ਪਾਵਰ ਦੇ ਕੱਟ
ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਸਰਕਾਰ ਲਈ ਸੂਬੇ ਵਿੱਚ ਬਿਜਲੀ ਕੱਟ ਲਾਉਣ ਦਾ ਫੈਸਲਾ ਘਾਟੇ ਦਾ ਸੌਦਾ ਬਣਨ ਲੱਗਾ ਹੈ ਜਦੋਂ ਕਿ ਪ੍ਰਾਈਵੇਟ ਥਰਮਲ ਕਿਸਾਨ ਅੰਦੋਲਨ ਦੌਰਾਨ ਵੀ ਹੱਥ ਰੰਗ ਰਹੇ ਹਨ। ਪਾਵਰਕੌਮ ਨੇ ਕੌਮੀ ਗਰਿੱਡ ‘ਚੋਂ ਬਿਜਲੀ ਖਰੀਦਣ ਤੋਂ ਹੱਥ ਘੁੱਟੇ ਹਨ, ਜਿਸ ਮਗਰੋਂ ਚਰਚੇ ਛਿੜੇ ਹਨ ਕਿ ਕਿਸਾਨ ਅੰਦੋਲਨ ਨੂੰ ਸੇਕ ਦੇਣ ਲਈ ਟੇਢੇ ਢੰਗ ਨਾਲ ਪੇਂਡੂ ਖੇਤਰਾਂ ਨੂੰ ਨਿਸ਼ਾਨੇ ‘ਤੇ ਲਿਆ ਹੈ।ਪਾਵਰਕੌਮ ਦਾ ਤਰਕ ਹੈ ਕਿ ਕੌਮੀ ਗਰਿੱਡ ‘ਚੋਂ ਬਿਜਲੀ ਮਹਿੰਗੀ ਪੈਣ ਲੱਗੀ ਹੈ ਤੇ ਬਿਜਲੀ ਕੱਟਾਂ ਤੋਂ ਬਿਨਾਂ ਕੋਈ ਚਾਰਾ ਨਹੀਂ। ਪੰਜਾਬੀ ਟ੍ਰਿਬਿਊਨ ਤਰਫੋਂ ਕੀਤੇ ਮੁਲਾਂਕਣ ਅਨੁਸਾਰ ਪਾਵਰਕੌਮ ਨੇ ਲੰਘੇ ਕੱਲ੍ਹ ਕੌਮੀ ਗਰਿੱਡ ‘ਚੋਂ 3.22 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਕਰੀਬ 1400 ਮੈਗਾਵਾਟ ਬਿਜਲੀ ਖਰੀਦ ਕੀਤੀ।
ਇਸੇ ਖਰੀਦ ਦੌਰਾਨ ਕੰਢੀ ਅਤੇ ਪੇਂਡੂ ਖੇਤਰ ਵਿਚ ਚਾਰ ਤੋਂ ਸਵਾ ਚਾਰ ਘੰਟੇ ਦੇ ਕੱਟ ਲਾਏ ਗਏ। ਬਿਜਲੀ ਕੱਟ ਨਾਲ ਇੱਕੋ ਦਿਨ ਵਿਚ 30 ਲੱਖ ਯੂਨਿਟਾਂ ਦੀ ਵਿਕਰੀ ਦਾ ਨੁਕਸਾਨ ਹੋਇਆ ਹੈ। ਪੰਜਾਬ ਵਿਚ ਸਭ ਤੋਂ ਵੱਧ ਬਿਜਲੀ ਦੀ ਮੰਗ 5300 ਮੈਗਾਵਾਟ ਰਹੀ ਹੈ ਜਦੋਂ ਕਿ ਰਾਤ ਵਕਤ ਇਹੋ ਮੰਗ 3300 ਮੈਗਾਵਾਟ ਰਹੀ। ਪਾਵਰਕੌਮ ਆਖ ਰਹੀ ਹੈ ਕਿ ਕੌਮੀ ਗਰਿੱਡ ਦੀ ਬਿਜਲੀ ਮਹਿੰਗੀ ਵਾਰਾ ਨਹੀਂ ਖਾਂਦੀ। ਨਜ਼ਰ ਮਾਰੀਏ ਤਾਂ ਕੌਮੀ ਗਰਿੱਡ ਤੋਂ ਬਿਜਲੀ ਵੱਧ ਤੋਂ ਵੱਧ 3.60 ਰੁਪਏ ਪ੍ਰਤੀ ਯੂਨਿਟ ਵੀ ਪਏ ਅਤੇ ਉਸ ਉਪਰ 40 ਪੈਸੇ ਪ੍ਰਤੀ ਯੂਨਿਟ ਐਕਸਚੇਂਜ ਚਾਰਜਿਜ਼ ਟਰਾਂਸਮਿਸ਼ਨ ਲਾਗਤ ਵੀ ਜੋੜੀਏ ਤਾਂ ਇਹ ਪ੍ਰਤੀ ਯੂਨਿਟ ਖਰਚਾ 4 ਰੁਪਏ ਬਣਦਾ ਹੈ। ਬਾਕੀ ਤਕਨੀਕੀ ਘਾਟਿਆਂ ਸਮੇਤ ਜੇਕਰ ਕੌਮੀ ਗਰਿੱਡ ‘ਚੋਂ ਖਰੀਦ ਕੀਤੀ ਬਿਜਲੀ 4.40 ਰੁਪਏ ਪ੍ਰਤੀ ਯੂਨਿਟ ਵੀ ਪੈਂਦੀ ਹੈ ਤਾਂ ਵੀ ਪਾਵਰਕੌਮ ਲਈ ਲਾਹੇ ਵਾਲਾ ਸੌਦਾ ਬਣਦੀ ਹੈ।
ਦੂਸਰੀ ਤਰਫ ਖਪਤਕਾਰਾਂ ਤੋਂ ਵਸੂਲੇ ਜਾਣ ਵਾਲੇ ਅੌਸਤਨ ਐਨਰਜੀ ਚਾਰਜਿਜ਼ (ਵੇਰੀਏਬਲ ਟੈਰਿਫ) ਦੇਖੀਏ ਤਾਂ ਘਰੇਲੂ ਖਪਤਕਾਰ ਨੂੰ 6 ਰੁਪਏ ਪ੍ਰਤੀ ਯੂਨਿਟ, ਵਪਾਰਕ ਨੂੰ 6.50 ਰੁਪਏ, ਐਮਐਸ ਨੂੰ 5.80 ਰੁਪਏ, ਐਸਪੀ ਨੂੰ 5.37 ਰੁਪਏ ਅਤੇ ਖੇਤੀ ਸੈਕਟਰ ਨੂੰ 5.57 ਰੁਪਏ ਪ੍ਰਤੀ ਯੂਨਿਟ ਪੈਂਦੀ ਹੈ। ਮਾਹਿਰਾਂ ਅਨੁਸਾਰ ਕੌਮੀ ਗਰਿੱਡ ‘ਚੋਂ ਮਹਿੰਗੀ ਬਿਜਲੀ ਖਰੀਦ ਕੇ ਵੀ ਪਾਵਰਕੌਮ ਅੱਜ ਦੀ ਘੜੀ ਘਰੇਲੂ ਖਪਤਕਾਰਾਂ ਤੋਂ 1.75 ਰੁਪਏ ਪ੍ਰਤੀ ਯੂਨਿਟ,ਵੱਡੀ ਸਨਅਤ ਤੋਂ 1.76 ਰੁਪਏ, ਮੀਡੀਅਲ ਸਕੇਲ ਸਨਅਤਾਂ ਤੋਂ 1.37 ਰੁਪਏ, ਸਮਾਲ ਪਾਵਰ ਤੋਂ 0.77 ਰੁਪਏ ਅਤੇ ਖੇਤੀ ਸੈਕਟਰ ਤੋਂ 1.16 ਰੁਪਏ ਪ੍ਰਤੀ ਯੂਨਿਟ ਮੁਨਾਫਾ ਲੈ ਸਕਦੀ ਹੈ। ਮਿਸਾਲ ਦੇ ਤੌਰ ‘ਤੇ ਲੰਘੇ ਕੱਲ੍ਹ ਪਾਵਰਕੌਮ ਕੱਟਾਂ ਦੇ 30 ਲੱਖ ਯੂਨਿਟਾਂ ਤੋਂ ਪਾਵਰਕੌਮ ਕਰੀਬ 30 ਲੱਖ ਰੁਪਏ ਦੀ ਆਮਦਨ ਕਰ ਸਕਦੀ ਸੀ।ਪੰਜਾਬ ਸਰਕਾਰ ਵੱਲੋਂ ਵੀ ਬਿਜਲੀ ‘ਤੇ ਕਰੀਬ 20 ਫੀਸਦੀ ਟੈਕਸ ਵੱਖਰੇ ਵਸੂਲ ਕੀਤੇ ਜਾਂਦੇ ਹਨ। ਸਰਕਾਰ ਨੂੰ ਵੀ ਇਨ੍ਹਾਂ ਬਿਜਲੀ ਕੱਟਾਂ ਕਰਕੇ ਕਰੀਬ 6 ਲੱਖ ਰੁਪਏ ਪ੍ਰਤੀ ਦਿਨ ਦਾ ਨੁਕਸਾਨ ਹੋਇਆ ਹੈ।
ਸੂਤਰ ਆਖਦੇ ਹਨ ਕਿ ਪੰਜਾਬ ਸਰਕਾਰ ਕੌਮੀ ਗਰਿੱਡ ਦੀ ਖਰੀਦ ‘ਚ ਸੰਜਮ ਵਰਤ ਕੇ ਪੇਂਡੂ ਲੋਕਾਂ ਨੂੰ ਵੀ ਅਸਿੱਧਾ ਝਟਕਾ ਦੇਣਾ ਚਾਹੁੰਦੀ ਹੈ ਤਾਂ ਜੋ ਕਿਸਾਨ ਅੰਦੋਲਨ ਨੂੰ ਪੋਲਾ ਪਾਇਆ ਜਾ ਸਕੇ।ਬੀ.ਕੇ.ਯੂ (ਡਕੌਂਦਾ) ਦੇ ਜਨਰਲ ਸਕੱਤਰ ਜਗਮੋਹਨ ਸਿੰਘ ਦਾ ਕਹਿਣਾ ਸੀ ਇਸ ਪਿਛੇ ਸਿਆਸੀ ਚਾਲ ਵੀ ਹੋ ਸਕਦੀ ਹੈ। ਦੂਸਰੀ ਤਰਫ ਪ੍ਰਾਈਵੇਟ ਥਰਮਲਾਂ ਨੂੰ ਕਿਸਾਨ ਅੰਦੋਲਨ ਹੁਣ ਰਾਸ ਵੀ ਆਉਣ ਲੱਗਾ ਹੈ। ਬੀ.ਕੇ.ਯੂ (ਉਗਰਾਹਾਂ) ਦੀ ਅਗਵਾਈ ਵਿਚ ਕਿਸਾਨ ਰਾਜਪੁਰਾ ਥਰਮਲ ਅਤੇ ਬਣਾਂਵਾਲੀ ਥਰਮਲ ਦੇ ਕੋਲ ਰੇਲ ਮਾਰਗ ‘ਤੇ ਬੈਠੇ ਹਨ। ਪ੍ਰਾਈਵੇਟ ਥਰਮਲਾਂ ਨੂੰ ਇਹ ਘਾਟਾ ਦਾ ਸੌਦਾ ਨਹੀਂ ਲੱਗਦਾ ਕਿਉਂਕਿ ਪਾਵਰਕੌਮ ਵੱਲੋਂ ਤਿੰਨੋਂ ਪ੍ਰਾਈਵੇਟ ਥਰਮਲਾਂ ਨੂੰ ਰੋਜ਼ਾਨਾ ਅੌਸਤਨ 9.75 ਕਰੋੜ ਰੁਪਏ ਫਿਕਸਡ ਚਾਰਜਿਜ਼ ਵਜੋਂ ਦਿੱਤੇ ਜਾਣੇ ਹਨ। ਬਿਨਾਂ ਚਲਾਈ ਤੇ ਘਸਾਈ ਤੋਂ ਇਹ ਥਰਮਲ ਰੋਜ਼ਾਨਾ ਆਪਣਾ ਬੋਝਾ ਭਰ ਰਹੇ ਹਨ। ਪਾਵਰਕੌਮ ਦੇ ਚੇਅਰਮੈਨ ਨਾਲ ਵਾਰ ਵਾਰ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਫੋਨ ਚੁੱਕਿਆ ਨਹੀਂ ਜਦੋਂ ਕਿ ਡਾਇਰੈਕਟਰ (ਕਮਰਸ਼ੀਅਲ) ਡੀਪੀਐੱਸ ਗਰੇਵਾਲ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਮੀਡੀਆ ‘ਚ ਕੋਈ ਗੱਲ ਕਰਨ ਤੋਂ ਰੋਕਿਆ ਗਿਆ ਹੈ ਤੇ ਇਸ ਬਾਰੇ ਚੇਅਰਮੈਨ ਹੀ ਦੱਸ ਸਕਦੇ ਹਨ।
No comments:
Post a Comment