ਏਕਤਾ ਦਾ ਸ਼ੋਅ ਨਾ ਅੱਖਾਂ ਦਾ ਮੇਲ, ਨਾ ਦਿਲਾਂ ’ਚ ਖਿੱਚ..! ਚਰਨਜੀਤ ਭੁੱਲਰ
ਚੰਡੀਗੜ੍ਹ :ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਦੀ ਮੌਜੂਦਗੀ ’ਚ ਅੱਜ ਇੱਥੇ ਸੂਬਾਈ ਕਾਂਗਰਸ ਦੇ ਸਭ ਨੇਤਾ ਇੱਕ ਮੰਚ ’ਤੇ ਦਿੱਖੇ। ਕਰੀਬ ਪੌਣੇ ਤਿੰਨ ਮਹੀਨੇ ਦੇ ਅਰਸੇ ਮਗਰੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਕੱਠੇ ਤੌਰ ’ਤੇ ਸਟੇਜ ਸਾਂਝੀ ਕੀਤੀ। ਜਦੋਂ ਨਵੇਂ ਇੰਚਾਰਜ ਸਚਿਨ ਪਾਇਲਟ ਅੱਜ ਚੰਡੀਗੜ੍ਹ ਆਏ ਤਾਂ ਉਸ ਤੋਂ ਪਹਿਲਾਂ ਉਨ੍ਹਾਂ ਦਾ ਸਵਾਗਤ ਲਾਲੜੂ ਨੂੰ ਵਿਖੇ ਪ੍ਰਧਾਨ ਰਾਜਾ ਵੜਿੰਗ ਨੇ ਕੀਤਾ ਜਦੋਂ ਕਿ ਚੰਨੀ ਧੜਾ ਪਹਿਲਾਂ ਹੀ ਕਾਂਗਰਸ ਭਵਨ ਵਿਚਲੇ ਇਕੱਠ ’ਚ ਸਜ ਗਿਆ ਸੀ। ਕਾਂਗਰਸ ਭਵਨ ਦੀ ਸਟੇਜ ਤੇ ਇੱਕੋ ਕਤਾਰ ’ਚ ਸਭ ਨੇਤਾ ਬੈਠੇ ਨਜ਼ਰ ਆਏ। ਅੱਜ ਪੰਜਾਬ ਕਾਂਗਰਸ ਦਾ ਮੰਚ ਸਾਂਝਾ ਸੀ, ਨਾਅਰੇ ਸਾਂਝੇ ਸਨ ਤੇ ਇੱਥੋਂ ਤੱਕ ਕਿ ਭਾਸ਼ਣ ਵੀ ਸਾਂਝੇ ਸਨ। ਬਾਹਰੀ ਤੌਰ ’ਤੇ ਅੱਜ ਪੰਜਾਬ ਕਾਂਗਰਸ ਨੇ ਸਭ ਅੱਛਾ ਹੋਣ ਦਾ ਸੁਨੇਹਾ ਦਿੱਤਾ। ਪੰਜਾਬ ਕਾਂਗਰਸ ਅੱਜ ਸਟੇਜ ਤੋਂ ‘ਏਕਤਾ ਦਾ ਸ਼ੋਅ’ ਕਰਨ ਵਿੱਚ ਸਫਲ ਰਹੀ। ਸਟੇਜ ’ਤੇ ਸੱਜੇ ਪਾਸੇ ਚਰਨਜੀਤ ਚੰਨੀ, ਖੱਬੇ ਪਾਸੇ ਰਾਜਾ ਵੜਿੰਗ ਅਤੇ ਐਨ ਵਿਚਾਲੇ ਸਚਿਨ ਪਾਇਲਟ ਬੈਠੇ ਸਨ।
ਵੜਿੰਗ ਤੇ ਚੰਨੀ ਨੇ ਆਪਸ ’ਚ ਗੱਲਬਾਤ ਵੀ ਕੀਤੀ। ਜਦੋਂ ਵੜਿੰਗ ਚੰਨੀ ਦਾ ਹੱਥ ਘੁੱਟ ਕੇ ਸ਼ਿੱਦਤ ਨਾਲ ਦੇਖ ਰਿਹਾ ਸੀ ਤਾਂ ਚੰਨੀ ਨੇ ਨਜ਼ਰਾਂ ਚੁਰਾ ਲਈਆਂ, ਸਿੱਧੀਆਂ ਪੰਡਾਲ ’ਤੇ ਟਿਕਾ ਲਈਆਂ।ਚੰਨੀ ਤੇ ਵੜਿੰਗ ’ਚ ਦੁਆ ਸਲਾਮ ਤਾਂ ਹੋਈ ਪ੍ਰੰਤੂ ਦਿਲਾਂ ਦੇ ਜੁਗਰਾਫ਼ੀਏ ’ਚ ਵਿੱਥਾਂ ਸਨ। ਨਾ ਨਜ਼ਰ ਮਿਲੀ ਤੇ ਨਾ ਹੀ ਦਿਲ। ਹਾਵ ਭਾਵ ਦੀ ਤਰਤੀਬ ਵੀ ਹਿਲੀ ਹੋਈ ਨਜ਼ਰ ਆਈ। ਸਟੇਜ ਤੋਂ ਭਾਸ਼ਣ ਸਾਂਝੇ ਸਨ ਪਰ ਸੁਰ ਤਾਲ ਵੱਖੋ ਵੱਖਰੇ ਸਨ। ਰਾਜਾ ਵੜਿੰਗ ਜਦੋਂ ਵੇਖ ਰਿਹਾ ਸੀ ਤਾਂ ਚੰਨੀ ਦੀਆਂ ਅੱਖਾਂ ’ਚ ਗਰਮਜੋਸ਼ੀ ਨਹੀਂ ਸੀ। ਇੰਜ ਜਾਪਦਾ ਸੀ ਕਿ ਜਿਵੇਂ ਕਿਸੇ ਨਾਟਕ ਦਾ ਦ੍ਰਿਸ਼ ਹੋਵੇ ਅਤੇ ਇਹ ਨੇਤਾ ਅਭਿਨੈ ਕਰ ਰਹੇ ਹੋਣ। ਸਟੇਜ ’ਤੇ ਆਗੂਆਂ ’ਚ ਏਕਤਾ ਦਾ ਘੱਟ, ਬੇਵਸੀ ਦਾ ਮੁਜ਼ਾਹਰਾ ਵੱਧ ਜਾਪ ਰਿਹਾ ਸੀ। ਸਚਿਨ ਪਾਇਲਟ ਦੀ ਪਹਿਲੀ ਪ੍ਰਾਪਤੀ ਰਹੀ ਕਿ ਉਹ ਸਭਨਾਂ ਆਗੂਆਂ ਨੂੰ ਇੱਕੋ ਮੰਚ ’ਤੇ ਇਕੱਠਾ ਕਰਨ ’ਚ ਕਾਮਯਾਬ ਰਹੇ ਹਨ। ਜਦੋਂ ਚਰਨਜੀਤ ਚੰਨੀ ਭਾਸ਼ਣ ਲਈ ਉੱਠੇ ਤਾਂ ਪੰਡਾਲ ਚੋਂ ਨਾਅਰੇ ਗੂੰਜੇ।
ਚੰਨੀ ਨੇ ਭਾਸ਼ਣ ਦੇ ਸ਼ੁਰੂ ’ਚ ਸਚਿਨ ਪਾਇਲਟ ਤੋਂ ਸਿਵਾਏ ਕਿਸੇ ਦਾ ਨਾਮ ਨਹੀਂ ਲਿਆ ਅਤੇ ਇੱਥੋਂ ਤੱਕ ਚੰਨੀ ਨੇ ਕਾਂਗਰਸ ਪ੍ਰਧਾਨ ਵੜਿੰਗ ਦਾ ਨਾਮ ਤੱਕ ਵੀ ਨਹੀਂ ਲਿਆ ਜਦੋਂ ਕਿ ਵੜਿੰਗ ਨੇ ਚੰਨੀ ਤੇ ਬਾਜਵਾ ਸਮੇਤ ਆਗੂਆਂ ਨੂੰ ਸਤਿਕਾਰਯੋਗ ਦੱਸਿਆ। ਸਚਿਨ ਪਾਇਲਟ ਨੇ ਸਟੇਜ ਤੋਂ ਕਿਹਾ ਕਿ ਪੰਜਾਬ ਕਾਂਗਰਸ ’ਚ ਕੋਈ ਧੜੇਬੰਦੀ ਨਹੀਂ ਹੈ। ਅਗਰ ਕੋਈ ਆਗੂ ਵਰਕਰਾਂ ਦੀ ਗੱਲ ਨਹੀਂ ਸੁਣਦਾ ਤਾਂ ਵਰਕਰ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਟੇਜ ਤੋਂ ਕਿਹਾ ਕਿ ਕਾਂਗਰਸ ਪਾਰਟੀ ਬਿਨਾਂ ਚਿਹਰੇ ਤੋਂ ਮੈਦਾਨ ’ਚ ਆਵੇਗੀ ਤੇ ਪਾਰਟੀ ਦਾ ਪੰਜਾਬ ਚੋਣਾਂ ’ਚ ਚਿਹਰਾ ਰਾਹੁਲ ਗਾਂਧੀ, ਪ੍ਰਿਅੰਕਾ ਗਾਂਧੀ, ਮਲਿਕਾਰਜੁਨ ਖੜਗੇ ਤੇ ਸਚਿਨ ਪਾਇਲਟ ਹੋਣਗੇ। ਬਾਜਵਾ ਨੇ ਕਿਹਾ ਕਿ ਪਹਿਲਾਂ ਚੋਣਾਂ ਜਿੱਤੀਏ, ਫਿਰ ਮੁੱਖ ਮੰਤਰੀ ਦਾ ਫ਼ੈਸਲਾ ਵੀ ਹੋ ਜਾਵੇਗਾ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਾਂਗਰਸ ਦੇ ਇੱਕਜੁੱਟ ਹੋਣ ਦਾ ਵਾਰ ਵਾਰ ਜ਼ਿਕਰ ਕੀਤਾ।
ਸਾਬਕਾ ਮੁੱਖ ਮੰਤਰੀ ਚੰਨੀ ਨੇ ਇਕੱਠੇ ਹੋ ਕੇ ਚੋਣਾਂ ਲੜਨ ਦੀ ਗੱਲ ਕਹੀ। ਦੇਖਿਆ ਜਾਵੇ ਤਾਂ ਪੁਰਾਣੇ ਇੰਚਾਰਜ ਭੁਪੇਸ਼ ਬਘੇਲ ਚੰਨੀ ਤੇ ਵੜਿੰਗ ਧੜੇ ਨੂੰ ਇਕੱਠੇ ਕਰਨ ’ਚ ਫ਼ੇਲ੍ਹ ਰਹੇ ਸਨ ਜਦੋਂ ਕਿ ਸਚਿਨ ਪਾਇਲਟ ਦੀ ਅੱਜ ਪਹਿਲੀ ਪੰਜਾਬ ਫੇਰੀ ਮੌਕੇ ਸਭ ਕਾਂਗਰਸੀ ਨੇਤਾ ਇੱਕ ਕਤਾਰ ’ਚ ਬੈਠੇ ਨਜ਼ਰ ਆਏ। ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਰਾਜਾ ਵੜਿੰਗ ਆਖ਼ਰੀ ਵਾਰ ਇੱਕ ਪ੍ਰੈੱਸ ਕਾਨਫ਼ਰੰਸ ਮੌਕੇ 24 ਜੂਨ ਨੂੰ ਇਕੱਠੇ ਹੋਏ ਸਨ।ਜਦੋਂ ਪਹਿਲੀ ਜੁਲਾਈ ਨੂੰ ਹਾਈਕਮਾਨ ਨੇ ‘ਪੰਜਾਬ ਫ਼ਾਰਮੂਲਾ’ ਐਲਾਨ ਦਿੱਤਾ ਤੇ ਰਾਜਾ ਵੜਿੰਗ ਦੀ ਪ੍ਰਧਾਨਗੀ ’ਚ ਕੋਈ ਫੇਰਬਦਲ ਕਰਨ ਦੀ ਥਾਂ ਚਾਰ ਕਮੇਟੀਆਂ ਦਾ ਗਠਨ ਕਰ ਦਿੱਤਾ ਸੀ ਤਾਂ ਚੰਨੀ ਧੜੇ ਨੇ ਇਨ੍ਹਾਂ ਕਮੇਟੀਆਂ ਦਾ ਸਵਾਗਤ ਤੱਕ ਨਹੀਂ ਕੀਤਾ ਸੀ। ਚੰਨੀ ਧੜੇ ਨੇ 6 ਜੁਲਾਈ ਨੂੰ ਵੱਖਰੀ ਮੀਟਿੰਗ ਕਰਕੇ ਰਾਜਾ ਵੜਿੰਗ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰ ਦਿੱਤਾ ਸੀ। ਇੱਥੋਂ ਤੱਕ ਕਿ ਚੰਨੀ ਧੜੇ ਨੇ ਰਾਜਾ ਵੜਿੰਗ ਦੀ ਗੈਰ ਮੌਜੂਦਗੀ ਦੀ ਸ਼ਰਤ ਲਗਾ ਕੇ ਭੁਪੇਸ਼ ਬਘੇਲ ਨਾਲ ਮੀਟਿੰਗ ਕੀਤੀ ਸੀ।
ਹਾਈਕਮਾਂਡ ਨੇ ਸਚਿਨ ਪਾਇਲਟ ਹੱਥ ਕਮਾਨ ਦੇ ਕੇ ਚੰਨੀ ਧੜੇ ਨੂੰ ਖ਼ੁਸ਼ ਕਰਨ ਦਾ ਯਤਨ ਕੀਤਾ ਹੈ। ਪਾਇਲਟ ਨੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਹੀ ਪੰਜਾਬ ਚੋਣਾਂ ’ਚ ਕੁੱਦਾਂਗੇ। ਪਿੰਡ ਤੂਰਬੰਜਾਰਾ ’ਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਘਟਨਾ ਦੇ ਮਾਮਲੇ ’ਚ ਅੱਜ ਕਾਂਗਰਸ ਨੇ ਇੱਥੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਘਰ ਵੱਲ ਮਾਰਚ ਕੀਤਾ। ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਵਿਜੇ ਇੰਦਰ ਸਿੰਗਲਾ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪਰਗਟ ਸਿੰਘ, ਵਿਧਾਇਕ ਸੁਖਪਾਲ ਸਿੰਘ ਖਹਿਰਾ,ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਸਪੀਕਰ ਰਾਣਾ ਕੇ ਪੀ ਸਿੰਘ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਗੂ, ਬਰਿੰਦਰਮੀਤ ਸਿੰਘ ਪਾਹੜਾ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਆਦਿ ਹਾਜ਼ਰ ਸਨ।

No comments:
Post a Comment