ਪਿੰਡ ਜਾਗੇ
ਰੁਕੋ ! ਅੱਗੇ ਖ਼ਤਰਾ ਹੈ...
ਚਰਨਜੀਤ ਭੁੱਲਰ
ਚੰਡੀਗੜ੍ਹ : ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੀ ਕਿਸਾਨ ਜੰਗ ਹੁਣ ਪੰਜਾਬ ’ਚ ਨਵੀਂ ਸਵੇਰ ਦਾ ਸੁਨੇਹਾ ਬਣਨ ਲੱਗੀ ਹੈ, ਜਿਸ ਤਹਿਤ ਪਿੰਡ-ਪਿੰਡ ਜੂਹਾਂ ’ਤੇ ‘ਚਿਤਾਵਨੀ ਬੋਰਡ’ ਲੱਗਣ ਲੱਗੇ ਹਨ। ਇਸ ਪਾਸੇ ਮਲਵਈ ਪਿੰਡਾਂ ਨੇ ਪਹਿਲਕਦਮੀ ਦਿਖਾਉਂਦਿਆਂ ਕਰੀਬ 10 ਫ਼ੀਸਦੀ ਪਿੰਡਾਂ ਵਿੱਚ ਸਿਆਸੀ ਧਿਰਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਏ ਜਾਣ ਦੇ ਫ਼ੈਸਲੇ ਲਏ ਹਨ। ਚਿਰਾਂ ਦੀ ਔਖ ਹੁਣ ਉੱਭਰ ਕੇ ਬਾਹਰ ਆਉਣ ਲੱਗੀ ਹੈ। ਮਾਲਵੇ ਦੇ ਕਰੀਬ ਸਵਾ ਸੌ ਪਿੰਡਾਂ ਵਿੱਚ ਸਿਆਸੀ ਆਗੂਆਂ ਲਈ ‘ਚਿਤਾਵਨੀ ਬੋਰਡ’ ਲੱਗੇ ਹਨ। ਕਿਤੇ ਸਭਨਾਂ ਨੇਤਾਵਾਂ ਦੇ ਬਾਈਕਾਟ ਦੀ ਗੱਲ ਕਹੀ ਗਈ ਹੈ ਅਤੇ ਕਿਧਰੇ ਆਗੂਆਂ ਨੂੰ ਪਿੰਡ ਦੀ ਜੂਹ ’ਚ ਪੈਰ ਨਾ ਪਾਉਣ ਦੀ ਨਸੀਹਤ ਦਿੱਤੀ ਗਈ ਹੈ।ਵੇਰਵਿਆਂ ਅਨੁਸਾਰ ‘ਚੌਕਸੀ ਬੋਰਡ’ ਲਾਉਣ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ ਹੁਣ ਤੱਕ 26 ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਬਾਈਕਾਟ ਦਾ ਫ਼ੈਸਲਾ ਹੋ ਚੁੱਕਾ ਹੈ। ਪਿੰਡ ਜੰਗੀਰਾਣਾ ਵਿੱਚ ਤਾਂ ਆਗੂਆਂ ਨੂੰ ਪੋਸਟਰ ਲਾਏ ਜਾਣ ਦੀ ਵੀ ਮਨਾਹੀ ਹੈ। ਇਸ ਪਿੰਡ ਵਿੱਚ ਕੋਈ ਸਿਆਸੀ ਪੋਸਟਰ ਲਾ ਗਿਆ ਸੀ ਤਾਂ ਕਿਸਾਨ ਆਗੂਆਂ ਨੇ ਤਾੜਨਾ ਕਰਕੇ ਉਤਾਰ ਦਿੱਤਾ।
ਬਠਿੰਡਾ ਦੇ ਪਿੰਡ ਨੰਗਲਾ, ਬਹਿਮਣ ਜੱਸਾ ਸਿੰਘ, ਜਿਉਂਦ, ਕਲਾਲਵਾਲਾ, ਬੁਰਜ ਮਹਿਮਾ, ਫੁੱਲੋਮਿੱਠੀ ਅਤੇ ਚੱਠੇਵਾਲਾ ਸਮੇਤ ਹੋਰ ਪਿੰਡਾਂ ’ਚ ਅਜਿਹੇ ਫ਼ੈਸਲੇ ਹੋਏ ਹਨ। ਮਾਨਸਾ ਜ਼ਿਲ੍ਹੇ ’ਚ ਹੁਣ ਤੱਕ 23 ਪਿੰਡਾਂ ਵਿੱਚ ‘ਚਿਤਾਵਨੀ ਬੋਰਡ’ ਲੱਗੇ ਹਨ। ਪਿੰਡ ਗੋਬਿੰਦਪੁਰਾ ਦੇ ਕਿਸਾਨ ਨੇਤਾ ਮੇਜਰ ਸਿੰਘ ਆਖਦੇ ਹਨ ਕਿ ਪੇਂਡੂ ਜਵਾਨੀ ਤੇ ਕਿਸਾਨੀ ’ਚ ਸਭਨਾਂ ਸਿਆਸਤਦਾਨਾਂ ਪ੍ਰਤੀ ਬਹੁਤ ਗ਼ੁੱਸਾ ਹੈ ਕਿ ਉਨ੍ਹਾਂ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਸਿਰਫ਼ ਭਾਜਪਾ ਆਗੂਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਅਤੇ ਬਾਕੀ ਸਿਆਸੀ ਧਿਰਾਂ ਨੂੰ ਸਿਰਫ਼ ਸੁਆਲ ਪੁੱਛਣ ਤੱਕ ਦੀ ਗੱਲ ਆਖੀ ਸੀ। ਪਿੰਡ ਏਨੇ ਜਾਗ ਪਏ ਹਨ ਕਿ ਖ਼ਾਸ ਕਰਕੇ ਨੌਜਵਾਨ ਤਬਕਾ ਸਿਆਸੀ ਧਿਰਾਂ ਤੋਂ ਔਖ ਵਿੱਚ ਹੈ। ਬਰਨਾਲਾ ਜ਼ਿਲ੍ਹੇ ਦੇ ਕਰੀਬ 15 ਪਿੰਡਾਂ ਵਿੱਚ ਲੋਕਾਂ ਨੇ ਇਕੱਠ ਕਰਕੇ ਮਤੇ ਪਾਏ ਹਨ ਅਤੇ ਪਿੰਡ ਦੇ ਮੁੱਖ ਰਸਤਿਆਂ ’ਤੇ ਫਲੈਕਸ ਲਾਏ ਹਨ ਤਾਂ ਜੋ ਕੋਈ ਆਗੂ ਪਿੰਡ ਵਿੱਚ ਦਾਖਲ ਹੋਣ ਦੀ ਹਿੰਮਤ ਨਾ ਦਿਖਾ ਸਕੇ। ਪਿੰਡ ਜੋਧਪੁਰ ਵਿੱਚ ਬੀਕੇਯੂ (ਕਾਦੀਆ) ਅਤੇ ਡਕੌਂਦਾ ਗਰੁੱਪ ਨੇ ਮੀਟਿੰਗ ਕਰਕੇ ਸਿਆਸੀ ਧਿਰਾਂ ਦੇ ਬਾਈਕਾਟ ਦਾ ਮਤਾ ਪਾਇਆ ਹੈ। ਕਿਸਾਨ ਆਗੂ ਊਧਮ ਸਿੰਘ ਆਖਦਾ ਹੈ ਕਿ ਜਦੋਂ ਤੋਂ ਫ਼ੈਸਲਾ ਹੋਇਆ ਹੈ, ਉਦੋਂ ਤੋਂ ਕਿਸੇ ਨੇਤਾ ਨੇ ਪਿੰਡ ਵੱਲ ਮੂੰਹ ਨਹੀਂ ਕੀਤਾ।
ਮੁਕਤਸਰ ਜ਼ਿਲ੍ਹੇ ਵਿੱਚ ਕਰੀਬ ਇੱਕ ਦਰਜਨ ਪਿੰਡਾਂ ’ਚ ਏਹ ਜਾਗ ਲੱਗ ਚੁੱਕੀ ਹੈ। ਮੁਕਤਸਰ ਦੇ ਪਿੰਡ ਰਹੂੜਿਆਂ ਵਾਲੀ ’ਚ ਤਿੰਨ ਚਿਤਾਵਨੀ ਪੋਸਟਰ ਲੱਗੇ ਹਨ, ਜਿਸ ਵਿੱਚ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਲੀਡਰਾਂ ਨੂੰ ਤਾੜਨਾ ਕੀਤੀ ਗਈ ਹੈ। ਇਸੇ ਤਰ੍ਹਾਂ ਮੋਗਾ ਦੇ ਕਰੀਬ ਡੇਢ ਦਰਜਨ ਪਿੰਡਾਂ ਵਿੱਚ ਅਜਿਹੇ ਮਤੇ ਪਾਸ ਹੋਏ ਹਨ, ਜਦੋਂ ਕਿ ਫ਼ਿਰੋਜ਼ਪੁਰ ਦੇ ਕਰੀਬ 15 ਪਿੰਡਾਂ ਨੇ ਇਸੇ ਤਰਜ਼ ’ਤੇ ਫ਼ੈਸਲੇ ਲਏ ਹਨ। ਸੰਗਰੂਰ ਤੇ ਪਟਿਆਲਾ ਦੇ ਕਾਫ਼ੀ ਪਿੰਡ ਇਸ ਪਾਸੇ ਤੁਰੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਖੇਤੀ ਕਾਨੂੰਨਾਂ ਨੇ ਲੋਕ ਜਗਾਏ ਹਨ, ਜਿਨ੍ਹਾਂ ਨੂੰ ਹਕੂਮਤਾਂ ਨੇ ਅਲਾਮਤਾਂ ਤੇ ਦੁਸ਼ਵਾਰੀਆਂ ਦੀ ਜਕੜ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਲਾਏ ਜਾਗ ਨੇ ਪੰਜਾਬ ਨੂੰ ਨਵੀਂ ਦਿਸ਼ਾ ਦੇਣੀ ਹੈ। ਕਿਸਾਨ ਆਗੂ ਆਖਦੇ ਹਨ ਕਿ ਕਿਤੇ ਇਹ ਲਹਿਰ ਜ਼ੋਰ ਫੜ ਗਈ ਤਾਂ ਚੋਣ ਪ੍ਰਚਾਰ ਲਈ ਨੇਤਾਵਾਂ ਨੂੰ ਨਿਕਲਣਾ ਔਖਾ ਹੋ ਜਾਵੇਗਾ। ਫ਼ਾਜ਼ਿਲਕਾ ਦੇ ਕਈ ਪਿੰਡਾਂ ਦੇ ਗੁਰੂ ਘਰਾਂ ਵਿੱਚੋਂ ਮੁਨਿਆਦੀ ਕਰਵਾਈ ਗਈ ਹੈ। ਡਕੌਂਦਾ ਗਰੁੱਪ ਦੇ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਸੁਆਲ ਕੀਤੇ ਜਾਣ ਮਗਰੋਂ ਪੇਂਡੂ ਲੋਕਾਂ ਵਿੱਚ ਸੁਆਲ ਪੁੱਛਣ ਦੀ ਤਾਕਤ ਹੋਰ ਵਧੀ ਹੈ।
ਪਿੰਡਾਂ ਦੇ ਸਰਪੰਚ ਵੀ ਇਸ ਮਾਮਲੇ ’ਤੇ ਚੁੱਪ ਹਨ ਅਤੇ ਹਰ ਕੋਈ ਕਿਸਾਨੀ ਦੀ ਨਾਰਾਜ਼ਗੀ ਤੋਂ ਡਰ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਕਿਸਾਨੀ ਰੋਹ ਦਾ ਰੰਗ ਵੇਖਣਾ ਪਿਆ ਹੈ। ‘ਆਪ’ ਵਾਲੇ ਵੀ ਹੁਣ ਪਿੰਡਾਂ ਵਿੱਚ ਬੋਚ-ਬੋਚ ਕੇ ਪੈਰ ਪਾਉਂਦੇ ਹਨ।ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸੁਆਲ ਪੁੱਛੇ ਜਾਣ ਮਗਰੋਂ ਸਿਆਸਤਦਾਨ ਦਹਿਲੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ’ਚ ਨਿਕਲੇ ਨੇਤਾ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ’ਤੇ ਅਸਰ ਪਾਉਣ ਲੱਗੇ ਤਾਂ ਕਿਸਾਨ ਮੋਰਚਾ ਸਖ਼ਤ ਫ਼ੈਸਲਾ ਵੀ ਲੈ ਸਕਦਾ ਹੈ, ਜਿਸ ਬਾਰੇ ਆਉਂਦੀ ਮੀਟਿੰਗ ਵਿੱਚ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿਆਸੀ ਨੁਮਾਇੰਦਿਆਂ ਖ਼ਿਲਾਫ਼ ਲੋਕਾਂ ’ਚ ਕਾਫ਼ੀ ਰੋਹ ਹੈ ਕਿਉਂਕਿ ਸਿਆਸਤਦਾਨਾਂ ਨੇ ਫ਼ੈਸਲਿਆਂ ਵਿੱਚ ਲੋਕਾਂ ਨੂੰ ਕਦੇ ਹਿੱਸੇਦਾਰੀ ਦਿੱਤੀ ਹੀ ਨਹੀਂ।
No comments:
Post a Comment