ਦਿੱਲੀ ਚੱਲੋ
..ਪੇਚਾ ਪੈ ਗਿਆ ਸੈਂਟਰ ਨਾਲ !
ਚਰਨਜੀਤ ਭੁੱਲਰ
ਚੰਡੀਗੜ੍ਹ : ਜੇ ਪੰਜਾਬ ਦੇ ਇੱਕ ਪਿੰਡ ‘ਚ ਲਾਲ ਝੰਡਾ ਝੁੱਲ ਰਿਹਾ ਹੈ ਤਾਂ ਦੂਸਰੇ ਪਿੰਡ ਬਸੰਤੀ ਚੁੰਨੀਆਂ ਦਾ ਹੜ੍ਹ ਆਇਆ ਹੈ। ਜਿੱਧਰ ਵੀ ਦੇਖੋ, ਹਰੀਆਂ ਤੇ ਕੇਸਰੀ ਪੱਗਾਂ ਦੂਰੋਂ ਨਜ਼ਰ ਪੈਂਦੀਆਂ ਹਨ। ਨੌਜਵਾਨਾਂ ਦੀਆਂ ਜੇਬ੍ਹਾਂ ‘ਤੇ ਬੈਜ ਅਤੇ ਹੱਥਾਂ ਵਿੱਚ ਝੰਡੇ ਹਨ। ‘ਦਿੱਲੀ ਚੱਲੋ‘ ਦੇ ਤਿਆਰੀ ਪ੍ਰੋਗਰਾਮ ‘ਚ ਇਸ ਤਰ੍ਹਾਂ ਦੇ ਸੰਘਰਸ਼ੀ ਰੰਗ ਝਲਕ ਰਹੇ ਹਨ। ਵਰ੍ਹਿਆਂ ਮਗਰੋਂ ਜਵਾਨੀ ਤੇ ਕਿਸਾਨੀ ਨੇ ਹੱਥਾਂ ਵਿਚ ਹੱਥ ਪਾਏ ਹਨ। ਨਿੱਕੇ ਨਿੱਕੇ ਬੱਚੇ ਵੀ ਤੋਤਲੀਆਂ ਆਵਾਜ਼ਾਂ ਵਿੱਚ ਨਾਅਰੇ ਮਾਰ ਰਹੇ ਹਨ। ਬਠਿੰਡਾ ਦੇ ਪਿੰਡ ਮਲੂਕਾ ਦਾ ਨੌਜਵਾਨ ਸੇਮਾ ਨਾ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ। ਬਚਪਨ ਤੋਂ ਜ਼ਿੰਦਗੀ ਨੂੰ ਟੱਕਰ ਦੇ ਰਿਹਾ ਹੈ। ਉਹ ਹੁਣ ਦਿੱਲੀ ਨਾਲ ਟੱਕਰ ਲੈਣ ਦੇ ਇਸ਼ਾਰੇ ਕਰਦਾ ਹੈ। ‘ਦਿੱਲੀ ਚੱਲੋ‘ ਅੰਦੋਲਨ ‘ਚ ਜਾਣ ਲਈ ਕਾਹਲਾ ਇਹ ਨੌਜਵਾਨ ਜੀਦਾ ਟੌਲ ਪਲਾਜ਼ੇ ‘ਤੇ ਕਈ ਹਫਤਿਆਂ ਤੋਂ ਆ ਰਿਹਾ ਹੈ। ਉਸ ਦਾ ਅੰਗਹੀਣ ਸਾਥੀ ਸਰਬਾ ਠੰਢ ਦੇ ਬਾਵਜੂਦ ਦਿੱਲੀ ਜਾਣ ਲਈ ਬਜ਼ਿੱਦ ਹੈ।
ਦੱਸਣਯੋਗ ਹੈ ਕਿ ਤੀਹ ਕਿਸਾਨ ਧਿਰਾਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ 26 ਤੇ 27 ਨਵੰਬਰ ਨੂੰ ਦਿੱਲੀ ‘ਚ ਪ੍ਰਦਰਸ਼ਨ ਕਰਨਾ ਹੈ। ‘ਦਿੱਲੀ ਚੱਲੋ‘ ਦੀ ਤਿਆਰੀ ‘ਚ ਸਮੁੱਚਾ ਪੰਜਾਬ ਹੁਣ ਸੰਘਰਸ਼ੀ ਰੰਗ ਵਿੱਚ ਰੰਗਿਆ ਗਿਆ ਹੈ। ਮਾਨਸਾ ਦੇ ਪਿੰਡ ਭੂਟਾਲ ਖੁਰਦ ਵਿੱਚ ਅੌਰਤਾਂ ਇਕੱਠੀਆਂ ਹੋ ਕੇ ਆਟਾ ਛਾਣਨ ‘ਚ ਰੁੱਝੀਆਂ ਹਨ ਅਤੇ ਮੋਗਾ ਦੇ ਪਿੰਡ ਮਾਹਲਾਂ ਕਲਾਂ ਵਿਚ ਟਰਾਲੀਆਂ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਰਿਹਾ ਹੈ ਤਾਂ ਜੋ ਠੰਢ ਤੋਂ ਵੀ ਬਚਿਆ ਜਾ ਸਕੇ। ਬਠਿੰਡਾ ਦੇ ਪਿੰਡ ਜਿਉਂਦ ਵਿਚ ਨਿੱਕੇ ਨਿੱਕੇ ਬੱਚਿਆਂ ਨੇ ਢੋਲ ਦੀ ਥਾਪ ‘ਤੇ ਮੋਦੀ ਸਰਕਾਰ ਖ਼ਿਲਾਫ਼ ਮੁੱਕੇ ਤਣੇ ਹਨ। ਸੰਗਰੂਰ ਦੇ ਪਿੰਡ ਸੋਹੀਆ ਦਾ ਪੰਜਵੀਂ ਕਲਾਸ ‘ਚ ਪੜ੍ਹਦਾ ਬੱਚਾ ਕਰਨਵੀਰ ਆਪਣੇ ਮਾਪਿਆਂ ਨਾਲ ਦਿੱਲੀ ਜਾਵੇਗਾ। ਉਹ ਗਲੀਆਂ ਵਿੱਚ ਝੰਡਾ ਚੁੱਕੀ ਫਿਰਦਾ ਹੈ।
ਨਰਮਾ ਪੱਟੀ ਦੇ ਚਾਰ ਜ਼ਿਲ੍ਹਿਆਂ ਵਿੱਚ ਖੇਤੀ ਸ਼ਹੀਦਾਂ ਦੀਆਂ ਵਿਧਵਾਵਾਂ ਨੇ ਚਿੱਟੀਆਂ ਚੁੰਨੀਆਂ ਧੋ ਲਈਆਂ ਹਨ। ਕੋਈ ਮਾਂ ਖੁਦਕੁਸ਼ੀ ਦੇ ਰਾਹ ਗਏ ਕਮਾਊ ਪੁੱਤ ਦੀ ਤਸਵੀਰ ਨੂੰ ਚੁੰਨੀ ਨਾਲ ਸਾਫ ਕਰਨ ਲੱਗੀ ਹੈ ਅਤੇ ਕੋਈ ਵਿਧਵਾ ਪਤੀ ਦੀ ਤਸਵੀਰ ਲੈ ਕੇ ਦਿੱਲੀ ਜਾਣ ਦੀ ਤਿਆਰੀ ਕਰ ਰਹੀ ਹੈ। ਪਿੰਡ ਦਿਉਣ ਵਿੱਚ ਅੌਰਤਾਂ ਨੇ ਗਲੀ ਗਲੀ ਰੋਸ ਮਾਰਚ ਕੀਤਾ ਹੈ। ਬੀਕੇਯੂ (ਉਗਰਾਹਾਂ) ਦੇ ਇਸਤਰੀ ਵਿੰਗ ਦੀ ਅਗਵਾਈ ਵਿੱਚ ਅੌਰਤਾਂ ਵੱਲੋਂ ਤਿੰਨ ਦਿਨਾਂ ਜਾਗੋ ਪ੍ਰੋਗਰਾਮ ਉਲੀਕਿਆ ਹੈ। ਕਲਾਕਾਰ ਕੰਵਰ ਗਰੇਵਾਲ ਤੇ ਹਰਫ ਚੀਮਾ ਦਾ ਗੀਤ ‘ਖਿੱਚ ਲੈ ਜੱਟਾ, ਖਿੱਚ ਤਿਆਰੀ, ਪੇਚਾ ਪੈ ਗਿਆ ਸੈਂਟਰ ਨਾਲ‘ ਪਿੰਡੋਂ ਪਿੰਡ ਗੂੰਜ ਰਿਹਾ ਹੈ। ਬਲਵਿੰਦਰ ਸੋਨੀ ਦੀ ਰਚਨਾ ‘ਕਸੋ ਕਮਰਾਂ ਤੇ ਖਿੱਚ ਲਓ ਤਿਆਰੀ, ਦਿੱਲੀ ਵੱਲ ਕੂਚ ਕਰੀਏ‘ ਵੀ ਚਾਰੇ ਪਾਸੇ ਘੁੰਮ ਰਹੀ ਹੈ। ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਮਰਹੂਮ ਸਿੰਦਰ ਸਿੰਘ ਨੱਥੂਵਾਲਾ ਨੂੰ ਅੱਜ ਕਿਸਾਨਾਂ ਨੇ ਪਹਿਲੀ ਬਰਸੀ ਦੇ ਮੌਕੇ ਰਾਜੇਆਣਾ (ਮੋਗਾ) ਵਿਖੇ ਰਿਲਾਇੰਸ ਪੰਪ ਅੱਗੇ ਜੁੜੇ ਇਕੱਠ ਵਿਚ ਯਾਦ ਕੀਤਾ।
ਮੋਗਾ ਦੇ ਪਿੰਡ ਕੁੱਸਾ ਵਿਚ ਅੌਰਤਾਂ ਤੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੀਤਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਲਾਲ ਝੰਡੇ ਨਜ਼ਰ ਪੈਂਦੇ ਹਨ। ਬੀਕੇਯੂ ਡਕੌਂਦਾ ਦੇ ਕਾਰਕੁਨ ਹਰੀਆਂ ਪੱਗਾਂ ਬੰਨ੍ਹ ਪਿੰਡ-ਪਿੰਡ ਹੋਕਾ ਦੇ ਰਹੇ ਹਨ। ਖੇਤ ਮਜ਼ਦੂਰ ਯੂਨੀਅਨ ਦੇ ਲਛਮਣ ਸਿੰਘ ਸੇਵੇਵਾਲਾ ਦਾ ਕਹਿਣਾ ਹੈ ਕਿ ਦਿੱਲੀ ਨੂੰ ਇਕੱਲੇ ਕਿਸਾਨ ਨਹੀਂ, ਖੇਤ ਮਜ਼ਦੂਰ, ਬੇਜ਼ਮੀਨੇ, ਬੇਰੁਜ਼ਗਾਰ, ਅੰਗਹੀਣ ਅਤੇ ਵਿਧਵਾਵਾਂ ਵੀ ਜਾਣਗੀਆਂ।ਮਸਲਾ ਕਿਸਾਨਾਂ ਦੀ ਜ਼ਿੰਦਗੀ ਦਾ ਹੈ।
Excellent writing
ReplyDelete