ਟੂੰਮਾਂ ਛੱਲੇ
ਨੇਤਾ ਜੀ ਤਾਂ ਸੋਨੇ ਦੀ ਖਾਨ ਨਿਕਲੇ..!
ਚਰਨਜੀਤ ਭੁੱਲਰ
ਚੰਡੀਗੜ੍ਹ :ਹਲਕਾ ਸੰਗਰੂਰ ਤੋਂ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ ਬਾਦਲ ਪਰਿਵਾਰ ਤੋਂ ਵੀ ਵੱਧ ਗਹਿਣੇ ਹਨ। ਪੰਜਾਬ ਵਿਧਾਨ ਸਭਾ ਚੋਣਾਂ ਦੇ ਪਿੜ ’ਚ ਉੱਤਰੇ ਉਮੀਦਵਾਰਾਂ ’ਚੋਂ ਖੰਨਾ ਪਰਿਵਾਰ ਇਸ ਮਾਮਲੇ ’ਚ ਸਭ ਤੋਂ ਸਿਖ਼ਰ ’ਤੇ ਹੈ। ਗਹਿਣਿਆਂ ਦੇ ਮਾਮਲੇ ’ਚ ਪਹਿਲਾਂ ਬਾਦਲ ਪਰਿਵਾਰ ਦੀ ਝੰਡੀ ਰਹੀ ਹੈ। ਜਦੋਂ ਇਨ੍ਹਾਂ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਆਪਣੀ ਸੰਪਤੀ ਦੇ ਵੇਰਵੇ ਨਸ਼ਰ ਕੀਤੇ ਹਨ ਤਾਂ ਇਹ ਤੱਥ ਉਭਰ ਕੇ ਸਾਹਮਣੇ ਆਏ ਹਨ।ਸੰਗਰੂਰ ਤੋਂ ਭਾਜਪਾਈ ਉਮੀਦਵਾਰ ਅਰਵਿੰਦ ਖੰਨਾ ਦੇ ਪਰਿਵਾਰ ਕੋਲ 9.70 ਕਰੋੜ ਦੇ ਗਹਿਣੇ ਹਨ, ਜਿਨ੍ਹਾਂ ’ਚੋਂ ਅਰਵਿੰਦ ਖੰਨਾ ਕੋਲ 5.31 ਕਰੋੜ ਅਤੇ ਉਨ੍ਹਾਂ ਦੀ ਪਤਨੀ ਕੋਲ 4.39 ਕਰੋੜ ਦੇ ਗਹਿਣੇ ਹਨ।
ਮੌਜੂਦਾ ਸੋਨੇ ਦੇ ਭਾਅ ਦੇ ਹਿਸਾਬ ਨਾਲ ਦੇਖੀਏ ਤਾਂ ਖੰਨਾ ਪਰਿਵਾਰ ਕੋਲ 19.50 ਕਿਲੋ ਸੋਨਾ ਹੈ। ਬਾਦਲ ਪਰਿਵਾਰ ਕੋਲ 7.33 ਕਰੋੜ ਦੇ ਗਹਿਣੇ (ਸਟੋਨ, ਡਾਇਮੰਡ, ਸੋਨਾ ਆਦਿ) ਹਨ, ਜਿਨ੍ਹਾਂ ’ਚੋਂ ਹਰਸਿਮਰਤ ਕੌਰ ਬਾਦਲ ਕੋਲ 7.24 ਕਰੋੜ ਦੇ ਗਹਿਣੇ ਹਨ। ਇਨ੍ਹਾਂ ’ਚੋਂ ਕੁਝ ਗਹਿਣੇ ਵਿਰਾਸਤ ’ਚੋਂ ਮਿਲੇ ਹਨ। ਸੋਨੇ ਦੇ ਮੌਜੂਦਾ ਭਾਅ ਨਾਲ ਤੁਲਨਾ ਕਰਨੀ ਹੋਵੇ ਤਾਂ 14.76 ਕਿਲੋ ਸੋਨਾ ਬਣ ਜਾਂਦਾ ਹੈ। ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਇਸ ਮੁਕਾਬਲੇ ’ਚ ਤੀਜੇ ਨੰਬਰ ’ਤੇ ਹਨ, ਜਿਨ੍ਹਾਂ ਦੇ ਪਰਿਵਾਰ ਕੋਲ 2.28 ਕਰੋੜ ਦੇ ਗਹਿਣੇ ਹਨ। ਇਸ ’ਚੋਂ ਰਾਣਾ ਗੁਰਜੀਤ ਕੋਲ 42.94 ਲੱਖ ਦੇ ਅਤੇ ਉਨ੍ਹਾਂ ਦੀ ਪਤਨੀ ਕੋਲ 1.86 ਕਰੋੜ ਦੇ ਗਹਿਣੇ ਹਨ। ਇਸ ’ਚ 3.68 ਕਿਲੋਗਰਾਮ ਤਾਂ ਸੋਨਾ ਹੀ ਹੈ ਜਦੋਂ ਕਿ 20 ਲੱਖ ਰੁਪਏ ਦਾ ਡਾਇਮੰਡ ਹੈ।
ਜ਼ੀਰਾ ਹਲਕੇ ਤੋਂ ਅਕਾਲੀ ਉਮੀਦਵਾਰ ਜਨਮੇਜਾ ਸਿੰਘ ਸੇਖੋਂ ਵੀ ਕਿਸੇ ਨਾਲੋਂ ਘੱਟ ਨਹੀਂ। ਸੇਖੋਂ ਦੇ ਪਰਿਵਾਰ ਕੋਲ 1.54 ਕਰੋੜ ਦੇ ਗਹਿਣੇ ਹਨ। ਡਾਇਮੰਡ ਤੋਂ ਇਲਾਵਾ ਕਈ ਗੋਲਡ ਸੈੱਟ ਹਨ। ਪਟਿਆਲਾ ਤੋਂ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਕੋਲ 1.43 ਕਰੋੜ ਦੇ ਗਹਿਣੇ ਹਨ। ਆਮ ਆਦਮੀ ਪਾਰਟੀ ਦੇ ਸੁਨਾਮ ਤੋਂ ਉਮੀਦਵਾਰ ਅਮਨ ਅਰੋੜਾ ਵੀ ਇਸ ਮਾਮਲੇ ’ਚ ਖ਼ਾਸ ਹਨ। ਅਰੋੜਾ ਪਰਿਵਾਰ ਕੋਲ ਵੀ 1.27 ਕਰੋੜ ਦੇ ਗਹਿਣੇ ਹਨ, ਜਿਸ ’ਚ 1.87 ਕਿਲੋ ਸੋਨਾ ਸ਼ਾਮਲ ਹੈ। ਇਸ ਤੋਂ ਇਲਾਵਾ 36 ਲੱਖ ਦਾ ਡਾਇਮੰਡ ਵੀ ਹੈ। ਇਵੇਂ ਹੀ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਕੁਸ਼ਲਦੀਪ ਸਿੰਘ ਢਿਲੋਂ ਦੇ ਪਰਿਵਾਰ ਕੋਲ 1.21 ਕਰੋੜ ਦੇ ਗਹਿਣੇ ਹਨ, ਜਿਸ ’ਚੋਂ ਉਨ੍ਹਾਂ ਦੀ ਪਤਨੀ ਕੋਲ 97 ਲੱਖ ਦੇ ਗਹਿਣੇ ਹਨ।
ਅੰਮ੍ਰਿਤਸਰ ਪੱਛਮੀ ਤੋਂ ਕਾਂਗਰਸੀ ਉਮੀਦਵਾਰ ਨਵਜੋਤ ਸਿੰਘ ਸਿੱਧੂ ਕੋਲ ਇੱਕ ਕਰੋੜ ਦੇ ਗਹਿਣੇ ਹਨ, ਜਿਸ ’ਚੋਂ 70 ਲੱਖ ਦੇ ਗਹਿਣੇ ਉਨ੍ਹਾਂ ਦੀ ਪਤਨੀ ਕੋਲ ਹਨ। ਨਵਜੋਤ ਸਿੱਧੂ ਕੋਲ 44 ਲੱਖ ਦੀਆਂ ਘੜੀਆਂ ਵੀ ਹਨ। ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਕੋਲ 65.60 ਲੱਖ ਦੇ ਗਹਿਣੇ ਹਨ।ਉਪ ਮੁੱਖ ਮੰਤਰੀ ਅਤੇ ਕਾਂਗਰਸੀ ਉਮੀਦਵਾਰ ਓਪੀ ਸੋਨੀ ਦੇ ਪਰਿਵਾਰ ਕੋਲ 1.06 ਕਰੋੜ ਦੇ ਗਹਿਣੇ ਹਨ। ਲਹਿਰਾਗਾਗਾ ਤੋਂ ਕਾਂਗਰਸੀ ਉਮੀਦਵਾਰ ਬੀਬੀ ਰਜਿੰਦਰ ਕੌਰ ਭੱਠਲ ਕੋਲ ਸਿਰਫ 22.50 ਲੱਖ ਦਾ ਹੀ ਸੋਨਾ ਹੈ। ਰਾਮਪੁਰਾ ਫੂਲ ਤੋਂ ਕਾਂਗਰਸੀ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਦੇ ਪਰਿਵਾਰ ਕੋਲ ਵੀ 75.17 ਲੱਖ ਦੇ ਗਹਿਣੇ ਹਨ ਜਦੋਂ ਕਿ ਉਨ੍ਹਾਂ ਦੇ ਵਿਰੋਧੀ ਅਕਾਲੀ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਪਰਿਵਾਰ ਕੋਲ 27 ਲੱਖ ਦੇ ਗਹਿਣੇ ਹਨ।
ਬਠਿੰਡਾ ਸ਼ਹਿਰੀ ਤੋਂ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਦੇ ਪਰਿਵਾਰ ਕੋਲ 31.20 ਲੱਖ ਦੇ ਗਹਿਣੇ ਹਨ। ਸੰਗਰੂਰ ਹਲਕੇ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਨਰਿੰਦਰ ਕੌਰ ਭਰਾਜ ਕੋਲ ਨਾ ਤਾਂ ਆਪਣਾ ਘਰ ਹੈ, ਨਾ ਖੇਤ ਅਤੇ ਨਾ ਹੀ ਕੋਈ ਵਪਾਰਕ ਸੰਪਤੀ ਹੈ। ਉਸ ਕੋਲ ਸਿਰਫ ਦੋ ਬੈਂਕ ਖਾਤੇ ਹਨ, ਜਿਨ੍ਹਾਂ ਵਿਚ 24,409 ਰੁਪਏ ਹਨ।
ਗਰੀਬ ਦੇ ਪੀਪੇ ’ਚ ਏਨਾ ਆਟਾ ਨਹੀਂ ਹੁੰਦਾ...
ਪੰਜਾਬ ’ਚ ਕੁੱਲ 2.11 ਕਰੋੋੜ ਵੋਟਰ ਹਨ, ਜਿਨ੍ਹਾਂ ’ਚੋਂ ਬਹੁਤੇ ਵੋਟਰਾਂ ਨੂੰ ਦੋ ਡੰਗ ਦੀ ਰੋਟੀ ਮਸਾਂ ਨਸੀਬ ਹੁੰਦੀ ਹੈ। ਪਿੰਡਾਂ ਦੇ ਵਿਹੜਿਆਂ ਵਿਚ ਕਿਸੇ ਗਰੀਬ ਦੇ ਪੀਪੇ ’ਚ ਏਨਾ ਆਟਾ ਨਹੀਂ ਹੁੰਦਾ, ਜਿਨ੍ਹਾਂ ਧਨਾਢ ਉਮੀਦਵਾਰਾਂ ਕੋਲ ਸੋਨਾ ਹੈ। ਮੌਜੂਦਾ ਦੌਰ ਵਿਚ ਚੋਣ ਲੜਨੀ ‘ਖਾਲਾ ਜੀ ਦਾ ਵਾੜਾ’ ਨਹੀਂ ਹੈ, ਜਿਸ ਕਰਕੇ ਮਾਲੀ ਪਹੁੰਚ ਵਾਲੇ ਹੀ ਚੋਣ ਜਿੱਤਣ ਦੇ ਸੁਫਨੇ ਲੈ ਸਕਦੇ ਹਨ। ਵਿਦਿਆਰਥੀ ਆਗੂ ਗਗਨ ਸੰਗਰਾਮੀ ਮੁਕਤਸਰ ਨੇ ਕਿਹਾ ਕਿ ਇਹ ਦਿਨ ਹੁਣ ‘ਪੀਪਿਆਂ ਵਾਲਿਆਂ’ ਦੇ ਹਨ, ਜਿਸ ਕਰਕੇ ਉਹ ਆਪਣੇ ਦਿਨ ਫੇਰਨ ਲਈ ਵੋਟ ਦਾ ਇਸਤੇਮਾਲ ਸੋਚ-ਸਮਝ ਕੇ ਕਰਨ।
No comments:
Post a Comment