Showing posts with label rampura phul. Show all posts
Showing posts with label rampura phul. Show all posts

Thursday, February 17, 2022

                                                          ਚੁਣਾਵੀ ਮਿਜ਼ਾਜ
                                   ਝੰਡਾ ਹੋਰ­, ਡੰਡਾ ਹੋਰ, ਵੋਟ ਕਿਸੇ ਹੋਰ ਨੂੰ
                                                          ਚਰਨਜੀਤ ਭੁੱਲਰ  

ਰਾਮਪੁਰਾ ਫੂਲ : ਕੇਂਦਰੀ ਮਾਲਵੇ ’ਚ ਪੈਂਦੇ ਹਲਕਾ ਰਾਮਪੁਰਾ ਫੂਲ ਦਾ ਚੁਣਾਵੀ ਮਿਜ਼ਾਜ ਇਸ ਦਫਾ ਅੰਗੜਾਈ ਲੈ ਰਿਹਾ ਹੈ। ਜਿੱਧਰ ਨਜ਼ਰ ਮਾਰੋ­, ਤਿੰਨ-ਤਿੰਨ ਰੰਗਾਂ ਦੇ ਝੰਡੇ ਲਹਿਰਾ ਰਹੇ ਹਨ। ਇਨ੍ਹਾਂ ਤੋਂ ਅੰਦਾਜ਼ਾ ਲਾਉਣਾ ਹੋਵੇ ਤਾਂ ਇੰਜ ਜਾਪਦਾ ਹੈ ਜਿਵੇਂ ਇਸ ਹਲਕੇ ਤੋਂ ਐਤਕੀਂ ਇਕ ਨਹੀਂ ਤਿੰਨ ਉਮੀਦਵਾਰ ਜਿੱਤਣਗੇ। ਇਸ ਹਲਕੇ ਨੂੰ ਗੁੜ੍ਹਤੀ ਕਾਮਰੇਡਾਂ ਨੇ ਦਿੱਤੀ ਹੋਈ ਹੈ। ਮਰਹੂਮ ਮਾਸਟਰ ਬਾਬੂ ਸਿੰਘ ਇੰਨੇ ਹਰਮਨਪਿਆਰੇ ਸਨ ਕਿ ਲੋਕਾਂ ਨੇ ਉਨ੍ਹਾਂ ਨੂੰ ਚਾਰ ਦਫਾ ਵਿਧਾਨ ਸਭਾ ’ਚ ਭੇਜਿਆ ਸੀ। ਇਸੇ ਤਰ੍ਹਾਂ ਕਾਂਗਰਸ ਦੇ ਮਰਹੂਮ ਹਰਬੰਸ ਸਿੰਘ ਸਿੱਧੂ ਨੂੰ ਦੋ ਵਾਰ ਇਸ ਹਲਕੇ ਨੇ ਵਿਧਾਇਕ ਬਣਾਇਆ। ਪੰਜਾਬ ਅਧੀਨ ਸੇਵਾਵਾਂ ਬੋਰਡ ਦੇ ਬਤੌਰ ਚੇਅਰਮੈਨ ਸਿੱਧੂ ਨੇ ਹਲਕੇ ’ਚ ਏਨਾ ਰੁਜ਼ਗਾਰ ਵੰਡਿਆ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਯਾਦ ਕਰਦੇ ਹਨ। ਇਸ ਮਗਰੋਂ ‘ਮਲੂਕਾ ਅਤੇ ਕਾਂਗੜ’ ਦਾ ਯੁੱਗ ਸ਼ੁਰੂ ਹੋਇਆ। 

            ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਵਿਰੋਧ ’ਚੋਂ ਗੁਰਪ੍ਰੀਤ ਸਿੰਘ ਕਾਂਗੜ ਨਿਕਲੇ। ਸਿਆਸੀ ਤੌਰ ’ਤੇ ਮਲੂਕਾ ਅਤੇ ਕਾਂਗੜ ਅਤਿ ਦੇ ਕੱਟੜ ਵਿਰੋਧੀ ਰਹੇ ਹਨ। ਸ਼੍ੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਦੋ ਵਾਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਹਰਾਇਆ ਹੈ ਜਦੋਂ ਕਿ ਕਾਂਗੜ ਨੇ ਤਿੰਨ ਦਫਾ ਮਲੂਕਾ ਨੂੰ ਹਰਾਇਆ ਹੈ। ਮਲੂਕਾ ਐਤਕੀਂ ਕਾਂਗੜ ਨਾਲ ਹਿਸਾਬ ਬਰਾਬਰ ਕਰਨਾ ਚਾਹੁੰਦੇ ਹਨ। ਉਨ੍ਹਾਂ ਬਤੌਰ ਮੰਤਰੀ ਏਨੇ ਵਿਕਾਸ ਕੰਮ ਕਰਾਏ ਹਨ ਕਿ ਪਿੰਡ-ਪਿੰਡ ਉਨ੍ਹਾਂ ਦੇ ਨੀਂਹ ਪੱਥਰ ਅਤੇ ਉਦਘਾਟਨੀ ਪੱਥਰ ਨਜ਼ਰੀਂ ਪੈਂਦੇ ਹਨ। ਕਾਂਗੜ ਕਰੀਬ ਦਸ ਸਾਲ ਇਹ ਆਖ ਕੇ ਬਚਦੇ ਰਹੇ ਕਿ ਉਨ੍ਹਾਂ ਨੂੰ ਜਦੋਂ ਮੰਤਰੀ ਅਹੁਦਾ ਮਿਲੇਗਾ ਤਾਂ ਫਿਰ ਦੇਖਣਾ ਕਿੰਨੇ ਵਿਕਾਸ ਕਾਰਜ ਹੁੰਦੇ ਹਨ। ਐਤਕੀਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਮਾਲ ਮੰਤਰੀ ਬਣਾਇਆ ­ਸੀ ਪਰ ਲੋਕਾਂ ਮੁਤਾਬਕ ਗੱਲ ਫੇਰ ਵੀ ਨਹੀਂ ਬਣ ਸਕੀ­ ਹੈ।    

           ਹਲਕੇ ’ਚ ਇਹ ਪ੍ਰਭਾਵ ਵੀ ਮਿਲਿਆ ਕਿ ਮੌਜੂਦਾ ਚੋਣਾਂ ’ਚ ਸਿਰ-ਧੜ ਦੀ ਬਾਜ਼ੀ ਮਲੂਕਾ ਤੇ ਕਾਂਗੜ ’ਚ ਹੀ ਨਹੀਂ ਸਗੋਂ ਮਲੂਕਾ ਅਤੇ ‘ਆਪ’ ਉਮੀਦਵਾਰ ਬਲਕਾਰ ਸਿੱਧੂ ’ਚ ਵੀ ਲੱਗੀ ਹੋਈ ਹੈ­। ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਮਹਿਰਾਜ ਕਾਂਗੜ ਦੀ ਜਿੱਤ ਦਾ ਕਾਰਨ ਬਣਦਾ ਰਿਹਾ ਹੈ। ਬੀਤੇ ਪੰਜ ਵਰ੍ਹਿਆਂ ’ਚ ਮਹਿਰਾਜ ’ਚੋਂ ਵਿਕਾਸ ਗਾਇਬ ਰਿਹਾ ਅਤੇ ਗੁਰਪ੍ਰੀਤ ਕਾਂਗੜ ਵੀ ਬਹੁਤੇ ਨਜ਼ਰ ਨਹੀਂ ਪਏ। ਮਹਿਰਾਜ ਦੇ ਬੱਸ ਅੱਡੇ ਵਾਲੀ ਮਾਰਕਿਟ ’ਚ ਦਰਜਨਾਂ ਦੁਕਾਨਾਂ ਹਨ ਜਿਨ੍ਹਾਂ ’ਤੇ ਪੰਜ-ਪੰਜ ਪਾਰਟੀਆਂ ਦੇ ਝੰਡੇ ਇੱਕੋ ਕਤਾਰ ਵਿਚ ਲੱਗੇ ਹੋਏ ਹਨ। ਲੋਕਾਂ ਨੇ ਕਿਹਾ ਕਿ ਉਹ ਸਿਆਣੇ ਹੋ ਗਏ ਹਨ ਅਤੇ ਸੋਚ ਵਿਚਾਰ ਕੇ ਹੀ ਕੋਈ ਫ਼ੈਸਲਾ ਕਰਨਗੇ। ਸਾਈਕਲ ਰਿਪੇਅਰ ਕਰਨ ਵਾਲੇ ਦਰਸ਼ਨ ਸਿੰਘ ਨੇ ਦਲੀਲ ਦਿੱਤੀ,‘‘ਦੋ ਤਰ੍ਹਾਂ ਦੀ ਸਬਜ਼ੀ ਖਾ ਕੇ ਅਸੀਂ ਦੇਖਦੇ ਰਹੇ­ ਪਰ ਕੁਝ ਨਹੀਂ ਬਣਿਆ­ ਅਤੇ ਐਤਕੀਂ ਨਵਾਂ ਤਜਰਬਾ ਕਰਾਂਗੇ।’’ 

           ਪਿੰਡ ਹਰਨਾਮ ਸਿੰਘ ਵਾਲਾ ਦੀ ਮਜ਼ਦੂਰ ਔਰਤ ਸੁਖਜੀਤ ਕੌਰ ਨੇ ਤਲਖੀ ਵਿਚ ਕਿਹਾ ਕਿ ‘ਕਾਂਗੜ ਨੇ ਤਾਂ ਨੱਕ ਨਾਲ ਜੀਭ ਲਗਾ ਦਿੱਤੀ ਹੈ।’ ਸੰਦੀਪ ਕੌਰ ਨੇ ਕਿਹਾ,‘‘ਸਾਡੀ ਤਾਂ ਉਮਰ ਲੰਘ ਗਈ­, ਬੱਚਿਆਂ ਦਾ ਭਵਿੱਖ ਬਣ ਜਾਵੇ, ਇਹੋ ਸੋਚ ਕੇ ਹਮੇਸ਼ਾ ਵੋਟਾਂ ਪਾਈਆਂ ਪਰ ਪੱਲੇ ਨਿਰਾਸ਼ਾ ਹੀ ਪਈ।’’ ਬਹੁਤੇ ਲੋਕਾਂ ਨੇ ਕਿਹਾ ਕਿ ਮੁਕਾਬਲਾ ਮਲੂਕਾ ਅਤੇ ‘ਆਪ’ ਉਮੀਦਵਾਰ ਵਿਚਕਾਰ ਹੈ ਪਰ ਹਲਕੇ ਵਿਚ ਮੁਕਾਬਲਾ ਤਿਕੋਣਾ ਜਾਪਿਆ। ਰਾਮਪੁਰਾ ਦੇ ਜਸਵਿੰਦਰ ਛਿੰਦਾ ਦਾ ਪ੍ਰਤੀਕਰਮ ਸੀ ਕਿ ਸ਼ਹਿਰ ਵਿਚ ਮਲੂਕਾ­, ਕਾਂਗੜ ਤੇ ਬਲਕਾਰ ਸਿੱਧੂ ਬਰਾਬਰ ਦੀ ਵੋਟ ਲੈ ਕੇ ਜਾਣਗੇ। ਸ਼ਹਿਰ ਦੇ ਲੋਕ ਆਖਦੇ ਹਨ ਕਿ ਕਾਂਗੜ ਨੂੰ ਕੱਟੜ ਕਾਂਗਰਸੀ ਵੋਟ ਹੀ ਮਿਲੇਗੀ। ਦੁਕਾਨਦਾਰਾਂ ਦਾ ਗਿਲਾ ਹੈ ਕਿ ਕਾਂਗੜ ਸ਼ਹਿਰੀਆਂ ਦੀਆਂ ਉਮੀਦਾਂ ’ਤੇ ਖਰਾ ਨਹੀਂ ਉਤਰਿਆ। ਸ਼ਹਿਰ ਵਿਚ ਓਵਰਬ੍ਰਿਜ ਦਾ ਲਟਕਿਆ ਕੰਮ ਵੀ ਉਸ ਵਿਰੁੱਧ ਜਾ ਰਿਹਾ ਹੈ।

          ਪਿੰਡ ਮਹਿਰਾਜ ਦੇ ਰਾਜਵੀਰ ਸਿੰਘ ਰਾਜਾ ਨੇ ਕਿਹਾ ਕਿ ਰਾਮਪੁਰਾ ਤਹਿਸੀਲ ’ਚ ਹੋਏ ਭ੍ਰਿਸ਼ਟਾਚਾਰ ਤੋਂ ਲੋਕ ਦੁੱਖੀ ਹਨ। ‘ਆਪ’ ਉਮੀਦਵਾਰ ਬਲਕਾਰ ਸਿੱਧੂ ਨੇ ਵੀ ਭ੍ਰਿਸ਼ਟਾਚਾਰ ਨੂੰ ਮੁੱਦਾ ਬਣਾਇਆ ਹੈ। ਇਵੇਂ ਟਕਸਾਲੀ ਕਾਂਗਰਸੀ ਆਖਦੇ ਹਨ ਕਿ ਮੰਤਰੀ ਨੇ ਹਲਕੇ ਵਿਚ ਅਕਾਲੀ ਦਲ ’ਚੋਂ ਆਏ ਲੋਕਾਂ ਨੂੰ ਅਹੁਦੇ ਦਿੱਤੇ ਅਤੇ ਕਾਂਗਰਸੀ ਆਗੂਆਂ ਦੀ ਕੋਈ ਪੁੱਛ-ਪ੍ਰਤੀਤ ਨਹੀਂ ਹੋਈ। ਅਕਾਲੀ ਖੇਮੇ ਨੂੰ ਇਹ ਖਦਸ਼ਾ ਹੈ ਕਿ ਕਿਤੇ ਕਾਂਗੜ ਆਪਣੀ ਵੋਟ ਨਾ ਸੰਭਾਲ ਸਕਿਆ ਤਾਂ ‘ਆਪ’ ਮਜ਼ਬੂਤ ਹੋ ਜਾਵੇਗੀ। ‘ਆਪ’ ਦੇ ਯੂਥ ਵਿੰਗ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਤਾਂ ਭਗਤਾ ਭਾਈ ਨੂੰ ਇੱਕ ਫਾਇਰ ਬ੍ਰਿਗੇਡ ਤੱਕ ਨਹੀਂ ਦੇ ਸਕੀ­, ਬਾਕੀ ਦੇ ਹੋਰ ਕੰਮ ਤਾਂ ਛੱਡ ਹੀ ਦਿਉ। ਉਨ੍ਹਾਂ ਕਿਹਾ ਕਿ ਹਲਕੇ ਵਿਚ ਬਦਲਾਅ ਦੀ ਲਹਿਰ ਚੱਲ ਰਹੀ ਹੈ। ਐਡਵੋਕੇਟ ਅਜੀਤਪਾਲ ਸਿੰਘ ਮੰਡੇਰ ਮੁਤਾਬਕ ਪਿੰਡ ’ਚੋਂ ਚੰਨੀ ਦੇ ਮੂੰਹ ਨੂੰ ਵੋਟ ਪੈ ਸਕਦੀ ਹੈ ਪਰ ਕਾਂ ਗਰਸੀ ਮੰਤਰੀ ਨੇ ਲੋਕਾਂ ਦੀ ਬਾਤ ਤੱਕ ਨਹੀਂ ਪੁੱਛੀ। 

          ਕਾਂਗੜ ਦੇ ਜੱਦੀ ਪਿੰਡ ਦੇ ਨੇੜਲੇ ਪਿੰਡਾਂ ਵਿਚ ਉਨ੍ਹਾਂ ਦਾ ਵੋਟ ਬੈਂਕ ਕਾਇਮ ਜਾਪਦਾ ਹੈ। ਸੇਲਬਰਾਹ ਦੇ ਗੁਰਪ੍ਰੀਤ ਸਿੰਘ ਨੇ ਨਿਚੋੜ ਕੱਢਿਆ ਕਿ ਐਤਕੀਂ ਝੰਡਾ ਹੋਰ­, ਡੰਡਾ ਹੋਰ ਅਤੇ ਵੋਟ ਕਿਸੇ ਨੂੰ ਹੋਰ ਨੂੰ ਪਵੇਗਾ। ਰਾਮਪੁਰਾ ਦੇ ਪੰਜਾਬ ਆਟੋ ਵਰਕਸ ਦੇ ਇੰਦਰਜੀਤ ਸਿੰਘ ਨੇ ਕਿਹਾ ਕਿ ਇਹ ਝੰਡੇ ਹੱਥ ਪੂੰਝਣ ਲਈ ਵਰਤੇ ਜਾਣਗੇ। ‘ਆਪ’ ਉਮੀਦਵਾਰ ਨੂੰ ਹਲਕੇ ਤੋਂ ਬਾਹਰਲਾ ਹੋਣ ਕਰਕੇ ਦਿੱਕਤ ਆ ਰਹੀ ਹੈ ਅਤੇ ਸਿਆਸੀ ਧੁਨੰਤਰਾਂ ਦੇ ਮੁਕਾਬਲੇ ਉਸ ਦੀ ਚੋਣ ਮੈਨੇਜਮੈਂਟ ਸਚੁੱਜੀ ਨਹੀਂ ਹੈ। ਕਈ ਲੋਕਾਂ ਮੁਤਾਬਕ ਬਲਕਾਰ ਸਿੱਧੂ ਹਾਲੇ ਦਿੱਖ ਤੋਂ ਨੇਤਾ ਨਹੀਂ ਲੱਗਦੇ ਹਨ। ਵੈਸੇ ਹਲਕੇ ਤੋਂ ਭਾਜਪਾ ਦੇ ਅਮਰਜੀਤ ਸ਼ਰਮਾ ਅਤੇ ਸੰਯੁਕਤ ਸਮਾਜ ਮੋਰਚਾ ਦੇ ਜਸਕਰਨ ਬੁੱਟਰ ਵੀ ਚੋਣ ਮੈਦਾਨ ਵਿਚ ਹਨ।

                                               ਰਾਮਪੁਰਾ ਫੂਲ; ਇੱਕ ਝਾਤ

ਰਾਮਪੁਰਾ ਹਲਕੇ ’ਚ 1957 ਤੋਂ 2017 ਤੱਕ ਵਿਧਾਨ ਸਭਾ ਚੋਣਾਂ ਵਿਚ ਪੰਜ ਦਫਾ ਕਾਂਗਰਸ­, ਚਾਰ ਦਫਾ ਸੀਪੀਆਈ­, ਚਾਰ ਵਾਰ ਅਕਾਲੀ ਦਲ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। 2017 ਵਿਚ ਕਾਂਗੜ ਨੇ 10­385 ਵੋਟਾਂ ਦੇ ਫਰਕ ਨਾਲ ਮਲੂਕਾ ਨੂੰ ਹਰਾਇਆ ਸੀ ਜਦੋਂ ਕਿ 2012 ਵਿਚ ਮਲੂਕਾ ਨੇ ਕਾਂਗੜ ਨੂੰ 5136 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਹਲਕੇ ਵਿਚ ਇਸ ਵੇਲੇ 1­69­859 ਵੋਟਰ ਹਨ ਅਤੇ ਡੇਰਾ ਸਿਰਸਾ ਦਾ ਪੰਜਾਬ ਦਾ ਹੈੱਡਕੁਆਰਟਰ ਵੀ ਇਸ ਹਲਕੇ ਵਿਚ ਪਿੰਡ ਸਲਾਬਤਪੁਰਾ ਵਿਚ ਪੈਂਦਾ ਹੈ ਜਿਸ ਦਾ ਵੋਟ ਬੈਂਕ ਵੀ ਭੂਮਿਕਾ ਅਦਾ ਕਰਦਾ ਹੈ।

Thursday, November 9, 2017

                               ਲਾਲ ਗੁਆਚੇ
                 ਜਦੋਂ ਰੂਹ ਅੰਬਰਾਂ ਤੱਕ ਰੋਈ…
                              ਚਰਨਜੀਤ ਭੁੱਲਰ
ਬਠਿੰਡਾ  : ਦਰਜਨਾਂ ਮਾਪਿਆਂ ਦੇ ਆਲ•ਣੇ ਅੱਜ ਤੀਲਾ ਤੀਲਾ ਹੋ ਗਏ ਜਦੋਂ ਬਾਹਰੋ ਸੁਨੇਹਾ ਆਇਆ ਕਿ ਉਨ•ਾਂ ਦੇ ਜਾਏ ਹੁਣ ਕਦੇ ਘਰ ਨਹੀਂ ਪਰਤਣਗੇ। ਤੇਜ ਰਫ਼ਤਾਰ ਟਿੱਪਰ ਨੇ ਇਨ•ਾਂ ਮਾਪਿਆਂ ਦੇ ਅਰਮਾਨਾਂ ਨੂੰ ਵੀ ਇੱਕੋ ਪਲ 'ਚ ਕੁਚਲ ਦਿੱਤਾ। ਮਾਪਿਆਂ ਦੇ ਸੁਪਨੇ ਇੱਕ ਛਿਣ 'ਚ ਹੀ ਲਹੂ ਲੁਹਾਨ ਹੋ ਗਏ ਜਿਨ•ਾਂ ਨੇ ਧੀਆਂ ਦੇ ਸਿਰ ਪਲੋਸ ਕੇ ਘਰੋਂ ਤੋਰਿਆ ਸੀ। ਦਿਨ ਚੜਿ•ਆ ਤਾਂ ਨਵੇਂ ਖਿਆਲਾਂ ਨਾਲ ਸੀ ਪ੍ਰੰਤੂ ਬੋਹਲ਼ ਦਿਨ ਦਿਹਾੜੇ ਲੁੱਟੇ ਜਾਣਗੇ, ਮਾਂਵਾਂ ਨੂੰ ਇਸ ਦਾ ਇਲਮ ਨਹੀਂ ਸੀ। ਅੱਜ ਜ਼ਿਲ•ੇ ਦੇ ਦਸ ਘਰਾਂ ਵਿਚ ਦਰਦਾਂ ਦਾ ਦਰਿਆ ਵਗਿਆ ਅਤੇ ਹੰਝੂਆਂ ਤੇ ਹੌਕਿਆਂ ਦੀ ਝੜੀ ਲੱਗੀ। ਬਠਿੰਡਾ ਕੈਂਟ ਲਾਗੇ ਇੱਕ ਤੇਜ ਰਫ਼ਤਾਰ ਟਿੱਪਰ ਨੇ ਅੱਠ ਨੌਜਵਾਨ ਬੱਚਿਆਂ ਨੂੰ ਕੁਚਲ ਦਿੱਤਾ ਜੋ ਘਰੋਂ ਭਵਿੱਖ ਦੇ ਨੈਣ ਨਕਸ਼ ਦੇਖਣ ਲਈ ਤੁਰੇ ਸਨ। ਭੁੱਚੋ ਮੰਡੀ ਦੇ ਬਾਪ ਗੋਪਾਲ ਕ੍ਰਿਸ਼ਨ ਲਈ ਹੁਣ ਭਵਿੱਖ ਹਨੇਰਾ ਗੁਫਾ ਵਾਂਗ ਹੈ ਜਿਸ ਦਾ ਇਕਲੌਤਾ ਬੱਚਾ ਈਸ਼ਵਰ ਇਸ ਹਾਦਸੇ 'ਚ ਫੌਤ ਹੋ ਗਿਆ ਹੈ। ਬਠਿੰਡਾ 'ਚ ਮੈਡੀਕਲ ਸਟੋਰ ਚਲਾ ਰਹੇ ਗੋਪਾਲ ਕ੍ਰਿਸ਼ਨ ਦਾ ਇਹ ਲੜਕਾ ਗੁਰੂ ਨਾਨਕ ਸਕੂਲ ਭੁੱਚੋ ਮੰਡੀ ਵਿਚ ਜਮ•ਾ ਦੋ (ਮੈਡੀਕਲ) ਦਾ ਵਿਦਿਆਰਥੀ ਸੀ।
                    ਮਾਪੇ ਉਸ ਨੂੰ ਡਾਕਟਰ ਬਣਾਉਣ ਦਾ ਸੁਪਨਾ ਦੇਖ ਰਹੇ ਸਨ ਪ੍ਰੰਤੂ ਵਕਤ ਨੇ ਉਨ•ਾਂ ਨੂੰ ਸੁਪਨਿਆਂ ਦੇ ਹਾਣ ਦਾ ਹੋਣ ਦਾ ਮੌਕਾ ਹੀ ਨਹੀਂ ਦਿੱਤਾ। ਮੌਤ ਦੇ ਮੂੰਹ ਗਏ ਈਸ਼ਵਰ ਦੀ ਇੱਕੋ ਇੱਕ ਭੈਣ ਤੋਂ ਰੱਖੜੀ ਦਾ ਤਿਉਹਾਰ ਸਦਾ ਲਈ ਦੂਰ ਹੋ ਗਿਆ ਹੈ। ਲਹਿਰਾ ਖਾਨਾ ਦੇ ਕਿਸਾਨ ਬਾਪ ਜਗਰੂਪ ਸਿੰਘ ਨੇ ਆਪਣੀ ਧੀਅ ਮਨਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਦਾ ਸੁਪਨਾ ਦੇਖਿਆ ਸੀ ਪ੍ਰੰਤੂ ਇੱਕ ਹਾਦਸੇ ਨੇ ਉਸ ਦੀ ਸੱਧਰ ਨੂੰ ਹੀ ਖਾਕ ਕਰ ਦਿੱਤਾ। ਮਨਪ੍ਰੀਤ ਕੌਰ ਆਪਣੀ ਕੈਨੇਡਾ ਵਸਦੀ ਸਹੇਲੀ ਕੋਲ ਜਾਣ ਲਈ ਆਈਲੈਟਸ ਕਰ ਰਹੀ ਸੀ। ਜਦੋਂ ਉਸ ਦੀ ਪਹਿਲੀ ਪ੍ਰੀਖਿਆ ਵਿਚ ਬੈਂਡ ਘਟ ਗਏ ਤਾਂ ਮਾਪਿਆਂ ਨੇ ਹੱਲਾਸ਼ੇਰੀ ਦਿੱਤੀ ਜਿਸ ਵਜੋਂ ਉਸ ਨੇ ਮੁੜ ਬਠਿੰਡਾ ਵਿਖੇ ਕੋਚਿੰਗ ਲੈਣੀ ਸ਼ੁਰੂ ਕਰ ਦਿੱਤੀ। ਹੁਣ ਇਕਲੌਤਾ ਭਰਾ ਆਪਣੀ ਭੈਣ ਦੀ ਘਰ ਵਿਚ ਕਦੇ ਪੈੜ ਚਾਲ ਨਹੀਂ ਸੁਣ ਸਕੇਗਾ।  ਰਾਮਪੁਰਾ ਦੇ 18 ਵਰਿ•ਆਂ ਦਾ ਵਿਨੋਦ ਕੁਮਾਰ ਮਿੱਤਲ ਅੱਜ ਘਰੋਂ ਨਵੀਂ ਆਸ ਨਾਲ ਤੁਰਿਆ ਪ੍ਰੰਤੂ ਸਭ ਉਮੀਦਾਂ ਨੂੰ ਟਿੱਪਰ ਨੇ ਇੱਕੋ ਹੱਲੇ ਖੇਰੂੰ ਖੇਰੂੰ ਕਰ ਦਿੱਤਾ। ਬਾਪ ਮੁਨੀਸ਼ ਕੁਮਾਰ ਖ਼ਬਰ ਸੁਣਦੇ ਸਾਰ ਹੀ ਹੋਸ਼ ਗੁਆ ਬੈਠਾ। ਵਿਨੋਦ ਦੀ ਮੌਤ ਮਗਰੋਂ ਉਸ ਦੇ ਇੱਕੋ ਇੱਕ ਭਰਾ ਨੂੰ ਹੁਣ ਆਪਣੀ ਸੱਜੀ ਬਾਂਹ ਦਾ ਕਦੇ ਅਹਿਸਾਸ ਨਹੀਂ ਹੋਵੇਗਾ।
                   ਰਾਮਪੁਰਾ ਦੀਆਂ ਦੋਵੇਂ ਭੈਣਾ ਸ਼ਿਖਾ ਤੇ ਤਾਨੀਆਂ ਬਾਂਸਲ ਅੱਜ ਘਰੋਂ ਇਕੱਠੀਆਂ ਚੱਲੀਆਂ ਪ੍ਰੰਤੂ ਕੁਦਰਤ ਨੂੰ ਇਹ ਸਾਥ ਮਨਜ਼ੂਰ ਨਾ ਹੋਇਆ। ਸ਼ਿਖਾ ਜ਼ਿੰਦਗੀ ਤੋਂ ਹੱਥ ਧੋ ਬੈਠੀ ਜਦੋਂ ਕਿ ਉਸ ਦੀ ਭੈਣ ਤਾਨੀਆਂ ਬਾਂਸਲ ਜ਼ਖਮੀ ਹਾਲਤ ਵਿਚ ਹੈ। ਰਾਮਪੁਰਾ ਦੀ ਹੀ ਲਵਪ੍ਰੀਤ ਕੌਰ ਦੀ ਮਾਂ ਦੀਆਂ ਉਦੋਂ ਆਂਦਰਾ ਠੰਢੀਆਂ ਹੋਈਆਂ ਸਨ ਜਦੋਂ ਧੀਅ ਨੂੰ ਸਰਕਾਰੀ ਨੌਕਰੀ ਮਿਲਣ ਦਾ ਸੁਨੇਹਾ ਆਇਆ ਸੀ। ਖੁਰਾਕ ਤੇ ਸਪਲਾਈਜ ਵਿਭਾਗ ਬਠਿੰਡਾ ਵਿਚ ਕਲਰਕ ਵਜੋਂ ਤਾਇਨਾਤ ਲਵਪ੍ਰੀਤ ਕੌਰ ਨੂੰ ਸਿਰਫ਼ ਇੱਕ ਸਾਲ ਹੀ ਨੌਕਰੀ ਕਰਨੀ ਨਸੀਬ ਹੋਈ ਅਤੇ ਉਹ ਵੀ ਅੱਜ ਜ਼ਿੰਦਗੀ ਅਲਵਿਦਾ ਆਖ ਗਈ। ਸਰਕਾਰੀ ਸਕੂਲ ਪਿਥੋਂ ਦੀ ਅਧਿਆਪਕਾ ਮਨਦੀਪ ਕੌਰ ਅੱਜ ਬਠਿੰਡਾ ਤੋਂ ਰੋਜ਼ਾਨਾ ਦੀ ਤਰ•ਾਂ ਸਕੂਲ ਲਈ ਰਵਾਨਾ ਹੋਈ ਪ੍ਰੰਤੂ ਉਹ ਸਕੂਲ 'ਚ ਬੱਚਿਆਂ ਕੋਲ ਪੁੱਜਣ ਦੀ ਥਾਂ ਮੌਤ ਦੀ ਗੋਦ ਵਿਚ ਚਲੀ ਗਈ। ਇੱਕ ਵਰ•ਾ ਪਹਿਲਾਂ ਹੀ ਉਸ ਨੂੰ ਇਹ ਨੌਕਰੀ ਮਿਲੀ ਸੀ।
                    ਸਭ ਘਰਾਂ ਦੀ ਅੱਜ ਇੱਕੋ ਚੀਸ ਦੀ ਸਾਂਝ ਸੀ ਜਿਨ•ਾਂ ਨੂੰ ਧਰਵਾਸ ਦੇਣ ਲਈ ਨੇੜਲਿਆਂ ਨੇ ਦਿਲਾਸੇ ਵੀ ਦਿੱਤੇ ਪ੍ਰੰਤੂ ਦੂਰ ਤੁਰ ਗਈਆਂ ਧੀਆਂ ਦਾ ਗਮ ਇਨ•ਾਂ ਮਾਪਿਆਂ ਨੂੰ ਕਦੇ ਨਹੀਂ ਭੁੱਲ ਸਕੇਗਾ। ਜਿਨ•ਾਂ ਨੇ ਦਿਨ ਚੜ•ਦੇ ਨਵੀਂ ਆਸ ਦਾ ਸੂਰਜ ਦੇਖਿਆ ਸੀ ਪ੍ਰੰਤੂ ਕਿਸਮਤ ਨੇ ਉਨ•ਾਂ ਨੂੰ ਸਮੇਂ ਤੋਂ ਪਹਿਲਾਂ ਹੀ ਜ਼ਿੰਦਗੀ ਦੀ ਢਲਦੀ ਸ਼ਾਮ ਦਿਖਾ ਦਿੱਤੀ। ਹੁਣ ਇਨ•ਾਂ ਘਰਾਂ 'ਚ ਕਦੇ ਚਿੜੀਆਂ ਦੀ ਚਹਿਕਣ ਬੰਦ ਹੋ ਗਈ ਜਿਨ•ਾਂ ਦਾ ਵਕਤ ਨੇ ਸਮੇਂ ਤੋਂ ਪਹਿਲਾਂ ਹੀ ਚੋਗਾ ਮੁਕਾ ਦਿੱਤਾ ਹੈ।

Friday, August 24, 2012


                     ਗਰੀਬ ਦੀ ਸੁਣੀ
  ਅਮੀਰਾਂ ਦੇ ਕਲੱਬ ਨੂੰ ਝਟਕਾ
             ਚਰਨਜੀਤ ਭੁੱਲਰ
ਬਠਿੰਡਾ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਰਾਮਪੁਰਾ ਫੂਲ ਵਿੱਚ ਬਣ ਰਹੇ ਅਮੀਰਾਂ ਦੇ 'ਕੈਨਾਲ ਕਲੱਬ' ਦੀ ਉਸਾਰੀ 'ਤੇ ਰੋਕ ਲਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਵੀ.ਆਈ.ਪੀ. ਕਲੱਬ ਨੂੰ ਮੁਫ਼ਤ ਵਿੱਚ ਨਹਿਰੀ ਮਹਿਕਮੇ ਦੀ ਜਗ੍ਹਾ ਦਿੱਤੀ ਸੀ। ਹਾਈ ਕੋਰਟ ਦੇ ਕਾਰਜਕਾਰੀ ਚੀਫ ਜਸਟਿਸ ਜਸਵੀਰ ਸਿੰਘ ਅਤੇ ਜਸਟਿਸ ਆਰ.ਕੇ. ਜੈਨ ਨੇ ਇਸ ਕਲੱਬ ਦੀ ਉਸਾਰੀ 'ਤੇ ਰੋਕ ਲਾਈ। ਹਾਈ ਕੋਰਟ ਨੇ ਰਾਮਪੁਰਾ ਸਬ ਡਿਵੀਜ਼ਨ ਤੋਂ ਇਸ ਕੈਨਾਲ ਕਲੱਬ ਦੀ ਜਾਇਦਾਦ ਬਾਰੇ ਸਾਰਾ ਰਿਕਾਰਡ ਤਲਬ ਕਰ ਲਿਆ ਹੈ। ਹਾਈ ਕੋਰਟ ਨੇ ਸਬ ਡਿਵੀਜ਼ਨ ਪ੍ਰਸ਼ਾਸਨ ਨੂੰ ਪੁੱਛਿਆ ਕਿ ਇਹ ਸਰਕਾਰੀ ਜਾਇਦਾਦ ਕਿਸ ਆਧਾਰ ਅਤੇ ਕਿਹੜੇ ਨਿਯਮਾਂ ਤਹਿਤ ਇਕ ਪ੍ਰਾਈਵੇਟ ਕਲੱਬ ਨੂੰ ਤਬਦੀਲ ਕੀਤੀ ਗਈ ਹੈ। ਨਹਿਰੀ ਵਿਭਾਗ ਨੇ ਹਾਈ ਕੋਰਟ ਵਿੱਚ ਜਵਾਬ ਦਿੱਤਾ ਸੀ ਕਿ ਪ੍ਰਾਈਵੇਟ ਕਲੱਬ ਨੂੰ ਹਾਲੇ ਕਬਜ਼ਾ ਨਹੀਂ ਦਿੱਤਾ ਗਿਆ। ਜਦੋਂ ਐਡਵੋਕੇਟ ਹਰਪ੍ਰੀਤ ਸਿੰਘ ਰੱਖੜਾ ਨੇ ਹਾਈ ਕੋਰਟ ਵਿੱਚ ਕਲੱਬ ਦੀ ਉਸਾਰੀ ਦੀਆਂ ਤਸਵੀਰਾਂ ਪੇਸ਼ ਕਰ ਦਿੱਤੀਆਂ ਤਾਂ ਮਹਿਕਮਾ ਲਾਜਵਾਬ ਹੋ ਗਿਆ।
         'ਪੰਜਾਬੀ ਟ੍ਰਿਬਿਊਨ' ਵੱਲੋਂ ਇਸ ਬਾਰੇ ਖ਼ਬਰ ਨੂੰ ਪ੍ਰਮੁੱਖਤਾ ਨਾਲ ਛਾਪਿਆ ਗਿਆ ਸੀ। ਇਸ ਮਗਰੋਂ ਇਕ ਵਿਅਕਤੀ ਨੇ ਕਲੱਬ ਨੂੰ 21 ਅਪਰੈਲ 2011 ਨੂੰ ਹਾਈ ਕੋਰਟ ਵਿੱਚ ਚੁਣੌਤੀ ਦੇ ਦਿੱਤੀ ਸੀ। ਸਿਵਲ ਪਟੀਸ਼ਨ ਨੰਬਰ 6952 ਆਫ 2011 ਦੇ ਆਧਾਰ 'ਤੇ ਹਾਈ ਕੋਰਟ ਨੇ 27 ਜੁਲਾਈ 2011 ਲਈ ਸਿੰਜਾਈ ਵਿਭਾਗ, ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਸਕੱਤਰ, ਨਗਰ ਕੌਂਸਲ ਰਾਮਪੁਰਾ ਫੂਲ ਅਤੇ ਐਸ.ਡੀ.ਐਮ. ਰਾਮਪੁਰਾ ਨੂੰ ਤਲਬ ਕਰ ਲਿਆ ਸੀ। 'ਕੈਨਾਲ ਕਲੱਬ' ਦਾ ਨੀਂਹ ਪੱਥਰ ਸੰਸਦ ਮੈਂਬਰ ਬਲਵਿੰਦਰ ਸਿੰਘ ਭੂੰਦੜ ਨੇ 19 ਦਸੰਬਰ 2010 ਨੂੰ ਰੱਖਿਆ ਸੀ। ਨੀਂਹ ਪੱਥਰ 'ਤੇ ਬਕਾਇਦਾ ਮੁਫ਼ਤ ਜ਼ਮੀਨ ਦੇਣ ਬਾਰੇ ਲਿਖਿਆ ਗਿਆ ਸੀ। ਹਾਈ ਕੋਰਟ ਵਿੱਚ ਐਡਵੋਕੇਟ ਰੱਖੜਾ ਨੇ ਇਹ ਗੱਲ ਰੱਖੀ ਕਿ 'ਕੈਨਾਲ ਕਲੱਬ' ਵਿੱਚ ਸਾਰੇ ਵਪਾਰੀ ਹਨ, ਜਦੋਂ ਕਿ ਆਮ ਵਿਅਕਤੀ ਕੋਈ ਵੀ ਨਹੀਂ ਹੈ। ਤਰਕ ਦਿੱਤਾ ਗਿਆ ਕਿ ਸਰਕਾਰੀ ਜਾਇਦਾਦ ਦੀ ਜਨਤਕ ਮੰਤਵ ਲਈ ਵਰਤੋਂ ਨਹੀਂ ਹੋ ਰਹੀ ਅਤੇ ਇਹ ਜਾਇਦਾਦ ਕੁਝ ਖਾਸ ਲੋਕਾਂ ਦੇ ਕਲੱਬ ਨੂੰ ਦਿੱਤੀ ਗਈ ਹੈ। ਵੇਰਵਿਆਂ ਅਨੁਸਾਰ ਵਪਾਰ ਮੰਡਲ ਰਾਮਪੁਰਾ ਫੂਲ ਵੱਲੋਂ 7 ਅਕਤੂਬਰ 2009 ਨੂੰ ਬੱਚਿਆਂ ਅਤੇ ਬਜ਼ੁਰਗਾਂ ਲਈ ਸ਼ਹਿਰ ਵਿੱਚ ਹੈਲਥ ਕਲੱਬ ਅਤੇ ਪਾਰਕ ਬਣਾਉਣ ਮੰਗ ਰੱਖੀ ਗਈ ਸੀ। ਨਗਰ ਕੌਂਸਲ ਰਾਮਪੁਰਾ ਵੱਲੋਂ 29 ਸਤੰਬਰ 2009 ਨੂੰ ਮਤਾ ਨੰਬਰ 61 ਪਾਸ ਕੀਤਾ ਸੀ ਕਿ ਇਸ ਪਾਰਕ ਲਈ ਜਗ੍ਹਾ ਦਿੱਤੀ ਜਾਵੇ। ਤਤਕਾਲੀ ਐਸ.ਡੀ.ਐਮ. ਰਾਮਪੁਰਾ ਉਮਾ ਸ਼ੰਕਰ ਨੇ 13 ਅਕਤੂਬਰ 2009 ਨੂੰ ਪੱਤਰ ਨੰਬਰ 2654 ਰਾਹੀਂ ਡਿਪਟੀ ਕਮਿਸ਼ਨਰ ਨੂੰ ਇਸ ਦੀ ਸਿਫ਼ਾਰਸ਼ ਭੇਜ ਦਿੱਤੀ ਸੀ।
         ਡਿਪਟੀ ਕਮਿਸ਼ਨਰ ਦੀ ਸਿਫ਼ਾਰਸ਼ ਮਗਰੋਂ ਸਿੰਜਾਈ ਮਹਿਕਮੇ ਦੇ ਮੁੱਖ ਇੰਜਨੀਅਰ ਦੀ ਤਜਵੀਜ਼ ਪੱਤਰ ਨੰਬਰ 2010 ਨਹਿਰਾਂ 2/2326 ਮਿਤੀ 19 ਫਰਵਰੀ 2010 ਤਹਿਤ ਸਰਕਾਰ ਨੂੰ ਇਸ ਜਾਇਦਾਦ ਦੇ ਤਬਾਦਲੇ ਦੀ ਤਜਵੀਜ਼ ਭੇਜੀ ਸੀ ਅਤੇ ਵਿੱਤ ਕਮਿਸ਼ਨਰ (ਮਾਲ) ਸਟੈਂਡਿੰਗ ਆਰਡਰ ਨੰਬਰ 28 ਦੇ ਮੱਦੇਨਜ਼ਰ ਸਰਕਾਰ ਵੱਲੋਂ ਜ਼ਮੀਨ ਤਬਾਦਲੇ ਲਈ ਹਰੀ ਝੰਡੀ ਦੇ ਦਿੱਤੀ ਗਈ। ਨਹਿਰੀ ਮਹਿਕਮੇ ਨੇ ਖਤੌਨੀ ਨੰਬਰ 1631 ਤਹਿਤ ਪੈਂਦੀ 19 ਕਨਾਲਾਂ 1 ਮਰਲਾ ਜਗ੍ਹਾ ਨਗਰ ਕੌਂਸਲ ਰਾਮਪੁਰਾ ਫੂਲ ਨੂੰ ਦੇ ਦਿੱਤੀ ਸੀ। ਕੌਂਸਲ ਨੇ 17 ਜਨਵਰੀ 2011 ਨੂੰ ਮਤਾ ਨੰਬਰ 8 ਪਾਸ ਕਰਕੇ ਇਹ ਜਗ੍ਹਾ 99 ਸਾਲਾਂ ਲਈ 'ਕੈਨਾਲ ਕਲੱਬ' ਨੂੰ ਸੌ ਰੁਪਏ ਸਾਲਾਨਾ ਲੀਜ 'ਤੇ ਦੇਣ ਦੀ ਪ੍ਰਵਾਨਗੀ ਦੇ ਦਿੱਤੀ। ਟੇਢੇ ਢੰਗ ਨਾਲ ਕਰੋੜਾਂ ਦੀ ਜਾਇਦਾਦ 'ਕੈਨਾਲ ਕਲੱਬ' ਨੂੰ 31 ਜਨਵਰੀ 2011 ਨੂੰ ਵਸੀਕਾ ਨੰਬਰ 5005 ਤਹਿਤ ਪ੍ਰਤੀ ਏਕੜ 40 ਰੁਪਏ ਲੀਜ਼ 'ਤੇ ਦਿੱਤੀ ਗਈ, ਜਦੋਂ ਕਿ ਕਲੱਬ ਦਾ ਮੈਂਬਰ ਬਣਨ ਵਾਸਤੇ ਕਲੱਬ ਪ੍ਰਬੰਧਕਾਂ ਵੱਲੋਂ 50 ਹਜ਼ਾਰ ਰੁਪਏ ਦੀ ਫੀਸ ਰੱਖੀ ਗਈ ਹੈ।
                            ਕਲੱਬ ਦੀ ਫੀਸ 50 ਹਜ਼ਾਰ ਰੁਪਏ
ਸ਼ਹਿਰ ਦੇ ਕਰੀਬ ਡੇਢ ਦਰਜਨ ਅਮੀਰ ਲੋਕ ਇਸ 'ਕੈਨਾਲ ਕਲੱਬ' ਦੇ ਜੀਵਨ ਭਰ ਲਈ ਮੈਂਬਰ ਬਣੇ ਹਨ, ਜਿਨ੍ਹਾਂ ਵੱਲੋਂ ਪ੍ਰਤੀ ਮੈਂਬਰ ਇਕ ਲੱਖ ਰੁਪਏ ਫੀਸ ਦਿੱਤੀ ਗਈ ਹੈ। ਬਾਕੀ ਮੈਂਬਰਾਂ ਤੋਂ ਪ੍ਰਤੀ ਮੈਂਬਰ 50 ਹਜ਼ਾਰ ਰੁਪਏ ਲਏ ਗਏ ਹਨ। ਜਾਣਕਾਰੀ ਅਨੁਸਾਰ ਹੁਣ ਤੱਕ ਇਸ ਕਲੱਬ ਦੇ 150 ਤੋਂ ਜ਼ਿਆਦਾ ਮੈਂਬਰ ਬਣ ਗਏ ਹਨ। ਸਰਕਾਰ ਵੱਲੋਂ ਇਸ ਕੈਨਾਲ ਕਲੱਬ ਨੂੰ ਇਕੱਲੀ ਮੁਫ਼ਤ ਵਿੱਚ ਜਗ੍ਹਾ ਹੀ ਨਹੀਂ ਦਿੱਤੀ ਗਈ, ਸਗੋਂ ਸਰਕਾਰੀ ਗਰਾਂਟਾਂ ਵੀ ਦਿੱਤੀਆਂ ਗਈਆਂ ਹਨ।