Showing posts with label kisan. Show all posts
Showing posts with label kisan. Show all posts

Tuesday, January 14, 2025

                                                          ਕਿਸਾਨੀ ਮੁਕੱਦਰ
                                    ਅੰਨਦਾਤੇ ਦਾ ਕੌਣ ਵਿਚਾਰਾ..!
                                                          ਚਰਨਜੀਤ ਭੁੱਲਰ  

ਚੰਡੀਗੜ੍ਹ : 18ਵੀਂ ਲੋਕ ਸਭਾ ਲਈ ਚੁਣੇ 151 ਸੰਸਦ ਮੈਂਬਰ ਅਜਿਹੇ ਹਨ ਜਿਨ੍ਹਾਂ ਦਾ ਕਿੱਤਾ ਤਾਂ ਖੇਤੀਬਾੜੀ ਹੈ ਪਰ ਇਨ੍ਹਾਂ ’ਚੋਂ ਕਿਸੇ ਵੀ ਸੰਸਦ ਮੈਂਬਰ ਦੀ ਨਜ਼ਰ ਖਨੌਰੀ ਬਾਰਡਰ ’ਤੇ ਨਹੀਂ ਪਈ ਜਿੱਥੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ’ਤੇ ਬੈਠਾ ਹੈ। ਸ਼ੰਭੂ ਤੇ ਖਨੌਰੀ ਸਰਹੱਦ ’ਤੇ 14 ਫਰਵਰੀ 2024 ਤੋਂ ਕਿਸਾਨ ਅੰਦੋਲਨ ਚੱਲ ਰਿਹਾ ਹੈ। ਮੌਜੂਦਾ ਲੋਕ ਸਭਾ ਲਈ ਚੁਣੇ ਅਤੇ ਖੇਤੀ ਕਿੱਤੇ ਨਾਲ ਤੁਅੱਲਕ ਰੱਖਦੇ ਸੰਸਦ ਮੈਂਬਰ ਸੱਚਮੁੱਚ ਕਿਸਾਨੀ ਦੀ ਤਰਜਮਾਨੀ ਕਰਦੇ ਹੁੰਦੇ ਤਾਂ ਉਨ੍ਹਾਂ ਕਿਸਾਨ ਆਗੂ ਡੱਲੇਵਾਲ ਦੇ ਅੰਗ-ਸੰਗ ਬੈਠੇ ਹੋਣਾ ਸੀ। ਭਾਰਤੀ ਸੰਸਦ ਵਿੱਚ ਜਿਸ ਕਿੱਤੇ ਨਾਲ ਸਬੰਧਤ ਸੰਸਦ ਮੈਂਬਰ ਹਨ, ਉਹ ਆਪੋ-ਆਪਣੇ ਭਾਈਚਾਰੇ ਦੀ ਆਵਾਜ਼ ਬੁਲੰਦ ਕਰਨ ਤੋਂ ਨਹੀਂ ਖੁੰਝਦੇ ਪਰ ਕਿਸਾਨੀ ਨਾਲ ਜੁੜੇ ਸੰਸਦ ਮੈਂਬਰ ਚੁੱਪ ਹਨ। ਇਨ੍ਹਾਂ ਸੰਸਦ ਮੈਂਬਰਾਂ ਦੀ ਚੁੱਪ ਦੇਖ ਕੇ ਲੱਗਦਾ ਹੈ ਕਿ ਕਿਸਾਨੀ ਦਾ ਕੋਈ ਦਰਦੀ ਨਹੀਂ ਹੈ। ਬਿਲਕੁਲ ਉਲਟਾ ਰੁਝਾਨ ਹੈ ਕਿ ਜਿਉਂ-ਜਿਉਂ ਲੋਕ ਸਭਾ ’ਚ ਖੇਤੀ ਕਿੱਤੇ ਨਾਲ ਜੁੜੇ ਸੰਸਦ ਮੈਂਬਰ ਵਧਦੇ ਗਏ, ਤਿਉਂ-ਤਿਉਂ ਕਿਸਾਨੀ ਤਕਲੀਫ਼ਾਂ ਵੀ ਸਿਖਰ ਲੈਂਦੀਆਂ ਰਹੀਆਂ। 

        ਸਿਆਸਤ ਦੀ ਕੇਹੀ ਰੁੱਤ ਆਈ ਹੈ ਕਿ ਡੱਲੇਵਾਲ ਅੱਜ ਖਨੌਰੀ ਬਾਰਡਰ ’ਤੇ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਤੇ ਲੋਹੜੀ ਦਾ ਤਿਉਹਾਰ ਵੀ ਉਸ ਲਈ ਕੋਈ ਨਵਾਂ ਸੁਨੇਹਾ ਨਹੀਂ ਲਿਆਇਆ। ਅੱਜ ਤੱਕ ਟਾਵੇਂ ਸੰਸਦ ਮੈਂਬਰ ਹੀ ਖਨੌਰੀ ਬਾਰਡਰ ’ਤੇ ਪੁੱਜੇ ਹਨ। ਸੰਸਦ ਮੈਂਬਰਾਂ ਦੇ ਇਤਿਹਾਸ ਤੇ ਪਿਛੋਕੜ ਵੱਲ ਦੇਖਦੇ ਹਾਂ ਤਾਂ ਆਜ਼ਾਦੀ ਮਗਰੋਂ ਪਹਿਲੀ ਤੇ ਦੂਜੀ ਲੋਕ ਸਭਾ ਚੋਣ ਵਿੱਚ ਕੋਈ ਵੀ ਕਿਸਾਨੀ ਕਿੱਤੇ ਨਾਲ ਸਬੰਧਤ ਨੇਤਾ ਚੋਣ ਨਹੀਂ ਜਿੱਤਿਆ ਸੀ। 1962 ਦੀ ਤੀਜੀ ਲੋਕ ਸਭਾ ਚੋਣ ’ਚ ਦੋ ਕਿਸਾਨੀ ਕਿੱਤੇ ਵਾਲੇ ਸੰਸਦ ਮੈਂਬਰ ਜਿੱਤੇ ਸਨ ਜਿਨ੍ਹਾਂ ’ਚੋਂ ਇੱਕ ਬੂਟਾ ਸਿੰਘ ਸੀ। ਕਿਸਾਨੀ ਪਿਛੋਕੜ ਵਾਲੇ ਬਣੇ ਸੰਸਦ ਮੈਂਬਰਾਂ ਦਾ ਅੰਕੜਾ ਦੇਖੀਏ ਤਾਂ ਚੌਥੀ ਲੋਕ ਸਭਾ ’ਚ 1967 ਵਿੱਚ ਪੰਜ ਸੰਸਦ ਮੈਂਬਰ, ਪੰਜਵੀਂ ਲੋਕ ਸਭਾ ਚੋਣ ਦੀ 1971 ਦੀ ਚੋਣ ’ਚ 9, ਛੇਵੀਂ ਲੋਕ ਸਭਾ ਚੋਣ ’ਚ 22, ਸੱਤਵੀਂ ਲੋਕ ਸਭਾ ਚੋਣ ’ਚ 1980 ’ਚ 30, ਅੱਠਵੀਂ ਲੋਕ ਸਭਾ ’ਚ 39 ਅਤੇ ਨੌਵੀਂ ਲੋਕ ਸਭਾ ਚੋਣ ’ਚ 1989 ਵਿੱਚ 69 ਸੰਸਦ ਮੈਂਬਰ ਕਿਸਾਨੀ ਪਿਛੋਕੜ ਵਾਲੇ ਚੁਣੇ ਗਏ ਸਨ।

         ਦਸਵੀਂ ਲੋਕ ਸਭਾ ’ਚ 95, ਗਿਆਰ੍ਹਵੀਂ ਲੋਕ ਸਭਾ ’ਚ 146, ਬਾਰ੍ਹਵੀਂ ਲੋਕ ਸਭਾ ’ਚ 183, ਤੇਰ੍ਹਵੀਂ ’ਚ 304 ਸੰਸਦ ਮੈਂਬਰ ਕਿਸਾਨੀ ਪਿਛੋਕੜ ਵਾਲੇ ਸਨ। ਤੇਰ੍ਹਵੀਂ ਲੋਕ ਸਭਾ (1999-2004) ’ਚ ਵਾਜਪਾਈ ਸਰਕਾਰ ਬਣੀ ਸੀ ਅਤੇ ਉਸ ਸਰਕਾਰ ’ਚ ਸਭ ਤੋਂ ਵੱਧ 304 ਸੰਸਦ ਮੈਂਬਰਾਂ ਦਾ ਪਿਛੋਕੜ ਖੇਤੀਬਾੜੀ ਸੀ। 14ਵੀਂ ਲੋਕ ਸਭਾ ’ਚ 286, 15ਵੀਂ ਲੋਕ ਸਭਾ ’ਚ 230, 16ਵੀਂ ਲੋਕ ਸਭਾ ’ਚ 233 ਅਤੇ 17ਵੀਂ ਲੋਕ ਸਭਾ ’ਚ 195 ਸੰਸਦ ਮੈਂਬਰ ਕਿਸਾਨੀ ਖ਼ਿੱਤੇ ਵਾਲੇ ਹਨ। ਮੌਜੂਦਾ ਲੋਕ ਸਭਾ ’ਚ 151 ਸੰਸਦ ਮੈਂਬਰ ਖੇਤੀਬਾੜੀ ਪਿਛੋਕੜ ਵਾਲੇ ਹਨ ਜਿਨ੍ਹਾਂ ’ਚ ਭਾਜਪਾ ਦੇ 69 ਤੇ ਕਾਂਗਰਸ ਦੇ 21 ਐੱਮਪੀ ਹਨ। ਇਸ ਵੇਲੇ ਪੰਜਾਬ ਦੇ ਚਾਰ ਅਤੇ ਹਰਿਆਣਾ ਦੇ ਪੰਜ ਸੰਸਦ ਮੈਂਬਰ ਖੇਤੀ ਕਿੱਤੇ ਵਾਲੇ ਹਨ। ਮੌਜੂਦਾ ਸੰਸਦ ਵਿਚ ਚਾਰ ਅਜਿਹੇ ਸੰਸਦ ਮੈਂਬਰ ਵੀ ਕਿਸਾਨੀ ਕਿੱਤੇ ਵਾਲੇ ਹਨ ਜਿਹੜੇ ਕਿ ਸੱਤਵੀਂ ਵਾਰ ਐੱਮਪੀ ਚੁਣੇ ਗਏ ਹਨ ਅਤੇ ਇਨ੍ਹਾਂ ਵਿਚ ਰਾਧਾ ਮੋਹਨ ਸਿੰਘ ਵੀ ਸ਼ਾਮਲ ਹੈ। 

         ਮੌਜੂਦਾ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਚੌਹਾਨ ਨੇ ਵੀ ਸੰਸਦ ਵਿਚ ਆਪਣਾ ਕਿੱਤਾ ਖੇਤੀ ਦਰਜ ਕਰਾਇਆ ਹੈ ਜੋ ਕਿ ਛੇਵੀਂ ਵਾਰ ਸੰਸਦ ਮੈਂਬਰ ਬਣੇ ਹਨ। ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਪੰਜਵੀਂ ਵਾਰ ਐਮਪੀ ਬਣੇ ਹਨ ਜਿਨ੍ਹਾਂ ਦਾ ਕਿੱਤਾ ਖੇਤੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਖੇਤੀ ਨਾਲ ਜੁੜੇ ਸੰਸਦ ਮੈਂਬਰ ਤਾਂ ਹੁਣ ਕਾਰਪੋਰੇਟਾਂ ਦੀ ਪ੍ਰਤੀਨਿਧਤਾ ਕਰਦੇ ਹਨ ਅਤੇ ਤਾਹੀਓਂ ਹੁਣ ਕਿਸਾਨ ਵਿਰੋਧੀ ਨੀਤੀਆਂ ਤੇ ਕਾਨੂੰਨ ਆ ਰਹੇ ਹਨ। ਉਨ੍ਹਾਂ ਦਾ ਖੇਤੀਬਾੜੀ ਵਾਲਾ ਪਿਛੋਕੜ ਤਾਂ ਹੁਣ ਸਿਰਫ਼ ਵਿਖਾਵੇ ਦਾ ਰਹਿ ਗਿਆ ਹੈ। 



Wednesday, August 23, 2023

                                                       ਅੰਨਦਾਤਾ ਤੇ ਅੰਦੋਲਨ
                                         ਆਖ਼ਰ ਕਿਸ ਦਰ ਜਾਵੇ ਕਿਸਾਨ..!
                                                          ਚਰਨਜੀਤ ਭੁੱਲਰ 

ਚੰਡੀਗੜ੍ਹ :ਕੋਈ ਹੜ੍ਹਾਂ ਦਾ ਝੰਬਿਆ, ਕੋਈ ਗੁਲਾਬੀ ਸੁੰਡੀ ਦਾ ਅਤੇ ਕੋਈ ਗੜਿਆਂ ਦਾ, ਸਭਨਾਂ ਕਿਸਾਨਾਂ ਦੀ ਇੱਕੋ ਦਰਦ ਅਤੇ ਇੱਕੋ ਫ਼ਰਿਆਦ ਹੈ ਕਿ ਸਰਕਾਰ ਇਸ ਬਿਪਤਾ ਦੀ ਘੜੀ ਵਿੱਚ ਉਨ੍ਹਾਂ ਦੀ ਬਾਂਹ ਫੜੇ। ਦੋ ਮਹੀਨੇ ਦੇ ਅਰਸੇ ਵਿੱਚ ਦੋ ਹੜ੍ਹਾਂ ਦਾ ਹੱਲਾ ਦੇਖ ਲੈਣਾ, ਕਿਸਾਨੀ ਜ਼ਿੰਦਗੀ ਲਈ ਇਸ ਤੋਂ ਵੱਧ ਕੋਈ ਔਖੀ ਘੜੀ ਨਹੀਂ ਹੋ ਸਕਦੀ। ਦੋ ਦਿਨਾਂ ਤੋਂ ਪੰਜਾਬ ਦੀ ਕਿਸਾਨੀ ਸੜਕਾਂ ’ਤੇ ਹੈ। ਇਕੱਲੀ ਕੇਂਦਰ ਸਰਕਾਰ ਨਹੀਂ, ਸੂਬਾਈ ਸਰਕਾਰਾਂ ਵੀ ਕਿਸਾਨਾਂ ਨੂੰ ਚੰਡੀਗੜ੍ਹ ਦੀ ਜੂਹ ਤੋਂ ਦੂਰ ਰੱਖਣ ਲਈ ਹਰ ਹਰਬਾ ਵਰਤਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਮੰਡੇਰ ਦਾ ਕਿਸਾਨ ਪ੍ਰੀਤਮ ਸਿੰਘ ਕੱਲ੍ਹ ਪੁਲੀਸ ਝੜਪ ਦੌਰਾਨ ਜਾਨ ਗੁਆ ਬੈਠਾ ਹੈ। ਅੱਜ ਪੰਜਾਬ ਤੇ ਹਰਿਆਣਾ ਦੀ ਪੁਲੀਸ ਤੋਂ ਇਲਾਵਾ ਯੂਟੀ ਪੁਲੀਸ ਇਸ ਗੱਲੋਂ ਕਾਮਯਾਬ ਰਹੀ ਕਿ ਕਿਸਾਨਾਂ ਨੂੰ ਰਾਜਧਾਨੀ ਦੇ ਨੇੜੇ ਨਹੀਂ ਆਉਣ ਦਿੱਤਾ, ਜਦਕਿ ਕਿਸਾਨ ਧਿਰਾਂ ਆਪਣੇ ਸੁਨੇਹੇ ਦੀ ਗੂੰਜ ਪਾਉਣ ਵਿਚ ਕਾਮਯਾਬ ਰਹੀਆਂ ਹਨ। ਕਿਸਾਨਾਂ ਦੀਆਂ ‘ਆਪ’ ਸਰਕਾਰ ਤੋਂ ਉਮੀਦਾਂ ਕੁਝ ਜ਼ਿਆਦਾ ਹਨ ਕਿਉਂਕਿ ਅੰਦੋਲਨ ਦੀ ਭਾਵਨਾ ‘ਆਪ’ ਤੋਂ ਵੱਧ ਕੌਣ ਜਾਣ ਸਕਦਾ ਹੈ। ਖ਼ੁਦ ‘ਆਪ’ ਇੱਕ ਅੰਦੋਲਨ ਦੀ ਪੈਦਾਇਸ਼ ਹੈ।  

         ਕਿਸਾਨਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਫ਼ਸਲੀ ਮੁਆਵਜ਼ਾ ਦਿੱਤਾ ਜਾਵੇ। ਉਲਟਾ ਕਿਸਾਨ ਆਗੂ ਹਵਾਲਾਤਾਂ ਵਿਚ ਬੰਦ ਕਰ ਦਿੱਤੇ। ਸਭ ਤੋਂ ਪਹਿਲਾਂ ਜੋ ਗੜੇਮਾਰੀ ਹੋਈ ਸੀ, ਜਿਸ ਦੇ ਮੁਆਵਜ਼ੇ ਦੀ ਸੰਕੇਤਕ ਵੰਡ ਵਿਸਾਖੀ ਵੇਲੇ ਕੀਤੀ ਗਈ ਸੀ, ਉਸ ਦੀ ਰਾਸ਼ੀ ਹਾਲੇ ਹੁਣ ਜ਼ਿਲ੍ਹਿਆਂ ਵਿਚ ਪੁੱਜੀ ਹੈ। 9 ਅਤੇ 10 ਜੁਲਾਈ ਨੂੰ ਜੋ ਹੜ੍ਹਾਂ ਨੇ ਤਬਾਹੀ ਮਚਾਈ ਹੈ, ਉਸ ਦੀ ਹਾਲੇ ਗਿਰਦਾਵਰੀ ਹੋਣੀ ਬਾਕੀ ਹੈ। ਇਸ ਵੇਲੇ ਹੜ੍ਹਾਂ ਦਾ ਦੂਜਾ ਹੱਲਾ ਪੰਜਾਬ ’ਚ ਕਹਿਰ ਮਚਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਸਰਕਾਰ ਸਭ ਤੋਂ ਪਹਿਲਾਂ ਸਪੱਸ਼ਟ ਕਰੇ ਕਿ ਡੇਢ ਵਰ੍ਹੇ ’ਚ ਕਿੰਨਾ ਮੁਆਵਜ਼ਾ ਕਿਸਾਨਾਂ ਨੂੰ ਵੰਡਿਆ ਗਿਆ ਹੈ ਅਤੇ ਮੌਜੂਦਾ ਸਥਿਤੀ ਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਮੁਆਵਜ਼ਾ ਉਡੀਕ ਰਹੇ ਸਨ ਪ੍ਰੰਤੂ ਸਰਕਾਰ ਨੇ ਡਾਗਾਂ ਵਰ੍ਹਾ ਦਿੱਤੀਆਂ। ਚੇਤੇ ਰਹੇ ਕਿ ਅੱਜ ਪੰਜਾਬ ਸਰਕਾਰ ਨੇ 186 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ। ਕਿਸਾਨ ਆਖਦੇ ਹਨ ਕਿ ਉਹ ਜਦੋਂ ਆਪਣੀ ਰਾਜਧਾਨੀ ਵਿਚ ਹੀ ਦਾਖਲ ਨਹੀਂ ਹੋ ਸਕਦੇ ਤਾਂ ਉਹ ਆਖ਼ਰ ਜਾਣ ਕਿੱਧਰ। ਵਿਰੋਧੀ ਧਿਰਾਂ ਵੱਲੋਂ ਵੀ ਹੜ੍ਹਾਂ ਦੇ ਮਾਮਲੇ ’ਤੇ ਸਿਆਸਤ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। 

        ‘ਆਪ’ ਆਗੂ ਆਖਦੇ ਹਨ ਕਿ ਪਿਛਲੀਆਂ ਸਰਕਾਰਾਂ ਨੇ ਹੜ੍ਹਾਂ ਦੀ ਮਾਰ ਨੂੰ ਠੱਲ੍ਹਣ ਲਈ ਕਦੇ ਕੋਈ ਸਥਾਈ ਹੱਲ ਕੀਤਾ ਹੀ ਨਹੀਂ ਹੈ। ਦੇਖਿਆ ਜਾਵੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਈ ਵਾਰ ਦੌਰਾ ਜ਼ਰੂਰ ਕੀਤਾ ਹੈ ਅਤੇ ਲੋਕਾਂ ਨੂੰ ਦੁੱਖ ਦੀ ਘੜੀ ਵਿਚ ਢਾਰਸ ਵੀ ਦਿੱਤੀ ਹੈ। ਉਨ੍ਹਾਂ ਨੇ ਕਿਸਾਨਾਂ ਦੇ ਨੁਕਸਾਨ ਦੀ ਪਾਈ-ਪਾਈ ਚੁਕਾਉਣ ਦਾ ਵਾਅਦਾ ਵੀ ਕੀਤਾ ਹੈ। ‘ਆਪ’ ਸਰਕਾਰ ਦੇ ਵਜ਼ੀਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਸਰਗਰਮ ਨਜ਼ਰ ਆਏ ਹਨ। ਚੇਤੰਨ ਹਲਕਿਆਂ ਵਿਚ ਅੱਜ ਤੋਂ ਇਹ ਚਰਚੇ ਵੀ ਸ਼ੁਰੂ ਹੋ ਗਏ ਹਨ ਕਿ ਕਿਸਾਨਾਂ ਦਾ ਇਹ ਰੌਂਅ ਕਿਸੇ ਪੜਾਅ ’ਤੇ ਦਿੱਲੀ ਅੰਦੋਲਨ ਵਾਂਗ ਨਕਸ਼ ਲੈ ਸਕਦਾ ਹੈ ਅਤੇ ਸਰਕਾਰਾਂ ਨੇ ਸਮੇਂ ਸਿਰ ਕਿਸਾਨਾਂ ਦੀਆਂ ਮੰਗਾਂ ਦੀ ਪੂਰਤੀ ਨਾ ਕੀਤੀ ਤਾਂ ਕਿਸਾਨਾਂ ਦਾ ਗੁੱਸਾ ਮਹਿੰਗਾ ਪੈ ਸਕਦਾ ਹੈ। ਕੇਂਦਰ ਸਰਕਾਰ ਨੇ ਵੀ ਇਸ ਸੰਕਟ ਦੀ ਘੜੀ ਵਿੱਚ ਪੰਜਾਬ ਨਾਲ ਵਿਤਕਰੇ ਭਰਿਆ ਲਹਿਜ਼ਾ ਰੱਖਿਆ ਹੈ। ਕੇਂਦਰ ਸਰਕਾਰ ਨੇ ਚਾਲੂ ਵਿੱਤੀ ਵਰ੍ਹੇ ਦੌਰਾਨ ਆਫ਼ਤ ਰਾਹਤ ਫ਼ੰਡਾਂ ਦੇ ਪਹਿਲੀ ਕਿਸ਼ਤ ਵਜੋਂ ਸਿਰਫ਼ 218.40 ਕਰੋੜ ਰੁਪਏ ਹੀ ਜਾਰੀ ਕੀਤੇ ਹਨ ਜਦਕਿ ਇਸ ਵਰ੍ਹੇ ਦੀ ਐਲੋਕੇਸ਼ਨ ਕੁੱਲ 582.40 ਕਰੋੜ ਰੁਪਏ ਦੀ ਬਣਦੀ ਹੈ। ਪੰਜਾਬ ਨੂੰ ਇਸ ਵਿੱਤੀ ਵਰ੍ਹੇ ਦੀ ਸਿਰਫ਼ 37.45 ਫ਼ੀਸਦੀ ਰਾਸ਼ੀ ਮਿਲੀ ਹੈ। 

         ਹਿਮਾਚਲ ਪ੍ਰਦੇਸ਼ ਨੂੰ 90 ਫ਼ੀਸਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਦੇਸ਼ ’ਚੋਂ ਗੁਜਰਾਤ ਅਜਿਹਾ ਸੂਬਾ ਹੈ ਜਿਸ ਨੂੰ ਚਲੰਤ ਵਰ੍ਹੇ ਦੌਰਾਨ ਸਭ ਤੋਂ ਵੱਧ ਰਾਹਤ ਫ਼ੰਡਾਂ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ਗੁਜਰਾਤ ਦੀ ਚਾਲੂ ਵਰ੍ਹੇ ਦੀ ਕੁੱਲ ਐਲੋਕੇਸ਼ਨ 1556.80 ਕਰੋੜ ਰੁਪਏ ਬਣਦੀ ਹੈ, ਜਿਸ ’ਚੋਂ ਪਹਿਲੀ ਕਿਸ਼ਤ ਵਿਚ ਹੀ 1140 ਕਰੋੜ ਰੁਪਏ ਜਾਰੀ ਕਰ ਦਿੱਤੇ ਗਏ ਹਨ ਜੋ ਕਿ 73 ਫ਼ੀਸਦੀ ਬਣਦੇ ਹਨ। ਇਸੇ ਤਰ੍ਹਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਨੂੰ ਪੱਤਰ ਲਿਖ ਕੇ ਆਫ਼ਤ ਪ੍ਰਬੰਧਨ ਮਾਪਦੰਡਾਂ ਵਿਚ ਛੋਟਾਂ ਦੀ ਮੰਗ ਕੀਤੀ ਸੀ, ਜਿਸ ਬਾਰੇ ਕੇਂਦਰ ਨੇ ਕੋਈ ਹੁੰਗਾਰਾ ਨਹੀਂ ਭਰਿਆ ਹੈ। ਕੇਂਦਰੀ ਟੀਮ ਵੱਲੋਂ ਪੰਜਾਬ ਵਿਚ ਤਿੰਨ ਦਿਨਾ ਦੌਰਾ ਕਰ ਕੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਵੀ ਲਿਆ ਗਿਆ ਸੀ ਤੇ ਇਸ ਮਗਰੋਂ ਵੀ ਸਰਕਾਰ ਨੇ ਕੋਈ ਫ਼ੈਸਲਾ ਨਹੀਂ ਲਿਆ ਹੈ। ਭਾਜਪਾ ਦੇ ਵੱਡੇ ਕੇਂਦਰੀ ਆਗੂਆਂ ਨੇ ਹੜ੍ਹਾਂ ਦੀ ਸਥਿਤੀ ਨੂੰ ਦੇਖਦਿਆਂ ਪੰਜਾਬ ਦੇ ਹੱਕ ’ਚ ਫੋਕਾ ਹਾਅ ਦਾ ਨਾਅਰਾ ਵੀ ਨਹੀਂ ਮਾਰਿਆ। ਕਿਸਾਨਾਂ ਦਾ ਗੁੱਸਾ ਇਸ ਵੇਲੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਇੱਕੋ ਜਿੰਨਾ ਹੈ।


Tuesday, December 14, 2021

                                                ਕਿਸਾਨ ਘੋਲ
                                 ਸ਼ਹੀਦਾਂ ਦੇ ਵਾਰਸ ਨੌਕਰੀ ਨੂੰ ਤਰਸੇ ! 
                                              ਚਰਨਜੀਤ ਭੁੱਲਰ   

ਚੰਡੀਗੜ੍ਹ : ਪੰਜਾਬ ਸਰਕਾਰ ਕਿਸਾਨ ਅੰਦੋਲਨ 'ਚ ਸ਼ਹੀਦ ਹੋਣ ਵਾਲੇ ਕਿਸਾਨਾਂ-ਮਜ਼ਦੂਰਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਤੋਂ ਕਿਨਾਰਾ ਕਰਨ ਲੱਗੀ ਹੈ | ਘਰਾਂ ਦੇ ਕਮਾਊ ਜੀਆਂ ਨੂੰ ਗੁਆਉਣ ਵਾਲੇ ਪਰਿਵਾਰਾਂ 'ਚ ਬੇਚੈਨੀ ਹੈ ਅਤੇ ਉਹ ਸਰਕਾਰੀ ਦਫ਼ਤਰਾਂ 'ਚ ਖੱਜਲ ਹੋ ਰਹੇ ਹਨ | ਉਨ੍ਹਾਂ ਨੂੰ ਚੋਣ ਜ਼ਾਬਤਾ ਲੱਗਣ ਦਾ ਡਰ ਸਤਾ ਰਿਹਾ ਹੈ |  ਦਿੱਲੀ ਦੇ ਕਿਸਾਨ ਮੋਰਚੇ 'ਚ ਹੁਣ ਤੱਕ 720 ਕਿਸਾਨ ਮਜ਼ਦੂਰ ਸ਼ਹੀਦ ਹੋ ਚੁੱਕੇ ਹਨ ਜਿਨ੍ਹਾਂ ਚੋਂ ਪੰਜਾਬ ਦੇ ਕਰੀਬ 605 ਕਿਸਾਨ ਤੇ ਮਜ਼ਦੂਰ ਹਨ | ਇਨ੍ਹਾਂ ਪਰਿਵਾਰਾਂ ਚੋਂ ਪੰਜਾਬ ਦੇ ਸਿਰਫ਼ 113 ਨੌਜਵਾਨਾਂ ਨੇ ਸਰਕਾਰੀ ਨੌਕਰੀ 'ਤੇ ਜੁਆਇੰਨ ਕੀਤਾ ਹੈ ਜੋ ਕਿ ਸਿਰਫ਼ 18.67 ਫੀਸਦੀ ਬਣਦੇ ਹਨ | ਵੇਰਵਿਆਂ ਅਨੁਸਾਰ ਮੌਜੂਦਾ ਸਰਕਾਰ ਨੇ ਪਹਿਲੇ ਪੜਾਅ 'ਤੇ 147 ਜਣਿਆਂ ਨੂੰ ਸਰਕਾਰੀ ਨੌਕਰੀ ਦੇ ਨਿਯੁਕਤੀ ਪੱਤਰ ਦਿੱਤੇ ਸਨ ਜਿਨ੍ਹਾਂ ਚੋਂ ਹੁਣ ਤੱਕ 113 ਜਣਿਆਂ ਨੇ ਨੌਕਰੀ ਜੁਆਇੰਨ ਕੀਤੀ ਹੈ | ਬਹੁਤੇ ਦਫ਼ਤਰਾਂ ਦੇ ਗੇੜ ਵਿਚ ਫਸੇ ਹੋਏ ਹਨ |

             ਅੱਜ ਦੂਸਰੇ ਪੜਾਅ ਦੀ ਮੀਟਿੰਗ ਵਿਚ ਸਰਕਾਰ ਨੇ 33 ਹੋਰ ਨੌਜਵਾਨਾਂ ਨੂੰ ਨੌਕਰੀ ਲਈ ਹਰੀ ਝੰਡੀ ਦਿੱਤੀ ਹੈ | ਸਰਕਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 381 ਸ਼ਹੀਦਾਂ ਦੇ ਪਰਿਵਾਰਾਂ ਦੀ ਸੂਚੀ ਹੈ | ਇਸ ਲਿਹਾਜ਼ ਨਾਲ ਵੀ ਕਰੀਬ 200 ਪਰਿਵਾਰਾਂ ਨੂੰ ਨੌਕਰੀ ਦੇਣ ਤੋਂ ਸਰਕਾਰ ਆਨਾਕਾਨੀ ਕਰ ਰਹੀ ਹੈ |ਮੋਰਚੇ 'ਚ ਸ਼ਹੀਦਾਂ ਦਾ ਵੇਰਵਾ ਇਕੱਠਾ ਕਰਨ ਵਾਲੇ ਸਕਾਲਰ ਹਰਿੰਦਰ ਹੈਪੀ ਨੇ ਦੱਸਿਆ ਕਿ ਕਿਸਾਨ ਘੋਲ ਦੌਰਾਨ ਪੰਜਾਬ ਦੇ 605 ਅਤੇ ਹਰਿਆਣਾ ਦੇ 85 ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ ਅਤੇ ਹਾਲੇ ਇਨ੍ਹਾਂ ਵਿਚ ਕੁਝ ਵੇਰਵੇ ਸ਼ਾਮਿਲ ਕਰਨੇ ਬਾਕੀ ਹੈ | ਇਸ ਅੰਕੜੇ ਨੂੰ ਅਧਾਰ ਮੰਨੀਏ ਤਾਂ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਸਿਰਫ਼ 29.75 ਫੀਸਦੀ ਪਰਿਵਾਰ ਹੀ ਨੌਕਰੀ ਲਈ ਯੋਗ ਮੰਨੇ ਹਨ | ਬਹੁਤੇ ਕੇਸਾਂ ਵਿਚ ਪੇਚ ਫਸਿਆ ਹੈ ਕਿ ਸ਼ਹੀਦ ਕਿਸਾਨਾਂ ਦੇ ਲੜਕੇ ਅਨਪੜ੍ਹ ਹਨ ਜਦੋਂ ਕਿ ਪੋਤਰੇ ਪੜੇ ਲਿਖੇ ਹਨ | ਇਸੇ ਤਰ੍ਹਾਂ ਕਈ ਕੇਸਾਂ ਵਿਚ ਸ਼ਹੀਦ ਕਿਸਾਨ ਬੇਔਲਾਦ ਵੀ ਹਨ |

           ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਪਾਰਲੀਮੈਂਟ ਦੇ ਮੌਜੂਦਾ ਸੈਸ਼ਨ ਦੌਰਾਨ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਮਜ਼ਦੂਰਾਂ ਦਾ ਅੰਕੜਾ ਸਦਨ ਵਿਚ ਰੱਖਿਆ ਹੈ | ਇੱਧਰ, ਪੰਜਾਬ ਸਰਕਾਰ ਕੋਲ ਸਿਰਫ਼ 381 ਸ਼ਹੀਦ ਕਿਸਾਨਾਂ/ਮਜ਼ਦੂਰਾਂ ਦਾ ਵੇਰਵਾ ਪੁੱਜਾ ਹੈ | ਦੇਖਿਆ ਜਾਵੇ ਤਾਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਵੀ ਸੰਸਦ ਵਿਚ ਆਖ ਚੁੱਕੇ ਹਨ ਕਿ ਉਨ੍ਹਾਂ ਕੋਲ ਸ਼ਹੀਦ ਕਿਸਾਨਾਂ ਦਾ ਕੋਈ ਵੇਰਵਾ ਨਹੀਂ ਹੈ | ਕਿਸਾਨ ਆਗੂ ਆਖਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜ ਭਰ ਵਿਚ ਨੌਕਰੀ ਦੇਣ ਦੇ ਵੱਡੇ ਫਲੈਕਸ ਤਾਂ ਲਗਾ ਦਿੱਤੇ ਹਨ ਪਰ ਬਹੁਤੇ ਪਰਿਵਾਰਾਂ ਕੋਲ ਆਫਰ ਲੈਟਰ ਵੀ ਨਹੀਂ ਪੁੱਜੇ ਹਨ |

            ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਆਖਦੇ ਹਨ ਕਿ ਜਿਨ੍ਹਾਂ ਕੇਸਾਂ ਵਿਚ ਸ਼ਹੀਦ ਪਰਿਵਾਰਾਂ ਦੇ ਵਾਰਸ ਓਵਰਏਜ ਹੋ ਚੁੱਕੇ ਹਨ ਜਾਂ ਬੇਔਲਾਦ ਹਨ, ਉਨ੍ਹਾਂ ਨੂੰ ਕੈਬਨਿਟ ਵਿਚ ਛੋਟਾਂ ਦਿੱਤੀਆਂ ਜਾਣ | ਜਾਣਕਾਰੀ ਅਨੁਸਾਰ ਇਨ੍ਹਾਂ ਪਰਿਵਾਰਾਂ ਵਿਚ ਸਰਕਾਰ ਪ੍ਰਤੀ ਕਾਫ਼ੀ ਰੋਸ ਫੈਲ ਗਿਆ ਹੈ ਅਤੇ ਕਿਸਾਨ ਧਿਰਾਂ ਨੇ ਇਸ ਦਾ ਨੋਟਿਸ ਲਿਆ ਹੈ | ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਆਖਦੇ ਹਨ ਕਿ ਸਰਕਾਰ ਫੌਰੀ ਨਿਯੁਕਤੀ ਪੱਤਰ ਜਾਰੀ ਕਰੇ ਅਤੇ ਕੀਤੇ ਐਲਾਨਾਂ 'ਤੇ ਪਹਿਰਾ ਦੇਵੇ | 

                                  ਮੰਡੀ ਕਲਾਂ ਦੇ ਛੇ ਜੀਅ ਘੋਲ ਦੇ ਲੇਖੇ  ਲੱਗੇ

ਪੰਜਾਬ ਦਾ ਪਿੰਡ ਮੰਡੀ ਕਲਾਂ (ਬਠਿੰਡਾ) ਇਕਲੌਤਾ ਪਿੰਡ ਹੈ ਜਿਥੋਂ ਦੇ ਕਿਸਾਨ ਘੋਲ ਦੌਰਾਨ ਸਭ ਤੋਂ ਵੱਧ ਕਿਸਾਨ/ਮਜ਼ਦੂਰ ਸ਼ਹੀਦ ਹੋਏ ਹਨ | ਇਸ ਇਕੱਲੇ ਪਿੰਡ ਦੇ ਅੱਧੀ ਦਰਜਨ ਪਰਿਵਾਰਾਂ ਦੇ ਜੀਅ ਕਿਸਾਨ ਘੋਲ ਦੇ ਲੇਖੇ ਲੱਗੇ ਹਨ ਜਿਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਿਲ ਹਨ | ਸ਼ਹੀਦ ਜਸਪਾਲ ਕੌਰ, ਸ਼ਹੀਦ ਮਨਪ੍ਰੀਤ ਸਿੰਘ ਅਤੇ ਸ਼ਹੀਦ ਨਛੱਤਰ ਸਿੰਘ ਦੇ ਪਰਿਵਾਰ ਨੂੰ ਨੌਕਰੀ ਦੇਣੀ ਤਾਂ ਦੂਰ ਦੀ ਗੱਲ, ਸਰਕਾਰ ਨੇ ਬਾਤ ਵੀ ਨਹੀਂ ਪੁੱਛੀ | ਬਾਕੀ ਤਿੰਨ ਪਰਿਵਾਰਾਂ ਨੂੰ ਨਿਯੁਕਤੀ ਮਿਲ ਚੁੱਕੇ ਹਨ | ਨੌਕਰੀ ਤੋਂ ਵਾਂਝੇ ਪਰਿਵਾਰ ਸਰਕਾਰ ਤੋਂ ਆਪਣਾ ਕਸੂਰ ਪੁੱਛ ਰਹੇ ਹਨ | 

              ਸਭ ਯੋਗ ਵਾਰਸਾਂ ਨੂੰ ਨੌਕਰੀ ਦਿਆਂਗੇ: ਖੇਤੀ ਮੰਤਰੀ

ਖੇਤੀ ਮੰਤਰੀ ਪੰਜਾਬ ਰਣਦੀਪ ਸਿੰਘ ਨਾਭਾ ਦਾ ਕਹਿਣਾ ਸੀ ਕਿ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਸਭਨਾਂ ਸ਼ਹੀਦਾਂ ਦੇ ਯੋਗ ਵਾਰਸਾਂ ਨੂੰ ਨੌਕਰੀ ਦਿੱਤੀ ਜਾਵੇਗੀ | ਜੋ ਸ਼ਰਤਾਂ ਪੂਰੀਆਂ ਨਹੀਂ ਕਰਦੇ ਹਨ, ਉਨ੍ਹਾਂ ਲਈ ਨੌਕਰੀ ਦੇਣਾ ਮੁਸ਼ਕਲ ਹੋਵੇਗਾ | ਉਨ੍ਹਾਂ ਦੱਸਿਆ ਕਿ ਹੁਣ ਤੱਕ 168 ਪਰਿਵਾਰਾਂ ਨੂੰ ਨੌਕਰੀ ਦੇਣ ਦੇ ਕੇਸ ਕਲੀਅਰ ਹੋ ਚੁੱਕੇ ਹਨ ਅਤੇ ਜਿਆਦਾ ਗਿਣਤੀ ਵਿਚ ਨੌਕਰੀ ਜੁਆਇੰਨ ਵੀ ਕਰ ਚੁੱਕੇ ਹਨ | ਖੇਤੀ ਮੰਤਰੀ ਨੇ ਕਿਹਾ ਕਿ ਸਿਰਫ਼ ਖੂਨ ਦੇ ਰਿਸ਼ਤੇ ਹੀ ਨੌਕਰੀ ਦਿੱਤੀ ਜਾ ਸਕਦੀ ਹੈ | ਜੋ ਮੋਰਚਾ ਸਮਾਪਤੀ ਮਗਰੋਂ ਕਿਸਾਨ ਰਸਤੇ ਵਿਚ ਸ਼ਹੀਦ ਹੋਏ ਹਨ, ਉਨ੍ਹਾਂ ਬਾਰੇ ਮੁੱਖ ਮੰਤਰੀ ਦੇ ਪੱਧਰ 'ਤੇ ਫੈਸਲਾ ਹੋਵੇਗਾ |

  


Monday, August 23, 2021

                                                       ਪਿੰਡ ਜਾਗੇ
                                               ਰੁਕੋ ! ਅੱਗੇ ਖ਼ਤਰਾ ਹੈ...
                                                    ਚਰਨਜੀਤ ਭੁੱਲਰ      

ਚੰਡੀਗੜ੍ਹ :  ਖੇਤੀ ਕਾਨੂੰਨਾਂ ਖ਼ਿਲਾਫ਼ ਛਿੜੀ ਕਿਸਾਨ ਜੰਗ ਹੁਣ ਪੰਜਾਬ ’ਚ ਨਵੀਂ ਸਵੇਰ ਦਾ ਸੁਨੇਹਾ ਬਣਨ ਲੱਗੀ ਹੈ, ਜਿਸ ਤਹਿਤ ਪਿੰਡ-ਪਿੰਡ ਜੂਹਾਂ ’ਤੇ ‘ਚਿਤਾਵਨੀ ਬੋਰਡ’ ਲੱਗਣ ਲੱਗੇ ਹਨ। ਇਸ ਪਾਸੇ ਮਲਵਈ ਪਿੰਡਾਂ ਨੇ ਪਹਿਲਕਦਮੀ ਦਿਖਾਉਂਦਿਆਂ ਕਰੀਬ 10 ਫ਼ੀਸਦੀ ਪਿੰਡਾਂ ਵਿੱਚ ਸਿਆਸੀ ਧਿਰਾਂ ਦੇ ਦਾਖ਼ਲੇ ’ਤੇ ਪਾਬੰਦੀ ਲਾਏ ਜਾਣ ਦੇ ਫ਼ੈਸਲੇ ਲਏ ਹਨ। ਚਿਰਾਂ ਦੀ ਔਖ ਹੁਣ ਉੱਭਰ ਕੇ ਬਾਹਰ ਆਉਣ ਲੱਗੀ ਹੈ। ਮਾਲਵੇ ਦੇ ਕਰੀਬ ਸਵਾ ਸੌ ਪਿੰਡਾਂ ਵਿੱਚ ਸਿਆਸੀ ਆਗੂਆਂ ਲਈ ‘ਚਿਤਾਵਨੀ ਬੋਰਡ’ ਲੱਗੇ ਹਨ। ਕਿਤੇ ਸਭਨਾਂ ਨੇਤਾਵਾਂ ਦੇ ਬਾਈਕਾਟ ਦੀ ਗੱਲ ਕਹੀ ਗਈ ਹੈ ਅਤੇ ਕਿਧਰੇ ਆਗੂਆਂ ਨੂੰ ਪਿੰਡ ਦੀ ਜੂਹ ’ਚ ਪੈਰ ਨਾ ਪਾਉਣ ਦੀ ਨਸੀਹਤ ਦਿੱਤੀ ਗਈ ਹੈ।ਵੇਰਵਿਆਂ ਅਨੁਸਾਰ ‘ਚੌਕਸੀ ਬੋਰਡ’ ਲਾਉਣ ਵਿੱਚ ਬਠਿੰਡਾ ਜ਼ਿਲ੍ਹਾ ਸਭ ਤੋਂ ਅੱਗੇ ਹੈ, ਜਿੱਥੇ ਹੁਣ ਤੱਕ 26 ਪਿੰਡਾਂ ਵਿੱਚ ਸਿਆਸੀ ਆਗੂਆਂ ਦੇ ਬਾਈਕਾਟ ਦਾ ਫ਼ੈਸਲਾ ਹੋ ਚੁੱਕਾ ਹੈ। ਪਿੰਡ ਜੰਗੀਰਾਣਾ ਵਿੱਚ ਤਾਂ ਆਗੂਆਂ ਨੂੰ ਪੋਸਟਰ ਲਾਏ ਜਾਣ ਦੀ ਵੀ ਮਨਾਹੀ ਹੈ। ਇਸ ਪਿੰਡ ਵਿੱਚ ਕੋਈ ਸਿਆਸੀ ਪੋਸਟਰ ਲਾ ਗਿਆ ਸੀ ਤਾਂ ਕਿਸਾਨ ਆਗੂਆਂ ਨੇ ਤਾੜਨਾ ਕਰਕੇ ਉਤਾਰ ਦਿੱਤਾ।                                                  

           ਬਠਿੰਡਾ ਦੇ ਪਿੰਡ ਨੰਗਲਾ, ਬਹਿਮਣ ਜੱਸਾ ਸਿੰਘ, ਜਿਉਂਦ, ਕਲਾਲਵਾਲਾ, ਬੁਰਜ ਮਹਿਮਾ, ਫੁੱਲੋਮਿੱਠੀ ਅਤੇ ਚੱਠੇਵਾਲਾ ਸਮੇਤ ਹੋਰ ਪਿੰਡਾਂ ’ਚ ਅਜਿਹੇ ਫ਼ੈਸਲੇ ਹੋਏ ਹਨ। ਮਾਨਸਾ ਜ਼ਿਲ੍ਹੇ ’ਚ ਹੁਣ ਤੱਕ 23 ਪਿੰਡਾਂ ਵਿੱਚ ‘ਚਿਤਾਵਨੀ ਬੋਰਡ’ ਲੱਗੇ ਹਨ। ਪਿੰਡ ਗੋਬਿੰਦਪੁਰਾ ਦੇ ਕਿਸਾਨ ਨੇਤਾ ਮੇਜਰ ਸਿੰਘ ਆਖਦੇ ਹਨ ਕਿ ਪੇਂਡੂ ਜਵਾਨੀ ਤੇ ਕਿਸਾਨੀ ’ਚ ਸਭਨਾਂ ਸਿਆਸਤਦਾਨਾਂ ਪ੍ਰਤੀ ਬਹੁਤ ਗ਼ੁੱਸਾ ਹੈ ਕਿ ਉਨ੍ਹਾਂ ਦੀ ਕਦੇ ਕਿਸੇ ਨੇ ਬਾਂਹ ਨਹੀਂ ਫੜੀ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਸਿਰਫ਼ ਭਾਜਪਾ ਆਗੂਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਸੀ ਅਤੇ ਬਾਕੀ ਸਿਆਸੀ ਧਿਰਾਂ ਨੂੰ ਸਿਰਫ਼ ਸੁਆਲ ਪੁੱਛਣ ਤੱਕ ਦੀ ਗੱਲ ਆਖੀ ਸੀ। ਪਿੰਡ ਏਨੇ ਜਾਗ ਪਏ ਹਨ ਕਿ ਖ਼ਾਸ ਕਰਕੇ ਨੌਜਵਾਨ ਤਬਕਾ ਸਿਆਸੀ ਧਿਰਾਂ ਤੋਂ ਔਖ ਵਿੱਚ ਹੈ। ਬਰਨਾਲਾ ਜ਼ਿਲ੍ਹੇ ਦੇ ਕਰੀਬ 15 ਪਿੰਡਾਂ ਵਿੱਚ ਲੋਕਾਂ ਨੇ ਇਕੱਠ ਕਰਕੇ ਮਤੇ ਪਾਏ ਹਨ ਅਤੇ ਪਿੰਡ ਦੇ ਮੁੱਖ ਰਸਤਿਆਂ ’ਤੇ ਫਲੈਕਸ ਲਾਏ ਹਨ ਤਾਂ ਜੋ ਕੋਈ ਆਗੂ ਪਿੰਡ ਵਿੱਚ ਦਾਖਲ ਹੋਣ ਦੀ ਹਿੰਮਤ ਨਾ ਦਿਖਾ ਸਕੇ। ਪਿੰਡ ਜੋਧਪੁਰ ਵਿੱਚ ਬੀਕੇਯੂ (ਕਾਦੀਆ) ਅਤੇ ਡਕੌਂਦਾ ਗਰੁੱਪ ਨੇ ਮੀਟਿੰਗ ਕਰਕੇ ਸਿਆਸੀ ਧਿਰਾਂ ਦੇ ਬਾਈਕਾਟ ਦਾ ਮਤਾ ਪਾਇਆ ਹੈ। ਕਿਸਾਨ ਆਗੂ ਊਧਮ ਸਿੰਘ ਆਖਦਾ ਹੈ ਕਿ ਜਦੋਂ ਤੋਂ ਫ਼ੈਸਲਾ ਹੋਇਆ ਹੈ, ਉਦੋਂ ਤੋਂ ਕਿਸੇ ਨੇਤਾ ਨੇ ਪਿੰਡ ਵੱਲ ਮੂੰਹ ਨਹੀਂ ਕੀਤਾ।   

            ਮੁਕਤਸਰ ਜ਼ਿਲ੍ਹੇ ਵਿੱਚ ਕਰੀਬ ਇੱਕ ਦਰਜਨ ਪਿੰਡਾਂ ’ਚ ਏਹ ਜਾਗ ਲੱਗ ਚੁੱਕੀ ਹੈ। ਮੁਕਤਸਰ ਦੇ ਪਿੰਡ ਰਹੂੜਿਆਂ ਵਾਲੀ ’ਚ ਤਿੰਨ ਚਿਤਾਵਨੀ ਪੋਸਟਰ ਲੱਗੇ ਹਨ, ਜਿਸ ਵਿੱਚ ਨੌਜਵਾਨਾਂ, ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਲੀਡਰਾਂ ਨੂੰ ਤਾੜਨਾ ਕੀਤੀ ਗਈ ਹੈ। ਇਸੇ ਤਰ੍ਹਾਂ ਮੋਗਾ ਦੇ ਕਰੀਬ ਡੇਢ ਦਰਜਨ ਪਿੰਡਾਂ ਵਿੱਚ ਅਜਿਹੇ ਮਤੇ ਪਾਸ ਹੋਏ ਹਨ, ਜਦੋਂ ਕਿ ਫ਼ਿਰੋਜ਼ਪੁਰ ਦੇ ਕਰੀਬ 15 ਪਿੰਡਾਂ ਨੇ ਇਸੇ ਤਰਜ਼ ’ਤੇ ਫ਼ੈਸਲੇ ਲਏ ਹਨ। ਸੰਗਰੂਰ ਤੇ ਪਟਿਆਲਾ ਦੇ ਕਾਫ਼ੀ ਪਿੰਡ ਇਸ ਪਾਸੇ ਤੁਰੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਖੇਤੀ ਕਾਨੂੰਨਾਂ ਨੇ ਲੋਕ ਜਗਾਏ ਹਨ, ਜਿਨ੍ਹਾਂ ਨੂੰ ਹਕੂਮਤਾਂ ਨੇ ਅਲਾਮਤਾਂ ਤੇ ਦੁਸ਼ਵਾਰੀਆਂ ਦੀ ਜਕੜ ਵਿੱਚ ਰੱਖਿਆ ਹੋਇਆ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੇ ਲਾਏ ਜਾਗ ਨੇ ਪੰਜਾਬ ਨੂੰ ਨਵੀਂ ਦਿਸ਼ਾ ਦੇਣੀ ਹੈ। ਕਿਸਾਨ ਆਗੂ ਆਖਦੇ ਹਨ ਕਿ ਕਿਤੇ ਇਹ ਲਹਿਰ ਜ਼ੋਰ ਫੜ ਗਈ ਤਾਂ ਚੋਣ ਪ੍ਰਚਾਰ ਲਈ ਨੇਤਾਵਾਂ ਨੂੰ ਨਿਕਲਣਾ ਔਖਾ ਹੋ ਜਾਵੇਗਾ। ਫ਼ਾਜ਼ਿਲਕਾ ਦੇ ਕਈ ਪਿੰਡਾਂ ਦੇ ਗੁਰੂ ਘਰਾਂ ਵਿੱਚੋਂ ਮੁਨਿਆਦੀ ਕਰਵਾਈ ਗਈ ਹੈ। ਡਕੌਂਦਾ ਗਰੁੱਪ ਦੇ ਆਗੂ ਹਰਨੇਕ ਸਿੰਘ ਮਹਿਮਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿੱਧੇ ਸੁਆਲ ਕੀਤੇ ਜਾਣ ਮਗਰੋਂ ਪੇਂਡੂ ਲੋਕਾਂ ਵਿੱਚ ਸੁਆਲ ਪੁੱਛਣ ਦੀ ਤਾਕਤ ਹੋਰ ਵਧੀ ਹੈ।                                                                                                                                  

            ਪਿੰਡਾਂ ਦੇ ਸਰਪੰਚ ਵੀ ਇਸ ਮਾਮਲੇ ’ਤੇ ਚੁੱਪ ਹਨ ਅਤੇ ਹਰ ਕੋਈ ਕਿਸਾਨੀ ਦੀ ਨਾਰਾਜ਼ਗੀ ਤੋਂ ਡਰ ਰਿਹਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਵੀ ਕਿਸਾਨੀ ਰੋਹ ਦਾ ਰੰਗ ਵੇਖਣਾ ਪਿਆ ਹੈ। ‘ਆਪ’ ਵਾਲੇ ਵੀ ਹੁਣ ਪਿੰਡਾਂ ਵਿੱਚ ਬੋਚ-ਬੋਚ ਕੇ ਪੈਰ ਪਾਉਂਦੇ ਹਨ।ਬੀਕੇਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਨੇ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਵੱਲੋਂ ਸੁਆਲ ਪੁੱਛੇ ਜਾਣ ਮਗਰੋਂ ਸਿਆਸਤਦਾਨ ਦਹਿਲੇ ਹਨ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ’ਚ ਨਿਕਲੇ ਨੇਤਾ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ’ਤੇ ਅਸਰ ਪਾਉਣ ਲੱਗੇ ਤਾਂ ਕਿਸਾਨ ਮੋਰਚਾ ਸਖ਼ਤ ਫ਼ੈਸਲਾ ਵੀ ਲੈ ਸਕਦਾ ਹੈ, ਜਿਸ ਬਾਰੇ ਆਉਂਦੀ ਮੀਟਿੰਗ ਵਿੱਚ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਸਿਆਸੀ ਨੁਮਾਇੰਦਿਆਂ ਖ਼ਿਲਾਫ਼ ਲੋਕਾਂ ’ਚ ਕਾਫ਼ੀ ਰੋਹ ਹੈ ਕਿਉਂਕਿ ਸਿਆਸਤਦਾਨਾਂ ਨੇ ਫ਼ੈਸਲਿਆਂ ਵਿੱਚ ਲੋਕਾਂ ਨੂੰ ਕਦੇ ਹਿੱਸੇਦਾਰੀ ਦਿੱਤੀ ਹੀ ਨਹੀਂ।

Sunday, June 12, 2016

                                  ਕਿਸਾਨ ਮੋਰਚਾ 
              ਸੜਕਾਂ ਤੇ ਰੁਲੇ ਖੇਤਾਂ ਦੇ ‘ਜਥੇਦਾਰ’
                                   ਚਰਨਜੀਤ ਭੁੱਲਰ
ਬਠਿੰਡਾ : ਬਠਿੰਡਾ ਦੇ ਕਿਸਾਨ ਮੋਰਚੇ ਵਿਚ ਖੇਤਾਂ ਦੇ ‘ਜਥੇਦਾਰ’ ਵਿਲਕ ਰਹੇ ਹਨ ਪ੍ਰੰਤੂ ਉਨ•ਾਂ ਦੀ ਕੋਈ ਸੁਣਨ ਵਾਲਾ ਨਹੀਂ। ਖੇਤ ਬਚਾਉਣ ਖਾਤਰ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਪੋਤਿਆਂ ਨੂੰ ਕਿਤੇ ਸੜਕਾਂ ਤੇ ਨਾ ਬੈਠਣਾ ਪਵੇ, ਇਹੋ ਉਮੀਦ ਨਾਲ ਉਹ ਵਰਿ•ਆਂ ਤੋਂ ਕਦੇ ਰੇਲ ਲਾਈਨਾਂ ਤੇ ਸਿਰ ਰੱਖਦੇ ਹਨ ਅਤੇ ਕਿਤੇ ਤਪਦੀਆਂ ਸੜਕਾਂ ਤੇ ਪੈਰ ਸਾੜਦੇ ਹਨ। ਦੋ ਦਹਾਕਿਆਂ ਤੋਂ ਉਹ ਕਿਸਾਨੀ ਸੰਘਰਸ਼ ਵਿਚ ਡਟੇ ਹੋਏ ਹਨ। ਹੁਣ ਬਠਿੰਡਾ ਦਾ ਮੋਰਚਾ ਉਨ•ਾਂ ਲਈ ਪ੍ਰੀਖਿਆ ਤੋਂ ਘੱਟ ਨਹੀਂ। ਪੂਰੇ 19 ਦਿਨਾਂ ਤੋਂ ਇਹ ਕਿਸਾਨ ਮੋਰਚਾ ਚੱਲ ਰਿਹਾ ਹੈ। ਪੰਥਕ ਸਰਕਾਰ ਨੇ ਖੇਤਾਂ ਦੇ ਇਨ•ਾਂ ਜਥੇਦਾਰਾਂ ਵੱਲ ਜਰਾ ਵੀ ਕੰਨ ਨਹੀਂ ਕੀਤਾ। ਇੱਕ ਕਿਸਾਨ ਆਗੂ ਨੇ ਆਖਿਆ ਕਿ ਕੋਈ ਨੇਤਾ ਇੱਕ ਘੰਟਾ ਏਨੀ ਗਰਮੀ ਵਿਚ ਸੜਕ ਤੇ ਬੈਠ ਕੇ ਦਿਖਾਵੇ। ਅੱਜ ਕਿਸਾਨ ਆਗੂਆਂ ਨੇ ਬਠਿੰਡਾ ਪੁਲੀਸ ਵਲੋਂ ਬੇਰੁਜ਼ਗਾਰਾਂ ਤੇ ਕੀਤੀ ਲਾਠੀਚਾਰਜ ਦੀ ਨਿੰਦਾ ਕੀਤੀ। ਪਿੰਡ ਨੰਗਲਾ ਦਾ ਬਹੱਤਰ ਸਿੰਘ ਅੰਮ੍ਰਿਤਧਾਰੀ ਕਿਸਾਨ ਹੈ। ਜਦੋਂ ਟਰਾਈਡੈਂਟ ਘੋਲ ਚੱਲਿਆ ਤਾਂ 31 ਜਨਵਰੀ 2007 ਨੂੰ ਪੁਲੀਸ ਦੀ ਪਲਾਸਟਿਕ ਦੀ ਗੋਲੀ ਉਸ ਦੇ ਪੱਟ ਵਿਚ ਲੱਗੀ। ਪੁਲੀਸ ਦੀ ਇਹ ਗੋਲੀ ਅੱਜ ਵੀ ਉਸ ਦੇ ਸਰੀਰ ਵਿਚ ਹੈ। ਉਹ ਕਢਵਾ ਹੀ ਨਹੀਂ ਸਕਿਆ। ਉਹ ਬਠਿੰਡਾ ਤੇ ਬਰਨਾਲਾ ਜੇਲ• ਵਿਚ ਵੀ ਜਾ ਚੁੱਕਾ ਹੈ। ਮਾਨਸਾ ਦੇ ਪਿੰਡ ਬੁਰਜ ਹਰੀ ਦਾ ਮਹਿੰਦਰ ਸਿੰਘ ਰੋਮਾਣਾ ਵੀ ਅੰਮ੍ਰਿਤਧਾਰੀ ਕਿਸਾਨ ਹੈ। ਉਹ ਅੱਧੀ ਦਰਜਨ ਜੇਲ•ਾਂ ਵਿਚ ਜਾ ਚੁੱਕਾ ਹੈ।
                      ਉਸ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਜੇਲ• ਨਹੀਂ ,ਚੰਗੇ ਦਿਨ ਦਿਖਾਵੇ। ਜੇਲ•ਾਂ ਮਸਲੇ ਦੇ ਹੱਲ ਨਹੀਂ। ਕਿਸਾਨ ਮਹਿੰਦਰ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਤਾਂ ਐਮਰਜੈਂਸੀ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ਤੇ ਵੀ ਜੇਲ• ਕੱਟੀ ਸੀ। ਮੁੱਖ ਮੰਤਰੀ ਦੇ ਸਹੁਰੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦਾ ਕਿਸਾਨ ਮਹਿੰਦਰ ਸਿੰਘ ਅੰਮ੍ਰਿਤਧਾਰੀ ਹੈ ਜੋ ਹੁਣ ਕਿਸਾਨ ਘੋਲ ਨੂੰ ਹੀ ਆਪਣਾ ਧਰਮ ਮੰਨਦਾ ਹੈ। ਜਦੋਂ ਵੀ ਉਸ ਨੇ ਉੱਚੀ ਅਵਾਜ਼ ਵਿਚ ਨਾਹਰਾ ਲਾਇਆ, ਉਸ ਨੂੰ ਜੇਲ• ਵਿਖਾ ਦਿੱਤੀ ਗਈ। ਪਿੰਡ ਬਹਿਮਣ ਕੌਰ ਸਿੰਘ ਵਾਲਾ ਦੇ 84 ਵਰਿ•ਆਂ ਦੇ ਬਜ਼ੁਰਗ ਕਿਸਾਨ ਜਰਨੈਲ ਸਿੰਘ ਦੀ ਜਰਨੈਲੀ ਵਾਰੇ ਕਿਸੇ ਨੂੰ ਕੋਈ ਵਹਿਮ ਨਹੀਂ। ਉਹ ਦੇ ਜਜ਼ਬੇ ਵਿਚ ਜਵਾਨੀ ਧੜਕਦੀ ਹੈ। ਉਹ ਜ਼ਿੰਦਗੀ ਦਾ ਆਖਰੀ ਪਹਿਰ ਵੀ ਕਿਸਾਨ ਮੋਰਚੇ ਦੇ ਲੇਖੇ ਲਾ ਰਿਹਾ ਹੈ। ਹਰ ਬਜ਼ੁਰਗ ਦੇ ਚਿਹਰੇ ਤੋਂ ਸੰਘਰਸ਼ੀ ਲੋਅ ਝਲਕ ਰਹੀ ਹੈ। ਇਨ•ਾਂ ਬਜ਼ੁਰਗਾਂ ਦਾ ਕਹਿਣਾ ਸੀ ਕਿ ਉਹੀ ਖੇਤਾਂ ਦੇ ਅਸਲ ਜੱਥੇਦਾਰ ਹਨ। ਕਿਸਾਨ ਮੋਰਚੇ ਵਿਚ ਅੱਜ ਜ਼ਿਲ•ਾ ਬਰਨਾਲਾ ਦੇ ਕਿਸਾਨ ਮਜ਼ਦੂਰ ਪੁੱਜੇ ਹੋਏ ਸਨ। ਕਿਸਾਨ ਮੋਰਚੇ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਿਸ਼ਾਨੇ ਤੇ ਰਹੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਬਰਨਾਲਾ ਦੇ ਚਮਕੌਰ ਸਿੰਘ ਨੈਣੇਵਾਲ  ਨੇ ਆਖਿਆ ਕਿ ਬਾਦਲ ਪਰਿਵਾਰ ਨੂੰ ਕਿਸਾਨਾਂ ਦਾ ਹੇਜ ਹੋਵੇ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਮਸਲੇ ਹੱਲ ਕਰਾ ਸਕਦੀ ਹੈ।
                   ਅੱਜ ਆਗੂਆਂ ਨੇ ਕਿਸਾਨ ਮਸਲੇ ਉਠਾਏ ਅਤੇ ਔਰਤਾਂ ਦੀ ਗਿਣਤੀ ਅੱਜ ਕਾਫ਼ੀ ਸੀ। ਕਿਸਾਨੀ ਮਾਮਲਿਆਂ ਦੇ ਹੱਲ ਲਈ ਇਹ ਕਿਸਾਨ ਇੱਥੋਂ ਦੇ ਮਿੰਨੀ ਸਕੱਤਰੇਤ ਅੱਗੇ 24 ਮਈ ਤੋਂ ਬੈਠੇ ਹਨ। ਸਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਹੁਣ ਉਨ•ਾਂ ਨੂੰ ਕੋਈ ਗਿਲਾ ਨਹੀਂ ਕਿ ਸਰਕਾਰ ਨੇ ਕੋਈ ਸਾਰ ਨਹੀਂ ਲਈ। ਹੁਣ ਉਹ ਇਸ ਮੂਡ ਵਿਚ ਹਨ ਕਿ ਸਰਕਾਰ ਚੰਗੀ ਤਰ•ਾਂ ਕਿਸਾਨਾਂ ਦਾ ਸਬਰ ਪਰਖ ਹੀ ਲਵੇ। ਪਤਾ ਲੱਗ ਜਾਵੇਗਾ ਕਿ ਕੌਣ ਕਿੰਨੇ ਪਾਣੀ ਵਿਚ ਹੈ। ਕਿਸਾਨ ਮੋਰਚੇ ਨੂੰ ਅੱਜ ਇੰਦਰਜੀਤ ਝੱਬਰ, ਜੋਗਿੰਦਰ ਦਿਆਲਪੁਰਾ, ਗੁਰਮੇਲ ਸਾਹਨੇਵਾਲੀ,ਸਾਧੂ ਅਲੀਸ਼ੇਰ,ਹਰਜਿੰਦਰ ਬੱਗੀ,ਮਾਸਟਰ ਸੁਖਦੇਵ ਜਵੰਧਾ, ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਜੋਰਾ ਸਿੰਘ ਨਸਰਾਲੀ,ਬੇਰੁਜ਼ਗਾਰ ਈ.ਟੀ.ਟੀ ਟੈੱਟ ਪਾਸ ਐਕਸ਼ਨ ਕਮੇਟੀ ਦੇ ਪ੍ਰਧਾਨ ਜਗਪ੍ਰੀਤ ਸਿੰਘ ਨੇ ਸਬੰੋਧਨ ਕੀਤਾ। ਅਜਮੇਰ ਅਕਲੀਆ ਅਤੇ ਬਲਦੇਵ ਕੌਰ ਭੰਮੇ ਕਲਾਂ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।