Saturday, October 3, 2026

 ‘ਸਿਆਸੀ ਕਿੰਗ’
 ਵਿਵਾਦਾਂ ਦੇ ‘ਰਾਜਾ’ ਬਣੇ ਰਹੇ ਵੜਿੰਗ
ਚਰਨਜੀਤ ਭੁੱਲਰ 

ਚੰਡੀਗੜ੍ਹ : ਕਾਂਗਰਸੀ ਆਗੂ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਪ੍ਰਧਾਨਗੀ ਦੇ ਸਾਢੇ ਚਾਰ ਸਾਲ ਵਿਵਾਦਾਂ ਦੇ ‘ਰਾਜਾ’ ਬਣੇ ਰਹੇ। ਉਂਜ ਕਾਂਗਰਸ ਹਾਈਕਮਾਂਡ ਨੇ ਰਾਜਾ ਵੜਿੰਗ ਨੂੰ ਉਸ ਸਮੇਂ ਪ੍ਰਧਾਨਗੀ ਸੌਂਪੀ ਸੀ ਜਦੋਂ ਕਾਂਗਰਸ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਬੁਰੀ ਤਰ੍ਹਾਂ ਹਾਰ ਗਈ ਸੀ। ਵੜਿੰਗ ਦੀ ਬਤੌਰ ਪ੍ਰਧਾਨ ਸਿਆਸੀ ਪਾਰੀ ਅੱਜ ਖ਼ਤਮ ਹੋ ਗਈ ਹੈ। ਉਹ ਆਪਣੇ ਕਾਰਜਕਾਲ ਦੌਰਾਨ ਮਕਬੂਲ ਤੇ ਸਰਵ ਪ੍ਰਵਾਨਿਤ ਨੇਤਾ ਨਹੀਂ ਬਣ ਸਕੇ। ਹਾਲਾਂਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਲੋਕ ਸਭਾ ਚੋਣਾਂ 2024 ’ਚ ਕਾਂਗਰਸ ਪਾਰਟੀ ਨੇ ਸੱਤ ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।ਰਾਜਾ ਵੜਿੰਗ ਦੀ ਪ੍ਰਧਾਨਗੀ ਹੇਠ ਲੜੀਆਂ ਜ਼ਿਮਨੀ ਚੋਣਾਂ ’ਚ ਕਾਂਗਰਸ ਨੂੰ ਇਕੱਲੀ ਬਰਨਾਲਾ ਸੀਟ ਨੂੰ ਛੱਡ ਕੇ ਕਿਸੇ ਵੀ ’ਚ ਕਾਮਯਾਬੀ ਨਹੀਂ ਮਿਲ ਸਕੀ। ਇੱਥੋਂ ਤੱਕ ਕਿ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਜੱਦੀ ਸੀਟ ਗਿੱਦੜਬਾਹਾ ਤੋਂ ਜ਼ਿਮਨੀ ਚੋਣ ਹਾਰ ਗਏ।

       ਪੰਚਾਇਤੀ ਸੰਸਥਾਵਾਂ ਅਤੇ ਸ਼ਹਿਰੀ ਸੰਸਥਾਵਾਂ ਦੀਆਂ ਚੋਣਾਂ ’ਚ ਵੀ ਕਾਂਗਰਸ ਦੀ ਕਾਰਗੁਜ਼ਾਰੀ ਨਿਰਾਸ਼ਾਜਨਕ ਰਹੀ। ਸੀਨੀਅਰ ਕਾਂਗਰਸੀ ਨੇਤਾਵਾਂ ਦੀ ਅੰਦਰੋਂ ਅੰਦਰੀਂ ਰਾਜਾ ਵੜਿੰਗ ਨਾਲ ਨਾਰਾਜ਼ਗੀ ਵਧਦੀ ਗਈ, ਜਦੋਂ ਹਾਈਕਮਾਂਡ ਨੇ ਵੜਿੰਗ ਨੂੰ ਤਬਦੀਲ ਕਰਨ ਦੀ ਥਾਂ ਪਹਿਲੀ ਜੁਲਾਈ ਨੂੰ ਚਾਰ ਕਮੇਟੀਆਂ ਦਾ ਐਲਾਨ ਕਰ ਦਿੱਤਾ ਤਾਂ ਉਸ ਸਮੇਂ ਹੀ ਵੜਿੰਗ ਦੀ ਪ੍ਰਧਾਨਗੀ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਸੀ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਧੜੇ ਨੇ ਰਾਜਾ ਵੜਿੰਗ ਖ਼ਿਲਾਫ਼ ਝੰਡਾ ਚੁੱਕ ਲਿਆ ਅਤੇ ਵੜਿੰਗ ਦੀ ਅਗਵਾਈ ਵਾਲੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਚਰਨਜੀਤ ਚੰਨੀ ਆਖ਼ਰੀ ਵਾਰ ਜਨਤਕ ਤੌਰ ’ਤੇ 24 ਜੂਨ ਨੂੰ ਵੜਿੰਗ ਨਾਲ ਨਜ਼ਰ ਆਏ ਸਨ। ਉਸ ਮਗਰੋਂ ਦੂਸਰੀ ਵਾਰ ਸਚਿਨ ਪਾਇਲਟ ਦੀ ਪਹਿਲੀ ਫੇਰੀ ਮੌਕੇ ਵੜਿੰਗ ਤੇ ਚੰਨੀ ਇਕੱਠੇ ਦਿਖੇ ਸਨ। ਚੰਨੀ ਧੜੇ ਦੀ ਹਮਾਇਤ ਮਾਝੇ ਦੇ ਆਗੂਆਂ ਨੇ ਡਟ ਕੇ ਕੀਤੀ। 

       ਜਦੋਂ ਧਰਾਤਲ ਤੋਂ ਫੀਡਬੈਕ ਲਈ ਤਾਂ ਵੜਿੰਗ ਦੀ ਛੁੱਟੀ ਕਰਨ ਦਾ ਹਾਈਕਮਾਂਡ ਨੇ ਮਨ ਬਣਾ ਲਿਆ ਸੀ। ਵੜਿੰਗ ਨੂੰ ਚੰਨੀ ਧੜੇ ਨੇ ਕਮਜ਼ੋਰ ਨੇਤਾ ਦੱਸਿਆ। ਮੌਜੂਦਾ ‘ਆਪ’ ਸਰਕਾਰ ਨਾਲ ਉਨ੍ਹਾਂ ਦੇ ਸੁਖਾਵੇਂ ਸਬੰਧਾਂ ਨੂੰ ਲੈ ਕੇ ਵਿਰੋਧੀ ਉਨ੍ਹਾਂ ’ਤੇ ਸਿਆਸੀ ਹਮਲੇ ਕਰਦੇ ਰਹੇ। ਬਤੌਰ ਟਰਾਂਸਪੋਰਟ ਮੰਤਰੀ ਵੜਿੰਗ ਵੱਲੋਂ ਸਰਕਾਰੀ ਬੱਸਾਂ ਦੀਆਂ ਬਾਡੀਆਂ ਲਗਾਏ ਜਾਣ ਦੇ ਮਾਮਲੇ ’ਚ ਘਾਲ਼ਾ-ਮਾਲ਼ਾ ਹੋਣ ਨੂੰ ਲੈ ਕੇ ਵੀ ਉਂਗਲ ਉੱਠੀ। ਵੜਿੰਗ ਦਾ ਮੌਜੂਦਾ ਸਰਕਾਰ ਪ੍ਰਤੀ ਨਰਮ ਗੋਸ਼ਾ ਰਹਿਣ ਕਰ ਕੇ ਉਨ੍ਹਾਂ ’ਤੇ ਵਿਅੰਗ ਵੀ ਹੁੰਦੇ ਰਹੇ।ਵੜਿੰਗ ਮੌਜੂਦਾ ਸਰਕਾਰ ਖ਼ਿਲਾਫ਼ ਕੋਈ ਲਹਿਰ ਖੜ੍ਹੀ ਕਰਨ ’ਚ ਨਾਕਾਮ ਰਹੇ। ਕੁਝ ਮਹੀਨਿਆਂ ਤੋਂ ਰਾਜਾ ਵੜਿੰਗ ਆਪਣੇ ਵਿਵਾਦਤ ਬਿਆਨਾਂ ਕਾਰਨ ਸੁਰਖ਼ੀਆਂ ’ਚ ਰਹੇ। ਤਰਨ ਤਾਰਨ ਜ਼ਿਲ੍ਹੇ ਦੀ ਜ਼ਿਮਨੀ ਚੋਣ ਦੌਰਾਨ ਮਰਹੂਮ ਨੇਤਾ ਬੂਟਾ ਸਿੰਘ ਖ਼ਿਲਾਫ਼ ਜਾਤੀ ਸੂਚਕ ਬਿਆਨਬਾਜ਼ੀ ਕਰਨ ਕਰ ਕੇ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਨਿਸ਼ਾਨੇ ’ਤੇ ਆ ਗਏ ਸਨ।

        ਬਾਰਾਂ ਪਾਂਜੇ ਸੱਠ ਵਰਗੇ ਹਾਸੋਹੀਣੇ ਬਿਆਨਾਂ ਕਾਰਨ ਵੜਿੰਗ ਦੀ ਜਨਤਕ ਤੌਰ ’ਤੇ ਕਿਰਕਿਰੀ ਹੋਈ। ਰਾਜਾ ਵੜਿੰਗ ’ਤੇ ਪਾਰਟੀ ਅੰਦਰ ਇਲਜ਼ਾਮ ਲੱਗਦੇ ਰਹੇ ਕਿ ਉਨ੍ਹਾਂ ਨੇ ਹਰ ਹਲਕੇ ਤੇ ਜ਼ਿਲ੍ਹੇ ’ਚ ਧੜੇਬੰਦੀ ਨੂੰ ਉਤਸ਼ਾਹਿਤ ਕੀਤਾ। ਉਨ੍ਹਾਂ ਨੇ ਆਪਣੀ ਪ੍ਰਧਾਨਗੀ ਦੌਰਾਨ ਜਥੇਬੰਦਕ ਢਾਂਚੇ ’ਚ ਆਪਣੀ ਟੀਮ ਨੂੰ ਉਭਾਰਿਆ। ਉਹ ਕਿਸੇ ਵੀ ਸੀਨੀਅਰ ਆਗੂ ਨੂੰ ਆਪਣੇ ਨਾਲ ਤੋਰਨ ’ਚ ਸਫ਼ਲ ਨਾ ਹੋ ਸਕੇ।

ਸੱਤਾ ਦਾ ਸੂਰਜ
ਮੁਕਤਸਰ ’ਚ ਢਲਿਆ, ਜਲੰਧਰ ’ਚ ਚੜ੍ਹਿਆ..!
ਚਰਨਜੀਤ ਭੁੱਲਰ 

ਚੰਡੀਗੜ੍ਹ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹੱਥੋਂ ਅੱਜ ਇੱਕ ‘ਪ੍ਰਧਾਨਗੀ’ ਖੁੱਸ ਗਈ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਕੋਲ ਦੋ ਦੋ ਪ੍ਰਧਾਨਗੀ ਪਦ ਬਰਕਰਾਰ ਹਨ। ਜ਼ਿਲ੍ਹਾ ਮੁਕਤਸਰ ਕੋਲ ਹੁਣ ਇੱਕੋ ਸਿਆਸੀ ਪਾਰਟੀ ਦੀ ਪ੍ਰਧਾਨਗੀ ਬਚੀ ਹੈ ਜਦੋਂ ਕਿ ਹੁਣ ਜਲੰਧਰ ਜ਼ਿਲ੍ਹੇ ਦੇ ਹਿੱਸੇ ਅੱਜ ਇੱਕ ਪ੍ਰਧਾਨਗੀ ਆ ਗਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿੰਡ ਵੀ ਜ਼ਿਲ੍ਹਾ ਮੁਕਤਸਰ ’ਚ ਹੀ ਪੈਂਦਾ ਹੈ। ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋਣ ਮਗਰੋਂ ਹੁਣ ਮੁਕਤਸਰ ਜ਼ਿਲ੍ਹੇ ਕੋਲ ਇੱਕ ਸਿਆਸੀ ਪਾਰਟੀ ਦੀ ਪ੍ਰਧਾਨਗੀ ਰਹਿ ਗਈ ਹੈ। 

      ਸੰਗਰੂਰ ਲੋਕ ਸਭਾ ਹਲਕੇ ’ਚ ਇਸ ਵੇਲੇ ਦੋ ਸਿਆਸੀ ਪਾਰਟੀ ਦੀ ਪ੍ਰਧਾਨਗੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸੁਨਾਮ ਤੋਂ ਹਨ ਜਦੋਂ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਜੱਦੀ ਪਿੰਡ ਟੱਲੇਵਾਲ ਵੀ ਲੋਕ ਸਭਾ ਹਲਕਾ ਸੰਗਰੂਰ ’ਚ ਹੀ ਪੈਂਦਾ  ਹੈ। ਪਿਛਲੇ ਕੁੱਝ ਵਰ੍ਹਿਆਂ ਤੋਂ ਪੰਜਾਬ ਦੀ ਸਿਆਸਤ ’ਚ ਸੰਗਰੂਰ ਤੇ ਮੁਕਤਸਰ ਜ਼ਿਲ੍ਹੇ ਦੀ ਹੀ ਤੂਤੀ ਬੋਲਦੀ ਸੀ। ਸੰਗਰੂਰ ਜ਼ਿਲ੍ਹਾ ਸਿਆਸੀ ਤੌਰ ’ਤੇ ਪਾਵਰ ਫੁੱਲ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਜ਼ਿਲ੍ਹਾ ਵੀ ਸੰਗਰੂਰ ਹੈ। 

      ਪੰਜਾਬੀ ਸੂਬਾ ਬਣਨ ਤੋਂ ਬਾਅਦ ਹੁਣ ਤੱਕ ਪੰਜਾਬ ਕਾਂਗਰਸ ਦੇ 16 ਪ੍ਰਧਾਨ ਰਹਿ ਚੁੱਕੇ  ਹਨ ਜਦੋਂ ਕਿ 17ਵਾਂ ਪ੍ਰਧਾਨ ਅੱਜ ਪਰਗਟ ਸਿੰਘ ਨੂੰ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ ਸਭ ਤੋਂ ਵੱਧ ਵਾਰ ਪ੍ਰਧਾਨ ਅਮਰਿੰਦਰ ਸਿੰਘ ਰਹੇ ਹਨ। ਜਿਨ੍ਹਾਂ ਦੀ ਬਤੌਰ ਪ੍ਰਧਾਨ ਪਹਿਲੀ ਪਾਰੀ ਨਵੰਬਰ 1999 ਤੋਂ ਨਵੰਬਰ 2002 ਤੱਕ ਦੀ ਰਹੀ  ਜਦੋਂ ਕਿ ਦੂਸਰੀ ਪਾਰੀ ਜਨਵਰੀ 2010 ਤੋਂ ਦਸੰਬਰ 2013 ਤੱਕ ਦੀ ਰਹੀ ਹੈ। ਅਮਰਿੰਦਰ ਸਿੰਘ ਦੀ ਤੀਜੀ ਪਾਰੀ ਨਵੰਬਰ 2015 ਤੋਂ ਮਈ 2017 ਤੱਕ ਦੀ ਰਹੀ ਹੈ। 

      ਉਨ੍ਹਾਂ ਦੀ ਅਗਵਾਈ ’ਚ ਵਿਧਾਨ ਸਭਾ ਦੀਆਂ ਦੋ ਚੋਣਾਂ ’ਚ ਕਾਂਗਰਸ ਨੂੰ ਜਿੱਤ ਮਿਲੀ ਜਦੋਂ ਕਿ ਇੱਕ ਚੋਣ ’ਚ ਹਾਰ ਮਿਲੀ। ਪੰਜਾਬੀ ਸੂਬਾ ਬਣਨ ਮਗਰੋਂ ਇੱਕ ਵਾਰ ਹੀ ਕਿਸੇ ਮਹਿਲਾ ਨੂੰ ਪ੍ਰਧਾਨਗੀ ਮਿਲੀ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲ 1997-1999 ਦੌਰਾਨ ਪੰਜਾਬ ਕਾਂਗਰਸ ਦੀ ਕਮਾਨ ਰਹੀ। ਇਸ ਸਮੇਂ ਦੌਰਾਨ ਪ੍ਰਧਾਨਗੀ ਦਾ ਸਭ ਤੋਂ ਛੋਟਾ ਕਾਰਜਕਾਲ ਨਵਜੋਤ ਸਿੰਘ ਸਿੱਧੂ ਦਾ ਰਿਹਾ ਜੋ ਸਿਰਫ਼ ਦਸ ਮਹੀਨੇ ਹੀ ਪ੍ਰਧਾਨ ਰਹੇ। ਉਨ੍ਹਾਂ ਨੂੰ ਜੁਲਾਈ 2021 ’ਚ ਪ੍ਰਧਾਨਗੀ ਮਿਲੀ ਅਤੇ ਅਪਰੈਲ 2022 ’ਚ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ। 

       ਪੰਜਾਬੀ ਸੂਬਾ ਬਣਨ ਮਗਰੋਂ ਹੁਣ ਤੱਕ ਦੇ ਪ੍ਰਧਾਨਾਂ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪ੍ਰਧਾਨਗੀ ਦਾ ਅਹੁਦਾ ਮਾਲਵਾ ਖ਼ਿੱਤੇ ਕੋਲ 10 ਵਾਰ ਰਿਹਾ। ਮਾਝੇ ਚੋਂ ਬਣੇ ਪੁਰਾਣੇ ਪ੍ਰਧਾਨਾਂ ’ਚ ਵਿਸ਼ਵਾ ਮਿੱਤਰ ਸੇਖੜੀ, ਰਘੂਨੰਦਨ ਲਾਲ ਭਾਟੀਆ,ਸੰਤੋਖ ਸਿੰਘ ਰੰਧਾਵਾ, ਰਜਿੰਦਰ ਸਿੰਘ ਸਪੈਰੋ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ ਜਦੋਂ ਕਿ ਦੁਆਬੇ ਦੇ ਹਿੱਸੇ ਪਹਿਲਾਂ ਮਹਿੰਦਰ ਸਿੰਘ ਕੇਪੀ ਅਤੇ ਹੁਣ ਪਰਗਟ ਸਿੰਘ ਆਏ ਹਨ। ਮਾਲਵੇ ਚੋਂ ਬਣੇ ਪ੍ਰਧਾਨਾਂ ’ਚ ਗਿਆਨੀ ਜ਼ੈਲ ਸਿੰਘ,ਰਜਿੰਦਰ ਕੌਰ ਭੱਠਲ,ਅਮਰਿੰਦਰ ਸਿੰਘ, ਹਰਵਿੰਦਰ ਸਿੰਘ ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ, ਸੁਨੀਲ ਕੁਮਾਰ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।