ਅਮੁੱਕ ਦਰਦ ’92 ਦੇ ਹਰ ਪਹਿਰ ’ਚ ਪੁਲੀਸ ਮੁਕਾਬਲਾ !ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਦਾ ਇੱਕ ਕਾਲਾ ਦੌਰ ਜਿਸ ’ਚ ਕੋਈ ਨਵੀਂ ਸਵੇਰ ਨਹੀਂ ਸੀ, ਚਾਰ ਚੁਫੇਰੇ ਖ਼ੌਫ਼ ਦਾ ਹਨੇਰਾ ਸੀ। ਆਏ ਦਿਨ ਕਿਸੇ ਨਾ ਕਿਸੇ ਘਰ ਦਾ ਚਿਰਾਗ਼ ਬੁੱਝ ਜਾਂਦਾ ਸੀ। ਕੀ ਪਿੰਡ ਤੇ ਕੀ ਸ਼ਹਿਰ, ਕੋਈ ਕੋਨਾ ਅਜਿਹਾ ਨਹੀਂ ਬਚਿਆ ਸੀ ਜਿੱਥੇ ਸੱਥਰ ਨਾ ਵਿਛਿਆ ਹੋਵੇ। ਅਤੀਤ ਦੇ ਦਰਦਾਂ ਦੇ ਜਦੋਂ ਪੰਨੇ ਫਰੋਲਦੇ ਹਾਂ ਤਾਂ ਕਿੰਨੇ ਹੀ ਸਵਾਲ ਗੂੰਜਣ ਲੱਗਦੇ ਹਨ। ਯਾਦ ਕਰੋ ਅੱਸੀ ਤੇ ਨੱਬੇ ਦਾ ਦਹਾਕਾ ਜਦੋਂ ਪੰਜਾਬ ’ਚ ਦਿਨ ਢਲਦੇ ਹੀ ਲੋਕ ਮਨਾਂ ’ਚ ਦਗੜ ਦਗੜ ਸ਼ੁਰੂ ਹੋ ਜਾਂਦੀ ਸੀ। ਕਾਲੀ ਰਾਤ ਦਾ ਸੱਚ ਅੱਜ ਵੀ ਪੰਜਾਬ ਦੇ ਵਜੂਦ ਨੂੰ ਹਿਲਾ ਦਿੰਦਾ ਹੈ ਤੇ ਜ਼ਖ਼ਮ ਮੁੜ ਹਰੇ ਹਰੇ ਹੋਣ ਲੱਗਦੇ ਹਨ। ਦਲਜੀਤ ਦੁਸਾਂਝ ਦੀ ਫ਼ਿਲਮ ਸਤਲੁਜ ਨੇ ਅਣਮੁੱਕੇ ਦਰਦਾਂ ਦੀ ਪੋਟਲੀ ਮੁੜ ਪੰਜਾਬ ਅੱਗੇ ਰੱਖੀ ਹੈ। ਜ਼ਿੰਦਗੀ ਕਿਸੇ ਹੱਥੋਂ ਵੀ ਕਿਰੀ, ਸੱਥਰ ਪੰਜਾਬ ’ਚ ਹੀ ਵਿਛਿਆ। ਪੰਜਾਬੀ ਟ੍ਰਿਬਿਊਨ ਵੱਲੋਂ ਇਕੱਠੇ ਕੀਤੇ ਵੇਰਵਿਆਂ ਅਨੁਸਾਰ ਪੰਜਾਬ ’ਚ ਸਾਲ 1981 ਤੋਂ ਸਾਲ 2000 ਤੱਕ ਦੇ ਦੋ ਦਹਾਕਿਆਂ ਦੌਰਾਨ ਪੰਜਾਬ ਦੀ ਧਰਤੀ ’ਤੇ 5782 ਪੁਲੀਸ ਮੁਕਾਬਲੇ ਹੋਏ।
ਇਨ੍ਹਾਂ ਸਮਿਆਂ ਚੋਂ ਸਾਲ 1987 ਤੋਂ 1993 ਦੇ ਵਕਤ ’ਚ ਸਭ ਤੋਂ ਵੱਧ 5451 ਪੁਲੀਸ ਮੁਕਾਬਲੇ ਹੋਏ ਸਨ। ਭਾਵ ਇਨ੍ਹਾਂ ਸੱਤ ਵਰਿ੍ਹਆਂ ’ਚ ਹੀ 94 ਫ਼ੀਸਦੀ ਪੁਲੀਸ ਮੁਕਾਬਲੇ ਹੋਏ। ਪੰਜਾਬ ਦੀ ਜੂਹ ’ਚ ਖ਼ੌਫ਼ ਹੀ ਖ਼ੌਫ਼ ਸੀ, ਸਹਿਮੇ ਲੋਕ ਦਿਨ ਢਲਦੇ ਹੀ ਬੂਹੇ ਭੇੜ ਲੈਂਦੇ ਸਨ। ਸਾਲ 1992 ਦਾ ਵਰ੍ਹਾ ਅਜਿਹਾ ਸੀ ਜਿਸ ’ਚ ਸਭ ਤੋਂ ਵੱਧ 1399 ਪੁਲੀਸ ਮੁਕਾਬਲੇ ਹੋਏ ਸਨ ਜਦੋਂ ਕਿ ਸਾਲ 1991 ’ਚ 1282 ਪੁਲੀਸ ਮੁਕਾਬਲੇ ਹੋਏ ਸਨ। ਪੁਲੀਸ ਮੁਕਾਬਲਿਆਂ ਦੀ ਸ਼ੁਰੂਆਤ 1982 ’ਚ ਹੋਈ ਜਿਸ ਵਰ੍ਹੇ ’ਚ ਪੰਜ ਪੁਲੀਸ ਮੁਕਾਬਲੇ ਹੋਏ ਸਨ ਤੇ ਅਖੀਰ 1996 ਦੇ ਸਾਲ ’ਚ ਅੱਠ ਪੁਲੀਸ ਮੁਕਾਬਲਿਆਂ ਨਾਲ ਹੋਈ ਸੀ। ਫ਼ਿਲਮ ਸਤਲੁਜ ਨੇ ਪੁਲੀਸ ਮੁਕਾਬਲਿਆਂ ’ਤੇ ਮੁੜ ਸਵਾਲ ਖੜ੍ਹੇ ਕੀਤੇ ਹਨ। ਪੁਲੀਸ ਮੁਕਾਬਲਿਆਂ ਦਾ ਕੇਂਦਰ ਬਿੰਦੂ ਮਾਝਾ ਖ਼ਿੱਤਾ ਰਿਹਾ। ਇਸ ਖ਼ਿੱਤੇ ’ਚ ਸਭ ਤੋਂ ਵੱਧ 4433 ਖਾੜਕੂ ਮਾਰੇ ਗਏ ਜੋ ਸਮੁੱਚੇ ਪੰਜਾਬ ਦੇ 55 ਫ਼ੀਸਦੀ ਬਣਦੇ ਹਨ।
ਸਿਖਰ ’ਤੇ ਜ਼ਿਲ੍ਹਾ ਤਰਨ ਤਾਰਨ ਰਿਹਾ ਜਿਸ ’ਚ ਦੋ ਦਹਾਕਿਆਂ ਦੌਰਾਨ ਸਭ ਤੋਂ ਵੱਧ 1798 ਖਾੜਕੂ ਮਾਰੇ ਗਏ। ਮਜੀਠਾ ’ਚ 20 ਸਾਲਾਂ ’ਚ 962 ਅਤੇ ਅੰਮ੍ਰਿਤਸਰ ’ਚ 794 ਖਾੜਕੂ ਮਾਰੇ ਗਏ ਸਨ। ਦੁਆਬੇ ’ਚ 692 ਖਾੜਕੂ ਅਤੇ ਮਾਲਵੇ ’ਚ 2968 ਖਾੜਕੂ ਮਾਰੇ ਗਏ ਸਨ। ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ ਸਭ ਤੋਂ ਘੱਟ 37 ਅਤੇ ਮਾਨਸਾ ਜ਼ਿਲ੍ਹੇ ’ਚ 63 ਖਾੜਕੂ ਮਾਰੇ ਗਏ ਸਨ। ਜਦੋਂ ਖਾੜਕੂ ਜਥੇਬੰਦੀਆਂ ’ਤੇ ਨਜ਼ਰ ਮਾਰਦੇ ਹਾਂ ਤਾਂ ਕੇ.ਸੀ.ਐੱਫ਼ ਦੇ ਸਭ ਤੋਂ ਵੱਧ 398 ਖਾੜਕੂ ਮਾਰੇ ਗਏ ਜਦੋਂ ਕਿ ਬੱਬਰਾਂ ਦੇ 156 ਖਾੜਕੂ ਮਾਰੇ ਗਏ ਸਨ। ਇਸੇ ਤਰ੍ਹਾਂ ਕੇ.ਐੱਲ.ਐੱਫ਼ ਦੇ 149 ਅਤੇ ਬੀ.ਟੀ.ਐੱਫ਼.ਕੇ ਦੇ 148 ਖਾੜਕੂ ਮਾਰੇ ਗਏ ਸਨ। ਇਸ ਦੌਰ ’ਚ ਮਾਰੇ ਗਏ ਕੁੱਲ ਖਾੜਕੂਆਂ ਚੋਂ 594 ਹਾਰਡਕੋਰ ਖਾੜਕੂ ਮਾਰੇ ਗਏ। ਇਕੱਲੇ 1991 ਅਤੇ 1992 ਦੇ ਦੋ ਸਾਲਾਂ ’ਚ ਸਭ ਤੋਂ ਵੱਧ 272 ਹਾਰਡਕੋਰ ਖਾੜਕੂ (46 ਫ਼ੀਸਦੀ) ਮਾਰੇ ਗਏ ਸਨ।
ਇਸੇ ਤਰ੍ਹਾਂ ਹੀ ਸਾਲ 1988 ਤੋਂ 1999 ਦਰਮਿਆਨ ਪੰਜਾਹ ਹਾਰਡਕੋਰ ਖਾੜਕੂ ਗ੍ਰਿਫ਼ਤਾਰ ਵੀ ਕੀਤੇ ਗਏ ਸਨ ਜਿਨ੍ਹਾਂ ’ਚ ਮਜੀਠਾ ਤੇ ਬਟਾਲਾ ’ਚ 11-11, ਤਰਨ ਤਾਰਨ ’ਚ ਛੇ ਅਤੇ ਰੋਪੜ ’ਚ ਚਾਰ ਹਾਰਡਕੋਰ ਖਾੜਕੂ ਗ੍ਰਿਫ਼ਤਾਰ ਕੀਤੇ ਗਏ ਸਨ। ਪੰਜਾਬ ਦਾ ਕਾਲਾ ਅਧਿਆਇ ਕਿੰਨੇ ਹੀ ਜ਼ਖ਼ਮ ਦੇ ਗਿਆ ਜੋ ਹਮੇਸ਼ਾ ਰਿਸਦੇ ਰਹਿਣਗੇ। ਉਨ੍ਹਾਂ ਵੇਲਿਆਂ ’ਚ ਹੱਸਦੇ ਖੇਡਦੇ ਵਿਹੜੇ ਪਲਾਂ ’ਚ ਸ਼ਮਸ਼ਾਨ ਬਣ ਜਾਂਦੇ ਸਨ। ਕਿੰਨੇ ਹੀ ਅਭਾਗੇ ਘਰ ਸਨ ਜਿਨ੍ਹਾਂ ਦੀ ਦੇਹਲੀ ’ਤੇ ਕੋਈ ਦੀਵਾ ਬਾਲਣ ਵਾਲਾ ਵੀ ਨਹੀਂ ਬਚਿਆ ਸੀ। ਫ਼ਿਲਮ ਸਤਲੁਜ ਵੀ ਇੱਕ ਅਜਿਹੇ ਹੀ ਦੀਵੇ ਦੀ ਗੱਲ ਕਰਦੀ ਹੈ ਜੋ ਹਨੇਰੇ ਖ਼ਿਲਾਫ਼ ਲੜਿਆ। ਮਨੁੱਖੀ ਅਧਿਕਾਰਾਂ ਦੇ ਪੈਰੋਕਾਰ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ’ਤੇ ਅਧਾਰਿਤ ਬਣੀ ਫ਼ਿਲਮ ਸਤਲੁਜ ਨੇ ਅਤੀਤ ਨੂੰ ਮੁੜ ਪੰਜਾਬ ਦੇ ਸਨਮੁੱਖ ਕੀਤਾ ਹੈ।
ਜਵਾਬਦੇਹੀ ਕਲਚਰ ਨੂੰ ਢਾਹ ਲੱਗਦੀ ਹੈ: ਪ੍ਰੋ. ਜੋਧਕਾ
ਸਮਾਜ ਵਿਗਿਆਨੀ ਪ੍ਰੋ. ਸੁਰਿੰਦਰ ਸਿੰਘ ਜੋਧਕਾ ਦਾ ਕਹਿਣਾ ਹੈ ਕਿ ਜਦੋਂ ਪੁਲੀਸ ’ਚ ਪ੍ਰੋਫੈਸ਼ਨਲਿਜ਼ਮ ਖਤਮ ਹੁੰਦਾ ਹੈ ਤਾਂ ਸਮਾਜ ’ਚ ਖੌਫ ਵਧ ਜਾਂਦਾ ਹੈ। ਇਸ ਤਰ੍ਹਾਂ ਪੁਲੀਸ ਦਾ ਜਵਾਬਦੇਹੀ ਕਲਚਰ ਢਹਿ ਢੇਰੀ ਹੋ ਜਾਂਦਾ ਹੈ ਤੇ ਪੁਲੀਸ ਸਮਾਜਿਕ ਕੰਟਰੋਲ ਦੀ ਭੂਮਿਕਾ ਗੁਆ ਲੈਂਦੀ ਹੈ। ਉਨ੍ਹਾਂ ਕਿਹਾ ਕਿ ਅਗਰ ਪੁਲੀਸ ਕਾਨੂੰਨ ਨੂੰ ਹੱਥਾਂ ’ਚ ਲੈਂਦੀ ਹੈ ਤਾਂ ਆਮ ਲੋਕ ’ਚ ਵੀ ਇਹੋ ਰੁਝਾਨ ਭਾਰੂ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਮੁਕਾਬਲੇ ਵੀ ਇਹੋ ਝਲਕਾਰਾ ਦਿੰਦੇ ਹਨ।
ਪੁਲੀਸ ਮੁਕਾਬਲੇ : ਪ੍ਰਮੁੱਖ ਵਰਿ੍ਹਆਂ ’ਤੇ ਝਾਤ
ਸਾਲ ਪੁਲੀਸ ਮੁਕਾਬਲੇ
1987 410
1988 461
1989 582
1990 746
1991 1282
1992 1399
1993 571
ਮਾਰੇ ਗਏ ਖਾੜਕੂਆਂ ਦਾ ਵੇਰਵਾ
ਪੁਲੀਸ ਜ਼ਿਲ੍ਹੇ ਦਾ ਨਾਮ ਖਾੜਕੂਆਂ ਦੀ ਗਿਣਤੀ
ਤਰਨ ਤਾਰਨ 1798
ਮਜੀਠਾ 962
ਅੰਮ੍ਰਿਤਸਰ 794
ਬਟਾਲਾ 650
ਫਿਰੋਜ਼ਪੁਰ 529
ਲੁਧਿਆਣਾ 373
ਬਠਿੰਡਾ 292
.jpg)
No comments:
Post a Comment