Monday, September 28, 2026

ਸਿਆਸੀ ਪੈਂਤੜਾ 
 15 ਹਜ਼ਾਰ ਯੂਥ ਕਲੱਬ ਰੱਦ..! 
 ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਅਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੁੱਚੇ ਸੂਬੇ ’ਚ ਕਰੀਬ 15 ਹਜ਼ਾਰ ਯੂਥ ਕਲੱਬ ਰੱਦ ਕਰ ਦਿੱਤੇ ਹਨ। ਯੁਵਕ ਸੇਵਾਵਾਂ ਵਿਭਾਗ ਨੇ ਪੁਰਾਣੇ ਯੂਥ ਕਲੱਬ ਤਾਂ ਰੱਦ ਕਰ ਦਿੱਤੇ ਪ੍ਰੰਤੂ ਹੁਣ ਪਿੰਡਾਂ ’ਚ ਨਵੇਂ ਬਣਾਏ ਜਾਣ ਵਾਲੇ ਯੂਥ ਕਲੱਬਾਂ ਨੂੰ ਕੋਈ ਹੁੰਗਾਰਾ ਨਹੀਂ ਮਿਲ ਰਿਹਾ ਹੈ। ਜ਼ਿਲਾ ਪੱਧਰੀ ਤਾਲਮੇਲ ਕਮੇਟੀਆਂ ਨੇ ‘ਯੂਥ ਕਲੱਬ ਐਫੀਲੀਏਟਡ ਪਾਲਿਸੀ 2025’ ਤਹਿਤ ਸਮੀਖਿਆ ਕਰਨ ਮਗਰੋਂ ਪੁਰਾਣੇ ਗੈਰ ਸਰਗਰਮ ਯੂਥ ਕਲੱਬਾਂ ਨੂੰ ਰੱਦ ਕਰਨ ਦਾ ਫੈਸਲਾ ਲਿਆ । ਪੰਜਾਬ ਦੇ ਪੰਜ ਜ਼ਿਲਿ੍ਹਆਂ ’ਚ ਤਾਂ ਹਾਲੇ ਤੱਕ ਕੋਈ ਨਵਾਂ ਯੂਥ ਕਲੱਬ ਬਣ ਵੀ ਨਹੀਂ ਸਕਿਆ ਹੈ। 

        ਜ਼ਿਲ੍ਹਾ ਪੱਧਰੀ ਤਾਲਮੇਲ ਕਮੇਟੀਆਂ ਨੇ ਯੁਵਕ ਸੇਵਾਵਾਂ ਵਿਭਾਗ ਨਾਲ ਜੁੜੇ ਕਰੀਬ 15,500 ਯੂਥ ਕਲੱਬਾਂ ਨੂੰ ਜਨਤਿਕ ਨੋਟਿਸ ਜਾਰੀ ਕਰਕੇ ਪਿਛਲੇ ਤਿੰਨ ਵਰਿ੍ਹਆਂ ਦੀ ਕਾਰਗੁਜ਼ਾਰੀ 45 ਦਿਨਾਂ ’ਚ ਪੇਸ਼ ਕਰਨ ਦਾ ਮੌਕਾ ਦਿੱਤਾ ਸੀ। ਇਨ੍ਹਾਂ ਚੋਂ ਜਦ ਕਰੀਬ 700 ਕਲੱਬ ਐਕਟਿਵ ਮਿਲੇ ਤਾਂ ਬਾਕੀ ਸਾਰੇ ਯੂਥ ਕਲੱਬ ਰੱਦ ਕਰ ਦਿੱਤੇ ਗਏ। ਆਮ ਤੌਰ ’ਤੇ ਹਰ ਨਵੀਂ ਸਰਕਾਰ ਨਵੇਂ ਕਲੱਬ ਤਾਂ ਬਣਾਉਂਦੀ ਹੈ ਪ੍ਰੰਤੂ ਪੁਰਾਣੇ ਕਲੱਬ ਕਦੇ ਰੱਦ ਨਹੀਂ ਹੋਏ ਸਨ। ‘ਆਪ’ ਸਰਕਾਰ ਨੇ ਪੁਰਾਣੀਆਂ ਸਰਕਾਰਾਂ ਸਮੇਂ ਬਣੇ ਕਰੀਬ 15 ਹਜ਼ਾਰ ਯੂਥ ਕਲੱਬਾਂ ਨੂੰ ਰੱਦ ਕਰ ਦਿੱਤਾ ਹੈ।

       ਵੇਰਵਿਆਂ ਅਨੁਸਾਰ ‘ਆਪ’ ਸਰਕਾਰ ਵੱਲੋਂ ਪਿੰਡਾਂ ’ਚ ਨਵੇਂ ਯੂਥ ਕਲੱਬ ਬਣਾਉਣ ਦੀ ਪ੍ਰਕਿਰਿਆ ਵਿੱਢੀ ਗਈ ਸੀ ਪ੍ਰੰਤੂ ਹੁਣ ਤੱਕ ਸਮੁੱਚੇ ਪੰਜਾਬ ’ਚ ਨਵੇਂ 600 ਕਲੱਬ ਹੀ ਬਣ ਸਕੇ ਹਨ। ਜ਼ਿਲ੍ਹਾ ਮਾਨਸਾ, ਮਾਲੇਰਕੋਟਲਾ, ਬਠਿੰਡਾ, ਪਠਾਨਕੋਟ ਤੇ ਫਾਜ਼ਿਲਕਾ ’ਚ ਤਾਂ ਇੱਕ ਵੀ ਨਵਾਂ ਯੂਥ ਕਲੱਬ ਨਹੀਂ ਬਣਿਆ ਹੈ। ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ‘ਆਪ’ ਸਰਕਾਰ ਦੇ ਲੁਧਿਆਣਾ ਸਮਾਗਮਾਂ ’ਚ ਜਵਾਨੀ ਦਾ ਵੱਡਾ ਇਕੱਠ ਜੁੜ ਰਿਹਾ ਹੈ। ਦੂਸਰੇ ਪਾਸੇ ਕਈ ਕਈ ਵਰਿ੍ਹਆਂ ਤੋਂ ਪਿੰਡਾਂ ’ਚ ਜੁਟੇ ਯੂਥ ਕਲੱਬ ਹੁਣ ਜ਼ੀਰੋ ਹੋ ਗਏ ਹਨ। 

       ਨਵੇਂ ਯੂਥ ਕਲੱਬ ਦੇ ਗਠਨ ਲਈ ਸਮੇਤ ਅਹੁਦੇਦਾਰਾਂ ਦੇ 21 ਮੈਂਬਰ ਹੋਣੇ ਲਾਜ਼ਮੀ ਹਨ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਹੋਣੀ ਚਾਹੀਦੀ ਹੈ। ਮੁਸ਼ਕਲ ਇਹ ਹੈ ਕਿ ਹੁਣ ਪਿੰਡਾਂ ’ਚ ਕਲੱਬਾਂ ਲਈ ਨੌਜਵਾਨ ਲੱਭਦੇ ਨਹੀਂ ਹਨ। ਸਾਲ 2016-17 ਤੋਂ ਪੰਜਾਬ ਦੇ ਵੱਡੀ ਗਿਣਤੀ ’ਚ ਨੌਜਵਾਨ ਸਟੱਡੀ ਵੀਜ਼ੇ ’ਤੇ ਵਿਦੇਸ਼ ਚਲੇ ਗਏ ਸਨ। ਪੰਜਾਬ ’ਚ ਕਰੀਬ ਢਾਈ ਸੌ ਕਲੱਬ ਪ੍ਰਕਿਰਿਆ ਅਧੀਨ ਵੀ ਹਨ। ਜ਼ਿਲ੍ਹਾ ਪਟਿਆਲਾ ’ਚ ਸਭ ਤੋਂ ਵੱਧ 1800 ਕਲੱਬ ਸਨ ਜਿਨ੍ਹਾਂ ਚੋਂ ਕਰੀਬ 1700 ਕਲੱਬ ਰੱਦ ਕਰ ਦਿੱਤੇ ਗਏ ਹਨ ਅਤੇ ਇਸ ਜ਼ਿਲ੍ਹੇ ’ਚ ਸਿਰਫ 30 ਨਵੇਂ ਕਲੱਬ ਬਣੇ ਹਨ।

       ਜ਼ਿਲ੍ਹਾ ਫਿਰੋਜ਼ਪੁਰ ’ਚ ਕਰੀਬ 1250 ਕਲੱਬ ਸਨ ਜਿਨ੍ਹਾਂ ਚੋਂ ਕਰੀਬ 1200 ਯੂਥ ਕਲੱਬ ਰੱਦ ਕਰ ਦਿੱਤੇ ਗਏ ਹਨ। ਇਸੇ ਤਰ੍ਹਾਂ ਹੁਸ਼ਿਆਰਪੁਰ ਜ਼ਿਲ੍ਹੇ ’ਚ 950 ਕਲੱਬ ਰੱਦ ਕੀਤੇ ਗਏ ਹਨ ਅਤੇ ਇਸ ਜ਼ਿਲ੍ਹੇ ’ਚ ਸਿਰਫ 32 ਨਵੇਂ ਕਲੱਬ ਬਣੇ ਹਨ। ਬਠਿੰਡਾ ’ਚ 510 ਯੂਥ ਕਲੱਬਾਂ ਚੋਂ 450 ਕਲੱਬ ਰੱਦ ਕਰ ਦਿੱਤੇ ਗਏ ਹਨ। ਯੁਵਕ ਸੇਵਾਵਾਂ ਵਿਭਾਗ ਦੀ ਦਲੀਲ ਹੈ ਕਿ ਜੋ ਯੂਥ ਕਲੱਬ ਗੈਰ ਸਰਗਰਮ ਸਨ, ਉਨ੍ਹਾਂ ਨੂੰ ਰੱਦ ਕੀਤਾ ਗਿਆ ਹੈ। ਚੇਤੇ ਰਹੇ ਕਿ ਪੰਜਾਬ ’ਚ 1997 ਤੋਂ ਬਾਅਦ ਯੂਥ ਕਲੱਬਾਂ ’ਤੇ ਹਮੇਸ਼ਾ ਹੀ ਸਿਆਸੀ ਰੰਗ ਚੜ੍ਹਦਾ ਰਿਹਾ ਹੈ। ਸਿਆਸੀ ਥਾਪੜੇ ਵਾਲੇ ਯੁਵਕ ਕਲੱਬਾਂ ਨੂੰ ਹੀ ਫੰਡ ਮਿਲਦੇ ਰਹੇ ਹਨ। ਹਰ ਸਰਕਾਰ ਨੇ ਨਵੇਂ ਕਲੱਬ ਖੜ੍ਹੇ ਕੀਤੇ ਹਨ। 

       ਪੰਜਾਬ ’ਚ ਸਾਲ 2007-2008 ’ਚ 4796 ਯੂਥ ਕਲੱਬ ਸਨ ਜਦੋਂ ਕਿ ਸਾਲ 2017 ਦੇ ਆਸ ਪਾਸ ਇਨ੍ਹਾਂ ਕਲੱਬਾਂ ਦੀ ਗਿਣਤੀ ਵੱਧ ਕੇ 10,852 ਹੋ ਗਈ ਸੀ। ਪਿਛਾਂਹ ਦੇਖੀਏ ਤਾਂ ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਸਾਲ 2016 ਦੇ ਇੱਕੋ ਸਾਲ ’ਚ ਕਰੀਬ 3861 ਨਵੇਂ ਕਲੱਬ ਬਣਾਏ ਸਨ। ਹੁਣ ‘ਆਪ’ ਸਰਕਾਰ ਅਗਾਮੀ ਚੋਣਾਂ ਤੋਂ ਪਹਿਲਾਂ ਨਵੇਂ ਯੂਥ ਕਲੱਬ ਬਣਾਉਣ ਲਈ ਪੱਬਾਂ ਭਾਰ ਹੈ। ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੂੰ ਪੱਖ ਜਾਣਨ ਲਈ ਵਾਰ ਵਾਰ ਫੋਨ ਕੀਤਾ ਪ੍ਰੰਤੂ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ।

        ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਸਮੁੱਚੇ ਪੰਜਾਬ ’ਚ ਢੁਕਵੀਂ ਪ੍ਰਕਿਰਿਆ ਤਹਿਤ ਗ਼ੈਰ-ਸਰਗਰਮ ਯੂਥ ਕਲੱਬ ਰੱਦ ਕੀਤੇ ਗਏ ਹਨ, ਇਸ ਦਾ ਸਿਆਸਤ ਨਾਲ ਕੋਈ ਲੈਣਾ -ਦੇਣਾ ਨਹੀਂ ਹੈ। ਸਰਗਰਮ ਕਲੱਬ ਅੱਜ ਵੀ ਉਸੇ ਤਰ੍ਹਾਂ ਕਾਇਮ ਹਨ। ਉਨ੍ਹਾਂ ਦੱਸਿਆ ਕਿ 9200 ਨਵੇਂ ਕਲੱਬ ਪ੍ਰਕਿਰਿਆ ਅਧੀਨ ਹਨ ਅਤੇ ਨਵੇਂ ਕਲੱਬਾਂ ਦੇ ਗਠਨ ਬਾਰੇ ਰਸਮੀ ਕਾਰਵਾਈ ਜਾਰੀ ਹੈ।

   ਪੰਜਾਬ ’ਚ ਰੱਦ ਕੀਤੇ ਯੂਥ ਕਲੱਬ

ਜ਼ਿਲ੍ਹੇ ਦਾ ਨਾਮ   ਰੱਦ ਕਲੱਬਾਂ ਦੀ ਗਿਣਤੀ

1. ਪਟਿਆਲਾ 1700

2. ਫਿਰੋਜ਼ਪੁਰ 1200

3. ਹੁਸ਼ਿਆਰਪੁਰ 950

4.  ਬਠਿੰਡਾ         450

5. ਜਲੰਧਰ        1000

6.ਅੰਮ੍ਰਿਤਸਰ 950

7. ਲੁਧਿਆਣਾ 950

8. ਸੰਗਰੂਰ        450





No comments:

Post a Comment