Sunday, November 22, 2020

                                                         ਵਿਚਲੀ ਗੱਲ
                                             ਪੁੱਛੇ ਨਾ ਕੋਈ ਬਾਤ ਹੀਰੇ..!
                                                        ਚਰਨਜੀਤ ਭੁੱਲਰ     

ਚੰਡੀਗੜ੍ਹ : ਮੁਹੰਮਦ ਸਦੀਕ ਦਾ ਮੂੰਹ ਕੌਣ ਫੜੂ, ਬਿਨਾਂ ਤੂੰਬੀ ਤੋਂ ਹੇਕ ਲਾ ਗਿਆ। ‘ਮੋਦੀ ਤਾਂ ਛੜਾ ਬੰਦੈ, ਕੀ ਜਾਣੇ ਕਿਸਾਨਾਂ ਦੀ ਪੀੜ।’ ਕਿਤੇ ਮੂੰਹਾਂ ਨੂੰ ਤਾਲੇ ਲੱਗਦੇ, ਰਾਹੁਲ ਗਾਂਧੀ, ਸਦੀਕ ਤੋਂ ਮਹੂਰਤ ਕਰਦਾ। ਸਦੀਕ ਮੀਆਂ! ਮੋਦੀ ਦੇ ਘਰ ’ਚ ਝਾਤੀਆਂ ਨਾ ਮਾਰੋ। ਕਿਸੇ ਸੁਲਝੇ ਪੰਡਤ ਦੀ ਦੱਸ ਪਾਓ। ਵਿਆਹ ਦਾ ਮਹੂਰਤ ਕਢਾਉਣੈ। ਸੋਨੀਆ ਗਾਂਧੀ ਦਾ ਵੀ ਦਿਲ ਕਰਦੈ, ਬੰਨੇ ਤੋਂ ਪਾਣੀ ਵਾਰਾਂ। ਕਾਕਾ ਜੀ, ਪੰਜਾਹ ਸਾਲ ਨੂੰ ਢੁਕੇ ਨੇ।‘ਉਹ ਕੀ ਜਾਣੇ ਪੀੜ ਪਰਾਈ, ਜਿਹਦੇ ਅੰਦਰ ਪੀੜ ਨਾ ਕਾਈ।’ ਪਹਿਲਾਂ ਖੇਤੀ ਕਾਨੂੰਨ ਬਣਾਏ, ਮਗਰੋਂ ਨਰਿੰਦਰ ਮੋਦੀ ਗੱਜ ਵੱਜ ਬੋਲੇ, ‘ਵਿਚੋਲੇ ਖ਼ਤਮ ਕਰ ਦਿਆਂਗੇ।’ ਨਰੇਂਦਰ ਭਾਈ! ਅਰਨਬ ਗੋਸਵਾਮੀ ਜਾਣਨਾ ਚਾਹੁੰਦੈ, ‘ਜੇ ਵਿਚੋਲੇ ਹੀ ਖ਼ਤਮ ਕਰਤੇ, ਫੇਰ ਰਾਹੁਲ ਗਾਂਧੀ ਨੂੰ ਸਾਕ ਕੌਣ ਕਰਾਊ।’ ਅਫ਼ਰੀਕੀ ਸੱਚ ਆਖਦੇ ਨੇ, ‘ਚੋਰੀ ਕੁੱਤੇ ਨੇ ਕੀਤੀ, ਸਜ਼ਾ ਬੱਕਰੀ ਨੂੰ ਮਿਲੀ।’ ਉਹ ਭਲੇ ਵੇਲੇ ਗਏ, ਜਦੋਂ ਕਿਸੇ ਮਲਵਈ ਨੂੰ ਵਿਆਹ ਨਾ ਜੁੜਦਾ, ਬਿਹਾਰਨਾਂ ਘਰ ਆ ਵਸਾਉਂਦੀਆਂ।

              ‘ਜਿੰਨੇ ਮੂੰਹ, ਓਨੀਆਂ ਗੱਲਾਂ’, ਵਿਰੋਧੀ ਆਖਦੇ ਨੇ, ਚੋਣਾਂ ’ਚ ਬਿਹਾਰ ਨੇ ਥੜ੍ਹੇ ਨਹੀਂ ਚੜ੍ਹਨ ਦਿੱਤਾ, ਭਾਲਦੇ ਨੇ ਰਾਹੁਲ ਗਾਂਧੀ ਨੂੰ ਡੋਲਾ। ਪ੍ਰਿਅੰਕਾ ਵਾਡਰਾ ਨੂੰ ਕੋਈ ਦੱਸ ਪਾ ਰਿਹੈ, ‘ਮਾਵਾਂ ਧੀਆਂ ਸਾਡੇ ਪਿੰਡ ਆਲੇ ਡੇਰੇ ਆਇਓ, ਪੰਜ ਐਤਵਾਰ ਮਿੱਟੀ ਕੱਢਣੀ ਪਊ, ਦਿਨਾਂ ’ਚ ਸੰਯੋਗ ਨਾ ਜੁੜੇ, ਮੈਨੂੰ ਦਸੌਂਧਾ ਸਿਓਂ ਨਾ ਆਖਿਓ।’ ਇਟਲੀ ਵਾਲੇ ਸੱਚਮੁੱਚ ਜੌਹਰੀ ਨਿਕਲੇ, ਜਿਨ੍ਹਾਂ ਸੋਨੀਆ ਨੂੰ ਰਾਜੀਵ ਦੇ ਲੜ ਲਾਇਆ। ਦੱਸੋ ਭਲਾ, ਮੋਦੀ ਦੀ ਸੱਸ ਕੋਈ ਅਨਾੜੀ ਜੌਹਰਨ ਸੀ? ਵਾਜਪਾਈ ਪ੍ਰਧਾਨ ਮੰਤਰੀ ਬਣੇ। ਉਦੋਂ ਪੰਜਾਬ ਦੇ ਛੜੇ ਮਾਣ ਨਾਲ ਬੋਲੀ ਪਾਉਂਦੇ,‘ ਕਹਿ ਗਏ ਅਟੱਲ ਬਿਹਾਰੀ, ਸਾਡੀ ਛੜਿਆਂ ਦੀ, ਦੁਨੀਆਂ ’ਤੇ ਸਰਦਾਰੀ।’ ਅੌਹ ਦੇਖੋ, ਹਰਿਆਣਾਵੀ ਅਭੈ ਚੌਟਾਲਾ ਨੇ ਕੋਈ ਹੋਰ ਸਟੇਸ਼ਨ ਫੜਿਐ। ਆਓ ਸੁਣਦੇ ਹਾਂ ਚੌਟਾਲਾ ਬਾਣੀ, ‘ਜੋ ਲਵ ਜਹਾਦ ਖ਼ਿਲਾਫ਼ ਕੁੱਦੇ ਨੇ, ਉਨ੍ਹਾਂ ਨੇ ਕਦੇ ਪਿਆਰ ਕੀਤਾ ਹੀ ਨਹੀਂ, ਜੇ ਕੀਤਾ ਹੁੰਦਾ ਤਾਂ ਅੱਜ ਉਨ੍ਹਾਂ ਦੇ ਘਰ ਵਸੇ ਹੁੰਦੇ।’ ਹੁਣ ਖੱਟਰ ਬਾਣੀ ਵੀ ਸੁਣ ਲਓ,‘ਲਵ ਜਹਾਦ ਖ਼ਿਲਾਫ਼ ਕਾਨੂੰਨ ਲਈ ਸੋਚਾਂਗੇ’। ‘ਜਿਹਾ ਰਾਜਾ, ਤਿਹੇ ਕਾਨੂੰਨ।’

             ‘ਲਵ ਜਹਾਦ’ ਜਨਸੰਘੀ ਕਾਢ ਹੈ। ‘ਮੁਸਲਿਮ ਮੁੰਡੇ ਧਰਮ ਪਰਿਵਰਤਨ ਕਰਾਉਣ ਦੀ ਮਨਸ਼ਾ ਨਾਲ ਹਿੰਦੂ ਕੁੜੀਆਂ ਨੂੰ ਪ੍ਰੇਮ ਜਾਲ ’ਚ ਫਸਾਉਂਦੇ ਨੇ’, ਇਹ ਕੱਟੜ ਪਰਿਭਾਸ਼ਾ ਲਵ ਜਹਾਦ ਦੀ ਹੈ। ਯੂਪੀ, ਕਰਨਾਟਕ, ਅਸਾਮ, ਮੱਧ ਪ੍ਰਦੇਸ਼ ਤੇ ਹਰਿਆਣਾ, ਇਨ੍ਹਾਂ ਰਾਜਾਂ ’ਚ ਲਵ ਜਹਾਦ ਖ਼ਿਲਾਫ਼ ਕਾਨੂੰਨ ਬਣਨੇ ਹਨ। ਕਿਤੇ ਰਾਂਝਾ ਅੱਜ ਪੁਨਰ ਜਨਮ ਲਵੇ। ਸਾਰੀ ਉਮਰ ਮੱਝਾਂ ਚਾਰਦਾ ਮਰ ਜਾਏ। ਉਹ ਵੇਲਾ ਹੋਰ ਸੀ, ਜਦੋਂ ਗੋਰਖ ਨਾਥ ਨੇ ਯੋਗ ਝੋਲੀ ਪਾਇਆ ਸੀ।ਉੱਤਰ ਪ੍ਰਦੇਸ਼ ਵਾਲਾ ਮੁੱਖ ਮੰਤਰੀ ਯੋਗੀ। ਗੋਰਖ ਨਾਥ ਦੀ ਧੂਣੀ ’ਤੇ ਤਪ ਕਰਦਾ ਤਾਂ ਇੰਝ ਕਦੇ ਨਾ ਬੋਲਦਾ, ‘ਲਵ ਜਹਾਦ ਵਾਲਿਓ, ਸੁਧਰ ਜਾਓ, ਨਾ ਸੁਧਰੇ ਤਾਂ ‘ਰਾਮ ਨਾਮ ਸੱਤ ਹੈ’ ਦੀ ਯਾਤਰਾ ਨਿਕਲਣ ਵਾਲੀ ਐ।’ ਜੁਆਬ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਰਹੇ ਨੇ, ‘ਪਿਆਰ ’ਚ ਜਹਾਦ ਦੀ ਕੋਈ ਥਾਂ ਨਹੀਂ, ਵਿਆਹ ਨਿੱਜੀ ਮਸਲਾ ਹੈ, ਫਿਰਕੂ ਸਦਭਾਵਨਾ ਨੂੰ ਵੰਡਣ ਦੀ ਏਹ ਭਾਜਪਾਈ ਸਾਜ਼ਿਸ਼ ਹੈ।’ ਸੁਪਰੀਮ ਕੋਰਟ ਨੇ ਵੀ ਮੋਹਰ ਲਾਈ ਹੈ, ‘ਜੀਵਨ ਸਾਥੀ ਚੁਣਨ ਦਾ ਅਧਿਕਾਰ ਨਿਰੋਲ ਨਿੱਜੀ ਮਸਲਾ ਹੈ।’ ਉਪਰੋਂ ਰੋਨਾਲਡ ਰੀਗਨ ਫਰਮਾ ਗਏ, ‘ਸਰਕਾਰ ਦਾ ਮੁੱਢਲਾ ਫਰਜ਼ ਆਪਣੇ ਲੋਕਾਂ ਦੀ ਰਾਖੀ ਕਰਨਾ ਹੁੰਦਾ ਹੈ, ਨਾ ਕਿ ਉਨ੍ਹਾਂ ਦੇ ਜੀਵਨ ਵਿਚ ਦਖਲਅੰਦਾਜ਼ੀ ਕਰਨਾ।’

              ਬਾਬੇ ਤਾਂ ਖੁੱਲ੍ਹੀ ਕਿਤਾਬ ਨੇ, ‘ਜਿਨਿ ਪ੍ਰੇਮ ਕੀਓ ਤਿੰਨ ਹੀ ਪ੍ਰਭੁ ਪਾਇਓ’। ਰੂਸੀ ਮੱਲਾਂ ਦੀ ਵੀ ਸੁਣੋ, ‘ਪਿਆਰ ਪੁਜਾਰੀ ਨੂੰ ਵੀ ਨੱਚਣਾ ਸਿਖਾ ਦਿੰਦੈ।’ ਕਵੀ ਅਵਤਾਰ ਪਾਸ਼ ਜਿਊਂਦਾ ਹੁੰਦਾ ਤਾਂ ਅੱਜ ਕਿਸੇ ਜੇਲ੍ਹ ’ਚ ਵਰਵਰਾ ਰਾਓ ਦੀ ਸੰਗਤ ਮਾਣਦਾ। ‘ਪਿਆਰ ਕਰਨਾ ਤੇ ਜੀਣਾ ਉਨ੍ਹਾਂ ਨੂੰ ਕਦੇ ਨਹੀਂ ਆਉਂਦਾ, ਜਿਨ੍ਹਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ’, ਇਹ ਨਿਚੋੜ ਪਾਸ਼ ਨੇ ਕੱਢਿਆ ਸੀ। ਕੈਦੋਂ ਅੱਜ ਵੀ ਅਮਰ ਨੇ। ਅੰਮ੍ਰਿਤਾ ਪ੍ਰੀਤਮ ਵਾਜ਼ਾਂ ਮਾਰ ਰਹੀ ਹੈ, ‘ਅੱਜ ਸਭੇ ਕੈਦੋ ਬਣ ਗਏ ਹੁਸਨ ਇਸ਼ਕ ਦੇ ਚੋਰ, ਅੱਜ ਕਿਥੋਂ ਲਿਆਈਏ ਲੱਭ ਕੇ ਵਾਰਸ ਸ਼ਾਹ ਇੱਕ ਹੋਰ।’ ਯੂਪੀ ਵਾਲੇ ਯੋਗੀ, ਹਰਿਆਣਾ ਵਾਲਾ ਖੱਟਰ, ਅਸਾਮ ਵਾਲੇ ਸਰਬਾਨੰਦ ਸੋਨੋਵਾਲ, ਸਭ ਛੜੇ ਮੁੱਖ ਮੰਤਰੀ ਨੇ ਜੋ ਲਵ ਜਹਾਦ ਖ਼ਿਲਾਫ਼ ਮੈਦਾਨ-ਏ-ਜੰਗ ’ਚ ਨਿੱਤਰੇ ਹਨ। ਮੁੱਕਦੀ ਗੱਲ, ਅਸਲ ’ਚ ਗਰੀਬ ਦੀ ਭੂਰੀ ’ਤੇ ’ਕੱਠ ਐ। ਲਵ ਜਹਾਦ ਖ਼ਿਲਾਫ਼ ਕਾਨੂੰਨ ਭੁੱਖੇ ਢਿੱਡਾਂ ’ਚੋਂ ਫਿਰਕੂ ਆਂਦਰਾਂ ਦੀ ਪਛਾਣ ਕਰਨਗੇ। ਕਿਸੇ ਜਰਮਨ ਨੇ ਸੱਚ ਕਿਹੈ, ‘ਰਾਜਿਆਂ ਤੇ ਮੂਰਖਾਂ ਲਈ ਕੋਈ ਕਾਨੂੰਨ ਨਹੀਂ ਹੁੰਦੇ।’ ਆਪਣੇ ਕਰਨ ਤਾਂ ਪੁੰਨ, ਬਿਗਾਨੇ ਕਰਨ ਤਾਂ ਪਾਪ।

              ਆਓ ਤੈਰਵੀਂ ਨਜ਼ਰ ਮਾਰੀਏ। ਨੇਤਾ ਮੁਖਤਾਰ ਅੱਬਾਸ ਨਕਵੀਂ, ਸ਼ਾਹ ਨਵਾਜ਼ ਹੁਸੈਨ, ਮਰਹੂਮ ਸੁਨੀਲ ਦੱਤ, ਰਾਜ ਬੱਬਰ, ਸਚਿਨ ਪਾਇਲਟ, ਮੁਨੀਸ਼ ਤਿਵਾੜੀ, ਉਮਰ ਅਬਦੁੱਲਾ, ਸ਼ਾਹਰੁਖ ਖਾਨ, ਆਮਿਰ ਖਾਨ, ਸੈਫ਼ ਅਲੀ ਖਾਨ, ਸੁਹੇਲ ਖਾਨ, ਇਰਫਾਨ ਖਾਨ ਸਮੇਤ ਕਰੀਬ 142 ਵੱਡੀਆਂ ਸ਼ਖ਼ਸੀਅਤਾਂ ਜਿਨ੍ਹਾਂ ਅੰਤਰ-ਧਰਮ ਵਿਆਹ ਰਚਾਏ। ਇਹ ਖਾਸ ਲੋਕ ‘ਲਵ ਜਹਾਦ’ ਦੇ ਦਾਇਰੇ ਕਾਹਤੋਂ ਨਹੀਂ ਆਏ। ‘ਆਮ’ ਲੋਕ ਕਟਹਿਰੇ ’ਚ ਖੜ੍ਹਨਗੇ। ਸ਼ਾਹਿਰ ਲੁਧਿਆਣਵੀ ਸੱਚ ਬੋਲਿਐ, ‘ਏਕ ਸ਼ਹਿਨਸ਼ਾਹ ਨੇ ਦੌਲਤ ਕਾ ਸਹਾਰਾ ਲੇਕਰ, ਹਮ ਗਰੀਬੋਂ ਕੀ ਮੁਹੱਬਤ ਕਾ ਉਡਾਇਆ ਹੈ ਮਜ਼ਾਕ।’ ਗੱਲ ਛੇ ਕੁ ਸਾਲ ਪੁਰਾਣੀ ਐ। ਮਨੋਰੰਜਨ ਕਾਲੀਆ ਨੇ ਇੱਕ ਕਾਂਗਰਸੀ ਦੇ ਘਰ ਵਸੇਬੇ ਬਾਰੇ ਟਿੱਚਰ ਕੀਤੀ। ਉਦੋਂ ਸਿਆਸੀ ਖੁੰਢ ਲਾਲ ਸਿੰਘ ਗੱਬਰ ਵਾਂਗ ਕਾਲੀਆ ਨੂੰ ਪੈ ਨਿਕਲੇ, ‘ਥੋਨੂੰ ਤਾਂ ਕੋਈ ਜੁੜੀ ਨਹੀਂ, ਹੋਰਨਾਂ ਦੀ ਚਿੰਤਾ ਛੱਡੋ, ਆਪਣਾ ਪ੍ਰਬੰਧ ਕਰੋ।’ ਵਿਆਹ ਫੁੱਲਾਂ ਦੀ ਸੇਜ ਨਹੀਂ, ਯੁੱਧ ਦਾ ਮੈਦਾਨ ਹੁੰਦੈ। ਸ਼ਾਇਦ ਇਸੇ ਕਰਕੇ ਬਹੁਤੇ ਨੇਤਾ ਡਰ ਗਏ। ਉੜੀਸਾ ਵਾਲਾ ਨਵੀਨ ਪਟਨਾਇਕ, ਬੰਗਾਲ ਵਾਲੀ ਮਮਤਾ ਬੈਨਰਜੀ, ਬੀਬੀ ਮਾਇਆਵਤੀ, ਉਮਾ ਭਾਰਤੀ, ਸਾਧਵੀ ਨਿਰੰਜਨ ਜੋਤੀ, ਸਾਖ਼ਸੀ ਮਹਾਰਾਜ, ਸਾਧਵੀ ਪ੍ਰੱਗਿਆ, ਕੁਮਾਰੀ ਸ਼ੈਲਜਾ, ਮਰਹੂਮ ਜੈਲਲਿਤਾ, ਸਲਮਾਨ ਖਾਨ ਆਦਿ ਸਭ ਛੜੇ ਤਾਂ ਹਨ, ਮਲੰਗ ਬਿਲਕੁਲ ਨਹੀਂ।

               ਕਾਸ਼! ਇਨ੍ਹਾਂ ਭਟਕਦੀਆਂ ਰੂਹਾਂ ਨੇ ਜੰਗ ਬਹਾਦੁਰ ਗੋਇਲ ਦਾ ‘ਮੁਹੱਬਤਨਾਮਾ’ ਪੜ੍ਹਿਆ ਹੁੰਦਾ। ਪਿਆਰ ਦੇ ਡੂੰਘੇ ਸਰੋਵਰ ’ਚ ਜ਼ਰੂਰ ਡੁਬਕੀ ਲਾਉਂਦੇ। ਦੋ ਦਿਲਾਂ ਦਾ ਮੇਲ ਹੀ ਪਿਆਰ ਅਖਵਾਉਂਦੈ। ਥੋਨੂੰ ਜ਼ਰੂਰ ਚੇਤੇ ਹੋਵੇਗਾ, ਇਟਲੀ ਦੇ ਤਾਨਾਸ਼ਾਹ ਮੁਸੋਲਿਨੀ ਨੇ ਛੜਿਆਂ ’ਤੇ ਟੈਕਸ ਲਾਇਆ ਸੀ। ਜਨਮ ਦਰ ’ਚ ਵਾਧੇ ਲਈ, ਜਰਮਨੀ, ਪੋਲੈਂਡ ਤੇ ਅਮਰੀਕਾ ਨੇ ਵੀ ‘ਛੜਾ ਟੈਕਸ’ ਲਾਉਣ ਲਈ ਕਦਮ ਚੁੱਕੇ ਸਨ। ਮੋਦੀ ਸਾਹਿਬ, ਦੇਖਿਓ ਤੁਸੀਂ ਕਿਤੇ ਮੁਸੋਲਿਨੀ ਦੇ ਰਾਹ ਪੈ ਜਾਵੋ। ਪੰਜਾਬੀ ਛੜਿਆਂ ਨੂੰ ਮਿਹਣੇ ਨਹੀਂ ਜੀਣ ਦਿੰਦੇ, ਟੈਕਸ ਵਿਚਾਰੇ ਕਿਥੋਂ ਭਰਨਗੇ।ਬੱਸ ਪੌਂ ਬਾਰਾਂ ਹੋ ਜਾਣ, ਜੇ ਕਿਤੇ ‘ਟਰੂਮੈਨ-ਗੰਗਾ ਸਿੰਘ ਪੈਕਟ’ ਵਰਗਾ ਸਮਝੌਤਾ ਹੋਜੇ। ‘ਨਾਲੇ ਪੁੰਨ, ਨਾਲੇ ਫਲੀਆਂ ’। ਦੂਸਰੀ ਵਿਸ਼ਵ ਜੰਗ ਪਿੱਛੋਂ ਦਾ ਬਿਰਤਾਂਤ ਹੈ। ਲੇਖਕ ਪਿਆਰਾ ਸਿੰਘ ਦਾਤਾ ਇੰਝ ਹਾਸ ਬਿਆਨੀ ਕਰਦੇ ਹਨ। ਅਮਰੀਕੀ ਨੀਤੀਵਾਨਾਂ ਨੇ ਮਹਿਸੂਸ ਕੀਤਾ ਕਿ ਹਿੰਦੁਸਤਾਨੀ ਸਿੱਖ ਬੜੇ ਬਹਾਦਰ ਹਨ, ਕਿਉਂ ਨਾ ਇਸ ਨਸਲ ਦੀ ਪਿਉਂਦ ਚਾੜ੍ਹੀ ਜਾਵੇ। ਚਾਲੀ ਹਜ਼ਾਰ ਅਮਰੀਕੀ ਸੁੰਦਰੀਆਂ ਦੇ ਰਿਸ਼ਤੇ ਭਾਰਤੀ ਸਿੱਖ ਨੌਜਵਾਨਾਂ ਨਾਲ ਕਰਨ ਦੀ ਨੀਤੀ ਬਣੀ। ਅਮਰੀਕੀ ਰਾਸ਼ਟਰਪਤੀ ਹੈਰੀ ਐਸ. ਟਰੂਮੈਨ ਨੇ ਪ੍ਰਿੰਸੀਪਲ ਗੰਗਾ ਸਿੰਘ ਨਾਲ ਸਮਝੌਤਾ ਕੀਤਾ।

              ਇੱਧਰ, ਜਿਉਂ ਹੀ ਅਮਰੀਕੀ ਪਰੀਆਂ ਲਈ ‘ਵਰ ਦੀ ਲੋੜ’ ਦੇ ਇਸ਼ਤਿਹਾਰ ਛਪੇ, ਪੰਜਾਬੀ ਮੁੰਡਿਆਂ ਦੀਆਂ ਲਾਲਾਂ ਡਿੱਗ ਪਈਆਂ। ਅਮਰੀਕਾ ਨੇ ਚੜ੍ਹੇ ਮਹੀਨੇ ਡਾਲਰ ਵੀ ਜੋੜਿਆਂ ਨੂੰ ਦੇਣੇ ਸਨ। ਇੱਕੋ ਸ਼ਰਤ ਰੱਖੀ ਗਈ, ਇਨ੍ਹਾਂ ਜੋੜਿਆਂ ਦੇ ਬੱਚਿਆਂ ਨੂੰ ਅਮਰੀਕੀ ਫੌਜ ’ਚ ਭਰਤੀ ਹੋਣਾ ਪਊ। ਕੋਈ ਸਿਆਸੀ ਪ੍ਰਿੰਸੀਪਲ ਅੱਜ ਵੀ ਜੋਅ ਬਾਇਡਨ ਨਾਲ ਏਦਾਂ ਦਾ ਸਮਝੌਤਾ ਕਰੇ ਤਾਂ ਪੰਜਾਬੀ ਮੁੰਡੇ ਅਸੀਸਾਂ ਦੇ ਪਿੜ ਬੰਨ੍ਹ ਦੇਣਗੇ। ਚਿੱਤ ਪ੍ਰਸੰਨ ਹੋ ਜਾਵੇ, ਕਿਤੇ ਜੋਅ ਬਾਇਡਨ ਕਾਕਾ ਰਾਹੁਲ ਦਾ ਕੋਈ ਤੋਪਾ ਭਰਾ ਦੇਣ। ਮੁਹੰਮਦ ਸਦੀਕ ਕਿਥੇ ਟਲਦੈ.. ‘ਤੁਸੀਂ ਵਿਆਹ ਤਾਂ ਕਢਾਓ, ਅਖਾੜੇ ਵਾਲਾ ਰੰਗ ਮੈਂ ਬੰਨੂ।’ ਲੋੜ ‘ਲਵ ਜਹਾਦ’ ਖ਼ਿਲਾਫ਼ ਕਾਨੂੰਨਾਂ ਦੀ ਨਹੀਂ, ਮੁਹੱਬਤਾਂ ਦੇ ਨਵੇਂ ਗੀਤ ਲਿਖਣ ਦੀ ਹੈ। ਪੁਰਾਣੇ ਬਾਂਸ ਨੂੰ ਲਚਕ ਦੇਣੀ ਸੌਖਾ ਕੰਮ ਨਹੀਂ। ਦਿੱਲੀ ਦੀ ਚੁਣੌਤੀ ਨੂੰ ਛੱਜੂ ਰਾਮ ਮਨ ’ਤੇ ਲਾ ਬੈਠੈ। ਬਾਲ ਬੱਚੇਦਾਰ ਤੇ ਕਬੀਲਦਾਰ ਹੈ, ਦਿੱਲੀ ਨਹੀਂ ਜਾਊ ਤਾਂ ਫੇਰ ਖਾਊਂ ਕੀ... ਪਿੰਡ ਪਿੰਡ ਹੋਕੇ ਗੂੰਜੇ ਨੇ...‘ਆਓ ਦਿੱਲੀ ਚੱਲੀਏ..!’

 

No comments:

Post a Comment