Wednesday, February 16, 2022

                                                           ਚੋਣਾਂ ਦਾ ਰੰਗ
                                  ਲੰਬੀ ਦੇ ਸਿਆਸੀ ਰਾਹਾਂ ’ਤੇ ਨਵੀਂ ਪੈੜਚਾਲ
                                                          ਚਰਨਜੀਤ ਭੁੱਲਰ   

ਲੰਬੀ : ਐਤਕੀਂ ਹਲਕਾ ਲੰਬੀ ’ਚ ਸਿਆਸੀ ਰਾਹ ਇੰਨੇ ਮੋਕਲੇ ਨਹੀਂ ਜਾਪ ਰਹੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਨ੍ਹਾਂ ਰਾਹਾਂ ਤੋਂ ਬਾਖੂਬੀ ਵਾਕਫ ਹਨ। ਕਿੱਥੋਂ ਮੋੜਾ ਕੱਟਣਾ ਹੈ­ ਅਤੇ ਕਿਥੋਂ ਰਾਹ ਜਰਨੈਲੀ ਸੜਕ ’ਤੇ ਖੁੱਲ੍ਹਦਾ ਹੈ­, ਉਨ੍ਹਾਂ ਨੂੰ ਕੁਝ ਭੁੱਲਿਆ ਨਹੀਂ ਪਰ ਅੱਗਿਓਂ ਲੰਬੀ ਹਲਕੇ ਦੇ ਪਿੰਡਾਂ ’ਚ ਆਮ ਆਦਮੀ ਪਾਰਟੀ ਦੇ ਝੰਡਿਆਂ ਵਾਲੇ ਮੋਟਰਸਾਈਕਲ ਸ਼ੂਕਦੇ ਜਾ ਰਹੇ ਹਨ। ‘ਆਪ’ ਦਾ ਲੰਬੀ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਚੋਣ ਮੈਦਾਨ ਵਿਚ ਹੈ­। ਉਹ ਹਰ ਸਟੇਜ ਤੋਂ ਆਖਦਾ ਹੈ ਕਿ ਐਤਕੀਂ ਸਮੁੰਦਰਾਂ ਨੂੰ ਬੰਨ੍ਹ ਮਾਰਾਂਗੇ।ਹਲਕਾ ਲੰਬੀ ਬਾਦਲਾਂ ਦਾ ਗੜ੍ਹ ਹੈ, ਜਿਸ ’ਚ ਕਿਤੇ ਕੋਈ ਛਿੱਕ ਵੀ ਮਾਰੇ­ ਤਾਂ ਬਾਦਲਾਂ ਨੂੰ ਖ਼ਬਰ ਹੋ ਜਾਂਦੀ ਹੈ। 

          ਪੰਜਾਬ ਦੇ ਚੋਣ ਪਿੜ ’ਚ ਸਭ ਤੋਂ ਵੱਡੀ ਉਮਰ ਦੇ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਹਨ। ਉਹ 1997 ਤੋਂ ਲਾਗਾਤਾਰ ਇਸ ਹਲਕੇ ’ਚ ਕਾਂਗਰਸ ਨੂੰ ਹਰਾਉਂਦੇ ਆ ਰਹੇ ਹਨ। 2017 ’ਚ ਉਨ੍ਹਾਂ ਇਸ ਸੁਨੇਹੇ ਨਾਲ ਵੋਟਾਂ ਮੰਗੀਆਂ ਸਨ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੈ। ਇਸ ਵਾਰ ਬਾਦਲ ਪਿੰਡਾਂ ’ਚ ਆਖ ਰਹੇ ਹਨ ਕਿ ਉਨ੍ਹਾਂ ਦਾ ਐਤਕੀਂ ਚੋਣ ਲੜਨ ਦਾ ਮਨ ਨਹੀਂ ਸੀ­ ਪਰ ਪਾਰਟੀ ਨੇ ਹੁਕਮ ਕੀਤਾ­ ਤਾਂ ਹੁਕਮ ਕਿਵੇਂ ਟਾਲਦੇ। ‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਇਸ ਦਾ ਵੱਖਰੇ ਨਜ਼ਰੀਏ ਤੋ ਵਖਿਆਨ ਕਰਦੇ ਹਨ­। ਉਹ ਕਹਿੰਦੇ ਹਨ, ‘‘ਵੱਡੇ ਬਾਦਲ ਸਿਆਸੀ ਮਜਬੂਰੀ ’ਚ ਚੋਣ ਲੜ ਰਹੇ ਨੇ­। ਸੁਖਬੀਰ ਨੇ ਉਨ੍ਹਾਂ ਨੂੰ ਫਸਾ ਦਿੱਤਾ ਹੈ।’’

         ਗੱਲ ਪਿੰਡ ਬਾਦਲ ਤੋਂ ਸ਼ੁਰੂ ਕਰਦੇ ਹਾਂ। ਪਿੰਡ ਦੀ ਫਿਰਨੀ ’ਤੇ ਲੱਗੀਆਂ ਰੂੜੀਆਂ ਵਰ੍ਹਿਆਂ ਤੋਂ ਕਾਇਮ ਹਨ ਅਤੇ ਨੇੜਲੇ ਘਰਾਂ ਅੱਗੇ ਅੱਜ ਵੀ ਬਾਦਲ ਦੇ ਪੋਸਟਰ ਲੱਗੇ ਹੋਏ ਸਨ। ਪਿੰਡ ਬਾਦਲ ਵਿਚ ‘ਆਪ’ ਉਮੀਦਵਾਰ ਦੇ ਪੋਸਟਰ ਵੀ ਦਿਖਦੇ ਹਨ ਅਤੇ ਕਈ ਦਿਨ ਪਹਿਲਾਂ ‘ਆਪ’ ਵਾਲੰਟੀਅਰਾਂ ਨੇ ਬਾਦਲ ਦੇ ਬੱਸ ਅੱਡੇ ਕੋਲ ਢੋਲ ਵਜਾਏ ਸਨ। ਬਾਦਲ ਪਿੰਡ ਦੀ ਦੁਕਾਨ ’ਤੇ ਲੱਗਿਆ ਇੱਕ ਕਾਮਾ ਰਾਜ ਸਿੰਘ ਆਖਦਾ ਹੈ, ‘‘ਸਾਡੇ ਲਈ ਤਾਂ ਸਭ ਕੁਝ ਬਾਦਲ ਹੀ ਹਨ।’’ਹਲਕਾ ਲੰਬੀ ਦੇ ਤੇਵਰ ਬਦਲੇ-ਬਦਲੇ ਨਜ਼ਰ ਆ ਰਹੇ ਹਨ। ਇਸ ਹਲਕੇ ’ਚ ਨਵੀਂ ਹਵਾ ਰੁਮਕੀ ਹੈ। ਲੋਕਾਂ ਦੀ ਜ਼ੁਬਾਨ ’ਤੇ ਬਦਲਾਅ ਦੀਆਂ ਗੱਲਾਂ ਆਈਆਂ ਹਨ। ਸਭ ਹੈਰਾਨ ਹਨ ਕਿ ਬਾਦਲ ਪਰਿਵਾਰ ਫਿਰ ਵੀ ਸਹਿਜ ਕਿਉਂ ਹੈ। 

          ਅੱਜ ਜਦੋਂ ਕਿ ਪਿੰਡ ਖਿਉਵਾਲੀ ’ਚ ਗਏ ਤਾਂ ਅੱਗਿਓਂ ਦੋ ਨੌਜਵਾਨ ਖੜ੍ਹੇ ਮਿਲੇ। ਦੋਵੇਂ ਜਮਾਤੀ ਤੇ ਦੋਵੇਂ ਜਿਗਰੀ ਦੋਸਤ। ਅਕਾਲੀ ਦਲ ਵਾਲੇ ਦੋਸਤ ਗੁਰਲਾਲ ਸਿੰਘ ਨੇ ਸਾਫ ਕਿਹਾ, ‘‘ਜਿੱਤਾਂਗੇ ਅਸੀਂ ਪਰ ਜਿੱਤਾਂਗੇ ਮਸਾਂ। ਇਸ ਪਿੰਡ ’ਚ ਮੁਕਾਬਲਾ ਫਸਵਾਂ ਹੈ­। ਵੋਟਾਂ ਬਰਾਬਰ ਪੈਣਗੀਆਂ।’’ ਉਸ ਦੇ ਜਮਾਤੀ ਰਣਧੀਰ ਸਿੰਘ ਨੇ ਕਿਹਾ, ‘‘ਐਤਕੀਂ ਝਾੜੂ ਫੇਰਾਂਗੇ।’’ ਇੱਕ ਹੋਰ ਬਾਦਲ ਪੱਖੀ ਅਜੈਬ ਸਿੰਘ ਨੇ ਦਾਅਵਾ ਕੀਤਾ, ‘‘ਬਾਦਲ ਘਰ ਬੈਠਾ ਜਿੱਤੂਗਾ।’’ ਰਣਧੀਰ ਸਿੰਘ ਨੇ ਹਲਕੇ ਦੀ ਬਦਲੀ ਹਵਾ ਦਾ ਭੇਤ ਦੱਸਿਆ ਕਿ ਦਿੱਲੀ ਦੇ ਕਿਸਾਨ ਅੰਦੋਲਨ ਨੇ ਹਲਕੇ ਨੂੰ ਜਾਗਰੂਕ ਕਰ ਦਿੱਤਾ ਹੈ, ਜਿਸ ਕਰਕੇ ਲੋਕ ਸਿਆਸੀ ਡਰ ’ਚੋਂ ਨਿਕਲੇ ਹਨ।

           ਬੇਰੁਜ਼ਗਾਰ ਨੌਜਵਾਨ ਗੁਰਟੇਕ ਸਿੰਘ ਨੇ ਆਪਣੀ ਦਿਲ ਦੀ ਗੱਲ ਦੱਸੀ ਕਿ ਉਨ੍ਹਾਂ ਦਾ ਪਰਿਵਾਰ ਪਹਿਲਾਂ ਅਕਾਲੀ ਸੀ­ ਪਰ ਹੁਣ ਉਹ ‘ਆਪ’ ਨਾਲ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਪੜ੍ਹ-ਲਿਖ ਕੇ ਬੇਰੁਜ਼ਗਾਰ ਹੈ ਅਤੇ ਪਿੰਡ ਬਾਦਲ ਵਿਚ ਯੂਪੀ, ­ਬਿਹਾਰ ਤੇ ਰਾਜਸਥਾਨ ਦੇ ਲੋਕ ਨੌਕਰੀਆਂ ਕਰ ਰਹੇ ਹਨ। ਪੰਜਾਬ ਮੈਡੀਕਲ ਸਟੋਰ ਵਾਲੇ ਜਗਤਾਰ ਸਿੰਘ ਨੇ ਕਿਹਾ ਕਿ ਹਲਕੇ ’ਚ ਨਾ ਪਹਿਲਾਂ ਨਸ਼ਾ ਰੁਕਿਆ ਸੀ ਅਤੇ ਨਾ ਹੀ ਕਾਂਗਰਸ ਰਾਜ ’ਚ ਰੁਕਿਆ। ਉਨ੍ਹਾਂ ਦੱਸਿਆ ਕਿ ਹਲਕੇ ਦੇ ਕਈ ਪਿੰਡਾਂ ਵਿਚ ਪੰਜ ਰੁਪਏ ਵਾਲੀ ਸਰਿੰਜ ਸੌ ਰੁਪਏ ਵਿਚ ਵਿਕ ਰਹੀ ਹੈ।ਡੱਬਵਾਲੀ-ਲੰਬੀ ਸੜਕ ’ਤੇ ਬੈਠੇ ਦੋ ਬਜ਼ੁਰਗਾਂ ਨੇ ਕਿਹਾ, ‘‘ਭਾਈ­ ਬਾਦਲ ਕਿਸਮਤ ਦਾ ਧਨੀ ਹੈ।’’ 

           ਕਈਆਂ ਦੇ ਮੂੰਹੋਂ ਇਹ ਵਾਕ ਸੁਣਿਆ ਕਿ ਟੱਕਰ ਸਿਰੇ ਦੀ ਹੈ ਪਰ ਜਿੱਤ ਬਾਦਲ ਨੇ ਜਾਣਾ। ਲੰਬੀ ਦੇ ਆਟੋ ਚਾਲਕ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਕੋਈ ਕੁਝ ਵੀ ਕਹੇ­, ਜ਼ੋਰ ਬਰਾਬਰ ਦਾ ਹੈ। ਹਲਕੇ ’ਚ ਸੱਤ ਉਮੀਦਵਾਰ ਡਟੇ ਹੋਏ ਹਨ। ਜਿੱਥੇ ਕਿਤੇ ਵੀ ਗੱਲ ਛੇੜੀ­, ਸਾਰਿਆਂ ਨੇ ਕਿਹਾ ਕਿ ਮੁਕਾਬਲਾ  ਬਾਦਲ ਅਤੇ ਗੁਰਮੀਤ ਸਿੰਘ ਖੁੱਡੀਆਂ ਵਿਚਾਲੇ ਹੈ। ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲਖੁਰਾਣਾ ਨੇ   ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਅਕਾਲੀ ਦਲ ਨਾਲ ਹੈ। ‘ਆਪ’ ਦੀ ਹਵਾ ਪਿਛਲੇ ਪੰਜ ਦਿਨਾਂ ਤੋਂ ਖਿਸਕਣ ਲੱਗੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਵੱਲ ਗਏ ਲੋਕ ਫਿਰ ਮੁੜਨ ਲੱਗੇ ਹਨ। ਮਹੇਸ਼ਇੰਦਰ ਸਿੰਘ ਬਾਦਲ ਨਾਲ ਜੁੜੇ ਲੋਕ ਵੀ ਕਾਂਗਰਸ ਨਾਲ ਚੱਲ ਪਏ ਹਨ।

           ਹਲਕਾ ਲੰਬੀ ਦੀ ਕਰੀਬ ਇੱਕ ਲੱਖ 80 ਹਜ਼ਾਰ ਵੋਟ ਹੈ ਅਤੇ 75 ਪਿੰਡ ਪੈਂਦੇ ਹਨ। ਪਿੰਡ ਬਾਦਲ ਦੇ ਮਹੇਸ਼ਇੰਦਰ ਸਿੰਘ ਬਾਦਲ ਇਸ ਵਾਰ ਕਿਧਰੇ ਨਹੀਂ ਤੁਰੇ­। ਉਨ੍ਹਾਂ ਦਾ ਹਲਕੇ ’ਚ ਵੱਡਾ ਪ੍ਰਭਾਵ ਹੈ ਅਤੇ ਉਨ੍ਹਾਂ ਦੇ ਬੰਦੇ ‘ਆਪ’ ਵੱਲ ਤੁਰੇ ਹੋਏ ਹਨ। ਹਲਕੇ ਦੀ ਸਰਾਵਾਂ ਜ਼ੈਲ ਵਿਚ ਕਰੀਬ 22 ਪਿੰਡ ਭਾਊਆਂ ਦੇ ਪੈਂਦੇ ਹਨ। ਪਿੰਡ ਪੰਨੀਵਾਲਾ ਦੇ ਬਲਰਾਜ ਸਿੰਘ ਦਾ ਕਹਿਣਾ ਸੀ ਕਿ ਦਿਆਲ ਸਿੰਘ ਕੋਲਿਆਂਵਾਲੀ ਦੇ ਤੁਰ ਜਾਣ ਕਰਕੇ ਅਕਾਲੀ ਦਲ ਨੂੰ ਇਸ ਜ਼ੈਲ ਵਿਚ ਸੱਟ ਲੱਗੀ ਹੈ। ਸਾਬਕਾ ਮੁੱਖ ਮੰਤਰੀ ਬਾਦਲ ਨੇ ਅੱਜ ਕਬਰਵਾਲਾ­, ਗੁਰੂਸਰ, ਜੋਧਾ­, ਕਰਮਗੜ੍ਹ­, ਕੱਟਿਆਂ ਵਾਲੀ ਤੇ ਕੋਲਿਆਂ ਵਾਲੀ ’ਚ ਚੋਣ ਪ੍ਰਚਾਰ ਕੀਤਾ।

            ਵੱਡੇ ਬਾਦਲ ਦਾ ਪੋਤਰਾ ਆਨੰਤਵੀਰ ਸਿੰਘ ਬਾਦਲ ਆਪਣੇ ਦਾਦੇ ਦੀ ਚੋਣ ਮੁਹਿੰਮ ਚਲਾ ਰਿਹਾ ਹੈ। ਡੇਰਾ ਸਿਰਸਾ ਦੇ ਇੱਕ ਪੈਰੋਕਾਰ ਨੇ ਦੱਸਿਆ ਕਿ ਹਲਕੇ ਵਿਚ 10 ਹਜ਼ਾਰ ਡੇਰੇ ਦੀ ਵੋਟ ਹੈ­। ਜਦੋਂ ਪੁੱਛਿਆ ਕਿ ਡੇਰਾ ਕਿਸ ਪੱਲੜੇ ਤੁਲੇਗਾ­ ਤਾਂ ਉਸ ਨੇ ਕਿਹਾ ਕਿ ਹਾਲੇ ਹੁਕਮ ਨਹੀਂ ਆਏ। ਇਸ ਚੋਣ ’ਚ ਪਿੰਡਾਂ ਵਿਚ ਇਹ ਨਵਾਂ ਦੇਖਣ ਨੂੰ ਮਿਲਿਆ ਕਿ ਲੋਕ ਬੇਖੌਫ ਅਤੇ ਖੁੱਲ੍ਹ ਕੇ ਆਪਣਾ ਸਿਆਸੀ ਰੌਂਅ ਦੱਸਣ ਲੱਗੇ ਹਨ। ਅੱਜ ਲੰਬੀ ਹਲਕੇ ਵਿਚ ਭਗਵੰਤ ਮਾਨ ਦੀ ਮਾਤਾ ਹਰਪਾਲ ਕੌਰ ਚੋਣ ਪ੍ਰਚਾਰ ’ਤੇ ਸੀ। ਚੋਣ ਜਲਸੇ ’ਚ ਹਰਪਾਲ ਕੌਰ ਨੇ ਅਪੀਲ ਕੀਤੀ, ‘‘ਲੰਬੀ ਵਾਲਿਓ ਇਸ ਵਾਰ ਸਿਆਸੀ ਜਕੜ ਤੋੜ ਦੇਣਾ।’’ 

          ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਵੀ ਚੋਣ ਜਲਸਿਆਂ ਵਿਚ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ਦੀ ਗੱਲ ਕਰ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਹਲਕੇ ਤੋਂ ਕੋਈ ਉਮੀਦਵਾਰ ਚੋਣ ਮੈਦਾਨ ਵਿਚ ਨਹੀਂ ਉਤਾਰਿਆ ਗਿਆ ਪਰ ਭਾਜਪਾ ਨੇ ਰਾਕੇਸ਼ ਧੀਂਗੜਾ ਨੂੰ ਇੱਥੋਂ ਉਮੀਦਵਾਰ ਬਣਾਇਆ ਹੈ। ਲੰਬੀ ’ਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਇੰਚਾਰਜ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਦਾਅਵਾ ਕੀਤਾ ਕਿ ਲੰਬੀ ਜਿਤਾਂਗੇ 25 ਹਜ਼ਾਰ ਵੋਟਾਂ ਦੇ ਫਰਕ ਨਾਲ। ਉਨ੍ਹਾਂ ਕਿਹਾ ਕਿ ਹਰ ਚੋਣ ਵਿਚ ਮੁਕਾਬਲਾ ਫਸਵਾਂ ਹੋਣ ਦੀ ਗੱਲ ਉਭਰਦੀ ਹੈ ਤੇ ਇਸ ਵਾਰ ਤਾਂ ਜਿੱਤ ਵਿਚ ਕੋਈ ਮੁਸ਼ਕਲ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਆਪ’ ਦਾ ਕੋਈ ਆਧਾਰ ਨਹੀਂ ਹੈ। 

                                                 ਹਲਕਾ ਲੰਬੀ: ਇੱਕ ਝਾਤ

ਹਲਕਾ ਲੰਬੀ ਦਾ ਇਤਿਹਾਸ ਦੇਖੀਏ ਤਾਂ 1962 ਤੋਂ ਹੁਣ ਤੱਕ ਹੋਈਆਂ 12 ਅਸੈਂਬਲੀ ਚੋਣਾਂ ’ਚੋਂ ਅੱਠ ਵਾਰ ਅਕਾਲੀ ਦਲ ਜੇਤੂ ਰਿਹਾ ਹੈ ਅਤੇ ਤਿੰਨ ਵਾਰ ਕਾਂਗਰਸ ਜਿੱਤੀ ਹੈ। 1969 ਵਿਚ ਇਸ ਹਲਕੇ ਤੋਂ ਸੀਪੀਆਈ ਦੇ ਦਾਨਾ ਰਾਮ ਜਿੱਤੇ ਸਨ। ਸਾਬਕਾ ਮੁੱਖ ਮੰਤਰੀ ਬਾਦਲ ਲਗਾਤਾਰ ਪੰਜ ਵਾਰ ਜਿੱਤੇ ਹਨ ਅਤੇ ਇਹ ਉਨ੍ਹਾਂ ਦੀ ਛੇਵੀਂ ਚੋਣ ਹੈ। 2017 ਦੀਆਂ ਚੋਣਾਂ ਵਿਚ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ 22­,770 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਵੱਡੇ ਬਾਦਲ 2012 ਵਿਚ 24­,739 ਵੋਟਾਂ­, 2007 ਵਿਚ 9,187 ਵੋਟਾਂ ਅਤੇ 2002 ਵਿਚ 23,929 ਵੋਟਾਂ ਦੇ ਫਰਕ ਨਾਲ ਜਿੱਤੇ ਸਨ।  

No comments:

Post a Comment