Friday, February 4, 2022

                                                     ਨਾਮ ਛੋਟੇ, ਸੁਫਨੇ ਵੱਡੇ 
                                    ਸ਼ੈਰੀ,ਸ਼ੇਰਾ,ਕਿੱਕੀ,ਸਿੱਕੀ..ਸਭ ਹਾਜ਼ਰ ! 
                                                        ਚਰਨਜੀਤ ਭੁੱਲਰ   

ਚੰਡੀਗੜ੍ਹ : ਜਿਨ੍ਹਾਂ ਦੇ ਨਾਮ ਛੋਟੇ ਹਨ, ਉਨ੍ਹਾਂ ਦੇ ਸੁਫਨੇ ਵੱਡੇ ਹਨ | ਪੰਜਾਬ ਚੋਣਾਂ 'ਚ ਦਰਜਨਾਂ ਉਮੀਦਵਾਰ ਹਨ ਜਿਨ੍ਹਾਂ ਦੇ ਮਾਪਿਆਂ ਵੱਲੋਂ ਲਾਡ 'ਚ ਰੱਖੇ ਨਿੱਕੇ ਨਾਮ ਚੁਣਾਵੀਂ ਮਾਹੌਲ 'ਚ ਗੂੰਜ ਰਹੇ ਹਨ | ਚੋਣਾਂ ਦਾ ਅਖਾੜਾ ਦਿਲਚਸਪ ਬੱਝਣ ਲੱਗਾ ਹੈ ਕਿ ਇੱਕੋ ਵੇਲੇ ਪੰਜ 'ਗੋਲਡੀ' ਵੋਟਾਂ ਮੰਗ ਰਹੇ ਹਨ | ਕਾਂਗਰਸ ਕੋਲ ਸ਼ੈਰੀ (ਨਵਜੋਤ ਸਿੱਧੂ) ਹੈ ਤਾਂ 'ਆਪ' ਕੋਲ ਵੀ 'ਸ਼ੈਰੀ' (ਸ਼ੈਰੀ ਕਲਸੀ) ਹੈ, ਸੰਯੁਕਤ ਸਮਾਜ ਮੋਰਚਾ ਕੋਲ ਸ਼ੇਰਾ (ਸ਼ਮਸ਼ੇਰ ਸਿੰਘ ਸ਼ੇਰਾ) ਹੈ | ਸਭ ਰਾਜਸੀ ਧਿਰਾਂ ਦੇ ਉਮੀਦਵਾਰ ਚੋਣ ਪਿੜ 'ਚ ਗੇੜੇ 'ਤੇ ਗੇੜਾ ਮਾਰ ਰਹੇ ਹਨ |  ਸ਼ੋ੍ਰਮਣੀ ਅਕਾਲੀ ਦਲ ਦੇ ਚੋਣ ਦੰਗਲ 'ਚ ਰੋਜ਼ੀ, ਬੰਟੀ, ਬੋਨੀ, ਨੋਨੀ, ਡਿੰਪੀ, ਲੱਖੀ, ਸੁੱਖੀ, ਜਿੰਦੂ ਤੇ ਬਿੱਟੂ ਡਟੇ ਹਨ ਤਾਂ ਕਾਂਗਰਸ ਦੇ ਵੀ ਸ਼ੈਰੀ,ਚੰਨੀ, ਪਿੰਕੀ,ਕਿੱਕੀ, ਸਿੱਕੀ, ਡੈਨੀ, ਸੋਨੀ, ਲਾਡੀ, ਰਿੰਕੂ, ਲਾਲੀ, ਕਾਕਾ, ਹੈਰੀ, ਲਾਲੀ, ਲੱਖਾ ਤੇ ਜੱਗਾ ਵੀ ਚੋਣਾਂ ਵਿਚ ਕੁੱਦੇ ਹੋਏ ਹਨ | 

            ਆਮ ਆਦਮੀ ਪਾਰਟੀ ਕਿਹੜਾ ਘੱਟ ਹੈ ਜਿਨ੍ਹਾਂ ਦੇ ਕਾਕਾ, ਹੈਪੀ, ਗੋਗੀ, ਸ਼ੈਰੀ, ਲਾਲੀ, ਰਾਣਾ, ਲਾਡੀ ਆਦਿ ਚੋਣ ਮੈਦਾਨ ਵਿਚ ਹਨ | ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਬਿੱਟੂ, ਮਿੰਟੂ, ਲੱਖਾ, ਲਵਲੀ, ਰਾਜੂ, ਰਾਣਾ, ਸ਼ੇਰਾ ਆਦਿ ਚੋਣਾਂ ਵਿਚ ਉਤਾਰੇ ਹਨ | ਭਾਜਪਾ ਤੇ ਭਾਈਵਾਲਾਂ ਦੇ ਵੀ ਰਾਣਾ,ਜੋਗਾ,ਚੰਨੀ ਤੇ ਗੋਲਡੀ ਵੀ ਮੈਦਾਨ ਵਿਚ ਹਨ | ਹਲਕਿਆਂ ਵਿਚ ਇਨ੍ਹਾਂ ਚੋਂ ਬਹੁਤੇ ਉਮੀਦਵਾਰਾਂ ਨੂੰ ਲੋਕ ਛੋਟੇ ਨਾਮ ਨਾਲ ਹੀ ਜਾਣਦੇ ਹਨ ਅਤੇ ਕਈ ਉਨ੍ਹਾਂ ਦੇ ਪੂਰੇ ਨਾਮ ਤੋਂ ਵੀ ਵਾਕਿਫ ਨਹੀਂ ਹਨ | ਇਨ੍ਹਾਂ ਉਮੀਦਵਾਰਾਂ ਦੇ ਬਚਪਨ ਉਮਰੇ ਲਾਡ 'ਚ ਰੱਖੇ ਨਾਮ ਹੁਣ ਚੋਣਾਂ ਵਿਚ ਵੱਖਰਾ ਨਜ਼ਾਰਾ ਬੰਨ ਰਹੇ ਹਨ | ਫਰੀਦਕੋਟ ਹਲਕੇ 'ਚ ਅਕਾਲੀ ਉਮੀਦਵਾਰ ਪਰਮਬੰਸ ਸਿੰਘ 'ਬੰਟੀ' ਦੇ ਮੁਕਾਬਲੇ 'ਚ ਕਾਂਗਰਸ ਦੇ ਕੁਸ਼ਲਦੀਪ ਸਿੰਘ 'ਕਿੱਕੀ' ਮੈਦਾਨ ਵਿਚ ਹਨ | ਮੁਕਤਸਰ ਤੋਂ ਕੰਵਰਜੀਤ ਸਿੰਘ 'ਰੋਜ਼ੀ' ਦੇ ਮੁਕਾਬਲੇ 'ਚ 'ਆਪ' ਦੇ ਜਗਦੀਪ ਸਿੰਘ 'ਕਾਕਾ' ਖੜ੍ਹੇ ਹਨ | 

   ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੋਸਤਾਂ 'ਚ ਸ਼ੈਰੀ ਵਜੋਂ ਜਾਣੇ ਜਾਂਦੇ ਹਨ ਜਦੋਂ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਦਾ ਨਾਮ 'ਚੰਨੀ' ਵਜੋਂ ਗੂੰਜਦਾ ਹੈ | 'ਆਪ' ਵੱਲੋਂ ਚੋਣ ਮੈਦਾਨ ਵਿਚ ਤਿੰਨ 'ਗੋਲਡੀ' ਉਤਾਰੇ ਗਏ ਹਨ ਜਿਨ੍ਹਾਂ ਵਿਚ ਬੱਲੂਆਣਾ ਤੋਂ ਅਮਨਦੀਪ ਗੋਲਡੀ, ਜਲਾਲਾਬਾਦ ਤੋਂ ਜਗਦੀਪ ਗੋਲਡੀ ਅਤੇ ਰਾਜਾਸਾਂਸੀ ਤੋਂ ਅਮਨਦੀਪ 'ਗੋਲਡੀ' ਸ਼ਾਮਿਲ ਹਨ | ਕਾਂਗਰਸ ਨੇ ਧੂਰੀ ਤੋਂ ਦਲਬੀਰ 'ਗੋਲਡੀ' ਅਤੇ ਅਕਾਲੀ ਦਲ ਨੇ ਸੰਗਰੂਰ ਤੋਂ ਵਿਨਰਜੀਤ 'ਗੋਲਡੀ' ਨੂੰ ਚੋਣ ਪਿੜ ਵਿਚ ਖੜ੍ਹਾ ਕੀਤਾ ਹੈ | ਤਿੰਨ 'ਰਾਣੇ' ਵੀ ਚੋਣ ਅਖਾੜੇ ਵਿਚ ਡਟੇ ਹਨ ਜਿਨ੍ਹਾਂ ਵਿਚ 'ਆਪ' ਨੇ ਭੁਲੱਥ ਤੋਂ ਰਣਜੀਤ 'ਰਾਣਾ', ਭਾਜਪਾ ਨੇ ਦਸੂਹਾ ਤੋਂ ਰਘੂਨਾਥ 'ਰਾਣਾ' ਅਤੇ ਸੰਯੁਕਤ ਸਮਾਜ ਮੋਰਚਾ ਨੇ ਆਤਮ ਨਗਰ ਲੁਧਿਆਣਾ ਤੋਂ ਹਰਕੀਰਤ 'ਰਾਣਾ' ਨੂੰ ਉਤਾਰਿਆ ਹੈ | 

            ਕਾਂਗਰਸ ਦਾ ਪਾਇਲ ਤੋਂ ਲਖਬੀਰ 'ਲੱਖਾ' ਮੈਦਾਨ ਵਿਚ ਹੈ ਤਾਂ ਸੰਯੁਕਤ ਸਮਾਜ ਮੋਰਚਾ ਦਾ ਹਲਕਾ ਮੌੜ ਤੋਂ 'ਲੱਖਾ' ਸਧਾਣਾ ਉਮੀਦਵਾਰ ਹੈ, ਹਾਲਾਂਕਿ ਬਸਪਾ ਦਾ ਉੜਮੜ ਤੋਂ ਲਖਵਿੰਦਰ 'ਲੱਖੀ' ਵੀ ਮੈਦਾਨ ਵਿਚ ਹੈ | ਇਵੇਂ ਕਾਂਗਰਸ ਦਾ ਹਰਦੇਵ 'ਲਾਡੀ' ਸ਼ਾਹਕੋਟ ਤੋਂ ਖੜ੍ਹਾ ਹੈ ਤਾਂ 'ਆਪ' ਦਾ ਦਵਿੰਦਰ ਸਿੰਘ 'ਲਾਡੀ' ਹਲਕਾ ਧਰਮਕੋਟ ਤੋਂ ਡਟਿਆ ਹੋਇਆ ਹੈ | ਚੋਣ ਫਿਜ਼ਾ ਵਿਚ ਟੌਂਗ,ਗੜ੍ਹੀ,ਸੰਧਰ,ਚੌਧਰੀ, ਭਗਤ,ਖੋਜੇਵਾਲਾ, ਚੰਦੀ, ਡਾਲਾ, ਖਾਰਾ,ਕਲਿਆਣ, ਸੌਂਧ,ਵੈਦ, ਜ਼ੀਰਾ,ਜੀਪੀ,ਮੁਸਾਫਿਰ,ਰਾਹੀ,ਦਿਲਵਾਨ ਆਦਿ ਵੀ ਗੂੰਜ ਰਹੇ ਹਨ | ਦੇਖਣਾ ਹੋਵੇਗਾ ਕਿ ਇਨ੍ਹਾਂ ਚੋਣਾਂ ਵਿਚ ਛੋਟੇ ਨਾਮਾਂ ਵਾਲੇ ਕਿੰਨੇ ਉਮੀਦਵਾਰ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਚੜਦੇ ਹਨ | ਮੁੱਖ ਚੋਣ ਅਧਿਕਾਰੀ ਪੰਜਾਬ ਵੱਲੋਂ ਵੋਟਰਾਂ 'ਚ ਚੇਤਨਾ ਦੇ ਪਸਾਰ ਲਈ ਜੋ ਮਸਕਟ ਲਾਂਚ ਕੀਤਾ ਗਿਆ ਹੈ, ਉਸ ਦਾ ਨਾਮ ਵੀ 'ਸ਼ੇਰਾ' ਰੱਖਿਆ ਗਿਆ ਹੈ |  

                       ਛੋਟੇ ਨਾਵਾਂ ਦਾ ਸਿਆਸੀ ਲਾਹਾ ਮਿਲਦਾ ਹੈ : ਈਸ਼ਵਰ ਸਿੰਘ      

ਲੁਧਿਆਣਾ ਦੇ ਸਿਆਸੀ ਆਗੂ ਅਤੇ ਸਨਅਤਕਾਰ ਈਸ਼ਵਰ ਸਿੰਘ ਭੰਦੋਹਲ ਦਾ ਪ੍ਰਤੀਕਰਮ ਸੀ ਕਿ ਛੋਟੇ ਨਾਮ ਅਕਸਰ ਵੋਟਰਾਂ ਦੀ ਜੁਬਾਨ 'ਤੇ ਚੜ੍ਹ ਜਾਂਦੇ ਹਨ ਜਿਸ ਦਾ ਉਮੀਦਵਾਰਾਂ ਨੂੰ ਸਿਆਸੀ ਲਾਹਾ ਵੀ ਮਿਲ ਜਾਂਦਾ ਹੈ | ਉਨ੍ਹਾਂ ਕਿਹਾ ਕਿ ਚੋਣਾਂ ਵਿਚ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੇ ਨਾਵਾਂ ਦੀ ਜਿਆਦਾ ਗੂੰਜ ਪੈਂਦੀ ਹੈ | ਛੋਟੇ ਨਾਵਾਂ ਨੂੰ ਸਿਆਸੀ ਗਾਣਿਆਂ ਵਿਚ ਸ਼ਾਮਿਲ ਕਰਨਾ ਵੀ ਸੌਖਾ ਹੁੰਦਾ ਹੈ | 

          


No comments:

Post a Comment