Monday, February 28, 2022

                                                       ਰੁਜ਼ਗਾਰ ਵੀਜ਼ਾ
                                 ਢਾਈ ਸੌ ਪੰਜਾਬੀ ਨਿੱਤ ਚੜ੍ਹਦੇ ਨੇ ਜਹਾਜ਼..!
                                                       ਚਰਨਜੀਤ ਭੁੱਲਰ    

ਚੰਡੀਗੜ੍ਹ : ਵਿਦੇਸ਼ ਜਾਣਾ ਪੰਜਾਬੀਆਂ ਲਈ ਸ਼ੌਕ ਨਾਲੋਂ ਕਿਤੇ ਵੱਧ ਮਜਬੂਰੀ ਹੈ। ਰੁਜ਼ਗਾਰ ਖ਼ਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਫ਼ਿਕਰਮੰਦ ਕਰਦੇ ਹਨ ਕਿ ਕਿਤੇ ਪੰਜਾਬ ਖ਼ਾਲੀ ਹੀ ਨਾ ਹੋ ਜਾਵੇ। ਪੰਜਾਬ ’ਚੋਂ ਰੋਜ਼ਾਨਾ ਔਸਤਨ ਢਾਈ ਸੌ ਵਿਅਕਤੀ ਜਹਾਜ਼ ਚੜ੍ਹ ਰਹੇ ਹਨ, ਜਿਨ੍ਹਾਂ ਦਾ ਇੱਕੋ ਮਕਸਦ ਵਿਦੇਸ਼ ’ਚ ਰੋਜ਼ੀ-ਰੋਟੀ ਕਮਾਉਣਾ ਹੈ। ਵਰਤਮਾਨ ਸਮੇਂ ਵਿੱਚ ਯੂਕਰੇਨ ਜੰਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉਥੇ ਫਸੇ ਹੋਏ ਹਨ ਕਿਉਂਕਿ ਪੰਜਾਬ ’ਚ ਡਾਕਟਰੀ ਵਿੱਦਿਆ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ ਤੇ ਉਨ੍ਹਾਂ ਨੂੰ ਉਥੇ ਜਾਣਾ ਪਿਆ। ਇਵੇਂ ਵੱਡੀ ਗਿਣਤੀ ਪੰਜਾਬੀ ਰੁਜ਼ਗਾਰ ਦੀ ਤਲਾਸ਼ ’ਚ ਪੰਜਾਬ ਛੱਡ ਕੇ ਵੱਖ-ਵੱਖ ਦੇਸ਼ਾਂ ਵੱਲ ਗਏ ਹਨ।

            ਬਿਊਰੋ ਆਫ਼ ਇਮੀਗਰੇਸ਼ਨ ਦੇ ਵੇਰਵੇ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ (ਲਗਪਗ ਸਵਾ ਪੰਜ ਸਾਲ) ਦੌਰਾਨ ਪੰਜਾਬ ’ਚੋਂ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਗਏ ਹਨ। ਸਿੱਧਾ ਅੰਕੜਾ ਹੈ ਕਿ ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ’ਚੋਂ ਹਰ ਮਹੀਨੇ ਔਸਤਨ 7,750 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨ। ਇਸ ਲਿਹਾਜ਼ ਨਾਲ ਰੋਜ਼ਾਨਾ ਦੀ ਔਸਤ 250 ਬਣਦੀ ਹੈ। ਇੰਜ ਜੇ ਵੇਖਿਆ ਜਾਵੇ ਤਾਂ ਹਰ ਵਰ੍ਹੇ ਔਸਤਨ 91,250 ਵਿਅਕਤੀ ਰੁਜ਼ਗਾਰ ਖ਼ਾਤਰ ਪੰਜਾਬ ਛੱਡ ਰਹੇ ਹਨ। ਯੂਕਰੇਨ ਵਿੱਚ ਫਸੇ ਹੋਏ ਭਾਰਤੀਆਂ ਵਿੱਚੋਂ ਬੇਸ਼ੱਕ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ, ਪਰ ਉਥੇ ਮੌਜੂਦ ਭਾਰਤੀ ਕਾਮਿਆਂ ਦਾ ਅੰਕੜਾ ਵੀ ਛੋਟਾ ਨਹੀਂ। 

            ਰਾਜਪੁਰਾ ਦਾ ਤਿਰਲੋਕ ਸਿੰਘ ਇਸ ਵੇਲੇ ਯੂਕਰੇਨ ’ਚ ਫਸਿਆ ਹੋਇਆ ਹੈ। ਉਹ ਵਰਕ ਪਰਮਿਟ ’ਤੇ ਯੂਕਰੇਨ ਗਿਆ ਸੀ। ਜੇਕਰ ਸਮੁੱਚੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਕਤ ਸਵਾ ਪੰਜ ਵਰ੍ਹਿਆਂ ਦੌਰਾਨ ਰੁਜ਼ਗਾਰ ਵੀਜ਼ੇ ’ਤੇ 1.37 ਕਰੋੜ ਵਿਅਕਤੀ ਵਿਦੇਸ਼ ਗਏ ਹਨ। ਹਾਲਾਂਕਿ ਪੰਜਾਬ ਤੋਂ ਸਟੂਡੈਂਟ ਵੀਜ਼ਾ ’ਤੇ ਵਿਦੇਸ਼ ਜਾਣ ਵਾਲਿਆਂ ਦੀ ਚਰਚਾ ਵਧੇਰੇ ਹੁੰਦੀ ਹੈ, ਪਰ ਅਸਲ ਵਿੱਚ ਇਥੋਂ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਉਸ ਨਾਲੋਂ ਵੀ ਕਿਤੇ ਵੱਧ ਹੈ। ਇਨ੍ਹਾਂ ਸਵਾ ਪੰਜ ਸਾਲਾਂ ਵਿੱਚ ਸਟੂਡੈਂਟ ਵੀਜ਼ਾ ਤੇ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਣ ਵਾਲਿਆਂ ਦੀ ਜੇ ਸਾਂਝੇ ਤੌਰ ’ਤੇ ਗੱਲ ਕੀਤੀ ਜਾਵੇ ਤਾਂ 7.40 ਲੱਖ ਪੰਜਾਬੀ ਵਿਦੇਸ਼ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਸਟੂਡੈਂਟ ਵੀਜ਼ੇ ਵਾਲੇ 2.62 ਲੱਖ ਵਿਦਿਆਰਥੀ ਵੀ ਸ਼ਾਮਲ ਹਨ।

             ਇਸ ਮਾਮਲੇ ਵਿੱਚ ਪੰਜਾਬ ਨੇ 2019 ਵਿੱਚ ਦੇਸ਼ ਭਰ ’ਚੋਂ ਪਹਿਲਾ ਨੰਬਰ ਲਿਆ ਹੈ। ਉਸ ਵਰ੍ਹੇ ਪੰਜਾਬ ’ਚੋਂ 73,574 ਵਿਦਿਆਰਥੀ ਵਿਦੇਸ਼ ਗਏ ਸਨ। ਇਸ ਮਰਗੋਂ ਕਰੋਨਾ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੇ ਇਹ ਗਿਣਤੀ ਲੰਮਾ ਸਮਾਂ ਘਟਾਈ ਰੱਖੀ ਹੈ। ਯੂਕਰੇਨ ਵਿੱਚ ਬੇਕਾਬੂ ਹੋਏ ਹਾਲਾਤ ਕਾਰਨ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਆਖ ਰਹੇ ਹਨ ਕਿ ਜੇਕਰ ਭਾਰਤ ਵਿੱਚ ਡਾਕਟਰੀ ਸਿੱਖਿਆ ਉਨ੍ਹਾਂ ਦੀ ਪਹੁੰਚ ਵਿੱਚ ਹੁੰਦੀ ਤਾਂ ਉਨ੍ਹਾਂ ਨੂੰ ਬੱਚੇ ਵਿਦੇਸ਼ ਨਾ ਭੇਜਣੇ ਪੈਂਦੇ। ਇੱਕ ਅੰਦਾਜ਼ੇ ਅਨੁਸਾਰ ਸਰਕਾਰੀ ਕਾਲਜਾਂ ਦੀ ਸਾਲਾਨਾ ਫ਼ੀਸ ਸਭ ਤੋਂ ਵੱਧ ਹੋਣ ਦੇ ਪੈਮਾਨ ’ਤੇ ਪੰਜਾਬ ਦਾ ਦੇਸ਼ ਭਰ ’ਚੋਂ ਤੀਜਾ ਸਥਾਨ ਹੈ। ਪ੍ਰਾਈਵੇਟ ਕਾਲਜਾਂ ਦੀ ਫ਼ੀਸ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਕਈ ਸਾਲ ਪਹਿਲਾਂ ਹੀ ਦੂਰ ਹੋ ਚੁੱਕੀ ਹੈ।

             ਗੁਆਂਢੀ ਸੂਬੇ ਹਰਿਆਣਾ ਵੱਲ ਝਾਤ ਮਾਰੀਏ ਤਾਂ ਹਰਿਆਣਾ ’ਚੋਂ ਉਕਤ ਸਮੇਂ ਦੌਰਾਨ ਰੁਜ਼ਗਾਰ ਵੀਜ਼ਾ ’ਤੇ 31,482 ਵਿਅਕਤੀ ਵਿਦੇਸ਼ ਗਏ, ਜਦਕਿ ਦਿੱਲੀ ਤੋਂ 2.09 ਲੱਖ ਵਿਅਕਤੀ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਗਏ। ਮੁੱਖ ਮੰਤਰੀ ਚਰਨਜੀਤ ਚੰਨੀ ਆਖਦੇ ਹਨ ਕਿ ਸੂਬਾ ਸਰਕਾਰ ਨੇ ਪੰਜਾਬ ’ਚ 26 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇਸ ਤੋਂ ਪਹਿਲਾਂ ਗੱਠਜੋੜ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਪੰਜ ਸਾਲਾਂ ਵਿੱਚ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ‘ਪੰਜਾਬ ਮਾਡਲ’ ਤਹਿਤ ਐਲਾਨ ਕੀਤਾ ਹੈ ਕਿ ਹਰ ਵਰ੍ਹੇ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

            ਪੰਜਾਬ ’ਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਅਤੇ ਪ੍ਰਿੰਸੀਪਲ ਤ੍ਰਿਲੋਕ ਬੰਧੂ (ਰਾਮਪੁਰਾ ਵਾਲੇ) ਆਖਦੇ ਹਨ ਕਿ ਪੰਜਾਬ ਸਰਕਾਰ ਕੋਲ ਕੋਈ ਰੁਜ਼ਗਾਰ ਨੀਤੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਜ਼ਮੀਨਾਂ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਰੁਜ਼ਗਾਰ ਲਈ ਬੱਚਿਆਂ ਨੂੰ ਵਿਦੇਸ਼ ਭੇਜਣਾ ਕੋਈ ਸ਼ੁਗ਼ਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁਹਿਰਦ ਹੁੰਦੀ ਤਾਂ ਇਸ ਰੁਝਾਨ ਨੇ ਕਦੇ ਜ਼ੋਰ ਨਹੀਂ ਸੀ ਫੜਨਾ।

                               ਰੁਜ਼ਗਾਰ ਵੀਜ਼ਾ ਸਸਤਾ ਸੌਦਾ ਨਹੀਂ: ਗੁਰਪ੍ਰੀਤ ਸਿੰਘ

ਅਪੈਕਸ ਓਵਰਸੀਜ਼ ਰਾਏਕੋਟ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਹੁਤਿਆਂ ਦੀ ਸਟੂਡੈਂਟ ਵੀਜ਼ਾ ਮਗਰੋਂ ਦੂਸਰੀ ਤਰਜੀਹ ਆਮ ਤੌਰ ’ਤੇ ਰੁਜ਼ਗਾਰ ਵੀਜ਼ਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਵੀਜ਼ਾ ਵੀ ਕੋਈ ਸਸਤਾ ਸੌਦਾ ਨਹੀਂ ਹੈ। ਆਮ ਤੌਰ ’ਤੇ 25 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਜਿਸ ’ਤੇ ਔਸਤਨ 25 ਤੋਂ 35 ਲੱਖ ਰੁਪਏ ਖਰਚ ਆਉਂਦਾ ਹੈ। ਇਨ੍ਹਾਂ ’ਚੋਂ ਕਾਫ਼ੀ ਪ੍ਰੋਫੈਸ਼ਨਲ ਡਿਗਰੀ ਵਾਲੇ ਵੀ ਹੁੰਦੇ ਹਨ। ਇਸ ਤੋਂ ਬਿਨਾਂ ਜੋ ਬਿਜ਼ਨਸ ਜਾਂ ਟੂਰਿਸਟ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਉਹ ਵੀ ਵਿਦੇਸ਼ ਜਾ ਕੇ ਆਪਣਾ ਸਟੇਟਸ ਰੁਜ਼ਗਾਰ ਵੀਜ਼ਾ ਵਾਲਾ ਕਰ ਲੈਂਦੇ ਹਨ।

Friday, February 25, 2022

                                                       ਹਾਈਡਲ ਪ੍ਰਬੰਧਨ
                                           ਕੇਂਦਰ ਨੇ ਪੰਜਾਬ ਦੇ ਹੱਥ ਬੰਨ੍ਹੇ
                                                         ਚਰਨਜੀਤ ਭੁੱਲਰ    

ਚੰਡੀਗੜ੍ਹ : ਕੇਂਦਰ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ’ਚ ਨੁਮਾਇੰਦਗੀ ਦੇ ਮਾਮਲੇ ਵਿਚ ਪੰਜਾਬ ਨੂੰ ਟੇਢੇ ਢੰਗ ਨਾਲ ਬਾਹਰ ਕਰ ਦਿੱਤਾ ਹੈ, ਜਿਸ ਨੂੰ ਪੰਜਾਬ ਦੇ ਹੱਕਾਂ ’ਤੇ ਕੇਂਦਰੀ ਹੱਲਾ ਸਮਝਿਆ ਜਾ ਰਿਹਾ ਹੈ। ਕੇਂਦਰੀ ਬਿਜਲੀ ਮੰਤਰਾਲੇ ਨੇ ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਸੋਧ) ਰੂਲਜ਼ 2022 ਬਣਾਏ ਹਨ, ਜਿਨ੍ਹਾਂ ਤਹਿਤ ਹੁਣ ਪੰਜਾਬ ਦੀ ‘ਭਾਖੜਾ ਬਿਆਸ ਮੈਨੇਜਮੈਂਟ ਬੋਰਡ’ ’ਚ ਸ਼ਰਤੀਆ ਨੁਮਾਇੰਦਗੀ ਖ਼ਤਮ ਹੋ ਗਈ ਹੈ। ਬਿਆਸ ਤੇ ਸਤਲੁਜ ਦਰਿਆ ’ਤੇ ਪੈਂਦੇ ਹਾਈਡਲ ਪ੍ਰਾਜੈਕਟਾਂ ਦਾ ਪ੍ਰਬੰਧਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਵੱਲੋਂ ਕੀਤਾ ਜਾਂਦਾ ਹੈ|

             ਕੇਂਦਰੀ ਬਿਜਲੀ ਮੰਤਰਾਲੇ ਵੱਲੋਂ 23 ਫਰਵਰੀ ਨੂੰ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਹੈ, ਉਸ ਅਨੁਸਾਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਰੂਲਜ਼, 1974 ਵਿਚ ਸੋਧ ਕੀਤੀ ਗਈ ਹੈ। ਪਹਿਲਾਂ ਆਮ ਸਹਿਮਤੀ ਮੁਤਾਬਕ ਬੀਬੀਐਮਬੀ ਵਿਚ ਹਮੇਸ਼ਾ ਹੀ ਮੈਂਬਰ (ਪਾਵਰ) ਪੰਜਾਬ ਵਿਚੋਂ ਹੁੰਦਾ ਸੀ ਜਦੋਂ ਕਿ ਮੈਂਬਰ (ਸਿੰਚਾਈ) ਹਰਿਆਣਾ ’ਚੋਂ ਹੁੰਦਾ ਸੀ। ਨਵੀਂ ਸੋਧ ਅਨੁਸਾਰ ਹੁਣ ਇਹ ਜ਼ਰੂਰੀ ਨਹੀਂ ਰਿਹਾ ਕਿ ਇਹ ਦੋਵੇਂ ਮੈਂਬਰ ਪੰਜਾਬ ਤੇ ਹਰਿਆਣਾ ’ਚੋਂ ਹੀ ਹੋਣ, ਇਹ ਕਿਸੇ ਵੀ ਸੂਬੇ ਵਿਚੋਂ ਹੋ ਸਕਦੇ ਹਨ। ਇਨ੍ਹਾਂ ਮੈਂਬਰਾਂ ਦੀ ਚੋਣ ਦੇ ਮਾਪਦੰਡ ਅਤੇ ਸ਼ਰਤਾਂ ਅਜਿਹੀਆਂ ਰੱਖੀਆਂ ਗਈਆਂ ਹਨ ਜਿਨ੍ਹਾਂ ਦੀ ਪੂਰਤੀ ਪਾਵਰਕੌਮ ਦੇ ਬਹੁਤ ਘੱਟ ਇੰਜਨੀਅਰਜ਼ ਕਰਦੇ ਹਨ।

             ਪਹਿਲਾਂ ਇਹ ਮੈਂਬਰ ਦੋਵੇਂ ਸੂਬਿਆਂ ਵਲੋਂ ਨਾਮਜ਼ਦ ਇੰਜਨੀਅਰਾਂ ਦੇ ਪੈਨਲ ਵਿਚੋਂ ਲਏ ਜਾਂਦੇ ਸਨ। ਬੀਬੀਐਮਬੀ ਦਾ ਪਹਿਲਾਂ ਜੋ ਚੇਅਰਮੈਨ ਲਾਇਆ ਜਾਂਦਾ ਸੀ, ਉਹ ਹਿੱਸੇਦਾਰ ਸੂਬਿਆਂ ਦੀ ਥਾਂ ਬਾਹਰੋਂ ਲਾਇਆ ਜਾਂਦਾ ਸੀ ਤਾਂ ਕਿ ਨਿਰਪੱਖਤਾ ਬਣੀ ਰਹੀ ਪਰ 2018 ਵਿਚ ਚੇਅਰਮੈਨ ਦੀ ਚੋਣ ਵਿਚ ਹਿੱਸੇਦਾਰ ਸੂਬਿਆਂ ਨੂੰ ਖੁੱਲ੍ਹ ਦੇ ਦਿੱਤੀ ਗਈ ਹੈ| ਮਾਹਿਰ ਆਖਦੇ ਹਨ ਕਿ ਨਵੀਂ ਸੋਧ ਮਗਰੋਂ ਪੰਜਾਬ ਦੇ ਇੰਜਨੀਅਰਾਂ ਦੀ ਬੀਬੀਐਮਬੀ ਵਿਚ ਨੁਮਾਇੰਦਗੀ ਘਟੇਗੀ ਕਿਉਂਕਿ ਇਹ ਸ਼ਰਤਾਂ ਬਹੁਤ ਘੱਟ ਇੰਜਨੀਅਰ ਪੂਰੀਆਂ ਕਰਦੇ ਹਨ। ਬੀਬੀਐਮਬੀ ਤਹਿਤ ਭਾਖੜਾ ਡੈਮ, ਗੰਗੂਵਾਲ ਪਾਵਰ ਹਾਊਸ, ਕੋਟਲਾ ਪਾਵਰ ਹਾਊਸ, ਪੌਂਗ ਡੈਮ, ਦੇਹਰ ਪਾਵਰ ਹਾਊਸ ਆਦਿ ਹਾਈਡਲ ਪ੍ਰਾਜੈਕਟ ਆਉਂਦੇ ਹਨ। 

            ਦੇਹਰਾ ਅਤੇ ਪੌਂਗ ਡੈਮ ਵਿਚੋਂ ਰਾਜਸਥਾਨ ਦਾ ਹਿੱਸਾ ਕੱਢਣ ਮਗਰੋਂ ਇਨ੍ਹਾਂ ਪ੍ਰਾਜੈਕਟਾਂ ਵਿਚੋਂ ਪੰਜਾਬ ਨੂੰ 51.80 ਫ਼ੀਸਦੀ, ਹਰਿਆਣਾ ਨੂੰ 37.51 ਫ਼ੀਸਦੀ, ਹਿਮਾਚਲ ਪ੍ਰਦੇਸ਼ ਨੂੰ 7.19 ਫ਼ੀਸਦੀ ਅਤੇ ਚੰਡੀਗੜ੍ਹ ਨੂੰ 3.5 ਫ਼ੀਸਦੀ ਬਿਜਲੀ ਮਿਲਦੀ ਹੈ।ਬੀਬੀਐਮਬੀ ਤਹਿਤ ਪੈਂਦੇ ਹਾਈਡਲ ਪ੍ਰਾਜੈਕਟਾਂ ਦੀ ਬਿਜਲੀ ਪੈਦਾਵਾਰ ਵਿਚ ਪੰਜ ਸੂਬਿਆਂ ਦੀ ਹਿੱਸੇਦਾਰੀ ਹੈ| ਪੰਜਾਬ ਪੁਨਰਗਠਨ ਐਕਟ 1966 ਤਹਿਤ ਬੀ.ਬੀ.ਐਮ.ਬੀ ਦਾ ਹਿੱਸਾ ਪੰਜਾਬ ਅਤੇ ਹਰਿਆਣਾ ਦਰਮਿਆਨ 58:42 ਦੇ ਅਨੁਪਾਤ ਨਾਲ ਵੰਡਿਆ ਗਿਆ ਸੀ| ਮਗਰੋਂ ਇਸ ’ਚ ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਯੂ.ਟੀ ਚੰਡੀਗੜ੍ਹ ਨੂੰ ਜੋੜਿਆ ਗਿਆ ਪਰ ਮੁੱਖ ਹਿੱਸੇਦਾਰ ਪੰਜਾਬ ਅਤੇ ਹਰਿਆਣਾ ਹੀ ਹਨ। ਬੀਬੀਐਮਬੀ ਤਹਿਤ ਆਉਂਦੇ ਹਾਈਡਲ ਪ੍ਰਾਜੈਕਟਾਂ ਤੋਂ ਕੁੱਲ 2918 ਮੈਗਾਵਾਟ ਬਿਜਲੀ ਉਤਪਾਦਨ ਹੁੰਦਾ ਹੈ। 

                                              ਪੰਜਾਬ ਦੀ ਪੁੱਛ-ਪ੍ਰਤੀਤ ਘਟੀ

ਚੰਡੀਗੜ੍ਹ ਯੂਟੀ ਦੇ ਬਿਜਲੀ ਵਿਭਾਗ ਦੇ ਨਿੱਜੀਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੀ ਸਹਿਮਤੀ ਦੀ ਕੋਈ ਲੋੜ ਨਹੀਂ ਸਮਝੀ ਹੈ। ਚੰਡੀਗੜ੍ਹ ਵਿਚ ਬਿਜਲੀ ਵਿਭਾਗ ਕੋਲ ਪੰਜਾਬ ਤੋਂ ਡੈਪੂਟੇਸ਼ਨ ’ਤੇ 60 ਫ਼ੀਸਦੀ ਕੇਡਰ ਹੋਣਾ ਚਾਹੀਦਾ ਹੈ ਜੋ ਹੌਲੀ ਹੌਲੀ ਅਮਲੀ ਤੌਰ ’ਤੇ ਜ਼ੀਰੋ ਹੋ ਗਿਆ ਹੈ। ਪੰਜਾਬ ਦੀ ਸਹਿਮਤੀ ਤੋਂ ਬਿਨਾਂ ਹੀ ਕੇਂਦਰ ਨੇ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਫ਼ੈਸਲਾ ਲੈ ਲਿਆ। ਹੈਰਾਨੀ ਪਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਅਤੇ ਇਸ ਦੇ ਕਿਸੇ ਵੀ ਅਧਿਕਾਰੀ ਨੇ ਇਸ ਫ਼ੈਸਲੇ ’ਤੇ ਕੋਈ ਇਤਰਾਜ਼ ਵੀ ਨਹੀਂ ਜਤਾਇਆ।

Thursday, February 24, 2022

                                                       ਸਿਆਸੀ ਰਾਜਭਾਗ
                                      ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ !
                                                        ਚਰਨਜੀਤ ਭੁੱਲਰ    

ਚੰਡੀਗੜ੍ਹ : ਪੰਜਾਬ ਦਾ ਰਾਜਭਾਗ ਕਿਸੇ ਲਈ ਸੋਨਾ ਤੇ ਕਿਸੇ ਲਈ ਮਿੱਟੀ ਦੇ ਤੁੱਲ ਰਿਹਾ ਹੈ।  ਜੇਕਰ ਇਸ ਰਾਜਭਾਗ ਦੌਰਾਨ ਸਿਆਸੀ ਆਗੂਆਂ ਦੀ ਸੰਪਤੀ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਈ ਵਿਧਾਇਕਾਂ/ਵਜ਼ੀਰਾਂ ਦੀ ਸੰਪਤੀ ਤਾਂ ਛੜੱਪੇ ਮਾਰ ਕੇ ਵਧੀ ਹੈ, ਜਦਕਿ ਕਈਆਂ ਦੀ ਜਾਇਦਾਦ ਨੂੰ ਪੁੱਠਾ ਗੇੜਾ ਪਿਆ ਹੈ। ਅਕਸਰ ਇੰਜ ਹੁੰਦਾ ਹੈ ਕਿ ਸੱਤਾ ’ਤੇ ਕਾਬਜ਼ ਸਰਕਾਰ ਦੇ ਵਿਧਾਇਕਾਂ ਦੀ ਸੰਪਤੀ ਜ਼ਿਆਦਾ ਵਧਦੀ ਹੈ।  ਕਾਰਨ ਕੋਈ ਵੀ ਹੋਵੇ ਪਰ ਇਹ ਸੱਚ ਹੈ ਕਿ ਮੌਜੂਦਾ ਪੰਜਾਬ ਚੋਣਾਂ ਲੜਨ ਵਾਲੇ 13 ਕਾਂਗਰਸੀ ਵਿਧਾਇਕ/ਵਜ਼ੀਰ ਉਹ ਹਨ, ਜਿਨ੍ਹਾਂ ਦੀ ਸੰਪਤੀ ’ਚ ਬੀਤੇ ਪੰਜ ਵਰ੍ਹਿਆਂ ਦੌਰਾਨ ਸੌ ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ।              

             ਵੇਰਵਿਆਂ ਅਨੁਸਾਰ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਸੰਪਤੀ ਵਿੱਚ ਪਿਛਲੇ ਪੰਜ ਵਰ੍ਹਿਆਂ ਦੌਰਾਨ 180 ਫ਼ੀਸਦ ਦਾ ਵਾਧਾ ਹੋਇਆ ਹੈ, ਜਦਕਿ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜਾਇਦਾਦ ਵਿੱਚ ਇਹ ਵਾਧਾ 108 ਫ਼ੀਸਦ ਰਿਹਾ।  ਇਨ੍ਹਾਂ ਪੰਜ ਵਰ੍ਹਿਆਂ ਵਿੱਚ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਦੀ ਸੰਪਤੀ 283 ਫ਼ੀਸਦ, ਦਵਿੰਦਰ ਸਿੰਘ ਘੁਬਾਇਆ ਦੀ 190 ਫ਼ੀਸਦ ਵਧੀ।  ਇਵੇਂ ਹੀ ਵਿਧਾਇਕ ਲਖਬੀਰ ਸਿੰਘ ਦੀ ਸੰਪਤੀ ’ਚ 268 ਫ਼ੀਸਦ, ਸੰਤੋਖ ਸਿੰਘ ਭਲਾਈਪੁਰ ਦੀ ਜਾਇਦਾਦ ਵਿੱਚ 343 ਫ਼ੀਸਦ ਦਾ ਇਜ਼ਾਫਾ ਹੋਇਆ ਹੈ।  ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਸੰਪਤੀ 173 ਫ਼ੀਸਦ, ਇੰਦਰਬੀਰ ਸਿੰਘ ਬੁਲਾਰੀਆ ਦੀ 124, ਗੁਰਪ੍ਰੀਤ ਸਿੰਘ ਕਾਂਗੜ ਦੀ 58, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ 80, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ  99,  ਅਕਾਲੀ ਵਿਧਾਇਕ ਐੱਨਕੇ ਸ਼ਰਮਾ ਦੀ 111 ਤੇ ਕੈਪਟਨ ਅਮਰਿੰਦਰ ਸਿੰਘ ਦੀ ਸੰਪਤੀ ਵਿੱਚ 42 ਫ਼ੀਸਦ ਵਾਧਾ ਹੋਇਆ ਹੈ।

            ਇਸੇ ਤਰ੍ਹਾਂ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਸੰਪਤੀ ਪੰਜ ਵਰ੍ਹਿਆਂ ’ਚ ਤਿੰਨ ਲੱਖ ਤੋਂ ਵੱਧ ਕੇ 1.11 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ 23 ਵਿਧਾਇਕ ਉਹ ਵੀ ਹਨ, ਜਿਨ੍ਹਾਂ ਦੀ ਸੰਪਤੀ ਬੀਤੇ ਪੰਜ ਵਰ੍ਹਿਆਂ ਦੌਰਾਨ ਘਟੀ ਹੈ, ਇਨ੍ਹਾਂ ਵਿੱਚ ਬਿਕਰਮ ਮਜੀਠੀਆ ਦੀ ਸੰਪਤੀ ’ਚ 52 ਫ਼ੀਸਦ, ਕੁਲਤਾਰ ਸੰਧਵਾਂ ਦੀ 41, ਰਾਣਾ ਗੁਰਜੀਤ ਸਿੰਘ ਦੀ 26, ਸੁਖਪਾਲ ਖਹਿਰਾ ਦੀ 25, ਦਿਲਰਾਜ ਸਿੰਘ ਭੂੰਦੜ ਦੀ 14, ‘ਆਪ’ ਦੇ ਮਨਜੀਤ ਬਿਲਾਸਪੁਰ ਦੀ 13, ਕੁਲਬੀਰ ਜ਼ੀਰਾ ਦੀ 4 ਫ਼ੀਸਦ, ਨਵਜੋਤ ਸਿੰਘ ਸਿੱਧੂ ਦੀ ਸੰਪਤੀ ਵਿੱਚ 3 ਫ਼ੀਸਦ ਦਾ ਘਾਟਾ ਹੋਇਆ ਹੈ।  ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਸੰਪਤੀ ਨਾ ਘਟੀ ਤੇ ਨਾ ਹੀ ਵਧੀ ਹੈ। 

             ਜਦਕਿ 2012 ਤੋਂ 2017 ਤੱਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਬਿਕਰਮ ਸਿੰਘ ਮਜੀਠੀਆ ਦੀ ਸੰਪਤੀ ’ਚ 125 ਫ਼ੀਸਦ, ਰਾਣਾ ਗੁਰਜੀਤ ਸਿੰਘ ਦੀ 148, ਵਿਰਸਾ ਸਿੰਘ ਵਲਟੋਹਾ ਦੀ 156, ਮੁਹੰਮਦ ਸਦੀਕ ਦੀ 249, ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੀ 129 ਤੇ ਵਿਧਾਇਕ ਹਰਪ੍ਰੀਤ ਸਿੰਘ ਦੀ ਸੰਪਤੀ ’ਚ 166 ਫ਼ੀਸਦ ਦਾ ਵਾਧਾ ਹੋਇਆ ਸੀ।  ਸਮੁੱਚੇ ਤੌਰ ’ਤੇ ਉਸ ਵੇਲੇ ਦੇ ਤਤਕਾਲੀ 73 ਵਿਧਾਇਕਾਂ ਤੇ ਵਜ਼ੀਰਾਂ ਦੀ ਸੰਪਤੀ ਵਿੱਚ ਵਾਧਾ ਹੋਈ ਸੀ। ਉਸ ਪਾਰੀ ਦਾ ਦੂਜਾ ਪੱਖ ਦੇਖੀਏ ਤਾਂ 20 ਵਿਧਾਇਕਾਂ ਦੀ ਸੰਪਤੀ ਘਟੀ ਸੀ।  ਜਿਨ੍ਹਾਂ ਵਿੱਚ ਰਾਜ ਕੁਮਾਰ ਵੇਰਕਾ ਦੀ ਸੰਪਤੀ ’ਚ 33 ਫ਼ੀਸਦ, ਹਰਦਿਆਲ ਸਿੰਘ ਦੀ 37, ਇਕਬਾਲ ਸਿੰਘ ਝੂੰਦਾ ਦੀ 30, ਸੁਖਜੀਤ ਕੌਰ ਦੀ 92 ਤੇ ਕਰਨ ਕੌਰ ਬਰਾੜ ਦੀ ਸੰਪਤੀ ’ਚ 7 ਫ਼ੀਸਦ ਕਟੌਤੀ ਹੋਈ ਸੀ।  

          ਬਹੁਤੇ ਵਿਧਾਇਕਾਂ ਦੇ ਆਪੋ ਆਪਣੇ ਕਾਰੋਬਾਰ ਹਨ ਤੇ ਕਈਆਂ ਦੀ ਖੇਤੀ ਆਮਦਨ ਵੀ ਸ਼ਾਮਲ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਸਿਆਸੀ ਤਾਕਤ ਦਾ ਕ੍ਰਿਸ਼ਮਾ ਹੈ ਕਿ ਵਿਧਾਇਕਾਂ ’ਤੇ ਨਾ ਕਦੇ ਮਹਿੰਗਾਈ ਦਾ ਕੋਈ ਅਸਰ ਪੈਂਦਾ ਹੈ ਤੇ ਨਾ ਹੀ ਕਿਸੇ ਮੰਦਵਾੜੇ ਦਾ।  ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮੁੱਚਾ ਅਰਥਚਾਰਾ ਨਿਵਾਣ ਵੱਲ ਹੈ ਤੇ ਗ਼ਰੀਬ ਲੋਕਾਂ ਲਈ ਆਮਦਨੀ ਵਿੱਚ ਵਾਧਾ ਇੱਕ ਸੁਫਨਾ ਬਣ ਗਿਆ ਹੈ। 

                                               ਭਗਵੰਤ ਮਾਨ ਦੀ ਸੰਪਤੀ ਘਟੀ

‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਾਇਦਾਦ ਵਿਚ ਕਟੌਤੀ ਹੋਈ ਹੈ।  ਮੌਜੂਦਾ ਚੋਣਾਂ ਮੌਕੇ ਭਗਵੰਤ ਮਾਨ ਕੋਲ ਕੁੱਲ 1.97 ਕਰੋੜ ਦੀ ਸੰਪਤੀ ਹੈ, ਜਦਕਿ 2017 ਦੀਆਂ ਚੋਣਾਂ ਮੌਕੇ ਭਗਵੰਤ ਮਾਨ ਦੀ ਜਾਇਦਾਦ 1.99 ਕਰੋੜ ਰੁਪਏ ਸੀ।  ਜਦੋਂ ਭਗਵੰਤ ਮਾਨ 2014 ’ਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੇ ਸਨ ਤਾਂ ਉਸ ਵੇਲੇ ਉਨ੍ਹਾਂ ਕੋਲ 4.30 ਕਰੋੜ ਦੀ ਜਾਇਦਾਦ ਸੀ। 

Wednesday, February 23, 2022

                                                       ਸਿਆਸੀ ਮਾਅਰਕਾ
                                           ਪੋਲਿੰਗ ’ਚ ਪੰਜਾਬਣਾਂ ਦੀ ਝੰਡੀ..!
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਐਤਕੀਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਦੇ ਮਾਮਲੇ ’ਚ ਪੰਜਾਬਣਾਂ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ ’ਚ ਪੁਰਸ਼ਾਂ ਦੀ ਪੋਲਿੰਗ ਦਰ ਘੱਟ ਰਹੀ ਹੈ, ਜਦਕਿ ਔਰਤਾਂ ਨੇ ਮਾਅਰਕਾ ਮਾਰਿਆ ਹੈ। ਹਾਲਾਂਕਿ ਰਾਜਸੀ ਧਿਰਾਂ ਨੇ ਔਰਤਾਂ ਨੂੰ ਟਿਕਟਾਂ ਦੇਣ ਮੌਕੇ ਹੱਥ ਘੁੱਟਿਆ ਹੈ ਪਰ ਔਰਤਾਂ ਨੇ ਆਪਣੀ ਤਰਫ਼ੋਂ ਖੁੱਲ੍ਹੇ ਹੱਥ ਨਾਲ ਵੋਟਾਂ ਪਾਈਆਂ ਹਨ। ਚੋਣ ਮੈਦਾਨ ਵਿੱਚ ਕੁੱਲ 1304 ਉਮੀਦਵਾਰਾਂ ਵਿੱਚੋਂ ਸਿਰਫ਼ 93 ਮਹਿਲਾ ਉਮੀਦਵਾਰ ਹਨ, ਜਿਸ ਦੀ ਦਰ 7.13 ਫ਼ੀਸਦੀ ਬਣਦੀ ਹੈ। ਹੈਰਾਨੀ ਵਾਲੇ ਤੱਥ ਹਨ ਕਿ ਦੁਆਬਣਾਂ ਨੇ ਤਾਂ ਦਰਜਨ ਹਲਕਿਆਂ ਵਿੱਚ ਆਪਣਾ ਪੂਰਾ ਦਬਦਬਾ ਬਣਾਇਆ ਹੈ।

            ਚੋਣ ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 79.90 ਫ਼ੀਸਦੀ ਔਰਤਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ 71.99 ਫ਼ੀਸਦੀ ਪੁਰਸ਼ਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਦੇ ਕੁੱਲ੍ਹ 2.14 ਕਰੋੜ ਵਿੱਚੋਂ 1.54 ਕਰੋੜ ਵੋਟਰਾਂ ਨੇ ਮਤਦਾਨ ਕੀਤਾ ਹੈ, ਜਿਨ੍ਹਾਂ ਵਿੱਚ 73.35 ਲੱਖ ਔਰਤਾਂ ਅਤੇ 81.33 ਲੱਖ ਪੁਰਸ਼ ਸ਼ਾਮਲ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਦੁਆਬੇ ਦੇ 12 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਵੱਧ ਵੋਟਾਂ ਪਾਈਆਂ ਹਨ। ਉਂਝ ਮਾਲਵੇ ਵਿੱਚ ਪੋਲਿੰਗ ਸਭ ਤੋਂ ਵੱਧ ਰਹੀ ਹੈ।

           ਪਿੱਛੇ ਝਾਤੀ ਮਾਰੀਏ ਤਾਂ 1952 ਤੋਂ 2002 ਤੱਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਪੁਰਸ਼ਾਂ ਮੁਕਾਬਲੇ ਘੱਟ ਰਹੀ ਹੈ। 2007 ਦੀਆਂ ਚੋਣਾਂ ਵਿੱਚ ਪਹਿਲੀ ਦਫ਼ਾ ਔਰਤਾਂ ਦੀ ਪੋਲਿੰਗ ਦਰ 75.47 ਫ਼ੀਸਦੀ ਰਹੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 75.36 ਸੀ। 2012 ਦੀਆਂ ਚੋਣਾਂ ਵਿੱਚ ਔਰਤਾਂ ਦੀ 78.96 ਫ਼ੀਸਦੀ ਅਤੇ ਪੁਰਸ਼ਾਂ ਦੀ ਪੋਲਿੰਗ ਦਰ 77.58 ਫ਼ੀਸਦੀ ਸੀ। ਇਵੇਂ 2017 ਦੀਆਂ ਚੋਣਾਂ ਵਿੱਚ ਔਰਤਾਂ ਦੀ 77.72 ਫ਼ੀਸਦੀ ਪੋਲਿੰਗ ਸੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 76.99 ਫ਼ੀਸਦੀ ਸੀ।

           ਮੌਜੂਦਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ, ਜੋ ਕਿ ਪੁਰਸ਼ਾਂ ਨਾਲੋਂ 7.91 ਫ਼ੀਸਦੀ ਜ਼ਿਆਦਾ ਬਣਦੀ ਹੈ। ਦੁਆਬੇ ਦੇ ਹਲਕਾ ਭੁਲੱਥ, ਸ਼ਾਹਕੋਟ, ਆਦਮਪੁਰ, ਦਸੂਹਾ, ਉੜਮੜ, ਸ਼ਾਮ ਚੁਰਾਸੀ, ਚੱਬੇਵਾਲ, ਗੜ੍ਹਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਬੰਗਾ ਤੋਂ ਇਲਾਵਾ ਆਨੰਦਪੁਰ ਸਾਹਿਬ ਹਲਕੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵਧੇਰੇ ਵੋਟਾਂ ਪਾਈਆਂ ਹਨ। ਮਿਸਾਲ ਦੇ ਤੌਰ ’ਤੇ ਹਲਕਾ ਭੁਲੱਥ ਵਿੱਚ 43,658 ਪੁਰਸ਼ਾਂ ਨੇ ਵੋਟ ਪਾਈ, ਜਦੋਂ ਕਿ 46,781 ਪੁਰਸ਼ਾਂ ਨੇ ਮਤਦਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਕਈ ਹਲਕਿਆਂ ਵਿੱਚ ਕੋਈ ਮਹਿਲਾ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਹੀਂ ਸੀ। 

           ਬਲਾਚੌਰ ਤੋਂ ‘ਆਪ’ ਦੀ ਸੰਤੋਸ਼ ਕੁਮਾਰੀ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਚੋਣ ਮੈਦਾਨ ਵਿੱਚ ਸਨ। ਇੱਥੇ ਔਰਤ ਵੋਟਰਾਂ ਨੇ ਪੁਰਸ਼ਾਂ ਨੂੰ ਪੋਲਿੰਗ ਵਿੱਚ ਪਿਛਾਂਹ ਛੱਡਿਆ ਹੈ। ਗੜ੍ਹਸ਼ੰਕਰ ਹਲਕੇ ਵਿੱਚ ਇੱਕੋ ਮਹਿਲਾ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਸੀ, ਜਿੱਥੇ ਔਰਤਾਂ ਦੀ ਪੋਲਿੰਗ ਜ਼ਿਆਦਾ ਰਹੀ ਹੈ। ਟਿਕਟਾਂ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ 12 ਮਹਿਲਾਵਾਂ ਨੂੰ ਟਿਕਟ ਦਿੱਤੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ। ਇਸੇ ਤਰ੍ਹਾਂ ਭਾਜਪਾ ਨੇ 6 ਅਤੇ ਕਾਂਗਰਸ ਨੇ 11 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਬਸਪਾ ਨੇ ਇੱਕ ਮਹਿਲਾ ਉਮੀਦਵਾਰ ਬਣਾਈ ਹੈ, ਜਦੋਂ ਕਿ ਪੰਜਾਬ ਲੋਕ ਕਾਂਗਰਸ ਨੇ ਦੋ ਟਿਕਟਾਂ ਔਰਤਾਂ ਨੂੰ ਦਿੱਤੀਆਂ ਹਨ।

           ਇਵੇਂ ਸੰਯੁਕਤ ਅਕਾਲੀ ਦਲ ਨੇ ਇੱਕ ਮਹਿਲਾ ਅਤੇ ਲੋਕ ਇਨਸਾਫ਼ ਪਾਰਟੀ ਨੇ ਵੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ। 29 ਆਜ਼ਾਦ ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਦੀ ਅਧਿਆਪਕਾ ਤੇ ਕਵਿੱਤਰੀ ਨੀਤੂ ਅਰੋੜਾ ਨੇ ਕਿਹਾ ਕਿ ਸਾਖਰ ਦਰ ਵਿੱਚ ਸੁਧਾਰ ਕਾਰਨ ਮਹਿਲਾਵਾਂ ’ਚ ਸਿਆਸੀ ਚੇਤਨਾ ਵਧੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਆਸਤ ਵਿੱਚ ਰੁਚੀ ਪ੍ਰਬਲ ਹੋਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਸਿਆਸੀ ਮੁੱਦਿਆਂ ਪ੍ਰਤੀ ਵਧੇਰੇ ਚੌਕਸ ਹਨ ਤੇ ਉਨ੍ਹਾਂ ਦੀ ਜਮਹੂਰੀਅਤ ਵਿੱਚ ਵਧ ਰਹੀ ਭਾਗੀਦਾਰੀ ਸ਼ੁੱਭ ਸੰਕੇਤ ਹੈ। 

                                           ਮਾਲਵਾ ਵਿੱਚ ਸਭ ਤੋਂ ਵੱਧ ਪੋਲਿੰਗ

ਸਮੁੱਚੇ ਪੰਜਾਬ ’ਤੇ ਨਿਗ੍ਹਾ ਮਾਰੀਏ ਤਾਂ ਮਾਲਵਾ ਖੇਤਰ ਵਿੱਚ ਸਭ ਤੋਂ ਵੱਧ ਪੋਲਿੰਗ ਰਹੀ ਹੈ। ਮਾਲਵੇ ਵਿੱਚ 69 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿੱਦੜਬਾਹਾ ਵਿੱਚ 84.93 ਫ਼ੀਸਦੀ ਪੋਲਿੰਗ ਰਹੀ, ਜਦੋਂ ਕਿ ਮਾਲਵੇ ਵਿੱਚ ਸਭ ਤੋਂ ਘੱਟ ਪੋਲਿੰਗ ਹਲਕਾ ਲੁਧਿਆਣਾ ਦੱਖਣੀ ਵਿੱਚ 59.04 ਫ਼ੀਸਦੀ ਰਹੀ ਹੈ। ਇਸੇ ਤਰ੍ਹਾਂ ਮਾਝੇ ਦੇ 25 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਹਲਕਾ ਅਜਨਾਲਾ ਵਿੱਚ 77.29 ਫ਼ੀਸਦੀ ਰਹੀ, ਜਦਕਿ ਸਭ ਤੋਂ ਘੱਟ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ 55.40 ਫ਼ੀਸਦੀ ਰਹੀ। ਇਸ ਤੋਂ ਇਲਾਵਾ ਦੋਆਬੇ ਦੇ 23 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਬਲਾਚੌਰ ਹਲਕੇ ਵਿੱਚ 73.77 ਫ਼ੀਸਦੀ ਰਹੀ ਅਤੇ ਸਭ ਤੋਂ ਘੱਟ ਹਲਕਾ ਜਲੰਧਰ ਕੈਂਟ ਵਿੱਚ 64.02 ਫ਼ੀਸਦੀ ਰਹੀ।

Saturday, February 19, 2022

                                                        ਬਦਲਾਅ ਦੀ ਗੂੰਜ 
                                    ਸਿਆਸੀ ਧਨੰਤਰਾਂ ਦੀ ਜਾਨ ਮੁੱਠੀ 'ਚ..!
                                                         ਚਰਨਜੀਤ ਭੁੱਲਰ  


ਸੰਗਰੂਰ : ਮਾਲਵਾ ਖਿੱਤੇ ਦੇ ਕਰੀਬ 20 ਅਸੈਂਬਲੀ ਹਲਕਿਆਂ 'ਚ ਚੋਣ ਮੁਕਾਬਲੇ ਏਨੇ ਫਸਵੇਂ ਹਨ ਕਿ ਕੁਝ ਵੀ ਸੰਭਵ ਹੈ | ਅੱਜ ਪੰਜਾਬ ਚੋਣਾਂ ਲਈ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਪ੍ਰੰਤੂ ਇਨ੍ਹਾਂ ਹਲਕਿਆਂ ਦੇ ਉਮੀਦਵਾਰਾਂ ਦੀ ਜਾਨ ਮੁੱਠੀ ਵਿਚ ਆਈ ਹੋਈ ਹੈ | ਮਾਲਵਾ ਖ਼ਿੱਤਾ ਹਮੇਸ਼ਾ ਨਵੀਂ ਸਰਕਾਰ ਲਈ ਰਾਹ ਪੱਧਰਾ ਕਰਦਾ ਹੈ ਕਿਉਂਕਿ ਇਸ ਖੇਤਰ ਵਿਚ ਸਭ ਤੋਂ ਵੱਧ 69 ਵਿਧਾਨ ਸਭਾ ਹਲਕੇ ਪੈਂਦੇ ਹਨ | ਮਾਲਵੇ 'ਚ ਬਦਲਾਅ ਦੀ ਗੂੰਜ ਪੈ ਰਹੀ ਹੈ ਜਿਸ ਨੂੰ ਰੋਕਣ ਲਈ ਰਵਾਇਤੀ ਸਿਆਸੀ ਧਿਰਾਂ ਨੇ ਸਭ ਤਾਕਤ ਝੋਕ ਦਿੱਤੀ ਹੈ |ਕੇਂਦਰੀ ਮਾਲਵਾ ਪੁਰਾਣੀਆਂ ਧਿਰਾਂ ਦੇ ਹੱਥੋਂ ਖਿਸਕ ਸਕਦਾ ਹੈ ਪ੍ਰੰਤੂ ਆਖਰੀ ਦੋ ਦਿਨਾਂ 'ਚ ਬਹੁਤ ਫੇਰਬਦਲ ਹੋਣ ਦੇ ਚਰਚੇ ਹਨ | ਸਿਆਸੀ ਮੁਲਾਂਕਣ ਅਨੁਸਾਰ ਮਾਲਵੇ ਦੇ 69 ਹਲਕਿਆਂ ਚੋਂ ਦੋ ਦਰਜਨ ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਨੇ ਤਿਕੋਣੀ ਟੱਕਰ 'ਚ ਆਉਣ 'ਚ ਪੂਰੀ ਵਾਹ ਲਾਈ ਹੋਈ ਹੈ ਜਦੋਂ ਕਿ ਸ਼ੋ੍ਰਮਣੀ ਅਕਾਲੀ ਦਲ ਬਸਪਾ ਗਠਜੋੜ ਨੇ 25 ਹਲਕਿਆਂ ਵਿਚ ਤਿਕੋਣੇ ਮੁਕਾਬਲੇ 'ਚ ਥਾਂ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਹੈ | ਇਸੇ ਤਰ੍ਹਾਂ ਆਮ ਆਦਮੀ ਪਾਰਟੀ 9 ਹਲਕਿਆਂ ਵਿਚ ਤਿਕੋਣੇ ਮੁਕਾਬਲੇ ਦੀ ਹਿੱਸੇਦਾਰ ਬਣਨ ਲਈ ਯਤਨਸ਼ੀਲ ਹੈ | 

            ਵੇਰਵਿਆਂ ਅਨੁਸਾਰ ਮਾਲਵੇ ਵਿਚ ਹੁਣ ਤੱਕ ਜੋ ਸਿਆਸੀ ਤਸਵੀਰ ਉਭਰੀ ਹੈ, ਉਸ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਬਸਪਾ ਗਠਜੋੋੜ 44 ਹਲਕਿਆਂ ਵਿਚ ਆਹਮੋ ਸਾਹਮਣੇ ਮੁਕਾਬਲੇ ਵਿਚ ਜਾਪਦੇ ਹਨ ਜਦੋਂ ਕਿ ਕਾਂਗਰਸ ਪਾਰਟੀ ਦੇ 45 ਉਮੀਦਵਾਰ ਸਿੱਧੇ ਮੁਕਾਬਲੇ ਵਿਚ ਜਾਪਦੇ ਹਨ | ਬਹੁਤੀਆਂ ਸੀਟਾਂ ਤੇ ਸਥਿਤੀ ਸਪਸ਼ਟ ਹੋਣ ਲੱਗੀ ਹੈ ਜਦੋਂ ਕਿ ਬਹੁਤੇ ਹਲਕਿਆਂ 'ਤੇ ਜਿੱਤ ਹਾਰ ਦਾ ਫਰਕ ਬਹੁਤ ਥੋੜਾ ਰਹਿਣ ਦੀ ਸੰਭਾਵਨਾ ਹੈ | ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਸੀਟ 'ਤੇ 'ਆਪ' ਅਤੇ ਕਾਂਗਰਸ 'ਚ ਫਸਵੀਂ ਟੱਕਰ ਹੈ ਪਰ ਭਾਜਪਾ ਨੇ ਤਸਵੀਰ ਨੂੰ ਹੋਰ ਧੁੰਦਲਾ ਕਰ ਦਿੱਤਾ ਹੈ | ਲਹਿਰਾਗਾਗਾ ਤੋਂ ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਤਿਕੋਣੀ ਟੱਕਰ ਵਿਚ ਹਨ |ਹਲਕਾ ਲੰਬੀ ਵਿਚ ਐਤਕੀਂ ਕੀ ਚੋਣ ਨਤੀਜਾ ਹੋਵੇਗਾ, ਇਸ ਨੂੰ ਲੈ ਕੇ ਸ਼ਰਤਾਂ ਲੱਗਣ ਲੱਗੀਆਂ ਹਨ | ਬਦਲਾਅ ਦੀ ਹਵਾ ਨੇ ਗਣਿਤ ਬਦਲੇ ਹਨ ਅਤੇ ਨਤੀਜਾ ਐਲਾਨੇ ਜਾਣ ਤੱਕ ਭੰਬਲਭੂਸਾ ਬਣੇ ਰਹਿਣ ਦੀ ਸੰਭਾਵਨਾ ਹੈ | ਗਿੱਦੜਬਾਹਾ ਵਿਚ ਰਾਜਾ ਵੜਿੰਗ ਤੇ ਡਿੰਪੀ ਢਿਲੋਂ ਵਿਚ ਸਿਰ ਧੜ ਦੀ ਲੱਗੀ  ਹੋਈ ਹੈ | ਹਲਕਾ ਫਰੀਦਕੋਟ ਦੀ ਵੀ ਕੋਈ ਸਥਿਤੀ ਸਪਸਟ ਨਹੀਂ ਜਾਪਦੀ ਹੈ | ਫਿਰੋਜ਼ਪੁਰ ਦੀ ਸ਼ਹਿਰੀ ਸੀਟ ਬਾਰੇ ਵੀ ਕੋਈ ਦਾਅਵਾ ਨਹੀਂ ਕਰ ਸਕਦਾ ਹੈ ਜਿਥੇ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਪਿਛਲੇ ਦਿਨਾਂ ਵਿਚ ਉਭਾਰ ਮਿਲਿਆ ਹੈ |

           ਹਲਕਾ ਮੌੜ 'ਚ ਕੋਈ ਵੀ ਚੋੋਣ ਨਤੀਜਾ ਸਾਹਮਣੇ ਆ ਸਕਦਾ ਹੈ | ਇੱਥੇ ਆਜ਼ਾਦ ਉਮੀਦਵਾਰ ਲੱਖਾ ਸਧਾਣਾ ਨੇ ਰਵਾਇਤੀ ਰੁਝਾਨ ਬਦਲ ਰੱਖੇ ਹਨ | ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੀ ਸੀਟ ਨੂੰ ਲੈ ਕੇ ਕੋਈ ਪੱਕਾ ਅਨੁਮਾਨ ਲਾਉਣਾ ਮੁਸ਼ਕਲ ਹੈ | ਸਮਰਾਲਾ ਸੀਟ, ਖਰੜ, ਦਾਖਾ ਅਤੇ ਰੋਪੜ ਸੀਟ ਨੂੰ ਲੈ ਕੇ ਵੀ ਕੋਈ ਪੱਕੇ ਦਾਅਵੇ ਕਰਨ ਦੀ ਪਹੁੰਚ ਵਿਚ ਨਹੀਂ ਹੈ | ਬਠਿੰਡਾ ਸ਼ਹਿਰੀ ਸੀਟ ਤੋਂ ਮੁਕਾਬਲਾ ਦਿਲਚਸਪ ਬਣਿਆ ਹੈ ਅਤੇ ਇਸ ਸੀਟ 'ਤੇ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ | ਇਸ ਸੀਟ ਤੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਉਮੀਦਵਾਰ ਹਨ | ਉਨ੍ਹਾਂ ਦੇ ਮੁਕਾਬਲੇ ਵਿਚ 'ਆਪ' ਦੇ ਜਗਰੂਪ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਗਲਾ ਹਨ |ਨੌਜਵਾਨ ਵਰਗ ਅਤੇ ਔਰਤਾਂ ਵੱਲੋਂ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਹਵਾ ਦਾ ਗੁਬਾਰਾ ਦੱਸਿਆ ਜਾ ਰਿਹਾ ਹੈ | ਇਨ੍ਹਾਂ ਚੋਣਾਂ ਵਿਚ ਐਤਕੀਂ ਵੱਡੇ ਸਿਆਸੀ ਧਨੰਤਰਾਂ ਦਾ ਵਕਾਰ ਦਾਅ 'ਤੇ ਲੱਗਾ ਹੋਇਆ ਹੈ | ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਉੱਤਰੇ ਹੋਏ ਹਨ | 

           ਲੰਘੇ ਕੱਲ ਹਲਕਾ ਲੰਬੀ ਵਿਚ ਅਕਾਲੀ ਦਲ ਨੇ ਵੱਡੀ ਰੈਲੀ ਕੀਤੀ ਹੈ ਜਦੋਂ ਕਿ ਪਹਿਲਾਂ ਅਕਾਲੀ ਦਲ ਨੂੰ ਬਹੁਤੇ ਮੌਕਿਆਂ 'ਤੇ ਹਲਕਾ ਲੰਬੀ ਵਿਚ ਕੋਈ ਰੈਲੀ ਕਰਨ ਦੀ ਲੋੜ ਨਹੀਂ ਪਈ ਹੈ |ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਕੀਂ ਆਪਣੇ ਹਲਕਾ ਪਟਿਆਲਾ ਵਿਚ ਫਸੇ ਹੋਏ ਹਨ ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਕਦੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਦੀ ਬਹੁਤੀ ਲੋੜ ਨਹੀਂ ਪਈ ਹੈ | ਅੱਜ ਉਨ੍ਹਾਂ ਸ਼ਹਿਰ ਵਿਚ ਰੋਡ ਸ਼ੋਅ ਵੀ ਕੀਤਾ ਹੈ | 'ਆਪ' ਦੇ ਕਨਵੀਨਰ ਭਗਵੰਤ ਮਾਨ ਨੂੰ ਵੀ ਆਪਣੇ ਹਲਕੇ ਧੂਰੀ ਵਿਚ ਕੁਝ ਦਿਨ ਚੋਣ ਪ੍ਰਚਾਰ ਲਈ ਦੇਣੇ ਪਏ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ ਜਿਥੇ ਉਨ੍ਹਾਂ ਦਾ ਪੇਚ ਫਸਿਆ ਹੋਇਆ ਹੈ | ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦਾ ਵਕਾਰ ਵੀ ਐਤਕੀਂ ਦਾਅ 'ਤੇ ਹੈ |

                             ਚੋਣ ਪ੍ਰਚਾਰ ਚੋਂ ਗੈਰਹਾਜ਼ਰ ਰਹੇ ਵੱਡੇ ਬਾਦਲ

ਇਸ ਵਾਰ ਪਹਿਲੀ ਦਫਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਚੋਂ ਗੈਰਹਾਜ਼ਰ ਰਹੇ ਹਨ | ਉਹ ਆਪਣੇ ਹਲਕਾ ਲੰਬੀ ਵਿਚ ਦੇ ਪਿੰਡਾਂ ਵਿਚ ਤਾਂ ਪ੍ਰਚਾਰ ਲਈ ਗਏ ਪ੍ਰੰਤੂ ਉਨ੍ਹਾਂ ਦੂਸਰੇ ਹਲਕਿਆਂ ਵਿਚ ਐਤਕੀਂ ਪੈਰ ਨਹੀਂ ਪਾਇਆ ਹੈ | ਵੱਡੀ ਉਮਰ ਹੋਣ ਕਰਕੇ ਸਿਹਤ ਨੰੂ ਲੈ ਕੇ ਵੱਡੇ ਬਾਦਲ ਖੁਦ ਵੀ ਚੋੋਣ ਪ੍ਰਚਾਰ ਤੋਂ ਲਾਂਭੇ ਰਹੇ ਹੈ | ਭਾਵੇਂ ਹਲਕਾ ਲੰਬੀ ਵਿਚ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਸਟਰ ਲੱਗੇ ਹੋਏ ਹਨ ਪੰ੍ਰੰਤੂ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੀ ਹੀ ਹਰ ਪਾਸੇ ਵੱਡੀ ਤਸਵੀਰ ਫਲੈਕਸਾਂ ਅਤੇ ਪੋਸਟਰਾਂ 'ਤੇ ਨਜ਼ਰ ਪੈਂਦੀ ਹੈ |





Friday, February 18, 2022

                                                          ਸਿਆਸੀ ਰਮਜ਼ਾਂ
                                  ਬਠਿੰਡੇ ਦਾ ਮਨ ਕਿਸ ਨਾਲ ਪਾਏਗਾ ਪ੍ਰੀਤ
                                                         ਚਰਨਜੀਤ ਭੁੱਲਰ 

ਬਠਿੰਡਾ :  ਬਠਿੰਡਾ (ਸ਼ਹਿਰੀ) ਹਲਕੇ ਦੀ ਐਤਕੀਂ ਸਿਆਸੀ ਰਮਜ਼ ਸਮਝੋਂ ਬਾਹਰ ਹੈ। ਗੁੱਝੀ ਵੋਟ ਦੀ ਕਿੰਨੀ ਤਾਕਤ ਹੁੰਦੀ ਹੈ­ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਤੋਂ ਭਲਾ ਕਿਵੇਂ ਅਣਜਾਣ ਹੋ ਸਕਦੇ ਹਨ। ਨੌਜਵਾਨ ਖੁੱਲ੍ਹ ਕੇ ਬਦਲਾਅ ਦੀ ਗੱਲ ਕਰਦੇ ਹਨ। ਮਨਪ੍ਰੀਤ ਬਾਦਲ ਵਿਕਾਸ ਦੀ ਗੱਲ ਕਰਦੇ ਹਨ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਹਾਕਮ ਧਿਰ ਦੀ ਧੱਕੇਸ਼ਾਹੀ ਅਤੇ ਪਰਚਾ ਰਾਜ ਦੀ ਗੱਲ ਕਰਦੇ ਹਨ। ਮੁਲਾਜ਼ਮ ਅਤੇ ਪੈਨਸ਼ਨਰ ਤਬਕਾ ਇੱਕੋ ਗੱਲ ਕਰਦਾ ਹੈ ਕਿ ਵਿੱਤ ਮੰਤਰੀ ਨੂੰ ਆਪਣੀ ਤਾਕਤ ਦਿਖਾਉਣ ਦਾ ਇਹੋ ਮੌਕਾ ਹੈ। ਬਠਿੰਡਾ ਸ਼ਹਿਰੀ ਹਲਕੇ ਵਿੱਚ ਜਿੰਨੇ ਮੂੰਹ­ ਓਨੀਆਂ ਗੱਲਾਂ। ਕੋਈ ਆਖਦਾ ਹੈ ਕਿ ਵੱਡੇ ਬਾਦਲ ਆਪਣੇ ਭਤੀਜੇ ਨੂੰ ਬਠਿੰਡੇ ਤੋਂ ਜਿਤਾਉਣਗੇ­। ਗਿੱਦੜਬਾਹਾ ਵਿੱਚ ਰਾਜਾ ਵੜਿੰਗ ਆਖ ਰਿਹਾ ਹੈ ਕਿ ਸਾਰੇ ਬਾਦਲ ਉਸ ਖ਼ਿਲਾਫ਼ ਕੁੱਦੇ ਨੇ। 

            ਹੁਣ ਚਰਚੇ ਛਿੜੇ ਨੇ ਕਿ ਵੋਟ ਦਾ ਸਭ ਤੋਂ ਮਹਿੰਗਾ ਮੁੱਲ ਬਠਿੰਡੇ ਵਿੱਚ ਪਊ। ਕੁਝ ਵੀ ਹੋਵੇ­ ਖ਼ਜ਼ਾਨਾ ਮੰਤਰੀ ਪੋਲੇ ਪੈਰੀਂ ਹੱਥੋਂ ਸੀਟ ਨਹੀਂ ਜਾਣ ਦੇਣਗੇ। ਸ਼ਹਿਰੀ ਆਖਦੇ ਹਨ ਕਿ ਟੱਕਰ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਅਤੇ ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਦਰਮਿਆਨ ਹੈ। ਅਕਾਲੀ-ਬਸਪਾ ਉਮੀਦਵਾਰ ਸਰੂਪ ਸਿੰਗਲਾ ਤਿਕੋਣੇ ਮੁਕਾਬਲੇ ਵਿੱਚ ਹਨ। ਕਾਂਗਰਸ ਵਿੱਚੋਂ ਆ ਕੇ ਰਾਤੋ-ਰਾਤ ਭਾਜਪਾਈ ਬਣੇ ਉਮੀਦਵਾਰ ਰਾਜ ਨੰਬਰਦਾਰ ਨੂੰ ਮੋਦੀ ਫੈਕਟਰ ਤੋਂ ਉਮੀਦਾਂ ਹਨ। ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਇਸ ਸ਼ਹਿਰੀ ਹਲਕੇ ਵਿੱਚ ਹੈ­। ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਮਿੰਦਰ ਜੱਸੀ ਨੂੰ ਉਹ ਦਿਨ ਭੁੱਲ ਨਹੀਂ ਰਹੇ, ਜਦੋਂ ਉਸ ਤੋਂ ਬਠਿੰਡਾ ਸੀਟ ਖੋਹ ਕੇ ਮਨਪ੍ਰੀਤ ਬਾਦਲ ਉਮੀਦਵਾਰ ਬਣੇ ਸਨ। ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਝਾੜੂ ਦੀ ਹਵਾ ਨੇ ਖੰਭ ਲਾ ਦਿੱਤੇ ਹਨ।

           ਬਠਿੰਡਾ ਸ਼ਹਿਰੀ ਹਲਕੇ ਵਿੱਚ ਮੁਲਾਜ਼ਮ ਵਰਗ ਅਤੇ ਪੈਨਸ਼ਨਰ ਖੁੱਲ੍ਹ ਕੇ ਵਿੱਤ ਮੰਤਰੀ ਦੇ ਵਿਰੋਧ ਵਿੱਚ ਤੁਰੇ ਹਨ। ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਦਰਸ਼ਨ ਮੌੜ ਆਖਦੇ ਹਨ ਕਿ ਸ਼ਹਿਰ ਵਿੱਚ ਚਾਰ ਹਜ਼ਾਰ ਪੈਨਸ਼ਨਰ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਹਾਕਮ ਧਿਰ ਖ਼ਿਲਾਫ਼ ਖੜ੍ਹੇ ਹਨ। ‘ਆਪ’ ਉਮੀਦਵਾਰ ਜਗਰੂਪ ਗਿੱਲ ਹਰ ਥਾਂ ’ਤੇ ਥਰਮਲ ਨੂੰ ਬੰਦ ਕਰਾਉਣ ਅਤੇ ਕਚਰਾ ਪਲਾਂਟ ਨੂੰ ਚਾਲੂ ਕਰਾਉਣ ਦਾ ਮਾਮਲਾ ਉਭਾਰਦੇ ਹਨ। ਇਵੇਂ ਉਹ ਅਮਨ ਕਾਨੂੰਨ ਦੀ ਵਿਵਸਥਾ ਦੀ ਗੱਲ ਵੀ ਕਰਦੇ ਹਨ। ਜਗਰੂਪ ਗਿੱਲ ਖੁਦ ਐਡਵੋਕੇਟ ਹਨ, ਜਿਸ ਕਰਕੇ ਵਕੀਲ ਭਾਈਚਾਰਾ ਉਨ੍ਹਾਂ ਦੀ ਪਿੱਠ ’ਤੇ ਹੈ। ਗਿੱਲ 1979 ਵਿੱਚ ਪਹਿਲੀ ਦਫਾ ਕੌਂਸਲਰ ਬਣ ਗਏ ਸਨ­, ਫਿਰ ਉਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਰਹੇ ਹਨ।

           ਸ਼ਹਿਰ ਦੇ ਧੋਬੀ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ਵਿੱਚ ਬਹੁਤੀਆਂ ਦੁਕਾਨਾਂ ’ਤੇ ਕਾਂਗਰਸੀ ਝੰਡੇ ਲਹਿਰਾ ਰਹੇ ਹਨ। ਇਸ ਬਾਜ਼ਾਰ ਵਿੱਚ ਕਾਂਗਰਸੀ ਹਵਾ ਦਾ ਰਾਜ ਪੁੱਛਿਆ ਤਾਂ ਇੱਕ ਦੁਕਾਨਦਾਰ ਨੇ ਕਿਹਾ,­ ‘ਜਦੋਂ ਉਮੀਦਵਾਰ ਆਉਂਦੇ ਨੇ­ ਤਾਂ ਅਸੀਂ ਝੰਡੇ ਵੀ ਲਾਉਂਦੇ ਹਾਂ­, ਜੱਫੀ ਵੀ ਪਾਉਂਦੇ ਹਾਂ­ ਤੇ ਚਾਹ ਵੀ ਪਿਲਾਉਂਦੇ ਹਾਂ।’ ਜਦੋਂ ਵੋਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸਦਾ ਪਤਾ 10 ਮਾਰਚ ਨੂੰ ਲੱਗ ਜਾਵੇਗਾ। ‘ਆਪ’ ਉਮੀਦਵਾਰ ਨਾਲ ਨੌਜਵਾਨ ਤਬਕਾ ਖੜ੍ਹ ਗਿਆ ਹੈ। ਮੁਲਾਜ਼ਮ, ਪੈਨਸ਼ਨਰਾਂ ਅਤੇ ਵਕੀਲਾਂ ਤੋਂ ਇਲਾਵਾ ਮੱਧਵਰਗ ਬਦਲਾਅ ਦੀ ਹਾਮੀ ਭਰ ਰਿਹਾ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਤਜਰਬਾ ਹੈ ਅਤੇ ਮਿਹਨਤ ਵੀ ਕਰਨੀ ਆਉਂਦੀ ਹੈ। ਦੇਖਣਾ ਹੋਵੇਗਾ ਕਿ ਹਵਾ ਦੇ ਮੁਹਾਣ ਅੱਗੇ ਉਹ ਟਿਕ ਪਾਉਣਗੇ ਜਾਂ ਨਹੀਂ। ਮਨਪ੍ਰੀਤ ਬਾਦਲ ਹਰ ਸਟੇਜ ਤੋਂ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਹਨ।

             ਬਠਿੰਡਾ ਸ਼ਹਿਰ ਵਿੱਚ ਮਿਹਨਤ­, ਮਿੰਨਤ ਅਤੇ ਹਵਾ ਇੱਕੋ ਵੇਲੇ ਸਭ ਕੁਝ ਚੱਲ ਰਿਹਾ ਹੈ। ਐਤਕੀਂ ਬਠਿੰਡਾ ਸ਼ਹਿਰੀ ਹਲਕੇ ਦੀ ਜਮੀਰ ਦੀ ਪਰਖ ਵੀ ਹੋਵੇਗੀ। ਇੰਦਰਾ ਫਲ ਮਾਰਕੀਟ ਦੇ ਇੱਕ ਵਿਕਰੇਤਾ ਨੇ ਕਿਹਾ ਕਿ ਬਠਿੰਡਾ ਵਿੱਚ ਹਰ ਚੋਣ ਵੇਲੇ ਵੋਟਰ ਦਾ ਮੁੱਲ ਲੱਗਦਾ ਹੈ­। ਐਤਕੀਂ ਮਹਿੰਗਾ ਮੁੱਲ ਲੱਗ ਰਿਹਾ ਹੈ­। ਵੋਟਰ ਕਿੰਨਾ ਕੁ ਜਮੀਰ ’ਤੇ ਪਹਿਰਾ ਦਿੰਦੇ ਹਨ, ਇਹ ਵੱਡਾ ਫੈਕਟਰ ਰਹੇਗਾ। ਬਠਿੰਡਾ ਦੇ ਸਿਆਸੀ ਮਾਹੌਲ ਵਿੱਚ ਇਹ ਗੱਲ ਗੂੰਜ ਰਹੀ ਹੈ ਕਿ ਹਾਕਮਾਂ ਨੂੰ ਹਰਾਉਣਾ ਹੈ ਅਤੇ ਬਹੁਤੇ ਇੱਕ ਵਾਰੀ ਅੜ੍ਹ ਭੰਨਣ ਦੀ ਗੱਲ ਆਖ ਰਹੇ ਹਨ। ਮਨਪ੍ਰੀਤ ਬਾਦਲ ਸਿਰੇ ਦੇ ਖਿਡਾਰੀ ਹਨ, ਜਿਸ ਕਰਕੇ ਬਹੁਤੇ ਆਖ ਰਹੇ ਹਨ ਕਿ ਬਾਦਲਾਂ ਨੂੰ ਹਰਾਉਣਾ ਔਖਾ ਹੈ। ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਆਖਦੇ ਹਨ ਕਿ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਬਾਜ਼ੀ ਮਾਰਨਗੇ ਕਿਉਂਕਿ ਸਿੰਗਲਾ ਦਾ ਹਰ ਸ਼ਹਿਰੀ ਨਾਲ ਰਸੂਖ ਚੰਗਾ ਰਿਹਾ ਹੈ, ਕਿਸੇ ਨਾਲ ਕਦੇ ਕੋਈ ਜ਼ਿਆਦਤੀ ਨਹੀਂ ਕੀਤੀ ਅਤੇ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਖੜ੍ਹਦੇ ਹਨ।                     

           ਦੂਸਰੀ ਤਰਫ ਜੋਗੀ ਨਗਰ ਦੇ ਜਗਦੀਸ਼ ਸਿੰਘ ਆਖਦੇ ਹਨ ਕਿ ‘ਆਪ’ ਉਮੀਦਵਾਰ ਗਿੱਲ ਦੇ ਹੱਕ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਲੰਘੇ ਕੱਲ ਮਨਪ੍ਰੀਤ ਬਾਦਲ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ, ਜਦੋਂਕਿ ਦੋ ਦਿਨ ਪਹਿਲਾਂ ਭਗਵੰਤ ਮਾਨ ਨੇ ਜਗਰੂਪ ਗਿੱਲ ਦੀ ਹਮਾਇਤ ਵਿੱਚ ਰੋਡ ਸ਼ੋਅ ਕੀਤਾ ਸੀ। ਸੁਖਬੀਰ ਬਾਦਲ ਪਹਿਲਾਂ ਸਰੂਪ ਸਿੰਗਲਾ ਦੀ ਚੋਣ ਰੈਲੀ ਵਿੱਚ ਆ ਚੁੱਕੇ ਹਨ। 

                                                    ਬਠਿੰਡਾ ਹਲਕਾ: ਇੱਕ ਨਜ਼ਰ

ਬਠਿੰਡਾ ਸ਼ਹਿਰੀ ਹਲਕੇ ’ਤੇ ਝਾਤ ਮਾਰੀਏ ਤਾਂ 1957 ਤੋਂ 2017 ਤੱਕ ਅੱਠ ਦਫਾ ਕਾਂਗਰਸ ਜੇਤੂ ਰਹੀ ਹੈ, ਜਦੋਂਕਿ ਚਾਰ ਵਾਰ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ। 2017 ਵਿੱਚ ਮਨਪ੍ਰੀਤ ਬਾਦਲ ਨੇ ‘ਆਪ’ ਉਮੀਦਵਾਰ ਦੀਪਕ ਬਾਂਸਲ ਨੂੰ 18­,480 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ਼ਹਿਰੀ ਹਲਕੇ ਵਿੱਚ ਕੁੱਲ 2 ਲੱਖ, 29 ਹਜ਼ਾਰ ਵੋਟਰ ਹਨ। ਬਠਿੰਡਾ ਹਲਕੇ ਤੋਂ ਜਿੱਤੇ ਸੁਰਿੰਦਰ ਸਿੰਗਲਾ ਵੀ ਵਿੱਤ ਮੰਤਰੀ ਬਣੇ ਸਨ ਅਤੇ ਫਿਰ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ।

Thursday, February 17, 2022

                                                          ਬਦਲ ਗਏ ਮੌਸਮ
                                          ਦਿਲਾਂ ’ਚੋਂ ਉਤਰਿਆ ‘ਮਹਾਰਾਜਾ’
                                                           ਚਰਨਜੀਤ ਭੁੱਲਰ  

ਮਹਿਰਾਜ (ਬਠਿੰਡਾ)­ :  ਬਠਿੰਡਾ ਜ਼ਿਲ੍ਹੇ ਦਾ ਇਹ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਹੈ, ਜਿੱਥੋਂ ਦੇ ਲੋਕ ਜਮਹੂਰੀਅਤ ਦੌਰ ਵਿੱਚ ਵੀ ਅਮਰਿੰਦਰ ਸਿੰਘ ਨੂੰ ਆਪਣਾ ਮਹਾਰਾਜਾ ਸਮਝਦੇ ਸਨ। ਜਦੋਂ ਵੀ ਛੋਟੀ-ਵੱਡੀ ਚੋਣ ਆਈ­ ਪਿੰਡ ਮਹਿਰਾਜ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਪੈਂਦਾ ਸੀ। ਜਦੋਂ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਪਹਿਲੀ ਪਾਰੀ ਸੀ­, ਉਦੋਂ ਉਨ੍ਹਾਂ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ­ ਅਤੇ ਫੰਡਾਂ ਦੀ ਕੋਈ ਘਾਟ ਨਾ ਰਹਿਣ ਦਿੱਤੀ। ਅਮਰਿੰਦਰ ਸਿੰਘ ਨੇ ਜਦੋਂ ਦੂਜੀ ਪਾਰੀ ਸ਼ੁਰੂ ਕੀਤੀ­, ਲੋਕਾਂ ਨੂੰ ਮੁੜ ਪਿੰਡ ਦੀ ਕਾਇਆ ਕਲਪ ਹੋਣ ਦੀ ਆਸ ਬੱਝੀ ਪਰ ਇਸ ਵਾਰ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਪੁਰਾਣੀ ਅੱਖ ਨਾਲ ਨਹੀਂ ਦੇਖਿਆ। ਅੱਜ ਨਤੀਜਾ ਇਹ ਹੈ ਕਿ ਜੋ ਅਮਰਿੰਦਰ ਸਿੰਘ ਪਿੰਡ ਮਹਿਰਾਜ ਦੇ ਦਿਲਾਂ ਦਾ ਰਾਜਾ ਸੀ­, ਉਸ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਪਿੰਡ ਮਹਿਰਾਜ ਦੇ ਲੋਕ 22 ਵਰ੍ਹਿਆਂ ਤੋਂ ਕਾਂਗਰਸ ਨੂੰ ਜਿਤਾਉਂਦੇ ਰਹੇ ਹਨ। ਲੰਘੇ ਪੰਜ ਵਰ੍ਹੇ ਪਿੰਡ ਮਹਿਰਾਜ ਦੇ ਲੋਕ ਨਰਕ ਭੋਗਦੇ ਰਹੇ। 

            ਪਿੰਡ ਦੇ ਅਕਾਲੀ ਟਿੱਚਰਾਂ ਕਰਦੇ ਰਹੇ। ਬਤੌਰ ਮੁੱਖ ਮੰਤਰੀ ਅਮਰਿੰਦਰ ਸਿੰਘ 28 ਜਨਵਰੀ, 2018 ਨੂੰ ਪਿੰਡ ਮਹਿਰਾਜ ਆਏ ਅਤੇ 28 ਕਰੋੜ ਦੇ ਵਿਕਾਸ ਕੰਮਾਂ ਦਾ ਐਲਾਨ ਕੀਤਾ, ਜਿਸ ਨੂੰ ਹਕੀਕਤ ਬਣਦਿਆਂ ਦੇਰ ਹੋ ਗਈ। ਸੀਵਰੇਜ ਦੇ ਪਾਣੀ ਨਾਲ ਪਿੰਡ ਦੇ ਲੋਕ ਪੰਜ ਵਰ੍ਹਿਆਂ ਤੋਂ ਘੁਲ ਰਹੇ ਹਨ। ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਬਣ ਗਿਆ ਸੀ ਪਰ ਪਾਈਪਾਂ ਨਹੀਂ ਵਿਛਾਈਆਂ ਗਈਆਂ ਸਨ। ਸਾਢੇ ਚਾਰ ਵਰ੍ਹਿਆਂ ਮਗਰੋਂ ਪਿੰਡ ਮਹਿਰਾਜ ਤੋਂ ਰਾਮਪੁਰਾ ਵਾਲੀ ਸੜਕ ਬਣੀ ਹੈ। ਪਿੰਡ ਦੀ ਫਿਰਨੀ ’ਤੇ ਬੱਜਰੀ ਤੱਕ ਨਹੀਂ ਪਈ ਹੈ। ਮਹਿਰਾਜ ਵਾਲੇ ਤਾਂ ਪਹਿਲਾਂ ਹੀ ਅਮਰਿੰਦਰ ਸਿੰਘ ਵੱਲੋਂ ਪਿੰਡ ਨੂੰ ਅਣਦੇਖਿਆ ਕਰਨ ਤੋਂ ਤੰਗ ਸੀ, ਉਪਰੋਂ ਜਦੋਂ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾ ਲਏ­ ਲੋਕਾਂ ਦਾ ਰੋਹ ਹੋਰ ਵਧ ਗਿਆ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਪਣੇ ਚੋਣ ਪ੍ਰਚਾਰ ਦਾ ਮੁੱਢ ਪਿੰਡ ਮਹਿਰਾਜ ਤੋਂ ਬੰਨ੍ਹਦੇ ਰਹੇ ਹਨ ਪਰ ਐਤਕੀਂ ਉਹ ਇੱਥੇ ਨਹੀਂ ਆਏ ਹਨ। ਅਮਰਿੰਦਰ ਸਿੰਘ ਦਾ ਲੜਕਾ ਰਣਇੰਦਰ ਸਿੰਘ ਥੋੜੇ ਦਿਨ ਪਹਿਲਾਂ ਮਹਿਰਾਜ ਪਿੰਡ ਪੁੱਜਿਆ ਸੀ ਅਤੇ ਉਨ੍ਹਾਂ ਨਾਲ ਭਾਜਪਾ ਉਮੀਦਵਾਰ ਡਾ. ਅਮਰਜੀਤ ਸ਼ਰਮਾ ਸਨ। 

           ਐਤਕੀਂ ਪਿੰਡ ਵਿੱਚ ਰਣਇੰਦਰ ਸਿੰਘ ਦਾ ਪੁਰਾਣਾ ਸ਼ਾਹੀ ਸਵਾਗਤ ਨਹੀਂ ਹੋਇਆ। ਅਮਰਿੰਦਰ ਸਿੰਘ ਦੇ ਪੁਰਾਣੇ ਸਾਥੀ ਜਥੇਦਾਰ ਸ਼ੇਰ ਸਿੰਘ ਨੇ ਰਣਇੰਦਰ ਸਿੰਘ ਨੂੰ ਸ਼ਰੇਆਮ ਕਿਹਾ ­ ‘ਆਓ ਪਿੰਡ ਦੇਖ ਲਓ­, ਨਾਲੇ ਪਿੰਡ ਦਾ ਵਿਕਾਸ।’ ਰਣਇੰਦਰ ਸਿੰਘ ਨੇ ਸਫ਼ਾਈ ਦਿੱਤੀ ਕਿ ਸਰਕਾਰ ਨੇ ਤਾਂ ਪੈਸੇ ਭੇਜ ਦਿੱਤੇ ਸਨ। ਬਜ਼ੁਰਗਾਂ ਨੇ ਕਿਹਾ ਕਿ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਅਫ਼ਸਰਸ਼ਾਹੀ ਨੇ ਨੇੜੇ ਨਹੀਂ  ਲੱਗਣ ਦਿੱਤਾ। ਅਮਰਿੰਦਰ ਸਿੰਘ ਲਈ ਪਿੰਡ ਮਹਿਰਾਜ ਵਿੱਚ ਕੰਮ ਕਰਨ ਵਾਲੇ ਨਿਰੰਜਨ ਸਿੰਘ ਉਰਫ ਮਿੱਠੂ ਵੈਦ ਨੇ ਅੱਜ ਪਿੰਡ ਮਹਿਰਾਜ ਵਿੱਚ ਹੋਏ ਇਕੱਠ ਵਿੱਚ ‘ਆਪ’ ਦਾ ਪੱਲਾ ਫੜ ਲਿਆ ਹੈ। ਇਸ ਪਿੰਡ ਦੀ 16 ਹਜ਼ਾਰ ਵੋਟ ਹੈ। ਅੱਠ ਪੰਚਾਇਤਾਂ ਅਤੇ ਇੱਕ ਨਗਰ ਪੰਚਾਇਤ ਹੈ। ਬੱਸ ਅੱਡੇ ਦੇ ਦੁਕਾਨਦਾਰ ਬਲਜੀਤ ਸਿੰਘ ਨੇ ਸਾਫ਼ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪਿੰਡ ਦੇ ਵਿਕਾਸ ਕਾਰਜ ਨਹੀਂ ਹੋਏ ਹਨ, ਜਿਸ ਕਰਕੇ ਲੋਕਾਂ ਵਿੱਚ ਅਮਰਿੰਦਰ ਸਿੰਘ ਦੀ ਪੁਰਾਣੀ ਭੱਲ ਨਹੀਂ ਰਹੀ ਹੈ। 

            ਬਜ਼ੁਰਗ ਗੁਰਬਚਨ ਸਿੰਘ ਨੇ ਕਿਹਾ ਕਿ ਐਤਕੀਂ ਪੰਜ ਸਾਲ ਤਾਂ ਪੁਰਾਣਾ ‘ਮਹਾਰਾਜਾ’ ਗੁੰਮ ਹੀ ਰਿਹਾ, ਜਿਸ ਕਰਕੇ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਵਾਲੀ ਇੱਜ਼ਤ ਨਹੀਂ ਰਹੀ ਹੈ। ਪਿੰਡ ਦੇ ਕਿਸਾਨ ਭੋਲਾ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨ ਭਾਈਚਾਰੇ ਵਿੱਚੋਂ ਆਪਣਾ ਮਾਣ ਘਟਾ ਲਿਆ ਹੈ।ਨੌਜਵਾਨ ਰਾਜਵੀਰ ਸਿੰਘ ਆਖਦੇ ਹਨ ਕਿ ਪਹਿਲਾਂ ਤਾਂ ਲੋਕ ਅਮਰਿੰਦਰ ਸਿੰਘ ਨੂੰ ਪਲਕਾਂ ’ਤੇ ਬਿਠਾਉਂਦੇ ਸਨ ਪਰ ਇਸ ਵਾਰ ਪਿੰਡ ਦਾ ਕੋਈ ਵਿਕਾਸ ਨਾ ਹੋਣ ਕਰਕੇ ਲੋਕਾਂ ਵਿੱਚ ਨਾਰਾਜ਼ਗੀ ਹੈ। ਦੇਖਿਆ ਗਿਆ ਹੈ ਕਿ ਚੋਣ ਮਾਹੌਲ ਦੌਰਾਨ ਅਮਰਿੰਦਰ ਸਿੰਘ ਦਾ ਕਿਧਰੇ ਵੀ ਕੋਈ ਕੱਟ ਆਊਟ ਨਹੀਂ ਸੀ। ਪਹਿਲੀਆਂ ਚੋਣਾਂ ਦੌਰਾਨ ਤਾਂ ਮਹਿਰਾਜ ਵਿੱਚ ਅਮਰਿੰਦਰ ਸਿੰਘ ਦੇ ਨਾਅਰੇ ਗੂੰਜਦੇ ਹੁੰਦੇ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਵੋਟ ਪਿੰਡ ਵਿੱਚੋਂ ਘਟ ਸਕਦੀ ਹੈ। ਲੱਡੂ ਵੱਟਣ ਵਿੱਚ ਰੁੱਝੇ ਪਿੰਡ ਦੇ ਹਲਵਾਈ ਮੇਹਰ ਸਿੰਘ ਨੇ ਚੋੋਣ ਮਾਹੌਲ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੋਈ ਜਿੱਤੇ­ ਕੋਈ ਹਾਰੇ­ ਉਸ ਦੇ ਤਾਂ ਦੋਹੀਂ ਹੱਥੀਂ ਲੱਡੂ ਹਨ।

                                                          ਚੁਣਾਵੀ ਮਿਜ਼ਾਜ
                                   ਝੰਡਾ ਹੋਰ­, ਡੰਡਾ ਹੋਰ, ਵੋਟ ਕਿਸੇ ਹੋਰ ਨੂੰ
                                                          ਚਰਨਜੀਤ ਭੁੱਲਰ  

ਰਾਮਪੁਰਾ ਫੂਲ : ਕੇਂਦਰੀ ਮਾਲਵੇ ’ਚ ਪੈਂਦੇ ਹਲਕਾ ਰਾਮਪੁਰਾ ਫੂਲ ਦਾ ਚੁਣਾਵੀ ਮਿਜ਼ਾਜ ਇਸ ਦਫਾ ਅੰਗੜਾਈ ਲੈ ਰਿਹਾ ਹੈ। ਜਿੱਧਰ ਨਜ਼ਰ ਮਾਰੋ­, ਤਿੰਨ-ਤਿੰਨ ਰੰਗਾਂ ਦੇ ਝੰਡੇ ਲਹਿਰਾ ਰਹੇ ਹਨ। ਇਨ੍ਹਾਂ ਤੋਂ ਅੰਦਾਜ਼ਾ ਲਾਉਣਾ ਹੋਵੇ ਤਾਂ ਇੰਜ ਜਾਪਦਾ ਹੈ ਜਿਵੇਂ ਇਸ ਹਲਕੇ ਤੋਂ ਐਤਕੀਂ ਇਕ ਨਹੀਂ ਤਿੰਨ ਉਮੀਦਵਾਰ ਜਿੱਤਣਗੇ। ਇਸ ਹਲਕੇ ਨੂੰ ਗੁੜ੍ਹਤੀ ਕਾਮਰੇਡਾਂ ਨੇ ਦਿੱਤੀ ਹੋਈ ਹੈ। ਮਰਹੂਮ ਮਾਸਟਰ ਬਾਬੂ ਸਿੰਘ ਇੰਨੇ ਹਰਮਨਪਿਆਰੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਚਾਰ ਦਫਾ ਵਿਧਾਨ ਸਭਾ ’ਚ ਭੇਜਿਆ ਸੀ। ਇਸੇ ਤਰ੍ਹਾਂ ਕਾਂਗਰਸ ਦੇ ਮਰਹੂਮ ਹਰਬੰਸ ਸਿੰਘ ਸਿੱਧੂ ਨੂੰ ਦੋ ਵਾਰ ਇਸ ਹਲਕੇ ਨੇ ਵਿਧਾਇਕ ਬਣਾਇਆ। ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਬਤੌਰ ਚੇਅਰਮੈਨ ਸਿੱਧੂ ਨੇ ਹਲਕੇ ’ਚ ਏਨਾ ਰੁਜ਼ਗਾਰ ਵੰਡਿਆ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮਗਰੋਂ ‘ਮਲੂਕਾ ਅਤੇ ਕਾਂਗੜ’ ਦਾ ਯੁੱਗ ਸ਼ੁਰੂ ਹੋਇਆ। 

            ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਿਰੋਧ ’ਚੋਂ ਗੁਰਪ੍ਰੀਤ ਸਿੰਘ ਕਾਂਗੜ ਨਿਕਲੇ। ਸਿਆਸੀ ਤੌਰ ’ਤੇ ਮਲੂਕਾ ਅਤੇ ਕਾਂਗੜ ਅਤਿ ਦੇ ਕੱਟੜ ਵਿਰੋਧੀ ਰਹੇ ਹਨ। ਸ਼੍ੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਦੋ ਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਇਆ ਹੈ ਜਦੋਂ ਕਿ ਕਾਂਗੜ ਨੇ ਤਿੰਨ ਦਫਾ ਮਲੂਕਾ ਨੂੰ ਹਰਾਇਆ ਹੈ। ਮਲੂਕਾ ਐਤਕੀਂ ਕਾਂਗੜ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ। ਉਨ੍ਹਾਂ ਬਤੌਰ ਮੰਤਰੀ ਏਨੇ ਵਿਕਾਸ ਕੰਮ ਕਰਾਏ ਹਨ ਕਿ ਪਿੰਡ-ਪਿੰਡ ਉਨ੍ਹਾਂ ਦੇ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਨਜ਼ਰੀਂ ਪੈਂਦੇ ਹਨ। ਕਾਂਗੜ ਕਰੀਬ ਦਸ ਸਾਲ ਇਹ ਆਖ ਕੇ ਬਚਦੇ ਰਹੇ ਕਿ ਉਨ੍ਹਾਂ ਨੂੰ ਜਦੋਂ ਮੰਤਰੀ ਅਹੁਦਾ ਮਿਲੇਗਾ ਤਾਂ ਫਿਰ ਦੇਖਣਾ ਕਿੰਨੇ ਵਿਕਾਸ ਕਾਰਜ ਹੁੰਦੇ ਹਨ। ਐਤਕੀਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਲ ਮੰਤਰੀ ਬਣਾਇਆ ­ਸੀ ਪਰ ਲੋਕਾਂ ਮੁਤਾਬਕ ਗੱਲ ਫੇਰ ਵੀ ਨਹੀਂ ਬਣ ਸਕੀ­ ਹੈ।    

           ਹਲਕੇ ’ਚ ਇਹ ਪ੍ਰਭਾਵ ਵੀ ਮਿਲਿਆ ਕਿ ਮੌਜੂਦਾ ਚੋਣਾਂ ’ਚ ਸਿਰ-ਧੜ ਦੀ ਬਾਜ਼ੀ ਮਲੂਕਾ ਤੇ ਕਾਂਗੜ ’ਚ ਹੀ ਨਹੀਂ ਸਗੋਂ ਮਲੂਕਾ ਅਤੇ ‘ਆਪ’ ਉਮੀਦਵਾਰ ਬਲਕਾਰ ਸਿੱਧੂ ’ਚ ਵੀ ਲੱਗੀ ਹੋਈ ਹੈ­। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਕਾਂਗੜ ਦੀ ਜਿੱਤ ਦਾ ਕਾਰਨ ਬਣਦਾ ਰਿਹਾ ਹੈ। ਬੀਤੇ ਪੰਜ ਵਰ੍ਹਿਆਂ ’ਚ ਮਹਿਰਾਜ ’ਚੋਂ ਵਿਕਾਸ ਗਾਇਬ ਰਿਹਾ ਅਤੇ ਗੁਰਪ੍ਰੀਤ ਕਾਂਗੜ ਵੀ ਬਹੁਤੇ ਨਜ਼ਰ ਨਹੀਂ ਪਏ। ਮਹਿਰਾਜ ਦੇ ਬੱਸ ਅੱਡੇ ਵਾਲੀ ਮਾਰਕਿਟ ’ਚ ਦਰਜਨਾਂ ਦੁਕਾਨਾਂ ਹਨ ਜਿਨ੍ਹਾਂ ’ਤੇ ਪੰਜ-ਪੰਜ ਪਾਰਟੀਆਂ ਦੇ ਝੰਡੇ ਇੱਕੋ ਕਤਾਰ ਵਿਚ ਲੱਗੇ ਹੋਏ ਹਨ। ਲੋਕਾਂ ਨੇ ਕਿਹਾ ਕਿ ਉਹ ਸਿਆਣੇ ਹੋ ਗਏ ਹਨ ਅਤੇ ਸੋਚ ਵਿਚਾਰ ਕੇ ਹੀ ਕੋਈ ਫ਼ੈਸਲਾ ਕਰਨਗੇ। ਸਾਈਕਲ ਰਿਪੇਅਰ ਕਰਨ ਵਾਲੇ ਦਰਸ਼ਨ ਸਿੰਘ ਨੇ ਦਲੀਲ ਦਿੱਤੀ,‘‘ਦੋ ਤਰ੍ਹਾਂ ਦੀ ਸਬਜ਼ੀ ਖਾ ਕੇ ਅਸੀਂ ਦੇਖਦੇ ਰਹੇ­ ਪਰ ਕੁਝ ਨਹੀਂ ਬਣਿਆ­ ਅਤੇ ਐਤਕੀਂ ਨਵਾਂ ਤਜਰਬਾ ਕਰਾਂਗੇ।’’ 

           ਪਿੰਡ ਹਰਨਾਮ ਸਿੰਘ ਵਾਲਾ ਦੀ ਮਜ਼ਦੂਰ ਔਰਤ ਸੁਖਜੀਤ ਕੌਰ ਨੇ ਤਲਖੀ ਵਿਚ ਕਿਹਾ ਕਿ ‘ਕਾਂਗੜ ਨੇ ਤਾਂ ਨੱਕ ਨਾਲ ਜੀਭ ਲਗਾ ਦਿੱਤੀ ਹੈ।’ ਸੰਦੀਪ ਕੌਰ ਨੇ ਕਿਹਾ,‘‘ਸਾਡੀ ਤਾਂ ਉਮਰ ਲੰਘ ਗਈ­, ਬੱਚਿਆਂ ਦਾ ਭਵਿੱਖ ਬਣ ਜਾਵੇ, ਇਹੋ ਸੋਚ ਕੇ ਹਮੇਸ਼ਾ ਵੋਟਾਂ ਪਾਈਆਂ ਪਰ ਪੱਲੇ ਨਿਰਾਸ਼ਾ ਹੀ ਪਈ।’’ ਬਹੁਤੇ ਲੋਕਾਂ ਨੇ ਕਿਹਾ ਕਿ ਮੁਕਾਬਲਾ ਮਲੂਕਾ ਅਤੇ ‘ਆਪ’ ਉਮੀਦਵਾਰ ਵਿਚਕਾਰ ਹੈ ਪਰ ਹਲਕੇ ਵਿਚ ਮੁਕਾਬਲਾ ਤਿਕੋਣਾ ਜਾਪਿਆ। ਰਾਮਪੁਰਾ ਦੇ ਜਸਵਿੰਦਰ ਛਿੰਦਾ ਦਾ ਪ੍ਰਤੀਕਰਮ ਸੀ ਕਿ ਸ਼ਹਿਰ ਵਿਚ ਮਲੂਕਾ­, ਕਾਂਗੜ ਤੇ ਬਲਕਾਰ ਸਿੱਧੂ ਬਰਾਬਰ ਦੀ ਵੋਟ ਲੈ ਕੇ ਜਾਣਗੇ। ਸ਼ਹਿਰ ਦੇ ਲੋਕ ਆਖਦੇ ਹਨ ਕਿ ਕਾਂਗੜ ਨੂੰ ਕੱਟੜ ਕਾਂਗਰਸੀ ਵੋਟ ਹੀ ਮਿਲੇਗੀ। ਦੁਕਾਨਦਾਰਾਂ ਦਾ ਗਿਲਾ ਹੈ ਕਿ ਕਾਂਗੜ ਸ਼ਹਿਰੀਆਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਸ਼ਹਿਰ ਵਿਚ ਓਵਰਬ੍ਰਿਜ ਦਾ ਲਟਕਿਆ ਕੰਮ ਵੀ ਉਸ ਵਿਰੁੱਧ ਜਾ ਰਿਹਾ ਹੈ।

          ਪਿੰਡ ਮਹਿਰਾਜ ਦੇ ਰਾਜਵੀਰ ਸਿੰਘ ਰਾਜਾ ਨੇ ਕਿਹਾ ਕਿ ਰਾਮਪੁਰਾ ਤਹਿਸੀਲ ’ਚ ਹੋਏ ਭ੍ਰਿਸ਼ਟਾਚਾਰ ਤੋਂ ਲੋਕ ਦੁੱਖੀ ਹਨ। ‘ਆਪ’ ਉਮੀਦਵਾਰ ਬਲਕਾਰ ਸਿੱਧੂ ਨੇ ਵੀ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਹੈ। ਇਵੇਂ ਟਕਸਾਲੀ ਕਾਂਗਰਸੀ ਆਖਦੇ ਹਨ ਕਿ ਮੰਤਰੀ ਨੇ ਹਲਕੇ ਵਿਚ ਅਕਾਲੀ ਦਲ ’ਚੋਂ ਆਏ ਲੋਕਾਂ ਨੂੰ ਅਹੁਦੇ ਦਿੱਤੇ ਅਤੇ ਕਾਂਗਰਸੀ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੋਈ। ਅਕਾਲੀ ਖੇਮੇ ਨੂੰ ਇਹ ਖਦਸ਼ਾ ਹੈ ਕਿ ਕਿਤੇ ਕਾਂਗੜ ਆਪਣੀ ਵੋਟ ਨਾ ਸੰਭਾਲ ਸਕਿਆ ਤਾਂ ‘ਆਪ’ ਮਜ਼ਬੂਤ ਹੋ ਜਾਵੇਗੀ। ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਭਗਤਾ ਭਾਈ ਨੂੰ ਇੱਕ ਫਾਇਰ ਬ੍ਰਿਗੇਡ ਤੱਕ ਨਹੀਂ ਦੇ ਸਕੀ­, ਬਾਕੀ ਦੇ ਹੋਰ ਕੰਮ ਤਾਂ ਛੱਡ ਹੀ ਦਿਉ। ਉਨ੍ਹਾਂ ਕਿਹਾ ਕਿ ਹਲਕੇ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਮੁਤਾਬਕ ਪਿੰਡ ’ਚੋਂ ਚੰਨੀ ਦੇ ਮੂੰਹ ਨੂੰ ਵੋਟ ਪੈ ਸਕਦੀ ਹੈ ਪਰ ਕਾਂ ਗਰਸੀ ਮੰਤਰੀ ਨੇ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ। 

          ਕਾਂਗੜ ਦੇ ਜੱਦੀ ਪਿੰਡ ਦੇ ਨੇੜਲੇ ਪਿੰਡਾਂ ਵਿਚ ਉਨ੍ਹਾਂ ਦਾ ਵੋਟ ਬੈਂਕ ਕਾਇਮ ਜਾਪਦਾ ਹੈ। ਸੇਲਬਰਾਹ ਦੇ ਗੁਰਪ੍ਰੀਤ ਸਿੰਘ ਨੇ ਨਿਚੋੜ ਕੱਢਿਆ ਕਿ ਐਤਕੀਂ ਝੰਡਾ ਹੋਰ­, ਡੰਡਾ ਹੋਰ ਅਤੇ ਵੋਟ ਕਿਸੇ ਨੂੰ ਹੋਰ ਨੂੰ ਪਵੇਗਾ। ਰਾਮਪੁਰਾ ਦੇ ਪੰਜਾਬ ਆਟੋ ਵਰਕਸ ਦੇ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਝੰਡੇ ਹੱਥ ਪੂੰਝਣ ਲਈ ਵਰਤੇ ਜਾਣਗੇ। ‘ਆਪ’ ਉਮੀਦਵਾਰ ਨੂੰ ਹਲਕੇ ਤੋਂ ਬਾਹਰਲਾ ਹੋਣ ਕਰਕੇ ਦਿੱਕਤ ਆ ਰਹੀ ਹੈ ਅਤੇ ਸਿਆਸੀ ਧੁਨੰਤਰਾਂ ਦੇ ਮੁਕਾਬਲੇ ਉਸ ਦੀ ਚੋਣ ਮੈਨੇਜਮੈਂਟ ਸਚੁੱਜੀ ਨਹੀਂ ਹੈ। ਕਈ ਲੋਕਾਂ ਮੁਤਾਬਕ ਬਲਕਾਰ ਸਿੱਧੂ ਹਾਲੇ ਦਿੱਖ ਤੋਂ ਨੇਤਾ ਨਹੀਂ ਲੱਗਦੇ ਹਨ। ਵੈਸੇ ਹਲਕੇ ਤੋਂ ਭਾਜਪਾ ਦੇ ਅਮਰਜੀਤ ਸ਼ਰਮਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਜਸਕਰਨ ਬੁੱਟਰ ਵੀ ਚੋਣ ਮੈਦਾਨ ਵਿਚ ਹਨ।

                                               ਰਾਮਪੁਰਾ ਫੂਲ; ਇੱਕ ਝਾਤ

ਰਾਮਪੁਰਾ ਹਲਕੇ ’ਚ 1957 ਤੋਂ 2017 ਤੱਕ ਵਿਧਾਨ ਸਭਾ ਚੋਣਾਂ ਵਿਚ ਪੰਜ ਦਫਾ ਕਾਂਗਰਸ­, ਚਾਰ ਦਫਾ ਸੀਪੀਆਈ­, ਚਾਰ ਵਾਰ ਅਕਾਲੀ ਦਲ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। 2017 ਵਿਚ ਕਾਂਗੜ ਨੇ 10­385 ਵੋਟਾਂ ਦੇ ਫਰਕ ਨਾਲ ਮਲੂਕਾ ਨੂੰ ਹਰਾਇਆ ਸੀ ਜਦੋਂ ਕਿ 2012 ਵਿਚ ਮਲੂਕਾ ਨੇ ਕਾਂਗੜ ਨੂੰ 5136 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਹਲਕੇ ਵਿਚ ਇਸ ਵੇਲੇ 1­69­859 ਵੋਟਰ ਹਨ ਅਤੇ ਡੇਰਾ ਸਿਰਸਾ ਦਾ ਪੰਜਾਬ ਦਾ ਹੈੱਡਕੁਆਰਟਰ ਵੀ ਇਸ ਹਲਕੇ ਵਿਚ ਪਿੰਡ ਸਲਾਬਤਪੁਰਾ ਵਿਚ ਪੈਂਦਾ ਹੈ ਜਿਸ ਦਾ ਵੋਟ ਬੈਂਕ ਵੀ ਭੂਮਿਕਾ ਅਦਾ ਕਰਦਾ ਹੈ।

Wednesday, February 16, 2022

                                                           ਚੋਣਾਂ ਦਾ ਰੰਗ
                                  ਲੰਬੀ ਦੇ ਸਿਆਸੀ ਰਾਹਾਂ ’ਤੇ ਨਵੀਂ ਪੈੜਚਾਲ
                                                          ਚਰਨਜੀਤ ਭੁੱਲਰ   

ਲੰਬੀ : ਐਤਕੀਂ ਹਲਕਾ ਲੰਬੀ ’ਚ ਸਿਆਸੀ ਰਾਹ ਇੰਨੇ ਮੋਕਲੇ ਨਹੀਂ ਜਾਪ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਰਾਹਾਂ ਤੋਂ ਬਾਖੂਬੀ ਵਾਕਫ ਹਨ। ਕਿੱਥੋਂ ਮੋੜਾ ਕੱਟਣਾ ਹੈ­ ਅਤੇ ਕਿਥੋਂ ਰਾਹ ਜਰਨੈਲੀ ਸੜਕ ’ਤੇ ਖੁੱਲ੍ਹਦਾ ਹੈ­, ਉਨ੍ਹਾਂ ਨੂੰ ਕੁਝ ਭੁੱਲਿਆ ਨਹੀਂ ਪਰ ਅੱਗਿਓਂ ਲੰਬੀ ਹਲਕੇ ਦੇ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਝੰਡਿਆਂ ਵਾਲੇ ਮੋਟਰਸਾਈਕਲ ਸ਼ੂਕਦੇ ਜਾ ਰਹੇ ਹਨ। ‘ਆਪ’ ਦਾ ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿਚ ਹੈ­। ਉਹ ਹਰ ਸਟੇਜ ਤੋਂ ਆਖਦਾ ਹੈ ਕਿ ਐਤਕੀਂ ਸਮੁੰਦਰਾਂ ਨੂੰ ਬੰਨ੍ਹ ਮਾਰਾਂਗੇ।ਹਲਕਾ ਲੰਬੀ ਬਾਦਲਾਂ ਦਾ ਗੜ੍ਹ ਹੈ, ਜਿਸ ’ਚ ਕਿਤੇ ਕੋਈ ਛਿੱਕ ਵੀ ਮਾਰੇ­ ਤਾਂ ਬਾਦਲਾਂ ਨੂੰ ਖ਼ਬਰ ਹੋ ਜਾਂਦੀ ਹੈ। 

          ਪੰਜਾਬ ਦੇ ਚੋਣ ਪਿੜ ’ਚ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਹਨ। ਉਹ 1997 ਤੋਂ ਲਾਗਾਤਾਰ ਇਸ ਹਲਕੇ ’ਚ ਕਾਂਗਰਸ ਨੂੰ ਹਰਾਉਂਦੇ ਆ ਰਹੇ ਹਨ। 2017 ’ਚ ਉਨ੍ਹਾਂ ਇਸ ਸੁਨੇਹੇ ਨਾਲ ਵੋਟਾਂ ਮੰਗੀਆਂ ਸਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਇਸ ਵਾਰ ਬਾਦਲ ਪਿੰਡਾਂ ’ਚ ਆਖ ਰਹੇ ਹਨ ਕਿ ਉਨ੍ਹਾਂ ਦਾ ਐਤਕੀਂ ਚੋਣ ਲੜਨ ਦਾ ਮਨ ਨਹੀਂ ਸੀ­ ਪਰ ਪਾਰਟੀ ਨੇ ਹੁਕਮ ਕੀਤਾ­ ਤਾਂ ਹੁਕਮ ਕਿਵੇਂ ਟਾਲਦੇ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਇਸ ਦਾ ਵੱਖਰੇ ਨਜ਼ਰੀਏ ਤੋ ਵਖਿਆਨ ਕਰਦੇ ਹਨ­। ਉਹ ਕਹਿੰਦੇ ਹਨ, ‘‘ਵੱਡੇ ਬਾਦਲ ਸਿਆਸੀ ਮਜਬੂਰੀ ’ਚ ਚੋਣ ਲੜ ਰਹੇ ਨੇ­। ਸੁਖਬੀਰ ਨੇ ਉਨ੍ਹਾਂ ਨੂੰ ਫਸਾ ਦਿੱਤਾ ਹੈ।’’

         ਗੱਲ ਪਿੰਡ ਬਾਦਲ ਤੋਂ ਸ਼ੁਰੂ ਕਰਦੇ ਹਾਂ। ਪਿੰਡ ਦੀ ਫਿਰਨੀ ’ਤੇ ਲੱਗੀਆਂ ਰੂੜੀਆਂ ਵਰ੍ਹਿਆਂ ਤੋਂ ਕਾਇਮ ਹਨ ਅਤੇ ਨੇੜਲੇ ਘਰਾਂ ਅੱਗੇ ਅੱਜ ਵੀ ਬਾਦਲ ਦੇ ਪੋਸਟਰ ਲੱਗੇ ਹੋਏ ਸਨ। ਪਿੰਡ ਬਾਦਲ ਵਿਚ ‘ਆਪ’ ਉਮੀਦਵਾਰ ਦੇ ਪੋਸਟਰ ਵੀ ਦਿਖਦੇ ਹਨ ਅਤੇ ਕਈ ਦਿਨ ਪਹਿਲਾਂ ‘ਆਪ’ ਵਾਲੰਟੀਅਰਾਂ ਨੇ ਬਾਦਲ ਦੇ ਬੱਸ ਅੱਡੇ ਕੋਲ ਢੋਲ ਵਜਾਏ ਸਨ। ਬਾਦਲ ਪਿੰਡ ਦੀ ਦੁਕਾਨ ’ਤੇ ਲੱਗਿਆ ਇੱਕ ਕਾਮਾ ਰਾਜ ਸਿੰਘ ਆਖਦਾ ਹੈ, ‘‘ਸਾਡੇ ਲਈ ਤਾਂ ਸਭ ਕੁਝ ਬਾਦਲ ਹੀ ਹਨ।’’ਹਲਕਾ ਲੰਬੀ ਦੇ ਤੇਵਰ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਇਸ ਹਲਕੇ ’ਚ ਨਵੀਂ ਹਵਾ ਰੁਮਕੀ ਹੈ। ਲੋਕਾਂ ਦੀ ਜ਼ੁਬਾਨ ’ਤੇ ਬਦਲਾਅ ਦੀਆਂ ਗੱਲਾਂ ਆਈਆਂ ਹਨ। ਸਭ ਹੈਰਾਨ ਹਨ ਕਿ ਬਾਦਲ ਪਰਿਵਾਰ ਫਿਰ ਵੀ ਸਹਿਜ ਕਿਉਂ ਹੈ। 

          ਅੱਜ ਜਦੋਂ ਕਿ ਪਿੰਡ ਖਿਉਵਾਲੀ ’ਚ ਗਏ ਤਾਂ ਅੱਗਿਓਂ ਦੋ ਨੌਜਵਾਨ ਖੜ੍ਹੇ ਮਿਲੇ। ਦੋਵੇਂ ਜਮਾਤੀ ਤੇ ਦੋਵੇਂ ਜਿਗਰੀ ਦੋਸਤ। ਅਕਾਲੀ ਦਲ ਵਾਲੇ ਦੋਸਤ ਗੁਰਲਾਲ ਸਿੰਘ ਨੇ ਸਾਫ ਕਿਹਾ, ‘‘ਜਿੱਤਾਂਗੇ ਅਸੀਂ ਪਰ ਜਿੱਤਾਂਗੇ ਮਸਾਂ। ਇਸ ਪਿੰਡ ’ਚ ਮੁਕਾਬਲਾ ਫਸਵਾਂ ਹੈ­। ਵੋਟਾਂ ਬਰਾਬਰ ਪੈਣਗੀਆਂ।’’ ਉਸ ਦੇ ਜਮਾਤੀ ਰਣਧੀਰ ਸਿੰਘ ਨੇ ਕਿਹਾ, ‘‘ਐਤਕੀਂ ਝਾੜੂ ਫੇਰਾਂਗੇ।’’ ਇੱਕ ਹੋਰ ਬਾਦਲ ਪੱਖੀ ਅਜੈਬ ਸਿੰਘ ਨੇ ਦਾਅਵਾ ਕੀਤਾ, ‘‘ਬਾਦਲ ਘਰ ਬੈਠਾ ਜਿੱਤੂਗਾ।’’ ਰਣਧੀਰ ਸਿੰਘ ਨੇ ਹਲਕੇ ਦੀ ਬਦਲੀ ਹਵਾ ਦਾ ਭੇਤ ਦੱਸਿਆ ਕਿ ਦਿੱਲੀ ਦੇ ਕਿਸਾਨ ਅੰਦੋਲਨ ਨੇ ਹਲਕੇ ਨੂੰ ਜਾਗਰੂਕ ਕਰ ਦਿੱਤਾ ਹੈ, ਜਿਸ ਕਰਕੇ ਲੋਕ ਸਿਆਸੀ ਡਰ ’ਚੋਂ ਨਿਕਲੇ ਹਨ।

           ਬੇਰੁਜ਼ਗਾਰ ਨੌਜਵਾਨ ਗੁਰਟੇਕ ਸਿੰਘ ਨੇ ਆਪਣੀ ਦਿਲ ਦੀ ਗੱਲ ਦੱਸੀ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਅਕਾਲੀ ਸੀ­ ਪਰ ਹੁਣ ਉਹ ‘ਆਪ’ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਪੜ੍ਹ-ਲਿਖ ਕੇ ਬੇਰੁਜ਼ਗਾਰ ਹੈ ਅਤੇ ਪਿੰਡ ਬਾਦਲ ਵਿਚ ਯੂਪੀ, ­ਬਿਹਾਰ ਤੇ ਰਾਜਸਥਾਨ ਦੇ ਲੋਕ ਨੌਕਰੀਆਂ ਕਰ ਰਹੇ ਹਨ। ਪੰਜਾਬ ਮੈਡੀਕਲ ਸਟੋਰ ਵਾਲੇ ਜਗਤਾਰ ਸਿੰਘ ਨੇ ਕਿਹਾ ਕਿ ਹਲਕੇ ’ਚ ਨਾ ਪਹਿਲਾਂ ਨਸ਼ਾ ਰੁਕਿਆ ਸੀ ਅਤੇ ਨਾ ਹੀ ਕਾਂਗਰਸ ਰਾਜ ’ਚ ਰੁਕਿਆ। ਉਨ੍ਹਾਂ ਦੱਸਿਆ ਕਿ ਹਲਕੇ ਦੇ ਕਈ ਪਿੰਡਾਂ ਵਿਚ ਪੰਜ ਰੁਪਏ ਵਾਲੀ ਸਰਿੰਜ ਸੌ ਰੁਪਏ ਵਿਚ ਵਿਕ ਰਹੀ ਹੈ।ਡੱਬਵਾਲੀ-ਲੰਬੀ ਸੜਕ ’ਤੇ ਬੈਠੇ ਦੋ ਬਜ਼ੁਰਗਾਂ ਨੇ ਕਿਹਾ, ‘‘ਭਾਈ­ ਬਾਦਲ ਕਿਸਮਤ ਦਾ ਧਨੀ ਹੈ।’’ 

           ਕਈਆਂ ਦੇ ਮੂੰਹੋਂ ਇਹ ਵਾਕ ਸੁਣਿਆ ਕਿ ਟੱਕਰ ਸਿਰੇ ਦੀ ਹੈ ਪਰ ਜਿੱਤ ਬਾਦਲ ਨੇ ਜਾਣਾ। ਲੰਬੀ ਦੇ ਆਟੋ ਚਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਈ ਕੁਝ ਵੀ ਕਹੇ­, ਜ਼ੋਰ ਬਰਾਬਰ ਦਾ ਹੈ। ਹਲਕੇ ’ਚ ਸੱਤ ਉਮੀਦਵਾਰ ਡਟੇ ਹੋਏ ਹਨ। ਜਿੱਥੇ ਕਿਤੇ ਵੀ ਗੱਲ ਛੇੜੀ­, ਸਾਰਿਆਂ ਨੇ ਕਿਹਾ ਕਿ ਮੁਕਾਬਲਾ  ਬਾਦਲ ਅਤੇ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਹੈ। ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਨੇ   ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਨਾਲ ਹੈ। ‘ਆਪ’ ਦੀ ਹਵਾ ਪਿਛਲੇ ਪੰਜ ਦਿਨਾਂ ਤੋਂ ਖਿਸਕਣ ਲੱਗੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲ ਗਏ ਲੋਕ ਫਿਰ ਮੁੜਨ ਲੱਗੇ ਹਨ। ਮਹੇਸ਼ਇੰਦਰ ਸਿੰਘ ਬਾਦਲ ਨਾਲ ਜੁੜੇ ਲੋਕ ਵੀ ਕਾਂਗਰਸ ਨਾਲ ਚੱਲ ਪਏ ਹਨ।

           ਹਲਕਾ ਲੰਬੀ ਦੀ ਕਰੀਬ ਇੱਕ ਲੱਖ 80 ਹਜ਼ਾਰ ਵੋਟ ਹੈ ਅਤੇ 75 ਪਿੰਡ ਪੈਂਦੇ ਹਨ। ਪਿੰਡ ਬਾਦਲ ਦੇ ਮਹੇਸ਼ਇੰਦਰ ਸਿੰਘ ਬਾਦਲ ਇਸ ਵਾਰ ਕਿਧਰੇ ਨਹੀਂ ਤੁਰੇ­। ਉਨ੍ਹਾਂ ਦਾ ਹਲਕੇ ’ਚ ਵੱਡਾ ਪ੍ਰਭਾਵ ਹੈ ਅਤੇ ਉਨ੍ਹਾਂ ਦੇ ਬੰਦੇ ‘ਆਪ’ ਵੱਲ ਤੁਰੇ ਹੋਏ ਹਨ। ਹਲਕੇ ਦੀ ਸਰਾਵਾਂ ਜ਼ੈਲ ਵਿਚ ਕਰੀਬ 22 ਪਿੰਡ ਭਾਊਆਂ ਦੇ ਪੈਂਦੇ ਹਨ। ਪਿੰਡ ਪੰਨੀਵਾਲਾ ਦੇ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਦਿਆਲ ਸਿੰਘ ਕੋਲਿਆਂਵਾਲੀ ਦੇ ਤੁਰ ਜਾਣ ਕਰਕੇ ਅਕਾਲੀ ਦਲ ਨੂੰ ਇਸ ਜ਼ੈਲ ਵਿਚ ਸੱਟ ਲੱਗੀ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਅੱਜ ਕਬਰਵਾਲਾ­, ਗੁਰੂਸਰ, ਜੋਧਾ­, ਕਰਮਗੜ੍ਹ­, ਕੱਟਿਆਂ ਵਾਲੀ ਤੇ ਕੋਲਿਆਂ ਵਾਲੀ ’ਚ ਚੋਣ ਪ੍ਰਚਾਰ ਕੀਤਾ।

            ਵੱਡੇ ਬਾਦਲ ਦਾ ਪੋਤਰਾ ਆਨੰਤਵੀਰ ਸਿੰਘ ਬਾਦਲ ਆਪਣੇ ਦਾਦੇ ਦੀ ਚੋਣ ਮੁਹਿੰਮ ਚਲਾ ਰਿਹਾ ਹੈ। ਡੇਰਾ ਸਿਰਸਾ ਦੇ ਇੱਕ ਪੈਰੋਕਾਰ ਨੇ ਦੱਸਿਆ ਕਿ ਹਲਕੇ ਵਿਚ 10 ਹਜ਼ਾਰ ਡੇਰੇ ਦੀ ਵੋਟ ਹੈ­। ਜਦੋਂ ਪੁੱਛਿਆ ਕਿ ਡੇਰਾ ਕਿਸ ਪੱਲੜੇ ਤੁਲੇਗਾ­ ਤਾਂ ਉਸ ਨੇ ਕਿਹਾ ਕਿ ਹਾਲੇ ਹੁਕਮ ਨਹੀਂ ਆਏ। ਇਸ ਚੋਣ ’ਚ ਪਿੰਡਾਂ ਵਿਚ ਇਹ ਨਵਾਂ ਦੇਖਣ ਨੂੰ ਮਿਲਿਆ ਕਿ ਲੋਕ ਬੇਖੌਫ ਅਤੇ ਖੁੱਲ੍ਹ ਕੇ ਆਪਣਾ ਸਿਆਸੀ ਰੌਂਅ ਦੱਸਣ ਲੱਗੇ ਹਨ। ਅੱਜ ਲੰਬੀ ਹਲਕੇ ਵਿਚ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਚੋਣ ਪ੍ਰਚਾਰ ’ਤੇ ਸੀ। ਚੋਣ ਜਲਸੇ ’ਚ ਹਰਪਾਲ ਕੌਰ ਨੇ ਅਪੀਲ ਕੀਤੀ, ‘‘ਲੰਬੀ ਵਾਲਿਓ ਇਸ ਵਾਰ ਸਿਆਸੀ ਜਕੜ ਤੋੜ ਦੇਣਾ।’’ 

          ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਵੀ ਚੋਣ ਜਲਸਿਆਂ ਵਿਚ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ਦੀ ਗੱਲ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਹਲਕੇ ਤੋਂ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਗਿਆ ਪਰ ਭਾਜਪਾ ਨੇ ਰਾਕੇਸ਼ ਧੀਂਗੜਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਲੰਬੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਇੰਚਾਰਜ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦਾਅਵਾ ਕੀਤਾ ਕਿ ਲੰਬੀ ਜਿਤਾਂਗੇ 25 ਹਜ਼ਾਰ ਵੋਟਾਂ ਦੇ ਫਰਕ ਨਾਲ। ਉਨ੍ਹਾਂ ਕਿਹਾ ਕਿ ਹਰ ਚੋਣ ਵਿਚ ਮੁਕਾਬਲਾ ਫਸਵਾਂ ਹੋਣ ਦੀ ਗੱਲ ਉਭਰਦੀ ਹੈ ਤੇ ਇਸ ਵਾਰ ਤਾਂ ਜਿੱਤ ਵਿਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਆਧਾਰ ਨਹੀਂ ਹੈ। 

                                                 ਹਲਕਾ ਲੰਬੀ: ਇੱਕ ਝਾਤ

ਹਲਕਾ ਲੰਬੀ ਦਾ ਇਤਿਹਾਸ ਦੇਖੀਏ ਤਾਂ 1962 ਤੋਂ ਹੁਣ ਤੱਕ ਹੋਈਆਂ 12 ਅਸੈਂਬਲੀ ਚੋਣਾਂ ’ਚੋਂ ਅੱਠ ਵਾਰ ਅਕਾਲੀ ਦਲ ਜੇਤੂ ਰਿਹਾ ਹੈ ਅਤੇ ਤਿੰਨ ਵਾਰ ਕਾਂਗਰਸ ਜਿੱਤੀ ਹੈ। 1969 ਵਿਚ ਇਸ ਹਲਕੇ ਤੋਂ ਸੀਪੀਆਈ ਦੇ ਦਾਨਾ ਰਾਮ ਜਿੱਤੇ ਸਨ। ਸਾਬਕਾ ਮੁੱਖ ਮੰਤਰੀ ਬਾਦਲ ਲਗਾਤਾਰ ਪੰਜ ਵਾਰ ਜਿੱਤੇ ਹਨ ਅਤੇ ਇਹ ਉਨ੍ਹਾਂ ਦੀ ਛੇਵੀਂ ਚੋਣ ਹੈ। 2017 ਦੀਆਂ ਚੋਣਾਂ ਵਿਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 22­,770 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਵੱਡੇ ਬਾਦਲ 2012 ਵਿਚ 24­,739 ਵੋਟਾਂ­, 2007 ਵਿਚ 9,187 ਵੋਟਾਂ ਅਤੇ 2002 ਵਿਚ 23,929 ਵੋਟਾਂ ਦੇ ਫਰਕ ਨਾਲ ਜਿੱਤੇ ਸਨ।  

Tuesday, February 15, 2022

                                                         ਭਦੌੜ ਦੀ ਦੌੜ
                                      ਇਹ ਹਲਕਾ ਤਾਂ ਇਤਿਹਾਸ ਰਚੇਗਾ
                                                        ਚਰਨਜੀਤ ਭੁੱਲਰ    

ਭਦੌੜ­ : ਰਾਖਵਾਂ ਹਲਕਾ ਭਦੌੜ ਐਤਕੀਂ ਇਤਿਹਾਸ ਰਚੇਗਾ। ਜਿੱਤ ਕਿਸੇ ਦੀ ਝੋਲੀ ਵੀ ਪਵੇ­ ਹਲਕੇ ਦਾ ਰਾਜਸੀ ਨਕਸ਼ਾ ਨਵੀਂ ਇਬਾਰਤ ਲਿਖੇਗਾ। ਚੋਣ ਨਤੀਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਖ ’ਚ ਭੁਗਤੇ ਤਾਂ ਵੀ ਭਦੌੜ ਨਵੀਂ ਚਰਚਾ ਛੇੜੇਗਾ ਅਤੇ ਜੇ ਇੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਤਾਂ ਇਸ ਹਲਕੇ ਦੀ ਅਲੱਗ ਤਰ੍ਹਾਂ ਦੀ ਗੁੱਡੀ ਚੜ੍ਹੇਗੀ। ਭਦੌੜ ’ਚ ਇਸ ਤਰ੍ਹਾਂ ਦਾ ਆਮ ਪ੍ਰਭਾਵ ਹੈ। ਕਿਸੇ ਨੂੰ ਪੁੁੱਛੋ­ ਹਰ ਇਹੋ ਆਖਦਾ­ ‘ਬੱਸ ਇਤਿਹਾਸ ਰਚਾਂਗੇ।’ ਜਦੋਂ ਪੁੱਛਦੇ ਹਾਂ ਕਿ ਉਹ ਕਿਵੇਂ? ਅੱਗਿਓਂ ਸਭਨਾਂ ਦਾ ਇੱਕੋ ਜਵਾਬ ਹੈ ਕਿ 10 ਮਾਰਚ ਨੂੰ ਦੱਸਾਂਗੇ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੋਣ ਕਰਕੇ ਹਲਕਾ ਵੀਆਈਪੀ ਬਣ ਗਿਆ ਹੈ। ‘ਆਪ’ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਤਨਾਮ ਸਿੰਘ ਰਾਹੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਗੋਰਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਧਰਮ ਸਿੰਘ ਫੌਜੀ ਵੀ ਮੈਦਾਨ ਵਿਚ ਹਨ। ਲੋਕ ਆਖਦੇ ਹਨ ਕਿ ਟੱਕਰ ਕਾਂਗਰਸ ਤੇ ‘ਆਪ’ ਵਿਚਾਲੇ ਹੈ ਪਰ ਪਿੰਡਾਂ-ਸ਼ਹਿਰਾਂ ’ਚ ਲੱਗੇ ਝੰਡਿਆਂ ਤੋਂ ਮੁਕਾਬਲਾ ਤਿਕੋਣਾ ਜਾਪਦਾ ਹੈ। 

            ਤਪਾ ਸ਼ਹਿਰ ਵਿਚ ਅਕਾਲੀ ਦਲ-ਬਸਪਾ ਉਮੀਦਵਾਰ ਦਾ ਜਲਵਾ ਅੱਜ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਸੰਸਦੀ ਹਲਕੇ ਵਿਚ ਵਿਧਾਨ ਸਭਾ ਹਲਕਾ ਭਦੌੜ ਪੈਂਦਾ ਹੈ, ਜਿਸ ਕਰਕੇ ਹਲਕੇ ’ਚ ਹਵਾ ਬਦਲਾਅ ਵਾਲੀ ਚੱਲ ਰਹੀ ਹੈ।ਹਲਕੇ ’ਚ ਛੋਟੇ-ਵੱਡੇ ਕਰੀਬ 74 ਪਿੰਡ ਪੈਂਦੇ ਹਨ ਅਤੇ ਇਸ ਹਲਕੇ ਵਿਚ ਮੁਸਲਿਮ ਭਾਈਚਾਰੇ ਦੀ ਵੀ ਦੋ ਫੀਸਦੀ ਵੋਟ ਹੈ। ‘ਅਸਲ ਗਰੀਬ ਕੌਣ’­ ਇਸ ’ਤੇ ‘ਆਪ’ ਉਮੀਦਵਾਰ ਦਾ ਭਾਸ਼ਨ ਕੇਂਦਰਿਤ ਹੈ। ਕਾਂਗਰਸ ਦੀ ਮੁਹਿੰਮ ਚਲਾ ਰਹੇ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ ਇਸ ਗੱਲ ਨੂੰ ਉਭਾਰਦੇ ਹਨ ਕਿ ਜੇ ਚੰਨੀ ਜਿੱਤਦੇ ਹਨ ਤਾਂ ਹਲਕੇ ਦੀ ਕਾਇਆ ਕਲਪ ਹੋ ਜਾਵੇਗੀ। ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਪੱਖ ’ਚ ਬਦਲਾਅ ਦਾ ਰੁਝਾਨ ਬੈਠਦਾ ਹੈ। ਉਪਰੋਂ ਇਸ ਉਮੀਦਵਾਰ ਕੋਲ ਸਿਰਫ ਦੋ ਕਮਰਿਆਂ ਦਾ ਘਰ ਹੈ ਅਤੇ ਇੱਕ ਪੁਰਾਣੇ ਮਾਡਲ ਦਾ ਮੋਟਰਸਾਈਕਲ। ਉਮੀਦਵਾਰ ਉਗੋਕੇ ਨੇ ਅੱਜ ਸੰਧੂ ਕਲਾਂ­, ਨੈਣੇਵਾਲਾ­, ਤਪਾ ਅਤੇ ਛੰਨਾ ਗੁਲਾਬ ਸਿੰਘ ’ਚ ਚੋਣ ਜਲਸੇ ਕੀਤੇ।

            ਉਗੋਕੇ ਨੇ ਹਰ ਜਲਸੇ ’ਚ ਕਿਹਾ ਕਿ ਅਸਲ ਗਰੀਬ ਤਾਂ ਉਹ ਹਨ­। ਕਰੋੜਾਂ ਜਾਇਦਾਦ ਵਾਲੇ ਚੰਨੀ ਨੇ ਗਰੀਬ ਹੋਣ ਦਾ ਢਕਵੰਜ ਕੀਤਾ ਹੈ। ਉਹ ਆਪਣੇ ਛੋਟੇ ਜਿਹੇ ਘਰ ਦੀ ਗੱਲ ਕਰਦੇ ਹਨ। ਚੇਤੇ ਰਹੇ ਕਿ ਚਰਨਜੀਤ ਸਿੰਘ ਚੰਨੀ ਪਹਿਲੀ ਦਫਾ 5 ਦਸੰਬਰ ਨੂੰ ਤਪਾ ਮੰਡੀ ਆਏ ਸਨ। ਚੰਨੀ ਲਈ ਰਾਹ ਆਸਾਨ ਨਹੀਂ ਜਾਪਦੀ। ਉਂਜ ਤਪਾ ਮੰਡੀ ਅਤੇ ਭਦੌੜ ਵਿੱਚ ਉਨ੍ਹਾਂ ਨੂੰ ਹਮਾਇਤ ਮਿਲ ਰਹੀ ਹੈ। ਭਦੌੜ ਦੇ ਕਈ ਟਕਸਾਲੀ ‘ਆਪ’ ਨਾਲ ਚੱਲ ਪਏ ਹਨ। ਨੌਜਵਾਨ ਤਬਕਾ ‘ਝਾੜੂ’ ਦੇ ਨਾਅਰੇ ਮਾਰ ਰਿਹਾ ਹੈ। ਅੱਜ ਜਦੋਂ ‘ਆਪ’ ਉਮੀਦਵਾਰ ਲਾਭ ਸਿੰਘ ਦੇ ਪਿੰਡ ਉਗੋਕੇ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਗੁਰਜੀਤ ਸਿੰਘ ਨੇ ਦੱਸਿਆ ਕਿ ਲਾਭ ਸਿੰਘ ਨਰਮ ਸੁਭਾਅ ਦਾ ਹੈ­। ਗਰੀਬ ਘਰ ਦਾ ਮੁੰਡਾ ਹੈ­। ਪਹਿਲਾਂ ਖੇਡਾਂ ਲਈ ਕੰਮ ਕੀਤਾ ਤੇ ਦਿੱਲੀ ਦੇ ਕਿਸਾਨ ਮੋਰਚੇ ਵਿਚ ਗਿਆ। ਚਮਕੌਰ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਨੇ ਆਪਣੀਆਂ ਗੱਡੀਆਂ ਲਾਭ ਸਿੰਘ ਨਾਲ ਲਾ ਦਿੱਤੀਆਂ ਹਨ। ਉਗੋਕੇ ਵਿਚ ਚੰਨੀ ਤੇ ਰਾਹੀ ਦੇ ਪੋਸਟਰ ਵੀ ਨਜ਼ਰ ਪਏ। ਪਿੰਡ ਢਿੱਲਵਾਂ ਦੇ ਬਲਦੇਵ ਸਿੰਘ ਨੇ ਦੂਸਰਾ ਪੱਖ ਰੱਖਿਆ ਕਿ ਹਲਕੇ ਦੇ ਲੋਕ ਚੰਨੀ ਨਾਲ ਤੁਰ ਪਏ ਹਨ ਕਿਉਂਕਿ ਲੋਕਾਂ ਲਈ ਹਲਕੇ ਦਾ ਵਿਕਾਸ ਤਰਜੀਹੀ ਹੈ ਜਦੋਂ ਕਿ ਬਲਦੇਵ ਦੇ ਲੜਕੇ ਜਸ਼ਨਵੀਰ ਨੇ ਕਿਹਾ ਕਿ ਹੁਣ ‘ਆਪ’ ਨੂੰ ਲੋਕ ਮੌਕਾ ਦੇਣਗੇ।

            ਕੁਵੈਤ ਤੋਂ ਆਇਆ ਰਾਮਗੜ੍ਹ ਦਾ ਕੁਲਵਿੰਦਰ ਬਿੱਲਾ ਆਖਦਾ ਹੈ ਕਿ ਉਹ ਟਕਸਾਲੀ ਕਾਂਗਰਸੀ ਸਨ ਪਰ ਹੁਣ ਪਿੰਡ ਬਦਲਾਅ ਚਾਹੁੰਦਾ ਹੈ। ਬਿੱਲਾ ਨੇ ਕਿਹਾ, ‘‘ਹੁਣ ਅਸੀਂ ਲਾਭ ਬਾਈ ਨਾਲ ਹਾਂ।’’ਹਲਕੇ ਦੇ ਪਿੰਡਾਂ ’ਚ ‘ਸਾਡਾ ਚੰਨੀ’ ਵਾਲੀਆਂ ਟੀ-ਸ਼ਰਟਾਂ ਵੰਡੀਆਂ ਜਾ ਰਹੀਆਂ ਹਨ ਜਦੋਂ ਕਿ ਹਲਕੇ ਦੇ ਸੁਖਪੁਰਾ ਮੌੜ ਦੇ ਮਜ਼ਦੂਰਾਂ ਵਿਚ ਇਹ ਰੌਲਾ ਪਿਆ ਹੋਇਆ ਸੀ ਕਿ ਆਟਾ-ਦਾਲ ਸਕੀਮ ਤਹਿਤ ਅਨਾਜ ਐਤਕੀਂ 50 ਫੀਸਦੀ ਹੀ ਮਿਲਿਆ ਹੈ। ਤਪਾ ਮੰਡੀ ਦੇ ਇੱਕ ਦੁਕਾਨਦਾਰ ਰਾਜਿੰਦਰ ਨੇ ਕਿਹਾ ਕਿ ਸ਼ਹਿਰ ਵਿਚ ਤਿੰਨੇ ਧਿਰਾਂ ਦਾ ਜ਼ੋਰ ਹੈ। ਸ਼ਹਿਰ ਦੇ ਰੂਪ ਸਿੰਘ ਨੇ ਕਿਹਾ ਕਿ ਚੰਨੀ ਨੇ ਸਿਰਫ ਐਲਾਨ ਕੀਤੇ ਹਨ­, ਅਮਲ ਨਹੀਂ ਕੀਤਾ। ਛੰਨਾ ਗੁਲਾਬ ਸਿੰਘ ਦੇ ਕੇਵਲ ਸਿੰਘ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਚਿਹਰੇ ਦਾ ਅਸਰ ਜ਼ਰੂਰ ਪਿਆ ਹੈ ਪਰ ਜਿੱਤ ਦੇ ਘਰ ਹਾਲੇ ਨੇੜੇ ਨਹੀਂ ਜਾਪਦੇ।ਅਕਾਲੀ-ਬਸਪਾ ਉਮੀਦਵਾਰ ਸਤਨਾਮ ਸਿੰਘ ਰਾਹੀ ਦੀ ਹਮਾਇਤ ਵਿਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਖੋ ਕਲਾਂ­, ਸ਼ਹਿਣਾ­, ਢਿੱਲਵਾਂ ਅਤੇ ਭਦੌੜ ਵਿਚ ਚੋਣ ਜਲਸੇ ਕੀਤੇ ਹਨ। ਪਿੰਡ ਧੌਲਾ ਦੇ ਬਹਾਦਰ ਸਿੰਘ ਨੇ ਦੱਸਿਆ ਕਿ ਐਤਕੀਂ ਹਵਾ ਹੀ ਏਦਾਂ ਦੀ ਚੱਲ ਪਈ ਹੈ ਕਿ ਨੌਜਵਾਨ ਕਾਹਲੇ ਹੋਏ ਪਏ ਨੇ।

            ਭਲਕੇ ਭਗਵੰਤ ਮਾਨ ਹਲਕੇ ਵਿਚ ਰੋਡ ਸ਼ੋਅ ਕਰੇਗਾ। ਇਸ ਹਲਕੇ ਤੋਂ 2017 ਵਿਚ ‘ਆਪ’ ਉਮੀਦਵਾਰ ਪਿਰਮਲ ਸਿੰਘ ਨੇ ਚੋਣ ਜਿੱਤੀ ਸੀ­। ਉਸ ਦੇ ਕਾਂਗਰਸੀ ਬਣਨ ’ਤੇ ਲੋਕਾਂ ਵਿਚ ਰੋਸ ਹੈ।ਮਾਰਕੀਟ ਕਮੇਟੀ ਭਦੌੜ ਦੇ ਕਾਂਗਰਸੀ ਚੇਅਰਮੈਨ ਅਜੈ ਕੁਮਾਰ ਨੇ ਦਾਅਵਾ ਕੀਤਾ ਕਿ ਹਲਕੇ ਵਿਚ ‘ਸਾਡਾ ਚੰਨੀ’ ਦੀ ਲਹਿਰ ਬਣ ਗਈ ਹੈ। ਚੰਨੀ ਵੱਡੀ ਲੀਡ ਨਾਲ ਜਿੱਤਣਗੇ। ਦੂਜੇ ਪਾਸੇ ਅਕਾਲੀ ਉਮੀਦਵਾਰ ਸਤਨਾਮ ਸਿੰਘ ਰਾਹੀ ਆਖਦੇ ਹਨ ਕਿ ਕਾਂਗਰਸ ਸਰਕਾਰ ਨੇ ਹਲਕੇ ਦਾ ਭੋਰਾ ਵਿਕਾਸ ਨਹੀਂ ਕੀਤਾ। ਇਸੇ ਤਰ੍ਹਾਂ ‘ਆਪ’ ਸਿਰਫ ਹਵਾ ਦਾ ਗੁਬਾਰਾ ਹੈ।

                                          ਗੱਡੇ ਵਾਲੇ ਬਾਬੇ ਨੂੰ ਚੇਤੇ ਰੱਖਣਾ

‘ਆਪ’ ਉਮੀਦਵਾਰ ਦੇ ਭਾਸ਼ਨਾਂ ’ਚ ਆਜ਼ਾਦੀ ਮਗਰੋਂ ਹੋਈ ਪਹਿਲੀ 1952 ਦੀ ਚੋਣ ਦੀ ਗੂੰਜ ਪੈ ਰਹੀ ਹੈ। ਲਾਭ ਸਿੰਘ ਉਗੋਕੇ ਆਖਦੇ ਹਨ ਕਿ ਹਲਕਾ ਭਦੌੜ ਤੋਂ 1952 ਵਿਚ ਸੀਪੀਆਈ ਦੇ ਬਾਬਾ ਅਰਜਨ ਸਿੰਘ ਖ਼ਿਲਾਫ਼ ਰਾਜਾ ਨਰਪਾਲ ਸਿੰਘ ਨੇ ਚੋਣ ਲੜੀ ਸੀ। ਬਾਬਾ ਅਰਜਨ ਸਿੰਘ ਨੇ ਗੱਡਿਆਂ ’ਤੇ ਚੋਣ ਪ੍ਰਚਾਰ ਕੀਤਾ ਜਦੋਂ ਕਿ ਰਾਜਾ ਨਰਪਾਲ ਸਿੰਘ ਨੇ ਗੱਡੀਆਂ ’ਤੇ ਪ੍ਰਚਾਰ ਕੀਤਾ। ਉਦੋਂ ਗੱਡੇ ਵਾਲੇ ਬਾਬੇ ਨੇ ਧਨਾਢ ਨੂੰ ਹਰਾ ਦਿੱਤਾ ਸੀ। ‘ਆਪ’ ਉਮੀਦਵਾਰ ਸੱਦਾ ਦਿੰਦਾ ਹੈ ਕਿ ਇਤਿਹਾਸ ਨੂੰ ਹੁਣ ਦੁਹਰਾਉਣ ਦਾ ਵੇਲਾ ਆ ਗਿਆ ਹੈ।

                                                       ਸਿਆਸੀ ਮੁਹੱਬਤ
                           ਸੱਤੂ ਦੇ ਸ਼ਗਨ ਨੇ ਲਾਭ ਦੇ ਪ੍ਰਚਾਰ ਦਾ ਮੁੱਢ ਬੰਨ੍ਹਿਆ
                                                       ਚਰਨਜੀਤ ਭੁੱਲਰ   

ਉਗੋਕੇ (ਭਦੌੜ): ਜ਼ਿਲ੍ਹਾ ਬਰਨਾਲਾ ਦਾ ਇਹ ਪਿੰਡ ਅੱਜ-ਕੱਲ੍ਹ ਕੌਮਾਂਤਰੀ ਸਫਾਂ ਵਿੱਚ ਗੂੰਜ ਰਿਹਾ ਹੈ। ਇਸ ਪਿੰਡ ਦਾ ਬਾਸ਼ਿੰਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ‘ਆਪ’ ਤਰਫੋਂ ਉੱਤਰਿਆ ਹੈ। ਚੋਣ ਨਤੀਜੇ ਕੁਝ ਵੀ ਹੋਣ­ ਇਸ ਪਿੰਡ ਦਾ ਨੌਜਵਾਨ ਲਾਭ ਸਿੰਘ ਉਗੋਕੇ ਹੁਣ ‘ਲਾਭ ਬਾਈ’ ਵਜੋਂ ਮਸ਼ਹੂਰ ਹੋ ਗਿਆ ਹੈ। ਗਰੀਬ ਘਰ ਵਿੱਚ ਜਨਮੇ ਲਾਭ ਸਿੰਘ ਉਗੋਕੇ ਨੇ ਮੌਜੂਦਾ ਸਿਆਸਤੀ ਦੌਰ ਨੂੰ ਨਵਾਂ ਮੋੜਾ ਦਿੱਤਾ ਹੈ।‘ਆਪ’ ਉਮੀਦਵਾਰ ਲਾਭ ਸਿੰਘ ਨੇ ਜਦੋਂ ਹਲਕਾ ਭਦੌੜ ਤੋਂ ਆਪਣੀ ਚੋਣ ਮੁਹਿੰਮ ਸ਼ੁਰੂ ਕੀਤੀ ਤਾਂ ਪਿੰਡ ਉਗੋਕੇ ਦੇ ਸੱਤੂ ਨੇ ਦਸ ਰੁਪਏ ਦਾ ਸ਼ਗਨ ਦਿੱਤਾ। 

           ਲਾਭ ਸਿੰਘ ਦੱਸਦਾ ਹੈ ਕਿ ਕੁਝ ਅਰਸਾ ਪਹਿਲਾਂ ਜਦੋਂ ਸੱਤੂ ਹਸਪਤਾਲ ਵਿੱਚ ਬਿਮਾਰ ਪਿਆ ਸੀ ਤਾਂ ਉਨ੍ਹਾਂ ਉਸ ਨੂੰ ਆਪਣਾ ਖੂਨ ਦਿੱਤਾ ਸੀ ਤਾਂ ਜੋ ਸੱਤੂ ਦੀ ਜ਼ਿੰਦਗੀ ਬਚਾਈ ਜਾ ਸਕੇ। ਜਦੋਂ ਲਾਭ ਸਿੰਘ ਨੇ ਚੋਣ ਮੁਹਿੰਮ ਸ਼ੁਰੂ ਕਰਨੀ ਸੀ ਤਾਂ ਸੱਤੂ ਨੇ ਜੇਬ ਵਿੱਚੋਂ ਦਸ ਦਾ ਨੋਟ ਕੱਢਿਆ ਤੇ ਲਾਭ ਸਿੰਘ ਨੂੰ ਸ਼ੁੱਭ ਇੱਛਾਵਾਂ ਦੇ ਕੇ ਘਰੋਂ ਤੋਰਿਆ। ਜਦੋਂ ਅੱਜ ਇਸ ਪਿੰਡ ਵਿੱਚ ਪੁੱਜੇ ਤਾਂ ਲਾਭ ਸਿੰਘ ਦੀ ਪਤਨੀ ਘਰ ਵਿੱਚ ਕੱਪੜੇ ਧੋ ਰਹੀ ਸੀ ਅਤੇ ਉਸ ਦੇ ਬਜ਼ੁਰਗ ਮਾਪੇ ਚਾਹ ਪੀ ਰਹੇ ਸਨ।ਮਾਂ ਬਲਦੇਵ ਕੌਰ ਪਿੰਡ ਦੇ ਸਕੂਲ ਵਿੱਚ ਸਫ਼ਾਈ ਸੇਵਿਕਾ ਹੈ­, ਜੋ ਅੱਜ ਵੀ ਡਿਊਟੀ ’ਤੇ ਗਈ ਹੋਈ ਸੀ।

            ਪਿਤਾ ਦਰਸ਼ਨ ਸਿੰਘ ਟਰੈਕਟਰ ਡਰਾਈਵਰ ਰਿਹਾ ਹੈ। ਖ਼ੁਦ ਲਾਭ ਸਿੰਘ ਦੀ ਮੋਬਾਈਲ ਰਿਪੇਅਰ ਦੀ ਦੁਕਾਨ ਸੀ। ਮਾਪੇ ਤੇ ਪਤਨੀ ਕਿਧਰੇ ਵੀ ਚੋਣ ਪ੍ਰਚਾਰ ’ਤੇ ਨਹੀਂ ਜਾ ਰਹੇ।ਮਾਂ ਨੇ ਦੱਸਿਆ ਕਿ ਗੁਰਬਤ ਨੇ ਬਹੁਤ ਬੁਰੇ ਦਿਨ ਦਿਖਾਏ ਹਨ ਅਤੇ ਪੁੱਤ ਨੂੰ ਦਿਹਾੜੀ ਵੀ ਕਰਨੀ ਪੈਂਦੀ ਸੀ। ਉਹ ਆਖਦੀ ਹੈ ਕਿ ਪੁੱਤ ਲਾਭ ਤਾਂ ਹੁਣ ਲੋਕਾਂ ਦੀ ਅਮਾਨਤ ਹੈ। ਪਿਤਾ ਦਰਸ਼ਨ ਸਿੰਘ ਨੇ ਦੱਸਿਆ ਕਿ ਲੋਕ ਹੀ ਲਾਭ ਦੀ ਮੁਹਿੰਮ ਚਲਾ ਰਹੇ ਹਨ। ਪਿੰਡ ਦੇ ਸਾਬਕਾ ਫ਼ੌਜੀ ਚਰਨਜੀਤ ਸਿੰਘ ਚਹਿਲ ਨੇ ਕਿਹਾ ਕਿ ਪਿੰਡ ਦੇ 75 ਦੇ ਕਰੀਬ ਸਾਬਕਾ ਫ਼ੌਜੀ ਹਨ­, ਸਭ ਲਾਭ ਸਿੰਘ ਦੀ ਹਮਾਇਤ ਵਿੱਚ ਹਨ।

          ਪਿੰਡ ਵਾਲਿਆਂ ਨੇ ਦੱਸਿਆ ਕਿ ਲਾਭ ਸਿੰਘ ਇਮਾਨਦਾਰ ਮੁੰਡਾ ਹੈ ਅਤੇ ਨਿਮਰ ਸੁਭਾਅ ਦਾ ਹੋਣ ਕਰਕੇ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਵੀ ਆਉਂਦਾ-ਜਾਂਦਾ ਹੈ। ਲਾਭ ਸਿੰਘ 2014 ਵਿੱਚ ਵਾਲੰਟੀਅਰ ਵਜੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਸੀ।ਉਸ ਨੇ ਦਿਨ-ਰਾਤ ਇੱਕ ਕਰ ਦਿੱਤਾ ਤੇ ਅਖੀਰ ਉਸ ਦੀ ਮਿਹਨਤ ਦਾ ਮੁੱਲ ਪੈ ਗਿਆ। ਪਿੰਡ ਦੇ ਲੋਕ ਆਖਦੇ ਹਨ ਕਿ ਲਾਭ ਸਿੰਘ ਨੂੰ ਟਿਕਟ ਮਿਲਣ ਨਾਲ ਆਮ ਲੋਕਾਂ ਨੂੰ ਰਾਹ ਖੁੱਲ੍ਹਣ ਦੀ ਆਸ ਬੱਝੀ ਹੈ। ਲਾਭ ਸਿੰਘ ਦਾ ਦੂਸਰਾ ਭਰਾ ਫ਼ੌਜ ਵਿੱਚ ਹੈ

                                             ਉਗੋਕੇ ਵੱਲੋਂ ਚੰਨੀ ਨੂੁੰ ਚੁਣੌਤੀ

‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਨੇ ਅੱਜ ਮੁੱਖ ਮੰਤਰੀ ਚੰਨੀ ਨੂੰ ਚੁਣੌਤੀ ਦਿੱਤੀ ਹੈ ਅਤੇ ਕਿਹਾ ਹੈ ਕਿ ਜੇ ਚੰਨੀ ਸੱਚਮੁੱਚ ਵਿੱਚ ਹੀ ਗਰੀਬ ਹੈ ਤਾਂ ਉਸ ਨਾਲ ਆਪਣੀ ਜਾਇਦਾਦ ਵਟਾ ਲਵੇ। ਉਨ੍ਹਾਂ ਕਿਹਾ ਕਿ ਚੰਨੀ ਗਰੀਬ ਨਹੀਂ ਹੈ, ਬਲਕਿ ਮੁੱਖ ਮੰਤਰੀ ਗਰੀਬੀ ਦਾ ਢੌਂਗ ਰਚ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਚੰਨੀ ਦੇ ਘਰ ਦੋ ਲੱਖ ਰੁਪਏ ਵਾਲਾ ਟਾਈਮ ਪੀਸ ਹੈ ਪਰ ਇਸ ਦੇ ਬਾਵਜੂਦ ਹੁਣ ਚੰਨੀ ਦਾ ਟਾਈਮ ਖਰਾਬ ਚੱਲ ਰਿਹਾ ਹੈ। ਉਗੋਕੇ ਨੇ ਇਹ ਵੀ ਕਿਹਾ ਕਿ ਅਸਲ ਗਰੀਬੀ ਦੇਖਣੀ ਹੈ ਤਾਂ ਚੰਨੀ ਉਸ ਦੇ ਘਰ ਉਗੋਕੇ ਆ ਜਾਣ।

Sunday, February 13, 2022

                                                       ਹਲਕਾ ਅਮਲੋਹ
                                        ਸੁਖਾਲੇ ਨਹੀਂ ‘ਕਾਕਾ ਜੀ’ ਦੇ ਰਾਹ
                                                       ਚਰਨਜੀਤ ਭੁੱਲਰ 

ਅਮਲੋਹ : ਐਤਕੀਂ ਹਲਕਾ ਅਮਲੋਹ ਨਵੇਂ ਸਿਆਸੀ ਜਲੌਅ ’ਚ ਹੈ। ਪਿੰਡਾਂ ਦੇ ਲੋਕ ਇੰਨੇ ਅੱਕੇ ਪਏ ਹਨ ਕਿ ਬਦਲਾਅ ਭਾਲਦੇ ਹਨ। ਇੱਥੋਂ ਕਾਂਗਰਸ ਲਗਾਤਾਰ ਚਾਰ ਵਾਰ ਚੋਣਾਂ ਜਿੱਤਦੀ ਆ ਰਹੀ  ਹੈ। ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅੱਗੇ ਵੱਡੀ ਚੁਣੌਤੀ ਹੈ ਕਿ ਸਥਾਪਤੀ ਵਿਰੋਧੀ ਲਹਿਰ ਦਾ ਟਾਕਰਾ ਕਿਵੇਂ ਕੀਤਾ ਜਾਵੇ। ਕਾਕਾ ਰਣਦੀਪ ਸਿੰਘ ਲਈ ਸਿਆਸੀ ਬੇੜੀ ਪਾਰ ਲਾਉਣਾ ਐਤਕੀਂ ਸੁਖਾਲਾ ਨਹੀਂ ਹੈ। ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨਾਭਾ, ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਉਰਫ਼ ਰਾਜੂ ਖੰਨਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਉਰਫ਼ ਗੈਰੀ ਵੜਿੰਗ ’ਚ ਤਿਕੋਣੀ ਟੱਕਰ ਬਣੀ ਹੋਈ ਹੈ। ਸਿਆਸੀ ਮੈਚ ਇੰਨਾ ਫਸਿਆ ਹੋਇਆ ਹੈ ਕਿ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਹੈ। 

             ਪਿੰਡ ਥੰਮ੍ਹਣਾ ’ਚ ਬੈਠੇ ਬਜ਼ੁਰਗਾਂ ਨੇ ਏਨਾ ਕੁ ਦਾਅਵੇ ਨਾਲ ਕਿਹਾ ਕਿ ਬਦਲਾਅ ਦੀ ਹਨੇਰੀ ਨੇ ਕਈ ਥੰਮ੍ਹ ਸੁੱਟ ਦੇਣੇ ਨੇ। ਭ੍ਰਿਸ਼ਟਾਚਾਰ ਦਾ ਮੁੱਦਾ ਲੋਕਾਂ ਦੇ ਧਿਆਨ ਦੇ ਕੇਂਦਰ ਵਿੱਚ ਹੈ। ਪਿੰਡ ਤਲਵਾੜਾ ਦੇ ਕਰਿਆਣਾ ਸਟੋਰ ਦੇ ਬਲਿਹਾਰ ਸਿੰਘ ਨੇ ਟਿੱਪਣੀ ਕੀਤੀ ਕਿ ਰੁਝਾਨ ਤਿੰਨੋਂ ਧਿਰਾਂ ਦਾ ਹੈ ਪਰ ਲੋਕ ਬਦਲਾਅ ਚਾਹੁੰਦੇ ਹਨ। ਕਾਂਗਰਸੀ ਉਮੀਦਵਾਰ ਕਾਕਾ ਰਣਦੀਪ ਸਿੰਘ ਨੇ ਪਿੰਡ ਮਛਰਾਏ ਖੁਰਦ, ਭਾਂਬਰੀ ਅਤੇ ਰੁੜਕੀ ’ਚ ਚੋਣ ਪ੍ਰਚਾਰ ਦੌਰਾਨ ਹਲਕੇ ਵਿਚ ਕਰਾਏ ਵਿਕਾਸ ਦੇ ਕੰਮ ਗਿਣਾਏ। ਉਹ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਜ਼ਿਕਰ ਵੀ ਕਰਦੇ ਹਨ। ਹਰ ਸਟੇਜ ਤੋਂ ਆਖਦੇ ਹਨ, ‘ਵਿਕਾਸ ਕੀਤੈ ਤਾਂ ਵੋਟਾਂ ਪਾਇਓ।’ ਅਮਲੋਹ ਸ਼ਹਿਰ ਦੇ ਦੁਕਾਨਦਾਰਾਂ ਕੋਲ ਵਿਕਾਸ ਦੀ ਪੁਸ਼ਟੀ ਕਰਨੀ ਚਾਹੀ ਤਾਂ ਸਾਰਿਆਂ ਨੇ ਇੱਕੋ ਗੱਲ ਆਖੀ ਕਿ ਵਿਕਾਸ ਦੇਖਣਾ ਹੈ ਤਾਂ ਮੰਡੀ ਗੋਬਿੰਦਗੜ੍ਹ ਤੋਂ ਨਾਭਾ ਵਾਲਾ ਸਟੇਟ ਹਾਈਵੇਅ ਵੇਖ ਲਓ। ਇਹ ਮੁੱਖ ਸੜਕ ਟੁੱਟੀ ਹੀ ਨਹੀਂ, ਟੋਏ ਵੀ ਪਏ ਹੋਏ ਹਨ। 

            ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਸਮੇਂ ਟਿਕਟਾਂ ਦੀ ਵੰਡ ਮੌਕੇ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਉਠੇ ਸਨ। ਪਿੰਡ ਟਿੱਬੀ ਦਾ ਅਮਰੀਕ ਸਿੰਘ ਆਖਦਾ ਹੈ ਕਿ ਲੋਕ ਇਕੱਲਾ ਵਿਕਾਸ ਨਹੀਂ, ਸਾਫ-ਸੁਥਰਾ ਪ੍ਰਸ਼ਾਸਨ ਵੀ ਚਾਹੁੰਦੇ ਹਨ। ਨੌਜਵਾਨ ‘ਆਪ’ ਦੇ ਹੱਕ ’ਚ ਸਰਗਰਮ ਦਿਖਾਈ ਦਿੰਦੇ ਹਨ। ਦਲਿਤ ਵੋਟਰਾਂ ’ਤੇ ਮੁੱਖ ਮੰਤਰੀ ਚੰਨੀ ਦੀ ਵੀ ਛਾਪ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਰਾਜੂ ਖੰਨਾ ਪਿਛਲੀ ਦਫ਼ਾ ਸਿਰਫ਼ 3946 ਵੋਟਾਂ ਦੇ ਫਰਕ ਨਾਲ ਹਾਰੇ ਸਨ। ਐਤਕੀਂ ਰਾਜੂ ਖੰਨਾ ਨਾਲ ਪਿੰਡਾਂ ਵਿਚ ਹਮਦਰਦੀ ਬਣੀ ਹੋਈ ਹੈ। ਰਾਜੂ ਖੰਨਾ ਦਾ ਹਲਕੇ ਵਿਚ ਲਗਾਤਾਰ ਵਿਚਰਨਾ ਅਤੇ ਦੁੱਖ-ਸੁੱਖ ਵਿਚ ਹਾਜ਼ਰ ਰਹਿਣਾ, ਉਸ ਦੇ ਪੱਖ ਵਿਚ ਜਾ ਰਿਹਾ ਹੈ। 

            ਰਾਜੂ ਖੰਨਾ ਵੱਲੋਂ ਭਿ੍ਸ਼ਟਾਚਾਰ ਨੂੰ ਮੁੱਖ ਮੁੱਦੇ ਵਜੋਂ ਉਭਾਰ ਕੇ ਸਾਫ-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਮੰਡੀ ਗੋਬਿੰਦਗੜ੍ਹ ਵਿਚ ਕਾਂਗਰਸ ਦਾ ਵੋਟ ਬੈਂਕ ਜ਼ਿਆਦਾ ਹੈ ਪ੍ਰੰਤੂ ਇਸ ਦਫ਼ਾ ‘ਆਪ’ ਨੂੰ ਵੀ ਹਿੱਸੇਦਾਰੀ ਮਿਲੇਗੀ। ਗੋਬਿੰਦਗੜ੍ਹ ਦੀ ਘਰੇਲੂ ਮਹਿਲਾ ਪਲਵਿੰਦਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਕਰਕੇ ਆਮ ਲੋਕ ਚੇਤੰਨ ਹੋਏ ਹਨ ਅਤੇ ਸਿਆਸਤ ਨੂੰ ਸਮਝਣ ਲੱਗ ਪਏ ਹਨ ਜਿਸ ਕਰਕੇ ਹੁਣ ਬਦਲਾਅ ਨੂੰ ਵੋਟ ਮਿਲੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਹਲਕੇ ਦਾ ਗਣਿਤ ਹੀ ਬਦਲ ਦਿੱਤਾ ਹੈ। ਉਸ ਦੀ ਨਰਮ ਬੋਲ-ਬਾਣੀ ਉਸ ਦੇ ਪੱਖ ’ਚ ਭੁਗਤਦੀ ਹੈ। ਪਿੰਡ ਨਰਾਇਣਗੜ੍ਹ ਦੇ ਨੌਜਵਾਨਾਂ ਨੇ ਕਿਹਾ ਕਿ ਸਾਰਿਆਂ ਨੂੰ ਦੇਖ ਲਿਆ ਹੈ, ਹੁਣ ਨਵੇਂ ਨੂੰ ਮੌਕਾ ਦੇਣਾ ਹੈ। 

           ਪਿੰਡ ਬਰੋਗਾ ਦੇ ਦਿਹਾੜੀਦਾਰ ਕਾਮੇ ਬਲਜੀਤ ਸਿੰਘ ’ਤੇ ਸਾਰਿਆਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਉਸ ਨੇ ਕਿਹਾ ਕਿ ਵੱਡਿਆਂ ਦੀ ਸਿਆਸੀ ਜੰਗ ਵਿਚ ਗਰੀਬਾਂ ਦੇ ਮੁੱਦੇ ਗਾਇਬ ਹੋ ਜਾਂਦੇ  ਹਨ। ਅਮਲੋਹ ਹਲਕੇ ’ਚ 12 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਭਾਜਪਾ ਅਤੇ ਭਾਈਵਾਲਾਂ ਦੇ ਗੱਠਜੋੜ ਵੱਲੋਂ ਕੰਵਰਵੀਰ ਸਿੰਘ ਟੌਹੜਾ ਮੈਦਾਨ ’ਚ ਹਨ ਜਿਨ੍ਹਾਂ ਨੂੰ ਗੋਬਿੰਦਗੜ੍ਹ ’ਚੋਂ ਚੰਗੀ ਵੋਟ ਮਿਲੇਗੀ। ਚੋਣ ਪ੍ਰਚਾਰ ਦੀ ਸ਼ੁਰੂਆਤ ’ਚ ਤਾਂ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਵਿਚ ਹੋਏ ਵਿਕਾਸ ਦੇ ਕੰਮਾਂ ਕਰਕੇ ਕਾਂਗਰਸ ਦਾ ਦਬਦਬਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਕਾਲੀ ਦਲ ਦਾ ਕਦੇ ਵੀ ਬਹੁਤਾ ਵੋਟ ਬੈਂਕ ਨਹੀਂ ਰਿਹਾ ਹੈ। 

                                              ਦਲਿਤ ਵਸੋਂ ਦਾ ਦਬਦਬਾ 

ਪੰਜਾਬ ਭਰ ’ਚੋਂ ਦੂਜੇ ਨੰਬਰ ’ਤੇ ਬਲਾਕ ਅਮਲੋਹ ਹੈ ਜਿਥੇ ਦਲਿਤ ਭਾਈਚਾਰੇ ਦੀ ਵਸੋਂ 51.30 ਫੀਸਦੀ ਹੈ। ਮੁੱਖ ਮੰਤਰੀ ਚੰਨੀ ਦੇ ਚਿਹਰੇ ਨੂੰ ਇਸ ਭਾਈਚਾਰੇ ’ਚੋਂ ਕਿੰਨਾ ਕੁ ਹਿੱਸਾ ਮਿਲੇਗਾ, ਉਹ ਵੀ ਹਾਰ-ਜਿੱਤ ਤੈਅ ਕਰੇਗੀ। ਇਸ ਵੇਲੇ ਹਲਕੇ ਵਿਚ 1.45 ਲੱਖ ਵੋਟਰ ਹਨ। 1967 ਤੋਂ ਲੈ ਕੇ ਹੁਣ ਤੱਕ ਅਮਲੋਹ ਵਿਚ ਸੱਤ ਵਾਰ ਕਾਂਗਰਸ ਜਦਕਿ ਪੰਜ ਦਫਾ ਅਕਾਲੀ ਉਮੀਦਵਾਰ ਜਿੱਤੇ ਹਨ। 2002 ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਝੋਲੀ ’ਚ ਇਹ ਸੀਟ ਪੈਂਦੀ ਰਹੀ ਹੈ। 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ 34.96 ਫੀਸਦੀ ਅਤੇ ਅਕਾਲੀ ਦਲ ਨੂੰ 31.49 ਫੀਸਦੀ ਜਦਕਿ ‘ਆਪ’ ਨੂੰ 26.95 ਫੀਸਦੀ ਵੋਟਾਂ ਪਈਆਂ ਸਨ।  

Saturday, February 12, 2022

                                                          ਮੈਨੂੰ ਜਿਤਾਓ
                           ਚੰਨਾ ਵੇ ਤੇਰੀ ਚਾਨਣੀ, ਉਮੀਦਵਾਰਾਂ ਨੇ ਮਾਣਨੀ...
                                                        ਚਰਨਜੀਤ ਭੁੱਲਰ   

ਬਸੀ ਪਠਾਣਾਂਂ : ਵਿਧਾਨ ਸਭਾ ਹਲਕਾ ਬਸੀ ਪਠਾਣਾਂ ’ਚ ਐਤਕੀਂ ਕਈ ਖਾਸ ਮੌਕੇ ਬਣ ਰਹੇ ਹਨ। ਇਸ ਹਲਕੇ ’ਚ ਇੱਕੋ ਵੇਲੇ ਦੋ ਅਜਿਹੇ ਉਮੀਦਵਾਰ ਇੱਕ-ਦੂਜੇ ਖ਼ਿਲਾਫ਼ ਭਿੜ ਰਹੇ ਹਨ ਜਿਨ੍ਹਾਂ ਦੋਵਾਂ ਦਾ ਚੋਣ ਪ੍ਰਚਾਰ ਇੱਕ ਹੈ, ਦੋਵਾਂ ਦਾ ਮਕਸਦ ਵੀ ਇੱਕੋ ਹੈ, ਚਰਨਜੀਤ ਚੰਨੀ ਨੂੰ ਅਗਲਾ ਮੁੱਖ ਮੰਤਰੀ ਬਣਾਉਣਾ| ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਚੋਣ ਪ੍ਰਚਾਰ ’ਚ ਇਹੋ ਗੱਲ ਆਖਦੇ ਹਨ, ‘ਚੰਨੀ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਜਿਤਾਓ|’ ਕਾਂਗਰਸ ਦੇ ਉਮੀਦਵਾਰ ਖ਼ਿਲਾਫ਼ ਡਟੇ ਆਜ਼ਾਦ ਉਮੀਦਵਾਰ ਡਾ. ਮਨੋਹਰ ਸਿੰਘ ਦਾ ਵੀ ਇਹੋ ਨਾਅਰਾ ਹੈ, ‘ਮੈਨੂੰ ਜਿਤਾਓ, ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਓ|’ 

             ਬਸੀ ਪਠਾਣਾਂ ਹਲਕੇ ’ਚ ਗਿਆਰਾਂ ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ, ਆਮ ਆਦਮੀ ਪਾਰਟੀ ਦੇ ਰੁਪਿੰਦਰ ਸਿੰਘ ਹੈਪੀ ਅਤੇ ਅਕਾਲੀ-ਬਸਪਾ ਗਠਜੋੜ ਦੇ ਸ਼ਿਵ ਕੁਮਾਰ ਕਲਿਆਣ ਪ੍ਰਮੁੱਖ ਹਨ| ਆਜ਼ਾਦ ਉਮੀਦਵਾਰ ਡਾ. ਮਨੋਹਰ ਸਿੰਘ ਦੀ ਮੌਜੂਦਗੀ ਹਲਕੇ ਨੂੰ ਵੀ.ਆਈ.ਪੀ ਬਣਾ ਰਹੀ ਹੈ ਜੋ ਗੱਲ-ਗੱਲ ’ਤੇ ਆਪਣੇ ਭਰਾ ਚਰਨਜੀਤ ਚੰਨੀ ਦਾ ਨਾਮ ਲੈਂਦੇ ਹਨ| ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਅਕਾਲੀ-ਬਸਪਾ ਗਠਜੋੜ ਦੇ ਸ਼ਿਵ ਕੁਮਾਰ ਕਲਿਆਣ ਪ੍ਰਮੁੱਖ ਹਨ| ਆਜ਼ਾਦ ਉਮੀਦਵਾਰ ਡਾ. ਮਨੋਹਰ ਸਿੰਘ ਦੀ ਮੌਜੂਦਗੀ ਹਲਕੇ ਨੂੰ ਵੀ.ਆਈ.ਪੀ ਬਣਾ ਰਹੀ ਹੈ ਜੋ ਗੱਲ-ਗੱਲ ’ਤੇ ਆਪਣੇ ਭਰਾ ਚਰਨਜੀਤ ਚੰਨੀ ਦਾ ਨਾਮ ਲੈਂਦੇ ਹਨ| ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਨੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਦੇ ਰਾਹ ਔਖੇ ਕਰ ਦਿੱਤੇ ਹਨ| 

           ‘ਪੰਜਾਬੀ ਟ੍ਰਿਬਿਊਨ’ ਦੀ ਟੀਮ ਜਦੋਂ ਪਿੰਡ ਨੰਦਪੁਰ-ਕਲੌਰ ਪੁੱਜੀ ਤਾਂ ਅੱਗੇ ਚੋਣ ਰੈਲੀ ’ਚ ਨਾਅਰੇ ਵੱਜ ਰਹੇ ਸਨ, ‘ਡਾਕਟਰ ਤੇਰੀ ਸੋਚ ਤੇ.. |’ ਇਹ ਉਹੀ ਪਿੰਡ ਹੈ ਜਿਸ ਬਾਰੇ ਖ਼ੁਦ ਮੁੱਖ ਮੰਤਰੀ ਚੰਨੀ ਦੱਸਦੇ ਹਨ ਕਿ ‘ਮੇਰੇ ਭਰਾ ਦੀ ਕਲੌਰ ਤੋਂ ਗੁਰਪ੍ਰੀਤ ਜੀ.ਪੀ ਨੇ ਬਦਲੀ ਕਰਾ’ਤੀ ਸੀ, ਭਰਾ ਦੇ ਮਨ ਵਿਚ ਇਹੋ ਗੁੱਸਾ ਹੈ|’ ਚੋਣ ਰੈਲੀ ’ਚ ਮਨੋਹਰ ਸਿੰਘ ਆਪਣੇ ਮੁੱਖ ਮੰਤਰੀ ਭਰਾ ਚੰਨੀ ਵੱਲੋਂ ਕੀਤੇ ਕੰਮਾਂ ਦੀ ਚਰਚਾ ਕਰਦੇ ਹਨ। ਇਹ ਦੱਸਣਾ ਨਹੀਂ ਭੁੱਲਦੇ ਕਿ ‘ਚੰਨੀ ਵੀ ਚਮਕੌਰ ਸਾਹਿਬ ਤੋਂ ਆਜ਼ਾਦ ਹੀ ਜਿੱਤੇ ਸਨ, ਇਹੋ ਇਤਿਹਾਸ ਤੁਸੀਂ ਮੈਨੂੰ ਜਿਤਾ ਕੇ ਬਣਾਉਣਾ ਹੈ|’ ਡਾ. ਮਨੋਹਰ ਸਿੰਘ ਕਈ ਵਾਅਦੇ ਕਰਦੇ ਹਨ, ਨਾਲੇ ਭਰੋਸਾ ਵੀ ਦਿੰਦੇ ਹਨ ਕਿ ‘ਸਾਡੀ ਦੋਵੇਂ ਭਰਾਵਾਂ ਦੀ ਇੱਕੋ ਗੱਲ ਹੈ, ਬਸੀ ਪਠਾਣਾਂ ਦੇ ਕੰਮ ਉਵੇਂ ਹੋਣਗੇ ਜਿਵੇਂ ਚਮਕੌਰ ਸਾਹਿਬ ਦੇ|’ 

            ਦੂਜੇ ਪਾਸੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਹਰ ਚੋਣ ਜਲਸੇ ’ਚ ਆਪਣੇ ਕੀਤੇ ਕੰਮਾਂ ਦੀ ਚਰਚਾ ਕਰਦੇ ਹਨ| ਚੰਨੀ ਨੂੰ ਮੁੜ ਮੁੱਖ ਮੰਤਰੀ ਬਣਾਏ ਜਾਣ ਦੀ ਗੱਲ ਕਰਦੇ ਹਨ| ਬਸੀ ਪਠਾਣਾਂ ਦਾ ਦੁਕਾਨਦਾਰ ਸੁਨੀਲ ਕੁਮਾਰ ਆਖਦਾ ਹੈ, ‘ਅਸਲ ਟੱਕਰ ਤਾਂ ‘ਆਪ’ ਤੇ ਕਾਂਗਰਸ ਵਿਚ ਹੈ, ਚੰਨੀ ਦਾ ਭਾਈ ਮੁਕਾਬਲਾ ਤਿਕੋਣਾ ਬਣਾ ਸਕਦਾ ਹੈ|’ ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਸ਼ਿਵ ਕੁਮਾਰ ਦੇ ਪੋਸਟਰ ਵੀ ਇਲਾਕੇ ਵਿਚ ਦੇਖਣ ਨੂੰ ਮਿਲੇ| ਦਰਜਨਾਂ ਪਿੰਡਾਂ ’ਚ ਦੇਖਿਆ ਗਿਆ ਕਿ ਚੋਣ ਪ੍ਰਚਾਰ ਸਿਖ਼ਰਾਂ ’ਤੇ ਹੋਣ ਦੇ ਬਾਵਜੂਦ ਕਿਧਰੇ ਕੋਈ ਸ਼ੋਰ-ਸ਼ਰਾਬਾ ਨਹੀਂ ਸੀ| ਬਨੇਰਿਆਂ ਤੇ ਟਾਵੇਂ ਝੰਡੇ ਦਿਖੇ ਅਤੇ ਵੋਟਰ ਖਾਮੋਸ਼ ਦਿਖੇ| ਹਲਕੇ ਵਿਚ ਕਿਤੇ-ਕਿਤੇ ਬਦਲਾਅ ਦੀ ਝਲਕ ਵੀ ਪਈ| ਪਿੰਡ ਮਕਾਰੋਂਪੁਰ ਦੇ ਸ਼ਹਿਦ ਉਤਪਾਦਕ ਹਰਪ੍ਰੀਤ ਸਿੰਘ ਦਾ ਪ੍ਰਤੀਕਰਮ ਸੀ ਕਿ ਇਸ ਵਾਰ ਲੋਕ ਤਬਦੀਲੀ ਲਈ ਕਾਹਲੇ ਨੇ| 

            ਬਸੀ ਪਠਾਣਾਂ ਦੇ ਕਾਰੋਬਾਰੀ ਲੋਕਾਂ ਨੇ ਗਣਿਤ ਦੱਸਿਆ ਕਿ ਡਾ. ਮਨੋਹਰ ਸਿੰਘ ਵੱਲੋਂ ਕਾਂਗਰਸੀ ਉਮੀਦਵਾਰ ਦੀ ਵੋਟ ਖਿੱਚੀ ਜਾ ਰਹੀ ਹੈ, ਇਸ ਤਰ੍ਹਾਂ ਦੇ ਹਾਲਾਤ ’ਚ ‘ਆਪ’ ਵਾਲੇ ਦਾ ਦਾਅ ਲੱਗ ਸਕਦਾ ਹੈ| ਡਾ. ਮਨੋਹਰ ਸਿੰਘ ਦਾ ਕਹਿਣਾ ਸੀ ਕਿ ਉਸ ਦਾ ਮੁਕਾਬਲਾ ‘ਆਪ’ ਵਾਲੇ ਨਾਲ ਹੈ, ਦੋ ਚਾਰ ਦਿਨਾਂ ਵਿਚ ਉਹ ‘ਆਪ’ ਨੂੰ ਵੀ ਪਿਛਾਂਹ ਛੱਡ ਜਾਣਗੇ| ਇਸੇ ਤਰ੍ਹਾਂ ਸੰਯੁਕਤ ਸਮਾਜ ਮੋਰਚਾ ਦੀ ਉਮੀਦਵਾਰ ਡਾ. ਅਮਨਦੀਪ ਕੌਰ ਦੇ ਹਮਾਇਤੀ ਬਜ਼ੁਰਗ ਭਾਗ ਸਿੰਘ ਨੇ ਦਾਅਵੇ ਨਾਲ ਕਿਹਾ ਕਿ ਜਿਹੜਾ ਦਿੱਲੀ ਮੋਰਚਾ ’ਚ ਇੱਕ ਵਾਰੀ ਜਾ ਆਇਆ, ਉਹ ਤਾਂ ਵੋਟ ਬੀਬਾ ਅਮਨਦੀਪ ਨੂੰ ਹੀ ਪਾਏਗਾ| ਡੇਰਾ ਸਿਰਸਾ ਦਾ ਵੋਟ ਬੈਂਕ ਵੀ ਹੈ ਜੋ ਕਿ ਪੰਜਾਬ ਲੋਕ ਕਾਂਗਰਸ ਦੀ ਉਮੀਦਵਾਰ ਦੀਪਕ ਜੋਤੀ ਵੱਲ ਜਾ ਸਕਦਾ ਹੈ| ਅਕਾਲੀ ਦਲ (ਮਾਨ) ਦੇ ਉਮੀਦਵਾਰ ਧਰਮ ਸਿੰਘ ਦੇ ਪੋਸਟਰ ਵੀ ਕਿਤੇ-ਕਿਤੇ ਨਜ਼ਰੀਂ ਪਏ|

                                                   ਝੂਠ ਬੋਲੇ ਕਊਆ ਕਾਟੇ

ਫਿਲਮ ਬੌਬੀ ਦਾ ਗਾਣਾ ‘ਝੂਠ ਬੋਲੇ ਕਊਆ ਕਾਟੇ’ ਦੀ ਤਰਜ਼ ’ਤੇ ਰਾਮ ਸਿਆਮ ਆਰਟ ਗਰੁੱਪ ਦਿੱਲੀ ਦੀ ਟੀਮ ਡਾ. ਮਨੋਹਰ ਸਿੰਘ ਨਾਲ ਹਰ ਪਿੰਡ ’ਚ ਜਾ ਰਹੀ ਹੈ| ਗਰੁੱਪ ਆਗੂ ਜਤੇਂਦਰ ਗੁਪਤਾ ਹੇਕ ਲਾਉਂਦੇ ਹਨ, ‘ਝੂਠ ਬੋਲੇ ਝਾੜੂ ਵਾਲੇ, ਕਾਂਗਰਸ ਵਾਲੇ ਸੇ ਡਰੀਓ|’ ਇੱਥੇ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਅਧੂਰੇ ਕੰਮਾਂ ਨੂੰ ਪੂਰਾ ਕਰਨ ਲਈ ਵੋਟ ਮੰਗ ਰਹੇ ਹਨ ਜਦੋਂ ਕਿ ਡਾ. ਮਨੋਹਰ ਸਿੰਘ ਆਖ ਰਹੇ ਹਨ ਕਿ ਅਗਰ ਜਿੱਤ ਗਿਆ ਤਾਂ ਉਹ ਪੂਰੀ ਤਨਖਾਹ ਲੋਕਾਂ ਦੇ ਇਲਾਜ ’ਤੇ ਲਾਉਣਗੇ|

                                             ਐਤਕੀਂ ਹੈਪੀ ਨੂੰ ਖੁਸ਼ ਕਰ ਦੇਣਾ ਹੈ

ਵਰ੍ਹਾ 2017 ਦੀਆਂ ਚੋਣਾਂ ਵਿਚ ਇਸ ਹਲਕੇ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ ਨੇ ‘ਆਪ’ ਉਮੀਦਵਾਰ ਸੰਤੋਖ ਸਿੰਘ ਨੂੰ 10,046 ਵੋਟਾਂ ਦੇ ਫਰਕ ਨਾਲ ਹਰਾ ਕੇ ਚੋਣ ਜਿੱਤੀ ਸੀ| ਹਲਕੇ ਵਿਚ 83.75 ਫੀਸਦੀ ਦਿਹਾਤੀ ਵੋਟ ਹੈ ਜਦੋਂ ਕਿ 16.25 ਫੀਸਦੀ ਸ਼ਹਿਰੀ ਵੋਟ ਹੈ| ਹਲਕੇ ਵਿਚ ਸੂਬਾਈ ਔਸਤਨ ਤੋਂ ਜ਼ਿਆਦਾ 36.41 ਫੀਸਦੀ ਦਲਿਤ ਭਾਈਚਾਰੇ ਦੀ ਵੋਟ ਹੈ| ਪਿੰਡ ਨਿਆਮੂ ਮਾਜਰਾ ਦੇ ਸਬਜ਼ੀ ਵਿਕਰੇਤਾ ਓਮ ਪ੍ਰਕਾਸ਼ ਨੇ ਆਪਣੇ ਪਿੰਡ ਦੀ ਹਵਾ ਦੇ ਰੁਖ਼ ਦੀ ਗੱਲ ਕਰਦਿਆਂ ਏਨਾ ਹੀ ਕਿਹਾ ਕਿ ‘ਐਤਕੀਂ ਹੈਪੀ ਨੂੰ ਖੁਸ਼ ਕਰ ਦੇਣਾ ਹੈ|’ ਚੇਤੇ ਰਹੇ ਕਿ ਇੱਥੋਂ ‘ਆਪ’ ਉਮੀਦਵਾਰ ਦਾ ਨਾਂ ਰੁਪਿੰਦਰ ਸਿੰਘ ਹੈਪੀ ਹੈ|

Friday, February 11, 2022

                                                       ਚੋਣਾਂ ਦੀ ਗੁੜ੍ਹਤੀ
                                 ਕੌਣ ਕੌਣ ਬਣ ਸਕੇਗਾ ਸਿਆਸੀ ਵਾਰਸ..!
                                                        ਚਰਨਜੀਤ ਭੁੱਲਰ    

ਚੰਡੀਗੜ੍ਹ : ਸਿਆਸੀ ਪਰਿਵਾਰਾਂ ਚੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਅਖਾੜੇ ’ਚ ਦਰਜਨਾਂ ਧੀਆਂ ਪੁੱਤ ਕੁੱਦੇ ਹਨ ਜਿਨ੍ਹਾਂ ਦਾ ਇਨ੍ਹਾਂ ਚੋਣਾਂ ’ਚ ਰਾਜਸੀ ਭਵਿੱਖ ਤੈਅ ਹੋਵੇਗਾ| ਜਿਨ੍ਹਾਂ ਦੇ ਦੋ ਦੋ ਜੀਅ ਚੋਣ ਮੈਦਾਨ ’ਚ ਖੜ੍ਹੇ ਹਨ, ਉਨ੍ਹਾਂ ਚੋਂ ਦੇਖਣਾ ਹੋਵੇਗਾ ਕਿ ਕਿਸ ਕਿਸ ਦੇ ਦੋਵੇਂ ਹੱਥਾਂ ’ਚ ਲੱਡੂ ਆਉਂਦਾ ਹੈ| ਪ੍ਰਮੁੱਖ ਸਿਆਸੀ ਧਿਰਾਂ ਦੇ ਸਵਾ ਦੋ ਸੌ ਅਜਿਹੇ ਉਮੀਦਵਾਰ ਹਨ ਜਿਨ੍ਹਾਂ ਨੇ ਚੋਣਾਂ ਦੇ ਪਿੜ ‘ਚ ਪਹਿਲੀ ਦਫ਼ਾ ਪੈਰ ਰੱਖਿਆ ਹੈ| ਇੱਕੋ ਪਰਿਵਾਰ ’ਚੋਂ ਦੋ-ਦੋ ਟਿਕਟਾਂ ‘ਤੇ ਲੜਨ ਵਾਲਿਆਂ ਵਿਚ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਖ਼ੁਦ ਲਹਿਰਾਗਾਗਾ ਤੋਂ ਚੋਣ ਲੜ ਰਹੇ ਹਨ ਜਦਕਿ ਉਨ੍ਹਾਂ ਦਾ ਜਵਾਈ ਵਿਕਰਮ ਬਾਜਵਾ ਸਾਹਨੇਵਾਲ ਤੋਂ ਕਿਸਮਤ ਅਜ਼ਮਾ ਰਿਹਾ ਹੈ|ਬਾਦਲ ਪਰਿਵਾਰ ’ਚੋਂ ਖ਼ੁਦ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ, ਸੁਖਬੀਰ ਸਿੰਘ ਬਾਦਲ ਜਲਾਲਾਬਾਦ ਤੋਂ ਅਤੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹਲਕਾ ਪੱਟੀ ਤੋਂ ਚੋਣ ਲੜ ਰਹੇ ਹਨ| 

            ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਅਤੇ ਉਨ੍ਹਾਂ ਦੀ ਪਤਨੀ ਗੁਨੀਵ ਮਜੀਠੀਆ ਪਹਿਲੀ ਦਫ਼ਾ ਹਲਕਾ ਮਜੀਠਾ ਤੋਂ ਚੋਣ ਪਿੜ ‘ਚ ਕੁੱਦੀ ਹੈ| ਜਥੇਦਾਰ ਤੋਤਾ ਸਿੰਘ ਹਲਕਾ ਧਰਮਕੋਟ ਅਤੇ ਉਨ੍ਹਾਂ ਦਾ ਲੜਕਾ ਬਲਜਿੰਦਰ ਸਿੰਘ ਹਲਕਾ ਮੋਗਾ ਤੋਂ ਮੈਦਾਨ ਵਿਚ ਹਨ| ਇਵੇਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਘਨੌਰ ਅਤੇ ਉਨ੍ਹਾਂ ਦਾ ਲੜਕਾ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਲਕਾ ਸਨੌਰ ਤੋਂ ਡਟਿਆ ਹੋਇਆ ਹੈ|ਇਸੇ ਤਰ੍ਹਾਂ ਹਲਕਾ ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਅਤੇ ਉਨ੍ਹਾਂ ਦਾ ਭਰਾ ਫਤਹਿਜੰਗ ਸਿੰਘ ਬਾਜਵਾ ਹਲਕਾ ਬਟਾਲਾ ਤੋਂ ਚੋਣ ਲੜ ਰਿਹਾ ਹੈ| ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹਲਕਾ ਚਮਕੌਰ ਸਾਹਿਬ ਤੇ ਭਦੌੜ ਤੋਂ ਖੜ੍ਹੇ ਹਨ ਜਦੋਂ ਕਿ ਉਨ੍ਹਾਂ ਦਾ ਭਰਾ ਡਾ. ਮਨੋਹਰ ਸਿੰਘ ਹਲਕਾ ਬੱਸੀ ਪਠਾਣਾਂ ਤੋਂ ਕਿਸਮਤ ਪਰਖ ਰਿਹਾ ਹੈ| ਇਸ ਤੋਂ ਇਲਾਵਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦਾ ਲੜਕਾ ਹਲਕਾ ਸੁਲਤਾਨਪੁਰ ਲੋਧੀ ਤੋਂ ਚੋਣਾਂ ਵਿਚ ਖੜ੍ਹਾ ਹੈ| 

            ਹਲਕਾ ਸਮਰਾਲਾ ਤੋਂ ਆਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੇ ਸਾਹਮਣੇ ਉਨ੍ਹਾਂ ਦੇ ਸਕੇ ਭਰਾ ਦਾ ਪੋਤਰਾ ਪਰਮਜੀਤ ਸਿੰਘ ਢਿੱਲੋਂ ਚੋਣ ਮੈਦਾਨ ਵਿਚ ਖੜ੍ਹਾ ਹੈ| ਇਸ ਹਲਕੇ ਵਿਚ ਦਾਦੇ ਪੋਤੇ ਦਾ ਮੁਕਾਬਲਾ ਹੋਵੇਗਾ| ਇਸ ਤੋਂ ਬਿਨਾਂ ਬਹੁਤੇ ਸਿਆਸੀ ਪਰਿਵਾਰਾਂ ਦੇ ਫ਼ਰਜ਼ੰਦ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਨੂੰ ਮਾਪੇ ਵਿਧਾਨ ਸਭਾ ਦੀਆਂ ਪੌੜੀਆਂ ਚੜ੍ਹਾਉਣ ਲਈ ਵਾਹ ਲਾ ਰਹੇ ਹਨ|ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਹਲਕਾ ਪਟਿਆਲਾ ਦਿਹਾਤੀ ਤੋਂ ਆਪਣੇ ਲੜਕੇ ਮੋਹਿਤ ਮਹਿੰਦਰਾ ਲਈ, ਚੇਅਰਮੈਨ ਲਾਲ ਸਿੰਘ ਹਲਕਾ ਸਮਾਣਾ ਤੋਂ ਆਪਣੇ ਲੜਕੇ ਰਾਜਿੰਦਰ ਸਿੰਘ ਲਈ ਲੜਾਈ ਲੜ ਰਹੇ ਹਨ| ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਬੋਹਰ ਤੋਂ ਆਪਣੇ ਭਤੀਜੇ ਸੰਦੀਪ ਜਾਖੜ ਲਈ ਚੋਣ ਪ੍ਰਚਾਰ ਕਰ ਰਹੇ ਹਨ ਜਦੋਂ ਕਿ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਹਲਕਾ ਬਰਨਾਲਾ ਤੋਂ ਆਪਣੇ ਲੜਕੇ ਮੁਨੀਸ਼ ਬਾਂਸਲ ਨੂੰ ਜਿਤਾਉਣ ਲਈ ਬਰਨਾਲਾ ਵਿਚ ਡੇਰਾ ਲਾਈ ਬੈਠੇ ਹਨ| ਵਿਧਾਨ ਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਲੜਕਾ ਰਵੀਕਰਨ ਕਾਹਲੋਂ ਹਲਕਾ ਡੇਰਾ ਬਾਬਾ ਨਾਨਕ ਤੋਂ ਚੋਣ ਲੜ ਰਿਹਾ ਹੈ ਜਦੋਂ ਕਿ ਮਰਹੂਮ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਦਾ ਲੜਕਾ ਜਗਰੂਪ ਸਿੰਘ ਸੇਖਵਾਂ ਹਲਕਾ ਕਾਦੀਆਂ ਤੋਂ ਆਪਣੇ ਪਰਿਵਾਰ ਦੀ ਸਿਆਸੀ ਵਿਰਾਸਤ ਬਚਾਉਣ ਲਈ ‘ਆਪ’ ਉਮੀਦਵਾਰ ਵਜੋਂ ਚੋਣ ਪਿੜ ਵਿਚ ਹੈ|

              ਮੌਜੂਦਾ ਵਿਧਾਇਕ ਸੁਰਜੀਤ ਸਿੰਘ ਧੀਮਾਨ ਦਾ ਲੜਕਾ ਜਸਵਿੰਦਰ ਸਿੰਘ ਸੁਨਾਮ ਹਲਕੇ ਤੋਂ ਚੋਣ ਲੜ ਰਿਹਾ ਹੈ ਜਦੋਂ ਕਿ ਸਾਬਕਾ ਵਿਧਾਇਕ ਧਨਵੰਤ ਸਿੰਘ ਧੂਰੀ ਦਾ ਲੜਕਾ ਸਮਿਤ ਸਿੰਘ ਹਲਕਾ ਅਮਰਗੜ੍ਹ ਤੋਂ ਚੋਣ ਮੈਦਾਨ ਵਿਚ ਹੈ| ਸੰਸਦ ਮੈਂਬਰ ਡਾ. ਅਮਰ ਸਿੰਘ ਆਪਣੇ ਲੜਕੇ ਕਾਮਿਲ ਅਮਰ ਸਿੰਘ ਜੋ ਕਿ ਹਲਕਾ ਰਾਏਕੋਟ ਤੋਂ ਮੈਦਾਨ ਵਿਚ ਹਨ, ਲਈ ਦਿਨ ਰਾਤ ਜਾਗ ਰਹੇ ਹਨ| ਮਰਹੂਮ ਅਕਾਲੀ ਨੇਤਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਦੋਹਤਾ ਕਨਵਰਬੀਰ ਸਿੰਘ ਹਲਕਾ ਅਮਲੋਹ ਤੋਂ ਭਾਜਪਾ ਉਮੀਦਵਾਰ ਹੈ| ਐੱਮਪੀ ਚੌਧਰੀ ਸੰਤੋਖ ਸਿੰਘ ਦਾ ਲੜਕਾ ਬਿਕਰਮਜੀਤ ਸਿੰਘ ਹਲਕਾ ਫਿਲੌਰ ਤੋਂ ਕਾਂਗਰਸੀ ਉਮੀਦਵਾਰ ਵਜੋਂ ਕੁੱਦਿਆ ਹੋਇਆ ਹੈ| ਸੰਯੁਕਤ ਅਕਾਲੀ ਦਲ ਤਰਫ਼ੋਂ ਹਲਕਾ ਫਿਲੌਰ ਤੋਂ ਸਾਬਕਾ ਮੰਤਰੀ ਸਰਵਣ ਸਿੰਘ ਫਿਲੌਰ ਦਾ ਲੜਕਾ ਦਮਨਵੀਰ ਸਿੰਘ ਚੋਣ ਲੜ ਰਿਹਾ ਹੈ ਅਤੇ ਇਸੇ ਤਰ੍ਹਾਂ ਮਰਹੂਮ ਸਾਬਕਾ ਸੰਸਦ ਮੈਂਬਰ ਜਗਦੇਵ ਸਿੰਘ ਖੁੱਡੀਆਂ ਦਾ ਲੜਕਾ ਗੁਰਮੀਤ ਸਿੰਘ ਖੁੱਡੀਆਂ ‘ਆਪ’ ਉਮੀਦਵਾਰ ਵਜੋਂ ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਟੱਕਰ ਦੇ ਰਿਹਾ ਹੈ|ਸਾਬਕਾ ਸੰਸਦ ਮੈਂਬਰ ਪ੍ਰੋ.ਸਾਧੂ ਸਿੰਘ ਦੀ ਲੜਕੀ ਡਾ. ਬਲਜੀਤ ਕੌਰ ਵੀ ‘ਆਪ’ ਉਮੀਦਵਾਰ ਵਜੋਂ ਹਲਕਾ ਮਲੋਟ ਤੋਂ ਚੋਣ ਲੜ ਰਹੀ ਹੈ| ਇਨ੍ਹਾਂ ਸਭਨਾਂ ਦੇ ਹੱਥ ਆਪੋ ਆਪਣੇ ਪਰਿਵਾਰਾਂ ਦੀ ਸਿਆਸੀ ਵਿਰਾਸਤ ਦੀ ਡੋਰ ਹੈ|

                                            ਸਿਆਸਤ ਪੁਰਾਣੀ, ਚਿਹਰੇ ਨਵੇਂ

ਪੰਜਾਬ ਚੋਣਾਂ ’ਚ ਕਰੀਬ ਸਵਾ ਦੋ ਸੌ ਨਵੇਂ ਚਿਹਰੇ ਹਨ| ਸ਼੍ਰੋਮਣੀ ਅਕਾਲੀ ਦਲ ਨੇ ਐਤਕੀਂ ਚੋਣਾਂ ਵਿਚ ਕਰੀਬ ਦੋ ਦਰਜਨ ਨਵੇਂ ਚਿਹਰੇ ਚੋਣ ਅਖਾੜੇ ਵਿਚ ਉਤਾਰੇ ਹਨ ਜਦੋਂ ਕਿ ਕਾਂਗਰਸ ਪਾਰਟੀ ਨੇ ਡੇਢ ਦਰਜਨ ਦੇ ਕਰੀਬ ਨਵੇਂ ਉਮੀਦਵਾਰ ਮੈਦਾਨ ਵਿਚ ਅੱਗੇ ਕੀਤੇ ਹਨ| ਆਮ ਆਦਮੀ ਪਾਰਟੀ ਨੇ 15 ਨਵੇਂ ਚਿਹਰੇ ਦਿੱਤੇ ਹਨ ਜਦੋਂ ਕਿ ਭਾਜਪਾ ਅਤੇ ਉਨ੍ਹਾਂ ਦੇ ਭਾਈਵਾਲਾਂ ਨੇ 65 ਦੇ ਕਰੀਬ ਨਵੇਂ ਚਿਹਰੇ ਉਤਾਰੇ ਹਨ| ਸੰਯੁਕਤ ਕਿਸਾਨ ਮੋਰਚਾ ਵੱਲੋਂ ਕਰੀਬ ਇੱਕ ਸੌ ਨਵੇਂ ਚਿਹਰੇ ਲਿਆਂਦੇ ਹਨ|

Friday, February 4, 2022

                                                     ਨਾਮ ਛੋਟੇ, ਸੁਫਨੇ ਵੱਡੇ 
                                    ਸ਼ੈਰੀ,ਸ਼ੇਰਾ,ਕਿੱਕੀ,ਸਿੱਕੀ..ਸਭ ਹਾਜ਼ਰ ! 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਜਿਨ੍ਹਾਂ ਦੇ ਨਾਮ ਛੋਟੇ ਹਨ, ਉਨ੍ਹਾਂ ਦੇ ਸੁਫਨੇ ਵੱਡੇ ਹਨ | ਪੰਜਾਬ ਚੋਣਾਂ 'ਚ ਦਰਜਨਾਂ ਉਮੀਦਵਾਰ ਹਨ ਜਿਨ੍ਹਾਂ ਦੇ ਮਾਪਿਆਂ ਵੱਲੋਂ ਲਾਡ 'ਚ ਰੱਖੇ ਨਿੱਕੇ ਨਾਮ ਚੁਣਾਵੀਂ ਮਾਹੌਲ 'ਚ ਗੂੰਜ ਰਹੇ ਹਨ | ਚੋਣਾਂ ਦਾ ਅਖਾੜਾ ਦਿਲਚਸਪ ਬੱਝਣ ਲੱਗਾ ਹੈ ਕਿ ਇੱਕੋ ਵੇਲੇ ਪੰਜ 'ਗੋਲਡੀ' ਵੋਟਾਂ ਮੰਗ ਰਹੇ ਹਨ | ਕਾਂਗਰਸ ਕੋਲ ਸ਼ੈਰੀ (ਨਵਜੋਤ ਸਿੱਧੂ) ਹੈ ਤਾਂ 'ਆਪ' ਕੋਲ ਵੀ 'ਸ਼ੈਰੀ' (ਸ਼ੈਰੀ ਕਲਸੀ) ਹੈ, ਸੰਯੁਕਤ ਸਮਾਜ ਮੋਰਚਾ ਕੋਲ ਸ਼ੇਰਾ (ਸ਼ਮਸ਼ੇਰ ਸਿੰਘ ਸ਼ੇਰਾ) ਹੈ | ਸਭ ਰਾਜਸੀ ਧਿਰਾਂ ਦੇ ਉਮੀਦਵਾਰ ਚੋਣ ਪਿੜ 'ਚ ਗੇੜੇ 'ਤੇ ਗੇੜਾ ਮਾਰ ਰਹੇ ਹਨ |  ਸ਼ੋ੍ਰਮਣੀ ਅਕਾਲੀ ਦਲ ਦੇ ਚੋਣ ਦੰਗਲ 'ਚ ਰੋਜ਼ੀ, ਬੰਟੀ, ਬੋਨੀ, ਨੋਨੀ, ਡਿੰਪੀ, ਲੱਖੀ, ਸੁੱਖੀ, ਜਿੰਦੂ ਤੇ ਬਿੱਟੂ ਡਟੇ ਹਨ ਤਾਂ ਕਾਂਗਰਸ ਦੇ ਵੀ ਸ਼ੈਰੀ,ਚੰਨੀ, ਪਿੰਕੀ,ਕਿੱਕੀ, ਸਿੱਕੀ, ਡੈਨੀ, ਸੋਨੀ, ਲਾਡੀ, ਰਿੰਕੂ, ਲਾਲੀ, ਕਾਕਾ, ਹੈਰੀ, ਲਾਲੀ, ਲੱਖਾ ਤੇ ਜੱਗਾ ਵੀ ਚੋਣਾਂ ਵਿਚ ਕੁੱਦੇ ਹੋਏ ਹਨ | 

            ਆਮ ਆਦਮੀ ਪਾਰਟੀ ਕਿਹੜਾ ਘੱਟ ਹੈ ਜਿਨ੍ਹਾਂ ਦੇ ਕਾਕਾ, ਹੈਪੀ, ਗੋਗੀ, ਸ਼ੈਰੀ, ਲਾਲੀ, ਰਾਣਾ, ਲਾਡੀ ਆਦਿ ਚੋਣ ਮੈਦਾਨ ਵਿਚ ਹਨ | ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਬਿੱਟੂ, ਮਿੰਟੂ, ਲੱਖਾ, ਲਵਲੀ, ਰਾਜੂ, ਰਾਣਾ, ਸ਼ੇਰਾ ਆਦਿ ਚੋਣਾਂ ਵਿਚ ਉਤਾਰੇ ਹਨ | ਭਾਜਪਾ ਤੇ ਭਾਈਵਾਲਾਂ ਦੇ ਵੀ ਰਾਣਾ,ਜੋਗਾ,ਚੰਨੀ ਤੇ ਗੋਲਡੀ ਵੀ ਮੈਦਾਨ ਵਿਚ ਹਨ | ਹਲਕਿਆਂ ਵਿਚ ਇਨ੍ਹਾਂ ਚੋਂ ਬਹੁਤੇ ਉਮੀਦਵਾਰਾਂ ਨੂੰ ਲੋਕ ਛੋਟੇ ਨਾਮ ਨਾਲ ਹੀ ਜਾਣਦੇ ਹਨ ਅਤੇ ਕਈ ਉਨ੍ਹਾਂ ਦੇ ਪੂਰੇ ਨਾਮ ਤੋਂ ਵੀ ਵਾਕਿਫ ਨਹੀਂ ਹਨ | ਇਨ੍ਹਾਂ ਉਮੀਦਵਾਰਾਂ ਦੇ ਬਚਪਨ ਉਮਰੇ ਲਾਡ 'ਚ ਰੱਖੇ ਨਾਮ ਹੁਣ ਚੋਣਾਂ ਵਿਚ ਵੱਖਰਾ ਨਜ਼ਾਰਾ ਬੰਨ ਰਹੇ ਹਨ | ਫਰੀਦਕੋਟ ਹਲਕੇ 'ਚ ਅਕਾਲੀ ਉਮੀਦਵਾਰ ਪਰਮਬੰਸ ਸਿੰਘ 'ਬੰਟੀ' ਦੇ ਮੁਕਾਬਲੇ 'ਚ ਕਾਂਗਰਸ ਦੇ ਕੁਸ਼ਲਦੀਪ ਸਿੰਘ 'ਕਿੱਕੀ' ਮੈਦਾਨ ਵਿਚ ਹਨ | ਮੁਕਤਸਰ ਤੋਂ ਕੰਵਰਜੀਤ ਸਿੰਘ 'ਰੋਜ਼ੀ' ਦੇ ਮੁਕਾਬਲੇ 'ਚ 'ਆਪ' ਦੇ ਜਗਦੀਪ ਸਿੰਘ 'ਕਾਕਾ' ਖੜ੍ਹੇ ਹਨ | 

   ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੋਸਤਾਂ 'ਚ ਸ਼ੈਰੀ ਵਜੋਂ ਜਾਣੇ ਜਾਂਦੇ ਹਨ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਨਾਮ 'ਚੰਨੀ' ਵਜੋਂ ਗੂੰਜਦਾ ਹੈ | 'ਆਪ' ਵੱਲੋਂ ਚੋਣ ਮੈਦਾਨ ਵਿਚ ਤਿੰਨ 'ਗੋਲਡੀ' ਉਤਾਰੇ ਗਏ ਹਨ ਜਿਨ੍ਹਾਂ ਵਿਚ ਬੱਲੂਆਣਾ ਤੋਂ ਅਮਨਦੀਪ ਗੋਲਡੀ, ਜਲਾਲਾਬਾਦ ਤੋਂ ਜਗਦੀਪ ਗੋਲਡੀ ਅਤੇ ਰਾਜਾਸਾਂਸੀ ਤੋਂ ਅਮਨਦੀਪ 'ਗੋਲਡੀ' ਸ਼ਾਮਿਲ ਹਨ | ਕਾਂਗਰਸ ਨੇ ਧੂਰੀ ਤੋਂ ਦਲਬੀਰ 'ਗੋਲਡੀ' ਅਤੇ ਅਕਾਲੀ ਦਲ ਨੇ ਸੰਗਰੂਰ ਤੋਂ ਵਿਨਰਜੀਤ 'ਗੋਲਡੀ' ਨੂੰ ਚੋਣ ਪਿੜ ਵਿਚ ਖੜ੍ਹਾ ਕੀਤਾ ਹੈ | ਤਿੰਨ 'ਰਾਣੇ' ਵੀ ਚੋਣ ਅਖਾੜੇ ਵਿਚ ਡਟੇ ਹਨ ਜਿਨ੍ਹਾਂ ਵਿਚ 'ਆਪ' ਨੇ ਭੁਲੱਥ ਤੋਂ ਰਣਜੀਤ 'ਰਾਣਾ', ਭਾਜਪਾ ਨੇ ਦਸੂਹਾ ਤੋਂ ਰਘੂਨਾਥ 'ਰਾਣਾ' ਅਤੇ ਸੰਯੁਕਤ ਸਮਾਜ ਮੋਰਚਾ ਨੇ ਆਤਮ ਨਗਰ ਲੁਧਿਆਣਾ ਤੋਂ ਹਰਕੀਰਤ 'ਰਾਣਾ' ਨੂੰ ਉਤਾਰਿਆ ਹੈ | 

            ਕਾਂਗਰਸ ਦਾ ਪਾਇਲ ਤੋਂ ਲਖਬੀਰ 'ਲੱਖਾ' ਮੈਦਾਨ ਵਿਚ ਹੈ ਤਾਂ ਸੰਯੁਕਤ ਸਮਾਜ ਮੋਰਚਾ ਦਾ ਹਲਕਾ ਮੌੜ ਤੋਂ 'ਲੱਖਾ' ਸਧਾਣਾ ਉਮੀਦਵਾਰ ਹੈ, ਹਾਲਾਂਕਿ ਬਸਪਾ ਦਾ ਉੜਮੜ ਤੋਂ ਲਖਵਿੰਦਰ 'ਲੱਖੀ' ਵੀ ਮੈਦਾਨ ਵਿਚ ਹੈ | ਇਵੇਂ ਕਾਂਗਰਸ ਦਾ ਹਰਦੇਵ 'ਲਾਡੀ' ਸ਼ਾਹਕੋਟ ਤੋਂ ਖੜ੍ਹਾ ਹੈ ਤਾਂ 'ਆਪ' ਦਾ ਦਵਿੰਦਰ ਸਿੰਘ 'ਲਾਡੀ' ਹਲਕਾ ਧਰਮਕੋਟ ਤੋਂ ਡਟਿਆ ਹੋਇਆ ਹੈ | ਚੋਣ ਫਿਜ਼ਾ ਵਿਚ ਟੌਂਗ,ਗੜ੍ਹੀ,ਸੰਧਰ,ਚੌਧਰੀ, ਭਗਤ,ਖੋਜੇਵਾਲਾ, ਚੰਦੀ, ਡਾਲਾ, ਖਾਰਾ,ਕਲਿਆਣ, ਸੌਂਧ,ਵੈਦ, ਜ਼ੀਰਾ,ਜੀਪੀ,ਮੁਸਾਫਿਰ,ਰਾਹੀ,ਦਿਲਵਾਨ ਆਦਿ ਵੀ ਗੂੰਜ ਰਹੇ ਹਨ | ਦੇਖਣਾ ਹੋਵੇਗਾ ਕਿ ਇਨ੍ਹਾਂ ਚੋਣਾਂ ਵਿਚ ਛੋਟੇ ਨਾਮਾਂ ਵਾਲੇ ਕਿੰਨੇ ਉਮੀਦਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਦੇ ਹਨ | ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਵੋਟਰਾਂ 'ਚ ਚੇਤਨਾ ਦੇ ਪਸਾਰ ਲਈ ਜੋ ਮਸਕਟ ਲਾਂਚ ਕੀਤਾ ਗਿਆ ਹੈ, ਉਸ ਦਾ ਨਾਮ ਵੀ 'ਸ਼ੇਰਾ' ਰੱਖਿਆ ਗਿਆ ਹੈ |  

                       ਛੋਟੇ ਨਾਵਾਂ ਦਾ ਸਿਆਸੀ ਲਾਹਾ ਮਿਲਦਾ ਹੈ : ਈਸ਼ਵਰ ਸਿੰਘ      

ਲੁਧਿਆਣਾ ਦੇ ਸਿਆਸੀ ਆਗੂ ਅਤੇ ਸਨਅਤਕਾਰ ਈਸ਼ਵਰ ਸਿੰਘ ਭੰਦੋਹਲ ਦਾ ਪ੍ਰਤੀਕਰਮ ਸੀ ਕਿ ਛੋਟੇ ਨਾਮ ਅਕਸਰ ਵੋਟਰਾਂ ਦੀ ਜੁਬਾਨ 'ਤੇ ਚੜ੍ਹ ਜਾਂਦੇ ਹਨ ਜਿਸ ਦਾ ਉਮੀਦਵਾਰਾਂ ਨੂੰ ਸਿਆਸੀ ਲਾਹਾ ਵੀ ਮਿਲ ਜਾਂਦਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਾਵਾਂ ਦੀ ਜਿਆਦਾ ਗੂੰਜ ਪੈਂਦੀ ਹੈ | ਛੋਟੇ ਨਾਵਾਂ ਨੂੰ ਸਿਆਸੀ ਗਾਣਿਆਂ ਵਿਚ ਸ਼ਾਮਿਲ ਕਰਨਾ ਵੀ ਸੌਖਾ ਹੁੰਦਾ ਹੈ | 

          


Wednesday, February 2, 2022

                                                             ਟੂੰਮਾਂ ਛੱਲੇ
                                        ਨੇਤਾ ਜੀ ਤਾਂ ਸੋਨੇ ਦੀ ਖਾਨ ਨਿਕਲੇ..!
                                                          ਚਰਨਜੀਤ ਭੁੱਲਰ    

ਚੰਡੀਗੜ੍ਹ :ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ ਬਾਦਲ ਪਰਿਵਾਰ ਤੋਂ ਵੀ ਵੱਧ ਗਹਿਣੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਉੱਤਰੇ ਉਮੀਦਵਾਰਾਂ ’ਚੋਂ ਖੰਨਾ ਪਰਿਵਾਰ ਇਸ ਮਾਮਲੇ ’ਚ ਸਭ ਤੋਂ ਸਿਖ਼ਰ ’ਤੇ ਹੈ। ਗਹਿਣਿਆਂ ਦੇ ਮਾਮਲੇ ’ਚ ਪਹਿਲਾਂ ਬਾਦਲ ਪਰਿਵਾਰ ਦੀ ਝੰਡੀ ਰਹੀ ਹੈ। ਜਦੋਂ ਇਨ੍ਹਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਆਪਣੀ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਏ ਹਨ।ਸੰਗਰੂਰ ਤੋਂ ਭਾਜਪਾਈ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ 9.70 ਕਰੋੜ ਦੇ ਗਹਿਣੇ ਹਨ, ਜਿਨ੍ਹਾਂ ’ਚੋਂ ਅਰਵਿੰਦ ਖੰਨਾ ਕੋਲ 5.31 ਕਰੋੜ ਅਤੇ ਉਨ੍ਹਾਂ ਦੀ ਪਤਨੀ ਕੋਲ 4.39 ਕਰੋੜ ਦੇ ਗਹਿਣੇ ਹਨ। 

              ਮੌਜੂਦਾ ਸੋਨੇ ਦੇ ਭਾਅ ਦੇ ਹਿਸਾਬ ਨਾਲ ਦੇਖੀਏ ਤਾਂ ਖੰਨਾ ਪਰਿਵਾਰ ਕੋਲ 19.50 ਕਿਲੋ ਸੋਨਾ ਹੈ। ਬਾਦਲ ਪਰਿਵਾਰ ਕੋਲ 7.33 ਕਰੋੜ ਦੇ ਗਹਿਣੇ (ਸਟੋਨ, ਡਾਇਮੰਡ, ਸੋਨਾ ਆਦਿ) ਹਨ, ਜਿਨ੍ਹਾਂ ’ਚੋਂ ਹਰਸਿਮਰਤ ਕੌਰ ਬਾਦਲ ਕੋਲ 7.24 ਕਰੋੜ ਦੇ ਗਹਿਣੇ ਹਨ। ਇਨ੍ਹਾਂ ’ਚੋਂ ਕੁਝ ਗਹਿਣੇ ਵਿਰਾਸਤ ’ਚੋਂ ਮਿਲੇ ਹਨ। ਸੋਨੇ ਦੇ ਮੌਜੂਦਾ ਭਾਅ ਨਾਲ ਤੁਲਨਾ ਕਰਨੀ ਹੋਵੇ ਤਾਂ 14.76 ਕਿਲੋ ਸੋਨਾ ਬਣ ਜਾਂਦਾ ਹੈ। ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਇਸ ਮੁਕਾਬਲੇ ’ਚ ਤੀਜੇ ਨੰਬਰ ’ਤੇ ਹਨ, ਜਿਨ੍ਹਾਂ ਦੇ ਪਰਿਵਾਰ ਕੋਲ 2.28 ਕਰੋੜ ਦੇ ਗਹਿਣੇ ਹਨ। ਇਸ ’ਚੋਂ ਰਾਣਾ ਗੁਰਜੀਤ ਕੋਲ 42.94 ਲੱਖ ਦੇ ਅਤੇ ਉਨ੍ਹਾਂ ਦੀ ਪਤਨੀ ਕੋਲ 1.86 ਕਰੋੜ ਦੇ ਗਹਿਣੇ ਹਨ। ਇਸ ’ਚ 3.68 ਕਿਲੋਗਰਾਮ ਤਾਂ ਸੋਨਾ ਹੀ ਹੈ ਜਦੋਂ ਕਿ 20 ਲੱਖ ਰੁਪਏ ਦਾ ਡਾਇਮੰਡ ਹੈ।

            ਜ਼ੀਰਾ ਹਲਕੇ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਵੀ ਕਿਸੇ ਨਾਲੋਂ ਘੱਟ ਨਹੀਂ। ਸੇਖੋਂ ਦੇ ਪਰਿਵਾਰ ਕੋਲ 1.54 ਕਰੋੜ ਦੇ ਗਹਿਣੇ ਹਨ। ਡਾਇਮੰਡ ਤੋਂ ਇਲਾਵਾ ਕਈ ਗੋਲਡ ਸੈੱਟ ਹਨ। ਪਟਿਆਲਾ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕੋਲ 1.43 ਕਰੋੜ ਦੇ ਗਹਿਣੇ ਹਨ। ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਵੀ ਇਸ ਮਾਮਲੇ ’ਚ ਖ਼ਾਸ ਹਨ। ਅਰੋੜਾ ਪਰਿਵਾਰ ਕੋਲ ਵੀ 1.27 ਕਰੋੜ ਦੇ ਗਹਿਣੇ ਹਨ, ਜਿਸ ’ਚ 1.87 ਕਿਲੋ ਸੋਨਾ ਸ਼ਾਮਲ ਹੈ। ਇਸ ਤੋਂ ਇਲਾਵਾ 36 ਲੱਖ ਦਾ ਡਾਇਮੰਡ ਵੀ ਹੈ। ਇਵੇਂ ਹੀ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਦੇ ਪਰਿਵਾਰ ਕੋਲ 1.21 ਕਰੋੜ ਦੇ ਗਹਿਣੇ ਹਨ, ਜਿਸ ’ਚੋਂ ਉਨ੍ਹਾਂ ਦੀ ਪਤਨੀ ਕੋਲ 97 ਲੱਖ ਦੇ ਗਹਿਣੇ ਹਨ। 

          ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਕੋਲ ਇੱਕ ਕਰੋੜ ਦੇ ਗਹਿਣੇ ਹਨ, ਜਿਸ ’ਚੋਂ 70 ਲੱਖ ਦੇ ਗਹਿਣੇ ਉਨ੍ਹਾਂ ਦੀ ਪਤਨੀ ਕੋਲ ਹਨ। ਨਵਜੋਤ ਸਿੱਧੂ ਕੋਲ 44 ਲੱਖ ਦੀਆਂ ਘੜੀਆਂ ਵੀ ਹਨ। ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਕੋਲ 65.60 ਲੱਖ ਦੇ ਗਹਿਣੇ ਹਨ।ਉਪ ਮੁੱਖ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਓਪੀ ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਦੇ ਗਹਿਣੇ ਹਨ। ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਕੋਲ ਸਿਰਫ 22.50 ਲੱਖ ਦਾ ਹੀ ਸੋਨਾ ਹੈ। ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਪਰਿਵਾਰ ਕੋਲ ਵੀ 75.17 ਲੱਖ ਦੇ ਗਹਿਣੇ ਹਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਕੋਲ 27 ਲੱਖ ਦੇ ਗਹਿਣੇ ਹਨ। 

         ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਕੋਲ 31.20 ਲੱਖ ਦੇ ਗਹਿਣੇ ਹਨ। ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਕੋਲ ਨਾ ਤਾਂ ਆਪਣਾ ਘਰ ਹੈ, ਨਾ ਖੇਤ ਅਤੇ ਨਾ ਹੀ ਕੋਈ ਵਪਾਰਕ ਸੰਪਤੀ ਹੈ। ਉਸ ਕੋਲ ਸਿਰਫ ਦੋ ਬੈਂਕ ਖਾਤੇ ਹਨ, ਜਿਨ੍ਹਾਂ ਵਿਚ 24,409 ਰੁਪਏ ਹਨ। 

                                    ਗਰੀਬ ਦੇ ਪੀਪੇ ’ਚ ਏਨਾ ਆਟਾ ਨਹੀਂ ਹੁੰਦਾ...

ਪੰਜਾਬ ’ਚ ਕੁੱਲ  2.11 ਕਰੋੋੜ ਵੋਟਰ ਹਨ, ਜਿਨ੍ਹਾਂ ’ਚੋਂ ਬਹੁਤੇ ਵੋਟਰਾਂ ਨੂੰ ਦੋ ਡੰਗ ਦੀ ਰੋਟੀ ਮਸਾਂ ਨਸੀਬ ਹੁੰਦੀ ਹੈ। ਪਿੰਡਾਂ ਦੇ ਵਿਹੜਿਆਂ ਵਿਚ ਕਿਸੇ ਗਰੀਬ ਦੇ ਪੀਪੇ ’ਚ ਏਨਾ ਆਟਾ ਨਹੀਂ ਹੁੰਦਾ, ਜਿਨ੍ਹਾਂ ਧਨਾਢ ਉਮੀਦਵਾਰਾਂ ਕੋਲ ਸੋਨਾ ਹੈ। ਮੌਜੂਦਾ ਦੌਰ ਵਿਚ ਚੋਣ ਲੜਨੀ ‘ਖਾਲਾ ਜੀ ਦਾ ਵਾੜਾ’ ਨਹੀਂ ਹੈ, ਜਿਸ ਕਰਕੇ ਮਾਲੀ ਪਹੁੰਚ ਵਾਲੇ ਹੀ ਚੋਣ ਜਿੱਤਣ ਦੇ ਸੁਫਨੇ ਲੈ ਸਕਦੇ ਹਨ। ਵਿਦਿਆਰਥੀ ਆਗੂ ਗਗਨ ਸੰਗਰਾਮੀ ਮੁਕਤਸਰ ਨੇ ਕਿਹਾ ਕਿ ਇਹ ਦਿਨ ਹੁਣ ‘ਪੀਪਿਆਂ ਵਾਲਿਆਂ’ ਦੇ ਹਨ, ਜਿਸ ਕਰਕੇ ਉਹ ਆਪਣੇ ਦਿਨ ਫੇਰਨ ਲਈ ਵੋਟ ਦਾ ਇਸਤੇਮਾਲ ਸੋਚ-ਸਮਝ ਕੇ ਕਰਨ।