ਭਦੌੜ ਦੀ ਦੌੜ
ਇਹ ਹਲਕਾ ਤਾਂ ਇਤਿਹਾਸ ਰਚੇਗਾ
ਚਰਨਜੀਤ ਭੁੱਲਰ
ਭਦੌੜ : ਰਾਖਵਾਂ ਹਲਕਾ ਭਦੌੜ ਐਤਕੀਂ ਇਤਿਹਾਸ ਰਚੇਗਾ। ਜਿੱਤ ਕਿਸੇ ਦੀ ਝੋਲੀ ਵੀ ਪਵੇ ਹਲਕੇ ਦਾ ਰਾਜਸੀ ਨਕਸ਼ਾ ਨਵੀਂ ਇਬਾਰਤ ਲਿਖੇਗਾ। ਚੋਣ ਨਤੀਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੱਖ ’ਚ ਭੁਗਤੇ ਤਾਂ ਵੀ ਭਦੌੜ ਨਵੀਂ ਚਰਚਾ ਛੇੜੇਗਾ ਅਤੇ ਜੇ ਇੱਥੋਂ ਆਮ ਆਦਮੀ ਪਾਰਟੀ ਨੇ ਜਿੱਤ ਦਰਜ ਕੀਤੀ ਤਾਂ ਇਸ ਹਲਕੇ ਦੀ ਅਲੱਗ ਤਰ੍ਹਾਂ ਦੀ ਗੁੱਡੀ ਚੜ੍ਹੇਗੀ। ਭਦੌੜ ’ਚ ਇਸ ਤਰ੍ਹਾਂ ਦਾ ਆਮ ਪ੍ਰਭਾਵ ਹੈ। ਕਿਸੇ ਨੂੰ ਪੁੁੱਛੋ ਹਰ ਇਹੋ ਆਖਦਾ ‘ਬੱਸ ਇਤਿਹਾਸ ਰਚਾਂਗੇ।’ ਜਦੋਂ ਪੁੱਛਦੇ ਹਾਂ ਕਿ ਉਹ ਕਿਵੇਂ? ਅੱਗਿਓਂ ਸਭਨਾਂ ਦਾ ਇੱਕੋ ਜਵਾਬ ਹੈ ਕਿ 10 ਮਾਰਚ ਨੂੰ ਦੱਸਾਂਗੇ।ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹੋਣ ਕਰਕੇ ਹਲਕਾ ਵੀਆਈਪੀ ਬਣ ਗਿਆ ਹੈ। ‘ਆਪ’ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਤਨਾਮ ਸਿੰਘ ਰਾਹੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ। ਸੰਯੁਕਤ ਕਿਸਾਨ ਮੋਰਚਾ ਦੇ ਗੋਰਾ ਸਿੰਘ ਅਤੇ ਪੰਜਾਬ ਲੋਕ ਕਾਂਗਰਸ ਦੇ ਧਰਮ ਸਿੰਘ ਫੌਜੀ ਵੀ ਮੈਦਾਨ ਵਿਚ ਹਨ। ਲੋਕ ਆਖਦੇ ਹਨ ਕਿ ਟੱਕਰ ਕਾਂਗਰਸ ਤੇ ‘ਆਪ’ ਵਿਚਾਲੇ ਹੈ ਪਰ ਪਿੰਡਾਂ-ਸ਼ਹਿਰਾਂ ’ਚ ਲੱਗੇ ਝੰਡਿਆਂ ਤੋਂ ਮੁਕਾਬਲਾ ਤਿਕੋਣਾ ਜਾਪਦਾ ਹੈ।
ਤਪਾ ਸ਼ਹਿਰ ਵਿਚ ਅਕਾਲੀ ਦਲ-ਬਸਪਾ ਉਮੀਦਵਾਰ ਦਾ ਜਲਵਾ ਅੱਜ ਕਿਸੇ ਗੱਲੋਂ ਵੀ ਘੱਟ ਨਹੀਂ ਸੀ। ‘ਆਪ’ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਦੇ ਸੰਸਦੀ ਹਲਕੇ ਵਿਚ ਵਿਧਾਨ ਸਭਾ ਹਲਕਾ ਭਦੌੜ ਪੈਂਦਾ ਹੈ, ਜਿਸ ਕਰਕੇ ਹਲਕੇ ’ਚ ਹਵਾ ਬਦਲਾਅ ਵਾਲੀ ਚੱਲ ਰਹੀ ਹੈ।ਹਲਕੇ ’ਚ ਛੋਟੇ-ਵੱਡੇ ਕਰੀਬ 74 ਪਿੰਡ ਪੈਂਦੇ ਹਨ ਅਤੇ ਇਸ ਹਲਕੇ ਵਿਚ ਮੁਸਲਿਮ ਭਾਈਚਾਰੇ ਦੀ ਵੀ ਦੋ ਫੀਸਦੀ ਵੋਟ ਹੈ। ‘ਅਸਲ ਗਰੀਬ ਕੌਣ’ ਇਸ ’ਤੇ ‘ਆਪ’ ਉਮੀਦਵਾਰ ਦਾ ਭਾਸ਼ਨ ਕੇਂਦਰਿਤ ਹੈ। ਕਾਂਗਰਸ ਦੀ ਮੁਹਿੰਮ ਚਲਾ ਰਹੇ ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਦਰਬਾਰਾ ਸਿੰਘ ਗੁਰੂ ਇਸ ਗੱਲ ਨੂੰ ਉਭਾਰਦੇ ਹਨ ਕਿ ਜੇ ਚੰਨੀ ਜਿੱਤਦੇ ਹਨ ਤਾਂ ਹਲਕੇ ਦੀ ਕਾਇਆ ਕਲਪ ਹੋ ਜਾਵੇਗੀ। ‘ਆਪ’ ਉਮੀਦਵਾਰ ਲਾਭ ਸਿੰਘ ਉਗੋਕੇ ਦੇ ਪੱਖ ’ਚ ਬਦਲਾਅ ਦਾ ਰੁਝਾਨ ਬੈਠਦਾ ਹੈ। ਉਪਰੋਂ ਇਸ ਉਮੀਦਵਾਰ ਕੋਲ ਸਿਰਫ ਦੋ ਕਮਰਿਆਂ ਦਾ ਘਰ ਹੈ ਅਤੇ ਇੱਕ ਪੁਰਾਣੇ ਮਾਡਲ ਦਾ ਮੋਟਰਸਾਈਕਲ। ਉਮੀਦਵਾਰ ਉਗੋਕੇ ਨੇ ਅੱਜ ਸੰਧੂ ਕਲਾਂ, ਨੈਣੇਵਾਲਾ, ਤਪਾ ਅਤੇ ਛੰਨਾ ਗੁਲਾਬ ਸਿੰਘ ’ਚ ਚੋਣ ਜਲਸੇ ਕੀਤੇ।
ਉਗੋਕੇ ਨੇ ਹਰ ਜਲਸੇ ’ਚ ਕਿਹਾ ਕਿ ਅਸਲ ਗਰੀਬ ਤਾਂ ਉਹ ਹਨ। ਕਰੋੜਾਂ ਜਾਇਦਾਦ ਵਾਲੇ ਚੰਨੀ ਨੇ ਗਰੀਬ ਹੋਣ ਦਾ ਢਕਵੰਜ ਕੀਤਾ ਹੈ। ਉਹ ਆਪਣੇ ਛੋਟੇ ਜਿਹੇ ਘਰ ਦੀ ਗੱਲ ਕਰਦੇ ਹਨ। ਚੇਤੇ ਰਹੇ ਕਿ ਚਰਨਜੀਤ ਸਿੰਘ ਚੰਨੀ ਪਹਿਲੀ ਦਫਾ 5 ਦਸੰਬਰ ਨੂੰ ਤਪਾ ਮੰਡੀ ਆਏ ਸਨ। ਚੰਨੀ ਲਈ ਰਾਹ ਆਸਾਨ ਨਹੀਂ ਜਾਪਦੀ। ਉਂਜ ਤਪਾ ਮੰਡੀ ਅਤੇ ਭਦੌੜ ਵਿੱਚ ਉਨ੍ਹਾਂ ਨੂੰ ਹਮਾਇਤ ਮਿਲ ਰਹੀ ਹੈ। ਭਦੌੜ ਦੇ ਕਈ ਟਕਸਾਲੀ ‘ਆਪ’ ਨਾਲ ਚੱਲ ਪਏ ਹਨ। ਨੌਜਵਾਨ ਤਬਕਾ ‘ਝਾੜੂ’ ਦੇ ਨਾਅਰੇ ਮਾਰ ਰਿਹਾ ਹੈ। ਅੱਜ ਜਦੋਂ ‘ਆਪ’ ਉਮੀਦਵਾਰ ਲਾਭ ਸਿੰਘ ਦੇ ਪਿੰਡ ਉਗੋਕੇ ਦਾ ਦੌਰਾ ਕੀਤਾ ਗਿਆ ਤਾਂ ਪਿੰਡ ਦੇ ਗੁਰਜੀਤ ਸਿੰਘ ਨੇ ਦੱਸਿਆ ਕਿ ਲਾਭ ਸਿੰਘ ਨਰਮ ਸੁਭਾਅ ਦਾ ਹੈ। ਗਰੀਬ ਘਰ ਦਾ ਮੁੰਡਾ ਹੈ। ਪਹਿਲਾਂ ਖੇਡਾਂ ਲਈ ਕੰਮ ਕੀਤਾ ਤੇ ਦਿੱਲੀ ਦੇ ਕਿਸਾਨ ਮੋਰਚੇ ਵਿਚ ਗਿਆ। ਚਮਕੌਰ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਨੇ ਆਪਣੀਆਂ ਗੱਡੀਆਂ ਲਾਭ ਸਿੰਘ ਨਾਲ ਲਾ ਦਿੱਤੀਆਂ ਹਨ। ਉਗੋਕੇ ਵਿਚ ਚੰਨੀ ਤੇ ਰਾਹੀ ਦੇ ਪੋਸਟਰ ਵੀ ਨਜ਼ਰ ਪਏ। ਪਿੰਡ ਢਿੱਲਵਾਂ ਦੇ ਬਲਦੇਵ ਸਿੰਘ ਨੇ ਦੂਸਰਾ ਪੱਖ ਰੱਖਿਆ ਕਿ ਹਲਕੇ ਦੇ ਲੋਕ ਚੰਨੀ ਨਾਲ ਤੁਰ ਪਏ ਹਨ ਕਿਉਂਕਿ ਲੋਕਾਂ ਲਈ ਹਲਕੇ ਦਾ ਵਿਕਾਸ ਤਰਜੀਹੀ ਹੈ ਜਦੋਂ ਕਿ ਬਲਦੇਵ ਦੇ ਲੜਕੇ ਜਸ਼ਨਵੀਰ ਨੇ ਕਿਹਾ ਕਿ ਹੁਣ ‘ਆਪ’ ਨੂੰ ਲੋਕ ਮੌਕਾ ਦੇਣਗੇ।
ਕੁਵੈਤ ਤੋਂ ਆਇਆ ਰਾਮਗੜ੍ਹ ਦਾ ਕੁਲਵਿੰਦਰ ਬਿੱਲਾ ਆਖਦਾ ਹੈ ਕਿ ਉਹ ਟਕਸਾਲੀ ਕਾਂਗਰਸੀ ਸਨ ਪਰ ਹੁਣ ਪਿੰਡ ਬਦਲਾਅ ਚਾਹੁੰਦਾ ਹੈ। ਬਿੱਲਾ ਨੇ ਕਿਹਾ, ‘‘ਹੁਣ ਅਸੀਂ ਲਾਭ ਬਾਈ ਨਾਲ ਹਾਂ।’’ਹਲਕੇ ਦੇ ਪਿੰਡਾਂ ’ਚ ‘ਸਾਡਾ ਚੰਨੀ’ ਵਾਲੀਆਂ ਟੀ-ਸ਼ਰਟਾਂ ਵੰਡੀਆਂ ਜਾ ਰਹੀਆਂ ਹਨ ਜਦੋਂ ਕਿ ਹਲਕੇ ਦੇ ਸੁਖਪੁਰਾ ਮੌੜ ਦੇ ਮਜ਼ਦੂਰਾਂ ਵਿਚ ਇਹ ਰੌਲਾ ਪਿਆ ਹੋਇਆ ਸੀ ਕਿ ਆਟਾ-ਦਾਲ ਸਕੀਮ ਤਹਿਤ ਅਨਾਜ ਐਤਕੀਂ 50 ਫੀਸਦੀ ਹੀ ਮਿਲਿਆ ਹੈ। ਤਪਾ ਮੰਡੀ ਦੇ ਇੱਕ ਦੁਕਾਨਦਾਰ ਰਾਜਿੰਦਰ ਨੇ ਕਿਹਾ ਕਿ ਸ਼ਹਿਰ ਵਿਚ ਤਿੰਨੇ ਧਿਰਾਂ ਦਾ ਜ਼ੋਰ ਹੈ। ਸ਼ਹਿਰ ਦੇ ਰੂਪ ਸਿੰਘ ਨੇ ਕਿਹਾ ਕਿ ਚੰਨੀ ਨੇ ਸਿਰਫ ਐਲਾਨ ਕੀਤੇ ਹਨ, ਅਮਲ ਨਹੀਂ ਕੀਤਾ। ਛੰਨਾ ਗੁਲਾਬ ਸਿੰਘ ਦੇ ਕੇਵਲ ਸਿੰਘ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਚਿਹਰੇ ਦਾ ਅਸਰ ਜ਼ਰੂਰ ਪਿਆ ਹੈ ਪਰ ਜਿੱਤ ਦੇ ਘਰ ਹਾਲੇ ਨੇੜੇ ਨਹੀਂ ਜਾਪਦੇ।ਅਕਾਲੀ-ਬਸਪਾ ਉਮੀਦਵਾਰ ਸਤਨਾਮ ਸਿੰਘ ਰਾਹੀ ਦੀ ਹਮਾਇਤ ਵਿਚ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਖੋ ਕਲਾਂ, ਸ਼ਹਿਣਾ, ਢਿੱਲਵਾਂ ਅਤੇ ਭਦੌੜ ਵਿਚ ਚੋਣ ਜਲਸੇ ਕੀਤੇ ਹਨ। ਪਿੰਡ ਧੌਲਾ ਦੇ ਬਹਾਦਰ ਸਿੰਘ ਨੇ ਦੱਸਿਆ ਕਿ ਐਤਕੀਂ ਹਵਾ ਹੀ ਏਦਾਂ ਦੀ ਚੱਲ ਪਈ ਹੈ ਕਿ ਨੌਜਵਾਨ ਕਾਹਲੇ ਹੋਏ ਪਏ ਨੇ।
ਭਲਕੇ ਭਗਵੰਤ ਮਾਨ ਹਲਕੇ ਵਿਚ ਰੋਡ ਸ਼ੋਅ ਕਰੇਗਾ। ਇਸ ਹਲਕੇ ਤੋਂ 2017 ਵਿਚ ‘ਆਪ’ ਉਮੀਦਵਾਰ ਪਿਰਮਲ ਸਿੰਘ ਨੇ ਚੋਣ ਜਿੱਤੀ ਸੀ। ਉਸ ਦੇ ਕਾਂਗਰਸੀ ਬਣਨ ’ਤੇ ਲੋਕਾਂ ਵਿਚ ਰੋਸ ਹੈ।ਮਾਰਕੀਟ ਕਮੇਟੀ ਭਦੌੜ ਦੇ ਕਾਂਗਰਸੀ ਚੇਅਰਮੈਨ ਅਜੈ ਕੁਮਾਰ ਨੇ ਦਾਅਵਾ ਕੀਤਾ ਕਿ ਹਲਕੇ ਵਿਚ ‘ਸਾਡਾ ਚੰਨੀ’ ਦੀ ਲਹਿਰ ਬਣ ਗਈ ਹੈ। ਚੰਨੀ ਵੱਡੀ ਲੀਡ ਨਾਲ ਜਿੱਤਣਗੇ। ਦੂਜੇ ਪਾਸੇ ਅਕਾਲੀ ਉਮੀਦਵਾਰ ਸਤਨਾਮ ਸਿੰਘ ਰਾਹੀ ਆਖਦੇ ਹਨ ਕਿ ਕਾਂਗਰਸ ਸਰਕਾਰ ਨੇ ਹਲਕੇ ਦਾ ਭੋਰਾ ਵਿਕਾਸ ਨਹੀਂ ਕੀਤਾ। ਇਸੇ ਤਰ੍ਹਾਂ ‘ਆਪ’ ਸਿਰਫ ਹਵਾ ਦਾ ਗੁਬਾਰਾ ਹੈ।
ਗੱਡੇ ਵਾਲੇ ਬਾਬੇ ਨੂੰ ਚੇਤੇ ਰੱਖਣਾ
‘ਆਪ’ ਉਮੀਦਵਾਰ ਦੇ ਭਾਸ਼ਨਾਂ ’ਚ ਆਜ਼ਾਦੀ ਮਗਰੋਂ ਹੋਈ ਪਹਿਲੀ 1952 ਦੀ ਚੋਣ ਦੀ ਗੂੰਜ ਪੈ ਰਹੀ ਹੈ। ਲਾਭ ਸਿੰਘ ਉਗੋਕੇ ਆਖਦੇ ਹਨ ਕਿ ਹਲਕਾ ਭਦੌੜ ਤੋਂ 1952 ਵਿਚ ਸੀਪੀਆਈ ਦੇ ਬਾਬਾ ਅਰਜਨ ਸਿੰਘ ਖ਼ਿਲਾਫ਼ ਰਾਜਾ ਨਰਪਾਲ ਸਿੰਘ ਨੇ ਚੋਣ ਲੜੀ ਸੀ। ਬਾਬਾ ਅਰਜਨ ਸਿੰਘ ਨੇ ਗੱਡਿਆਂ ’ਤੇ ਚੋਣ ਪ੍ਰਚਾਰ ਕੀਤਾ ਜਦੋਂ ਕਿ ਰਾਜਾ ਨਰਪਾਲ ਸਿੰਘ ਨੇ ਗੱਡੀਆਂ ’ਤੇ ਪ੍ਰਚਾਰ ਕੀਤਾ। ਉਦੋਂ ਗੱਡੇ ਵਾਲੇ ਬਾਬੇ ਨੇ ਧਨਾਢ ਨੂੰ ਹਰਾ ਦਿੱਤਾ ਸੀ। ‘ਆਪ’ ਉਮੀਦਵਾਰ ਸੱਦਾ ਦਿੰਦਾ ਹੈ ਕਿ ਇਤਿਹਾਸ ਨੂੰ ਹੁਣ ਦੁਹਰਾਉਣ ਦਾ ਵੇਲਾ ਆ ਗਿਆ ਹੈ।
No comments:
Post a Comment