ਵਿਚਲੀ ਗੱਲ
ਬਿਨ ਤਾਰ ਨਾ ਵੱਜਦਾ ਤੂੰਬਾ..!
ਚਰਨਜੀਤ ਭੁੱਲਰ
ਚੰਡੀਗੜ੍ਹ : ਬੇਤੁਕਾ ਸੁਆਲ ਹੈ, ਅਕਲ ਵੱਡੀ ਜਾਂ ਮੱਝ? ਥੋੜਾ ਲੱਖਣ ਲਾ ਲੈਣਾ, ਕਾਹਲ ਕੋਈ ਨਹੀਂ, ਦੱਸਣਾ ਜਰੂਰ। ਗੱਲ ਨਾ ਅਹੁੜੇ ਤਾਂ ਬਦਾਮ ਛੱਕ ਲੈਣਾ। ਕੌਣ ਵੱਡਾ, ਕੌਣ ਛੋਟਾ, ਫੈਸਲਾ ਤੁਸਾਂ ਕਰਨੈ। ਅਸੀਂ ਤਾਂ ਖੁਰਾਕ ਮੰਤਰੀ ਦੇ ਮੁਰੀਦ ਹਾਂ। ਜਿਨ੍ਹਾਂ ਦਾ ਪ੍ਰਤਾਪੀ ਚਿਹਰਾ, ਮਿੱਠ ਬੋਲੜਾ ਸੁਭਾਅ, ਪਹਿਲੀ ਮਿਲਣੀ ਮੋਹ ਲੈਂਦੈ। ਭਾਰਤ ਭੂਸ਼ਨ ਆਸ਼ੂ, ਬੱਸ ਨਾਮ ਹੀ ਕਾਫ਼ੀ ਹੈ। ਆਸ਼ੂ ਜੀ ਦੀ ਨਵੀਂ ਕਾਢ, ਪਲੇਠਾ ਫੈਸਲਾ, ਸੁਣੋਗੇ ਤਾਂ ਬਲਿਹਾਰ ਜਾਓਗੇ। ਲੁਧਿਆਣਾ ਨਿਗਮ ਦੇ ਕੌਂਸਲਰਾਂ ਦੀ ਪਹਿਲਾਂ ਸ਼ਿਕਾਇਤ ਵੀ ਸੁਣੋ..‘ਪਿਆਰੇ ਮੰਤਰੀ ਜੀ! ਥੋਡੇ ਅਫਸਰ ਫੀਲਡ ’ਚ ਕਾਹਤੋਂ ਨਹੀਂ ਜਾਂਦੇ।’ ਵਜ਼ੀਰ ਆਸ਼ੂ ਇੰਝ ਫ਼ਰਮਾਏ..‘ਜਿਹੜੇ ਅਫਸਰ ਗੇੜਾ ਨਹੀਂ ਲਾਉਣਗੇ, ਬੂਟਾਂ ਤੋਂ ਝੱਟ ਪਛਾਣੇ ਜਾਣਗੇ।’ ਇਹ ਕਿਹੜਾ ਫੰਡਾਂ, ਖੁਦ ਮੰਤਰੀ ਜੀ ਤੋਂ ਸੁਣੋ, ਜਿਨ੍ਹਾਂ ਫ਼ੌਰੀ ਹੁਕਮ ਸੁਣਾਏ,‘ਜਦੋਂ ਅਫਸਰ ਬਾਹਰੋਂ ਦਫ਼ਤਰ ਆਉਣ, ਪਹਿਲਾਂ ਉਨ੍ਹਾਂ ਦੇ ਚੈੱਕ ਕਰੋ ਬੂਟ, ਅਗਰ ਧੂੜ ਪਈ ਹੋਵੇ ਤਾਂ ਸਮਝ ਲੈਣਾ, ਫੀਲਡ ਚੋਂ ਆਏ ਨੇ, ਮਿੱਟੀ ਨਾਲ ਲਿਬੜੇ ਬੂਟ ਖੁਦ ਗਵਾਹ ਬਣਨਗੇ..।’
ਚੀਨ ਵਾਲੇ ਵੀ ਇਹੋ ਆਖਦੇ ਨੇ..‘ਰੇਤੇ ਤੇ ਤੁਰਨ ਵਾਲਾ ਆਪਣੀਆਂ ਪੈੜਾਂ ਨਹੀਂ ਲੁਕਾ ਸਕਦਾ।’ ਵਾਰੇ ਵਾਰੇ ਜਾਵਾਂ ਆਸ਼ੂ ਲੁਧਿਆਣਵੀ ਦੇ। ਸੱਚਮੁੱਚ ਇੰਝ ਲੱਗਦੈ ਜਿਵੇਂ ਰੱਬ ਨੇ ਅਕਲ ਵਾਲਾ ਗੱਫਾ ਖੁੱਲ੍ਹਾ ਵਰਤਾ ਦਿੱਤਾ ਹੋਵੇ। ਆਸ਼ੂ ਜੀ! ਕਿਸੇ ਖੁਸ਼ਫਹਿਮੀ ’ਚ ਨਾ ਰਹਿਓ। ਏਹ ਅਫਸਰ ਵੀ ਕੱਚੀਆਂ ਗੋਲੀਆਂ ਨਹੀਂ ਖੇਡੇ। ਥੋਡੀਆਂ ਸਭ ਜੁਗਤਾਂ ਮਿੱਟੀ ਕਰ ਦੇਣਗੇ। ਭਾਵੇਂ ਆਹ ਨਮੂਨਾ ਦੇਖ ਲਓ। ਕਿਤੇ ਏਦਾਂ ਨਾ ਹੋਵੇ, ਕੋਈ ਸੇਵਾਦਾਰ ਦਫ਼ਤਰੀ ਗੇਟ ’ਤੇ ਗਾਰੇ ਵਾਲਾ ਬੱਠਲ ਲਈ ਬੈਠਾ ਹੋਵੇ। ਬੂਟਾਂ ’ਤੇ ਗਾਰਾ ਥੱਪ ਕੇ ਕੱਲੇ ਕੱਲੇ ਅਫਸਰ ਨੂੰ ਫੀਲਡਦਾਨ ਬਖ਼ਸ਼ ਰਿਹਾ ਹੋਵੇ। ਆਸ਼ੂ ਮਹਾਰਾਜ ਦੱਸੋ, ਫੇਰ ਕੀ ਕਰੋਗੇ। ਅੱਗਿਓਂ ਮੰਤਰੀ ਬੋਲੇ.. ‘ਐਵੇਂ ਬਾਤ ਦਾ ਬਤੰਗੜ ਨਾ ਬਣਾਓ, ਏਹ ਤਾਂ ਅਫਸਰਾਂ ਨੂੰ ਕਹਿਣ ਦਾ ਮਹਿਜ ਇੱਕ ਤਰੀਕਾ ਸੀ।’ ‘ਚਾਕਰੀ ’ਚ ਨਾਬਰੀ ਕਾਹਦੀ’..ਲੁਧਿਆਣੇ ਵਾਲਾ ਡੀ.ਐਸ.ਪੀ ਬਲਵਿੰਦਰ ਸੇਖੋਂ ਭੁੱਲ ਕਰ ਬੈਠਾ.. ਮੰਤਰੀ ਅੱਗੇ ਨਖਰੇ ਕਰਨ ਲੱਗਾ। ‘ਸਾਡੀ ਬਿੱਲੀ, ਸਾਨੂੰ ਮਿਊਂ’..ਗੁੱਸੇ ’ਚ ਪੈ ਨਿਕਲੇ ਮੰਤਰੀ ਵੱਡੇ ਡਿਪਟੀ ਨੂੰ.. ‘ਕਮਜ਼ੋਰ ਨਾ ਸਮਝੀ ਮੈਨੂੰ, ਮਿੱਧ ਕੇ ਰੱਖ ਦਿਆਂਗੇ’। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ..।ਅਫ਼ਰੀਕਾ ਦੇ ਸਿਆਣੇ ਜੁਗਤ ਦੱਸਦੇ ਨੇ..‘ਜਦੋਂ ਗੁੱਸਾ ਆਵੇ ਤਾਂ ਸੌ ਤੱਕ ਗਿਣਤੀ ਕਰੋ।’ ਲੱਗਦੇ ਹੱਥ ਮਹਿਲਾ ਡੀ.ਈ.ਓ ਵਾਲੀ ਗੱਲ ਵੀ ਸੁਣੋ। ਸਕੂਲ ਪ੍ਰੋਗਰਾਮ ’ਚ ਮੰਤਰੀ ਪੁੱਜੇ.. ਮਹਿਲਾ ਡੀ.ਈ.ਓ ਲੇਟ ਲਤੀਫ਼ ਨਿਕਲੀ.. ਆਸ਼ੂ ਜੀ ਨੂੰ ਇੱਕ ਚੜ੍ਹੇ, ਇੱਕ ਉੱਤਰੇ। ਬੀਬਾ ਹੱਥ ਜੋੜ ਕਰੇ ਅਰਦਾਸਾਂ।
ਬੀਬਾ ਜੀ! ਗੱਲ ਪੱਲੇ ਬੰਨੋ੍ਹ.. ‘ਹਾਕਮ ਦੇ ਝਿੜਕੇ ਦੀ, ਮੀਂਹ ’ਚ ਤਿਲਕੇ ਦੀ, ਭਲਾ ਕਾਹਦੀ ਸ਼ਰਮ।’ ਦਿਲ ਤਾਂ ਕਰਦੈ.. ਆਸ਼ੂ ਜੀ ਦਾ ਭਗਤ ਬਣ ਜਾਵਾਂ। ਰੱਜੇ ਪੁੱਜੇ ਨੇ, ਖੁਰਾਕ ਮੰਤਰੀ ਨੇ, ਘੱਟੋ ਘੱਟ ਭੁੱਖੇ ਤਾਂ ਨਹੀਂ ਮਰਾਂਗੇ। ਅਕਾਲੀ ਤੇ ‘ਆਪ’ ਵਾਲੇ ਐਵੇਂ ਯੱਕੜ ਮਾਰਦੇ ਨੇ.. ਅਖੇ ਆਸ਼ੂ ਨੇ ਆਹ ਕਰਤਾ, ਅੌਹ ਕਰਤਾ।...ਨਿਰਾ ਕਲਯੁਗ ਐ ਭਾਈ। ਅੌਹ ਸਤਜੁਗੀ ਬੰਦਾ ਦੇਖੋ.. ਦਸੌਧਾ ਸਿੰਘ ਪੰਡਾਲ ’ਚ ਬੈਠੈ। ਸੁਖਬੀਰ ਬਾਦਲ ਦੇ ਭਾਸ਼ਨ ਨੇ ਕੀਲ ਲਿਐ। ਏਹ ਪੰਡਾਲ ਨਾਭੇ ’ਚ ਸਜਿਐ। ਵਜ਼ੀਰ ਧਰਮਸੋਤ ਦੀ ਜਿੰਨੀ ਤਾਰੀਫ਼ ਕਰੀਏ, ਉਨ੍ਹੀਂ ਥੋੜੀ ਐ, ਖਾਸ ਕਰਕੇ ਵਜ਼ੀਫੇ ਵਾਲੇ ਪ੍ਰਤਾਪੀ ਕਦਮ ਮਗਰੋਂ। ਸਾਧ ਸੁਭਾਅ ਵਾਲੇ ਨੇ, ਬਿਨਾਂ ਗੱਲੋਂ ਅਕਾਲੀ ਪਿੱਛੇ ਪਏ ਨੇ। ਇਤਿਹਾਸ ਗਵਾਹ ਹੈ.. ਦਲਿਤ ਤਾਂ ਹਮੇਸ਼ਾ ਲਤਾੜੇ ਗਏ ਨੇ..। ‘ਸਾਡੀ ਮੌਤ ਉਨ੍ਹਾਂ ਦਾ ਹਾਸਾ’। ਕੋਈ ਬੱਚਿਆ ਦਾ ਵਜ਼ੀਫਾ ਛਕੇ, ਅਕਾਲੀ ਦਲ ਕਿਵੇਂ ਚੁੱਪ ਕਰ ਬੈਠੂ। ਸੁਖਬੀਰ ਬਾਦਲ ਦੇ ਭਾਸ਼ਨ ਦਾ ਕੇਂਦਰੀ ਅੰਸ਼, ‘ਪਿਆਰੀ ਸਾਧ ਸੰਗਤ ਜੀਓ! ਥੋਡੀ ਕਿਰਪਾ ਨਾਲ ਕੇਰਾਂ ਸਰਕਾਰ ਬਣਜੇ, ਬੱਸ ਫੇਰ ਦੇਖਿਓ...ਕਿਵੇਂ ਸਾਧੂ ਦੇ ਢਿੱਡ ਚੋਂ ਸਣੇ ਵਿਆਜ ਪੈਸਾ ਕੱਢੂ।’ ਪੰਡਾਲ ਦੇ ਐਨ ਪਿੱਛੇ ਇੱਕ ਬਾਬਾ ਖੜ੍ਹਾ ਸੀ। ਬਾਬੇ ਨੇ ਜੈਕਾਰਾ ਛੱਡਤਾ..ਵੈਦ ਸੁਖਬੀਰ ਸਿੰਘ ਬਾਦਲ.. ਜਿੰਦਾਬਾਦ, ਕੋਲ ਖੜ੍ਹੇ ਸਭ ਹੱਕੇ ਬੱਕੇ ਹੋ ਗਏ। ਖ਼ੈਰ ਗੱਲ ਜਚਦੀ ਵੀ ਐ.. ਢਿੱਡ ਚੋਂ ਪੈਸਾ ਕੱਢਣਾ ਕਿਤੇ ਸੌਖੈਂ.. ਕੋਈ ਵੈਦਰਾਜ ਹੀ ਕੱਢ ਸਕਦੈ। ‘ਗਏ ਕੁੱਲੂ, ਬਣਗੇ ਉੱਲੂ’। ਰੈਲੀ ਚੋਂ ਮੁੜਦੇ ਮੁੰਡੇ ਆਪੇ ਹੀ ਬੋਲ ਪਏ..‘ਅਸੀਂ ਤਾਂ ਮਾਂਗੇਵਾਲ ਤੋਂ ਹਾਂ।’ ਬਾਬੇ ਦੀ ‘ਵੈਦਪੁਣੇ’ ਵਾਲੀ ਗੱਲ ਸੱਚੀ ਜਾਪਦੀ ਐ। ਏਹ ਵੀ ਝੂਠੀ ਨਹੀਂ ਕਿ ਯੁਵਰਾਜ ਰਣਇੰਦਰ ਬਿਮਾਰ ਹੋ ਗਏ ਨੇੇ। ਵੰਡਤੇ ਚੰਦਰੀ ਸਿਆਸਤ ਨੇ। ਨਹੀਂ ਤਾਂ ਲੱਗਦੇ ਹੱਥ ਯੁਵਰਾਜ ਨੂੰ ਨਵੇਂ ਵੈਦ ਕੋਲ ਦਿਖਾ ਲੈਂਦੇ। ਜਦੋਂ ਪੰਥਕ ਰਾਜ ਭਾਗ ਸੀ। ਉਦੋਂ ਬਠਿੰਡੇ ਵਾਲੀ ਨਹਿਰ ਦਿਖਾਈ ਸੀ। ਲੋਕ ਗੰਦ ਮੰਦ ਨਹਿਰ ’ਚ ਸੁੱਟਦੇ ਸਨ। ਕਾਕਾ ਜੀ ਨੇ ਚੱਟ ਜ਼ੁਬਾਨੀ ਹੁਕਮ ਦਿੱਤੇ.. ‘ਨਹਿਰ ਦੇ ਦੋਵੇਂ ਪਾਸੇ ਦਸ ਦਸ ਫੁੱਟ ਉੱਚੀ ਕੰਧ ਕੱਢ ਦਿਓ।’ ਨਿਕੀਤਾ ਖੁਰਸ਼ਚੇਵ ਫਰਮਾ ਗਏ ਹਨ..‘ਦੁਨੀਆ ਭਰ ਦੇ ਸਿਆਸਤਦਾਨ ਇੱਕੋ ਤਰ੍ਹਾਂ ਦੇ ਹੁੰਦੇ ਹਨ, ਉਹ ਉੱਥੇ ਵੀ ਪੁਲ ਉਸਾਰਨ ਦੇ ਵਾਅਦੇ ਕਰਦੇ ਹਨ, ਜਿਥੇ ਦਰਿਆ ਹੁੰਦੇ ਹੀ ਨਹੀਂ’। ਸੱਚ, ਦਰਿਆ ਤੋਂ ਵੱਡੇ ਬਾਦਲ ਯਾਦ ਆਏ। ਜਿਨ੍ਹਾਂ ਕੇਰਾਂ ਏਦਾਂ ਨਸੀਹਤ ਦਿੱਤੀ.. ਜਾਖੜ ਸਾਹਬ, ਐਵੇਂ ਕਾਹਤੋਂ ਮੁਰਦਾਬਾਦ ਕਰਦੇ ਹੋ..ਜਿੰਦਾਬਾਦ ਆਖਿਆ ਕਰੋ..ਚੜ੍ਹਦੀ ਕਲਾ ’ਚ ਰਹੋਗੇ। ਆਓ ਮਲਾਈ ਵਰਗੀ ਗੱਲ ਸੁਣੋ। ਪੰਜਾਬ ਦੇ ਮਾਲ ਅਫਸਰ ਜ਼ਿੰਦਾਬਾਦ ਹਨ, ਜ਼ਿੰਦਾਬਾਦ ਸਨ, ਜ਼ਿੰਦਾਬਾਦ ਰਹਿਣਗੇ, ਆਖਰ ਬਾਬੇ ਦੀ ਫੁੱਲ ਕਿਰਪਾ ਜੋ ਹੈ। ਮਾਲ ਮੰਤਰੀ ਬਾਰੇ ਬਹੁਤਾ ਅੰਦਾਜ਼ਾ ਨਹੀਂ, ਮਾਲ ਅਫਸਰ ਬਹੁਤੇ ਖਿੜੇ ਹੋਏ ਨੇ। ਰੱਬ ਦਾ ਬੰਦਾ ਵਰਿੰਦਰ ਧੂਤ, ਵਿਚਾਰਾ ਜ਼ੀਰਕਪੁਰ ’ਚ ਨਾਇਬ ਤਹਿਸੀਲਦਾਰ ਸੀ। ਵਿਜੀਲੈਂਸ ਵਾਲਿਓ, ਥੋਡਾ ਕੱਖ ਨਾ ਰਹੇ.. ਭਗਤੂ ਰਾਮ (ਧੂਤ) ਨੂੰ ਅੰਦਰ ਕਰਤਾ। ਬਿਮਾਰੀ ਦਾ ਭੋਰਾ ਤਰਸ ਨਹੀਂ ਕੀਤਾ। ਸਿੰਗਾਪੁਰ ਤੋਂ ਇਲਾਜ ਚੱਲਦਾ ਸੀ। ਜਦੋਂ ਫੜਿਆ ਤਾਂ ਵਿਜੀਲੈਂਸ ’ਚ ਰੌਲਾ ਪਿਆ..‘ਅਖ਼ੇ.. ਮਾਲ ਮਹਿਕਮੇ ਦਾ ‘ਭੂਤ’ ਫੜ ਲਿਆ।’ ‘ਮਹੀਨਾ’ ਚੱਲਦੈ’, ਏਹ ਤਾਂ ਸਭ ਨੂੰ ਪਤੈ, ਹੁਣ ‘ਹਫਤਾ’ ਚੱਲਣ ਲੱਗਿਐ.. ਨਵੀਂ ਸਰਕਾਰ, ਨਵੀਂ ਪਿਰਤ। ਕਿਤੋਂ ਨਾਅਰਾ ਗੱਜਿਆ ‘ਧੂਤ’ ਤੇਰੀ ਸੋਚ ’ਤੇ.. ਬੱਸ ਫੇਰ ਕੀ ਸੀ, ਪੰਜਾਬ ਦੀ ਹਰ ਤਹਿਸੀਲ ਗੂੰਜ ਉੱਠੀ..।
ਆਓ ਗੱਲ ਨੂੰ ਮੁੜ ਲੀਹੇ ਪਾਈਏ.. ਵਜ਼ੀਰ ਸੁੱਖੀ ਰੰਧਾਵਾ ਮਝੈਲ ਨੇ। ਜਦੋਂ ਗੁੱਸਾ ਚੜ੍ਹਿਆ, ਕਰਤਾਰਪੁਰ ਲਾਂਘੇ ਵਾਲੇ ਨੀਂਹ ਪੱਥਰ ’ਤੇ ਬਾਦਲਾਂ ਦੇ ਨਾਮ ’ਤੇ ਚੇਪੀ ਲਾਤੀ। ਨਾਲੋ ਨਾਲ ਅਫਸਰਾਂ ਦੀ ਸ਼ੁੱਧੀ ਕਰਤੀ। ਕਮਾਲ ਦੇ ਮੰਤਰੀ ਨੇ ਤ੍ਰਿਪਤ ਬਾਜਵਾ ਵੀ। ਕਮਰੇ ’ਚ ਲਿਖ ਕੇ ਲਾਤਾ..‘ਮੇਰੇ ਪੈਰੀਂ ਹੱਥ ਨਾ ਲਾਓ’। ਬਾਜਵਾ ਜੀ..ਜਿਨ੍ਹਾਂ ਨੂੰ ਪੈਰੀਂ ਪੈਣ ਦੀ ਆਦਤ ਪਈ ਐ.. ਭਲਾ ਉਹ ਕਿਧਰ ਜਾਣ..। ਤੁਸੀਂ ਕਿਤੇ ਕਰੰਟ ਤਾਂ ਨਹੀਂ ਮਾਰਦੇ। ਦਿੱਲੀ ਵਾਲੇ ਕਹਾਣੀਕਾਰ ਗੁਰਬਚਨ ਭੁੱਲਰ, ਜਿਨ੍ਹਾਂ ਕੇਰਾਂ ਚਟਕਾਰੇ ਲੈ ਗੱਲ ਸੁਣਾਈ। ਕਿਸੇ ਪੁਰਾਣੇ ਹਰਿਆਣਵੀ ਮੰਤਰੀ ਦੀ। ਜਿਹਦੇ ਨੇੜੇ ਕੋਈ ਢੁਕਦਾ ਨਹੀਂ ਸੀ। ਪੈਰੀਂ ਹੱਥ ਲਾਉਣੇ ਤਾਂ ਦੂਰ ਦੀ ਗੱਲ। ਮੰਤਰੀ ਨੂੰ ਛੂਹਣ ’ਤੇ ਕਰੰਟ ਵੱਜਦਾ ਸੀ। ਤਾਹੀਓਂ ਬਿਜਲਈ ਨੇਤਾ ਵਜੋਂ ਮਸ਼ਹੂਰ ਸੀ। ਮਹਾਰਾਸ਼ਟਰੀ ਬੁਲੇਟਿਨ ਵੀ ਸੁਣੋ। ਜਦੋਂ ਨਵੀਂ ਸਰਕਾਰ ਬਣੀ, ਯਸ਼ੋਮਤੀ ਠਾਕੁਰ ਵਜ਼ੀਰ ਬਣੀ। ਠਕੁਰਾਣੀ ਨੇ ਇੱਕ ਜਨਸਭਾ ’ਚ ਖੋਲ੍ਹ ਕੇ ਗੁਰਮੰਤਰ ਦੱਸਿਆ..‘ਨੈਗਟੇਵਿਟੀ ਘਟਾਉਣੀ ਹੋਵੇ ਤਾਂ ਗਾਂ ਨੂੰ ਛੂਹ ਲਵੋ।’
ਹਰਿਆਣਵੀ ਮੰਤਰੀ ਅਨਿਲ ਵਿੱਜ ਕਿਤੇ ਠਕੁਰਾਣੀ ਦੀ ਗੱਲ ਪੱਲੇ ਬੰਨ੍ਹਦੇ.. ਸ਼ਰੇਆਮ ਮਹਿਲਾ ਐਸ.ਪੀ ਸੰਗੀਤਾ ਕਾਲੀਆ ਨੂੰ ‘ਗੈੱਟ ਆਊਟ’ ਕਦੇ ਨਾ ਕਹਿੰਦੇ। ਇੱਧਰ ਬੋਧੀ ਆਖੀ ਜਾਂਦੇ ਨੇ, ‘ਆਪਣੀ ਹਉਮੈ ਨੂੰ ਢਿੱਲੀ ਪੁਸ਼ਾਕ ਵਾਂਗੂ ਪਹਿਨੋ।’ ਨਿਤੀਸ਼ ਕੁਮਾਰ ਦਾ ਬੋਧੀਪੁਣਾ ਜਰੂਰ ਜਾਗਿਐ..ਚੋਣ ਰੈਲੀ ’ਚ ਐਲਾਨ ਕਰਤਾ..‘ਐਤਕੀਂ ਕਰੋ ਕਿਰਪਾ..ਆਖਰੀ ਚੋਣ ਐ ਮੇਰੀ..ਫੇਰ ਮੈਂ ਸੰਨਿਆਸੀ ਬਣ ਜਾਣੈ।’ਬਿਹਾਰੀ ਬਾਬੂ ਦਾ ਤਾਂ ਪਤਾ ਨਹੀਂ। ਕਿਸਾਨਾਂ ਦਾ ਕੁਝ ਨਾ ਬਣਿਆ ਤਾਂ ਪੰਜਾਬ ’ਚ ਕਈਆਂ ਨੂੰ ਸੰਨਿਆਸ ਲੈਣਾ ਪਊ। ਪ੍ਰਵਾਸੀ ਮਜ਼ਦੂਰ ਆਖਦੇ ਨੇ..ਆਸ਼ੂ ਜੀ! ਬੂਟ ਤਾਂ ਛੱਡੋ, ਜਿਨ੍ਹਾਂ ਦੇ ਪੈਰੀਂ ਛਾਲੇ ਨੇ.. ਉਨ੍ਹਾਂ ਲਈ ਕੋਈ ਸਕੀਮ? ਤੈਰਵੀਂ ਜੇਹੀਂ ਨਜ਼ਰ ਮਾਰੋਗੇ, ਬਹੁਤ ਧਨੰਤਰ ਦਿਸਣਗੇ, ਜਿਨ੍ਹਾਂ ਨੂੰ ਅੱਜ ਵੀ ਅਕਲ ਤੋਂ ਮੱਝ ਵੱਡੀ ਲੱਗਦੀ ਐ। ਇਨ੍ਹਾਂ ਵਾੜਿਆਂ ਦੇ ਚੌਕੀਦਾਰਾਂ ਦੀ ਕਿਵੇਂ ਜੈ ਕਰੀਏ, ਜਿਨ੍ਹਾਂ ਅੰਨਦਾਤੇ ਨੂੰ ਸੜਕਾਂ ’ਤੇ ਬਿਠਾਤਾ। ਕਿਧਰ ਉੱਠ ਚੱਲੇ ਹੋ, ਪਹਿਲਾਂ ਜੁਆਬ ਤਾਂ ਦਿਓ.. ਅਕਲ ਵੱਡੀ ਕਿ ਮੱਝ ? ਆਖਰ ਛੱਜੂ ਰਾਮ ਉੱਠ ਖੜ੍ਹਾ ਹੋਇਐ.. ‘ਕਈਆਂ ਨੂੰ ਰੱਬ ਅਕਲ ਦਿੰਦੈ, ਕਈਆਂ ਨੂੰ ਜਿੰਮੇਵਾਰੀ, ਕਿਸੇ ਦੇ ਉਮਰ ਅਕਲ ਬਖ਼ਸ਼ਦੀ ਹੈ, ਜਿਨ੍ਹਾਂ ਨੂੰ ਫੇਰ ਵੀ ਮੱਝ ਵੱਡੀ ਲੱਗਦੀ ਹੈ, ਉਹ ਫੌਰੀ ਇਲਾਜ ਕਰਾਉਣ.. ਰੱਬ ਰਾਖਾ।
No comments:
Post a Comment