ਬਦਲ ਗਏ ਮੌਸਮ
ਦਿਲਾਂ ’ਚੋਂ ਉਤਰਿਆ ‘ਮਹਾਰਾਜਾ’
ਚਰਨਜੀਤ ਭੁੱਲਰ
ਮਹਿਰਾਜ (ਬਠਿੰਡਾ) : ਬਠਿੰਡਾ ਜ਼ਿਲ੍ਹੇ ਦਾ ਇਹ ਪਿੰਡ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਹੈ, ਜਿੱਥੋਂ ਦੇ ਲੋਕ ਜਮਹੂਰੀਅਤ ਦੌਰ ਵਿੱਚ ਵੀ ਅਮਰਿੰਦਰ ਸਿੰਘ ਨੂੰ ਆਪਣਾ ਮਹਾਰਾਜਾ ਸਮਝਦੇ ਸਨ। ਜਦੋਂ ਵੀ ਛੋਟੀ-ਵੱਡੀ ਚੋਣ ਆਈ ਪਿੰਡ ਮਹਿਰਾਜ ਦੇ ਲੋਕਾਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਨਜ਼ਰ ਪੈਂਦਾ ਸੀ। ਜਦੋਂ ਅਮਰਿੰਦਰ ਸਿੰਘ ਦੀ ਬਤੌਰ ਮੁੱਖ ਮੰਤਰੀ ਪਹਿਲੀ ਪਾਰੀ ਸੀ, ਉਦੋਂ ਉਨ੍ਹਾਂ ਨੇ ਪਿੰਡ ਦਾ ਨਕਸ਼ਾ ਬਦਲ ਦਿੱਤਾ ਅਤੇ ਫੰਡਾਂ ਦੀ ਕੋਈ ਘਾਟ ਨਾ ਰਹਿਣ ਦਿੱਤੀ। ਅਮਰਿੰਦਰ ਸਿੰਘ ਨੇ ਜਦੋਂ ਦੂਜੀ ਪਾਰੀ ਸ਼ੁਰੂ ਕੀਤੀ, ਲੋਕਾਂ ਨੂੰ ਮੁੜ ਪਿੰਡ ਦੀ ਕਾਇਆ ਕਲਪ ਹੋਣ ਦੀ ਆਸ ਬੱਝੀ ਪਰ ਇਸ ਵਾਰ ਅਮਰਿੰਦਰ ਸਿੰਘ ਨੇ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਨੂੰ ਪੁਰਾਣੀ ਅੱਖ ਨਾਲ ਨਹੀਂ ਦੇਖਿਆ। ਅੱਜ ਨਤੀਜਾ ਇਹ ਹੈ ਕਿ ਜੋ ਅਮਰਿੰਦਰ ਸਿੰਘ ਪਿੰਡ ਮਹਿਰਾਜ ਦੇ ਦਿਲਾਂ ਦਾ ਰਾਜਾ ਸੀ, ਉਸ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ। ਪਿੰਡ ਮਹਿਰਾਜ ਦੇ ਲੋਕ 22 ਵਰ੍ਹਿਆਂ ਤੋਂ ਕਾਂਗਰਸ ਨੂੰ ਜਿਤਾਉਂਦੇ ਰਹੇ ਹਨ। ਲੰਘੇ ਪੰਜ ਵਰ੍ਹੇ ਪਿੰਡ ਮਹਿਰਾਜ ਦੇ ਲੋਕ ਨਰਕ ਭੋਗਦੇ ਰਹੇ।
ਪਿੰਡ ਦੇ ਅਕਾਲੀ ਟਿੱਚਰਾਂ ਕਰਦੇ ਰਹੇ। ਬਤੌਰ ਮੁੱਖ ਮੰਤਰੀ ਅਮਰਿੰਦਰ ਸਿੰਘ 28 ਜਨਵਰੀ, 2018 ਨੂੰ ਪਿੰਡ ਮਹਿਰਾਜ ਆਏ ਅਤੇ 28 ਕਰੋੜ ਦੇ ਵਿਕਾਸ ਕੰਮਾਂ ਦਾ ਐਲਾਨ ਕੀਤਾ, ਜਿਸ ਨੂੰ ਹਕੀਕਤ ਬਣਦਿਆਂ ਦੇਰ ਹੋ ਗਈ। ਸੀਵਰੇਜ ਦੇ ਪਾਣੀ ਨਾਲ ਪਿੰਡ ਦੇ ਲੋਕ ਪੰਜ ਵਰ੍ਹਿਆਂ ਤੋਂ ਘੁਲ ਰਹੇ ਹਨ। ਇੱਥੇ ਸੀਵਰੇਜ ਟਰੀਟਮੈਂਟ ਪਲਾਂਟ ਤਾਂ ਬਣ ਗਿਆ ਸੀ ਪਰ ਪਾਈਪਾਂ ਨਹੀਂ ਵਿਛਾਈਆਂ ਗਈਆਂ ਸਨ। ਸਾਢੇ ਚਾਰ ਵਰ੍ਹਿਆਂ ਮਗਰੋਂ ਪਿੰਡ ਮਹਿਰਾਜ ਤੋਂ ਰਾਮਪੁਰਾ ਵਾਲੀ ਸੜਕ ਬਣੀ ਹੈ। ਪਿੰਡ ਦੀ ਫਿਰਨੀ ’ਤੇ ਬੱਜਰੀ ਤੱਕ ਨਹੀਂ ਪਈ ਹੈ। ਮਹਿਰਾਜ ਵਾਲੇ ਤਾਂ ਪਹਿਲਾਂ ਹੀ ਅਮਰਿੰਦਰ ਸਿੰਘ ਵੱਲੋਂ ਪਿੰਡ ਨੂੰ ਅਣਦੇਖਿਆ ਕਰਨ ਤੋਂ ਤੰਗ ਸੀ, ਉਪਰੋਂ ਜਦੋਂ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾ ਲਏ ਲੋਕਾਂ ਦਾ ਰੋਹ ਹੋਰ ਵਧ ਗਿਆ। ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਆਪਣੇ ਚੋਣ ਪ੍ਰਚਾਰ ਦਾ ਮੁੱਢ ਪਿੰਡ ਮਹਿਰਾਜ ਤੋਂ ਬੰਨ੍ਹਦੇ ਰਹੇ ਹਨ ਪਰ ਐਤਕੀਂ ਉਹ ਇੱਥੇ ਨਹੀਂ ਆਏ ਹਨ। ਅਮਰਿੰਦਰ ਸਿੰਘ ਦਾ ਲੜਕਾ ਰਣਇੰਦਰ ਸਿੰਘ ਥੋੜੇ ਦਿਨ ਪਹਿਲਾਂ ਮਹਿਰਾਜ ਪਿੰਡ ਪੁੱਜਿਆ ਸੀ ਅਤੇ ਉਨ੍ਹਾਂ ਨਾਲ ਭਾਜਪਾ ਉਮੀਦਵਾਰ ਡਾ. ਅਮਰਜੀਤ ਸ਼ਰਮਾ ਸਨ।
ਐਤਕੀਂ ਪਿੰਡ ਵਿੱਚ ਰਣਇੰਦਰ ਸਿੰਘ ਦਾ ਪੁਰਾਣਾ ਸ਼ਾਹੀ ਸਵਾਗਤ ਨਹੀਂ ਹੋਇਆ। ਅਮਰਿੰਦਰ ਸਿੰਘ ਦੇ ਪੁਰਾਣੇ ਸਾਥੀ ਜਥੇਦਾਰ ਸ਼ੇਰ ਸਿੰਘ ਨੇ ਰਣਇੰਦਰ ਸਿੰਘ ਨੂੰ ਸ਼ਰੇਆਮ ਕਿਹਾ ‘ਆਓ ਪਿੰਡ ਦੇਖ ਲਓ, ਨਾਲੇ ਪਿੰਡ ਦਾ ਵਿਕਾਸ।’ ਰਣਇੰਦਰ ਸਿੰਘ ਨੇ ਸਫ਼ਾਈ ਦਿੱਤੀ ਕਿ ਸਰਕਾਰ ਨੇ ਤਾਂ ਪੈਸੇ ਭੇਜ ਦਿੱਤੇ ਸਨ। ਬਜ਼ੁਰਗਾਂ ਨੇ ਕਿਹਾ ਕਿ ਜਦੋਂ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ ਤਾਂ ਉਨ੍ਹਾਂ ਨੂੰ ਅਫ਼ਸਰਸ਼ਾਹੀ ਨੇ ਨੇੜੇ ਨਹੀਂ ਲੱਗਣ ਦਿੱਤਾ। ਅਮਰਿੰਦਰ ਸਿੰਘ ਲਈ ਪਿੰਡ ਮਹਿਰਾਜ ਵਿੱਚ ਕੰਮ ਕਰਨ ਵਾਲੇ ਨਿਰੰਜਨ ਸਿੰਘ ਉਰਫ ਮਿੱਠੂ ਵੈਦ ਨੇ ਅੱਜ ਪਿੰਡ ਮਹਿਰਾਜ ਵਿੱਚ ਹੋਏ ਇਕੱਠ ਵਿੱਚ ‘ਆਪ’ ਦਾ ਪੱਲਾ ਫੜ ਲਿਆ ਹੈ। ਇਸ ਪਿੰਡ ਦੀ 16 ਹਜ਼ਾਰ ਵੋਟ ਹੈ। ਅੱਠ ਪੰਚਾਇਤਾਂ ਅਤੇ ਇੱਕ ਨਗਰ ਪੰਚਾਇਤ ਹੈ। ਬੱਸ ਅੱਡੇ ਦੇ ਦੁਕਾਨਦਾਰ ਬਲਜੀਤ ਸਿੰਘ ਨੇ ਸਾਫ਼ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਪਿੰਡ ਦੇ ਵਿਕਾਸ ਕਾਰਜ ਨਹੀਂ ਹੋਏ ਹਨ, ਜਿਸ ਕਰਕੇ ਲੋਕਾਂ ਵਿੱਚ ਅਮਰਿੰਦਰ ਸਿੰਘ ਦੀ ਪੁਰਾਣੀ ਭੱਲ ਨਹੀਂ ਰਹੀ ਹੈ।
ਬਜ਼ੁਰਗ ਗੁਰਬਚਨ ਸਿੰਘ ਨੇ ਕਿਹਾ ਕਿ ਐਤਕੀਂ ਪੰਜ ਸਾਲ ਤਾਂ ਪੁਰਾਣਾ ‘ਮਹਾਰਾਜਾ’ ਗੁੰਮ ਹੀ ਰਿਹਾ, ਜਿਸ ਕਰਕੇ ਲੋਕਾਂ ਦੇ ਦਿਲਾਂ ਵਿੱਚ ਪਹਿਲਾਂ ਵਾਲੀ ਇੱਜ਼ਤ ਨਹੀਂ ਰਹੀ ਹੈ। ਪਿੰਡ ਦੇ ਕਿਸਾਨ ਭੋਲਾ ਸਿੰਘ ਨੇ ਕਿਹਾ ਕਿ ਅਮਰਿੰਦਰ ਸਿੰਘ ਨੇ ਭਾਜਪਾ ਨਾਲ ਹੱਥ ਮਿਲਾ ਕੇ ਕਿਸਾਨ ਭਾਈਚਾਰੇ ਵਿੱਚੋਂ ਆਪਣਾ ਮਾਣ ਘਟਾ ਲਿਆ ਹੈ।ਨੌਜਵਾਨ ਰਾਜਵੀਰ ਸਿੰਘ ਆਖਦੇ ਹਨ ਕਿ ਪਹਿਲਾਂ ਤਾਂ ਲੋਕ ਅਮਰਿੰਦਰ ਸਿੰਘ ਨੂੰ ਪਲਕਾਂ ’ਤੇ ਬਿਠਾਉਂਦੇ ਸਨ ਪਰ ਇਸ ਵਾਰ ਪਿੰਡ ਦਾ ਕੋਈ ਵਿਕਾਸ ਨਾ ਹੋਣ ਕਰਕੇ ਲੋਕਾਂ ਵਿੱਚ ਨਾਰਾਜ਼ਗੀ ਹੈ। ਦੇਖਿਆ ਗਿਆ ਹੈ ਕਿ ਚੋਣ ਮਾਹੌਲ ਦੌਰਾਨ ਅਮਰਿੰਦਰ ਸਿੰਘ ਦਾ ਕਿਧਰੇ ਵੀ ਕੋਈ ਕੱਟ ਆਊਟ ਨਹੀਂ ਸੀ। ਪਹਿਲੀਆਂ ਚੋਣਾਂ ਦੌਰਾਨ ਤਾਂ ਮਹਿਰਾਜ ਵਿੱਚ ਅਮਰਿੰਦਰ ਸਿੰਘ ਦੇ ਨਾਅਰੇ ਗੂੰਜਦੇ ਹੁੰਦੇ ਸਨ। ਇਨ੍ਹਾਂ ਚੋਣਾਂ ਵਿੱਚ ਕਾਂਗਰਸ ਦੀ ਵੋਟ ਪਿੰਡ ਵਿੱਚੋਂ ਘਟ ਸਕਦੀ ਹੈ। ਲੱਡੂ ਵੱਟਣ ਵਿੱਚ ਰੁੱਝੇ ਪਿੰਡ ਦੇ ਹਲਵਾਈ ਮੇਹਰ ਸਿੰਘ ਨੇ ਚੋੋਣ ਮਾਹੌਲ ’ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਕੋਈ ਜਿੱਤੇ ਕੋਈ ਹਾਰੇ ਉਸ ਦੇ ਤਾਂ ਦੋਹੀਂ ਹੱਥੀਂ ਲੱਡੂ ਹਨ।
No comments:
Post a Comment