ਸੱਤਾ ਦਾ ਸੂਰਜਮੁਕਤਸਰ ’ਚ ਢਲਿਆ, ਜਲੰਧਰ ’ਚ ਚੜ੍ਹਿਆ..!ਚਰਨਜੀਤ ਭੁੱਲਰ
ਚੰਡੀਗੜ੍ਹ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਹੱਥੋਂ ਅੱਜ ਇੱਕ ‘ਪ੍ਰਧਾਨਗੀ’ ਖੁੱਸ ਗਈ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਕੋਲ ਦੋ ਦੋ ਪ੍ਰਧਾਨਗੀ ਪਦ ਬਰਕਰਾਰ ਹਨ। ਜ਼ਿਲ੍ਹਾ ਮੁਕਤਸਰ ਕੋਲ ਹੁਣ ਇੱਕੋ ਸਿਆਸੀ ਪਾਰਟੀ ਦੀ ਪ੍ਰਧਾਨਗੀ ਬਚੀ ਹੈ ਜਦੋਂ ਕਿ ਹੁਣ ਜਲੰਧਰ ਜ਼ਿਲ੍ਹੇ ਦੇ ਹਿੱਸੇ ਅੱਜ ਇੱਕ ਪ੍ਰਧਾਨਗੀ ਆ ਗਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪਿੰਡ ਵੀ ਜ਼ਿਲ੍ਹਾ ਮੁਕਤਸਰ ’ਚ ਹੀ ਪੈਂਦਾ ਹੈ। ਵੜਿੰਗ ਦੀ ਪ੍ਰਧਾਨਗੀ ਤੋਂ ਛੁੱਟੀ ਹੋਣ ਮਗਰੋਂ ਹੁਣ ਮੁਕਤਸਰ ਜ਼ਿਲ੍ਹੇ ਕੋਲ ਇੱਕ ਸਿਆਸੀ ਪਾਰਟੀ ਦੀ ਪ੍ਰਧਾਨਗੀ ਰਹਿ ਗਈ ਹੈ।
ਸੰਗਰੂਰ ਲੋਕ ਸਭਾ ਹਲਕੇ ’ਚ ਇਸ ਵੇਲੇ ਦੋ ਸਿਆਸੀ ਪਾਰਟੀ ਦੀ ਪ੍ਰਧਾਨਗੀ ਹੈ। ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਸੁਨਾਮ ਤੋਂ ਹਨ ਜਦੋਂ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਜੱਦੀ ਪਿੰਡ ਟੱਲੇਵਾਲ ਵੀ ਲੋਕ ਸਭਾ ਹਲਕਾ ਸੰਗਰੂਰ ’ਚ ਹੀ ਪੈਂਦਾ ਹੈ। ਪਿਛਲੇ ਕੁੱਝ ਵਰ੍ਹਿਆਂ ਤੋਂ ਪੰਜਾਬ ਦੀ ਸਿਆਸਤ ’ਚ ਸੰਗਰੂਰ ਤੇ ਮੁਕਤਸਰ ਜ਼ਿਲ੍ਹੇ ਦੀ ਹੀ ਤੂਤੀ ਬੋਲਦੀ ਸੀ। ਸੰਗਰੂਰ ਜ਼ਿਲ੍ਹਾ ਸਿਆਸੀ ਤੌਰ ’ਤੇ ਪਾਵਰ ਫੁੱਲ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਜ਼ਿਲ੍ਹਾ ਵੀ ਸੰਗਰੂਰ ਹੈ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਹੁਣ ਤੱਕ ਪੰਜਾਬ ਕਾਂਗਰਸ ਦੇ 16 ਪ੍ਰਧਾਨ ਰਹਿ ਚੁੱਕੇ ਹਨ ਜਦੋਂ ਕਿ 17ਵਾਂ ਪ੍ਰਧਾਨ ਅੱਜ ਪਰਗਟ ਸਿੰਘ ਨੂੰ ਐਲਾਨਿਆ ਗਿਆ ਹੈ। ਇਸ ਸਮੇਂ ਦੌਰਾਨ ਸਭ ਤੋਂ ਵੱਧ ਵਾਰ ਪ੍ਰਧਾਨ ਅਮਰਿੰਦਰ ਸਿੰਘ ਰਹੇ ਹਨ। ਜਿਨ੍ਹਾਂ ਦੀ ਬਤੌਰ ਪ੍ਰਧਾਨ ਪਹਿਲੀ ਪਾਰੀ ਨਵੰਬਰ 1999 ਤੋਂ ਨਵੰਬਰ 2002 ਤੱਕ ਦੀ ਰਹੀ ਜਦੋਂ ਕਿ ਦੂਸਰੀ ਪਾਰੀ ਜਨਵਰੀ 2010 ਤੋਂ ਦਸੰਬਰ 2013 ਤੱਕ ਦੀ ਰਹੀ ਹੈ। ਅਮਰਿੰਦਰ ਸਿੰਘ ਦੀ ਤੀਜੀ ਪਾਰੀ ਨਵੰਬਰ 2015 ਤੋਂ ਮਈ 2017 ਤੱਕ ਦੀ ਰਹੀ ਹੈ।
ਉਨ੍ਹਾਂ ਦੀ ਅਗਵਾਈ ’ਚ ਵਿਧਾਨ ਸਭਾ ਦੀਆਂ ਦੋ ਚੋਣਾਂ ’ਚ ਕਾਂਗਰਸ ਨੂੰ ਜਿੱਤ ਮਿਲੀ ਜਦੋਂ ਕਿ ਇੱਕ ਚੋਣ ’ਚ ਹਾਰ ਮਿਲੀ। ਪੰਜਾਬੀ ਸੂਬਾ ਬਣਨ ਮਗਰੋਂ ਇੱਕ ਵਾਰ ਹੀ ਕਿਸੇ ਮਹਿਲਾ ਨੂੰ ਪ੍ਰਧਾਨਗੀ ਮਿਲੀ। ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਕੋਲ 1997-1999 ਦੌਰਾਨ ਪੰਜਾਬ ਕਾਂਗਰਸ ਦੀ ਕਮਾਨ ਰਹੀ। ਇਸ ਸਮੇਂ ਦੌਰਾਨ ਪ੍ਰਧਾਨਗੀ ਦਾ ਸਭ ਤੋਂ ਛੋਟਾ ਕਾਰਜਕਾਲ ਨਵਜੋਤ ਸਿੰਘ ਸਿੱਧੂ ਦਾ ਰਿਹਾ ਜੋ ਸਿਰਫ਼ ਦਸ ਮਹੀਨੇ ਹੀ ਪ੍ਰਧਾਨ ਰਹੇ। ਉਨ੍ਹਾਂ ਨੂੰ ਜੁਲਾਈ 2021 ’ਚ ਪ੍ਰਧਾਨਗੀ ਮਿਲੀ ਅਤੇ ਅਪਰੈਲ 2022 ’ਚ ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋ ਗਿਆ।
ਪੰਜਾਬੀ ਸੂਬਾ ਬਣਨ ਮਗਰੋਂ ਹੁਣ ਤੱਕ ਦੇ ਪ੍ਰਧਾਨਾਂ ’ਤੇ ਨਜ਼ਰ ਮਾਰੀਏ ਤਾਂ ਸਭ ਤੋਂ ਵੱਧ ਪ੍ਰਧਾਨਗੀ ਦਾ ਅਹੁਦਾ ਮਾਲਵਾ ਖ਼ਿੱਤੇ ਕੋਲ 10 ਵਾਰ ਰਿਹਾ। ਮਾਝੇ ਚੋਂ ਬਣੇ ਪੁਰਾਣੇ ਪ੍ਰਧਾਨਾਂ ’ਚ ਵਿਸ਼ਵਾ ਮਿੱਤਰ ਸੇਖੜੀ, ਰਘੂਨੰਦਨ ਲਾਲ ਭਾਟੀਆ,ਸੰਤੋਖ ਸਿੰਘ ਰੰਧਾਵਾ, ਰਜਿੰਦਰ ਸਿੰਘ ਸਪੈਰੋ ਅਤੇ ਪ੍ਰਤਾਪ ਸਿੰਘ ਬਾਜਵਾ ਦੇ ਨਾਮ ਸ਼ਾਮਲ ਹਨ ਜਦੋਂ ਕਿ ਦੁਆਬੇ ਦੇ ਹਿੱਸੇ ਪਹਿਲਾਂ ਮਹਿੰਦਰ ਸਿੰਘ ਕੇਪੀ ਅਤੇ ਹੁਣ ਪਰਗਟ ਸਿੰਘ ਆਏ ਹਨ। ਮਾਲਵੇ ਚੋਂ ਬਣੇ ਪ੍ਰਧਾਨਾਂ ’ਚ ਗਿਆਨੀ ਜ਼ੈਲ ਸਿੰਘ,ਰਜਿੰਦਰ ਕੌਰ ਭੱਠਲ,ਅਮਰਿੰਦਰ ਸਿੰਘ, ਹਰਵਿੰਦਰ ਸਿੰਘ ਹੰਸਪਾਲ, ਸ਼ਮਸ਼ੇਰ ਸਿੰਘ ਦੂਲੋ, ਸੁਨੀਲ ਕੁਮਾਰ ਜਾਖੜ, ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਸ਼ਾਮਲ ਹਨ।
