Sunday, February 13, 2022

                                                       ਹਲਕਾ ਅਮਲੋਹ
                                        ਸੁਖਾਲੇ ਨਹੀਂ ‘ਕਾਕਾ ਜੀ’ ਦੇ ਰਾਹ
                                                       ਚਰਨਜੀਤ ਭੁੱਲਰ 

ਅਮਲੋਹ : ਐਤਕੀਂ ਹਲਕਾ ਅਮਲੋਹ ਨਵੇਂ ਸਿਆਸੀ ਜਲੌਅ ’ਚ ਹੈ। ਪਿੰਡਾਂ ਦੇ ਲੋਕ ਇੰਨੇ ਅੱਕੇ ਪਏ ਹਨ ਕਿ ਬਦਲਾਅ ਭਾਲਦੇ ਹਨ। ਇੱਥੋਂ ਕਾਂਗਰਸ ਲਗਾਤਾਰ ਚਾਰ ਵਾਰ ਚੋਣਾਂ ਜਿੱਤਦੀ ਆ ਰਹੀ  ਹੈ। ਖੇਤੀ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਅੱਗੇ ਵੱਡੀ ਚੁਣੌਤੀ ਹੈ ਕਿ ਸਥਾਪਤੀ ਵਿਰੋਧੀ ਲਹਿਰ ਦਾ ਟਾਕਰਾ ਕਿਵੇਂ ਕੀਤਾ ਜਾਵੇ। ਕਾਕਾ ਰਣਦੀਪ ਸਿੰਘ ਲਈ ਸਿਆਸੀ ਬੇੜੀ ਪਾਰ ਲਾਉਣਾ ਐਤਕੀਂ ਸੁਖਾਲਾ ਨਹੀਂ ਹੈ। ਕਾਂਗਰਸ ਦੇ ਕਾਕਾ ਰਣਦੀਪ ਸਿੰਘ ਨਾਭਾ, ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਸਾਂਝੇ ਉਮੀਦਵਾਰ ਗੁਰਪ੍ਰੀਤ ਸਿੰਘ ਉਰਫ਼ ਰਾਜੂ ਖੰਨਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਉਰਫ਼ ਗੈਰੀ ਵੜਿੰਗ ’ਚ ਤਿਕੋਣੀ ਟੱਕਰ ਬਣੀ ਹੋਈ ਹੈ। ਸਿਆਸੀ ਮੈਚ ਇੰਨਾ ਫਸਿਆ ਹੋਇਆ ਹੈ ਕਿ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ ਹੈ। 

             ਪਿੰਡ ਥੰਮ੍ਹਣਾ ’ਚ ਬੈਠੇ ਬਜ਼ੁਰਗਾਂ ਨੇ ਏਨਾ ਕੁ ਦਾਅਵੇ ਨਾਲ ਕਿਹਾ ਕਿ ਬਦਲਾਅ ਦੀ ਹਨੇਰੀ ਨੇ ਕਈ ਥੰਮ੍ਹ ਸੁੱਟ ਦੇਣੇ ਨੇ। ਭ੍ਰਿਸ਼ਟਾਚਾਰ ਦਾ ਮੁੱਦਾ ਲੋਕਾਂ ਦੇ ਧਿਆਨ ਦੇ ਕੇਂਦਰ ਵਿੱਚ ਹੈ। ਪਿੰਡ ਤਲਵਾੜਾ ਦੇ ਕਰਿਆਣਾ ਸਟੋਰ ਦੇ ਬਲਿਹਾਰ ਸਿੰਘ ਨੇ ਟਿੱਪਣੀ ਕੀਤੀ ਕਿ ਰੁਝਾਨ ਤਿੰਨੋਂ ਧਿਰਾਂ ਦਾ ਹੈ ਪਰ ਲੋਕ ਬਦਲਾਅ ਚਾਹੁੰਦੇ ਹਨ। ਕਾਂਗਰਸੀ ਉਮੀਦਵਾਰ ਕਾਕਾ ਰਣਦੀਪ ਸਿੰਘ ਨੇ ਪਿੰਡ ਮਛਰਾਏ ਖੁਰਦ, ਭਾਂਬਰੀ ਅਤੇ ਰੁੜਕੀ ’ਚ ਚੋਣ ਪ੍ਰਚਾਰ ਦੌਰਾਨ ਹਲਕੇ ਵਿਚ ਕਰਾਏ ਵਿਕਾਸ ਦੇ ਕੰਮ ਗਿਣਾਏ। ਉਹ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਜ਼ਿਕਰ ਵੀ ਕਰਦੇ ਹਨ। ਹਰ ਸਟੇਜ ਤੋਂ ਆਖਦੇ ਹਨ, ‘ਵਿਕਾਸ ਕੀਤੈ ਤਾਂ ਵੋਟਾਂ ਪਾਇਓ।’ ਅਮਲੋਹ ਸ਼ਹਿਰ ਦੇ ਦੁਕਾਨਦਾਰਾਂ ਕੋਲ ਵਿਕਾਸ ਦੀ ਪੁਸ਼ਟੀ ਕਰਨੀ ਚਾਹੀ ਤਾਂ ਸਾਰਿਆਂ ਨੇ ਇੱਕੋ ਗੱਲ ਆਖੀ ਕਿ ਵਿਕਾਸ ਦੇਖਣਾ ਹੈ ਤਾਂ ਮੰਡੀ ਗੋਬਿੰਦਗੜ੍ਹ ਤੋਂ ਨਾਭਾ ਵਾਲਾ ਸਟੇਟ ਹਾਈਵੇਅ ਵੇਖ ਲਓ। ਇਹ ਮੁੱਖ ਸੜਕ ਟੁੱਟੀ ਹੀ ਨਹੀਂ, ਟੋਏ ਵੀ ਪਏ ਹੋਏ ਹਨ। 

            ਪੰਚਾਇਤੀ ਅਤੇ ਨਗਰ ਕੌਂਸਲ ਚੋਣਾਂ ਸਮੇਂ ਟਿਕਟਾਂ ਦੀ ਵੰਡ ਮੌਕੇ ਵੀ ਭ੍ਰਿਸ਼ਟਾਚਾਰ ਦੇ ਮੁੱਦੇ ਉਠੇ ਸਨ। ਪਿੰਡ ਟਿੱਬੀ ਦਾ ਅਮਰੀਕ ਸਿੰਘ ਆਖਦਾ ਹੈ ਕਿ ਲੋਕ ਇਕੱਲਾ ਵਿਕਾਸ ਨਹੀਂ, ਸਾਫ-ਸੁਥਰਾ ਪ੍ਰਸ਼ਾਸਨ ਵੀ ਚਾਹੁੰਦੇ ਹਨ। ਨੌਜਵਾਨ ‘ਆਪ’ ਦੇ ਹੱਕ ’ਚ ਸਰਗਰਮ ਦਿਖਾਈ ਦਿੰਦੇ ਹਨ। ਦਲਿਤ ਵੋਟਰਾਂ ’ਤੇ ਮੁੱਖ ਮੰਤਰੀ ਚੰਨੀ ਦੀ ਵੀ ਛਾਪ ਹੈ। ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਰਾਜੂ ਖੰਨਾ ਪਿਛਲੀ ਦਫ਼ਾ ਸਿਰਫ਼ 3946 ਵੋਟਾਂ ਦੇ ਫਰਕ ਨਾਲ ਹਾਰੇ ਸਨ। ਐਤਕੀਂ ਰਾਜੂ ਖੰਨਾ ਨਾਲ ਪਿੰਡਾਂ ਵਿਚ ਹਮਦਰਦੀ ਬਣੀ ਹੋਈ ਹੈ। ਰਾਜੂ ਖੰਨਾ ਦਾ ਹਲਕੇ ਵਿਚ ਲਗਾਤਾਰ ਵਿਚਰਨਾ ਅਤੇ ਦੁੱਖ-ਸੁੱਖ ਵਿਚ ਹਾਜ਼ਰ ਰਹਿਣਾ, ਉਸ ਦੇ ਪੱਖ ਵਿਚ ਜਾ ਰਿਹਾ ਹੈ। 

            ਰਾਜੂ ਖੰਨਾ ਵੱਲੋਂ ਭਿ੍ਸ਼ਟਾਚਾਰ ਨੂੰ ਮੁੱਖ ਮੁੱਦੇ ਵਜੋਂ ਉਭਾਰ ਕੇ ਸਾਫ-ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਜਾ ਰਿਹਾ ਹੈ। ਮੰਡੀ ਗੋਬਿੰਦਗੜ੍ਹ ਵਿਚ ਕਾਂਗਰਸ ਦਾ ਵੋਟ ਬੈਂਕ ਜ਼ਿਆਦਾ ਹੈ ਪ੍ਰੰਤੂ ਇਸ ਦਫ਼ਾ ‘ਆਪ’ ਨੂੰ ਵੀ ਹਿੱਸੇਦਾਰੀ ਮਿਲੇਗੀ। ਗੋਬਿੰਦਗੜ੍ਹ ਦੀ ਘਰੇਲੂ ਮਹਿਲਾ ਪਲਵਿੰਦਰ ਕੌਰ ਨੇ ਕਿਹਾ ਕਿ ਸੋਸ਼ਲ ਮੀਡੀਆ ਕਰਕੇ ਆਮ ਲੋਕ ਚੇਤੰਨ ਹੋਏ ਹਨ ਅਤੇ ਸਿਆਸਤ ਨੂੰ ਸਮਝਣ ਲੱਗ ਪਏ ਹਨ ਜਿਸ ਕਰਕੇ ਹੁਣ ਬਦਲਾਅ ਨੂੰ ਵੋਟ ਮਿਲੇਗਾ। ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਗੈਰੀ ਵੜਿੰਗ ਨੇ ਹਲਕੇ ਦਾ ਗਣਿਤ ਹੀ ਬਦਲ ਦਿੱਤਾ ਹੈ। ਉਸ ਦੀ ਨਰਮ ਬੋਲ-ਬਾਣੀ ਉਸ ਦੇ ਪੱਖ ’ਚ ਭੁਗਤਦੀ ਹੈ। ਪਿੰਡ ਨਰਾਇਣਗੜ੍ਹ ਦੇ ਨੌਜਵਾਨਾਂ ਨੇ ਕਿਹਾ ਕਿ ਸਾਰਿਆਂ ਨੂੰ ਦੇਖ ਲਿਆ ਹੈ, ਹੁਣ ਨਵੇਂ ਨੂੰ ਮੌਕਾ ਦੇਣਾ ਹੈ। 

           ਪਿੰਡ ਬਰੋਗਾ ਦੇ ਦਿਹਾੜੀਦਾਰ ਕਾਮੇ ਬਲਜੀਤ ਸਿੰਘ ’ਤੇ ਸਾਰਿਆਂ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਉਸ ਨੇ ਕਿਹਾ ਕਿ ਵੱਡਿਆਂ ਦੀ ਸਿਆਸੀ ਜੰਗ ਵਿਚ ਗਰੀਬਾਂ ਦੇ ਮੁੱਦੇ ਗਾਇਬ ਹੋ ਜਾਂਦੇ  ਹਨ। ਅਮਲੋਹ ਹਲਕੇ ’ਚ 12 ਉਮੀਦਵਾਰ ਚੋਣ ਮੈਦਾਨ ਵਿਚ ਹਨ ਜਿਨ੍ਹਾਂ ਵਿਚ ਭਾਜਪਾ ਅਤੇ ਭਾਈਵਾਲਾਂ ਦੇ ਗੱਠਜੋੜ ਵੱਲੋਂ ਕੰਵਰਵੀਰ ਸਿੰਘ ਟੌਹੜਾ ਮੈਦਾਨ ’ਚ ਹਨ ਜਿਨ੍ਹਾਂ ਨੂੰ ਗੋਬਿੰਦਗੜ੍ਹ ’ਚੋਂ ਚੰਗੀ ਵੋਟ ਮਿਲੇਗੀ। ਚੋਣ ਪ੍ਰਚਾਰ ਦੀ ਸ਼ੁਰੂਆਤ ’ਚ ਤਾਂ ਖੇਤੀ ਮੰਤਰੀ ਰਣਦੀਪ ਸਿੰਘ ਨਾਭਾ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ ਸੀ। ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਸ਼ਹਿਰ ਵਿਚ ਹੋਏ ਵਿਕਾਸ ਦੇ ਕੰਮਾਂ ਕਰਕੇ ਕਾਂਗਰਸ ਦਾ ਦਬਦਬਾ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਕਾਲੀ ਦਲ ਦਾ ਕਦੇ ਵੀ ਬਹੁਤਾ ਵੋਟ ਬੈਂਕ ਨਹੀਂ ਰਿਹਾ ਹੈ। 

                                              ਦਲਿਤ ਵਸੋਂ ਦਾ ਦਬਦਬਾ 

ਪੰਜਾਬ ਭਰ ’ਚੋਂ ਦੂਜੇ ਨੰਬਰ ’ਤੇ ਬਲਾਕ ਅਮਲੋਹ ਹੈ ਜਿਥੇ ਦਲਿਤ ਭਾਈਚਾਰੇ ਦੀ ਵਸੋਂ 51.30 ਫੀਸਦੀ ਹੈ। ਮੁੱਖ ਮੰਤਰੀ ਚੰਨੀ ਦੇ ਚਿਹਰੇ ਨੂੰ ਇਸ ਭਾਈਚਾਰੇ ’ਚੋਂ ਕਿੰਨਾ ਕੁ ਹਿੱਸਾ ਮਿਲੇਗਾ, ਉਹ ਵੀ ਹਾਰ-ਜਿੱਤ ਤੈਅ ਕਰੇਗੀ। ਇਸ ਵੇਲੇ ਹਲਕੇ ਵਿਚ 1.45 ਲੱਖ ਵੋਟਰ ਹਨ। 1967 ਤੋਂ ਲੈ ਕੇ ਹੁਣ ਤੱਕ ਅਮਲੋਹ ਵਿਚ ਸੱਤ ਵਾਰ ਕਾਂਗਰਸ ਜਦਕਿ ਪੰਜ ਦਫਾ ਅਕਾਲੀ ਉਮੀਦਵਾਰ ਜਿੱਤੇ ਹਨ। 2002 ਤੋਂ ਲੈ ਕੇ ਹੁਣ ਤੱਕ ਕਾਂਗਰਸ ਦੀ ਝੋਲੀ ’ਚ ਇਹ ਸੀਟ ਪੈਂਦੀ ਰਹੀ ਹੈ। 2017 ਦੀਆਂ ਚੋਣਾਂ ਵਿਚ ਕਾਂਗਰਸ ਨੂੰ 34.96 ਫੀਸਦੀ ਅਤੇ ਅਕਾਲੀ ਦਲ ਨੂੰ 31.49 ਫੀਸਦੀ ਜਦਕਿ ‘ਆਪ’ ਨੂੰ 26.95 ਫੀਸਦੀ ਵੋਟਾਂ ਪਈਆਂ ਸਨ।  

No comments:

Post a Comment