ਸਿਆਸੀ ਰਾਜਭਾਗ
ਕਿਸੇ ਲਈ ਮਿੱਟੀ, ਕਿਸੇ ਲਈ ਸੋਨਾ !
ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ਦਾ ਰਾਜਭਾਗ ਕਿਸੇ ਲਈ ਸੋਨਾ ਤੇ ਕਿਸੇ ਲਈ ਮਿੱਟੀ ਦੇ ਤੁੱਲ ਰਿਹਾ ਹੈ। ਜੇਕਰ ਇਸ ਰਾਜਭਾਗ ਦੌਰਾਨ ਸਿਆਸੀ ਆਗੂਆਂ ਦੀ ਸੰਪਤੀ ਵੱਲ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕਈ ਵਿਧਾਇਕਾਂ/ਵਜ਼ੀਰਾਂ ਦੀ ਸੰਪਤੀ ਤਾਂ ਛੜੱਪੇ ਮਾਰ ਕੇ ਵਧੀ ਹੈ, ਜਦਕਿ ਕਈਆਂ ਦੀ ਜਾਇਦਾਦ ਨੂੰ ਪੁੱਠਾ ਗੇੜਾ ਪਿਆ ਹੈ। ਅਕਸਰ ਇੰਜ ਹੁੰਦਾ ਹੈ ਕਿ ਸੱਤਾ ’ਤੇ ਕਾਬਜ਼ ਸਰਕਾਰ ਦੇ ਵਿਧਾਇਕਾਂ ਦੀ ਸੰਪਤੀ ਜ਼ਿਆਦਾ ਵਧਦੀ ਹੈ। ਕਾਰਨ ਕੋਈ ਵੀ ਹੋਵੇ ਪਰ ਇਹ ਸੱਚ ਹੈ ਕਿ ਮੌਜੂਦਾ ਪੰਜਾਬ ਚੋਣਾਂ ਲੜਨ ਵਾਲੇ 13 ਕਾਂਗਰਸੀ ਵਿਧਾਇਕ/ਵਜ਼ੀਰ ਉਹ ਹਨ, ਜਿਨ੍ਹਾਂ ਦੀ ਸੰਪਤੀ ’ਚ ਬੀਤੇ ਪੰਜ ਵਰ੍ਹਿਆਂ ਦੌਰਾਨ ਸੌ ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ।
ਵੇਰਵਿਆਂ ਅਨੁਸਾਰ ਭੋਆ ਤੋਂ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੀ ਸੰਪਤੀ ਵਿੱਚ ਪਿਛਲੇ ਪੰਜ ਵਰ੍ਹਿਆਂ ਦੌਰਾਨ 180 ਫ਼ੀਸਦ ਦਾ ਵਾਧਾ ਹੋਇਆ ਹੈ, ਜਦਕਿ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਜਾਇਦਾਦ ਵਿੱਚ ਇਹ ਵਾਧਾ 108 ਫ਼ੀਸਦ ਰਿਹਾ। ਇਨ੍ਹਾਂ ਪੰਜ ਵਰ੍ਹਿਆਂ ਵਿੱਚ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਦੀ ਸੰਪਤੀ 283 ਫ਼ੀਸਦ, ਦਵਿੰਦਰ ਸਿੰਘ ਘੁਬਾਇਆ ਦੀ 190 ਫ਼ੀਸਦ ਵਧੀ। ਇਵੇਂ ਹੀ ਵਿਧਾਇਕ ਲਖਬੀਰ ਸਿੰਘ ਦੀ ਸੰਪਤੀ ’ਚ 268 ਫ਼ੀਸਦ, ਸੰਤੋਖ ਸਿੰਘ ਭਲਾਈਪੁਰ ਦੀ ਜਾਇਦਾਦ ਵਿੱਚ 343 ਫ਼ੀਸਦ ਦਾ ਇਜ਼ਾਫਾ ਹੋਇਆ ਹੈ। ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੀ ਸੰਪਤੀ 173 ਫ਼ੀਸਦ, ਇੰਦਰਬੀਰ ਸਿੰਘ ਬੁਲਾਰੀਆ ਦੀ 124, ਗੁਰਪ੍ਰੀਤ ਸਿੰਘ ਕਾਂਗੜ ਦੀ 58, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ 80, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 99, ਅਕਾਲੀ ਵਿਧਾਇਕ ਐੱਨਕੇ ਸ਼ਰਮਾ ਦੀ 111 ਤੇ ਕੈਪਟਨ ਅਮਰਿੰਦਰ ਸਿੰਘ ਦੀ ਸੰਪਤੀ ਵਿੱਚ 42 ਫ਼ੀਸਦ ਵਾਧਾ ਹੋਇਆ ਹੈ।
ਇਸੇ ਤਰ੍ਹਾਂ ‘ਆਪ’ ਵਿਧਾਇਕ ਪ੍ਰੋ. ਬਲਜਿੰਦਰ ਕੌਰ ਦੀ ਸੰਪਤੀ ਪੰਜ ਵਰ੍ਹਿਆਂ ’ਚ ਤਿੰਨ ਲੱਖ ਤੋਂ ਵੱਧ ਕੇ 1.11 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ 23 ਵਿਧਾਇਕ ਉਹ ਵੀ ਹਨ, ਜਿਨ੍ਹਾਂ ਦੀ ਸੰਪਤੀ ਬੀਤੇ ਪੰਜ ਵਰ੍ਹਿਆਂ ਦੌਰਾਨ ਘਟੀ ਹੈ, ਇਨ੍ਹਾਂ ਵਿੱਚ ਬਿਕਰਮ ਮਜੀਠੀਆ ਦੀ ਸੰਪਤੀ ’ਚ 52 ਫ਼ੀਸਦ, ਕੁਲਤਾਰ ਸੰਧਵਾਂ ਦੀ 41, ਰਾਣਾ ਗੁਰਜੀਤ ਸਿੰਘ ਦੀ 26, ਸੁਖਪਾਲ ਖਹਿਰਾ ਦੀ 25, ਦਿਲਰਾਜ ਸਿੰਘ ਭੂੰਦੜ ਦੀ 14, ‘ਆਪ’ ਦੇ ਮਨਜੀਤ ਬਿਲਾਸਪੁਰ ਦੀ 13, ਕੁਲਬੀਰ ਜ਼ੀਰਾ ਦੀ 4 ਫ਼ੀਸਦ, ਨਵਜੋਤ ਸਿੰਘ ਸਿੱਧੂ ਦੀ ਸੰਪਤੀ ਵਿੱਚ 3 ਫ਼ੀਸਦ ਦਾ ਘਾਟਾ ਹੋਇਆ ਹੈ। ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰਤਾਪ ਸਿੰਘ ਵਡਾਲਾ ਦੀ ਸੰਪਤੀ ਨਾ ਘਟੀ ਤੇ ਨਾ ਹੀ ਵਧੀ ਹੈ।
ਜਦਕਿ 2012 ਤੋਂ 2017 ਤੱਕ ਅਕਾਲੀ-ਭਾਜਪਾ ਗੱਠਜੋੜ ਸਰਕਾਰ ਵੇਲੇ ਬਿਕਰਮ ਸਿੰਘ ਮਜੀਠੀਆ ਦੀ ਸੰਪਤੀ ’ਚ 125 ਫ਼ੀਸਦ, ਰਾਣਾ ਗੁਰਜੀਤ ਸਿੰਘ ਦੀ 148, ਵਿਰਸਾ ਸਿੰਘ ਵਲਟੋਹਾ ਦੀ 156, ਮੁਹੰਮਦ ਸਦੀਕ ਦੀ 249, ਭਾਜਪਾ ਵਿਧਾਇਕ ਅਸ਼ਵਨੀ ਕੁਮਾਰ ਸ਼ਰਮਾ ਦੀ 129 ਤੇ ਵਿਧਾਇਕ ਹਰਪ੍ਰੀਤ ਸਿੰਘ ਦੀ ਸੰਪਤੀ ’ਚ 166 ਫ਼ੀਸਦ ਦਾ ਵਾਧਾ ਹੋਇਆ ਸੀ। ਸਮੁੱਚੇ ਤੌਰ ’ਤੇ ਉਸ ਵੇਲੇ ਦੇ ਤਤਕਾਲੀ 73 ਵਿਧਾਇਕਾਂ ਤੇ ਵਜ਼ੀਰਾਂ ਦੀ ਸੰਪਤੀ ਵਿੱਚ ਵਾਧਾ ਹੋਈ ਸੀ। ਉਸ ਪਾਰੀ ਦਾ ਦੂਜਾ ਪੱਖ ਦੇਖੀਏ ਤਾਂ 20 ਵਿਧਾਇਕਾਂ ਦੀ ਸੰਪਤੀ ਘਟੀ ਸੀ। ਜਿਨ੍ਹਾਂ ਵਿੱਚ ਰਾਜ ਕੁਮਾਰ ਵੇਰਕਾ ਦੀ ਸੰਪਤੀ ’ਚ 33 ਫ਼ੀਸਦ, ਹਰਦਿਆਲ ਸਿੰਘ ਦੀ 37, ਇਕਬਾਲ ਸਿੰਘ ਝੂੰਦਾ ਦੀ 30, ਸੁਖਜੀਤ ਕੌਰ ਦੀ 92 ਤੇ ਕਰਨ ਕੌਰ ਬਰਾੜ ਦੀ ਸੰਪਤੀ ’ਚ 7 ਫ਼ੀਸਦ ਕਟੌਤੀ ਹੋਈ ਸੀ।
ਬਹੁਤੇ ਵਿਧਾਇਕਾਂ ਦੇ ਆਪੋ ਆਪਣੇ ਕਾਰੋਬਾਰ ਹਨ ਤੇ ਕਈਆਂ ਦੀ ਖੇਤੀ ਆਮਦਨ ਵੀ ਸ਼ਾਮਲ ਹੈ। ਸਿਆਸੀ ਵਿਸ਼ਲੇਸ਼ਕ ਆਖਦੇ ਹਨ ਕਿ ਸਿਆਸੀ ਤਾਕਤ ਦਾ ਕ੍ਰਿਸ਼ਮਾ ਹੈ ਕਿ ਵਿਧਾਇਕਾਂ ’ਤੇ ਨਾ ਕਦੇ ਮਹਿੰਗਾਈ ਦਾ ਕੋਈ ਅਸਰ ਪੈਂਦਾ ਹੈ ਤੇ ਨਾ ਹੀ ਕਿਸੇ ਮੰਦਵਾੜੇ ਦਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਸਮੁੱਚਾ ਅਰਥਚਾਰਾ ਨਿਵਾਣ ਵੱਲ ਹੈ ਤੇ ਗ਼ਰੀਬ ਲੋਕਾਂ ਲਈ ਆਮਦਨੀ ਵਿੱਚ ਵਾਧਾ ਇੱਕ ਸੁਫਨਾ ਬਣ ਗਿਆ ਹੈ।
ਭਗਵੰਤ ਮਾਨ ਦੀ ਸੰਪਤੀ ਘਟੀ
‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੀ ਜਾਇਦਾਦ ਵਿਚ ਕਟੌਤੀ ਹੋਈ ਹੈ। ਮੌਜੂਦਾ ਚੋਣਾਂ ਮੌਕੇ ਭਗਵੰਤ ਮਾਨ ਕੋਲ ਕੁੱਲ 1.97 ਕਰੋੜ ਦੀ ਸੰਪਤੀ ਹੈ, ਜਦਕਿ 2017 ਦੀਆਂ ਚੋਣਾਂ ਮੌਕੇ ਭਗਵੰਤ ਮਾਨ ਦੀ ਜਾਇਦਾਦ 1.99 ਕਰੋੜ ਰੁਪਏ ਸੀ। ਜਦੋਂ ਭਗਵੰਤ ਮਾਨ 2014 ’ਚ ਪਹਿਲੀ ਵਾਰ ਲੋਕ ਸਭਾ ਚੋਣਾਂ ਲੜੇ ਸਨ ਤਾਂ ਉਸ ਵੇਲੇ ਉਨ੍ਹਾਂ ਕੋਲ 4.30 ਕਰੋੜ ਦੀ ਜਾਇਦਾਦ ਸੀ।
No comments:
Post a Comment