ਜਵਾਨੀ ‘ਲਾਪਤਾ’ ਕਰੀਬ 12 ਹਜ਼ਾਰ ਯੂਥ ਕਲੱਬ ‘ਡੈੱਡ’ਚਰਨਜੀਤ ਭੁੱਲਰ
ਚੰਡੀਗੜ੍ਹ : ਪੰਜਾਬ ’ਚ ਕਰੀਬ 12 ਹਜ਼ਾਰ ਯੂਥ ਕਲੱਬ ‘ਡੈੱਡ’ ਹੋ ਗਏ ਹਨ ਜਿਨ੍ਹਾਂ ਨੂੰ ਹੁਣ ਰੱਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਯੁਵਕ ਸੇਵਾਵਾਂ ਵਿਭਾਗ ਪੰਜਾਬ ਨੇ ‘ਯੂਥ ਕਲੱਬ ਐਫੀਲੀਏਸ਼ਨ ਨੀਤੀ-2025’ ਤਹਿਤ ਯੂਥ ਕਲੱਬਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਹੈ ਜਿਸ ਦੇ ਅਧਾਰ ’ਤੇ ਇਨ੍ਹਾਂ ਕਲੱਬਾਂ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ। ਯੁਵਕ ਸੇਵਾਵਾਂ ਵਿਭਾਗ ਨੇ ਯੂਥ ਕਲੱਬਾਂ ਨੂੰ ਹੁਣ ਨੋਟਿਸ ਜਾਰੀ ਕੀਤਾ ਹੈ ਕਿ ਉਹ ਸਾਲ 2023-24 ਤੋਂ 2025-26 ਦੇ ਤਿੰਨ ਵਰ੍ਹਿਆਂ ਦੀ ਕਾਰਗੁਜ਼ਾਰੀ ਦੇ ਸਬੂਤ ਪੇਸ਼ ਕਰਨ। ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ’ਚ ਬਹੁਤਾ ਅਰਸਾ ਨਹੀਂ ਬਚਿਆ ਅਤੇ ‘ਆਪ’ ਸਰਕਾਰ ਨੇ ਪਿੰਡਾਂ ’ਚ ਨਵੇਂ ਯੂਥ ਕਲੱਬ ਖੜ੍ਹੇ ਕਰਨ ਦੀ ਤਿਆਰੀ ਵਿੱਢੀ ਹੋਈ ਹੈ। ਸੂਬੇ ’ਚ ਇਸ ਵੇਲੇ ਯੁਵਕ ਸੇਵਾਵਾਂ ਵਿਭਾਗ ਨਾਲ 13,424 ਯੂਥ ਕਲੱਬ ਜੁੜੇ ਹੋਏ ਹਨ ਜਿਨ੍ਹਾਂ ਚੋਂ ਕਰੀਬ 90 ਫ਼ੀਸਦੀ ਗੈਰ ਸਰਗਰਮ ਹਨ ਅਤੇ ਇਨ੍ਹਾਂ ਦੀ ਕੋਈ ਗਤੀਵਿਧੀ ਨਹੀਂ ਹੈ। ਸੂਤਰਾਂ ਅਨੁਸਾਰ ਗੈਰ ਸਰਗਰਮ ਯੂਥ ਕਲੱਬਾਂ ਨੂੰ ਰੱਦ ਕੀਤਾ ਜਾਣਾ ਹੈ ਅਤੇ ਨਵੇਂ ਕਲੱਬਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਣੀ ਹੈ।
ਪੰਜਾਬ ’ਚ ਪਿਛਲੇ ਲੰਮੇ ਸਮੇਂ ਤੋਂ ਯੂਥ ਕਲੱਬਾਂ ’ਤੇ ਸਿਆਸੀ ਰੰਗ ਚੜ੍ਹਨਾ ਸ਼ੁਰੂ ਹੋਇਆ ਹੈ। ਸਿਆਸੀ ਤੁਅੱਲਕ ਵਾਲੇ ਕਲੱਬਾਂ ਨੂੰ ਹੀ ਥਾਪੜਾ ਮਿਲਦਾ ਰਿਹਾ। ਸਾਲ 1997 ਤੋਂ ਪਹਿਲਾਂ ਯੂਥ ਕਲੱਬ ਸਿਆਸਤ ਤੋਂ ਨਿਰਲੇਪ ਹੁੰਦੇ ਸਨ। ਉਸ ਮਗਰੋਂ ਕੰਮ ਕਰਨ ਵਾਲੇ ਕਲੱਬਾਂ ਦਾ ਮੁੱਲ ਪੈਣਾ ਬੰਦ ਹੋ ਗਿਆ ਅਤੇ ਹਰ ਹਕੂਮਤ ਨੇ ਆਪਣੇ ਨਵੇਂ ਕਲੱਬ ਖੜ੍ਹੇ ਕਰ ਲਏ। ਪੰਜਾਬ ’ਚ ਸਾਲ 2007-2008 ’ਚ ਕਰੀਬ 4796 ਯੂਥ ਕਲੱਬ ਸਨ ਜਿਨ੍ਹਾਂ ਦਾ ਅੰਕੜਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 10,852 ਹੋ ਗਿਆ ਸੀ। ਅਕਾਲੀ ਭਾਜਪਾ ਸਰਕਾਰ ਨੇ ਸਾਲ 2016 ਦੇ ਇੱਕੋ ਵਰ੍ਹੇ ’ਚ ਕਰੀਬ 3861 ਕਲੱਬ ਨਵੇਂ ਬਣਾਏ ਸਨ। ਇਸ ਵੇਲੇ ਫ਼ਾਜ਼ਿਲਕਾ ਅਤੇ ਫ਼ਿਰੋਜ਼ਪੁਰ ਜ਼ਿਲ੍ਹੇ ’ਚ ਸਮੁੱਚੇ ਪੰਜਾਬ ਦੇ 19 ਫ਼ੀਸਦੀ ਕਲੱਬ ਹਨ। ਸ਼੍ਰੋਮਣੀ ਅਕਾਲੀ ਦਲ ਦੀ ਹਕੂਮਤ ਸਮੇਂ ਇਕੱਲੇ ਜਲਾਲਾਬਾਦ ਹਲਕੇ ’ਚ 646 ਯੂਥ ਕਲੱਬ ਬਣਾਏ ਗਏ ਸਨ। ਫ਼ਰੀਦਕੋਟ ਛੋਟਾ ਜ਼ਿਲ੍ਹਾ ਹੈ ਪ੍ਰੰਤੂ ਇਸ ਜ਼ਿਲ੍ਹੇ ’ਚ 614 ਕਲੱਬ ਹਨ ਜਦੋਂ ਕਿ ਸੰਗਰੂਰ ਜ਼ਿਲ੍ਹੇ ’ਚ 513 ਕਲੱਬ ਹਨ। ਨਹਿਰੂ ਯੁਵਾ ਕੇਂਦਰ ਨਾਲ ਜੁੜੇ ਕਲੱਬਾਂ ਦਾ ਅੰਕੜਾ ਵੱਖਰਾ ਹੈ।
ਅਮਰਿੰਦਰ ਸਰਕਾਰ ਸਮੇਂ ਯੂਥ ਕਲੱਬਾਂ ਲਈ ਬਹੁਤੇ ਫ਼ੰਡ ਜਾਰੀ ਨਹੀਂ ਹੋਏ ਸਨ ਅਤੇ ਸਰਕਾਰਾਂ ਨੇ ਯੂਥ ਕਲੱਬਾਂ ਨੂੰ ਸਿਰਫ਼ ਖੇਡ ਕਿੱਟਾਂ ਤੱਕ ਹੀ ਸੀਮਿਤ ਰੱਖਿਆ। ਸਾਲ 2016-17 ਤੋਂ ਪੰਜਾਬ ਦੀ ਜਵਾਨੀ ਨੇ ਸਟੱਡੀ ਵੀਜ਼ੇ ’ਤੇ ਵਿਦੇਸ਼ ਵੱਲ ਮੂੰਹ ਕਰ ਲਏ। ਯੂਥ ਕਲੱਬ ਲਈ ਸਮੇਤ ਅਹੁਦੇਦਾਰਾਂ ਦੇ 21 ਮੈਂਬਰ ਹੋਣੇ ਲਾਜ਼ਮੀ ਹਨ ਜਿਨ੍ਹਾਂ ਦੀ ਉਮਰ 15 ਤੋਂ 35 ਸਾਲ ਦੇ ਹੋਣੀ ਚਾਹੀਦੀ ਹੈ। ਹੁਣ ਪਿੰਡਾਂ ’ਚ ਕਲੱਬਾਂ ਲਈ ਜਵਾਨੀ ਹੀ ਨਹੀਂ ਲੱਭਦੀ ਹੈ। ਯੁਵਕ ਸੇਵਾਵਾਂ ਵਿਭਾਗ ਨੇ ਸਾਲ 2024-25 ’ਚ ਯੂਥ ਕਲੱਬਾਂ ਨੂੰ ਕਰੀਬ ਡੇਢ ਕਰੋੜ ਦੇ ਫ਼ੰਡ ਭੇਜੇ ਸਨ ਪ੍ਰੰਤੂ ਕਲੱਬਾਂ ਦੇ ‘ਡੈੱਡ’ਹੋ ਕਰਕੇ ਕਰੀਬ 45 ਲੱਖ ਦੇ ਫ਼ੰਡ ਵਾਪਸ ਮੁੜ ਆਏ ਸਨ। ਜ਼ਿਲ੍ਹਾ ਗੁਰਦਾਸਪੁਰ, ਮੁਹਾਲੀ ,ਅੰਮ੍ਰਿਤਸਰ,ਪਠਾਨਕੋਟ, ਮਲੇਰਕੋਟਲਾ ਅਤੇ ਫ਼ਤਿਹਗੜ੍ਹ ਸਾਹਿਬ ’ਚ ਫ਼ੰਡ ਲੈਣ ਵਾਲੇ ਕਲੱਬ ਨਹੀਂ ਸਨ। ਕੌਮੀ ਐਵਾਰਡ ਜੇਤੂ ਸਰਬਜੀਤ ਸਿੰਘ ਜੇਠੂਕੇ ਆਖਦੇ ਹਨ ਕਿ ਅਸਲ ’ਚ ਸਿਆਸੀ ਧਿਰਾਂ ਨੇ ਕਲੱਬਾਂ ਨੂੰ ਰਾਜਸੀ ਮਕਸਦਾਂ ਲਈ ਵਰਤਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਨਿਰਪੱਖ ਤੇ ਸਮਾਜਿਕ ਕੰਮ ਕਰਨ ਵਾਲੀ ਜਵਾਨੀ ਨੇ ਪਾਸਾ ਵੱਟਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਨੂੰ ਸਿਆਸਤ ਤੋਂ ਦੂਰ ਰੱਖਣ ਦੀ ਲੋੜ ਹੈ। ਪਤਾ ਲੱਗਿਆ ਹੈ ਕਿ ਯੂਥ ਕਲੱਬਾਂ ਦੇ ਬਹੁਤੇ ਅਹੁਦੇਦਾਰਾਂ ਉਮਰ ਹੱਦ ਵੀ ਲੰਘਾ ਚੁੱਕੇ ਹਨ। ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਵੱਲੋਂ ਪਿੰਡਾਂ ’ਚ ਨਵੇਂ ਕਲੱਬ ਬਣਾਏ ਜਾਣਗੇ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਛੇੜੀ ਹੋਈ ਹੈ ਅਤੇ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਯੂਥ ਕਲੱਬਾਂ ਮੋਹਰੀ ਭੂਮਿਕਾ ਨਿਭਾ ਸਕਦੀਆਂ ਹਨ ਪ੍ਰੰਤੂ ਇਨ੍ਹਾਂ ਕਲੱਬਾਂ ਨੂੰ ਸਿਆਸੀ ਰੰਗ ਤੋਂ ਬਚਾਏ ਜਾਣ ਦੀ ਲੋੜ ਹੈ। ਫ਼ੀਲਡ ਅਧਿਕਾਰੀ ਦੱਸਦੇ ਹਨ ਕਿ ਦੁਆਬੇ ’ਚ ਤਾਂ ਪਹਿਲਾਂ ਹੀ ਯੂਥ ਕਲੱਬਾਂ ਲਈ ਮੁੰਡੇ ਨਹੀਂ ਲੱਭਦੇ ਸਨ ਅਤੇ ਹੁਣ ਮਾਮਲੇ ’ਚ ਵੀ ਨੌਜਵਾਨ ਨਹੀਂ ਮਿਲ ਰਹੇ ਹਨ ਜੋ ਕਲੱਬਾਂ ’ਚ ਰੁਚੀ ਰੱਖਦੇ ਹੋਣ। ਪੱਖ ਜਾਣਨ ਲਈ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੂੰ ਫ਼ੋਨ ਕੀਤਾ ਪ੍ਰੰਤੂ ਉਨ੍ਹਾਂ ਫ਼ੋਨ ਨਹੀਂ ਚੁੱਕਿਆ।
ਸਭ ਤੋਂ ਵੱਧ ਕਲੱਬਾਂ ਵਾਲੇ ਜ਼ਿਲ੍ਹੇ
ਜ਼ਿਲ੍ਹੇ ਦਾ ਨਾਮ ਕਲੱਬਾਂ ਦੀ ਗਿਣਤੀ
ਫ਼ਿਰੋਜ਼ਪੁਰ 1259
ਫ਼ਾਜ਼ਿਲਕਾ 1257
ਜਲੰਧਰ 1087
ਹੁਸ਼ਿਆਰਪੁਰ 1016
ਅੰਮ੍ਰਿਤਸਰ 969
ਲੁਧਿਆਣਾ 966
ਗੁਰਦਾਸਪੁਰ 951
ਫ਼ਰੀਦਕੋਟ 614

No comments:
Post a Comment