪਜੀਤ ਕੌਰ ਨੇ ਹੁਣ ਸਿਖਲਾਈ ਮੁਕੰਮਲ ਕੀਤੀ ਹੈ। ਮੁਕਤਸਰ ਦੇ ਪਿੰਡ ਕਾਉਣੀ ਦਾ ਨਵ ਨਿਯੁਕਤ ਪਟਵਾਰੀ ਰੁਪਿੰਦਰ ਸਿੰਘ ਵੀ ਪੀ.ਐੱਚ.ਡੀ ਕਰ ਰਿਹਾ ਹੈ। ਅੰਮ੍ਰਿਤਸਰ ਜ਼ਿਲ੍ਹੇ ਦਾ ਨਵ ਨਿਯੁਕਤ ਪਟਵਾਰੀ ਸ੍ਰੀ ਮਹਾਜਨ ਵੀ ਜਲੰਧਰ ਤੋਂ ਪੀ.ਐੱਚ.ਡੀ ਕਰ ਰਿਹਾ ਹੈ।
               ਮਾਲ ਰਿਕਾਰਡ ਵਿਭਾਗ ਜਲੰਧਰ ਦੇ ਡਿਪਟੀ ਡਾਇਰੈਕਟਰ ਸੰਜੀਵ ਸ਼ਰਮਾ ਨੇ ਮੋਟੇ ਅੰਦਾਜ਼ੇ ਨਾਲ ਦੱਸਿਆ ਕਿ ਨਵੀਂ ਭਰਤੀ ਵਿਚ ਕਰੀਬ 65 ਫ਼ੀਸਦੀ ਤਾਂ ਬੀ.ਟੈੱਕ ਅਤੇ ਐਮ.ਟੈੱਕ ਨਵ ਨਿਯੁਕਤ ਪਟਵਾਰੀ ਹਨ। ਕਰੀਬ ਢਾਈ ਦਹਾਕੇ ਮਗਰੋਂ ਨਵੀਂ ਭਰਤੀ ਹੋਈ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਕਰੀਬ 110 ਕੁੜੀਆਂ ਵੀ ਹਨ।  ਸੇਵਾ ਮੁਕਤ ਕਾਨੂੰਗੋ ਨਿਰਮਲ ਸਿੰਘ ਜੰਗੀਰਾਣਾ ਨੇ ਦੱਸਿਆ ਕਿ ਪੁਰਾਣੇ ਸਮਿਆਂ ਵਿਚ ਏਦਾ ਨਹੀਂ ਹੁੰਦਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ ਤੇ ਕੁੜੀਆਂ ਲਈ ਹਰ ਪਾਸੇ ਰਾਹ ਖੁੱਲ੍ਹੇ ਹਨ। ਮਹਿਲਾ ਆਗੂ ਮੁਖ਼ਤਿਆਰ ਕੌਰ ਬੱਲ੍ਹੋ ਨੇ ਇਸ ਨੂੰ ਚੰਗੀ ਸ਼ੁਰੂਆਤ ਦੱਸਿਆ ਕਿ ਪਟਵਾਰ ਘਰਾਂ ਵਿਚ ਹੁਣ ਪੇਂਡੂ ਅੌਰਤਾਂ ਨੂੰ ਵੀ ਕੰਮ ਕਾਰਾਂ ਲਈ ਥੋੜ੍ਹੀ ਸੌਖ ਹੋਵੇਗੀ। ਦੱਸਣਯੋਗ ਹੈ ਕਿ ਪੰਜਾਬ ਪੁਲੀਸ ਨੇ ਵੀ ਥਾਣਿਆਂ ’ਚ ਮੱੁਢਲੇ ਪੜਾਅ ’ਤੇ ਸਹਾਇਕ ਮੁਨਸ਼ੀ ਵਜੋਂ ਮਹਿਲਾ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਹੈ।
       ਬਹੁਤੇ ਥਾਣਿਆਂ ਵਿਚ ਨਵੀਆਂ ਮਹਿਲਾਂ ਮੁਲਾਜ਼ਮਾਂ ਸਹਾਇਕ ਮੁਨਸ਼ੀ ਵਜੋਂ ਕੰਮ ਕਰ ਰਹੀਆਂ ਹਨ। ਬਠਿੰਡਾ ਦੇ ਦਰਜਨ ਥਾਣਿਆਂ ਵਿਚ ਮਹਿਲਾ ਮੁਲਾਜ਼ਮ ਸਹਾਇਕ ਮੁਨਸ਼ੀ ਵਜੋਂ ਤਾਇਨਾਤ ਹਨ। ਵੇਖਣ ਵਿਚ ਮਿਲਿਆ ਹੈ ਕਿ ਪਟਵਾਰੀ ਅਤੇ ਮਹਿਲਾ ਪੁਲੀਸ ਮੁਲਾਜ਼ਮ ਵਜੋਂ ਤਾਇਨਾਤ ਕੁੜੀਆਂ ਆਮ ਘਰਾਂ ਦੀਆਂ ਹਨ ਜਿਨ੍ਹਾਂ ਨੂੰ ਮੁਨਸ਼ੀ ਤੇ ਪਟਵਾਰੀ ਲੱਗਣ ਦਾ ਮਾਣ ਵੀ ਮਿਲਿਆ ਹੈ। ਵੱਡੀ ਗੱਲ ਕਿ ਬਹੁਤੀਆਂ ਲੜਕੀਆਂ ਉਚੇਰੀ ਸਿੱਖਿਆ ਹਾਸਲ ਹਨ।
                           ਢਾਈ ਸੌ ਨੇ ਨੌਕਰੀ ਛੱਡੀ
ਭਰਤੀ ਕੀਤੇ ਨਵ ਨਿਯੁਕਤ ਪਟਵਾਰੀਆਂ ਚੋਂ ਕਰੀਬ 250 ਪਟਵਾਰੀ ਸਿਖਲਾਈ ਮੁਕੰਮਲ ਹੋਣ ਤੋਂ ਪਹਿਲਾਂ ਹੀ ਨੌਕਰੀ ਛੱਡ ਗਏ ਹਨ। ਪੰਜਾਬ ਸਰਕਾਰ ਨੇ ਕਰੀਬ ਤਿੰਨ ਵਰੇ੍ਹ ਤਾਂ ਪ੍ਰਕਿਰਿਆ ਵਿਚ ਹੀ ਕੱਢ ਦਿੱਤੇ ਅਤੇ ਇਸੇ ਦੌਰਾਨ ਬਹੁਤੇ ਉਮੀਦਵਾਰਾਂ ਨੇ ਹੋਰਨਾਂ ਵਿਭਾਗਾਂ ਵਿਚ ਨੌਕਰੀਆਂ ਹਾਸਲ ਕਰ ਲਈਆਂ। ਉਨ੍ਹਾਂ ਨੇ ਪਟਵਾਰੀ ਦੀ ਨੌਕਰੀ ਨੂੰ ਤਰਜੀਹ ਨਹੀਂ ਦਿੱਤੀ।