Friday, February 18, 2022

                                                          ਸਿਆਸੀ ਰਮਜ਼ਾਂ
                                  ਬਠਿੰਡੇ ਦਾ ਮਨ ਕਿਸ ਨਾਲ ਪਾਏਗਾ ਪ੍ਰੀਤ
                                                         ਚਰਨਜੀਤ ਭੁੱਲਰ 

ਬਠਿੰਡਾ :  ਬਠਿੰਡਾ (ਸ਼ਹਿਰੀ) ਹਲਕੇ ਦੀ ਐਤਕੀਂ ਸਿਆਸੀ ਰਮਜ਼ ਸਮਝੋਂ ਬਾਹਰ ਹੈ। ਗੁੱਝੀ ਵੋਟ ਦੀ ਕਿੰਨੀ ਤਾਕਤ ਹੁੰਦੀ ਹੈ­ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਤੋਂ ਭਲਾ ਕਿਵੇਂ ਅਣਜਾਣ ਹੋ ਸਕਦੇ ਹਨ। ਨੌਜਵਾਨ ਖੁੱਲ੍ਹ ਕੇ ਬਦਲਾਅ ਦੀ ਗੱਲ ਕਰਦੇ ਹਨ। ਮਨਪ੍ਰੀਤ ਬਾਦਲ ਵਿਕਾਸ ਦੀ ਗੱਲ ਕਰਦੇ ਹਨ। ਅਕਾਲੀ ਉਮੀਦਵਾਰ ਸਰੂਪ ਸਿੰਗਲਾ ਹਾਕਮ ਧਿਰ ਦੀ ਧੱਕੇਸ਼ਾਹੀ ਅਤੇ ਪਰਚਾ ਰਾਜ ਦੀ ਗੱਲ ਕਰਦੇ ਹਨ। ਮੁਲਾਜ਼ਮ ਅਤੇ ਪੈਨਸ਼ਨਰ ਤਬਕਾ ਇੱਕੋ ਗੱਲ ਕਰਦਾ ਹੈ ਕਿ ਵਿੱਤ ਮੰਤਰੀ ਨੂੰ ਆਪਣੀ ਤਾਕਤ ਦਿਖਾਉਣ ਦਾ ਇਹੋ ਮੌਕਾ ਹੈ। ਬਠਿੰਡਾ ਸ਼ਹਿਰੀ ਹਲਕੇ ਵਿੱਚ ਜਿੰਨੇ ਮੂੰਹ­ ਓਨੀਆਂ ਗੱਲਾਂ। ਕੋਈ ਆਖਦਾ ਹੈ ਕਿ ਵੱਡੇ ਬਾਦਲ ਆਪਣੇ ਭਤੀਜੇ ਨੂੰ ਬਠਿੰਡੇ ਤੋਂ ਜਿਤਾਉਣਗੇ­। ਗਿੱਦੜਬਾਹਾ ਵਿੱਚ ਰਾਜਾ ਵੜਿੰਗ ਆਖ ਰਿਹਾ ਹੈ ਕਿ ਸਾਰੇ ਬਾਦਲ ਉਸ ਖ਼ਿਲਾਫ਼ ਕੁੱਦੇ ਨੇ। 

            ਹੁਣ ਚਰਚੇ ਛਿੜੇ ਨੇ ਕਿ ਵੋਟ ਦਾ ਸਭ ਤੋਂ ਮਹਿੰਗਾ ਮੁੱਲ ਬਠਿੰਡੇ ਵਿੱਚ ਪਊ। ਕੁਝ ਵੀ ਹੋਵੇ­ ਖ਼ਜ਼ਾਨਾ ਮੰਤਰੀ ਪੋਲੇ ਪੈਰੀਂ ਹੱਥੋਂ ਸੀਟ ਨਹੀਂ ਜਾਣ ਦੇਣਗੇ। ਸ਼ਹਿਰੀ ਆਖਦੇ ਹਨ ਕਿ ਟੱਕਰ ਕਾਂਗਰਸੀ ਉਮੀਦਵਾਰ ਮਨਪ੍ਰੀਤ ਬਾਦਲ ਅਤੇ ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਦਰਮਿਆਨ ਹੈ। ਅਕਾਲੀ-ਬਸਪਾ ਉਮੀਦਵਾਰ ਸਰੂਪ ਸਿੰਗਲਾ ਤਿਕੋਣੇ ਮੁਕਾਬਲੇ ਵਿੱਚ ਹਨ। ਕਾਂਗਰਸ ਵਿੱਚੋਂ ਆ ਕੇ ਰਾਤੋ-ਰਾਤ ਭਾਜਪਾਈ ਬਣੇ ਉਮੀਦਵਾਰ ਰਾਜ ਨੰਬਰਦਾਰ ਨੂੰ ਮੋਦੀ ਫੈਕਟਰ ਤੋਂ ਉਮੀਦਾਂ ਹਨ। ਡੇਰਾ ਸਿਰਸਾ ਦਾ ਵੱਡਾ ਵੋਟ ਬੈਂਕ ਇਸ ਸ਼ਹਿਰੀ ਹਲਕੇ ਵਿੱਚ ਹੈ­। ਡੇਰਾ ਸਿਰਸਾ ਦੇ ਮੁਖੀ ਦੇ ਕੁੜਮ ਹਰਮਿੰਦਰ ਜੱਸੀ ਨੂੰ ਉਹ ਦਿਨ ਭੁੱਲ ਨਹੀਂ ਰਹੇ, ਜਦੋਂ ਉਸ ਤੋਂ ਬਠਿੰਡਾ ਸੀਟ ਖੋਹ ਕੇ ਮਨਪ੍ਰੀਤ ਬਾਦਲ ਉਮੀਦਵਾਰ ਬਣੇ ਸਨ। ‘ਆਪ’ ਉਮੀਦਵਾਰ ਜਗਰੂਪ ਸਿੰਘ ਗਿੱਲ ਨੂੰ ਝਾੜੂ ਦੀ ਹਵਾ ਨੇ ਖੰਭ ਲਾ ਦਿੱਤੇ ਹਨ।

           ਬਠਿੰਡਾ ਸ਼ਹਿਰੀ ਹਲਕੇ ਵਿੱਚ ਮੁਲਾਜ਼ਮ ਵਰਗ ਅਤੇ ਪੈਨਸ਼ਨਰ ਖੁੱਲ੍ਹ ਕੇ ਵਿੱਤ ਮੰਤਰੀ ਦੇ ਵਿਰੋਧ ਵਿੱਚ ਤੁਰੇ ਹਨ। ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਦਰਸ਼ਨ ਮੌੜ ਆਖਦੇ ਹਨ ਕਿ ਸ਼ਹਿਰ ਵਿੱਚ ਚਾਰ ਹਜ਼ਾਰ ਪੈਨਸ਼ਨਰ ਹਨ ਅਤੇ ਇਨ੍ਹਾਂ ਚੋਣਾਂ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਹਾਕਮ ਧਿਰ ਖ਼ਿਲਾਫ਼ ਖੜ੍ਹੇ ਹਨ। ‘ਆਪ’ ਉਮੀਦਵਾਰ ਜਗਰੂਪ ਗਿੱਲ ਹਰ ਥਾਂ ’ਤੇ ਥਰਮਲ ਨੂੰ ਬੰਦ ਕਰਾਉਣ ਅਤੇ ਕਚਰਾ ਪਲਾਂਟ ਨੂੰ ਚਾਲੂ ਕਰਾਉਣ ਦਾ ਮਾਮਲਾ ਉਭਾਰਦੇ ਹਨ। ਇਵੇਂ ਉਹ ਅਮਨ ਕਾਨੂੰਨ ਦੀ ਵਿਵਸਥਾ ਦੀ ਗੱਲ ਵੀ ਕਰਦੇ ਹਨ। ਜਗਰੂਪ ਗਿੱਲ ਖੁਦ ਐਡਵੋਕੇਟ ਹਨ, ਜਿਸ ਕਰਕੇ ਵਕੀਲ ਭਾਈਚਾਰਾ ਉਨ੍ਹਾਂ ਦੀ ਪਿੱਠ ’ਤੇ ਹੈ। ਗਿੱਲ 1979 ਵਿੱਚ ਪਹਿਲੀ ਦਫਾ ਕੌਂਸਲਰ ਬਣ ਗਏ ਸਨ­, ਫਿਰ ਉਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਵੀ ਰਹੇ ਹਨ।

           ਸ਼ਹਿਰ ਦੇ ਧੋਬੀ ਬਾਜ਼ਾਰ ਅਤੇ ਹਸਪਤਾਲ ਬਾਜ਼ਾਰ ਵਿੱਚ ਬਹੁਤੀਆਂ ਦੁਕਾਨਾਂ ’ਤੇ ਕਾਂਗਰਸੀ ਝੰਡੇ ਲਹਿਰਾ ਰਹੇ ਹਨ। ਇਸ ਬਾਜ਼ਾਰ ਵਿੱਚ ਕਾਂਗਰਸੀ ਹਵਾ ਦਾ ਰਾਜ ਪੁੱਛਿਆ ਤਾਂ ਇੱਕ ਦੁਕਾਨਦਾਰ ਨੇ ਕਿਹਾ,­ ‘ਜਦੋਂ ਉਮੀਦਵਾਰ ਆਉਂਦੇ ਨੇ­ ਤਾਂ ਅਸੀਂ ਝੰਡੇ ਵੀ ਲਾਉਂਦੇ ਹਾਂ­, ਜੱਫੀ ਵੀ ਪਾਉਂਦੇ ਹਾਂ­ ਤੇ ਚਾਹ ਵੀ ਪਿਲਾਉਂਦੇ ਹਾਂ।’ ਜਦੋਂ ਵੋਟ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸਦਾ ਪਤਾ 10 ਮਾਰਚ ਨੂੰ ਲੱਗ ਜਾਵੇਗਾ। ‘ਆਪ’ ਉਮੀਦਵਾਰ ਨਾਲ ਨੌਜਵਾਨ ਤਬਕਾ ਖੜ੍ਹ ਗਿਆ ਹੈ। ਮੁਲਾਜ਼ਮ, ਪੈਨਸ਼ਨਰਾਂ ਅਤੇ ਵਕੀਲਾਂ ਤੋਂ ਇਲਾਵਾ ਮੱਧਵਰਗ ਬਦਲਾਅ ਦੀ ਹਾਮੀ ਭਰ ਰਿਹਾ ਹੈ। ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਤਜਰਬਾ ਹੈ ਅਤੇ ਮਿਹਨਤ ਵੀ ਕਰਨੀ ਆਉਂਦੀ ਹੈ। ਦੇਖਣਾ ਹੋਵੇਗਾ ਕਿ ਹਵਾ ਦੇ ਮੁਹਾਣ ਅੱਗੇ ਉਹ ਟਿਕ ਪਾਉਣਗੇ ਜਾਂ ਨਹੀਂ। ਮਨਪ੍ਰੀਤ ਬਾਦਲ ਹਰ ਸਟੇਜ ਤੋਂ ਸ਼ਹਿਰ ਦੇ ਵਿਕਾਸ ਦੀ ਗੱਲ ਕਰਦੇ ਹਨ।

             ਬਠਿੰਡਾ ਸ਼ਹਿਰ ਵਿੱਚ ਮਿਹਨਤ­, ਮਿੰਨਤ ਅਤੇ ਹਵਾ ਇੱਕੋ ਵੇਲੇ ਸਭ ਕੁਝ ਚੱਲ ਰਿਹਾ ਹੈ। ਐਤਕੀਂ ਬਠਿੰਡਾ ਸ਼ਹਿਰੀ ਹਲਕੇ ਦੀ ਜਮੀਰ ਦੀ ਪਰਖ ਵੀ ਹੋਵੇਗੀ। ਇੰਦਰਾ ਫਲ ਮਾਰਕੀਟ ਦੇ ਇੱਕ ਵਿਕਰੇਤਾ ਨੇ ਕਿਹਾ ਕਿ ਬਠਿੰਡਾ ਵਿੱਚ ਹਰ ਚੋਣ ਵੇਲੇ ਵੋਟਰ ਦਾ ਮੁੱਲ ਲੱਗਦਾ ਹੈ­। ਐਤਕੀਂ ਮਹਿੰਗਾ ਮੁੱਲ ਲੱਗ ਰਿਹਾ ਹੈ­। ਵੋਟਰ ਕਿੰਨਾ ਕੁ ਜਮੀਰ ’ਤੇ ਪਹਿਰਾ ਦਿੰਦੇ ਹਨ, ਇਹ ਵੱਡਾ ਫੈਕਟਰ ਰਹੇਗਾ। ਬਠਿੰਡਾ ਦੇ ਸਿਆਸੀ ਮਾਹੌਲ ਵਿੱਚ ਇਹ ਗੱਲ ਗੂੰਜ ਰਹੀ ਹੈ ਕਿ ਹਾਕਮਾਂ ਨੂੰ ਹਰਾਉਣਾ ਹੈ ਅਤੇ ਬਹੁਤੇ ਇੱਕ ਵਾਰੀ ਅੜ੍ਹ ਭੰਨਣ ਦੀ ਗੱਲ ਆਖ ਰਹੇ ਹਨ। ਮਨਪ੍ਰੀਤ ਬਾਦਲ ਸਿਰੇ ਦੇ ਖਿਡਾਰੀ ਹਨ, ਜਿਸ ਕਰਕੇ ਬਹੁਤੇ ਆਖ ਰਹੇ ਹਨ ਕਿ ਬਾਦਲਾਂ ਨੂੰ ਹਰਾਉਣਾ ਔਖਾ ਹੈ। ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਆਖਦੇ ਹਨ ਕਿ ਅਕਾਲੀ ਉਮੀਦਵਾਰ ਸਰੂਪ ਸਿੰਗਲਾ ਬਾਜ਼ੀ ਮਾਰਨਗੇ ਕਿਉਂਕਿ ਸਿੰਗਲਾ ਦਾ ਹਰ ਸ਼ਹਿਰੀ ਨਾਲ ਰਸੂਖ ਚੰਗਾ ਰਿਹਾ ਹੈ, ਕਿਸੇ ਨਾਲ ਕਦੇ ਕੋਈ ਜ਼ਿਆਦਤੀ ਨਹੀਂ ਕੀਤੀ ਅਤੇ ਹਰ ਕਿਸੇ ਦੇ ਦੁੱਖ-ਸੁੱਖ ਵਿੱਚ ਖੜ੍ਹਦੇ ਹਨ।                     

           ਦੂਸਰੀ ਤਰਫ ਜੋਗੀ ਨਗਰ ਦੇ ਜਗਦੀਸ਼ ਸਿੰਘ ਆਖਦੇ ਹਨ ਕਿ ‘ਆਪ’ ਉਮੀਦਵਾਰ ਗਿੱਲ ਦੇ ਹੱਕ ਵਿੱਚ ਲੋਕਾਂ ਨੇ ਮਨ ਬਣਾ ਲਿਆ ਹੈ। ਮੁੱਖ ਮੰਤਰੀ ਚਰਨਜੀਤ ਚੰਨੀ ਲੰਘੇ ਕੱਲ ਮਨਪ੍ਰੀਤ ਬਾਦਲ ਦੇ ਰੋਡ ਸ਼ੋਅ ਵਿੱਚ ਸ਼ਾਮਲ ਹੋਏ ਸਨ, ਜਦੋਂਕਿ ਦੋ ਦਿਨ ਪਹਿਲਾਂ ਭਗਵੰਤ ਮਾਨ ਨੇ ਜਗਰੂਪ ਗਿੱਲ ਦੀ ਹਮਾਇਤ ਵਿੱਚ ਰੋਡ ਸ਼ੋਅ ਕੀਤਾ ਸੀ। ਸੁਖਬੀਰ ਬਾਦਲ ਪਹਿਲਾਂ ਸਰੂਪ ਸਿੰਗਲਾ ਦੀ ਚੋਣ ਰੈਲੀ ਵਿੱਚ ਆ ਚੁੱਕੇ ਹਨ। 

                                                    ਬਠਿੰਡਾ ਹਲਕਾ: ਇੱਕ ਨਜ਼ਰ

ਬਠਿੰਡਾ ਸ਼ਹਿਰੀ ਹਲਕੇ ’ਤੇ ਝਾਤ ਮਾਰੀਏ ਤਾਂ 1957 ਤੋਂ 2017 ਤੱਕ ਅੱਠ ਦਫਾ ਕਾਂਗਰਸ ਜੇਤੂ ਰਹੀ ਹੈ, ਜਦੋਂਕਿ ਚਾਰ ਵਾਰ ਅਕਾਲੀ ਦਲ ਨੇ ਬਾਜ਼ੀ ਮਾਰੀ ਹੈ। 2017 ਵਿੱਚ ਮਨਪ੍ਰੀਤ ਬਾਦਲ ਨੇ ‘ਆਪ’ ਉਮੀਦਵਾਰ ਦੀਪਕ ਬਾਂਸਲ ਨੂੰ 18­,480 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਸ਼ਹਿਰੀ ਹਲਕੇ ਵਿੱਚ ਕੁੱਲ 2 ਲੱਖ, 29 ਹਜ਼ਾਰ ਵੋਟਰ ਹਨ। ਬਠਿੰਡਾ ਹਲਕੇ ਤੋਂ ਜਿੱਤੇ ਸੁਰਿੰਦਰ ਸਿੰਗਲਾ ਵੀ ਵਿੱਤ ਮੰਤਰੀ ਬਣੇ ਸਨ ਅਤੇ ਫਿਰ ਮਨਪ੍ਰੀਤ ਬਾਦਲ ਵਿੱਤ ਮੰਤਰੀ ਬਣੇ।

No comments:

Post a Comment