ਘਰ-ਘਰ ਰੁਜ਼ਗਾਰ
ਸੇਵਾਮੁਕਤ ਪਟਵਾਰੀ ਤਾਂ ਕਿਸਮਤ ਵਾਲੇ ਨਿਕਲੇ
ਚਰਨਜੀਤ ਭੁੱਲਰ
ਚੰਡੀਗੜ੍ਹ : ਕੈਪਟਨ ਸਰਕਾਰ ਨੇ ਆਪਣੇ ਦਰਵਾਜ਼ੇ ਸੇਵਾਮੁਕਤ ਪਟਵਾਰੀਆਂ/ਕਾਨੂੰਨਗੋਜ਼ ਲਈ ਖੋਲ੍ਹ ਦਿੱਤੇ ਹਨ। ਮਾਲ ਮਹਿਕਮਾ ਇਨ੍ਹਾਂ ਸੇਵਾਮੁਕਤ ਮੁਲਾਜ਼ਮਾਂ ਨੂੰ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਠੇਕੇ ’ਤੇ ਭਰਤੀ ਕਰੇਗਾ, ਜਦੋਂਕਿ ਪੰਜ ਵਰ੍ਹੇ ਪਹਿਲਾਂ ਭਰਤੀ ਕੀਤੇ ਪਟਵਾਰੀ ਸਿਰਫ਼ ਦਸ ਹਜ਼ਾਰ ਰੁਪਏ ਮਹੀਨਾ ’ਤੇ ਕੰਮ ਕਰ ਰਹੇ ਹਨ। ‘ਘਰ-ਘਰ ਰੁਜ਼ਗਾਰ’ ਉਡੀਕ ਰਹੇ ਨੌਜਵਾਨਾਂ ਤੋਂ ਸਰਕਾਰ ਨੇ ਨਵੇਂ ਮੌਕੇ ਖੋਹ ਲਏ ਹਨ। ਮਾਲ ਤੇ ਪੁਨਰਵਾਸ ਵਿਭਾਗ ਨੇ ਅੱਜ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਜਾਰੀ ਕੀਤਾ ਹੈ, ਜਿਸ ਮੁਤਾਬਕ ਸੂਬੇ ਵਿੱਚ ਸਰਕਾਰ ਨੇ 1766 ਮਾਲ ਪਟਵਾਰੀ ਭਰਤੀ ਕਰਨੇ ਹਨ, ਜੋ ਪਹਿਲਾਂ ਸੇਵਾਮੁਕਤ ਹੋ ਚੁੱਕੇ ਹਨ।ਸਰਕਾਰੀ ਪੱਤਰ ਅਨੁਸਾਰ ਪੰਜਾਬ ਸਰਕਾਰ ਨੇ ਇਸ ਪਿੱਛੇ ਤਰਕ ਦਿੱਤਾ ਹੈ ਕਿ ਪੰਜਾਬ ਵਿੱਚ ਪਟਵਾਰੀਆਂ ਦੀ ਘਾਟ ਹੈ, ਜਿਸ ਕਰਕੇ ਸੇਵਾਮੁਕਤ ਪਟਵਾਰੀ ਤੇ ਕਾਨੂੰਨਗੋਜ਼ ਨੂੰ 31 ਜੁਲਾਈ, 2022 ਤੱਕ ਜਾਂ ਫਿਰ ਰੈਗੂਲਰ ਭਰਤੀ ਹੋਣ ਤੱਕ ਠੇਕੇ ’ਤੇ ਰੱਖਿਆ ਜਾਵੇਗਾ। ਇਸ ਭਰਤੀ ਲਈ 64 ਸਾਲ ਤੱਕ ਦੀ ਉਮਰ ਵਾਲਾ ਸੇਵਾਮੁਕਤ ਮੁਲਾਜ਼ਮ ਰੱਖਿਆ ਜਾਣਾ ਹੈ, ਜਿਸ ਨੂੰ ਪ੍ਰਤੀ ਮਹੀਨਾ 25 ਹਜ਼ਾਰ ਰੁਪਏ ਤਨਖ਼ਾਹ ਮਿਲੇਗੀ। ਸਾਫ਼-ਸੁਥਰੇ ਰਿਕਾਰਡ ਵਾਲੇ ਪਟਵਾਰੀ ਤੇ ਕਾਨੂੰਨਗੋਆਂ ਨੂੰ ਮੁੜ ਰੁਜ਼ਗਾਰ ਦਿੱਤਾ ਜਾਣਾ ਹੈ।
ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰਾਂ ਨੂੰ ਫ਼ੌਰੀ ਇਹ ਭਰਤੀ ਸ਼ੁਰੂ ਕਰਨ ਵਾਸਤੇ ਹਦਾਇਤ ਕੀਤੀ ਹੈ। ਡਿਪਟੀ ਕਮਿਸ਼ਨਰਾਂ ਦੀ ਅਗਵਾਈ ਹੇਠ ਇਸ ਭਰਤੀ ਲਈ ਜ਼ਿਲ੍ਹਾ ਪੱਧਰ ’ਤੇ ਕਮੇਟੀ ਬਣੇਗੀ, ਜੋ ਅਰਜ਼ੀਆਂ ਪ੍ਰਾਪਤ ਕਰ ਕੇ ਸੇਵਾਮੁਕਤ ਪਟਵਾਰੀ ਤੇ ਕਾਨੂੰਨਗੋਜ਼ ਨੂੰ ਮੁੜ ਰੁਜ਼ਗਾਰ ਦੇਵੇਗੀ।ਵੇਰਵਿਆਂ ਅਨੁਸਾਰ ਲੁਧਿਆਣਾ ਵਿੱਚ 252, ਗੁਰਦਾਸਪੁਰ ’ਚ 112, ਮੋਗਾ ’ਚ 109, ਨਵਾਂ ਸ਼ਹਿਰ ’ਚ 125, ਸੰਗਰੂਰ ’ਚ 191, ਜਲੰਧਰ ’ਚ 221, ਰੋਪੜ ’ਚ 72, ਬਠਿੰਡਾ ’ਚ 36 ਅਤੇ ਫ਼ਿਰੋਜ਼ਪੁਰ ਵਿੱਚ 78 ਸੇਵਾਮੁਕਤ ਪਟਵਾਰੀ ਭਰਤੀ ਕੀਤੇ ਜਾਣੇ ਹਨ। ਦੂਸਰੀ ਤਰਫ਼ ਜਿਹੜੇ 1227 ਪਟਵਾਰੀ ਪੰਜ ਸਾਲ ਪਹਿਲਾਂ ਭਰਤੀ ਕੀਤੇ ਗਏ ਸਨ, ਉਨ੍ਹਾਂ ਨੂੰ ਸਰਕਾਰ ਹਾਲੇ ਵੀ 10 ਹਜ਼ਾਰ ਰੁਪਏ ਤਨਖ਼ਾਹ ਦੇ ਰਹੀ ਹੈ। ਉਨ੍ਹਾਂ ਨੂੰ ਡੇਢ ਸਾਲ ਸਿਖਲਾਈ ਦੌਰਾਨ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਗਿਆ। ਉਸ ਮਗਰੋਂ ਪਰਖ ਕਾਲ ਦਾ ਸਮਾਂ ਦੋ ਸਾਲ ਤੋਂ ਵਧਾ ਕੇ ਤਿੰਨ ਸਾਲ ਕਰ ਦਿੱਤਾ ਗਿਆ। ਇਹ ਪਟਵਾਰੀ ਮੁੱਖ ਮੰਤਰੀ ਤੋਂ ਆਪਣਾ ਕਸੂਰ ਪੁੱਛ ਰਹੇ ਹਨ ਕਿ ਉਨ੍ਹਾਂ ਨੂੰ ਪੰਜ ਸਾਲ ਮਗਰੋਂ ਵੀ 10 ਹਜ਼ਾਰ ਤਨਖ਼ਾਹ ਮਿਲ ਰਹੀ ਹੈ, ਜਦੋਂਕਿ ਸੇਵਾਮੁਕਤ ਪਟਵਾਰੀਆਂ ਨੂੰ 25 ਹਜ਼ਾਰ ਦਿੱਤਾ ਜਾਣਾ ਹੈ।
ਪੰਜਾਬ ਸਰਕਾਰ ਵੱਲੋਂ ਅਧੀਨ ਸੇਵਾਵਾਂ ਚੋਣ ਬੋਰਡ ਰਾਹੀਂ ਵੀ ਕਰੀਬ 1150 ਪਟਵਾਰੀ ਆਦਿ ਭਰਤੀ ਕੀਤੇ ਜਾ ਰਹੇ ਹਨ, ਜਿਨ੍ਹਾਂ ਲਈ 2.34 ਲੱਖ ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਪੰਜਾਬ ਸਰਕਾਰ ਨੇ ਬੇਰੁਜ਼ਗਾਰਾਂ ਨੂੰ ਪਹਿਲ ਦੇਣ ਦੀ ਥਾਂ ਸੇਵਾਮੁਕਤ ਮੁਲਾਜ਼ਮਾਂ ਨੂੰ ਤਰਜੀਹ ਦਿੱਤੀ ਹੈ, ਜਿਸ ਨਾਲ ਬੇਰੁਜ਼ਗਾਰ ਨੌਜਵਾਨ ਠੱਗੇ ਹੋਏ ਮਹਿਸੂਸ ਕਰ ਰਹੇ ਹਨ। ਚੇਤੇ ਰਹੇ ਕਿ ਪੰਜਾਬ ਵਿੱਚ ਮਾਲ ਪਟਵਾਰੀਆਂ ਦੀਆਂ 4716 ਪ੍ਰਵਾਨਿਤ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 1995 ਅਸਾਮੀਆਂ ’ਤੇ ਪਟਵਾਰੀ ਕੰਮ ਕਰ ਰਹੇ ਹਨ। ਬਾਕੀ ਪਿੰਡਾਂ ਵਿੱਚ ਇਨ੍ਹਾਂ ਪਟਵਾਰੀਆਂ ਕੋਲ ਵਾਧੂ ਚਾਰਜ ਸੀ। ਪੰਜਾਬ ਭਰ ਦੇ ਪਟਵਾਰੀਆਂ ਨੇ 21 ਜੂਨ ਤੋਂ ਵਾਧੂ ਚਾਰਜ ਵਾਲੇ ਪਿੰਡਾਂ ਦਾ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਰੀਬ ਅੱਠ ਹਜ਼ਾਰ ਪਿੰਡ ਕਰੀਬ ਦੋ ਮਹੀਨਿਆਂ ਤੋਂ ਬਿਨਾਂ ਪਟਵਾਰੀਆਂ ਤੋਂ ਖ਼ਾਲੀ ਪਏ ਹਨ।ਰੈਵੇਨਿਊ ਪਟਵਾਰ ਯੂਨੀਅਨ ਦੇ ਸੂਬਾਈ ਆਗੂ ਸਤਬੀਰ ਸਿੰਘ ਜਟਾਣਾ ਨੇ ਕਿਹਾ ਕਿ ਅਸਲ ਵਿੱਚ ਸਰਕਾਰ ਪਟਵਾਰੀਆਂ ਵੱਲੋਂ ਵਾਧੂ ਚਾਰਜ ਛੱਡੇ ਜਾਣ ਤੋਂ ਔਖੀ ਹੈ ਅਤੇ ਹੁਣ ਮੌਜੂਦਾ ਪਟਵਾਰੀਆਂ ਖ਼ਿਲਾਫ਼ ਇਹ ਨਵਾਂ ਪੱਤਾ ਖੇਡ ਰਹੀ ਹੈ, ਜਿਸ ਤਹਿਤ ਸੇਵਾਮੁਕਤ ਪਟਵਾਰੀ ਭਰਤੀ ਕੀਤੇ ਜਾਣੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸੇਵਾਮੁਕਤ ਪਟਵਾਰੀਆਂ ਨੂੰ ਦਿੱਤੀ ਜਾਣ ਵਾਲੀ ਤਨਖ਼ਾਹ ਉਨ੍ਹਾਂ ਨੂੰ ਦੇ ਦਿੰਦੀ ਤਾਂ ਉਹ ਵਾਧੂ ਚਾਰਜ ਵਾਲਾ ਕੰਮ ਕਰਨ ਨੂੰ ਵੀ ਤਿਆਰ ਸਨ ਪਰ ਸਰਕਾਰ ਅਜਿਹਾ ਕਰ ਕੇ ਬੇਰੁਜ਼ਗਾਰਾਂ ਨਾਲ ਵੀ ਖਿਲਵਾੜ ਕਰ ਰਹੀ ਹੈ।
No comments:
Post a Comment