Sunday, November 29, 2020

                                                             ਵਿਚਲੀ ਗੱਲ
                                                ਅਸਾਂ ਨੀਂ ਕਨੌੜ ਝੱਲਣੀ..!
                                                            ਚਰਨਜੀਤ ਭੁੱਲਰ            

ਚੰਡੀਗੜ੍ਹ : ਸ਼ੁਕਰੀਆ! ਐ ਤਖ਼ਤ ਵਾਲੇ। ਜੇ ਤੂੰ ਪੈਲੀ ਨੂੰ ਮੈਲੀ ਨਾ ਕਰਦਾ, ਏਹ ਤੋਤਾ ਮਨ ਦਾ ਮੋਤਾ, ‘ਦਿੱਲੀ ਕੂਚ’ ਕਰਨ ਤੋਂ ਡਰਦਾ। ਐ ਤਾਜਾਂ ਵਾਲੇ! ਧੰਨਭਾਗ ਤੁਸਾਂ ਦੀ ਕਨੱਖੀ ਸੋਚ ਦਾ। ਤੂੰ ਇੰਝ ਚੁਲ੍ਹਿਆਂ ’ਤੇ ਵਾਰ ਨਾ ਕਰਦਾ, ਚੌਂਕਿਆਂ ਦੀ ਮਾਲਕਣ ਕਹਿਣਾ ਭੁੱਲ ਬੈਠਦੀ...‘ਅਸਾਂ ਨੀਂ ਕਨੌੜ ਝੱਲਣੀ।’ ਐ ਤਾਕਤ ਦੇ ਮਾਲਕ ! ਤੂੰ ਖੇਤਾਂ ਦਾ ਬੰਨ੍ਹ ਨਾ ਬੰਨ੍ਹਦਾ... ਬੁੱਢੀ ਮਾਈ ਨੇ ਫੇਰ ਕਿੱਥੋਂ ਪੁੱਛਣਾ ਸੀ... ਪੁੱਤ! ਦਿੱਲੀ ਨੂੰ ਕਿਹੜਾ ਰਾਹ ਜਾਂਦੈ। ਐ ਸਿਆਸੀ ਪੁਜਾਰੀ! ਖੇਤੀ ਕਾਨੂੰਨਾਂ ਦਾ ਜੇ ਤੂੰ ਨਾ ਬਣਦਾ ਲਿਖਾਰੀ। ਮੋਇਆਂ ਨੂੰ ਚੇਤੇ ਰਹਿਣਾ ਸੀ, ‘ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ।’ ਤੈਨੂੰ ਵੀ ਸੱਤੇ ਖੈਰਾਂ ਹਰਿਆਣਾ ਸਿੰਘਾਂ। ਤੇਰਾ ਖੱਟਰ! ਕਿਤੇ ਨਾ ਸੁੱਟਦਾ ਪੱਥਰ। ਸੱਤੇ ਜਰਨੈਲੀ ਸੜਕਾਂ ’ਤੇ।ਨਿਆਣਿਆਂ ਨੂੰ ਕਿਵੇਂ ਪਤਾ ਲੱਗਦਾ, ‘ਪੰਜਾਬ ਸਿੰਘ ਕੇ ਖੜਕਣੇ ਸੇ, ਖੜਕਤੀ ਹੈ ਦਿੱਲੀ।’ ਸਿਆਣੇ ਸੱਚ ਫਰਮਾ ਗਏ, ‘ਜਦੋਂ ਘੜਿਆਲ ਵੱਜਦਾ ਹੋਵੇ, ਉਦੋਂ ਟੱਲੀਆਂ ਦੀ ਆਵਾਜ਼ ਨੂੰ ਕੋਈ ਨਹੀਂ ਸੁਣਦਾ।’ ਖੇਤੀ ਮੰਤਰੀ ਨਰੇਂਦਰ ਤੋਮਰ। ਗਵਾਲੀਅਰ ਵਾਲੇ ਪਿਆਰ ਨਾਲ ‘ਮੁੰਨਾ ਭਈਆ’ ਆਖਦੇ ਨੇ। ਮੁੰਨਾ ਸਾਹਬ! ਤੁਸਾਂ ਨੂੰ ਵੀ ਪ੍ਰਣਾਮ । ਤੁਹਾਡੀ ਮਿੱਤਰ ਮੰਡਲੀ ਖੇਤੀ ਕਾਨੂੰਨਾਂ ਵਾਲੀ ‘ਹੀਰ’ ਨਾ ਗਾਉਂਦੀ। ਹਲ-ਪੰਜਾਲੀ ਦੇ ਵਾਰਸਾਂ ਨੂੰ ਦਿੱਲੀ ਦੂਰ ਹੀ ਲੱਗਣੀ ਸੀ। ਅੌਹ ਦੇਖੋ! ਹੁਣ ਤੁਹਾਡੇ ਪ੍ਰਤਾਪ ਨਾਲ ਕਿਵੇਂ ਹੱਥਾਂ ਵਿੱਚ ਹੱਥ ਪਾਏ ਨੇ। ਦਿੱਲੀ ਦੀ ਦਹਿਲੀਜ਼ ਤੱਕ ਆਏ ਨੇ। ਮੱਥੇ ’ਤੇ ਤਿਊੜੀਆਂ, ਮੁੱਕਿਆਂ ਦੀ ਤੜ, ਪੱਗਾਂ ਦੇ ਲੜ, ਛੇਤੀ ਨਹੀਂਓ ਪੈਣਗੇ ਹੁਣ ਫਿੱਕੇ। ਟੇਢੀ ਉਂਗਲ ਨਾਲ ਘਿਓ ਕੱਢਣ ਤੁਰੇ ਨੇ।

               ਤੁਰਕਾਂ ਤੋਂ ਮੱਤ ਲੈ ਨਿਕਲੇ ਨੇ, ‘ਪੇੜ ਇੱਕੋ ਵਾਰ ਨਾਲ ਨਹੀਂ ਡਿੱਗਦੇ।’ ਜ਼ਿਲ੍ਹਾ ਬਰਨਾਲਾ ਦੇ ਪਿੰਡ ਕੱਟੂ ਦਾ ਬੇਅੌਲਾਦ ਬਜ਼ੁਰਗ ਜੋੜਾ। ਧਿਆ ਕੇ ਕਲਗੀਆਂ ਵਾਲੇ ਨੂੰ, ਦਿੱਲੀ ਆ ਬੈਠੈ। ਕੋਲ ਸਿਰਫ਼ ਇੱਕ ਝੋਲਾ ਹੈ। ਕੋਈ ਪੁੱਛ ਬੈਠਾ, ਬੇਬੇ ! ਆਹ ਝੋਲੇ ’ਚ ਕੀ ਐ, ਜੁਆਬ ਮਿਲਿਆ, ‘ਕੀ ਹੋਣਾ ਸੀ ਪੁੱਤ, ਕਫ਼ਨ ਐ।’ ਫੇਰ ਧਰਤੀ ਵੇਹਲ ਨਾ ਦੇਵੇ। ਤੀਹ ਹਜ਼ਾਰ ਪੰਜਾਬਣਾਂ ਨੇ ਮੰਡਾਸੇ ਬੰਨ੍ਹੇ ਨੇ। ਉਪਰੋਂ ਸਪੇਨੀ ਹਾਮੀ ਭਰਦੇ ਨੇ, ‘ਅੌਰਤ, ਤਲਵਾਰ ਤੇ ਕਲਮ, ਦੋਹਾਂ ਨਾਲੋਂ ਤਾਕਤਵਰ ਹੁੰਦੀ ਹੈ।’ ਕੱਤੀ ਕਿਸਾਨ ਧਿਰਾਂ, ਤਿੰਨ ਲੱਖ ਪੰਜਾਬੀ, ਘਰ ਤੇ ਪਿੰਡ ਖਾਲੀ, ਜੋਸ਼ ’ਤੇ ਜਜ਼ਬਾ ਮਣਾਂ ਮੂੰਹਾਂ।ਬਲੀ ਸਿੰਘ ਚੀਮਾ ਜੁਗੜੇ ਪਹਿਲੋਂ ਆਖ ਗਏ, ‘ਲੇ ਮਸ਼ਾਲੇ ਚਲ ਪੜੇਂ ਹੈ, ਲੋਗ ਮੇਰੇ ਗਾਓਂ ਕੇ/ਅਬ ਅੰਧੇਰਾ ਜੀਤ ਲੇਂਗੇ, ਲੋਗ ਮੇਰੇ ਗਾਓਂ ਕੇ।’ ਪੁਆਧ ਦੇ ਇਲਾਕੇ ਦਾ ਪਿੰਡ ਚਿੱਲਾ। ਸਾਬਕਾ ਸਰਪੰਚ ਅਜਾਇਬ ਸਿਓਂ। ਪ੍ਰਧਾਨ ਮੰਤਰੀ ਦੀ ਤਸਵੀਰ ਅੱਗੇ ਰੱਖ ਵੰਦਨਾ ਕਰ ਰਿਹੈ..‘ਮੇਰਾ ਜੀਅ ਕਰਾ ਬੀ ਮੈਂ ਨਰੇਂਦਰ ਬਾਬੂ ਪਰ ਬਲਿਹਾਰੈ ਜਾਹਾਂ ਜਿਸ ਨੈ ਪੰਜਾਬ ਬਚਾ ਲਿਆ, ਨਹੀਂ ਤਾ ਮਾਅਰੇ ਛੋਕਰਿਆਂ ਨੈ ਸੌਂਈਓ ਜਾਣਾ ਤਾ, ਕਿਸ ਨੈ ਝੰਡੇ ਚੱਕਣੇ ’ਤੇ।’ ਪੁਆਧੀ ਦਿੱਲੀ ਨਾਲ ਭਿੜ ਰਹੇ ਨੇ। ਅੌਹ ਦੇਖੋ, ਮਝੈਲ ਬਾਬਾ ਵੀ ਦਿੱਲੀ ਬਾਰਡਰ ’ਤੇ ਕਿਵੇਂ ਐਸੀ ਦੀ ਤੈਸੀ ਕਰ ਰਿਹੈ, ‘ਓਹ ਮੋਦੀ ਭਾਊ! ਤੂੰ ਕਰਨ ਕੀ ਡਿਆਂ, ਧੂੜ ਕੱਢ ਦਿਆਂਗੇ, ਕੋਈ ਨੱਥੂ ਖੈਰੇ ਨਹੀਂ।’ ਰੱਬ ਝੂਠ ਨਾ ਬੁਲਾਵੇ, ਸ਼ਰਮੋਂ ਸ਼ਰਮੀ ਦੁਆਬੀਏ ਘਰੋਂ ਤੁਰੇ..! ਖਟਕੜ ਕਲਾਂ ਨੇ ਹਲੂਣਾ ਦਿੱਤਾ ਹੋਊ। ‘ਸਾਡੀ ਕੀਤੀ ਕਰਾਈ, ਮਿੱਟੀ ’ਚ ਮਿਲਾਈ’, ਲੱਗਦੈ ਸੁਫ਼ਨੇ ’ਚ ਬਾਬੇ ਸੋਹਣ ਸਿੰਘ ਭਕਨਾ ਨੇ ਵੀ ਮਿਹਣਾ ਮਾਰਿਆ ਹੋਊ।

               ਪਿੰਡ ਗੱਜੂਮਾਜਰਾ (ਪਟਿਆਲਾ) ਦਾ ਬਜ਼ੁਰਗ ਗੁਰਦੇਵ ਸਿੰਘ। ਦਿੱਲੀ ਨਾਲ ਦੋ ਹੱਥ ਕਰਨ ਲਈ ਨਿੱਤਰਿਐ। ਰਾਤ ਆਏ ਸੁਫ਼ਨੇ ਬਾਰੇ ਦੱਸ ਰਿਹੈ, ‘ਮੱਲੋ! ਰਾਤ ਨਰੇਂਦਰ ਤੋਮਰ ਦਿਖਿਆ।’ ਆਖਣ ਲੱਗਾ, ‘ਗੁਰਦੇਵ ਸਿਆਂ, ਹੁਣ ਛੱਡੋ ਗੁੱਸੇ ਨੂੰ, ਪੈਰੀਂ ਪੈ ਗਿਆ, ਅਖੇ ਆਹ ਚੱਕ, ਖੇਤੀ ਕਾਨੂੰਨ ਰੱਦ।’ ਸੁਫ਼ਨਾ ਸੁਣ ਬਰਾਸ ਵਾਲਾ ਬਿੰਦਰ ਬੋਲਿਆ, ‘ਬਾਬਾ ਵੱਡੇ ਤੜਕੇ ਸੁਫ਼ਨਾ ਆਏ, ਤਾਂ ਹੁੰਦਾ ਵੀ ਸੱਚੈ।’ ਸੱਚ ਪੁੱਛੋ ਤਾਂ ਹੁਣ ਰਣਭੂਮੀ ਬਣੇ ਨੇ ਪੰਜਾਬੀ ਮਨ।ਦੇਸ਼ ਦੀ ਖੜਗ ਭੁਜਾ ਪੰਜਾਬ ਰਿਹੈ। ਜਪਾਨੀ ਆਖਦੇ ਹਨ ਕਿ ‘ਜਦੋਂ ਬੁੱਢੇ ਹੋ ਜਾਵੋ, ਉਦੋਂ ਆਪਣੇ ਬੱਚਿਆਂ ਦਾ ਕਹਿਣਾ ਮੰਨੋ।’ ਜਦੋਂ ਦਿੱਲੀ ਵੱਲ ਤੁਰੇ ਸੀ। ਹਰਿਆਣਾ ਨੇ ਬੈਰੀਕੇਡ ਲਾਏ। ਜਵਾਨ ਖੂਨ ਨੂੰ ਕਿਥੋਂ ਨੱਕਾ ਲੱਗਦੈ। ਫੇਰ ਅੱਗੇ ਜਵਾਨੀ, ਪਿੱਛੇ ਕਿਸਾਨੀ। ਜਿਨ੍ਹਾਂ ਪਥਰਾਟ ਭੰਨ੍ਹੇ ਨੇ, ਉਨ੍ਹਾਂ ਲਈ ਪੱਥਰ ਕਿਹੜੇ ਬਾਗ ਦੀ ਮੂਲੀ ਨੇ। ਮਾਛੀਵਾੜੇ ਦੇ ਵਾਰਸਾਂ ਅੱਗੇ ਕੰਡਿਆਲੀ ਤਾਰ ਨੂੰ ਤਾਰ-ਤਾਰ ਹੋਣਾ ਪਿਆ। ਦਿੱਲੀ ਸੀਮਾ ’ਤੇ ਪਾਣੀ ਦੀਆਂ ਬੁਛਾੜਾਂ ਦੇਖ, ਇੱਕ ਛੋਟਾ ਕਿਸਾਨ ਕਲਪਿਆ, ‘ਸਾਡੇ ਖੇਤ ਤਾਂ ਪਾਣੀ ਨੂੰ ਤਰਸੇ ਪਏ ਨੇ..!’ ਹਰਿਆਣਾ ਪੁਲੀਸ ਨੇ ਪੰਜਾਬੀ ਗੁੱਸੇ ਦਾ ਨਕਦ ਨਰਾਇਣ ਰਸੀਦ ਕੀਤਾ, ਮਗਰੋਂ ਦਿੱਲੀ ਪੁਲੀਸ ਨੇ। ਹਕੂਮਤ ਨੇ ਰਾਈ ਦੇ ਪਹਾੜ ਬਣਾਏ। ਪੁਲੀਸ ਨੇ ਰੇਤ ਦੇ ਟਿੱਬੇ। ਟਿੱਬੇ ਕਿਵੇਂ ਪੱਧਰ ਹੁੰਦੇ ਨੇ, ਮਲਵੱਈਆਂ ਨੂੰ ਪੁੱਛ ਕੇ ਦੇਖੋ। ਅੱਖੀਂ ਕੇਂਦਰ ਸਰਕਾਰ ਨੇ ਦੇਖ ਲਿਆ। ਸੱਧਰਾਂ ਕਰੰਡ ਹੋਈਆਂ ਤਾਂ ਮਿੱਟੀ ਦੇ ਬਾਵੇ ਬਣ ਗਏ। ਪੰਜਾਬੀ ਮੁੱਦਤਾਂ ਮਗਰੋਂ ਦਿੱਲੀ ਦੇ ਪ੍ਰਾਹੁਣੇ ਬਣ ਆਏ ਹਨ। ਜਿਨ੍ਹਾਂ ਮਾਵਾਂ ਦਾ ਨਸੀਬ ਹੀ ਹੰਝੂ ਹਨ, ਅੱਥਰੂ ਗੈਸ ਕੀ ਵਿਗਾੜ ਲਏਗੀ। ਖੇਤੀ ਕਾਨੂੰਨਾਂ ਦਾ ਭਵਿੱਖ ਕੁਝ ਵੀ ਹੋਵੇ। ਪ੍ਰਲੋਕ ’ਚ ਬੈਠੇ ਬਜ਼ੁਰਗ ਧੰਨ ਹੋਏ ਨੇ ਕਿ ਉਨ੍ਹਾਂ ਦੇ ਵਾਰਸਾਂ ਦਾ ਕਣ ਕੰਡਾ ਹਾਲੇ ਮਰਿਆ ਨਹੀਂ। ਚਲੋ ਅੌੜ ਭੰਨ੍ਹੀ ਗਈ, ਲੱਗਦੈ ਸੰਘਰਸ਼ੀ ਝਾੜ ਵੀ ਚੰਗਾ ਨਿਕਲੂ।

               ਆਖ਼ਰ ਅੱਕ ਚੱਬਣਾ ਪਿਐ, ਨਗਾਰੇ ’ਤੇ ਚੋਟ ਪੰਜਾਬ ਨੇ ਲਾਈ ਐ। ਐ ਦਿੱਲੀਏ...ਹੁਣ ਕਾਹਤੋ ਬੁਰਕੀ ਫਸ ਚੱਲੀ..! ਹਿੰਮਤ ਐ ਤਾਂ ਕਹੋ, ਕਿਸਾਨ ਰਾਸ਼ਟਰ ਵਿਰੋਧੀ ਨੇ। ਕਿਤੇ ਖੇਤੀ ਕਾਨੂੰਨ ਘਰਾਂ ਨੂੰ ਨਾ ਪੈਂਦੇ, ਪੰਜਾਬ ‘ਤੋਤੀ-ਏ- ਹਿੰਦ’ ਬਣਿਆ ਰਹਿੰਦਾ। ਘੋਲਾਂ ਦੀ ਝੰਡੀ ਫੜਨੀ ਭੁੱਲ ਜਾਣਾ ਸੀ। ਸੱਤ੍ਵਰਵੇਂ ਦਹਾਕੇ ’ਚ ਮਲ ਸਿੰਘ ਰਾਮਪੁਰੀ ਨੇ ਇੰਝ ਤੁਕਬੰਦੀ ਕੀਤੀ, ‘ਧਰਤੀ ਦਾ ਗੇੜਾ ਤਿੱਖਾ ਏ, ਨਯਾ ਰੰਗ ਏ ਹਰ ਸਿਤਾਰੇ ’ਤੇ, ਪੰਛੀ ਨੇ ਤੋਲਦੇ ਖੰਭਾਂ ਨੂੰ, ਉੱਡਣ ਲਈ ਇੱਕ ਹੁੰਗਾਰੇ ’ਤੇ।’ ਖ਼ਜ਼ਾਨੇ ਭਰਪੂਰ ਨੇ ਪੰਜਾਬ ਦੇ। ਤੱਤੀਆਂ ਤਵੀਆਂ ਦਾ, ਉਬਲਦੀਆਂ ਦੇਗਾਂ ਦਾ ਅਤੇ ਸਿਰਾਂ ’ਤੇ ਚੱਲੇ ਆਰਿਆਂ ਦਾ ਵੱਡਾ ਇਤਿਹਾਸ ਐ, ਜੋ ਜੋਸ਼ ’ਤੇ ਜਜ਼ਬਾ ਬਖ਼ਸ਼ਦੈ। ‘ਦਿੱਲੀ ਚੱਲੋ’ ਦਾ ਨਾਅਰਾ ਨਵਾਂ ਨਹੀਂ। 1857 ਦਾ ਗ਼ਦਰ ਉੱਠਿਆ। ਝਾਂਸੀ ਦੀ ਰਾਣੀ ਲਕਸ਼ਮੀ ਬਾਈ ਤੇ ਬੇਗ਼ਮ ਹਜ਼ਰਤ ਦੀ ਕੂਕ ਪਈ ‘ਦਿੱਲੀ ਚੱਲੋ’। ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ‘ਦਿੱਲੀ ਚੱਲੋ’ ਨੂੰ ਅਮਰ ਕੀਤਾ। ਹੁਣ ਮਾਹੌਲ ਕਿਸਾਨਾਂ ਨੇ ਗਰਮ ਕੀਤੈ। ਸ਼ਾਹੀਨ ਬਾਗ ’ਚ ਵੀ ਸਿਰ ਜੁੜੇ ਸਨ। ਉਦੋਂ 82 ਵਰ੍ਹਿਆਂ ਦੀ ਬਿਲਕੀਸ ਬਾਨੋ ਦੀ ਦੁਨੀਆ ’ਚ ਧੁੰਮ ਪੈ ਗਈ। ਹੁਣ ਦਿੱਲੀ ਦੀ ਜੂਹ ’ਤੇ ਹਜ਼ਾਰਾਂ ‘ਬਿਲਕੀਸ ਬਾਨੋਆਂ’ ਬੈਠੀਆਂ ਹਨ। ਪੰਜਾਬ ਦੀ ਮਾਂ ’ਕੱਲਾ ਆਟਾ ਨਹੀਂ, ਹਾਕਮਾਂ ਨੂੰ ਕਿਵੇਂ ਗੁੰਣਨੈ, ਏਹ ਗੁਰ ਵੀ ਜਾਣਦੀ ਐ। ਕਦੇ ਗੂੰਜ ਪਈ ‘ਜੈ ਜਵਾਨ ਜੈ ਕਿਸਾਨ’। ਹੁਣ ਪੁੱਤ ਚੀਨ ਨਾਲ, ਬਾਪ ਦਿੱਲੀ ਨਾਲ ਲੜ ਰਿਹੈ। ਹਕੂਮਤ ਆਖਦੀ ਐ, ਦਿੱਲੀ ’ਚ ਫ਼ਲ ਆਵੇ, ਸਬਜ਼ੀ ਆਵੇ, ਅਨਾਜ ਆਵੇ, ਦੁੱਧ ਆਵੇ। ਕਿਸਾਨ ਕਿਉਂ ਨਾ ਆਵੇ? ਸਮਝ ਤੋਂ ਬਾਹਰ ਐ। ਵਧਾਤਾ ਸਿੰਘ ਤੀਰ ਨੇ ਇੰਝ ਉਸਤਤ ਕੀਤੀ, ‘ਮੇਰੇ ਵਸ ਨਹੀਂ, ਨਹੀਂ ਤਾਂ ਆਪਣੀ ਸਹੁੰ, ਤੇਰੇ ਸਿਰ ’ਤੇ ਛਤਰ ਝੁਲਾ ਦੇਵਾ/ਜੱਟਾ ਰੱਬ ਜੇਕਰ ਮੇਰੀ ਅਰਜ਼ ਮੰਨੇ, ਤੈਨੂੰ ਜੱਗ ਦਾ ਰਾਜਾ ਬਣਾ ਦੇਵਾ।’

               ਹਕੂਮਤੀ ਅੱਖ ਨੇ ਰੰਕ ਬਣਾ ਦਿੱਤੈ। ਕੋਵਿਡ ਦੇ ਸਮਿਆਂ ’ਚ ਖੇਤੀ ਆਰਡੀਨੈਂਸ ਪਾਸ ਹੁੰਦੇ ਨੇ। ਤਰਕ ਦਿੱਤੇ ਜਾਂਦੇ ਨੇ, ਕਿਸਾਨੋਂ ਦਿੱਲੀ ਨਾ ਆਓ, ਕੋਵਿਡ ਐ। ‘ਸਾਡੀ ਮੌਤ ਉਨ੍ਹਾਂ ਦਾ ਹਾਸਾ’। ਖੈਰ, ਸਿਆਸੀ ਤਮਾਸ਼ਾ ਵੀ ਨਾਲੋਂ ਨਾਲ ਚੱਲ ਰਿਹੈ। ਢੀਂਡਸੇ, ਚੀਮੇ ਤੇ ਖਹਿਰੇ, ਸਭ ਹਾਜ਼ਰੀ ਲਵਾ ਗਏ। ਭਗਵੰਤ ਮਾਨ ਕਦੋਂ ਕਹੂ, ਹਾਜ਼ਰ ਜੀ। ਦਸੌਂਧਾ ਸਿਓਂ ਆਖ ਰਿਹੈ, ਕਿਸਾਨ ਭਰਾਵੋ! ਸਮਾਂ ਮਿਲਿਆ ਤਾਂ ਬੀਬੀ ਜਗੀਰ ਕੌਰ ਵੀ ਆਉਣਗੇ। ਹੁਣੇ ਪ੍ਰਧਾਨ ਬਣੇ ਨੇ। ਹਕੂਮਤ ਦੀ ਅੱਖ ’ਚ ਸ਼ਰਮ ਹੁੰਦੀ ਤਾਂ ਕਿਸਾਨਾਂ ਨੂੰ ਬੁਛਾੜ ਨਾ ਝੱਲਣੇ ਪੈਂਦੇ। ਕਿਸਾਨ ਹੁਣ ਨਵੀਂ ਇਬਾਰਤ ਲਿਖੇਗਾ। ਹਕੂਮਤ ਲਿਖੇਗੀ ਜ਼ੁਲਮ ਤੇ ਜਬਰ ਦੇ ਵਰਕੇ। ਮਸਲਾ ਧੀਆਂ-ਪੁੱਤਾਂ ਦੇ ਭਵਿੱਖ ਦਾ ਹੋਵੇ, ਖੇਤਾਂ ਦੀ ਢਹਿ ਰਹੀ ਵੱਟ ਦਾ ਹੋਵੇ, ਉਦੋਂ ਬਾਪ ਦਾਦਿਆਂ ਨਾਲ ਮੁੰਡਿਆਂ ਨੂੰ ਦਿੱਲੀ ਦੀ ਵੱਟ ਬੈਠਣਾ ਪੈਂਦੈ। ਛੱਜੂ ਰਾਮ ਨੂੰ ਦੇਖ ਲਓ, ਮਰਲਾ ਜ਼ਮੀਨ ਨਹੀਂ, ਫੇਰ ਵੀ ਲੜ ਰਿਹੈ। ਸੰਤੋਖ ਸਿੰਘ ਧੀਰ ਦਾ ਅੰਦਾਜ਼ਾ ਵੀ ਠੀਕ ਲੱਗਦੇ, ‘ਰਾਜਿਆ ਰਾਜ ਕਰੇਂਦਿਆ! ਤੇਰਾ ਤਖ਼ਤ ਰਿਹਾ ਹੈ ਡੋਲ।’

 

Friday, November 27, 2020

                                                     ਅੱਗੇ ਬਾਬਾ, ਪਿੱਛੇ ਪੋਤੇ
                           ਪੰਜਾਬੀਓ ! ਦਿੱਲੀ ਹੁਣ ਦੂਰ ਨਹੀਂ..!
                                          ਚਰਨਜੀਤ ਭੁੱਲਰ                                   

ਚੰਡੀਗੜ੍ਹ : ਪੰਜਾਬ ਨੇ ਖੇਤਾਂ ਦੀ ਪੱਗ ਲਈ ਅੱਜ ਕਿਸਾਨਾਂ ਨੂੰ ਰਾਹ ਛੱਡੇ। ਜਿੱਧਰ ਵੀ ਦੇਖੋ, ਅੱਜ ਸੜਕਾਂ 'ਤੇ ਅੱਗੇ ਜਵਾਨੀ ਤੇ ਪਿੱਛੇ ਕਿਸਾਨੀ ਸੀ। ਇੰਝ ਜਾਪਿਆ ਜਿਵੇਂ ਕਿਸਾਨ ਰੋਹ ਦਾ ਜਵਾਲਾ ਫਟ ਗਿਆ ਹੋਵੇ। ਅੱਜ ਸਮੁੱਚੇ ਪੰਜਾਬ ਦਾ ਮੂੰਹ ਦਿੱਲੀ ਵੱਲ ਸੀ। ਦਿਹਾਤੀ ਪੰਜਾਬ ਵਿੱਚ ਸੱਥਾਂ ਸੁੰਨੀਆਂ ਸਨ ਅਤੇ ਸ਼ਹਿਰਾਂ ਵਿੱਚ ਬਾਜ਼ਾਰ ਖਾਲੀ। ਵਰ੍ਹਿਆਂ ਮਗਰੋਂ ਪੰਜਾਬ ਨੇ ਸੰਘਰਸ਼ੀ ਪੇਚੇ ਦੀ ਤੜ ਵੇਖੀ ਹੈ। ਜਿਨ੍ਹਾਂ ਅੱਜ ਕਿਸਾਨੀ ਹਜੂਮ ਤੱਕੇ, ਉਨ੍ਹਾਂ ਨੂੰ ਆਸ ਬੱਝੀ ਕਿ ਦਿੱਲੀ ਹੁਣ ਦੂਰ ਨਹੀਂ...। ਕਿਸਾਨੀ ਸੰਘਰਸ਼ ਨੂੰ ਨੱਕਾ ਮਾਰਨਾ ਕਿੰਨਾ ਔਖਾ ਹੈ, ਹਰਿਆਣਾ ਸਰਕਾਰ ਇਸ ਤੋਂ ਸੱਜਰੀ ਜਾਣੂ ਹੋਈ ਹੈ। ਖਨੌਰੀ ਕੋਲ ਅੰਤਰਰਾਜੀ ਸੀਮਾ ਤੋਂ ਕਿਸਾਨ ਸਾਂਭੇ ਨਹੀਂ ਗਏ। ਹਰਿਆਣਾ ਪੁਲੀਸ ਨੇ ਰਾਹ ਬੰਦ ਕੀਤੇ। ਹਰਿਆਣਵੀਂ ਕਿਸਾਨਾਂ ਨੇ ਦਿਲ ਵੀ ਖੋਲ੍ਹੇ, ਨਾਲੇ ਖੇਤਾਂ ਵਿਚਲੇ ਰਾਹ ਵੀ।
           ਕਿਸਾਨ ਆਗੂ ਮਨਜੀਤ ਨਿਆਲ ਦੱਸਦਾ ਹੈ ਕਿ ਪੁਲੀਸ ਵੱਲੋਂ ਲਾਏ ਮਿੱਟੀ ਦੇ ਟਿੱਬੇ ਹਰਿਆਣਾ ਦੇ ਕਿਸਾਨਾਂ ਨੇ ਢੇਰ ਕਰ ਦਿੱਤੇ। ਹਰਿਆਣਾ ਦੇ ਕਿਸਾਨਾਂ ਨੇ ਆਪੋ-ਆਪਣੇ ਖੇਤਾਂ ਵਿੱਚੋਂ ਪੰਜਾਬ ਦੇ ਕਿਸਾਨਾਂ ਨੂੰ ਰਸਤਾ ਦਿੱਤਾ।  ਜ਼ਿਲ੍ਹਾ ਮੋਗਾ ਦੀ ਇੱਕ ਜਰਨੈਲੀ ਸੜਕ 'ਤੇ ਇੱਕ ਢਾਬੇ ਵਾਲੇ ਨੇ ਸੰਘਰਸ਼ੀ ਲੋਕਾਂ ਦੀ ਮੁਫ਼ਤ ਸੇਵਾ ਕੀਤੀ। ਬਠਿੰਡਾ ਖਿੱਤੇ ਦੇ ਇੱਕ ਵੈਟਰਨਰੀ ਡਾਕਟਰ ਨੇ ਉਨ੍ਹਾਂ ਕਿਸਾਨਾਂ ਦੇ ਪਸ਼ੂਆਂ ਦਾ ਮੁਫ਼ਤ ਇਲਾਜ ਕਰਨ ਦਾ ਐਲਾਨ ਕੀਤਾ, ਜੋ ਦਿੱਲੀ ਦੇ ਰਾਹ ਪਏ ਹਨ। ਪੰਜਾਬ ਹਰਿਆਣਾ ਦੀ ਅੰਤਰਰਾਜੀ ਸੀਮਾ 'ਤੇ ਡੱਬਵਾਲੀ ਲਾਗੇ ਸੜਕ 'ਤੇ ਜੁੜੇ ਕਿਸਾਨ ਇਕੱਠ ਤੋਂ ਜਾਪਿਆ ਜਿਵੇਂ ਸੰਘਰਸ਼ ਦਾ ਦਰਿਆ ਵਹਿ ਰਿਹਾ ਹੋਵੇ। ਜਵਾਨੀ ਨੇ ਨਾਅਰੇ ਲਾਏ, ਕਿਸਾਨੀ ਨੇ ਮੁੱਕੇ ਤਣ ਕੇ ਜੁਆਬ ਦਿੱਤੇ। ਡੱਬਵਾਲੀ ਵਿੱਚ ਸੰਘਰਸ਼ੀ ਇਕੱਠ ਦੇ ਨੇੜੇ ਹੀ ਮਰਹੂਮ ਕਿਸਾਨ ਚੌਧਰੀ ਦੇਵੀ ਲਾਲ ਦਾ ਬੁੱਤ ਲੱਗਾ ਹੋਇਆ ਹੈ। ਬੁੱਤ ਕਿਤੇ ਬੋਲਦੇ ਹੁੰਦੇ ਤਾਂ ਮਰਹੂਮ ਨੇਤਾ ਜ਼ਰੂਰ 'ਜੈ ਕਿਸਾਨ' ਦਾ ਨਾਅਰਾ ਲਾਉਂਦਾ। ਤਲਵੰਡੀ ਸਾਬੋ ਦਾ ਗੁਰਪ੍ਰੀਤ ਸਿੰਘ ਆਖਦਾ ਹੈ ਕਿ ਮਾਝੇ ਦੇ ਟਰੈਕਟਰਾਂ ਤੇ ਟਰਾਲੀਆਂ ਵਿੱਚ ਸਾਜੋ-ਸਾਮਾਨ ਨਾਲ ਬੈਠੇ ਕਿਸਾਨਾਂ ਨੂੰ ਦੇਖ ਕੇ ਜੰਗੀ ਮਾਹੌਲ ਦੀ ਯਾਦ ਤਾਜ਼ਾ ਹੋ ਗਈ।
            ਬਰਨਾਲੇ ਦੀ 85 ਵਰ੍ਹਿਆਂ ਦੀ ਮਾਂ ਜਲ ਕੌਰ ਆਖਦੀ ਹੈ ਕਿ ਇਹ ਜੰਗ ਜ਼ਿੰਦਗੀ ਦੀ ਹੈ।  ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਅੰਦਾਜ਼ਾ ਲਾ ਕੇ ਦੱਸਦੀ ਹੈ ਕਿ ਕਰੀਬ 20 ਹਜ਼ਾਰ ਔਰਤਾਂ ਅੱਜ ਮੋਰਚੇ ਵਿੱਚ ਕਿਸਾਨਾਂ ਨਾਲ ਡਟੀਆਂ ਹਨ। ਪਿੰਡ ਦੌਧਰ ਵਿੱਚੋਂ ਸਭ ਤੋਂ ਵੱਡਾ ਜਥਾ ਔਰਤਾਂ ਦਾ ਆਉਣਾ ਸੰਕੇਤ ਦਿੰਦਾ ਹੈ ਕਿ ਖੇਤਾਂ ਵੱਲ ਕੋਈ ਕਿਵੇਂ ਝਾਕ ਜਾਊ। ਅੰਤਰਰਾਜੀ ਸੀਮਾ 'ਤੇ ਸ਼ੰਭੂ ਬਾਰਡਰ ਹੋਵੇ ਤੇ ਚਾਹੇ ਲਾਲੜੂ। ਹਰ ਪਾਸੇ ਟਰੈਕਟਰ ਹੀ ਟਰੈਕਟਰ ਨਜ਼ਰ ਪੈ ਰਹੇ ਸਨ। ਸੋਸ਼ਲ ਮੀਡੀਆ 'ਤੇ ਵੀ ਕਿਸਾਨੀ ਦਾ ਮੋਢਾ ਬਣ ਕੇ ਬਹੁਤਿਆਂ ਨੇ ਜੰਗ ਲੜੀ। ਬਲਵਿੰਦਰ ਬੋਪਾਰਾਏ ਨੇ ਸ਼ਾਹ ਮੁਹੰਮਦ ਦਾ ਜੰਗਨਾਮਾ ਵਾਰ-ਵਾਰ ਸਾਂਝਾ ਕੀਤਾ। ਚਾਰੇ ਪਾਸੇ ਇਹ ਤੁਕਬੰਦ ਘੁੰਮੀ.. 'ਸ਼ਾਹ ਮੁਹੰਮਦਾ ਕਿਸੇ ਨਾ ਅਟਕਣਾ ਈਂ, ਸਿੰਘ ਲੈਣਗੇ ਦਿੱਲੀ ਨੂੰ ਮਾਰ ਮੀਆਂ।' ਪੰਜਾਬ ਪੂਰੀ ਤਰ੍ਹਾਂ ਅੱਜ ਬੇਖ਼ੌਫ ਦਿਖਿਆ। ਹਰਿਆਣੇ ਦਾ ਕਿਸਾਨ ਪੂਰੀ ਤਰ੍ਹਾਂ ਪਿੱਠ 'ਤੇ ਖੜਿਆ। ਹਰਿਆਣਾ ਦੇ ਪਿੰਡਾਂ ਦੇ ਕਿਸਾਨਾਂ ਨੇ ਅੱਜ 10 ਹਜ਼ਾਰ ਬੰਦਿਆਂ ਦਾ ਲੰਗਰ ਬਣਾ ਕੇ ਡੱਬਵਾਲੀ ਭੇਜਿਆ। ਰਾਜਸਥਾਨ ਤੋਂ ਕਿਸਾਨਾਂ ਦੇ ਜਥੇ ਵੀ ਅੱਜ ਡੱਬਵਾਲੀ ਪੁੱਜੇ ਹਨ। ਬਠਿੰਡਾ ਦੇ ਪਿੰਡ ਹਿੰਮਤਪੁਰਾ ਦਾ ਨੌਜਵਾਨ ਸਰਪੰਚ ਪਰਮਿੰਦਰ ਸਿੰਘ ਆਪਣੇ ਪੱਧਰ 'ਤੇ ਜਥਾ ਲੈ ਕੇ ਦਿੱਲੀ ਵੱਲ ਚੱਲਿਆ ਹੈ। ਕਵੀਸ਼ਰੀ ਜਥੇ ਵੀ ਕਿਸਾਨ ਇਕੱਠਾਂ ਵਿੱਚ ਜ਼ੋਸ ਮੱਠਾ ਨਹੀਂ ਪੈਣ ਦੇ ਰਹੇ ਹਨ।
          ਅੱਜ ਜਵਾਨੀ ਦੇ ਜਜ਼ਬੇ ਨੇ ਇਕੱਲੇ ਨਾਕੇ ਨਹੀਂ, ਹਕੂਮਤ ਦਾ ਨੱਕ ਵੀ ਭੰਨਿਆ ਹੈ। ਵਾਇਆ ਹਰਿਆਣਾ ਜਾਣ ਲਈ ਸੱਤ ਨਾਕੇ ਸਨ, ਜਿਨ੍ਹਾਂ ਵਿੱਚੋਂ ਕਈ ਨਾਕੇ ਅੱਜ ਕਿਸਾਨਾਂ ਨੇ ਤੋੜ ਸੁੱਟੇ, ਹਰਿਆਣਾ ਪੁਲੀਸ ਦੀਆਂ ਪਾਣੀ ਦੀਆਂ ਬੁਛਾੜਾਂ ਵੀ ਪਾਣੀਓਂ-ਪਾਣੀ ਹੋ ਗਈਆਂ।  ਇਨਕਲਾਬੀ ਕੇਂਦਰ ਦੇ ਪ੍ਰਧਾਨ ਨਰਾਇਣ ਦੱਤ ਬਰਨਾਲਾ ਦੀ ਟਿੱਪਣੀ ਸੀ ਕਿ ਅੱਜ ਪੰਜਾਬ ਦੀ ਜਵਾਨੀ ਨੇ ਜਲਵਾ ਦਿਖਾ ਦਿੱਤਾ ਹੈ, ਜੋ ਬਜ਼ੁਰਗਾਂ ਦੇ ਵਾਰਸ ਬਣ ਕੇ ਅੱਗੇ ਲੱਗੇ ਹਨ। ਉਨ੍ਹਾਂ ਕਿਹਾ ਕਿ ਜ਼ੋਸ ਤੇ ਹੋਸ਼ ਵੀ ਅੱਜ ਇੱਕੋ ਵੇਲੇ ਦਿਖਿਆ। ਦੇਖਿਆ ਗਿਆ ਹੈ ਕਿ ਅੱਜ ਨਰਮਾ ਪੱਟੀ ਦੀਆਂ ਵਿਧਵਾ ਔਰਤਾਂ ਦੇ ਜਥੇ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈ ਰਹੇ ਸਨ। ਚਿੱਟੀਆਂ ਚੁੰਨੀਆਂ ਦੀ ਥਾਂ ਅੱਜ ਬਸਤੀ ਚੁੰਨੀਆਂ ਉਨ੍ਹਾਂ ਦੇ ਸਿਰਾਂ 'ਤੇ ਸਨ। ਬੀਕੇਯੂ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅੱਜ ਕਿਸਾਨੀ ਜਥੇ ਨਾਲ ਰੋਕਾਂ ਤੋੜ ਕੇ ਰਤੀਆ ਤੱਕ ਪੁੱਜ ਗਏ, ਜਿਨ੍ਹਾਂ ਦਾ ਕਹਿਣਾ ਸੀ ਕਿ ਕਿਸਾਨੀ ਜੋਸ਼ ਦਿੱਲੀ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰੇਗਾ।
                                  ਸਿਆਸੀ ਟਰੈਕਟਰਾਂ ਨੂੰ ਟਿੱਚਰਾਂ
ਸੋਸ਼ਲ ਮੀਡੀਆ 'ਤੇ ਅੱਜ ਸਿਆਸੀ ਧਿਰਾਂ ਨੂੰ ਟਿੱਚਰਾਂ ਹੋਈਆਂ। ਤਿੰਨ ਟਰੈਕਟਰਾਂ ਵਾਲੀ ਪੁਰਾਣੀ ਤਸਵੀਰ ਚਾਰੇ ਪਾਸੇ ਛਾਈ ਰਹੀ। ਇੱਕ ਟਰੈਕਟਰ 'ਤੇ ਰਾਹੁਲ ਗਾਂਧੀ ਬੈਠੇ ਹੋਏ ਸਨ, ਦੂਸਰੇ ਹੋਰ ਟਰੈਕਟਰ ਨੂੰ ਸੁਖਬੀਰ ਬਾਦਲ ਚਲਾ ਰਹੇ ਸਨ। ਤੀਸਰੇ ਟਰੈਕਟਰ ਦੇ ਸਟੇਅਰਿੰਗ 'ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਬੈਠੇ ਹੋਏ ਸਨ। ਬਹੁਤੇ ਲੋਕਾਂ ਨੇ ਇਹ ਲਿਖਿਆ ਕਿ 'ਏਹ ਟਰੈਕਟਰਾਂ ਵਾਲੇ ਹੁਣ ਕਿਥੇ ਚਲੇ ਗਏ।'

Monday, November 23, 2020

                                                               ਦਿੱਲੀ ਚੱਲੋ
                                           ..ਪੇਚਾ ਪੈ ਗਿਆ ਸੈਂਟਰ ਨਾਲ !
                                                            ਚਰਨਜੀਤ ਭੁੱਲਰ                   

ਚੰਡੀਗੜ੍ਹ : ਜੇ ਪੰਜਾਬ ਦੇ ਇੱਕ ਪਿੰਡ ‘ਚ ਲਾਲ ਝੰਡਾ ਝੁੱਲ ਰਿਹਾ ਹੈ ਤਾਂ ਦੂਸਰੇ ਪਿੰਡ ਬਸੰਤੀ ਚੁੰਨੀਆਂ ਦਾ ਹੜ੍ਹ ਆਇਆ ਹੈ। ਜਿੱਧਰ ਵੀ ਦੇਖੋ, ਹਰੀਆਂ ਤੇ ਕੇਸਰੀ ਪੱਗਾਂ ਦੂਰੋਂ ਨਜ਼ਰ ਪੈਂਦੀਆਂ ਹਨ। ਨੌਜਵਾਨਾਂ ਦੀਆਂ ਜੇਬ੍ਹਾਂ ‘ਤੇ ਬੈਜ ਅਤੇ ਹੱਥਾਂ ਵਿੱਚ ਝੰਡੇ ਹਨ। ‘ਦਿੱਲੀ ਚੱਲੋ‘ ਦੇ ਤਿਆਰੀ ਪ੍ਰੋਗਰਾਮ ‘ਚ ਇਸ ਤਰ੍ਹਾਂ ਦੇ ਸੰਘਰਸ਼ੀ ਰੰਗ ਝਲਕ ਰਹੇ ਹਨ। ਵਰ੍ਹਿਆਂ ਮਗਰੋਂ ਜਵਾਨੀ ਤੇ ਕਿਸਾਨੀ ਨੇ ਹੱਥਾਂ ਵਿਚ ਹੱਥ ਪਾਏ ਹਨ। ਨਿੱਕੇ ਨਿੱਕੇ ਬੱਚੇ ਵੀ ਤੋਤਲੀਆਂ ਆਵਾਜ਼ਾਂ ਵਿੱਚ ਨਾਅਰੇ ਮਾਰ ਰਹੇ ਹਨ। ਬਠਿੰਡਾ ਦੇ ਪਿੰਡ ਮਲੂਕਾ ਦਾ ਨੌਜਵਾਨ ਸੇਮਾ ਨਾ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ। ਬਚਪਨ ਤੋਂ ਜ਼ਿੰਦਗੀ ਨੂੰ ਟੱਕਰ ਦੇ ਰਿਹਾ ਹੈ। ਉਹ ਹੁਣ ਦਿੱਲੀ ਨਾਲ ਟੱਕਰ ਲੈਣ ਦੇ ਇਸ਼ਾਰੇ ਕਰਦਾ ਹੈ। ‘ਦਿੱਲੀ ਚੱਲੋ‘ ਅੰਦੋਲਨ ‘ਚ ਜਾਣ ਲਈ ਕਾਹਲਾ ਇਹ ਨੌਜਵਾਨ ਜੀਦਾ ਟੌਲ ਪਲਾਜ਼ੇ ‘ਤੇ ਕਈ ਹਫਤਿਆਂ ਤੋਂ ਆ ਰਿਹਾ ਹੈ। ਉਸ ਦਾ ਅੰਗਹੀਣ ਸਾਥੀ ਸਰਬਾ ਠੰਢ ਦੇ ਬਾਵਜੂਦ ਦਿੱਲੀ ਜਾਣ ਲਈ ਬਜ਼ਿੱਦ ਹੈ। 

              ਦੱਸਣਯੋਗ ਹੈ ਕਿ ਤੀਹ ਕਿਸਾਨ ਧਿਰਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 26 ਤੇ 27 ਨਵੰਬਰ ਨੂੰ ਦਿੱਲੀ ‘ਚ ਪ੍ਰਦਰਸ਼ਨ ਕਰਨਾ ਹੈ। ‘ਦਿੱਲੀ ਚੱਲੋ‘ ਦੀ ਤਿਆਰੀ ‘ਚ ਸਮੁੱਚਾ ਪੰਜਾਬ ਹੁਣ ਸੰਘਰਸ਼ੀ ਰੰਗ ਵਿੱਚ ਰੰਗਿਆ ਗਿਆ ਹੈ। ਮਾਨਸਾ ਦੇ ਪਿੰਡ ਭੂਟਾਲ ਖੁਰਦ ਵਿੱਚ ਅੌਰਤਾਂ ਇਕੱਠੀਆਂ ਹੋ ਕੇ ਆਟਾ ਛਾਣਨ ‘ਚ ਰੁੱਝੀਆਂ ਹਨ ਅਤੇ ਮੋਗਾ ਦੇ ਪਿੰਡ ਮਾਹਲਾਂ ਕਲਾਂ ਵਿਚ ਟਰਾਲੀਆਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਠੰਢ ਤੋਂ ਵੀ ਬਚਿਆ ਜਾ ਸਕੇ। ਬਠਿੰਡਾ ਦੇ ਪਿੰਡ ਜਿਉਂਦ ਵਿਚ ਨਿੱਕੇ ਨਿੱਕੇ ਬੱਚਿਆਂ ਨੇ ਢੋਲ ਦੀ ਥਾਪ ‘ਤੇ ਮੋਦੀ ਸਰਕਾਰ ਖ਼ਿਲਾਫ਼ ਮੁੱਕੇ ਤਣੇ ਹਨ। ਸੰਗਰੂਰ ਦੇ ਪਿੰਡ ਸੋਹੀਆ ਦਾ ਪੰਜਵੀਂ ਕਲਾਸ ‘ਚ ਪੜ੍ਹਦਾ ਬੱਚਾ ਕਰਨਵੀਰ ਆਪਣੇ ਮਾਪਿਆਂ ਨਾਲ ਦਿੱਲੀ ਜਾਵੇਗਾ। ਉਹ ਗਲੀਆਂ ਵਿੱਚ ਝੰਡਾ ਚੁੱਕੀ ਫਿਰਦਾ ਹੈ। 

                ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਵਿੱਚ ਖੇਤੀ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਚਿੱਟੀਆਂ ਚੁੰਨੀਆਂ ਧੋ ਲਈਆਂ ਹਨ। ਕੋਈ ਮਾਂ ਖੁਦਕੁਸ਼ੀ ਦੇ ਰਾਹ ਗਏ ਕਮਾਊ ਪੁੱਤ ਦੀ ਤਸਵੀਰ ਨੂੰ ਚੁੰਨੀ ਨਾਲ ਸਾਫ ਕਰਨ ਲੱਗੀ ਹੈ ਅਤੇ ਕੋਈ ਵਿਧਵਾ ਪਤੀ ਦੀ ਤਸਵੀਰ ਲੈ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਹੈ। ਪਿੰਡ ਦਿਉਣ ਵਿੱਚ ਅੌਰਤਾਂ ਨੇ ਗਲੀ ਗਲੀ ਰੋਸ ਮਾਰਚ ਕੀਤਾ ਹੈ। ਬੀਕੇਯੂ (ਉਗਰਾਹਾਂ) ਦੇ ਇਸਤਰੀ ਵਿੰਗ ਦੀ ਅਗਵਾਈ ਵਿੱਚ ਅੌਰਤਾਂ ਵੱਲੋਂ ਤਿੰਨ ਦਿਨਾਂ ਜਾਗੋ ਪ੍ਰੋਗਰਾਮ ਉਲੀਕਿਆ ਹੈ। ਕਲਾਕਾਰ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਗੀਤ ‘ਖਿੱਚ ਲੈ ਜੱਟਾ, ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ‘ ਪਿੰਡੋਂ ਪਿੰਡ ਗੂੰਜ ਰਿਹਾ ਹੈ। ਬਲਵਿੰਦਰ ਸੋਨੀ ਦੀ ਰਚਨਾ ‘ਕਸੋ ਕਮਰਾਂ ਤੇ ਖਿੱਚ ਲਓ ਤਿਆਰੀ, ਦਿੱਲੀ ਵੱਲ ਕੂਚ ਕਰੀਏ‘ ਵੀ ਚਾਰੇ ਪਾਸੇ ਘੁੰਮ ਰਹੀ ਹੈ। ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਮਰਹੂਮ ਸਿੰਦਰ ਸਿੰਘ ਨੱਥੂਵਾਲਾ ਨੂੰ ਅੱਜ ਕਿਸਾਨਾਂ ਨੇ ਪਹਿਲੀ ਬਰਸੀ ਦੇ ਮੌਕੇ ਰਾਜੇਆਣਾ (ਮੋਗਾ) ਵਿਖੇ ਰਿਲਾਇੰਸ ਪੰਪ ਅੱਗੇ ਜੁੜੇ ਇਕੱਠ ਵਿਚ ਯਾਦ ਕੀਤਾ। 

                ਮੋਗਾ ਦੇ ਪਿੰਡ ਕੁੱਸਾ ਵਿਚ ਅੌਰਤਾਂ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਲਾਲ ਝੰਡੇ ਨਜ਼ਰ ਪੈਂਦੇ ਹਨ। ਬੀਕੇਯੂ ਡਕੌਂਦਾ ਦੇ ਕਾਰਕੁਨ ਹਰੀਆਂ ਪੱਗਾਂ ਬੰਨ੍ਹ ਪਿੰਡ-ਪਿੰਡ ਹੋਕਾ ਦੇ ਰਹੇ ਹਨ। ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਦਿੱਲੀ ਨੂੰ ਇਕੱਲੇ ਕਿਸਾਨ ਨਹੀਂ, ਖੇਤ ਮਜ਼ਦੂਰ, ਬੇਜ਼ਮੀਨੇ, ਬੇਰੁਜ਼ਗਾਰ, ਅੰਗਹੀਣ ਅਤੇ ਵਿਧਵਾਵਾਂ ਵੀ ਜਾਣਗੀਆਂ।ਮਸਲਾ ਕਿਸਾਨਾਂ ਦੀ ਜ਼ਿੰਦਗੀ ਦਾ ਹੈ। 

 

Sunday, November 22, 2020

                                                         ਵਿਚਲੀ ਗੱਲ
                                             ਪੁੱਛੇ ਨਾ ਕੋਈ ਬਾਤ ਹੀਰੇ..!
                                                        ਚਰਨਜੀਤ ਭੁੱਲਰ     

ਚੰਡੀਗੜ੍ਹ : ਮੁਹੰਮਦ ਸਦੀਕ ਦਾ ਮੂੰਹ ਕੌਣ ਫੜੂ, ਬਿਨਾਂ ਤੂੰਬੀ ਤੋਂ ਹੇਕ ਲਾ ਗਿਆ। ‘ਮੋਦੀ ਤਾਂ ਛੜਾ ਬੰਦੈ, ਕੀ ਜਾਣੇ ਕਿਸਾਨਾਂ ਦੀ ਪੀੜ।’ ਕਿਤੇ ਮੂੰਹਾਂ ਨੂੰ ਤਾਲੇ ਲੱਗਦੇ, ਰਾਹੁਲ ਗਾਂਧੀ, ਸਦੀਕ ਤੋਂ ਮਹੂਰਤ ਕਰਦਾ। ਸਦੀਕ ਮੀਆਂ! ਮੋਦੀ ਦੇ ਘਰ ’ਚ ਝਾਤੀਆਂ ਨਾ ਮਾਰੋ। ਕਿਸੇ ਸੁਲਝੇ ਪੰਡਤ ਦੀ ਦੱਸ ਪਾਓ। ਵਿਆਹ ਦਾ ਮਹੂਰਤ ਕਢਾਉਣੈ। ਸੋਨੀਆ ਗਾਂਧੀ ਦਾ ਵੀ ਦਿਲ ਕਰਦੈ, ਬੰਨੇ ਤੋਂ ਪਾਣੀ ਵਾਰਾਂ। ਕਾਕਾ ਜੀ, ਪੰਜਾਹ ਸਾਲ ਨੂੰ ਢੁਕੇ ਨੇ।‘ਉਹ ਕੀ ਜਾਣੇ ਪੀੜ ਪਰਾਈ, ਜਿਹਦੇ ਅੰਦਰ ਪੀੜ ਨਾ ਕਾਈ।’ ਪਹਿਲਾਂ ਖੇਤੀ ਕਾਨੂੰਨ ਬਣਾਏ, ਮਗਰੋਂ ਨਰਿੰਦਰ ਮੋਦੀ ਗੱਜ ਵੱਜ ਬੋਲੇ, ‘ਵਿਚੋਲੇ ਖ਼ਤਮ ਕਰ ਦਿਆਂਗੇ।’ ਨਰੇਂਦਰ ਭਾਈ! ਅਰਨਬ ਗੋਸਵਾਮੀ ਜਾਣਨਾ ਚਾਹੁੰਦੈ, ‘ਜੇ ਵਿਚੋਲੇ ਹੀ ਖ਼ਤਮ ਕਰਤੇ, ਫੇਰ ਰਾਹੁਲ ਗਾਂਧੀ ਨੂੰ ਸਾਕ ਕੌਣ ਕਰਾਊ।’ ਅਫ਼ਰੀਕੀ ਸੱਚ ਆਖਦੇ ਨੇ, ‘ਚੋਰੀ ਕੁੱਤੇ ਨੇ ਕੀਤੀ, ਸਜ਼ਾ ਬੱਕਰੀ ਨੂੰ ਮਿਲੀ।’ ਉਹ ਭਲੇ ਵੇਲੇ ਗਏ, ਜਦੋਂ ਕਿਸੇ ਮਲਵਈ ਨੂੰ ਵਿਆਹ ਨਾ ਜੁੜਦਾ, ਬਿਹਾਰਨਾਂ ਘਰ ਆ ਵਸਾਉਂਦੀਆਂ।

              ‘ਜਿੰਨੇ ਮੂੰਹ, ਓਨੀਆਂ ਗੱਲਾਂ’, ਵਿਰੋਧੀ ਆਖਦੇ ਨੇ, ਚੋਣਾਂ ’ਚ ਬਿਹਾਰ ਨੇ ਥੜ੍ਹੇ ਨਹੀਂ ਚੜ੍ਹਨ ਦਿੱਤਾ, ਭਾਲਦੇ ਨੇ ਰਾਹੁਲ ਗਾਂਧੀ ਨੂੰ ਡੋਲਾ। ਪ੍ਰਿਅੰਕਾ ਵਾਡਰਾ ਨੂੰ ਕੋਈ ਦੱਸ ਪਾ ਰਿਹੈ, ‘ਮਾਵਾਂ ਧੀਆਂ ਸਾਡੇ ਪਿੰਡ ਆਲੇ ਡੇਰੇ ਆਇਓ, ਪੰਜ ਐਤਵਾਰ ਮਿੱਟੀ ਕੱਢਣੀ ਪਊ, ਦਿਨਾਂ ’ਚ ਸੰਯੋਗ ਨਾ ਜੁੜੇ, ਮੈਨੂੰ ਦਸੌਂਧਾ ਸਿਓਂ ਨਾ ਆਖਿਓ।’ ਇਟਲੀ ਵਾਲੇ ਸੱਚਮੁੱਚ ਜੌਹਰੀ ਨਿਕਲੇ, ਜਿਨ੍ਹਾਂ ਸੋਨੀਆ ਨੂੰ ਰਾਜੀਵ ਦੇ ਲੜ ਲਾਇਆ। ਦੱਸੋ ਭਲਾ, ਮੋਦੀ ਦੀ ਸੱਸ ਕੋਈ ਅਨਾੜੀ ਜੌਹਰਨ ਸੀ? ਵਾਜਪਾਈ ਪ੍ਰਧਾਨ ਮੰਤਰੀ ਬਣੇ। ਉਦੋਂ ਪੰਜਾਬ ਦੇ ਛੜੇ ਮਾਣ ਨਾਲ ਬੋਲੀ ਪਾਉਂਦੇ,‘ ਕਹਿ ਗਏ ਅਟੱਲ ਬਿਹਾਰੀ, ਸਾਡੀ ਛੜਿਆਂ ਦੀ, ਦੁਨੀਆਂ ’ਤੇ ਸਰਦਾਰੀ।’ ਅੌਹ ਦੇਖੋ, ਹਰਿਆਣਾਵੀ ਅਭੈ ਚੌਟਾਲਾ ਨੇ ਕੋਈ ਹੋਰ ਸਟੇਸ਼ਨ ਫੜਿਐ। ਆਓ ਸੁਣਦੇ ਹਾਂ ਚੌਟਾਲਾ ਬਾਣੀ, ‘ਜੋ ਲਵ ਜਹਾਦ ਖ਼ਿਲਾਫ਼ ਕੁੱਦੇ ਨੇ, ਉਨ੍ਹਾਂ ਨੇ ਕਦੇ ਪਿਆਰ ਕੀਤਾ ਹੀ ਨਹੀਂ, ਜੇ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਦੇ ਘਰ ਵਸੇ ਹੁੰਦੇ।’ ਹੁਣ ਖੱਟਰ ਬਾਣੀ ਵੀ ਸੁਣ ਲਓ,‘ਲਵ ਜਹਾਦ ਖ਼ਿਲਾਫ਼ ਕਾਨੂੰਨ ਲਈ ਸੋਚਾਂਗੇ’। ‘ਜਿਹਾ ਰਾਜਾ, ਤਿਹੇ ਕਾਨੂੰਨ।’

             ‘ਲਵ ਜਹਾਦ’ ਜਨਸੰਘੀ ਕਾਢ ਹੈ। ‘ਮੁਸਲਿਮ ਮੁੰਡੇ ਧਰਮ ਪਰਿਵਰਤਨ ਕਰਾਉਣ ਦੀ ਮਨਸ਼ਾ ਨਾਲ ਹਿੰਦੂ ਕੁੜੀਆਂ ਨੂੰ ਪ੍ਰੇਮ ਜਾਲ ’ਚ ਫਸਾਉਂਦੇ ਨੇ’, ਇਹ ਕੱਟੜ ਪਰਿਭਾਸ਼ਾ ਲਵ ਜਹਾਦ ਦੀ ਹੈ। ਯੂਪੀ, ਕਰਨਾਟਕ, ਅਸਾਮ, ਮੱਧ ਪ੍ਰਦੇਸ਼ ਤੇ ਹਰਿਆਣਾ, ਇਨ੍ਹਾਂ ਰਾਜਾਂ ’ਚ ਲਵ ਜਹਾਦ ਖ਼ਿਲਾਫ਼ ਕਾਨੂੰਨ ਬਣਨੇ ਹਨ। ਕਿਤੇ ਰਾਂਝਾ ਅੱਜ ਪੁਨਰ ਜਨਮ ਲਵੇ। ਸਾਰੀ ਉਮਰ ਮੱਝਾਂ ਚਾਰਦਾ ਮਰ ਜਾਏ। ਉਹ ਵੇਲਾ ਹੋਰ ਸੀ, ਜਦੋਂ ਗੋਰਖ ਨਾਥ ਨੇ ਯੋਗ ਝੋਲੀ ਪਾਇਆ ਸੀ।ਉੱਤਰ ਪ੍ਰਦੇਸ਼ ਵਾਲਾ ਮੁੱਖ ਮੰਤਰੀ ਯੋਗੀ। ਗੋਰਖ ਨਾਥ ਦੀ ਧੂਣੀ ’ਤੇ ਤਪ ਕਰਦਾ ਤਾਂ ਇੰਝ ਕਦੇ ਨਾ ਬੋਲਦਾ, ‘ਲਵ ਜਹਾਦ ਵਾਲਿਓ, ਸੁਧਰ ਜਾਓ, ਨਾ ਸੁਧਰੇ ਤਾਂ ‘ਰਾਮ ਨਾਮ ਸੱਤ ਹੈ’ ਦੀ ਯਾਤਰਾ ਨਿਕਲਣ ਵਾਲੀ ਐ।’ ਜੁਆਬ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਰਹੇ ਨੇ, ‘ਪਿਆਰ ’ਚ ਜਹਾਦ ਦੀ ਕੋਈ ਥਾਂ ਨਹੀਂ, ਵਿਆਹ ਨਿੱਜੀ ਮਸਲਾ ਹੈ, ਫਿਰਕੂ ਸਦਭਾਵਨਾ ਨੂੰ ਵੰਡਣ ਦੀ ਏਹ ਭਾਜਪਾਈ ਸਾਜ਼ਿਸ਼ ਹੈ।’ ਸੁਪਰੀਮ ਕੋਰਟ ਨੇ ਵੀ ਮੋਹਰ ਲਾਈ ਹੈ, ‘ਜੀਵਨ ਸਾਥੀ ਚੁਣਨ ਦਾ ਅਧਿਕਾਰ ਨਿਰੋਲ ਨਿੱਜੀ ਮਸਲਾ ਹੈ।’ ਉਪਰੋਂ ਰੋਨਾਲਡ ਰੀਗਨ ਫਰਮਾ ਗਏ, ‘ਸਰਕਾਰ ਦਾ ਮੁੱਢਲਾ ਫਰਜ਼ ਆਪਣੇ ਲੋਕਾਂ ਦੀ ਰਾਖੀ ਕਰਨਾ ਹੁੰਦਾ ਹੈ, ਨਾ ਕਿ ਉਨ੍ਹਾਂ ਦੇ ਜੀਵਨ ਵਿਚ ਦਖਲਅੰਦਾਜ਼ੀ ਕਰਨਾ।’

              ਬਾਬੇ ਤਾਂ ਖੁੱਲ੍ਹੀ ਕਿਤਾਬ ਨੇ, ‘ਜਿਨਿ ਪ੍ਰੇਮ ਕੀਓ ਤਿੰਨ ਹੀ ਪ੍ਰਭੁ ਪਾਇਓ’। ਰੂਸੀ ਮੱਲਾਂ ਦੀ ਵੀ ਸੁਣੋ, ‘ਪਿਆਰ ਪੁਜਾਰੀ ਨੂੰ ਵੀ ਨੱਚਣਾ ਸਿਖਾ ਦਿੰਦੈ।’ ਕਵੀ ਅਵਤਾਰ ਪਾਸ਼ ਜਿਊਂਦਾ ਹੁੰਦਾ ਤਾਂ ਅੱਜ ਕਿਸੇ ਜੇਲ੍ਹ ’ਚ ਵਰਵਰਾ ਰਾਓ ਦੀ ਸੰਗਤ ਮਾਣਦਾ। ‘ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਂਦਾ, ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ’, ਇਹ ਨਿਚੋੜ ਪਾਸ਼ ਨੇ ਕੱਢਿਆ ਸੀ। ਕੈਦੋਂ ਅੱਜ ਵੀ ਅਮਰ ਨੇ। ਅੰਮ੍ਰਿਤਾ ਪ੍ਰੀਤਮ ਵਾਜ਼ਾਂ ਮਾਰ ਰਹੀ ਹੈ, ‘ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿਥੋਂ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ।’ ਯੂਪੀ ਵਾਲੇ ਯੋਗੀ, ਹਰਿਆਣਾ ਵਾਲਾ ਖੱਟਰ, ਅਸਾਮ ਵਾਲੇ ਸਰਬਾਨੰਦ ਸੋਨੋਵਾਲ, ਸਭ ਛੜੇ ਮੁੱਖ ਮੰਤਰੀ ਨੇ ਜੋ ਲਵ ਜਹਾਦ ਖ਼ਿਲਾਫ਼ ਮੈਦਾਨ-ਏ-ਜੰਗ ’ਚ ਨਿੱਤਰੇ ਹਨ। ਮੁੱਕਦੀ ਗੱਲ, ਅਸਲ ’ਚ ਗਰੀਬ ਦੀ ਭੂਰੀ ’ਤੇ ’ਕੱਠ ਐ। ਲਵ ਜਹਾਦ ਖ਼ਿਲਾਫ਼ ਕਾਨੂੰਨ ਭੁੱਖੇ ਢਿੱਡਾਂ ’ਚੋਂ ਫਿਰਕੂ ਆਂਦਰਾਂ ਦੀ ਪਛਾਣ ਕਰਨਗੇ। ਕਿਸੇ ਜਰਮਨ ਨੇ ਸੱਚ ਕਿਹੈ, ‘ਰਾਜਿਆਂ ਤੇ ਮੂਰਖਾਂ ਲਈ ਕੋਈ ਕਾਨੂੰਨ ਨਹੀਂ ਹੁੰਦੇ।’ ਆਪਣੇ ਕਰਨ ਤਾਂ ਪੁੰਨ, ਬਿਗਾਨੇ ਕਰਨ ਤਾਂ ਪਾਪ।

              ਆਓ ਤੈਰਵੀਂ ਨਜ਼ਰ ਮਾਰੀਏ। ਨੇਤਾ ਮੁਖਤਾਰ ਅੱਬਾਸ ਨਕਵੀਂ, ਸ਼ਾਹ ਨਵਾਜ਼ ਹੁਸੈਨ, ਮਰਹੂਮ ਸੁਨੀਲ ਦੱਤ, ਰਾਜ ਬੱਬਰ, ਸਚਿਨ ਪਾਇਲਟ, ਮੁਨੀਸ਼ ਤਿਵਾੜੀ, ਉਮਰ ਅਬਦੁੱਲਾ, ਸ਼ਾਹਰੁਖ ਖਾਨ, ਆਮਿਰ ਖਾਨ, ਸੈਫ਼ ਅਲੀ ਖਾਨ, ਸੁਹੇਲ ਖਾਨ, ਇਰਫਾਨ ਖਾਨ ਸਮੇਤ ਕਰੀਬ 142 ਵੱਡੀਆਂ ਸ਼ਖ਼ਸੀਅਤਾਂ ਜਿਨ੍ਹਾਂ ਅੰਤਰ-ਧਰਮ ਵਿਆਹ ਰਚਾਏ। ਇਹ ਖਾਸ ਲੋਕ ‘ਲਵ ਜਹਾਦ’ ਦੇ ਦਾਇਰੇ ਕਾਹਤੋਂ ਨਹੀਂ ਆਏ। ‘ਆਮ’ ਲੋਕ ਕਟਹਿਰੇ ’ਚ ਖੜ੍ਹਨਗੇ। ਸ਼ਾਹਿਰ ਲੁਧਿਆਣਵੀ ਸੱਚ ਬੋਲਿਐ, ‘ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਗੱਲ ਛੇ ਕੁ ਸਾਲ ਪੁਰਾਣੀ ਐ। ਮਨੋਰੰਜਨ ਕਾਲੀਆ ਨੇ ਇੱਕ ਕਾਂਗਰਸੀ ਦੇ ਘਰ ਵਸੇਬੇ ਬਾਰੇ ਟਿੱਚਰ ਕੀਤੀ। ਉਦੋਂ ਸਿਆਸੀ ਖੁੰਢ ਲਾਲ ਸਿੰਘ ਗੱਬਰ ਵਾਂਗ ਕਾਲੀਆ ਨੂੰ ਪੈ ਨਿਕਲੇ, ‘ਥੋਨੂੰ ਤਾਂ ਕੋਈ ਜੁੜੀ ਨਹੀਂ, ਹੋਰਨਾਂ ਦੀ ਚਿੰਤਾ ਛੱਡੋ, ਆਪਣਾ ਪ੍ਰਬੰਧ ਕਰੋ।’ ਵਿਆਹ ਫੁੱਲਾਂ ਦੀ ਸੇਜ ਨਹੀਂ, ਯੁੱਧ ਦਾ ਮੈਦਾਨ ਹੁੰਦੈ। ਸ਼ਾਇਦ ਇਸੇ ਕਰਕੇ ਬਹੁਤੇ ਨੇਤਾ ਡਰ ਗਏ। ਉੜੀਸਾ ਵਾਲਾ ਨਵੀਨ ਪਟਨਾਇਕ, ਬੰਗਾਲ ਵਾਲੀ ਮਮਤਾ ਬੈਨਰਜੀ, ਬੀਬੀ ਮਾਇਆਵਤੀ, ਉਮਾ ਭਾਰਤੀ, ਸਾਧਵੀ ਨਿਰੰਜਨ ਜੋਤੀ, ਸਾਖ਼ਸੀ ਮਹਾਰਾਜ, ਸਾਧਵੀ ਪ੍ਰੱਗਿਆ, ਕੁਮਾਰੀ ਸ਼ੈਲਜਾ, ਮਰਹੂਮ ਜੈਲਲਿਤਾ, ਸਲਮਾਨ ਖਾਨ ਆਦਿ ਸਭ ਛੜੇ ਤਾਂ ਹਨ, ਮਲੰਗ ਬਿਲਕੁਲ ਨਹੀਂ।

               ਕਾਸ਼! ਇਨ੍ਹਾਂ ਭਟਕਦੀਆਂ ਰੂਹਾਂ ਨੇ ਜੰਗ ਬਹਾਦੁਰ ਗੋਇਲ ਦਾ ‘ਮੁਹੱਬਤਨਾਮਾ’ ਪੜ੍ਹਿਆ ਹੁੰਦਾ। ਪਿਆਰ ਦੇ ਡੂੰਘੇ ਸਰੋਵਰ ’ਚ ਜ਼ਰੂਰ ਡੁਬਕੀ ਲਾਉਂਦੇ। ਦੋ ਦਿਲਾਂ ਦਾ ਮੇਲ ਹੀ ਪਿਆਰ ਅਖਵਾਉਂਦੈ। ਥੋਨੂੰ ਜ਼ਰੂਰ ਚੇਤੇ ਹੋਵੇਗਾ, ਇਟਲੀ ਦੇ ਤਾਨਾਸ਼ਾਹ ਮੁਸੋਲਿਨੀ ਨੇ ਛੜਿਆਂ ’ਤੇ ਟੈਕਸ ਲਾਇਆ ਸੀ। ਜਨਮ ਦਰ ’ਚ ਵਾਧੇ ਲਈ, ਜਰਮਨੀ, ਪੋਲੈਂਡ ਤੇ ਅਮਰੀਕਾ ਨੇ ਵੀ ‘ਛੜਾ ਟੈਕਸ’ ਲਾਉਣ ਲਈ ਕਦਮ ਚੁੱਕੇ ਸਨ। ਮੋਦੀ ਸਾਹਿਬ, ਦੇਖਿਓ ਤੁਸੀਂ ਕਿਤੇ ਮੁਸੋਲਿਨੀ ਦੇ ਰਾਹ ਪੈ ਜਾਵੋ। ਪੰਜਾਬੀ ਛੜਿਆਂ ਨੂੰ ਮਿਹਣੇ ਨਹੀਂ ਜੀਣ ਦਿੰਦੇ, ਟੈਕਸ ਵਿਚਾਰੇ ਕਿਥੋਂ ਭਰਨਗੇ।ਬੱਸ ਪੌਂ ਬਾਰਾਂ ਹੋ ਜਾਣ, ਜੇ ਕਿਤੇ ‘ਟਰੂਮੈਨ-ਗੰਗਾ ਸਿੰਘ ਪੈਕਟ’ ਵਰਗਾ ਸਮਝੌਤਾ ਹੋਜੇ। ‘ਨਾਲੇ ਪੁੰਨ, ਨਾਲੇ ਫਲੀਆਂ ’। ਦੂਸਰੀ ਵਿਸ਼ਵ ਜੰਗ ਪਿੱਛੋਂ ਦਾ ਬਿਰਤਾਂਤ ਹੈ। ਲੇਖਕ ਪਿਆਰਾ ਸਿੰਘ ਦਾਤਾ ਇੰਝ ਹਾਸ ਬਿਆਨੀ ਕਰਦੇ ਹਨ। ਅਮਰੀਕੀ ਨੀਤੀਵਾਨਾਂ ਨੇ ਮਹਿਸੂਸ ਕੀਤਾ ਕਿ ਹਿੰਦੁਸਤਾਨੀ ਸਿੱਖ ਬੜੇ ਬਹਾਦਰ ਹਨ, ਕਿਉਂ ਨਾ ਇਸ ਨਸਲ ਦੀ ਪਿਉਂਦ ਚਾੜ੍ਹੀ ਜਾਵੇ। ਚਾਲੀ ਹਜ਼ਾਰ ਅਮਰੀਕੀ ਸੁੰਦਰੀਆਂ ਦੇ ਰਿਸ਼ਤੇ ਭਾਰਤੀ ਸਿੱਖ ਨੌਜਵਾਨਾਂ ਨਾਲ ਕਰਨ ਦੀ ਨੀਤੀ ਬਣੀ। ਅਮਰੀਕੀ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਪ੍ਰਿੰਸੀਪਲ ਗੰਗਾ ਸਿੰਘ ਨਾਲ ਸਮਝੌਤਾ ਕੀਤਾ।

              ਇੱਧਰ, ਜਿਉਂ ਹੀ ਅਮਰੀਕੀ ਪਰੀਆਂ ਲਈ ‘ਵਰ ਦੀ ਲੋੜ’ ਦੇ ਇਸ਼ਤਿਹਾਰ ਛਪੇ, ਪੰਜਾਬੀ ਮੁੰਡਿਆਂ ਦੀਆਂ ਲਾਲਾਂ ਡਿੱਗ ਪਈਆਂ। ਅਮਰੀਕਾ ਨੇ ਚੜ੍ਹੇ ਮਹੀਨੇ ਡਾਲਰ ਵੀ ਜੋੜਿਆਂ ਨੂੰ ਦੇਣੇ ਸਨ। ਇੱਕੋ ਸ਼ਰਤ ਰੱਖੀ ਗਈ, ਇਨ੍ਹਾਂ ਜੋੜਿਆਂ ਦੇ ਬੱਚਿਆਂ ਨੂੰ ਅਮਰੀਕੀ ਫੌਜ ’ਚ ਭਰਤੀ ਹੋਣਾ ਪਊ। ਕੋਈ ਸਿਆਸੀ ਪ੍ਰਿੰਸੀਪਲ ਅੱਜ ਵੀ ਜੋਅ ਬਾਇਡਨ ਨਾਲ ਏਦਾਂ ਦਾ ਸਮਝੌਤਾ ਕਰੇ ਤਾਂ ਪੰਜਾਬੀ ਮੁੰਡੇ ਅਸੀਸਾਂ ਦੇ ਪਿੜ ਬੰਨ੍ਹ ਦੇਣਗੇ। ਚਿੱਤ ਪ੍ਰਸੰਨ ਹੋ ਜਾਵੇ, ਕਿਤੇ ਜੋਅ ਬਾਇਡਨ ਕਾਕਾ ਰਾਹੁਲ ਦਾ ਕੋਈ ਤੋਪਾ ਭਰਾ ਦੇਣ। ਮੁਹੰਮਦ ਸਦੀਕ ਕਿਥੇ ਟਲਦੈ.. ‘ਤੁਸੀਂ ਵਿਆਹ ਤਾਂ ਕਢਾਓ, ਅਖਾੜੇ ਵਾਲਾ ਰੰਗ ਮੈਂ ਬੰਨੂ।’ ਲੋੜ ‘ਲਵ ਜਹਾਦ’ ਖ਼ਿਲਾਫ਼ ਕਾਨੂੰਨਾਂ ਦੀ ਨਹੀਂ, ਮੁਹੱਬਤਾਂ ਦੇ ਨਵੇਂ ਗੀਤ ਲਿਖਣ ਦੀ ਹੈ। ਪੁਰਾਣੇ ਬਾਂਸ ਨੂੰ ਲਚਕ ਦੇਣੀ ਸੌਖਾ ਕੰਮ ਨਹੀਂ। ਦਿੱਲੀ ਦੀ ਚੁਣੌਤੀ ਨੂੰ ਛੱਜੂ ਰਾਮ ਮਨ ’ਤੇ ਲਾ ਬੈਠੈ। ਬਾਲ ਬੱਚੇਦਾਰ ਤੇ ਕਬੀਲਦਾਰ ਹੈ, ਦਿੱਲੀ ਨਹੀਂ ਜਾਊ ਤਾਂ ਫੇਰ ਖਾਊਂ ਕੀ... ਪਿੰਡ ਪਿੰਡ ਹੋਕੇ ਗੂੰਜੇ ਨੇ...‘ਆਓ ਦਿੱਲੀ ਚੱਲੀਏ..!’

 

Friday, November 13, 2020

                                                         ਖੇਤਾਂ ਦੇ ਰਾਖੇ
                                   ਅਸੀਂ ਮੁੜਾਂਗੇ ਚਾਨਣ ਦੀ ਲੋਅ ਲੈ ਕੇ..!
                                                         ਚਰਨਜੀਤ ਭੁੱਲਰ   

ਚੰਡੀਗੜ੍ਹ : ਕਿਸਾਨ ਬਲਕਾਰ ਸਿੰਘ ਨੇ ਜ਼ਿੰਦਗੀ ਦਾਅ ‘ਤੇ ਲਾਈ ਹੈ। ਉਸ ਨੂੰ ਖੇਤੀ ਕਾਨੂੰਨਾਂ ਦੇ ਹੱਲੇ ਅੱਗੇ ਹਰ ਖੁਸ਼ੀ-ਗ਼ਮੀ ਛੋਟੀ ਜਾਪਦੀ ਹੈ। ਇਹ ਕਿਸਾਨ ਏਨਾ ਜਨੂੰਨੀ ਹੈ ਕਿ ਕਿਸਾਨ ਅੰਦੋਲਨ ‘ਚ ਡੇਰਾ ਜਮਾ ਕੇ ਬੈਠਾ ਹੈ। ਪੰਜਾਹ ਦਿਨਾਂ ਤੋਂ ਉਹ ਘਰ ਨਹੀਂ ਗਿਆ। ਨਾਅਰਿਆਂ ਦੀ ਗੂੰਜ ‘ਚ ਉਸ ਦਾ ਦਿਨ ਚੜ੍ਹਦਾ ਹੈ ਅਤੇ ਤਕਰੀਰਾਂ ਦੇ ਜੋਸ਼ ਨਾਲ ਢਲਦਾ ਹੈ। ਉਸਦੀ ਪਤਨੀ ਹਸਪਤਾਲ ਵਿਚ ਦਾਖਲ ਹੈ। ਗੋਡਿਆਂ ਦਾ ਅਪਰੇਸ਼ਨ ਹੋਇਆ ਹੈ, ਪਰ ਉਹ ਹਸਪਤਾਲ ‘ਚੋਂ ਅਜਨਬੀ ਵਾਂਗ ਪਤਾ ਲੈ ਕੇ ਕਿਸਾਨ ਅੰਦੋਲਨ ‘ਚ ਪਰਤ ਆਇਆ ਹੈ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਦਾ ਇਹ ਕਿਸਾਨ 24 ਸਤੰਬਰ ਨੂੰ ਗੱਠੜੀ ਬੰਨ ਕੇ ਘਰੋਂ ਤੁਰਿਆ ਸੀ। ਕਦੇ ਫਿਰੋਜ਼ਪੁਰ, ਕਦੇ ਕਪੂਰਥਲਾ ਅਤੇ ਹੁਣ ਦੇਵੀਦਾਸਪੁਰਾ ਮੋਰਚੇ ਵਿਚ ਬੈਠਾ ਹੈ। ਉਹ ਆਖਦਾ ਹੈ ਕਿ ਗਰਮੀ ਸਰਦੀ ਹੌਸਲੇ ਨਹੀਂ ਤੋੜ ਸਕਦੀ।

                  ਕਿਸਾਨ ਦਵਿੰਦਰ ਸਿੰਘ ਵੀ ਪੰਜਾਹ ਦਿਨਾਂ ਤੋਂ ਮੋਰਚੇ ‘ਤੇ ਡਟਿਆ ਹੈ। ਉਹ ਆਖਦਾ ਹੈ ਕਿ ਤਿਉਹਾਰ ਛੋਟੇ ਤੇ ਕਿਸਾਨੀ ਮਿਸ਼ਨ ਵੱਡਾ ਹੈ। ਬੱਚਿਆਂ ਨੇ ਦੀਵਾਲੀ ‘ਤੇ ਘਰ ਆਉਣ ਬਾਰੇ ਆਖਿਆ, ਤਾਂ ਉਸ ਨੇ ਜੁਆਬ ਦੇ ਦਿੱਤਾ। ਬਠਿੰਡਾ ਦੇ ਲਹਿਰਾ ਬੇਗਾ ਟੌਲ ਪਲਾਜ਼ਾ ‘ਤੇ ਪਿੰਡ ਖੋਖਰ ਦਾ ਕਿਸਾਨ ਨਿੱਕਾ ਸਿੰਘ ਬੈਠਾ ਹੈ। ਉਹ 43 ਦਿਨਾਂ ਤੋਂ ਅੰਦੋਲਨ ਵਿਚ ਹੈ। ਉਸ ਨੇ ਦਿਨ-ਰਾਤ ਮੋਰਚੇ ਵਿਚ ਗੁਜ਼ਾਰੇ ਹਨ। ਉਹ ਹੱਠ ਕਰੀ ਬੈਠਾ ਹੈ ਕਿ ਖਾਲੀ ਹੱਥ ਘਰ ਨਹੀਂ ਪਰਤਾਂਗੇ। ਉਹ ਆਖਦਾ ਹੈ ਕਿ ਨਰਿੰਦਰ ਮੋਦੀ ਜ਼ਿੱਦੀ ਹੈ ਤਾਂ ਉਹ ਵੀ ਆਪਣੇ ਖੇਤਾਂ ਲਈ ਇਸ ਜ਼ਿੱਦ ਨੂੰ ਭੰਨਣ ਦਾ ਐਲਾਨ ਕਰਦੇ ਹਨ। ਉਹ ਆਖਦਾ ਹੈ ਕਿ ਮਸਲਾ ਜ਼ਿੰਦਗੀ ਦਾ ਹੈ, ਘਰਾਂ ਨੂੰ ਕਿਵੇਂ ਮੁੜ ਜਾਈਏ। ਦਰਜਨਾਂ ਹੋਰ ਕਿਸਾਨ ਹਨ, ਜੋ ਇੱਕ ਦਿਨ ਵੀ ਘਰ ਨਹੀਂ ਗਏ। ਪਿੰਡ ਭੂੰਦੜ ਦਾ ਬਜ਼ੁਰਗ ਕਿਸਾਨ ਗੁਰਬਚਨ ਸਿੰਘ ਦੱਸਦਾ ਹੈ ਕਿ ਪਿਛਲੀ ਦੀਵਾਲੀ ਉਨ੍ਹਾਂ ਨੇ ਬਰਨਾਲਾ ਮੋਰਚੇ ਵਿਚ ਗੁਜ਼ਾਰੀ ਸੀ ਅਤੇ ਐਤਕੀਂ ਵੀ ਸਾਰੇ ਤਿਉਹਾਰ ਮੋਰਚੇ ਵਿਚ ਕੱਢਾਂਗੇ। ਉਹ ਆਖਦਾ ਹੈ ਕਿ ਜੇਬ ਖਾਲੀ ਵਾਲਿਆਂ ਦੀ ਕਾਹਦੀ ਦੀਵਾਲੀ ਹੈ। ਕਿਸਾਨ ਦਾ ਜਜ਼ਬਾ ਦੇਖੋ, ਆਖਦਾ ਹੈ ਕਿ ਸਮਾਂ ਘਰਾਂ ਵਿਚ ਬੈਠਣ ਦਾ ਨਹੀਂ। ਇਸ ਮੋਰਚੇ ਵਿਚ ਕਈ ਬੱਚੇ ਵੀ ਹਨ, ਜੋ ਆਪਣੇ ਦਾਦਿਆਂ ਨਾਲ ਆਉਂਦੇ ਹਨ।

               ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਅੌਰਤਾਂ ਨੇ ਵੀ ਅੰਦੋਲਨ ਵਿਚ ਦਿਨ ਰਾਤ ਬੈਠਣ ਦੀ ਜ਼ਿੱਦ ਕੀਤੀ ਸੀ, ਪਰ ਜਥੇਬੰਦੀ ਦਾ ਫੈਸਲਾ ਹੈ ਕਿ ਅੌਰਤਾਂ ਦਿਨ ਵੇਲੇ ਹੀ ਮੋਰਚਾ ਸੰਭਾਲਣਗੀਆਂ। ਬੁਢਲਾਡਾ ਮੰਡੀ ਵਿਚ ਭਾਜਪਾ ਆਗੂ ਦੇ ਘਰ ਅੱਗੇ ਲਾਏ ਮੋਰਚੇ ਵਿੱਚ ਪਿੰਡ ਬੱਛੋਆਣਾ ਦਾ ਕਿਸਾਨ ਪੱਪੂ ਸਿੰਘ ਦਿਨ ਰਾਤ ਪਹਿਰਾ ਦਿੰਦਾ ਹੈ। ਉਹ ਆਖਦਾ ਹੈ ਕਿ ਸਿਰ ਧੜ ਦੀ ਲੱਗੀ ਹੋਵੇ ਤਾਂ ਮੋਰਚੇ ਖਾਲੀ ਛੱਡਣੇ ਸ਼ੋਭਦੇ ਨਹੀਂ। ਬਰਨਾਲਾ ਦੇ ਰੇਲਵੇ ਸਟੇਸ਼ਨ ਲਾਗੇ ਕਿਸਾਨ ਮੋਰਚੇ ਵਿਚ ਖੁੱਡੀ ਕਲਾਂ ਦੇ ਦੋ ਕਿਸਾਨ ਪਹਿਲੀ ਅਕਤੂਬਰ ਤੋਂ ਡਟੇ ਹੋਏ ਹਨ। ਕਿਸਾਨ ਆਗੂ ਬਾਬੂ ਸਿੰਘ ਆਖਦਾ ਹੈ ਕਿ ਪਿਛਲੇ ਸਾਲ ਮਨਜੀਤ ਧਨੇਰ ਦੀ ਰਿਹਾਈ ਵਾਲੇ ਮੋਰਚੇ ਵਿਚ 47 ਦਿਨ ਲਾਏ ਸਨ। ਉਹ ਆਖਦਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਰਿਵਾਰ ਵੀ ਸੜਕਾਂ ‘ਤੇ ਬਿਠਾਉਣੇ ਪਏ ਤਾਂ ਬੱਚਿਆਂ ਨੂੰ ਵੀ ਲੈ ਆਵਾਂਗੇ। ਕਿਸਾਨ ਸੁਰਜੀਤ ਸਿੰਘ ਮੁਜਾਰਾ ਹੈ। ਉਹ ਆਖਦਾ ਹੈ ਕਿ ਆਖਰ ਤੱਕ ਲੜਾਂਗੇ। ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੀ ਧਰਤੀ ਤੋਂ 24 ਸਤੰਬਰ ਤੋਂ ਅੰਦੋਲਨ ਛਿੜਿਆ ਹੈ ਜੋ ਲਗਾਤਾਰ ਜਾਰੀ ਹੈ। ਕਦੇ ਸੜਕਾਂ ‘ਤੇ ਅਤੇ ਕਦੇ ਰੇਲ ਮਾਰਗਾਂ ‘ਤੇ। ਗਰਮੀ ਸਰਦੀ ਅਤੇ ਤਿੱਥ ਤਿਉਹਾਰ ਕਿਸਾਨ ਅੰਦੋਲਨ ਵਿਚ ਮਨਾਉਣ ਵਾਲੇ ਕਿਸਾਨਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਕਿਸਾਨਾਂ ਦਾ ਸਿਰੜ ਕੇਂਦਰ ਨੂੰ ਮੋੜਾ ਦਿੰਦਾ ਹੈ ਜਾਂ ਨਹੀਂ, ਇਹ ਵੇਖਣਾ ਹੋਵੇਗਾ।

                                            ਇੱਕ ਸ਼ਾਹੀਨ ਬਾਗ਼ ਏਹ ਵੀ....!

ਕਿਸਾਨ ਅੰਦੋਲਨ ਨੇ ਵੀ ਇੱਕ ਨਵੀਂ ਤਰ੍ਹਾਂ ਦੇ ਸ਼ਾਹੀਨ ਬਾਗ਼ ਉਸਾਰੇ ਹਨ। ਬਰਨਾਲਾ ਵਿਚ ਦਾਦੀਆਂ ਦੀ ਸੋਟੀ ਫੜ ਕੇ ਪੋਤੀਆਂ ਵੀ ਆ ਰਹੀਆਂ ਹਨ। ਪਿੰਡ ਕਰਮਗੜ੍ਹ ਦੀ 12 ਸਾਲਾ ਸਕੂਲ ਵਿਦਿਆਰਥਣ ਸਵਨਪ੍ਰੀਤ ਮਹੀਨੇ ਤੋਂ ਪੜ੍ਹਾਈ ਦੇ ਨਾਲ ਨਾਲ ਅੰਦੋਲਨ ਵਿਚ ਵੀ ਆ ਰਹੀ ਹੈ। ਉਹ ਆਪਣੀ ਦਾਦੀ ਮਹਿੰਦਰ ਕੌਰ ਨਾਲ ਮੋਰਚੇ ‘ਚ ਬੈਠਦੀ ਹੈ। ਸਵਨਪ੍ਰੀਤ ਦਾ ਦਾਦਾ ਮੁਖਤਿਆਰ ਸਿੰਘ, ਬਾਪੂ ਪਰਮਪਾਲ ਸਿੰਘ ਅਤੇ ਛੋਟਾ ਭਰਾ ਤਰਨਜੋਤ ਵੀ ਲਗਾਤਾਰ ਮੋਰਚੇ ‘ਚ ਹਾਜ਼ਰੀ ਭਰਦੇ ਹਨ। ਸਕੂਲੀ ਬੱਚੀ ਗੁਰਬੀਰ ਕੌਰ ਵੀ ਆਪਣੀ ਮਾਂ ਅਮਨਦੀਪ ਕੌਰ ਅਤੇ ਤਾਈ ਜਸਪਾਲ ਕੌਰ ਨਾਲ ਮੋਰਚੇ ਵਿਚ ਆਉਂਦੀ ਹੈ। ਮਹਿਲ ਕਲਾਂ ਟੌਲ ਪਲਾਜ਼ੇ ‘ਤੇ ਸਕੂਲੀ ਬੱਚੀ ਖੁਸ਼ਮੀਤ ਵੀ ਆਪਣੀ ਦਾਦੀ ਸਮੇਤ ਅੰਦੋਲਨ ਵਿਚ ਸ਼ਮੂਲੀਅਤ ਕਰਦੀ ਹੈ।

 

Sunday, November 8, 2020

                                                        ਵਿਚਲੀ ਗੱਲ 
                                          ਬਿਨ ਤਾਰ ਨਾ ਵੱਜਦਾ ਤੂੰਬਾ..!
                                                       ਚਰਨਜੀਤ ਭੁੱਲਰ      

ਚੰਡੀਗੜ੍ਹ : ਬੇਤੁਕਾ ਸੁਆਲ ਹੈ, ਅਕਲ ਵੱਡੀ ਜਾਂ ਮੱਝ? ਥੋੜਾ ਲੱਖਣ ਲਾ ਲੈਣਾ, ਕਾਹਲ ਕੋਈ ਨਹੀਂ, ਦੱਸਣਾ ਜਰੂਰ। ਗੱਲ ਨਾ ਅਹੁੜੇ ਤਾਂ ਬਦਾਮ ਛੱਕ ਲੈਣਾ। ਕੌਣ ਵੱਡਾ, ਕੌਣ ਛੋਟਾ, ਫੈਸਲਾ ਤੁਸਾਂ ਕਰਨੈ। ਅਸੀਂ ਤਾਂ ਖੁਰਾਕ ਮੰਤਰੀ ਦੇ ਮੁਰੀਦ ਹਾਂ।  ਜਿਨ੍ਹਾਂ ਦਾ ਪ੍ਰਤਾਪੀ ਚਿਹਰਾ, ਮਿੱਠ ਬੋਲੜਾ ਸੁਭਾਅ, ਪਹਿਲੀ ਮਿਲਣੀ ਮੋਹ ਲੈਂਦੈ। ਭਾਰਤ ਭੂਸ਼ਨ ਆਸ਼ੂ, ਬੱਸ ਨਾਮ ਹੀ ਕਾਫ਼ੀ ਹੈ। ਆਸ਼ੂ ਜੀ ਦੀ ਨਵੀਂ ਕਾਢ, ਪਲੇਠਾ ਫੈਸਲਾ, ਸੁਣੋਗੇ ਤਾਂ ਬਲਿਹਾਰ ਜਾਓਗੇ। ਲੁਧਿਆਣਾ ਨਿਗਮ ਦੇ ਕੌਂਸਲਰਾਂ ਦੀ ਪਹਿਲਾਂ ਸ਼ਿਕਾਇਤ ਵੀ ਸੁਣੋ..‘ਪਿਆਰੇ ਮੰਤਰੀ ਜੀ! ਥੋਡੇ ਅਫਸਰ ਫੀਲਡ ’ਚ ਕਾਹਤੋਂ ਨਹੀਂ ਜਾਂਦੇ।’ ਵਜ਼ੀਰ ਆਸ਼ੂ ਇੰਝ ਫ਼ਰਮਾਏ..‘ਜਿਹੜੇ ਅਫਸਰ ਗੇੜਾ ਨਹੀਂ ਲਾਉਣਗੇ, ਬੂਟਾਂ ਤੋਂ ਝੱਟ ਪਛਾਣੇ ਜਾਣਗੇ।’ ਇਹ ਕਿਹੜਾ ਫੰਡਾਂ, ਖੁਦ ਮੰਤਰੀ ਜੀ ਤੋਂ ਸੁਣੋ, ਜਿਨ੍ਹਾਂ ਫ਼ੌਰੀ ਹੁਕਮ ਸੁਣਾਏ,‘ਜਦੋਂ ਅਫਸਰ ਬਾਹਰੋਂ ਦਫ਼ਤਰ ਆਉਣ, ਪਹਿਲਾਂ ਉਨ੍ਹਾਂ ਦੇ ਚੈੱਕ ਕਰੋ ਬੂਟ, ਅਗਰ ਧੂੜ ਪਈ ਹੋਵੇ ਤਾਂ ਸਮਝ ਲੈਣਾ, ਫੀਲਡ ਚੋਂ ਆਏ ਨੇ, ਮਿੱਟੀ ਨਾਲ ਲਿਬੜੇ ਬੂਟ ਖੁਦ ਗਵਾਹ ਬਣਨਗੇ..।’ 

                ਚੀਨ ਵਾਲੇ ਵੀ ਇਹੋ ਆਖਦੇ ਨੇ..‘ਰੇਤੇ ਤੇ ਤੁਰਨ ਵਾਲਾ ਆਪਣੀਆਂ ਪੈੜਾਂ ਨਹੀਂ ਲੁਕਾ ਸਕਦਾ।’ ਵਾਰੇ ਵਾਰੇ ਜਾਵਾਂ ਆਸ਼ੂ ਲੁਧਿਆਣਵੀ ਦੇ। ਸੱਚਮੁੱਚ ਇੰਝ ਲੱਗਦੈ ਜਿਵੇਂ ਰੱਬ ਨੇ ਅਕਲ ਵਾਲਾ ਗੱਫਾ ਖੁੱਲ੍ਹਾ ਵਰਤਾ ਦਿੱਤਾ ਹੋਵੇ। ਆਸ਼ੂ ਜੀ! ਕਿਸੇ ਖੁਸ਼ਫਹਿਮੀ ’ਚ ਨਾ ਰਹਿਓ। ਏਹ ਅਫਸਰ ਵੀ ਕੱਚੀਆਂ ਗੋਲੀਆਂ ਨਹੀਂ ਖੇਡੇ। ਥੋਡੀਆਂ ਸਭ ਜੁਗਤਾਂ ਮਿੱਟੀ ਕਰ ਦੇਣਗੇ। ਭਾਵੇਂ ਆਹ ਨਮੂਨਾ ਦੇਖ ਲਓ। ਕਿਤੇ ਏਦਾਂ ਨਾ ਹੋਵੇ, ਕੋਈ ਸੇਵਾਦਾਰ ਦਫ਼ਤਰੀ ਗੇਟ ’ਤੇ ਗਾਰੇ ਵਾਲਾ ਬੱਠਲ ਲਈ ਬੈਠਾ ਹੋਵੇ। ਬੂਟਾਂ ’ਤੇ ਗਾਰਾ ਥੱਪ ਕੇ ਕੱਲੇ ਕੱਲੇ ਅਫਸਰ ਨੂੰ ਫੀਲਡਦਾਨ ਬਖ਼ਸ਼ ਰਿਹਾ ਹੋਵੇ। ਆਸ਼ੂ ਮਹਾਰਾਜ ਦੱਸੋ, ਫੇਰ ਕੀ ਕਰੋਗੇ। ਅੱਗਿਓਂ ਮੰਤਰੀ ਬੋਲੇ.. ‘ਐਵੇਂ ਬਾਤ ਦਾ ਬਤੰਗੜ ਨਾ ਬਣਾਓ, ਏਹ ਤਾਂ ਅਫਸਰਾਂ ਨੂੰ ਕਹਿਣ ਦਾ ਮਹਿਜ ਇੱਕ ਤਰੀਕਾ ਸੀ।’ ‘ਚਾਕਰੀ ’ਚ ਨਾਬਰੀ ਕਾਹਦੀ’..ਲੁਧਿਆਣੇ ਵਾਲਾ ਡੀ.ਐਸ.ਪੀ ਬਲਵਿੰਦਰ ਸੇਖੋਂ ਭੁੱਲ ਕਰ ਬੈਠਾ.. ਮੰਤਰੀ ਅੱਗੇ ਨਖਰੇ ਕਰਨ ਲੱਗਾ। ‘ਸਾਡੀ ਬਿੱਲੀ, ਸਾਨੂੰ ਮਿਊਂ’..ਗੁੱਸੇ ’ਚ ਪੈ ਨਿਕਲੇ ਮੰਤਰੀ ਵੱਡੇ ਡਿਪਟੀ ਨੂੰ.. ‘ਕਮਜ਼ੋਰ ਨਾ ਸਮਝੀ ਮੈਨੂੰ, ਮਿੱਧ ਕੇ ਰੱਖ ਦਿਆਂਗੇ’। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ..।ਅਫ਼ਰੀਕਾ ਦੇ ਸਿਆਣੇ ਜੁਗਤ ਦੱਸਦੇ ਨੇ..‘ਜਦੋਂ ਗੁੱਸਾ ਆਵੇ ਤਾਂ ਸੌ ਤੱਕ ਗਿਣਤੀ ਕਰੋ।’ ਲੱਗਦੇ ਹੱਥ ਮਹਿਲਾ ਡੀ.ਈ.ਓ ਵਾਲੀ ਗੱਲ ਵੀ ਸੁਣੋ। ਸਕੂਲ ਪ੍ਰੋਗਰਾਮ ’ਚ ਮੰਤਰੀ ਪੁੱਜੇ.. ਮਹਿਲਾ ਡੀ.ਈ.ਓ ਲੇਟ ਲਤੀਫ਼ ਨਿਕਲੀ.. ਆਸ਼ੂ ਜੀ ਨੂੰ ਇੱਕ ਚੜ੍ਹੇ, ਇੱਕ ਉੱਤਰੇ। ਬੀਬਾ ਹੱਥ ਜੋੜ ਕਰੇ ਅਰਦਾਸਾਂ।

         ਬੀਬਾ ਜੀ! ਗੱਲ ਪੱਲੇ ਬੰਨੋ੍ਹ.. ‘ਹਾਕਮ ਦੇ ਝਿੜਕੇ ਦੀ, ਮੀਂਹ ’ਚ ਤਿਲਕੇ ਦੀ, ਭਲਾ ਕਾਹਦੀ ਸ਼ਰਮ।’ ਦਿਲ ਤਾਂ ਕਰਦੈ.. ਆਸ਼ੂ ਜੀ ਦਾ ਭਗਤ ਬਣ ਜਾਵਾਂ। ਰੱਜੇ ਪੁੱਜੇ ਨੇ, ਖੁਰਾਕ ਮੰਤਰੀ ਨੇ, ਘੱਟੋ ਘੱਟ ਭੁੱਖੇ ਤਾਂ ਨਹੀਂ ਮਰਾਂਗੇ। ਅਕਾਲੀ ਤੇ ‘ਆਪ’ ਵਾਲੇ ਐਵੇਂ ਯੱਕੜ ਮਾਰਦੇ ਨੇ.. ਅਖੇ ਆਸ਼ੂ ਨੇ ਆਹ ਕਰਤਾ, ਅੌਹ ਕਰਤਾ।...ਨਿਰਾ ਕਲਯੁਗ ਐ ਭਾਈ। ਅੌਹ ਸਤਜੁਗੀ ਬੰਦਾ ਦੇਖੋ.. ਦਸੌਧਾ ਸਿੰਘ ਪੰਡਾਲ ’ਚ ਬੈਠੈ। ਸੁਖਬੀਰ ਬਾਦਲ ਦੇ ਭਾਸ਼ਨ ਨੇ ਕੀਲ ਲਿਐ। ਏਹ ਪੰਡਾਲ ਨਾਭੇ ’ਚ ਸਜਿਐ। ਵਜ਼ੀਰ ਧਰਮਸੋਤ ਦੀ ਜਿੰਨੀ ਤਾਰੀਫ਼ ਕਰੀਏ, ਉਨ੍ਹੀਂ ਥੋੜੀ ਐ, ਖਾਸ ਕਰਕੇ ਵਜ਼ੀਫੇ ਵਾਲੇ ਪ੍ਰਤਾਪੀ ਕਦਮ ਮਗਰੋਂ। ਸਾਧ ਸੁਭਾਅ ਵਾਲੇ ਨੇ, ਬਿਨਾਂ ਗੱਲੋਂ ਅਕਾਲੀ ਪਿੱਛੇ ਪਏ ਨੇ। ਇਤਿਹਾਸ ਗਵਾਹ ਹੈ.. ਦਲਿਤ ਤਾਂ ਹਮੇਸ਼ਾ ਲਤਾੜੇ ਗਏ ਨੇ..। ‘ਸਾਡੀ ਮੌਤ ਉਨ੍ਹਾਂ ਦਾ ਹਾਸਾ’। ਕੋਈ ਬੱਚਿਆ ਦਾ ਵਜ਼ੀਫਾ ਛਕੇ, ਅਕਾਲੀ ਦਲ ਕਿਵੇਂ ਚੁੱਪ ਕਰ ਬੈਠੂ। ਸੁਖਬੀਰ ਬਾਦਲ ਦੇ ਭਾਸ਼ਨ ਦਾ ਕੇਂਦਰੀ ਅੰਸ਼, ‘ਪਿਆਰੀ ਸਾਧ ਸੰਗਤ ਜੀਓ! ਥੋਡੀ ਕਿਰਪਾ ਨਾਲ ਕੇਰਾਂ ਸਰਕਾਰ ਬਣਜੇ, ਬੱਸ ਫੇਰ ਦੇਖਿਓ...ਕਿਵੇਂ ਸਾਧੂ ਦੇ ਢਿੱਡ ਚੋਂ ਸਣੇ ਵਿਆਜ ਪੈਸਾ ਕੱਢੂ।’ ਪੰਡਾਲ ਦੇ ਐਨ ਪਿੱਛੇ ਇੱਕ ਬਾਬਾ ਖੜ੍ਹਾ ਸੀ। ਬਾਬੇ ਨੇ ਜੈਕਾਰਾ ਛੱਡਤਾ..ਵੈਦ ਸੁਖਬੀਰ ਸਿੰਘ ਬਾਦਲ.. ਜਿੰਦਾਬਾਦ, ਕੋਲ ਖੜ੍ਹੇ ਸਭ ਹੱਕੇ ਬੱਕੇ ਹੋ ਗਏ। ਖ਼ੈਰ ਗੱਲ ਜਚਦੀ ਵੀ ਐ.. ਢਿੱਡ ਚੋਂ ਪੈਸਾ ਕੱਢਣਾ ਕਿਤੇ ਸੌਖੈਂ.. ਕੋਈ ਵੈਦਰਾਜ ਹੀ ਕੱਢ ਸਕਦੈ। ‘ਗਏ ਕੁੱਲੂ, ਬਣਗੇ ਉੱਲੂ’। ਰੈਲੀ ਚੋਂ ਮੁੜਦੇ ਮੁੰਡੇ ਆਪੇ ਹੀ ਬੋਲ ਪਏ..‘ਅਸੀਂ ਤਾਂ ਮਾਂਗੇਵਾਲ ਤੋਂ ਹਾਂ।’                                                              ਬਾਬੇ ਦੀ ‘ਵੈਦਪੁਣੇ’ ਵਾਲੀ ਗੱਲ ਸੱਚੀ ਜਾਪਦੀ ਐ। ਏਹ ਵੀ ਝੂਠੀ ਨਹੀਂ ਕਿ ਯੁਵਰਾਜ ਰਣਇੰਦਰ ਬਿਮਾਰ ਹੋ ਗਏ ਨੇੇ। ਵੰਡਤੇ ਚੰਦਰੀ ਸਿਆਸਤ ਨੇ। ਨਹੀਂ ਤਾਂ ਲੱਗਦੇ ਹੱਥ ਯੁਵਰਾਜ ਨੂੰ ਨਵੇਂ ਵੈਦ ਕੋਲ ਦਿਖਾ ਲੈਂਦੇ। ਜਦੋਂ ਪੰਥਕ ਰਾਜ ਭਾਗ ਸੀ। ਉਦੋਂ ਬਠਿੰਡੇ ਵਾਲੀ ਨਹਿਰ ਦਿਖਾਈ ਸੀ। ਲੋਕ ਗੰਦ ਮੰਦ ਨਹਿਰ ’ਚ ਸੁੱਟਦੇ ਸਨ। ਕਾਕਾ ਜੀ ਨੇ ਚੱਟ ਜ਼ੁਬਾਨੀ ਹੁਕਮ ਦਿੱਤੇ.. ‘ਨਹਿਰ ਦੇ ਦੋਵੇਂ ਪਾਸੇ ਦਸ ਦਸ ਫੁੱਟ ਉੱਚੀ ਕੰਧ ਕੱਢ ਦਿਓ।’ ਨਿਕੀਤਾ ਖੁਰਸ਼ਚੇਵ ਫਰਮਾ ਗਏ ਹਨ..‘ਦੁਨੀਆ ਭਰ ਦੇ ਸਿਆਸਤਦਾਨ ਇੱਕੋ ਤਰ੍ਹਾਂ ਦੇ ਹੁੰਦੇ ਹਨ, ਉਹ ਉੱਥੇ ਵੀ ਪੁਲ ਉਸਾਰਨ ਦੇ ਵਾਅਦੇ ਕਰਦੇ ਹਨ, ਜਿਥੇ ਦਰਿਆ ਹੁੰਦੇ ਹੀ ਨਹੀਂ’। ਸੱਚ, ਦਰਿਆ ਤੋਂ ਵੱਡੇ ਬਾਦਲ ਯਾਦ ਆਏ। ਜਿਨ੍ਹਾਂ ਕੇਰਾਂ ਏਦਾਂ ਨਸੀਹਤ ਦਿੱਤੀ.. ਜਾਖੜ ਸਾਹਬ, ਐਵੇਂ ਕਾਹਤੋਂ ਮੁਰਦਾਬਾਦ ਕਰਦੇ ਹੋ..ਜਿੰਦਾਬਾਦ ਆਖਿਆ ਕਰੋ..ਚੜ੍ਹਦੀ ਕਲਾ ’ਚ ਰਹੋਗੇ। ਆਓ ਮਲਾਈ ਵਰਗੀ ਗੱਲ ਸੁਣੋ। ਪੰਜਾਬ ਦੇ ਮਾਲ ਅਫਸਰ ਜ਼ਿੰਦਾਬਾਦ ਹਨ, ਜ਼ਿੰਦਾਬਾਦ ਸਨ, ਜ਼ਿੰਦਾਬਾਦ ਰਹਿਣਗੇ, ਆਖਰ ਬਾਬੇ ਦੀ ਫੁੱਲ ਕਿਰਪਾ ਜੋ ਹੈ। ਮਾਲ ਮੰਤਰੀ ਬਾਰੇ ਬਹੁਤਾ ਅੰਦਾਜ਼ਾ ਨਹੀਂ, ਮਾਲ ਅਫਸਰ ਬਹੁਤੇ ਖਿੜੇ ਹੋਏ ਨੇ। ਰੱਬ ਦਾ ਬੰਦਾ ਵਰਿੰਦਰ ਧੂਤ, ਵਿਚਾਰਾ ਜ਼ੀਰਕਪੁਰ ’ਚ ਨਾਇਬ ਤਹਿਸੀਲਦਾਰ ਸੀ। ਵਿਜੀਲੈਂਸ ਵਾਲਿਓ, ਥੋਡਾ ਕੱਖ ਨਾ ਰਹੇ.. ਭਗਤੂ ਰਾਮ (ਧੂਤ) ਨੂੰ ਅੰਦਰ ਕਰਤਾ। ਬਿਮਾਰੀ ਦਾ ਭੋਰਾ ਤਰਸ ਨਹੀਂ ਕੀਤਾ। ਸਿੰਗਾਪੁਰ ਤੋਂ ਇਲਾਜ ਚੱਲਦਾ ਸੀ। ਜਦੋਂ ਫੜਿਆ ਤਾਂ ਵਿਜੀਲੈਂਸ ’ਚ ਰੌਲਾ ਪਿਆ..‘ਅਖ਼ੇ.. ਮਾਲ ਮਹਿਕਮੇ ਦਾ ‘ਭੂਤ’ ਫੜ ਲਿਆ।’ ‘ਮਹੀਨਾ’ ਚੱਲਦੈ’, ਏਹ ਤਾਂ ਸਭ ਨੂੰ ਪਤੈ, ਹੁਣ ‘ਹਫਤਾ’ ਚੱਲਣ ਲੱਗਿਐ.. ਨਵੀਂ ਸਰਕਾਰ, ਨਵੀਂ ਪਿਰਤ। ਕਿਤੋਂ ਨਾਅਰਾ ਗੱਜਿਆ ‘ਧੂਤ’ ਤੇਰੀ ਸੋਚ ’ਤੇ.. ਬੱਸ ਫੇਰ ਕੀ ਸੀ, ਪੰਜਾਬ ਦੀ ਹਰ ਤਹਿਸੀਲ ਗੂੰਜ ਉੱਠੀ..।

              ਆਓ ਗੱਲ ਨੂੰ ਮੁੜ ਲੀਹੇ ਪਾਈਏ.. ਵਜ਼ੀਰ ਸੁੱਖੀ ਰੰਧਾਵਾ ਮਝੈਲ ਨੇ। ਜਦੋਂ ਗੁੱਸਾ ਚੜ੍ਹਿਆ, ਕਰਤਾਰਪੁਰ ਲਾਂਘੇ ਵਾਲੇ ਨੀਂਹ ਪੱਥਰ ’ਤੇ ਬਾਦਲਾਂ ਦੇ ਨਾਮ ’ਤੇ ਚੇਪੀ ਲਾਤੀ। ਨਾਲੋ ਨਾਲ ਅਫਸਰਾਂ ਦੀ ਸ਼ੁੱਧੀ ਕਰਤੀ। ਕਮਾਲ ਦੇ ਮੰਤਰੀ ਨੇ ਤ੍ਰਿਪਤ ਬਾਜਵਾ ਵੀ। ਕਮਰੇ ’ਚ ਲਿਖ ਕੇ ਲਾਤਾ..‘ਮੇਰੇ ਪੈਰੀਂ ਹੱਥ ਨਾ ਲਾਓ’। ਬਾਜਵਾ ਜੀ..ਜਿਨ੍ਹਾਂ ਨੂੰ ਪੈਰੀਂ ਪੈਣ ਦੀ ਆਦਤ ਪਈ ਐ.. ਭਲਾ ਉਹ ਕਿਧਰ ਜਾਣ..। ਤੁਸੀਂ ਕਿਤੇ ਕਰੰਟ ਤਾਂ ਨਹੀਂ ਮਾਰਦੇ। ਦਿੱਲੀ ਵਾਲੇ ਕਹਾਣੀਕਾਰ ਗੁਰਬਚਨ ਭੁੱਲਰ, ਜਿਨ੍ਹਾਂ ਕੇਰਾਂ ਚਟਕਾਰੇ ਲੈ ਗੱਲ ਸੁਣਾਈ। ਕਿਸੇ ਪੁਰਾਣੇ ਹਰਿਆਣਵੀ ਮੰਤਰੀ ਦੀ। ਜਿਹਦੇ ਨੇੜੇ ਕੋਈ ਢੁਕਦਾ ਨਹੀਂ ਸੀ। ਪੈਰੀਂ ਹੱਥ ਲਾਉਣੇ ਤਾਂ ਦੂਰ ਦੀ ਗੱਲ। ਮੰਤਰੀ ਨੂੰ ਛੂਹਣ ’ਤੇ ਕਰੰਟ ਵੱਜਦਾ ਸੀ। ਤਾਹੀਓਂ ਬਿਜਲਈ ਨੇਤਾ ਵਜੋਂ ਮਸ਼ਹੂਰ ਸੀ। ਮਹਾਰਾਸ਼ਟਰੀ ਬੁਲੇਟਿਨ ਵੀ ਸੁਣੋ। ਜਦੋਂ ਨਵੀਂ ਸਰਕਾਰ ਬਣੀ, ਯਸ਼ੋਮਤੀ ਠਾਕੁਰ ਵਜ਼ੀਰ ਬਣੀ। ਠਕੁਰਾਣੀ ਨੇ ਇੱਕ ਜਨਸਭਾ ’ਚ ਖੋਲ੍ਹ ਕੇ ਗੁਰਮੰਤਰ ਦੱਸਿਆ..‘ਨੈਗਟੇਵਿਟੀ ਘਟਾਉਣੀ ਹੋਵੇ ਤਾਂ ਗਾਂ ਨੂੰ ਛੂਹ ਲਵੋ।’ 

             ਹਰਿਆਣਵੀ ਮੰਤਰੀ ਅਨਿਲ ਵਿੱਜ ਕਿਤੇ ਠਕੁਰਾਣੀ ਦੀ ਗੱਲ ਪੱਲੇ ਬੰਨ੍ਹਦੇ.. ਸ਼ਰੇਆਮ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ‘ਗੈੱਟ ਆਊਟ’ ਕਦੇ ਨਾ ਕਹਿੰਦੇ। ਇੱਧਰ ਬੋਧੀ ਆਖੀ ਜਾਂਦੇ ਨੇ, ‘ਆਪਣੀ ਹਉਮੈ ਨੂੰ ਢਿੱਲੀ ਪੁਸ਼ਾਕ ਵਾਂਗੂ ਪਹਿਨੋ।’ ਨਿਤੀਸ਼ ਕੁਮਾਰ ਦਾ ਬੋਧੀਪੁਣਾ ਜਰੂਰ ਜਾਗਿਐ..ਚੋਣ ਰੈਲੀ ’ਚ ਐਲਾਨ ਕਰਤਾ..‘ਐਤਕੀਂ ਕਰੋ ਕਿਰਪਾ..ਆਖਰੀ ਚੋਣ ਐ ਮੇਰੀ..ਫੇਰ ਮੈਂ ਸੰਨਿਆਸੀ ਬਣ ਜਾਣੈ।’ਬਿਹਾਰੀ ਬਾਬੂ ਦਾ ਤਾਂ ਪਤਾ ਨਹੀਂ। ਕਿਸਾਨਾਂ ਦਾ ਕੁਝ ਨਾ ਬਣਿਆ ਤਾਂ ਪੰਜਾਬ ’ਚ ਕਈਆਂ ਨੂੰ ਸੰਨਿਆਸ ਲੈਣਾ ਪਊ। ਪ੍ਰਵਾਸੀ ਮਜ਼ਦੂਰ ਆਖਦੇ ਨੇ..ਆਸ਼ੂ ਜੀ! ਬੂਟ ਤਾਂ ਛੱਡੋ, ਜਿਨ੍ਹਾਂ ਦੇ ਪੈਰੀਂ ਛਾਲੇ ਨੇ.. ਉਨ੍ਹਾਂ ਲਈ ਕੋਈ ਸਕੀਮ? ਤੈਰਵੀਂ ਜੇਹੀਂ ਨਜ਼ਰ ਮਾਰੋਗੇ, ਬਹੁਤ ਧਨੰਤਰ ਦਿਸਣਗੇ, ਜਿਨ੍ਹਾਂ ਨੂੰ ਅੱਜ ਵੀ ਅਕਲ ਤੋਂ ਮੱਝ ਵੱਡੀ ਲੱਗਦੀ ਐ। ਇਨ੍ਹਾਂ ਵਾੜਿਆਂ ਦੇ ਚੌਕੀਦਾਰਾਂ ਦੀ ਕਿਵੇਂ ਜੈ ਕਰੀਏ, ਜਿਨ੍ਹਾਂ ਅੰਨਦਾਤੇ ਨੂੰ ਸੜਕਾਂ ’ਤੇ ਬਿਠਾਤਾ। ਕਿਧਰ ਉੱਠ ਚੱਲੇ ਹੋ, ਪਹਿਲਾਂ ਜੁਆਬ ਤਾਂ ਦਿਓ.. ਅਕਲ ਵੱਡੀ ਕਿ ਮੱਝ ? ਆਖਰ ਛੱਜੂ ਰਾਮ ਉੱਠ  ਖੜ੍ਹਾ ਹੋਇਐ.. ‘ਕਈਆਂ ਨੂੰ ਰੱਬ ਅਕਲ ਦਿੰਦੈ, ਕਈਆਂ ਨੂੰ ਜਿੰਮੇਵਾਰੀ, ਕਿਸੇ ਦੇ ਉਮਰ ਅਕਲ ਬਖ਼ਸ਼ਦੀ ਹੈ, ਜਿਨ੍ਹਾਂ ਨੂੰ ਫੇਰ ਵੀ ਮੱਝ ਵੱਡੀ ਲੱਗਦੀ ਹੈ, ਉਹ ਫੌਰੀ ਇਲਾਜ ਕਰਾਉਣ.. ਰੱਬ ਰਾਖਾ।



 

Friday, November 6, 2020

                                                            ਪਾਵਰ ਦੇ ਕੱਟ
                                         ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ
                                                           ਚਰਨਜੀਤ ਭੁੱਲਰ          

ਚੰਡੀਗੜ੍ਹ : ਪੰਜਾਬ ਸਰਕਾਰ ਲਈ ਸੂਬੇ ਵਿੱਚ ਬਿਜਲੀ ਕੱਟ ਲਾਉਣ ਦਾ ਫੈਸਲਾ ਘਾਟੇ ਦਾ ਸੌਦਾ ਬਣਨ ਲੱਗਾ ਹੈ ਜਦੋਂ ਕਿ ਪ੍ਰਾਈਵੇਟ ਥਰਮਲ ਕਿਸਾਨ ਅੰਦੋਲਨ ਦੌਰਾਨ ਵੀ ਹੱਥ ਰੰਗ ਰਹੇ ਹਨ। ਪਾਵਰਕੌਮ ਨੇ ਕੌਮੀ ਗਰਿੱਡ ‘ਚੋਂ ਬਿਜਲੀ ਖਰੀਦਣ ਤੋਂ ਹੱਥ ਘੁੱਟੇ ਹਨ, ਜਿਸ ਮਗਰੋਂ ਚਰਚੇ ਛਿੜੇ ਹਨ ਕਿ ਕਿਸਾਨ ਅੰਦੋਲਨ ਨੂੰ ਸੇਕ ਦੇਣ ਲਈ ਟੇਢੇ ਢੰਗ ਨਾਲ ਪੇਂਡੂ ਖੇਤਰਾਂ ਨੂੰ ਨਿਸ਼ਾਨੇ ‘ਤੇ ਲਿਆ ਹੈ।ਪਾਵਰਕੌਮ ਦਾ ਤਰਕ ਹੈ ਕਿ ਕੌਮੀ ਗਰਿੱਡ ‘ਚੋਂ ਬਿਜਲੀ ਮਹਿੰਗੀ ਪੈਣ ਲੱਗੀ ਹੈ ਤੇ ਬਿਜਲੀ ਕੱਟਾਂ ਤੋਂ ਬਿਨਾਂ ਕੋਈ ਚਾਰਾ ਨਹੀਂ। ਪੰਜਾਬੀ ਟ੍ਰਿਬਿਊਨ ਤਰਫੋਂ ਕੀਤੇ ਮੁਲਾਂਕਣ ਅਨੁਸਾਰ ਪਾਵਰਕੌਮ ਨੇ ਲੰਘੇ ਕੱਲ੍ਹ ਕੌਮੀ ਗਰਿੱਡ ‘ਚੋਂ 3.22 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 1400 ਮੈਗਾਵਾਟ ਬਿਜਲੀ ਖਰੀਦ ਕੀਤੀ।

                  ਇਸੇ ਖਰੀਦ ਦੌਰਾਨ ਕੰਢੀ ਅਤੇ ਪੇਂਡੂ ਖੇਤਰ ਵਿਚ ਚਾਰ ਤੋਂ ਸਵਾ ਚਾਰ ਘੰਟੇ ਦੇ ਕੱਟ ਲਾਏ ਗਏ। ਬਿਜਲੀ ਕੱਟ ਨਾਲ ਇੱਕੋ ਦਿਨ ਵਿਚ 30 ਲੱਖ ਯੂਨਿਟਾਂ ਦੀ ਵਿਕਰੀ ਦਾ ਨੁਕਸਾਨ ਹੋਇਆ ਹੈ। ਪੰਜਾਬ ਵਿਚ ਸਭ ਤੋਂ ਵੱਧ ਬਿਜਲੀ ਦੀ ਮੰਗ 5300 ਮੈਗਾਵਾਟ ਰਹੀ ਹੈ ਜਦੋਂ ਕਿ ਰਾਤ ਵਕਤ ਇਹੋ ਮੰਗ 3300 ਮੈਗਾਵਾਟ ਰਹੀ। ਪਾਵਰਕੌਮ ਆਖ ਰਹੀ ਹੈ ਕਿ ਕੌਮੀ ਗਰਿੱਡ ਦੀ ਬਿਜਲੀ ਮਹਿੰਗੀ ਵਾਰਾ ਨਹੀਂ ਖਾਂਦੀ। ਨਜ਼ਰ ਮਾਰੀਏ ਤਾਂ ਕੌਮੀ ਗਰਿੱਡ ਤੋਂ ਬਿਜਲੀ ਵੱਧ ਤੋਂ ਵੱਧ 3.60 ਰੁਪਏ ਪ੍ਰਤੀ ਯੂਨਿਟ ਵੀ ਪਏ ਅਤੇ ਉਸ ਉਪਰ 40 ਪੈਸੇ ਪ੍ਰਤੀ ਯੂਨਿਟ ਐਕਸਚੇਂਜ ਚਾਰਜਿਜ਼ ਟਰਾਂਸਮਿਸ਼ਨ ਲਾਗਤ ਵੀ ਜੋੜੀਏ ਤਾਂ ਇਹ ਪ੍ਰਤੀ ਯੂਨਿਟ ਖਰਚਾ 4 ਰੁਪਏ ਬਣਦਾ ਹੈ। ਬਾਕੀ ਤਕਨੀਕੀ ਘਾਟਿਆਂ ਸਮੇਤ ਜੇਕਰ ਕੌਮੀ ਗਰਿੱਡ ‘ਚੋਂ ਖਰੀਦ ਕੀਤੀ ਬਿਜਲੀ 4.40 ਰੁਪਏ ਪ੍ਰਤੀ ਯੂਨਿਟ ਵੀ ਪੈਂਦੀ ਹੈ ਤਾਂ ਵੀ ਪਾਵਰਕੌਮ ਲਈ ਲਾਹੇ ਵਾਲਾ ਸੌਦਾ ਬਣਦੀ ਹੈ।

                ਦੂਸਰੀ ਤਰਫ ਖਪਤਕਾਰਾਂ ਤੋਂ ਵਸੂਲੇ ਜਾਣ ਵਾਲੇ ਅੌਸਤਨ ਐਨਰਜੀ ਚਾਰਜਿਜ਼ (ਵੇਰੀਏਬਲ ਟੈਰਿਫ) ਦੇਖੀਏ ਤਾਂ ਘਰੇਲੂ ਖਪਤਕਾਰ ਨੂੰ 6 ਰੁਪਏ ਪ੍ਰਤੀ ਯੂਨਿਟ, ਵਪਾਰਕ ਨੂੰ 6.50 ਰੁਪਏ, ਐਮਐਸ ਨੂੰ 5.80 ਰੁਪਏ, ਐਸਪੀ ਨੂੰ 5.37 ਰੁਪਏ ਅਤੇ ਖੇਤੀ ਸੈਕਟਰ ਨੂੰ 5.57 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਮਾਹਿਰਾਂ ਅਨੁਸਾਰ ਕੌਮੀ ਗਰਿੱਡ ‘ਚੋਂ ਮਹਿੰਗੀ ਬਿਜਲੀ ਖਰੀਦ ਕੇ ਵੀ ਪਾਵਰਕੌਮ ਅੱਜ ਦੀ ਘੜੀ ਘਰੇਲੂ ਖਪਤਕਾਰਾਂ ਤੋਂ 1.75 ਰੁਪਏ ਪ੍ਰਤੀ ਯੂਨਿਟ,ਵੱਡੀ ਸਨਅਤ ਤੋਂ 1.76 ਰੁਪਏ, ਮੀਡੀਅਲ ਸਕੇਲ ਸਨਅਤਾਂ ਤੋਂ 1.37 ਰੁਪਏ, ਸਮਾਲ ਪਾਵਰ ਤੋਂ 0.77 ਰੁਪਏ ਅਤੇ ਖੇਤੀ ਸੈਕਟਰ ਤੋਂ 1.16 ਰੁਪਏ ਪ੍ਰਤੀ ਯੂਨਿਟ ਮੁਨਾਫਾ ਲੈ ਸਕਦੀ ਹੈ। ਮਿਸਾਲ ਦੇ ਤੌਰ ‘ਤੇ ਲੰਘੇ ਕੱਲ੍ਹ ਪਾਵਰਕੌਮ ਕੱਟਾਂ ਦੇ 30 ਲੱਖ ਯੂਨਿਟਾਂ ਤੋਂ ਪਾਵਰਕੌਮ ਕਰੀਬ 30 ਲੱਖ ਰੁਪਏ ਦੀ ਆਮਦਨ ਕਰ ਸਕਦੀ ਸੀ।ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ‘ਤੇ ਕਰੀਬ 20 ਫੀਸਦੀ ਟੈਕਸ ਵੱਖਰੇ ਵਸੂਲ ਕੀਤੇ ਜਾਂਦੇ ਹਨ। ਸਰਕਾਰ ਨੂੰ ਵੀ ਇਨ੍ਹਾਂ ਬਿਜਲੀ ਕੱਟਾਂ ਕਰਕੇ ਕਰੀਬ 6 ਲੱਖ ਰੁਪਏ ਪ੍ਰਤੀ ਦਿਨ ਦਾ ਨੁਕਸਾਨ ਹੋਇਆ ਹੈ।       

                ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਕੌਮੀ ਗਰਿੱਡ ਦੀ ਖਰੀਦ ‘ਚ ਸੰਜਮ ਵਰਤ ਕੇ ਪੇਂਡੂ ਲੋਕਾਂ ਨੂੰ ਵੀ ਅਸਿੱਧਾ ਝਟਕਾ ਦੇਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਪੋਲਾ ਪਾਇਆ ਜਾ ਸਕੇ।ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਸੀ ਇਸ ਪਿਛੇ ਸਿਆਸੀ ਚਾਲ ਵੀ ਹੋ ਸਕਦੀ ਹੈ। ਦੂਸਰੀ ਤਰਫ ਪ੍ਰਾਈਵੇਟ ਥਰਮਲਾਂ ਨੂੰ ਕਿਸਾਨ ਅੰਦੋਲਨ ਹੁਣ ਰਾਸ ਵੀ ਆਉਣ ਲੱਗਾ ਹੈ। ਬੀ.ਕੇ.ਯੂ (ਉਗਰਾਹਾਂ) ਦੀ ਅਗਵਾਈ ਵਿਚ ਕਿਸਾਨ ਰਾਜਪੁਰਾ ਥਰਮਲ ਅਤੇ ਬਣਾਂਵਾਲੀ ਥਰਮਲ ਦੇ ਕੋਲ ਰੇਲ ਮਾਰਗ ‘ਤੇ ਬੈਠੇ ਹਨ। ਪ੍ਰਾਈਵੇਟ ਥਰਮਲਾਂ ਨੂੰ ਇਹ ਘਾਟਾ ਦਾ ਸੌਦਾ ਨਹੀਂ ਲੱਗਦਾ ਕਿਉਂਕਿ ਪਾਵਰਕੌਮ ਵੱਲੋਂ ਤਿੰਨੋਂ ਪ੍ਰਾਈਵੇਟ ਥਰਮਲਾਂ ਨੂੰ ਰੋਜ਼ਾਨਾ ਅੌਸਤਨ 9.75 ਕਰੋੜ ਰੁਪਏ ਫਿਕਸਡ ਚਾਰਜਿਜ਼ ਵਜੋਂ ਦਿੱਤੇ ਜਾਣੇ ਹਨ। ਬਿਨਾਂ ਚਲਾਈ ਤੇ ਘਸਾਈ ਤੋਂ ਇਹ ਥਰਮਲ ਰੋਜ਼ਾਨਾ ਆਪਣਾ ਬੋਝਾ ਭਰ ਰਹੇ ਹਨ। ਪਾਵਰਕੌਮ ਦੇ ਚੇਅਰਮੈਨ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਫੋਨ ਚੁੱਕਿਆ ਨਹੀਂ ਜਦੋਂ ਕਿ ਡਾਇਰੈਕਟਰ (ਕਮਰਸ਼ੀਅਲ) ਡੀਪੀਐੱਸ ਗਰੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੀਡੀਆ ‘ਚ ਕੋਈ ਗੱਲ ਕਰਨ ਤੋਂ ਰੋਕਿਆ ਗਿਆ ਹੈ ਤੇ ਇਸ ਬਾਰੇ ਚੇਅਰਮੈਨ ਹੀ ਦੱਸ ਸਕਦੇ ਹਨ।

 

Wednesday, November 4, 2020

                                                   ਸਰਕਾਰੀ ਗੋਲਮਾਲ
                   ਪੰਜਾਬ ਮੰਡੀ ਬੋਰਡ ਨੇ ਲਾਗੂ ਕੀਤੇ ਨਵੇਂ ਖੇਤੀ ਆਰਡੀਨੈਂਸ..!

                                                     ਚਰਨਜੀਤ ਭੁੱਲਰ                    

ਚੰਡੀਗੜ੍ਹ : ਪੰਜਾਬ ਮੰਡੀ ਬੋਰਡ ਨੇ ਨਵੇਂ ਖੇਤੀ ਆਰਡੀਨੈਂਸਾਂ (ਜੋ ਹੁਣ ਕਾਨੂੰਨ ਬਣੇ ਹਨ) ਨੂੰ ਪੰਜਾਬ ਵਿਚ ਲਾਗੂ ਕਰਕੇ ਨਵਾਂ ਮਾਅਰਕਾ ਮਾਰਿਆ ਹੈ। ਮੰਡੀ ਬੋਰਡ ਨੇ ਇੱਕ ਪ੍ਰਾਈਵੇਟ ਫਰਮ ਨੂੰ ਮਾਰਕੀਟ ਫੀਸ ਤੋਂ ਛੋਟ ਦੇ ਕੇ ਖੇਤੀ ਆਰਡੀਨੈਂਸ ਨੂੰ ਪੰਜਾਬ ਵਿਚ ਲਾਗੂ ਕਰ ਦਿੱਤਾ ਹੈ। ਜਦੋਂ ਰੌਲਾ ਪੈਣ ਲੱਗਾ ਤਾਂ ਮੰਡੀ ਬੋਰਡ ਇਸ ‘ਤੇ ਪਰਦਾ ਪਾਉਣ ‘ਚ ਜੁੱਟ ਗਿਆ ਹੈ। ਪੰਜਾਬ ‘ਚ ਇਹ ਪਹਿਲਾ ਕੇਸ ਹੈ, ਜਿਸ ਤਹਿਤ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰਨ ਲਈ ਕਦਮ ਚੁੱਕਿਆ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਨੇ ਇਸ 29 ਅਗਸਤ ਨੂੰ ਕੇਂਦਰ ਸਰਕਾਰ ਦੇ ਤਿੰਨੋਂ ਖੇਤੀ ਆਰਡੀਨੈਂਸਾਂ ਨੂੰ ਰੱਦ ਕਰ ਦਿੱਤਾ ਸੀ। ਮਗਰੋਂ ਖੇਤੀ ਸੋਧ ਬਿੱਲ ਵੀ ਪਾਸ ਕਰ ਦਿੱਤੇ ਸਨ।

              ‘ਪੰਜਾਬੀ ਟ੍ਰਿਬਿਊਨ‘ ਕੋਲ ਮੌਜੂਦ ਦਸਤਾਵੇਜ਼ਾਂ ਅਨੁਸਾਰ ਹਿਮਾਚਲ ਪ੍ਰਦੇਸ਼ ਦੀ ਪ੍ਰਾਈਵੇਟ ਫਰਮ ਵੱਲੋਂ ਲੰਘੇ ਤਿੰਨ ਵਰ੍ਹਿਆਂ ਤੋਂ ਅਬੋਹਰ ਖੇਤਰ ਵਿੱਚ ਕਿੰਨੂ ਦੀ ਖਰੀਦ ਵੇਚ ਦਾ ਕਾਰੋਬਾਰ ਕੀਤਾ ਗਿਆ। ‘ਦਿ ਪੰਜਾਬ ਖੇਤੀਬਾੜੀ ਉਪਜ ਮੰਡੀਆਂ ਐਕਟ 1961 ਦੀ ਧਾਰਾ 6(3) ਵਿੱਚ ਵਿਵਸਥਾ ਹੈ ਕਿ ਖੇਤੀ ਜਿਣਸਾਂ ਦੀ ਖਰੀਦੋ ਫਰੋਖਤ ਕਰਨ ਲਈ ਮਾਰਕੀਟ ਕਮੇਟੀ ਪਾਸੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਇਸ ਪ੍ਰਾਈਵੇਟ ਫਰਮ ਵੱਲੋਂ ਬਿਨਾਂ ਲਾਇਸੈਂਸ ਅਤੇ ਬਿਨਾਂ ਕੋਈ ਮਾਰਕੀਟ ਫੀਸ ਤਾਰੇ ਕਿੰਨੂ ਦਾ ਕਾਰੋਬਾਰ ਕੀਤਾ ਗਿਆ। ਮਾਰਕੀਟ ਕਮੇਟੀ ਅਬੋਹਰ ਨੇ ਇਸ ਫਰਮ ਨੂੰ ਨੋਟਿਸ ਵੀ ਦਿੱਤਾ ਅਤੇ ਰਿਕਾਰਡ ਦੀ ਛਾਣਬੀਣ ਵੀ ਕੀਤੀ।

              ਮੋਟੇ ਅੰਦਾਜ਼ੇ ਅਨੁਸਾਰ ਇਸ ਫਰਮ ਵੱਲੋਂ 2017-18 ਤੋਂ ਹੁਣ ਤੱਕ ਕਰੀਬ ਕਰੋੜਾਂ ਰੁਪਏ ਦੇ ਕਿੰਨੂ ਦੀ ਖਰੀਦੋ ਫਰੋਖਤ ਕੀਤੀ ਗਈ, ਜਿਸ ‘ਤੇ ਕਰੀਬ 2.80 ਕਰੋੜ ਰੁਪਏ ਦੀ ਮਾਰਕੀਟ ਫੀਸ ਵਗੈਰਾ ਬਣਦੀ ਸੀ। ਹਿੰਦੋਸਤਾਨ ਫਾਰਡਰੈਕਟ ਨਾਮ ਦੀ ਫਰਮ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਦੇ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਵੀ ਦਿੱਤੀ ਜਿਨ੍ਹਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਕਿੰਨੂ ਦੇ ਤਿੰਨ ਕੁਲੈਕਸ਼ਨ ਸੈਂਟਰਾਂ ਨੂੰ ਕੋਵਿਡ ਦੇ ਮੱਦੇਨਜ਼ਰ ਬੰਦ ਕੀਤਾ ਸੀ। ਉਸ ਮਗਰੋਂ ਜਦੋਂ ਮਾਰਕੀਟ ਕਮੇਟੀ ਅਬੋਹਰ ਨੇ ਇਸ ਫਰਮ ਨੂੰ ਲਾਇਸੈਂਸ ਲੈਣ ਲਈ ਆਖਿਆ ਤਾਂ ਇਸ ਫਰਮ ਦੇ ਐਡਵੋਕੇਟ ਨੇ 12 ਜੂਨ ਨੂੰ ਪੱਤਰ ਭੇਜ ਕੇ ਨਵੇਂ ਖੇਤੀ ਆਰਡੀਨੈਂਸ ਦਾ ਹਵਾਲਾ ਦਿੱਤਾ ਜਿਸ ਤਹਿਤ ਅੰਤਰਰਾਜੀ ਵਪਾਰ ਲਈ ਨਾ ਕਿਸੇ ਲਾਇਸੈਂਸ ਦੀ ਲੋੜ ਹੈ ਅਤੇ ਨਾ ਹੀ ਕੋਈ ਫੀਸ ਭਰਨ ਦੀ ਜ਼ਰੂਰਤ ਹੈ। 

             ਉਸ ਮਗਰੋਂ ਮਾਰਕੀਟ ਕਮੇਟੀ ਨੇ ਮਾਮਲਾ ਮੰਡੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਨਾਲ ਵਿਚਾਰਿਆ। ਪੰਜਾਬ ਮੰਡੀ ਬੋਰਡ ਦੇ ਕਾਨੂੰਨੀ ਸਲਾਹਕਾਰ ਨੇ ਪਹਿਲੀ ਜੁਲਾਈ 2020 ਨੂੰ ਸਾਫ ਲਿਖ ਦਿੱਤਾ ਕਿ ਇਸ ਫਰਮ ਨੂੰ ਨਵੇਂ ਆਰਡੀਨੈਂਸ ਦੇ ਮੱਦੇਨਜ਼ਰ ਫਰਮ ਨੂੰ ਪੀਏਐਮਸੀ ਐਕਟ 1951 ਤਹਿਤ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ ਅਤੇ ਇਸ ਫਰਮ ਨੂੰ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ। ਪਿੰਡ ਗਿੱਦੜਾਂਵਾਲੀ ਦੇ ਇੰਦਰਜੀਤ ਸਿੰਘ ਦੀ ਸ਼ਿਕਾਇਤ ‘ਤੇ ਮੰਡੀ ਬੋਰਡ ਦੇ ਇਹ ਮਾਮਲਾ ਧਿਆਨ ਵਿਚ ਆਇਆ ਸੀ। ਮਾਰਕੀਟ ਕਮੇਟੀ ਅਬੋਹਰ ਵੱਲੋਂ ਇਸ ਫਰਮ ਤੋਂ ਫੀਸ ਆਦਿ ਜਮ੍ਹਾਂ ਕਰਾਉਣ ਲਈ ਹਾਲੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਇਸ ਫਰਮ ਨੇ ਜੋ ਵੀ ਕਿੰਨੂ ਦੀ ਖਰੀਦ ਕੀਤੀ, ਉਸ ‘ਤੇ ਕੋਈ ਫੀਸ ਦਾ ਭੁਗਤਾਨ ਨਹੀਂ ਕੀਤਾ ਗਿਆ। 

             ਇਹ ਮਾਮਲਾ ਇਸ ਸਾਲ ਜੂਨ ਵਿੱਚ ਸਾਹਮਣੇ ਆਇਆ ਸੀ। ਉਧਰ ਕੇਂਦਰ ਵੱਲੋਂ 5 ਜੂਨ ਨੂੰ ਫਾਰਮ ਆਰਡੀਨੈਂਸ ਜਾਰੀ ਕਰ ਦਿੱਤੇ ਗਏ ਸਨ। ਮੰਡੀ ਬੋਰਡ ਨੇ ਜ਼ਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਨੂੰ ਵੀ ਇਸ ਫਰਮ ਵੱਲੋਂ ਕੀਤੀ ਖਰੀਦ ਬਾਰੇ ਪੁੱਛਗਿੱਛ ਕਰਨ ਲਈ ਆਖਿਆ ਗਿਆ ਸੀ। ਪੰਜਾਬ ਮੰਡੀ ਬੋਰਡ ਨੇ 16 ਅਕਤੂਬਰ ਨੂੰ ਹੁਣ ਜ਼ਿਲ੍ਹਾ ਮੰਡੀ ਅਫਸਰ ਫਾਜ਼ਿਲਕਾ ਨੂੰ ਪੱਤਰ ਲਿਖ ਕੇ ਆਖ ਦਿੱਤਾ ਕਿ 5 ਜੂਨ ਨੂੰ ਆਰਡੀਨੈਂਸ ਜਾਰੀ ਹੋਣ ਤੋਂ ਪਹਿਲਾਂ ਇਸ ਫਰਮ ਵੱਲੋਂ ਕੀਤੇ ਕੰਮ ਦੀ ਪੜਤਾਲ ਕੀਤੀ ਜਾਵੇ। ਮੰਡੀ ਬੋਰਡ ਪੰਜਾਬ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਜਾਰੀ ਹੈ।

                         ਪੰਜਾਬ ਸਰਕਾਰ ਦਾ ਦੋਗਲਾਪਣ ਬੇਪਰਦ: ਅਮਨ ਅਰੋੜਾ

‘ਆਪ‘ ਦੇ ਵਿਧਾਇਕ ਅਮਨ ਅਰੋੜਾ ਦਾ ਕਹਿਣਾ ਸੀ ਕਿ ਪੰਜਾਬ ਸਰਕਾਰ ਦਾ ਦੋਗਲਾ ਚਿਹਰਾ ਸਾਹਮਣੇ ਆਇਆ ਹੈ ਜਿਸ ਨੇ ਪ੍ਰਾਈਵੇਟ ਫਰਮ ਨੂੰ ਨਵੇਂ ਆਰਡੀਨੈਂਸ ਤਹਿਤ ਕਰੋੜਾਂ ਰੁਪਏ ਦੀ ਮਾਰਕੀਟ ਫੀਸ ਤੋਂ ਛੋਟ ਦੇ ਕੇ ਨਵੇਂ ਆਰਡੀਨੈਂਸ ਪੰਜਾਬ ਵਿਚ ਲਾਗੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਹੈ ਤਾਂ ਇਸ ਫਰਮ ਨੂੰ ਛੋਟ ਦੇਣ ਵਿਚ ਕਾਹਲ ਕਿਉਂ ਦਿਖਾਈ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਬਾਰੇ ਫੌਰੀ ਆਪਣਾ ਸਟੈਂਡ ਸਪੱਸ਼ਟ ਕਰੇ।

 

Monday, November 2, 2020

                                                          ਵਿਚਲੀ ਗੱਲ
                                                 ਅਸੀਂ ਭੌਂਪੂ ਹਾਂ..!
                                                        ਚਰਨਜੀਤ ਭੁੱਲਰ                

ਚੰਡੀਗੜ੍ਹ : ‘ਭੌਂਕਿਆ ਦਾ ਲਾਣਾ’, ਨਹੀਓਂ ਮੰਨਦਾ ਭਾਣਾ। ਲਾਣੇ ਦੀ ਵੱਡੀ ਮਾਈ, ਜਿਨ੍ਹੇ ਕਾਨੇ ’ਚ ਟਿੰਢ ਪਾਈ। ਪਵਿੱਤਰ ਮੁਖਾਰਬਿੰਦ ’ਚੋਂ ਇੰਝ ਫੁਰਮਾਈ, ‘ਟਰੰਪ ਬੰਦਿਆ! ਤੇਰਾ ਕੱਖ ਨਾ ਰਹੇ।’ ਉੱਧਰੋਂ, ਟਰੰਪ ਦੀ ਕੁੜੀ ਆਈ, ਤਾਈ ਹੋਇਆ ਕੀ ? ਅੱਗਿਓਂ ਤਾਈ ਤੋਂ ਸੁਣ ਲਓ, ‘ਕੁੜੀਏ! ਆਪਣੇ ਪਿਉ ਨੂੰ ਸਮਝਾ ਲੈ, ਕਰਦੈ ਸਾਡੀਆਂ ਰੀਸਾਂ।’ ‘ਭੌਂਕਿਆਂ ਦੇ ਲਾਣੇ’ ਤੋਂ ਕੋਈ ਵੱਧ ਬੁੜਬੁੜ ਕਰੇ। ਮਾਈ ਤੋਂ ਝੱਲ ਨਹੀਂ ਹੁੰਦਾ। ਉਂਝ ਟਰੰਪ ਦਾ ਮੜੰਗਾ ਲਾਣੇ ’ਤੇ ਹੀ ਪੈਂਦੈ। ਨਰਿੰਦਰ ਮੋਦੀ ‘ਪੱਗ ਵੱਟ’ ਨਹੀਂ, ਟਰੰਪ ਦੇ ‘ਮੂੰਹ ਫੱਟ’ ਭਰਾ ਨੇ। ਰਾਸ਼ੀ ਨਾ ਵੀ ਮਿਲੇ, ਟਰੰਪ ਹੱਸ ਕੇ ਮਿਲਦੈ। ਦੋਵੇਂ ਯਾਰ ਜਦੋਂ ਮਿਲ ਬੈਠੇ, ਫਿਰ ਖ਼ੂਬ ਜੰਮੇ ਰੰਗ। ਅਮਰੀਕਾ ’ਚ ਵੀ, ਨਾਲੇ ਗੁਜਰਾਤ ’ਚ। ਕਿਵੇਂ ਧੰਨ-ਧੰਨ ਹੋਈ ਸੀ। ਗਾਣੇ ਗੂੰਜ ਉੱਠੇ, ‘ਹਮ ਬਨੇ, ਤੁਮ ਬਨੇ...।’ ਭਾਜਪਾਈ ਭੌਂਪੂ ਵੱਜਿਐ। ਚਾਰੇ ਪਾਸੇ ਨਰਿੰਦਰ ਭਾਈ ਦੀ ਹਵਾ ਹੈ। ਝੱਲਦਾ ਟਰੰਪ ਵੀ ਨਹੀਂ, ਗੱਜ-ਵੱਜ ਕੇ ਬੋਲਿਆ, ‘ਭਾਰਤ ਤਾਂ ਸਿਰੇ ਦਾ ਗੰਦਾ।’ ਮੁਲਕ ਦੀ ਆਬੋ ਹਵਾ ’ਤੇ ਚੁਟਕੀ ਲੈ ਗਿਆ। ਬੇਮੌਕਾ ਗਾਣਾ ਵੱਜਿਐ, ‘ਲੱਡੂ ਮੁੱਕ ਗਏ, ਯਾਰਾਨੇ ਟੁੱਟ ਗਏ।’ ਮੇਲਾਨੀਆ ਟਰੰਪ ਨੇ ਝਾੜਤਾ, ‘ਬੋਲਣ ਲੱਗੇ ਅੱਗਾ ਪਿੱਛਾ ਦੇਖ ਲਿਆ ਕਰੋ।’ ਮੀਆਂ ਜੀ! ਮੋਦੀ ਥੋਡੇ ਤੋਂ ਛੋਟੇ ਨੇ।

               ‘ਵਾਸ਼ਿੰਗਟਨ ਪੋਸਟ’ ਵਾਲੇ ਟਲਦੇ ਨਹੀਂ। ਆਖਦੇ ਨੇ, ਟਰੰਪ ਤਾਂ ਨਿਰਾ ‘ਗਪੌੜ ਸੰਖ’ ਹੈ। ਵੀਹ ਹਜ਼ਾਰ ਝੂਠ ਮਾਰ ਗਿਐ। ਉਂਝ ਸ਼ਕਲੋਂ ਤਾਂ ਟਰੰਪ ਮਾਂ ਦਾ ਲੱਡੂ ਪੁੱਤ ਲੱਗਦੈ। ਤਾਹੀਂ ਸੱਚ ਬੋਲਿਐ, ‘ਭਾਰਤ ਗੰਦਾ ਹੈ।’ ਬਰਾਕ ਉਬਾਮੇ ਨੇ ਪੱਲਾ ਬੋਚਿਐ। ‘ਨਾ ਕਰਿਓ ਗੁੱਸਾ, ਸਾਡੇ ਆਲਾ ਤਾਂ ਭੌਂਪੂ ਐ।’ ਮਜਾਲ ਐ ਮੂੰਹ ਬੰਦ ਰੱਖ ਲਏ। ਦੱਸੋ ਜੀ! ਅਸੀਂ ਕਿਸੇ ਨੂੰਹ-ਧੀ ਨਾਲੋਂ ਘੱਟ ਹਾਂ। ਸਾਡੇ ਤਾਂ ਹਰ ਇੱਟ ’ਤੇ ਭੌਂਪੂ ਬੈਠੈ। ਕੋਈ ਸ਼ੱਕ ਹੋਵੇ, ਬਿਹਾਰ ਚੋਣਾਂ ’ਚ ਗੇੜਾ ਮਾਰਿਓ। ਭਾਵੇਂ ਅਗਲੇ ਵਰ੍ਹੇ ਬੰਗਾਲ ਚੋਣਾਂ ਦੇ ਰੰਗ ਦੇਖਣਾ। ਪੰਜਾਬੀ ਭੌਂਪੂ ਵੀ ਘੱਟ ਨਹੀਂ, 2022 ’ਚ ਘੁਲਣਗੇ ਮੱਲ। ‘ਕੌੜੇ ਬੋਲ, ਗਾਲ੍ਹਾਂ ਦੀ ਬੁਛਾੜ, ਅੱਗ ਦੀ ਨਾਲ।’ ਚੋਣਾਂ ਮੌਕੇ ਦਮ ਘੁੱਟਦੈ, ਦੁਰਗੰਧ ਫੈਲਦੀ ਹੈ। ਟਰੰਪ ਫੇਰ ਬੁੜਕਿਐ, ਅਖੇ ਭਾਰਤ ਗੰਦਾ ਹੈ। ਦਾਤਣਾਂ ਨੂੰ ਛੱਡੋ, ਨੇਤਾ ਮਹਿੰਗੇ ਟੁੱਥ ਪੇਸਟ ਵਰਤਦੇ ਨੇ। ਮੂੰਹੋਂ ਨਫ਼ਰਤੀ ਬੋਅ ਆਉਣੀ ਫੇਰ ਵੀ ਨਹੀਂ ਹਟਦੀ। ਚੋਣਾਂ ਮੌਕੇ ਨੇਤਾ ਬਾਹਰ, ਫਨੀਅਰ ਖੁੱਡਾਂ ’ਚ ਵੜ ਜਾਂਦੇ ਨੇ। ‘ਡਾਢੇ ਅੱਗੇ ਕਾਹਦਾ ਜ਼ੋਰ।’ ਆਖਦੇ ਨੇ, ਪਰਾਲੀ ਦੇ ਧੂੰਏਂ ਨੇ ਹਵਾ ਭਿੱਟੀ ਐ। ਬੁਰਜਾਂ ਵਾਲਾ ਬੂਟਾ ਆਖਦੈ, ਸਾਥੀਓ ਸਭ ਗੱਲਾਂ ਝੂਠ। ਖੇਤ ਆਕਸੀਜਨ ਦਿੰਦੇ ਨੇ, ਉਹ ਵੀ ਕਰੋ ਚੇਤੇ। ਅਮਰੀਕੀ ਸੰਤ ਆਖਦੇ ਨੇ, ‘ਮਾੜਾ ਮਾਲੀ ਆਪਣੇ ਖੁਰਪੇ ਨਾਲ ਲੜੀ ਜਾਂਦੈ।’

                 ਵੱਡਾ ਘਾਟਾ ਪਿਐ। ਮੁਹੰਮਦ ਸਦੀਕ ਦੀ ਬਾਂਹ ਕਾਹਦੀ ਟੁੱਟੀ। ਤੁਸੀਂ ਖੇਤੀ ਕਾਨੂੰਨ ਹੀ ਬਣਾ ਧਰੇ। ਮੁਲਕ ਦੇ ਬਗੀਚੇ ’ਚ ਲੱਗੀ ਜ਼ਹਿਰੀ ਬੂਟੀ, ਰੱਬ ਨਾਲ ਜਾ ਲੱਗੀ, ਮੁਲਕ ਨੂੰ ਕਾਂਬਾ ਛਿੜਿਐ। ਦਸੌਂਧਾ ਸਿਓਂ ਦਾ ਹੁਣ ਮਨ ਖੱਟਾ ਹੋਇਐੈ। ਪੰਥ ’ਤੇ ਜਦੋਂ ਭੀੜ ਪਈ, ਪਹਿਲਾਂ ਹਾਜ਼ਰ ਹੋਇਐ। ਹੁਣ ਆਖਦੈ, ‘ਸਭ ਭੌਂਪੂ ਨਿਕਲੇ। ਧੀਆਂ-ਭੈਣਾਂ ਵਾਲਾ ਦੇਸ਼ ਐ। ਭੌਂਪੂਆਂ ਨੂੰ ਸਲੀਕਾ ਕੌਣ ਸਿਖਾਊ।’ਨਿੰਦਰ ਘੁਗਿਆਣਵੀ ਨੇ ਆਪਣੀ ਹੀਰ ਛੇੜ ਲਈ। ਲੁਧਿਆਣੇ ਵਾਲਾ ਜਗਦੇਵ ਜੱਸੋਵਾਲ ਘਰ ’ਚ ਜਦੋਂ ਭੌਂਪੂ ਵਜਾਉਂਦਾ, ਨੌਕਰ ਝੱਟ ਹਾਜ਼ਰ ਹੁੰਦੈ। ਕੇਰਾਂ ਨਿੰਦਰ ਨੇ ਬਾਪੂ ਨੂੰ ਛੇੜਿਆ, ‘ਆਹ ਭੌਂਪੂ ਤਾਂ ਕਬਾੜੀਆਂ ਦੇ ਸਾਈਕਲ ’ਤੇ ਹੁੰਦੈ।’ ਜੱਸੋਵਾਲ ਅੱਗਿਓਂ ਬੋਲੇ, ‘ਮੈਂ ਸੱਭਿਆਚਾਰ ਦਾ ਕਬਾੜੀਆਂ ।’ ਵਾਪਸ ਮੁੜਦੇ ਹਾਂ, ਅੱਗੇ ਦੀਵਾਲ਼ੀ ਹੈ। ਕਬਾੜੀਏ ਆਉਂਦੇ ਨੇ, ਭੌਂਪੂ ਵਜਾਉਂਦੇ ਨੇ, ਕਬਾੜ ਬਿਲੇ ਲਾਉਂਦੇ ਨੇ। ਨਫ਼ਰਤਾਂ ਦੇ ਢੇਰ ਕੌਣ ਚੱਕੂ ? ਬਿਹਾਰੀ ਭੌਂਪੂ ਵੀ ਗੱਜੇ ਨੇ। ਚੌਕਸ ਪੁਰਤਗਾਲੀ ਕਰਦੇ ਨੇ, ‘ਚੰਗੇ ਫ਼ਲਾਂ ਦੀ ਮਾੜੇ ਰੁੱਖ ਤੋਂ ਆਸ ਨਾ ਕਰੋ।’ ਲਾਲੂ ਦੇ ਘਰ ਆਲੂ ਨਹੀਂ, ਨਵਾਂ ਬੂਟਾ ਉੱਗਿਐ। ਊਰੀ ਵਾਂਗ ਤੇਜਸਵੀ ਯਾਦਵ ਘੁੰਮਿਐ। ਬਿਹਾਰ ’ਚ ਭੌਂਪੂ ਵੱਜੇ ਨੇ, ਅੱਲ੍ਹਾ ਖ਼ੈਰ ਕਰੇ। ਯਾਦ ਕਰੋ ਗਰਾਮੋਫੋਨ ਮਸ਼ੀਨਾਂ ਦਾ ਯੁੱਗ। ਜਿਨ੍ਹਾਂ ਤਵੇ ਦੇਖੇ ਨੇ, ਉਨ੍ਹਾਂ ਨੂੰ ਭੌਂਪੂ ਅੱਗੇ ਬੈਠਾ ਕੁੱਤਾ ਵੀ ਚੇਤੇ ਹੋਊ। ਉਦੋਂ ਭੌਂਪੂ ਦੀ ਆਵਾਜ਼ ਖ਼ਾਮੋਸ਼ ਸੀ, ਕੋਈ ਕੁੱਤਾਪਣ ਨਹੀਂ ਸੀ। ‘ਕੁੱਤਾ ਮਾਅਰਕਾ’ ਕੰਪਨੀ ਐੱਚਐੱਮਵੀ (ਹਿਜ਼ ਮਾਸਟਰ’ਜ਼ ਵੁਆਇਸ) ਮਸ਼ਹੂਰੀ ਖੱਟ ਗਈ। ਅੱਜ ਦੇ ਭੌਂਪੂ, ਹਰ ਕੋਨੇ ਉੱਗੇ ਨੇ। ਚੰਬਲ ਦੇ ਡਾਕੂ ਵੀ ਦਹਿਲੇ ਨੇ। ਨਵੀਂ ਪ੍ਰਜਾਤੀ ਦੇਖ, ਭੰਡ ਤੇ ਮਰਾਸੀ ਦੰਗ ਰਹਿ ਗਏ।

               ਹਾਸੇ ਗੁਆਚ ਗਏ, ਧੁੰਦ ਦਾ ਪਹਿਰੈ। ਬਜ਼ੁਰਗ ਆਖ ਗਏ, ‘ਇੱਕ ਸਮਾਂ ਅਜਿਹਾ ਆਏਗਾ ਜਦੋਂ ਮਨੁੱਖ ਹੱਸਣਾ ਵੀ ਭੁੱਲ ਜਾਏਗਾ।’ ਅਕਲ ਦੇ ਮੋਤੀ ਗੁਆਚ ਗਏ, ਇਤਬਾਰੀ ਬੰਦੇ ਕਿੱਥੋਂ ਲੱਭੀਏ। ਭੌਂਪੂ ਤਾਂ ਗਲੀ ਮੁਹੱਲੇ ਨੇ। ਕੋਈ ਕਾਂਗਰਸ ਦਾ ਹੈ, ਕੋਈ ਅਕਾਲੀਆਂ ਦਾ। ਕੇਜਰੀਵਾਲ ਨੇ ਮੋਦੀ ਨਾਲ ਨਵਾਂ ਯਾਰਾਨਾ ਲਾਇਐ। ਇੱਧਰ ਘਾਹੀਆਂ ਨੇ ਤਾਂ ਘਾਹ ਹੀ ਖੋਤਣੈ। ਮੰਡੀ ਕਲਾਂ ਵਾਲੇ ਮਰਹੂਮ ਭਾਈ ਵੀਰ ਸਿੰਘ ਨਿਰਵੈਰ। ਮੇਰੇ ਪਿੰਡ ਆਲੇ ‘ਭਾਈ ਜੀ’ ਆਖ ਬੁਲਾਉਂਦੇ। ਭਲੇਮਾਣਸ ਨੇ ਕੋਈ ਮੋਰਚਾ ਨਹੀਂ ਛੱਡਿਆ। ਅਕਸਰ ਸਾਨੂੰ ਦੱਸਦੇ, ਬਿੱਲਿਆ! ਅਸੀਂ ਤਾਂ ਜੈਕਾਰਿਆ ਜੋਗੇ ਰਹਿ ਗਏ। ਭਰਿਆ ਮੇਲਾ ਕੋਈ ਹੋਰ ਲੁੱਟ ਗਿਆ, ਦੱਸੋ ਕਿੱਥੇ ਰਪਟ ਲਿਖਾਈਏ। ਪੰਜਾਬ ਬੱਤੀ ਦੰਦਾਂ ’ਚ ਜੀਭ ਲਈ ਬੈਠਾ।’ ਪਟਿਆਲੇ ਵਾਲੇ ਰਾਜੇ ਦੇ ਆਪਣੇ ਭੌਂਪੂ ਨੇ। ਅਕਾਲੀ ਜਥੇਦਾਾਂ ਦੇ ਆਪਣੇ। ਕਈ ਨਵੇਂ ਮੁੰਡੇ ‘ਆਪ’ ਦੇ ਭੌਂਪੂ ਬਣੇ ਨੇ। ਕੇਂਦਰੀ ਗੱਦੀ ਨੂੰ ਭੌਂਪੂ ਦਾਜ ’ਚ ਮਿਲੇ ਨੇ। ਲਾਮ ਲਸ਼ਕਰ ਕਾਫੀ ਵੱਡੈ। ਯੁੱਗ-ਯੁੱਗ ਜੀਣ ਟੀ.ਵੀ ਐਂਕਰ। ਫੇਰ ਮੋਢਾ ਕੋਵਿਡ ਦਾ, ਬੰਦੂਕ ਕੇਂਦਰ ਦੀ। ਲੋਕਾਂ ਦੇ ਦਿਲ ਪਤਲੇ ਪਾ ਦਿੱਤੇ। ਕਦੇ ਖੇਤੀ ਕਾਨੂੰਨ ਤੇ ਕਦੇ ਪ੍ਰਦੂਸ਼ਣ ਰੋਕੂ ਆਰਡੀਨੈਂਸ।

               ਪੰਜਾਬੀ ਕਿਸਾਨ ਪੋਲੇ ਨਹੀਂ ਪੈਂਦੇ। ਵਾਜੇ ਵਜਾਉਣੇ ਵੀ ਜਾਣਦੇ ਨੇ। ਫ਼ਲਸਤੀਨ ’ਚੋਂ ਆਵਾਜ਼ ਆਈ, ‘ਜ਼ਾਲਮ ਦਾ ਅੰਤ ਕੁਚਲੇ ਹੋਏ ਲਸਣ ਵਰਗਾ ਹੁੰਦੈ’। ਖ਼ਬਰ ਸੰਗਰੂਰੋਂ ਵੀ ਆਈ ਐ। ਆਈ ਅਡਾਨੀ ਦੀ ਗੱਡੀ ਵੀ। ਅੰਮ੍ਰਿਤਪਾਲ ਅੱਗੇ ਕੰਧ ਬਣ ਖੜ੍ਹਿਆ। ‘ਸਵਾ ਲਾਖ ਕੇ ਏਕ ਲੜਾਊਂ’ ਦਾ ਸੱਚਾ ਵਾਰਸ। ’ਕੱਲੇ ਜਵਾਨ ਨੇ ਗੱਡੀ ਰੋਕਤੀ। ਕਿਸਾਨ ਘੋਲ ਤੰਦੂਰ ਬਣਿਐ। ਕੇਂਦਰ ਡੌਲਿਆਂ ਨੂੰ ਪਰਖ ਰਿਹੈ। ਮਹਾਰਾਜਾ ਰਣਜੀਤ ਸਿੰਘ ਕੇਰਾਂ ਕਿਸੇ ਪਿੰਡ ’ਚੋਂ ਲੰਘੇ। ਲਾਲੇ ਦੀ ਹੱਟੀ ’ਤੇ ਮੁੰਡਾ ਬੈਠਾ ਦੇਖਿਆ, ਡੀਲ ਡੋਲ ਦੇਖ ਮਹਾਰਾਜਾ ਰੁਕੇ। ਮੁੰਡੇ ਨੇ ਹੱਥ ਜੋੜੇ, ‘ਮਾਈ ਬਾਪ! ਡੌਲਿਆਂ ’ਚ ਦਮ ਕਿੱਥੇ, ਜਰਨੈਲ ਕਿਤੋਂ ਹੋਰ ਲੱਭੋ।’ ਮਹਾਰਾਜੇ ਦੀ ਮੌਤ ਹੋ ਗਈ। ਪਿੱਛੋਂ ਲਾਲਿਆਂ ਦੇ ਇਸੇ ਮੁੰਡੇ ਨੇ ਅੰਗਰੇਜ਼ਾਂ ਨੂੰ ਧੂੜ ਚਟਾਈ। ਪੰਜਾਬ ਦਿਵਸ ਵੀ ਲੰਘ ਗਿਆ। ਮਾਂ ਬੋਲੀ ਨੂੰ ਸਿਜਦਾ ਕਰਨਾ ਭੁੱਲ ਬੈਠੇ। ਗੱਦੀ ਵਾਲੇ ਤਾਂ ਅੰਗਰੇਜ਼ੀ ਦੇ ਪੁੱਤ ਨੇ। ਯਾਦ ਕਰੋ ਉਹ ਵੇਲਾ, ਜਦੋਂ ਅਮਰਿੰਦਰ ਨੇ ਬੰਦੂਕ ਚੁੱਕੀ, ਕੰਦੂਖੇੜੇ ਜਾ ਕੇ ਦਮ ਲਿਆ। ਪੰਜਾਬੀ ਬੋਲਦੇ ਇਲਾਕੇ ਬਚਾਉਣੇ ਸੀ। ਵਕਤ ਨੇ ਮੋੜਾ ਲਿਆ, ਫੇਰ ਖੂੰਡਾ ਲੈ ਕੇ ਨਿਕਲੇ। ਹੁਣ ਕੀਹਨੂੰ ਉਲਾਂਭਾ ਦੇਈਏ, ਪੰਜਾਬ ਦੇ ਕੰਮੋਂ ਵੀ ਗਏ।

                 ਤਾਹੀਓਂ ਭੌਂਪੂ ਅਵਾਜ਼ਾਂ ਕੱਢ ਰਹੇ ਨੇ। ਇੱਕ ਦਾ ਭੌਂਪੂ ਬੋਲਿਆ, ‘ਇੱਕੋ ਨਾਅਰਾ, ਕਿਸਾਨ ਪਿਆਰਾ।’ ਦੂਜੇ ਦਾ ਭੌਂਪੂ ਗੱਜਿਆ, ‘ਕਿਸਾਨ ਖੁਸ਼ਹਾਲ, ਪੰਜਾਬ ਖੁਸ਼ਹਾਲ।’ ‘ਆਪ’ ਦੇ ਭੌਂਪੂ ਭੱਪੀ ਲਹਿਰੀ ਕੋਲ ਗਏ ਨੇ, ਅਖੇ ਕਿਹੜਾ ਸੁਰ ਲਾਈਏ। ਭਲਿਓ, ਵੇਲਾ ਇੱਕੋ ਤਾਲ ਲਾਉਣ ਦਾ ਹੈ। ਪਿਓ ਦਾਦਿਆਂ ਦੀ ਅਣਖ਼ ’ਤੇ ਪਹਿਰਾ ਦਿਓ। ਨਾ ਬਣੋ ਸਿਆਸੀ ਭੌਂਪੂ, ਜ਼ਮੀਨਾਂ ਨਾ ਗੁਆਓ, ਜ਼ਮੀਰਾਂ ਦੇ ਮਾਲਕ ਬਣੋ। ਛੱਜੂ ਰਾਮ ਵੱਲ ਵੇਖੋ, ਕਮਾ ਕੇ ਖਾਣ ਵਾਲਾ ਬੰਦੈ। ਮਜਾਲ ਹੈ ਕਿਸੇ ਦੀ ਈਨ ਮੰਨ ਜਾਏ। ਸਿਆਸੀ ਰੈਲੀਆਂ ’ਚ ਤੁਸੀਂ ਕਾਹਤੋਂ ਬੈਠੋ। ਜਿਨ੍ਹਾਂ ਨੇ ਚੁੱਲ੍ਹੇ ਵੰਡ ਦਿੱਤੇ, ਗਲੀ ਮੁਹੱਲੇ ਵੰਡ ਦਿੱਤੇ, ਘਰ ’ਚ ਕੰਧਾਂ ਕਢਾ ਦਿੱਤੀਆਂ, ਉਨ੍ਹਾਂ ਨੂੰ ਇਹੋ ਦੱਸਣ ਦਾ ਸਮਾਂ ਹੈ ਕਿ ਉਹ ਹੁਣ ਵਰਕਰ ਨਹੀਂ, ਮਾਲਕ ਬਣਨਗੇ, ਖ਼ੁਦ ਆਪਣੀ ਤਕਦੀਰ ਦੇ।ਸੁਆਲ ਪੰਜਾਬ ਦੀ ਪੱਤ ਦਾ ਐ। ਮਿਲ-ਜੁਲ ਕੇ ਗੁਆਚੇ ਲਾਲ ਲੱਭੋ। ਛੱਡੋ ਜਾਤਾਂ-ਪਾਤਾਂ, ਸਰਬ ਸਾਂਝਾ ਪਹਾ ਬਣਾਓ, ਹੱਥਾਂ ਦੇ ਵਿਚ ਹੱਥ ਪਾ ਕੇ, ਲਿਖ ਲਓ ਨਵੀਂ ਸਵੇਰ ਦੇ ਗੀਤ। ਜਦੋਂ ਜਾਗੋ, ਉਦੋਂ ਸਵੇਰਾ। ਕਿਤੇ ਮੁੜ ਸੌਂ ਗਏ, ਥੋਡੇ ਹੱਥ ਚਿੱਟਾ ਆਊ, ਫਿਰ ਕੋਈ ਬੱਸ ਚਲਾਊ ਤੇ ਕੋਈ ਜਹਾਜ਼ ਘੁਮਾਊ। ਸਰਬਜੀਤ ਕੌਰ ਜੱਸ ਦੀ ਸਤਰ ਹੈ, ‘ਦੇਸ਼ ਛੋਲਿਆਂ ਦੀ ਲੱਪ ਵਾਂਗੂ ਚੱਬਿਆ, ਵੇ ਹਾਕਮਾਂ ਬਦਾਮੀ ਰੰਗਿਆ।’