Wednesday, February 23, 2022

                                                       ਸਿਆਸੀ ਮਾਅਰਕਾ
                                           ਪੋਲਿੰਗ ’ਚ ਪੰਜਾਬਣਾਂ ਦੀ ਝੰਡੀ..!
                                                          ਚਰਨਜੀਤ ਭੁੱਲਰ   

ਚੰਡੀਗੜ੍ਹ : ਐਤਕੀਂ ਵਿਧਾਨ ਸਭਾ ਚੋਣਾਂ ਵਿੱਚ ਵੋਟਾਂ ਪਾਉਣ ਦੇ ਮਾਮਲੇ ’ਚ ਪੰਜਾਬਣਾਂ ਦੀ ਝੰਡੀ ਰਹੀ ਹੈ। ਇਨ੍ਹਾਂ ਚੋਣਾਂ ’ਚ ਪੁਰਸ਼ਾਂ ਦੀ ਪੋਲਿੰਗ ਦਰ ਘੱਟ ਰਹੀ ਹੈ, ਜਦਕਿ ਔਰਤਾਂ ਨੇ ਮਾਅਰਕਾ ਮਾਰਿਆ ਹੈ। ਹਾਲਾਂਕਿ ਰਾਜਸੀ ਧਿਰਾਂ ਨੇ ਔਰਤਾਂ ਨੂੰ ਟਿਕਟਾਂ ਦੇਣ ਮੌਕੇ ਹੱਥ ਘੁੱਟਿਆ ਹੈ ਪਰ ਔਰਤਾਂ ਨੇ ਆਪਣੀ ਤਰਫ਼ੋਂ ਖੁੱਲ੍ਹੇ ਹੱਥ ਨਾਲ ਵੋਟਾਂ ਪਾਈਆਂ ਹਨ। ਚੋਣ ਮੈਦਾਨ ਵਿੱਚ ਕੁੱਲ 1304 ਉਮੀਦਵਾਰਾਂ ਵਿੱਚੋਂ ਸਿਰਫ਼ 93 ਮਹਿਲਾ ਉਮੀਦਵਾਰ ਹਨ, ਜਿਸ ਦੀ ਦਰ 7.13 ਫ਼ੀਸਦੀ ਬਣਦੀ ਹੈ। ਹੈਰਾਨੀ ਵਾਲੇ ਤੱਥ ਹਨ ਕਿ ਦੁਆਬਣਾਂ ਨੇ ਤਾਂ ਦਰਜਨ ਹਲਕਿਆਂ ਵਿੱਚ ਆਪਣਾ ਪੂਰਾ ਦਬਦਬਾ ਬਣਾਇਆ ਹੈ।

            ਚੋਣ ਕਮਿਸ਼ਨ ਵੱਲੋਂ ਜਾਰੀ ਵੇਰਵਿਆਂ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 79.90 ਫ਼ੀਸਦੀ ਔਰਤਾਂ ਨੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਹੈ, ਜਦੋਂ ਕਿ 71.99 ਫ਼ੀਸਦੀ ਪੁਰਸ਼ਾਂ ਨੇ ਵੋਟਾਂ ਪਾਈਆਂ ਹਨ। ਪੰਜਾਬ ਦੇ ਕੁੱਲ੍ਹ 2.14 ਕਰੋੜ ਵਿੱਚੋਂ 1.54 ਕਰੋੜ ਵੋਟਰਾਂ ਨੇ ਮਤਦਾਨ ਕੀਤਾ ਹੈ, ਜਿਨ੍ਹਾਂ ਵਿੱਚ 73.35 ਲੱਖ ਔਰਤਾਂ ਅਤੇ 81.33 ਲੱਖ ਪੁਰਸ਼ ਸ਼ਾਮਲ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਵਿੱਚੋਂ ਦੁਆਬੇ ਦੇ 12 ਵਿਧਾਨ ਸਭਾ ਹਲਕੇ ਅਜਿਹੇ ਹਨ, ਜਿੱਥੇ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੇ ਵੱਧ ਵੋਟਾਂ ਪਾਈਆਂ ਹਨ। ਉਂਝ ਮਾਲਵੇ ਵਿੱਚ ਪੋਲਿੰਗ ਸਭ ਤੋਂ ਵੱਧ ਰਹੀ ਹੈ।

           ਪਿੱਛੇ ਝਾਤੀ ਮਾਰੀਏ ਤਾਂ 1952 ਤੋਂ 2002 ਤੱਕ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਪੁਰਸ਼ਾਂ ਮੁਕਾਬਲੇ ਘੱਟ ਰਹੀ ਹੈ। 2007 ਦੀਆਂ ਚੋਣਾਂ ਵਿੱਚ ਪਹਿਲੀ ਦਫ਼ਾ ਔਰਤਾਂ ਦੀ ਪੋਲਿੰਗ ਦਰ 75.47 ਫ਼ੀਸਦੀ ਰਹੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 75.36 ਸੀ। 2012 ਦੀਆਂ ਚੋਣਾਂ ਵਿੱਚ ਔਰਤਾਂ ਦੀ 78.96 ਫ਼ੀਸਦੀ ਅਤੇ ਪੁਰਸ਼ਾਂ ਦੀ ਪੋਲਿੰਗ ਦਰ 77.58 ਫ਼ੀਸਦੀ ਸੀ। ਇਵੇਂ 2017 ਦੀਆਂ ਚੋਣਾਂ ਵਿੱਚ ਔਰਤਾਂ ਦੀ 77.72 ਫ਼ੀਸਦੀ ਪੋਲਿੰਗ ਸੀ, ਜਦੋਂ ਕਿ ਪੁਰਸ਼ਾਂ ਦੀ ਪੋਲਿੰਗ ਦਰ 76.99 ਫ਼ੀਸਦੀ ਸੀ।

           ਮੌਜੂਦਾ ਚੋਣਾਂ ਵਿੱਚ ਔਰਤਾਂ ਦੀ ਪੋਲਿੰਗ ਦਰ ਨੇ ਪੁਰਾਣੇ ਰਿਕਾਰਡ ਤੋੜ ਦਿੱਤੇ ਹਨ, ਜੋ ਕਿ ਪੁਰਸ਼ਾਂ ਨਾਲੋਂ 7.91 ਫ਼ੀਸਦੀ ਜ਼ਿਆਦਾ ਬਣਦੀ ਹੈ। ਦੁਆਬੇ ਦੇ ਹਲਕਾ ਭੁਲੱਥ, ਸ਼ਾਹਕੋਟ, ਆਦਮਪੁਰ, ਦਸੂਹਾ, ਉੜਮੜ, ਸ਼ਾਮ ਚੁਰਾਸੀ, ਚੱਬੇਵਾਲ, ਗੜ੍ਹਸ਼ੰਕਰ, ਨਵਾਂ ਸ਼ਹਿਰ, ਬਲਾਚੌਰ, ਬੰਗਾ ਤੋਂ ਇਲਾਵਾ ਆਨੰਦਪੁਰ ਸਾਹਿਬ ਹਲਕੇ ਵਿੱਚ ਔਰਤਾਂ ਨੇ ਪੁਰਸ਼ਾਂ ਨਾਲੋਂ ਵਧੇਰੇ ਵੋਟਾਂ ਪਾਈਆਂ ਹਨ। ਮਿਸਾਲ ਦੇ ਤੌਰ ’ਤੇ ਹਲਕਾ ਭੁਲੱਥ ਵਿੱਚ 43,658 ਪੁਰਸ਼ਾਂ ਨੇ ਵੋਟ ਪਾਈ, ਜਦੋਂ ਕਿ 46,781 ਪੁਰਸ਼ਾਂ ਨੇ ਮਤਦਾਨ ਕੀਤਾ ਹੈ। ਹਾਲਾਂਕਿ ਇਨ੍ਹਾਂ ਕਈ ਹਲਕਿਆਂ ਵਿੱਚ ਕੋਈ ਮਹਿਲਾ ਉਮੀਦਵਾਰ ਵੀ ਚੋਣ ਮੈਦਾਨ ਵਿੱਚ ਨਹੀਂ ਸੀ। 

           ਬਲਾਚੌਰ ਤੋਂ ‘ਆਪ’ ਦੀ ਸੰਤੋਸ਼ ਕੁਮਾਰੀ ਅਤੇ ਅਕਾਲੀ ਦਲ ਦੀ ਉਮੀਦਵਾਰ ਸੁਨੀਤਾ ਰਾਣੀ ਚੋਣ ਮੈਦਾਨ ਵਿੱਚ ਸਨ। ਇੱਥੇ ਔਰਤ ਵੋਟਰਾਂ ਨੇ ਪੁਰਸ਼ਾਂ ਨੂੰ ਪੋਲਿੰਗ ਵਿੱਚ ਪਿਛਾਂਹ ਛੱਡਿਆ ਹੈ। ਗੜ੍ਹਸ਼ੰਕਰ ਹਲਕੇ ਵਿੱਚ ਇੱਕੋ ਮਹਿਲਾ ਭਾਜਪਾ ਉਮੀਦਵਾਰ ਨਿਮਿਸ਼ਾ ਮਹਿਤਾ ਸੀ, ਜਿੱਥੇ ਔਰਤਾਂ ਦੀ ਪੋਲਿੰਗ ਜ਼ਿਆਦਾ ਰਹੀ ਹੈ। ਟਿਕਟਾਂ ’ਤੇ ਨਜ਼ਰ ਮਾਰੀਏ ਤਾਂ ਆਮ ਆਦਮੀ ਪਾਰਟੀ ਨੇ 12 ਮਹਿਲਾਵਾਂ ਨੂੰ ਟਿਕਟ ਦਿੱਤੀ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਪੰਜ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ। ਇਸੇ ਤਰ੍ਹਾਂ ਭਾਜਪਾ ਨੇ 6 ਅਤੇ ਕਾਂਗਰਸ ਨੇ 11 ਔਰਤਾਂ ਨੂੰ ਟਿਕਟਾਂ ਦਿੱਤੀਆਂ ਹਨ। ਬਸਪਾ ਨੇ ਇੱਕ ਮਹਿਲਾ ਉਮੀਦਵਾਰ ਬਣਾਈ ਹੈ, ਜਦੋਂ ਕਿ ਪੰਜਾਬ ਲੋਕ ਕਾਂਗਰਸ ਨੇ ਦੋ ਟਿਕਟਾਂ ਔਰਤਾਂ ਨੂੰ ਦਿੱਤੀਆਂ ਹਨ।

           ਇਵੇਂ ਸੰਯੁਕਤ ਅਕਾਲੀ ਦਲ ਨੇ ਇੱਕ ਮਹਿਲਾ ਅਤੇ ਲੋਕ ਇਨਸਾਫ਼ ਪਾਰਟੀ ਨੇ ਵੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਹੈ। 29 ਆਜ਼ਾਦ ਮਹਿਲਾ ਉਮੀਦਵਾਰ ਮੈਦਾਨ ਵਿੱਚ ਸਨ। ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ (ਬਠਿੰਡਾ) ਦੀ ਅਧਿਆਪਕਾ ਤੇ ਕਵਿੱਤਰੀ ਨੀਤੂ ਅਰੋੜਾ ਨੇ ਕਿਹਾ ਕਿ ਸਾਖਰ ਦਰ ਵਿੱਚ ਸੁਧਾਰ ਕਾਰਨ ਮਹਿਲਾਵਾਂ ’ਚ ਸਿਆਸੀ ਚੇਤਨਾ ਵਧੀ ਹੈ, ਜਿਸ ਕਾਰਨ ਉਨ੍ਹਾਂ ਦੀ ਸਿਆਸਤ ਵਿੱਚ ਰੁਚੀ ਪ੍ਰਬਲ ਹੋਈ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਸਿਆਸੀ ਮੁੱਦਿਆਂ ਪ੍ਰਤੀ ਵਧੇਰੇ ਚੌਕਸ ਹਨ ਤੇ ਉਨ੍ਹਾਂ ਦੀ ਜਮਹੂਰੀਅਤ ਵਿੱਚ ਵਧ ਰਹੀ ਭਾਗੀਦਾਰੀ ਸ਼ੁੱਭ ਸੰਕੇਤ ਹੈ। 

                                           ਮਾਲਵਾ ਵਿੱਚ ਸਭ ਤੋਂ ਵੱਧ ਪੋਲਿੰਗ

ਸਮੁੱਚੇ ਪੰਜਾਬ ’ਤੇ ਨਿਗ੍ਹਾ ਮਾਰੀਏ ਤਾਂ ਮਾਲਵਾ ਖੇਤਰ ਵਿੱਚ ਸਭ ਤੋਂ ਵੱਧ ਪੋਲਿੰਗ ਰਹੀ ਹੈ। ਮਾਲਵੇ ਵਿੱਚ 69 ਵਿਧਾਨ ਸਭਾ ਹਲਕੇ ਪੈਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਧ ਗਿੱਦੜਬਾਹਾ ਵਿੱਚ 84.93 ਫ਼ੀਸਦੀ ਪੋਲਿੰਗ ਰਹੀ, ਜਦੋਂ ਕਿ ਮਾਲਵੇ ਵਿੱਚ ਸਭ ਤੋਂ ਘੱਟ ਪੋਲਿੰਗ ਹਲਕਾ ਲੁਧਿਆਣਾ ਦੱਖਣੀ ਵਿੱਚ 59.04 ਫ਼ੀਸਦੀ ਰਹੀ ਹੈ। ਇਸੇ ਤਰ੍ਹਾਂ ਮਾਝੇ ਦੇ 25 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਹਲਕਾ ਅਜਨਾਲਾ ਵਿੱਚ 77.29 ਫ਼ੀਸਦੀ ਰਹੀ, ਜਦਕਿ ਸਭ ਤੋਂ ਘੱਟ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ 55.40 ਫ਼ੀਸਦੀ ਰਹੀ। ਇਸ ਤੋਂ ਇਲਾਵਾ ਦੋਆਬੇ ਦੇ 23 ਹਲਕਿਆਂ ਵਿੱਚੋਂ ਸਭ ਤੋਂ ਵੱਧ ਪੋਲਿੰਗ ਬਲਾਚੌਰ ਹਲਕੇ ਵਿੱਚ 73.77 ਫ਼ੀਸਦੀ ਰਹੀ ਅਤੇ ਸਭ ਤੋਂ ਘੱਟ ਹਲਕਾ ਜਲੰਧਰ ਕੈਂਟ ਵਿੱਚ 64.02 ਫ਼ੀਸਦੀ ਰਹੀ।

No comments:

Post a Comment