ਬਦਲਾਅ ਦੀ ਗੂੰਜ
ਸਿਆਸੀ ਧਨੰਤਰਾਂ ਦੀ ਜਾਨ ਮੁੱਠੀ 'ਚ..!
ਚਰਨਜੀਤ ਭੁੱਲਰ
ਵੇਰਵਿਆਂ ਅਨੁਸਾਰ ਮਾਲਵੇ ਵਿਚ ਹੁਣ ਤੱਕ ਜੋ ਸਿਆਸੀ ਤਸਵੀਰ ਉਭਰੀ ਹੈ, ਉਸ ਅਨੁਸਾਰ ਸ਼ੋ੍ਰਮਣੀ ਅਕਾਲੀ ਦਲ ਬਸਪਾ ਗਠਜੋੋੜ 44 ਹਲਕਿਆਂ ਵਿਚ ਆਹਮੋ ਸਾਹਮਣੇ ਮੁਕਾਬਲੇ ਵਿਚ ਜਾਪਦੇ ਹਨ ਜਦੋਂ ਕਿ ਕਾਂਗਰਸ ਪਾਰਟੀ ਦੇ 45 ਉਮੀਦਵਾਰ ਸਿੱਧੇ ਮੁਕਾਬਲੇ ਵਿਚ ਜਾਪਦੇ ਹਨ | ਬਹੁਤੀਆਂ ਸੀਟਾਂ ਤੇ ਸਥਿਤੀ ਸਪਸ਼ਟ ਹੋਣ ਲੱਗੀ ਹੈ ਜਦੋਂ ਕਿ ਬਹੁਤੇ ਹਲਕਿਆਂ 'ਤੇ ਜਿੱਤ ਹਾਰ ਦਾ ਫਰਕ ਬਹੁਤ ਥੋੜਾ ਰਹਿਣ ਦੀ ਸੰਭਾਵਨਾ ਹੈ | ਸੰਗਰੂਰ ਜ਼ਿਲ੍ਹੇ ਦੀ ਸੰਗਰੂਰ ਸੀਟ 'ਤੇ 'ਆਪ' ਅਤੇ ਕਾਂਗਰਸ 'ਚ ਫਸਵੀਂ ਟੱਕਰ ਹੈ ਪਰ ਭਾਜਪਾ ਨੇ ਤਸਵੀਰ ਨੂੰ ਹੋਰ ਧੁੰਦਲਾ ਕਰ ਦਿੱਤਾ ਹੈ | ਲਹਿਰਾਗਾਗਾ ਤੋਂ ਸੰਯੁਕਤ ਅਕਾਲੀ ਦਲ ਦੇ ਉਮੀਦਵਾਰ ਤਿਕੋਣੀ ਟੱਕਰ ਵਿਚ ਹਨ |ਹਲਕਾ ਲੰਬੀ ਵਿਚ ਐਤਕੀਂ ਕੀ ਚੋਣ ਨਤੀਜਾ ਹੋਵੇਗਾ, ਇਸ ਨੂੰ ਲੈ ਕੇ ਸ਼ਰਤਾਂ ਲੱਗਣ ਲੱਗੀਆਂ ਹਨ | ਬਦਲਾਅ ਦੀ ਹਵਾ ਨੇ ਗਣਿਤ ਬਦਲੇ ਹਨ ਅਤੇ ਨਤੀਜਾ ਐਲਾਨੇ ਜਾਣ ਤੱਕ ਭੰਬਲਭੂਸਾ ਬਣੇ ਰਹਿਣ ਦੀ ਸੰਭਾਵਨਾ ਹੈ | ਗਿੱਦੜਬਾਹਾ ਵਿਚ ਰਾਜਾ ਵੜਿੰਗ ਤੇ ਡਿੰਪੀ ਢਿਲੋਂ ਵਿਚ ਸਿਰ ਧੜ ਦੀ ਲੱਗੀ ਹੋਈ ਹੈ | ਹਲਕਾ ਫਰੀਦਕੋਟ ਦੀ ਵੀ ਕੋਈ ਸਥਿਤੀ ਸਪਸਟ ਨਹੀਂ ਜਾਪਦੀ ਹੈ | ਫਿਰੋਜ਼ਪੁਰ ਦੀ ਸ਼ਹਿਰੀ ਸੀਟ ਬਾਰੇ ਵੀ ਕੋਈ ਦਾਅਵਾ ਨਹੀਂ ਕਰ ਸਕਦਾ ਹੈ ਜਿਥੇ ਭਾਜਪਾ ਉਮੀਦਵਾਰ ਰਾਣਾ ਸੋਢੀ ਨੂੰ ਪਿਛਲੇ ਦਿਨਾਂ ਵਿਚ ਉਭਾਰ ਮਿਲਿਆ ਹੈ |
ਹਲਕਾ ਮੌੜ 'ਚ ਕੋਈ ਵੀ ਚੋੋਣ ਨਤੀਜਾ ਸਾਹਮਣੇ ਆ ਸਕਦਾ ਹੈ | ਇੱਥੇ ਆਜ਼ਾਦ ਉਮੀਦਵਾਰ ਲੱਖਾ ਸਧਾਣਾ ਨੇ ਰਵਾਇਤੀ ਰੁਝਾਨ ਬਦਲ ਰੱਖੇ ਹਨ | ਇਸੇ ਤਰ੍ਹਾਂ ਪਟਿਆਲਾ ਦਿਹਾਤੀ ਦੀ ਸੀਟ ਨੂੰ ਲੈ ਕੇ ਕੋਈ ਪੱਕਾ ਅਨੁਮਾਨ ਲਾਉਣਾ ਮੁਸ਼ਕਲ ਹੈ | ਸਮਰਾਲਾ ਸੀਟ, ਖਰੜ, ਦਾਖਾ ਅਤੇ ਰੋਪੜ ਸੀਟ ਨੂੰ ਲੈ ਕੇ ਵੀ ਕੋਈ ਪੱਕੇ ਦਾਅਵੇ ਕਰਨ ਦੀ ਪਹੁੰਚ ਵਿਚ ਨਹੀਂ ਹੈ | ਬਠਿੰਡਾ ਸ਼ਹਿਰੀ ਸੀਟ ਤੋਂ ਮੁਕਾਬਲਾ ਦਿਲਚਸਪ ਬਣਿਆ ਹੈ ਅਤੇ ਇਸ ਸੀਟ 'ਤੇ ਸਮੁੱਚੇ ਪੰਜਾਬ ਦੀ ਨਜ਼ਰ ਲੱਗੀ ਹੋਈ ਹੈ | ਇਸ ਸੀਟ ਤੋਂ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਉਮੀਦਵਾਰ ਹਨ | ਉਨ੍ਹਾਂ ਦੇ ਮੁਕਾਬਲੇ ਵਿਚ 'ਆਪ' ਦੇ ਜਗਰੂਪ ਸਿੰਘ ਗਿੱਲ ਅਤੇ ਅਕਾਲੀ ਦਲ ਦੇ ਉਮੀਦਵਾਰ ਸਰੂਪ ਸਿੰਗਲਾ ਹਨ |ਨੌਜਵਾਨ ਵਰਗ ਅਤੇ ਔਰਤਾਂ ਵੱਲੋਂ ਬਦਲਾਅ ਦੀ ਗੱਲ ਕੀਤੀ ਜਾ ਰਹੀ ਹੈ ਜਦੋਂ ਕਿ ਵਿਰੋਧੀ ਧਿਰਾਂ ਵੱਲੋਂ ਇਸ ਨੂੰ ਹਵਾ ਦਾ ਗੁਬਾਰਾ ਦੱਸਿਆ ਜਾ ਰਿਹਾ ਹੈ | ਇਨ੍ਹਾਂ ਚੋਣਾਂ ਵਿਚ ਐਤਕੀਂ ਵੱਡੇ ਸਿਆਸੀ ਧਨੰਤਰਾਂ ਦਾ ਵਕਾਰ ਦਾਅ 'ਤੇ ਲੱਗਾ ਹੋਇਆ ਹੈ | ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਉੱਤਰੇ ਹੋਏ ਹਨ |
ਲੰਘੇ ਕੱਲ ਹਲਕਾ ਲੰਬੀ ਵਿਚ ਅਕਾਲੀ ਦਲ ਨੇ ਵੱਡੀ ਰੈਲੀ ਕੀਤੀ ਹੈ ਜਦੋਂ ਕਿ ਪਹਿਲਾਂ ਅਕਾਲੀ ਦਲ ਨੂੰ ਬਹੁਤੇ ਮੌਕਿਆਂ 'ਤੇ ਹਲਕਾ ਲੰਬੀ ਵਿਚ ਕੋਈ ਰੈਲੀ ਕਰਨ ਦੀ ਲੋੜ ਨਹੀਂ ਪਈ ਹੈ |ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਐਤਕੀਂ ਆਪਣੇ ਹਲਕਾ ਪਟਿਆਲਾ ਵਿਚ ਫਸੇ ਹੋਏ ਹਨ ਜਦੋਂ ਕਿ ਪਹਿਲਾਂ ਉਨ੍ਹਾਂ ਨੂੰ ਕਦੇ ਆਪਣੇ ਹਲਕੇ ਵਿਚ ਪ੍ਰਚਾਰ ਕਰਨ ਦੀ ਬਹੁਤੀ ਲੋੜ ਨਹੀਂ ਪਈ ਹੈ | ਅੱਜ ਉਨ੍ਹਾਂ ਸ਼ਹਿਰ ਵਿਚ ਰੋਡ ਸ਼ੋਅ ਵੀ ਕੀਤਾ ਹੈ | 'ਆਪ' ਦੇ ਕਨਵੀਨਰ ਭਗਵੰਤ ਮਾਨ ਨੂੰ ਵੀ ਆਪਣੇ ਹਲਕੇ ਧੂਰੀ ਵਿਚ ਕੁਝ ਦਿਨ ਚੋਣ ਪ੍ਰਚਾਰ ਲਈ ਦੇਣੇ ਪਏ ਹਨ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸ ਵਾਰ ਹਲਕਾ ਭਦੌੜ ਤੋਂ ਚੋਣ ਲੜ ਰਹੇ ਹਨ ਜਿਥੇ ਉਨ੍ਹਾਂ ਦਾ ਪੇਚ ਫਸਿਆ ਹੋਇਆ ਹੈ | ਸੀਨੀਅਰ ਆਗੂ ਜਗਮੀਤ ਸਿੰਘ ਬਰਾੜ ਅਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦਾ ਵਕਾਰ ਵੀ ਐਤਕੀਂ ਦਾਅ 'ਤੇ ਹੈ |
ਚੋਣ ਪ੍ਰਚਾਰ ਚੋਂ ਗੈਰਹਾਜ਼ਰ ਰਹੇ ਵੱਡੇ ਬਾਦਲ
ਇਸ ਵਾਰ ਪਹਿਲੀ ਦਫਾ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪੰਜਾਬ ਚੋਣਾਂ ਲਈ ਚੋਣ ਪ੍ਰਚਾਰ ਮੁਹਿੰਮ ਚੋਂ ਗੈਰਹਾਜ਼ਰ ਰਹੇ ਹਨ | ਉਹ ਆਪਣੇ ਹਲਕਾ ਲੰਬੀ ਵਿਚ ਦੇ ਪਿੰਡਾਂ ਵਿਚ ਤਾਂ ਪ੍ਰਚਾਰ ਲਈ ਗਏ ਪ੍ਰੰਤੂ ਉਨ੍ਹਾਂ ਦੂਸਰੇ ਹਲਕਿਆਂ ਵਿਚ ਐਤਕੀਂ ਪੈਰ ਨਹੀਂ ਪਾਇਆ ਹੈ | ਵੱਡੀ ਉਮਰ ਹੋਣ ਕਰਕੇ ਸਿਹਤ ਨੰੂ ਲੈ ਕੇ ਵੱਡੇ ਬਾਦਲ ਖੁਦ ਵੀ ਚੋੋਣ ਪ੍ਰਚਾਰ ਤੋਂ ਲਾਂਭੇ ਰਹੇ ਹੈ | ਭਾਵੇਂ ਹਲਕਾ ਲੰਬੀ ਵਿਚ ਤਾਂ ਪ੍ਰਕਾਸ਼ ਸਿੰਘ ਬਾਦਲ ਦੇ ਪੋਸਟਰ ਲੱਗੇ ਹੋਏ ਹਨ ਪੰ੍ਰੰਤੂ ਪੰਜਾਬ ਵਿਚ ਸੁਖਬੀਰ ਸਿੰਘ ਬਾਦਲ ਦੀ ਹੀ ਹਰ ਪਾਸੇ ਵੱਡੀ ਤਸਵੀਰ ਫਲੈਕਸਾਂ ਅਤੇ ਪੋਸਟਰਾਂ 'ਤੇ ਨਜ਼ਰ ਪੈਂਦੀ ਹੈ |
No comments:
Post a Comment