Monday, January 26, 2026

ਮੁਕੱਦਰ ਦੇ ਸਿਕੰਦਰ
ਇੱਕਾ-ਦੁੱਕਾ ਅਸਾਮੀ ਨੂੰ ਨਹੀਂ ਗੌਲਦੇ ਪੰਜਾਬੀ
 ਚਰਨਜੀਤ ਭੁੱਲਰ  

ਚੰਡੀਗੜ੍ਹ : ਪੰਜਾਬ ’ਚ ਬੇਰੁਜ਼ਗਾਰੀ ਕੋਈ ਘੱਟ ਨਹੀਂ ਹੈ, ਫਿਰ ਵੀ ਨੌਜਵਾਨ ਇੱਕਾ-ਦੁੱਕਾ ਅਸਾਮੀ ਲਈ ਦਿਲਚਸਪੀ ਨਹੀਂ ਦਿਖਾਉਂਦੇ। ਜਿਹੜੇ ਅਪਲਾਈ ਕਰਦੇ ਹਨ, ਉਹ ਮੁਕੱਦਰ ਦੇ ਸਿਕੰਦਰ ਬਣਦੇ ਹਨ। ਅਧੀਨ ਸੇਵਾਵਾਂ ਚੋਣ ਬੋਰਡ ਜਦੋਂ ਇੱਕ-ਇੱਕ ਜਾਂ ਦੋ-ਦੋ ਅਸਾਮੀਆਂ ਲਈ ਇਸ਼ਤਿਹਾਰ ਦਿੰਦਾ ਹੈ ਤਾਂ ਬਹੁਤੇ ਪੰਜਾਬੀ ਨੌਜਵਾਨ ਅਪਲਾਈ ਹੀ ਨਹੀਂ ਕਰਦੇ। ਅਧੀਨ ਸੇਵਾਵਾਂ ਚੋਣ ਬੋਰਡ ਨੇ ਪਿਛਲੇ ਦਿਨੀਂ ਵੱਖ-ਵੱਖ ਵਿਭਾਗਾਂ ’ਚ ਸੱਤ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ। ਸਿਰਫ਼ 193 ਉਮੀਦਵਾਰਾਂ ਨੇ ਹੀ ਅਪਲਾਈ ਕੀਤਾ। ਅਧੀਨ ਸੇਵਾਵਾਂ ਚੋਣ ਬੋਰਡ ਨੇ ਜਦੋਂ ਲੰਘੀ 17 ਜਨਵਰੀ ਨੂੰ ਲਿਖਤੀ ਪ੍ਰੀਖਿਆ ਲਈ ਤਾਂ ਇਨ੍ਹਾਂ 193 ਉਮੀਦਵਾਰਾਂ ’ਚੋਂ ਸਿਰਫ਼ 30 ਉਮੀਦਵਾਰ ਹੀ ਪ੍ਰੀਖਿਆ ’ਚ ਬੈਠੇ। ਇਹ ਪੱਕੀ ਭਰਤੀ ਹੈ, ਫਿਰ ਵੀ ਉਮੀਦਵਾਰ ਘੱਟ ਅਸਾਮੀਆਂ ਹੋਣ ਕਰ ਕੇ ਪਾਸਾ ਵੱਟ ਰਹੇ ਹਨ। ਪੰਜਾਬ ਭਵਨ ਨਵੀਂ ਦਿੱਲੀ ਲਈ ਚਾਰ ਅਸਾਮੀਆਂ ਭਰੀਆਂ ਜਾਣੀਆਂ ਸਨ। 

       ਵਰਕ ਮਿਸਤਰੀ ਦੀ ਇੱਕ ਪੱਕੀ ਅਸਾਮੀ ਲਈ ਸਿਰਫ਼ ਤਿੰਨ ਉਮੀਦਵਾਰਾਂ ਨੇ ਹੀ ਅਪਲਾਈ ਕੀਤਾ ਤੇ ਲਿਖਤੀ ਪ੍ਰੀਖਿਆ ਦੇਣ ਸਿਰਫ਼ ਇੱਕ ਉਮੀਦਵਾਰ ਪੁੱਜਿਆ। ਇਕਲੌਤੇ ਉਮੀਦਵਾਰ ਦਾ ਸਫਲ ਹੋਣਾ ਤੈਅ ਹੈ। ਮੱਛੀ ਪਾਲਣ ਵਿਭਾਗ ’ਚ ਲੈਬਾਰਟਰੀ ਸਹਾਇਕ ਦੀ ਇੱਕ ਅਸਾਮੀ ਲਈ 62 ਉਮੀਦਵਾਰਾਂ ਨੇ ਅਪਲਾਈ ਕੀਤਾ ਅਤੇ ਲਿਖਤੀ ਪ੍ਰੀਖਿਆ ’ਚ ਸਿਰਫ਼ ਤਿੰਨ ਉਮੀਦਵਾਰ ਹੀ ਬੈਠੇ। ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ ਦੋ ਲੇਖਾਕਾਰ ਭਰਤੀ ਕਰਨੇ ਹਨ ਜਿਨ੍ਹਾਂ ਵਾਸਤੇ 52 ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ’ਚ ਸਿਰਫ਼ 12 ਉਮੀਦਵਾਰ ਹੀ ਬੈਠੇ। ਪੰਜਾਬ ਸਰਕਾਰ ਦੇ ਰੁਜ਼ਗਾਰ ਉਤਪਤੀ ਵਿਭਾਗ ਦੀ ਵੈੱਬਸਾਈਟ ’ਤੇ ਪੰਜਾਬ ’ਚ ਰੁਜ਼ਗਾਰ ਮੰਗਣ ਵਾਲਿਆਂ ਦਾ ਅੰਕੜਾ 22.45 ਲੱਖ ਹੈ। ਜਦੋਂ ਲੱਖਾਂ ਨੌਜਵਾਨ ਬੇਰੁਜ਼ਗਾਰ ਹਨ ਤਾਂ ਉਹ ਇੱਕਾ-ਦੁੱਕਾ ਅਸਾਮੀਆਂ ’ਤੇ ਅਪਲਾਈ ਕਰਨ ਤੋਂ ਪਾਸਾ ਕਿਉਂ ਵੱਟ ਰਹੇ ਹਨ।

      ਸਾਬਕਾ ਪੀ ਸੀ ਐੱਸ ਅਧਿਕਾਰੀ ਗੋਪਾਲ ਸਿੰਘ ਕੋਟਫੱਤਾ ਆਖਦੇ ਹਨ ਕਿ ਅਸਲ ’ਚ ਉਮੀਦਵਾਰ ਘੱਟ ਆਸਾਮੀਆਂ ਹੋਣ ਦੀ ਸੂਰਤ ’ਚ ਮਾਨਸਿਕ ਤੌਰ ’ਤੇ ਇਹ ਮੰਨ ਬੈਠਦੇ ਹਨ ਕਿ ਉਨ੍ਹਾਂ ਦਾ ਨੰਬਰ ਨਹੀਂ ਆ ਸਕੇਗਾ ਜਿਸ ਕਰ ਕੇ ਉਮੀਦਵਾਰਾਂ ਦੀ ਗਿਣਤੀ ਘੱਟ ਰਹਿ ਜਾਂਦੀ ਹੈ। ਪੰਜਾਬ ਭਵਨ ਨਵੀਂ ਦਿੱਲੀ ’ਚ ਇੱਕ ਕਲਰਕ ਰੱਖਿਆ ਜਾਣਾ ਹੈ ਜਿਸ ਵਾਸਤੇ 45 ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ਦੇਣ ਲਈ ਸਿਰਫ਼ ਸੱਤ ਉਮੀਦਵਾਰ ਹੀ ਪੁੱਜੇ। ਇਸ ਤੋਂ ਇਲਾਵਾ ਅਧੀਨ ਸੇਵਾਵਾਂ ਚੋਣ ਬੋਰਡ ਨੇ 18 ਜਨਵਰੀ ਨੂੰ ਤਿੰਨ ਵਿਭਾਗਾਂ ਦੀਆਂ 56 ਅਸਾਮੀਆਂ ਲਈ ਲਿਖਤੀ ਪ੍ਰੀਖਿਆ ਲਈ ਹੈ। ਇਨ੍ਹਾਂ ਅਸਾਮੀਆਂ ਲਈ 19 ਹਜ਼ਾਰ ਉਮੀਦਵਾਰਾਂ ਨੇ ਅਪਲਾਈ ਕੀਤਾ ਪਰ ਲਿਖਤੀ ਪ੍ਰੀਖਿਆ ਦੇਣ ਵਾਸਤੇ ਸਿਰਫ਼ 7500 ਉਮੀਦਵਾਰ ਹੀ ਪੁੱਜੇ। ਕਰੀਬ 60 ਫ਼ੀਸਦੀ ਉਮੀਦਵਾਰਾਂ ਨੇ ਪ੍ਰੀਖਿਆ ਦੇਣ ਤੋਂ ਹੀ ਪਾਸਾ ਵੱਟ ਲਿਆ।

       ਜੇਲ੍ਹ ਵਿਭਾਗ ’ਚ 29 ਸਹਾਇਕ ਸੁਪਰਡੈਂਟ, ਪੰਜਾਬ ਭਵਨ ਨਵੀਂ ਦਿੱਲੀ ’ਚ 9 ਟੈਲੀਫ਼ੋਨ ਅਪਰੇਟਰ ਅਤੇ ਰੱਖਿਆ ਭਲਾਈ ਵਿਭਾਗ ’ਚ 18 ਕਲਰਕ ਰੱਖਣੇ ਸਨ ਪਰ ਲਿਖਤੀ ਪ੍ਰੀਖਿਆ ’ਚ ਹੀ 60 ਫ਼ੀਸਦੀ ਉਮੀਦਵਾਰ ਗ਼ੈਰ-ਹਾਜ਼ਰ ਹੋ ਗਏ। ਦੂਜੇ ਪਾਸੇ, ਅਦਾਲਤਾਂ ’ਚ ਦਰਜਾ ਚਾਰ ਅਸਾਮੀਆਂ ਦੀ ਭਰਤੀ ਸਮੇਂ ਉੱਚ ਯੋਗਤਾ ਪ੍ਰਾਪਤ ਉਮੀਦਵਾਰਾਂ ਦਾ ਹੜ੍ਹ ਆ ਜਾਂਦਾ ਹੈ।

No comments:

Post a Comment