Monday, February 28, 2022

                                                       ਰੁਜ਼ਗਾਰ ਵੀਜ਼ਾ
                                 ਢਾਈ ਸੌ ਪੰਜਾਬੀ ਨਿੱਤ ਚੜ੍ਹਦੇ ਨੇ ਜਹਾਜ਼..!
                                                       ਚਰਨਜੀਤ ਭੁੱਲਰ    

ਚੰਡੀਗੜ੍ਹ : ਵਿਦੇਸ਼ ਜਾਣਾ ਪੰਜਾਬੀਆਂ ਲਈ ਸ਼ੌਕ ਨਾਲੋਂ ਕਿਤੇ ਵੱਧ ਮਜਬੂਰੀ ਹੈ। ਰੁਜ਼ਗਾਰ ਖ਼ਾਤਰ ਵਿਦੇਸ਼ ਜਾਣ ਵਾਲਿਆਂ ਦੇ ਅੰਕੜੇ ਫ਼ਿਕਰਮੰਦ ਕਰਦੇ ਹਨ ਕਿ ਕਿਤੇ ਪੰਜਾਬ ਖ਼ਾਲੀ ਹੀ ਨਾ ਹੋ ਜਾਵੇ। ਪੰਜਾਬ ’ਚੋਂ ਰੋਜ਼ਾਨਾ ਔਸਤਨ ਢਾਈ ਸੌ ਵਿਅਕਤੀ ਜਹਾਜ਼ ਚੜ੍ਹ ਰਹੇ ਹਨ, ਜਿਨ੍ਹਾਂ ਦਾ ਇੱਕੋ ਮਕਸਦ ਵਿਦੇਸ਼ ’ਚ ਰੋਜ਼ੀ-ਰੋਟੀ ਕਮਾਉਣਾ ਹੈ। ਵਰਤਮਾਨ ਸਮੇਂ ਵਿੱਚ ਯੂਕਰੇਨ ਜੰਗ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਵਿਦਿਆਰਥੀ ਉਥੇ ਫਸੇ ਹੋਏ ਹਨ ਕਿਉਂਕਿ ਪੰਜਾਬ ’ਚ ਡਾਕਟਰੀ ਵਿੱਦਿਆ ਉਨ੍ਹਾਂ ਦੀ ਪਹੁੰਚ ਤੋਂ ਦੂਰ ਹੋ ਗਈ ਸੀ ਤੇ ਉਨ੍ਹਾਂ ਨੂੰ ਉਥੇ ਜਾਣਾ ਪਿਆ। ਇਵੇਂ ਵੱਡੀ ਗਿਣਤੀ ਪੰਜਾਬੀ ਰੁਜ਼ਗਾਰ ਦੀ ਤਲਾਸ਼ ’ਚ ਪੰਜਾਬ ਛੱਡ ਕੇ ਵੱਖ-ਵੱਖ ਦੇਸ਼ਾਂ ਵੱਲ ਗਏ ਹਨ।

            ਬਿਊਰੋ ਆਫ਼ ਇਮੀਗਰੇਸ਼ਨ ਦੇ ਵੇਰਵੇ ਹਨ ਕਿ ਪਹਿਲੀ ਜਨਵਰੀ 2016 ਤੋਂ ਮਾਰਚ 2021 ਤੱਕ (ਲਗਪਗ ਸਵਾ ਪੰਜ ਸਾਲ) ਦੌਰਾਨ ਪੰਜਾਬ ’ਚੋਂ 4.78 ਲੱਖ ਵਿਅਕਤੀ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਗਏ ਹਨ। ਸਿੱਧਾ ਅੰਕੜਾ ਹੈ ਕਿ ਇਨ੍ਹਾਂ ਵਰ੍ਹਿਆਂ ਦੌਰਾਨ ਪੰਜਾਬ ’ਚੋਂ ਹਰ ਮਹੀਨੇ ਔਸਤਨ 7,750 ਵਿਅਕਤੀ ਰੁਜ਼ਗਾਰ ਲਈ ਵਿਦੇਸ਼ ਗਏ ਹਨ। ਇਸ ਲਿਹਾਜ਼ ਨਾਲ ਰੋਜ਼ਾਨਾ ਦੀ ਔਸਤ 250 ਬਣਦੀ ਹੈ। ਇੰਜ ਜੇ ਵੇਖਿਆ ਜਾਵੇ ਤਾਂ ਹਰ ਵਰ੍ਹੇ ਔਸਤਨ 91,250 ਵਿਅਕਤੀ ਰੁਜ਼ਗਾਰ ਖ਼ਾਤਰ ਪੰਜਾਬ ਛੱਡ ਰਹੇ ਹਨ। ਯੂਕਰੇਨ ਵਿੱਚ ਫਸੇ ਹੋਏ ਭਾਰਤੀਆਂ ਵਿੱਚੋਂ ਬੇਸ਼ੱਕ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ, ਪਰ ਉਥੇ ਮੌਜੂਦ ਭਾਰਤੀ ਕਾਮਿਆਂ ਦਾ ਅੰਕੜਾ ਵੀ ਛੋਟਾ ਨਹੀਂ। 

            ਰਾਜਪੁਰਾ ਦਾ ਤਿਰਲੋਕ ਸਿੰਘ ਇਸ ਵੇਲੇ ਯੂਕਰੇਨ ’ਚ ਫਸਿਆ ਹੋਇਆ ਹੈ। ਉਹ ਵਰਕ ਪਰਮਿਟ ’ਤੇ ਯੂਕਰੇਨ ਗਿਆ ਸੀ। ਜੇਕਰ ਸਮੁੱਚੇ ਦੇਸ਼ ਦੀ ਗੱਲ ਕੀਤੀ ਜਾਵੇ ਤਾਂ ਉਕਤ ਸਵਾ ਪੰਜ ਵਰ੍ਹਿਆਂ ਦੌਰਾਨ ਰੁਜ਼ਗਾਰ ਵੀਜ਼ੇ ’ਤੇ 1.37 ਕਰੋੜ ਵਿਅਕਤੀ ਵਿਦੇਸ਼ ਗਏ ਹਨ। ਹਾਲਾਂਕਿ ਪੰਜਾਬ ਤੋਂ ਸਟੂਡੈਂਟ ਵੀਜ਼ਾ ’ਤੇ ਵਿਦੇਸ਼ ਜਾਣ ਵਾਲਿਆਂ ਦੀ ਚਰਚਾ ਵਧੇਰੇ ਹੁੰਦੀ ਹੈ, ਪਰ ਅਸਲ ਵਿੱਚ ਇਥੋਂ ਰੁਜ਼ਗਾਰ ਵੀਜ਼ੇ ’ਤੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਉਸ ਨਾਲੋਂ ਵੀ ਕਿਤੇ ਵੱਧ ਹੈ। ਇਨ੍ਹਾਂ ਸਵਾ ਪੰਜ ਸਾਲਾਂ ਵਿੱਚ ਸਟੂਡੈਂਟ ਵੀਜ਼ਾ ਤੇ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਣ ਵਾਲਿਆਂ ਦੀ ਜੇ ਸਾਂਝੇ ਤੌਰ ’ਤੇ ਗੱਲ ਕੀਤੀ ਜਾਵੇ ਤਾਂ 7.40 ਲੱਖ ਪੰਜਾਬੀ ਵਿਦੇਸ਼ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਸਟੂਡੈਂਟ ਵੀਜ਼ੇ ਵਾਲੇ 2.62 ਲੱਖ ਵਿਦਿਆਰਥੀ ਵੀ ਸ਼ਾਮਲ ਹਨ।

             ਇਸ ਮਾਮਲੇ ਵਿੱਚ ਪੰਜਾਬ ਨੇ 2019 ਵਿੱਚ ਦੇਸ਼ ਭਰ ’ਚੋਂ ਪਹਿਲਾ ਨੰਬਰ ਲਿਆ ਹੈ। ਉਸ ਵਰ੍ਹੇ ਪੰਜਾਬ ’ਚੋਂ 73,574 ਵਿਦਿਆਰਥੀ ਵਿਦੇਸ਼ ਗਏ ਸਨ। ਇਸ ਮਰਗੋਂ ਕਰੋਨਾ ਮਹਾਮਾਰੀ ਕਾਰਨ ਲੱਗੀਆਂ ਪਾਬੰਦੀਆਂ ਨੇ ਇਹ ਗਿਣਤੀ ਲੰਮਾ ਸਮਾਂ ਘਟਾਈ ਰੱਖੀ ਹੈ। ਯੂਕਰੇਨ ਵਿੱਚ ਬੇਕਾਬੂ ਹੋਏ ਹਾਲਾਤ ਕਾਰਨ ਫਸੇ ਪੰਜਾਬੀ ਵਿਦਿਆਰਥੀਆਂ ਦੇ ਮਾਪੇ ਆਖ ਰਹੇ ਹਨ ਕਿ ਜੇਕਰ ਭਾਰਤ ਵਿੱਚ ਡਾਕਟਰੀ ਸਿੱਖਿਆ ਉਨ੍ਹਾਂ ਦੀ ਪਹੁੰਚ ਵਿੱਚ ਹੁੰਦੀ ਤਾਂ ਉਨ੍ਹਾਂ ਨੂੰ ਬੱਚੇ ਵਿਦੇਸ਼ ਨਾ ਭੇਜਣੇ ਪੈਂਦੇ। ਇੱਕ ਅੰਦਾਜ਼ੇ ਅਨੁਸਾਰ ਸਰਕਾਰੀ ਕਾਲਜਾਂ ਦੀ ਸਾਲਾਨਾ ਫ਼ੀਸ ਸਭ ਤੋਂ ਵੱਧ ਹੋਣ ਦੇ ਪੈਮਾਨ ’ਤੇ ਪੰਜਾਬ ਦਾ ਦੇਸ਼ ਭਰ ’ਚੋਂ ਤੀਜਾ ਸਥਾਨ ਹੈ। ਪ੍ਰਾਈਵੇਟ ਕਾਲਜਾਂ ਦੀ ਫ਼ੀਸ ਤਾਂ ਆਮ ਲੋਕਾਂ ਦੀ ਪਹੁੰਚ ਤੋਂ ਕਈ ਸਾਲ ਪਹਿਲਾਂ ਹੀ ਦੂਰ ਹੋ ਚੁੱਕੀ ਹੈ।

             ਗੁਆਂਢੀ ਸੂਬੇ ਹਰਿਆਣਾ ਵੱਲ ਝਾਤ ਮਾਰੀਏ ਤਾਂ ਹਰਿਆਣਾ ’ਚੋਂ ਉਕਤ ਸਮੇਂ ਦੌਰਾਨ ਰੁਜ਼ਗਾਰ ਵੀਜ਼ਾ ’ਤੇ 31,482 ਵਿਅਕਤੀ ਵਿਦੇਸ਼ ਗਏ, ਜਦਕਿ ਦਿੱਲੀ ਤੋਂ 2.09 ਲੱਖ ਵਿਅਕਤੀ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਗਏ। ਮੁੱਖ ਮੰਤਰੀ ਚਰਨਜੀਤ ਚੰਨੀ ਆਖਦੇ ਹਨ ਕਿ ਸੂਬਾ ਸਰਕਾਰ ਨੇ ਪੰਜਾਬ ’ਚ 26 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇਸ ਤੋਂ ਪਹਿਲਾਂ ਗੱਠਜੋੜ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਪੰਜ ਸਾਲਾਂ ਵਿੱਚ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ। ਉੱਧਰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਹੁਣ ‘ਪੰਜਾਬ ਮਾਡਲ’ ਤਹਿਤ ਐਲਾਨ ਕੀਤਾ ਹੈ ਕਿ ਹਰ ਵਰ੍ਹੇ ਇੱਕ ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ।

            ਪੰਜਾਬ ’ਵਰਸਿਟੀ ਦੇ ਸਾਬਕਾ ਸੈਨੇਟ ਮੈਂਬਰ ਅਤੇ ਪ੍ਰਿੰਸੀਪਲ ਤ੍ਰਿਲੋਕ ਬੰਧੂ (ਰਾਮਪੁਰਾ ਵਾਲੇ) ਆਖਦੇ ਹਨ ਕਿ ਪੰਜਾਬ ਸਰਕਾਰ ਕੋਲ ਕੋਈ ਰੁਜ਼ਗਾਰ ਨੀਤੀ ਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਜ਼ਮੀਨਾਂ ਵੇਚ ਕੇ ਅਤੇ ਕਰਜ਼ੇ ਚੁੱਕ ਕੇ ਰੁਜ਼ਗਾਰ ਲਈ ਬੱਚਿਆਂ ਨੂੰ ਵਿਦੇਸ਼ ਭੇਜਣਾ ਕੋਈ ਸ਼ੁਗ਼ਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੁਹਿਰਦ ਹੁੰਦੀ ਤਾਂ ਇਸ ਰੁਝਾਨ ਨੇ ਕਦੇ ਜ਼ੋਰ ਨਹੀਂ ਸੀ ਫੜਨਾ।

                               ਰੁਜ਼ਗਾਰ ਵੀਜ਼ਾ ਸਸਤਾ ਸੌਦਾ ਨਹੀਂ: ਗੁਰਪ੍ਰੀਤ ਸਿੰਘ

ਅਪੈਕਸ ਓਵਰਸੀਜ਼ ਰਾਏਕੋਟ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਹੁਤਿਆਂ ਦੀ ਸਟੂਡੈਂਟ ਵੀਜ਼ਾ ਮਗਰੋਂ ਦੂਸਰੀ ਤਰਜੀਹ ਆਮ ਤੌਰ ’ਤੇ ਰੁਜ਼ਗਾਰ ਵੀਜ਼ਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰੁਜ਼ਗਾਰ ਵੀਜ਼ਾ ਵੀ ਕੋਈ ਸਸਤਾ ਸੌਦਾ ਨਹੀਂ ਹੈ। ਆਮ ਤੌਰ ’ਤੇ 25 ਤੋਂ 35 ਸਾਲ ਉਮਰ ਵਰਗ ਦੇ ਨੌਜਵਾਨ ਰੁਜ਼ਗਾਰ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਜਿਸ ’ਤੇ ਔਸਤਨ 25 ਤੋਂ 35 ਲੱਖ ਰੁਪਏ ਖਰਚ ਆਉਂਦਾ ਹੈ। ਇਨ੍ਹਾਂ ’ਚੋਂ ਕਾਫ਼ੀ ਪ੍ਰੋਫੈਸ਼ਨਲ ਡਿਗਰੀ ਵਾਲੇ ਵੀ ਹੁੰਦੇ ਹਨ। ਇਸ ਤੋਂ ਬਿਨਾਂ ਜੋ ਬਿਜ਼ਨਸ ਜਾਂ ਟੂਰਿਸਟ ਵੀਜ਼ਾ ’ਤੇ ਵਿਦੇਸ਼ ਜਾਂਦੇ ਹਨ, ਉਹ ਵੀ ਵਿਦੇਸ਼ ਜਾ ਕੇ ਆਪਣਾ ਸਟੇਟਸ ਰੁਜ਼ਗਾਰ ਵੀਜ਼ਾ ਵਾਲਾ ਕਰ ਲੈਂਦੇ ਹਨ।

No comments:

Post a Comment