Sunday, September 6, 2026

 ਸਤਯੁਗੀ ਉੱਦਮ 
 ਵਿਧਾਇਕ ਨੇ ਫੜੀ ਹੋਣਹਾਰ ਧੀਆਂ-ਪੁੱਤਾਂ ਦੀ ਬਾਂਹ
ਚਰਨਜੀਤ ਭੁੱਲਰ    

ਚੰਡੀਗੜ੍ਹ  : ਮੁਹਾਲੀ ਤੋਂ ‘ਆਪ’ ਵਿਧਾਇਕ ਕੁਲਵੰਤ ਸਿੰਘ ਗ਼ਰੀਬ ਮਾਪਿਆਂ ਦੇ ਤਿੰਨ ਹੋਣਹਾਰ ਧੀਆਂ-ਪੁੱਤਾਂ ਦੀ ਡਾਕਟਰੀ ਦੀ ਪੜਾਈ ਦਾ ਸਮੁੱਚਾ ਖਰਚਾ ਚੁੱਕਣਗੇ ਜਿਨ੍ਹਾਂ ਨੇ ਹਾਲ ’ਚ ਹੀ ਪ੍ਰਤੀਯੋਗੀ ਪ੍ਰੀਖਿਆ (ਨੀਟ) ’ਚ ਕਾਮਯਾਬੀ ਹਾਸਲ ਕੀਤੀ ਹੈ। ਵਿਧਾਇਕ ਕੁਲਵੰਤ ਸਿੰਘ ਨੇ ਅੱਜ ਇਨ੍ਹਾਂ ਤਿੰਨ ਬੱਚਿਆਂ ਦੀ ਪੰਜ ਸਾਲ ਦੀ ਮੈਡੀਕਲ ਦੀ ਪੜਾਈ ਅਤੇ ਹੋਸਟਲ ਫ਼ੀਸ ਆਦਿ ਸਮੇਤ ਸਮੁੱਚਾ ਖਰਚਾ ਚੁੱਕਣ ਦੇ ਫ਼ੈਸਲੇ ਤੋਂ ਜਾਣੂ ਕਰਾਇਆ ਹੈ। ਜਦੋਂ ਇਨ੍ਹਾਂ ਬੱਚਿਆਂ ਤੱਕ ਇਹ ਖ਼ਬਰ ਪੁੱਜੀ ਤਾਂ ਉਨ੍ਹਾਂ ਲਈ ਇਹ ਉਮੀਦ ਇੱਕ ਨਵੀਂ ਸਵੇਰ ਵਾਂਗ ਸੀ। 

      ਪੰਜਾਬੀ ਟ੍ਰਿਬਿਊਨ ਵੱਲੋਂ ਪਹਿਲੀ ਸਤੰਬਰ ਨੂੰ ‘ਫ਼ੀਸ ਅੱਗੇ ਢਹਿ-ਢੇਰੀ ਹੋਏ ਸੁਪਨੇ’ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਸੀ ਜਿਸ ਮਗਰੋਂ ਕਰੀਬ ਦੋ ਦਰਜਨ ਦਾਨੀ ਸੱਜਣਾਂ ਨੇ ਪਹਿਲਾਂ ਹੀ ਲੋੜਵੰਦ ਬੱਚਿਆਂ ਦੀ ਪਿੱਠ ’ਤੇ ਆ ਗਏ ਸਨ ਜਿਸ ਨਾਲ ਇਹ ਬੱਚੇ ਆਪਣੀ ਮੁੱਢਲੀ ਦਾਖਲਾ ਫ਼ੀਸ ਆਦਿ ਭਰਨ ’ਚ ਸਫਲ ਹੋਏ ਹਨ। ਅੱਜ ਵਿਧਾਇਕ ਕੁਲਵੰਤ ਸਿੰਘ ਨੇ ਖ਼ੁਦ ਪੰਜਾਬੀ ਟ੍ਰਿਬਿਊਨ ਨਾਲ ਸੰਪਰਕ ਕਰਕੇ ਆਪਣੇ ਉਪਰੋਕਤ ਫ਼ੈਸਲੇ ਤੋਂ ਜਾਣੂ ਕਰਾਇਆ।

       ਉਨ੍ਹਾਂ ਵੱਡਾ ਤੇ ਭਾਵੁਕ ਦਿਲ ਦਿਖਾਉਂਦੇ ਹੋਏ ਕਿਹਾ ਕਿ ਇਹ ਹੋਣਹਾਰ ਨੌਜਵਾਨ ਸਮਾਜ ਦਾ ਸਰਮਾਇਆ ਹਨ ਤੇ ਪੰਜਾਬ ਦਾ ਭਵਿੱਖ ਵੀ ਹਨ। ਅਜਿਹੇ ਮਿਹਨਤੀ ਤੇ ਸਿਰੜੀ ਬੱਚਿਆਂ ਦਾ ਡਾਕਟਰੀ ਵਰਗੇ ਪਵਿੱਤਰ ਕਿੱਤੇ ’ਚ ਆਉਣਾ ਸ਼ੁਭ ਸ਼ਗਨ ਹੈ। ਉਹ ਇਨ੍ਹਾਂ ਤਿੰਨ ਬੱਚਿਆਂ ਦੀ ਪੰਜ ਵਰ੍ਹਿਆਂ ਦੀ ਮੈਡੀਕਲ ਪੜਾਈ ਦਾ ਕਰੀਬ 30.5 ਲੱਖ ਰੁਪਏ ਦਾ ਖਰਚਾ ਤਾਰਨਗੇ ਅਤੇ ਹਰ ਸਮੈਸਟਰ ’ਤੇ ਬਣਦੀ ਫ਼ੀਸ ਤੇ ਹੋਰ ਖਰਚਾ ਇਨ੍ਹਾਂ ਬੱਚਿਆ ਦੇ ਬੈਂਕ ਖਾਤੇ ’ਚ ਪਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ’ਚ ਵੀ ਕਿਸੇ ਹੀਰੇ ਦੀ ਚਮਕ ਨੂੰ ਫਿੱਕੀ ਨਹੀਂ ਪੈਣ ਦਿਆਂਗੇ। 

        ਇਹ ਤਿੰਨੋਂ ਵਿਦਿਆਰਥੀ ਮੈਰੀਟੋਰੀਅਸ ਸਕੂਲਾਂ ’ਚ ਪੜ੍ਹੇ ਹਨ ਅਤੇ ਅਧਿਆਪਕ ਮਨਜੀਤ ਸਿੰਘ ਇਨ੍ਹਾਂ ਤਿੰਨੋਂ ਵਿਦਿਆਰਥੀਆਂ ਦੇ ਖ਼ਰਚੇ ਦੇ ਵੇਰਵੇ ਸਾਂਝੇ ਕੀਤੇ ਹਨ। ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦੇ ਮਹਿਕਦੀਪ ਸਿੰਘ ਦਾ ਗਿਆਨ ਸਾਗਰ ਮੈਡੀਕਲ ਕਾਲਜ ’ਚ ਦਾਖਲਾ ਹੋ ਗਿਆ ਹੈ। ਇਸ ਵਿਦਿਆਰਥੀ ਦੀ ਹੋਸਟਲ ਤੇ ਹੋਰ ਫ਼ੀਸ ਆਦਿ ਦਾ ਖਰਚਾ ਕਰੀਬ 32 ਲੱਖ ਰੁਪਏ ਬਣਦਾ ਹੈ। ਦਲਿਤ ਭਾਈਚਾਰੇ ਨਾਲ ਸਬੰਧਿਤ ਹੋਣ ਕਰਕੇ ਇਸ ਵਿਦਿਆਰਥੀ ਨੂੰ 11 ਲੱਖ ਰੁਪਏ ਸਕਾਲਰਸ਼ਿਪ ਮਿਲਣੀ ਹੈ ਤੇ ਉਸ ਨੇ 7.5 ਲੱਖ ਰੁਪਏ ਦਾ ਲੋਨ ਲੈਣਾ ਹੈ। 

       ਹੁਣ ਬਾਕੀ 13.5 ਲੱਖ ਦਾ ਖਰਚਾ ਵਿਧਾਇਕ ਕੁਲਵੰਤ ਸਿੰਘ ਤਾਰਨਗੇ। ਦੱਸਣਯੋਗ ਹੈ ਕਿ ਇਸ ਬੱਚੇ ਦੇ ਮਾਪਿਆਂ ਨੂੰ ਫ਼ੀਸ ਦੇ ਇੰਤਜ਼ਾਮ ’ਚ ਆਪਣੀ ਗਾਂ ਵੇਚਣੀ ਪਈ ਸੀ। ਇਸੇ ਤਰ੍ਹਾਂ ਮਲੋਟ ਦੇ ਅਮਨ ਸਿੰਘ ਦਾ ਫ਼ਰੀਦਕੋਟ ਦੇ ਮੈਡੀਕਲ ਕਾਲਜ ’ਚ ਦਾਖਲਾ ਹੋਇਆ ਹੈ। ਇਹ ਵਿਦਿਆਰਥੀ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਹੈ ਜਿਸ ਦੀ ਫ਼ੀਸ ਅਤੇ ਹੋਸਟਲ ਦਾ ਕਰੀਬ 14 ਲੱਖ ਰੁਪਏ ਦਾ ਖਰਚਾ ਹੈ ਜੋ ਹੁਣ ਵਿਧਾਇਕ ਤਰਫ਼ੋਂ ਤਾਰਿਆ ਜਾਵੇਗਾ। ਅਮਨ ਸਿੰਘ ਦਾ ਪਿਤਾ ਲੋਹੇ ਦੀ ਫ਼ੈਕਟਰੀ ’ਚ ਮਜ਼ਦੂਰੀ ਕਰਦਾ ਹੈ। ਪਿੰਡ ਹੌਜ ਗੰਧੜ (ਫ਼ਾਜ਼ਿਲਕਾ) ਦੀ ਸੁਮਨਦੀਪ ਕੌਰ ਦਲਿਤ ਵਰਗ ਨਾਲ ਸਬੰਧਿਤ ਹੋਣ ਕਰਕੇ ਇਸ ਨੂੰ ਸਕਾਲਰਸ਼ਿਪ ਮਿਲੇਗੀ ਅਤੇ ਤਿੰਨ ਲੱਖ ਰੁਪਏ ਹੋਸਟਲ ਫ਼ੀਸ ਵਿਧਾਇਕ ਵੱਲੋਂ ਭਰੀ ਜਾਵੇਗੀ। 

       ਸੁਮਨਦੀਪ ਕੌਰ ਫ਼ਰੀਦਕੋਟ ਦੇ ਮੈਡੀਕਲ ਕਾਲਜ ’ਚ ਆਪਣੀ ਦਾਖਲਾ ਫ਼ੀਸ ਭਰ ਚੁੱਕੀ ਹੈ। ਇਨ੍ਹਾਂ ਬੱਚਿਆਂ ਦੇ ਮਾਪਿਆਂ ਨੇ ਅੱਜ ਵਿਧਾਇਕ ਕੁਲਵੰਤ ਸਿੰਘ ਦਾ ਉਚੇਚਾ ਧੰਨਵਾਦ ਕਰਦਿਆਂ ਕਿਹਾ ਕਿ ਵਿਧਾਇਕ ਦੇ ਇਹ  ਕਦਮ ਉਨ੍ਹਾਂ ਦੇ ਬੱਚਿਆਂ ਦੀ ਡਾਕਟਰੀ ਦਾ ਜਰੀਆ ਬਣੇ ਹਨ। ਮਾਪਿਆਂ ਦੇ ਅੱਜ ਖ਼ੁਸ਼ੀ ਤੇ ਸ਼ੁਕਰਾਨੇ ’ਚ ਹੱਥ ਉੱਠੇ। ਇਨ੍ਹਾਂ ਬੱਚਿਆਂ ਦਾ ਡਾਕਟਰ ਬਣਨ ਦਾ ਸੁਪਨਾ ਹੁਣ ਪੂਰਾ ਹੋਣ ਲੱਗਿਆ ਹੈ ਅਤੇ ਸੁਪਨਿਆਂ ਨੂੰ ਨਵੀਂ ਉਡਾਣ ਮਿਲੀ ਹੈ।


No comments:

Post a Comment