ਅਫ਼ਸਰਾਂ ਦੀ ਮੌਜ ਨਾਲੇ ਪੁੰਨ, ਨਾਲੇ ਫਲੀਆਂ..! ਚਰਨਜੀਤ ਭੁੱਲਰ
ਚੰਡੀਗੜ੍ਹ :ਜਦੋਂ ਭਾਜਪਾ ਆਗੂ ਸੋਮ ਪ੍ਰਕਾਸ਼ ਅਫ਼ਸਰੀ ਤੋਂ ਸੇਵਾ ਮੁਕਤ ਹੋਏ ਤਾਂ ਫ਼ੌਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਜਦ ਵਿਧਾਇਕੀ ਦੀ ਕੁਰਸੀ ਤੋਂ ਲਾਂਭੇ ਹੋਏ ਤਾਂ ਦੂਜੀ ਪੈਨਸ਼ਨ ਮਿਲਣੀ ਸ਼ੁਰੂ ਹੋ ਗਈ। ਤੀਜੀ ਪੈਨਸ਼ਨ ਦਾ ਖਾਤਾ ਉਦੋਂ ਸ਼ੁਰੂ ਹੋਇਆ ਜਦੋਂ ਉਨ੍ਹਾਂ ਕੇਂਦਰੀ ਮੰਤਰੀ ਵਾਲੀ ਕੁਰਸੀ ਹੰਢਾਈ। ਆਈਏਐੱਸ ਅਧਿਕਾਰੀ ਸੋਮ ਪ੍ਰਕਾਸ਼ ਨੇ ਨੌਕਰੀ ਤੋਂ ਸੇਵਾ ਮੁਕਤੀ ਮਗਰੋਂ ਸਿਆਸਤ ’ਚ ਪੈਰ ਪਾ ਲਏ। ਨੌਕਰੀ ਤੇ ਸਿਆਸਤ ਦੇ ਫਲ਼ ਵਜੋਂ ਹੁਣ ਉਹ ਤਿੰਨ ਪੈਨਸ਼ਨਾਂ ਲੈ ਰਹੇ ਹਨ। ਉੱਚ ਅਫ਼ਸਰਾਂ ਲਈ ਸਿਆਸਤ ਕਿਸੇ ਲਾਹੇਵੰਦ ਧੰਦੇ ਤੋਂ ਘੱਟ ਨਹੀਂ। ਅਫ਼ਸਰ ਚੋਣਾਂ ਜਿੱਤਦੇ ਹਨ ਤਾਂ ਤਨਖ਼ਾਹਾਂ-ਭੱਤੇ ਮਿਲਦੇ ਹਨ, ਜਦੋਂ ਹਾਰਦੇ ਹਨ ਤਾਂ ਪੈਨਸ਼ਨਾਂ ਦੀ ਝੜੀ ਲੱਗਦੀ ਹੈ। ਕਾਂਗਰਸੀ ਆਗੂ ਕੁਲਦੀਪ ਸਿੰਘ ਵੈਦ ਹਲਕਾ ਗਿੱਲ ਤੋਂ 2017 ਵਿੱਚ ਵਿਧਾਇਕ ਬਣੇ। ਸਾਬਕਾ ਆਈਏਐੱਸ ਅਧਿਕਾਰੀ ਕੁਲਦੀਪ ਸਿੰਘ ਵੈਦ ਨੂੰ ਬਤੌਰ ਸਾਬਕਾ ਵਿਧਾਇਕ ਕਰੀਬ 85 ਹਜ਼ਾਰ ਅਤੇ ਸੇਵਾ ਮੁਕਤ ਅਧਿਕਾਰੀ ਵਜੋਂ ਵੀ ਕਰੀਬ ਏਨੀ ਰਾਸ਼ੀ ਹੀ ਬਤੌਰ ਪੈਨਸ਼ਨ ਮਿਲ ਰਹੀ ਹੈ।
ਕੁਲਦੀਪ ਸਿੰਘ ਵੈਦ ਮੋਗਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਹੇ ਅਤੇ ਲੁਧਿਆਣਾ ’ਚ ਵੀ ਅਹਿਮ ਅਹੁਦੇ ’ਤੇ ਤਾਇਨਾਤ ਰਹੇ। ਇਸੇ ਤਰ੍ਹਾਂ ਜਗਰਾਓ ਤੋਂ 2012 ’ਚ ਵਿਧਾਇਕ ਬਣੇ ਐੱਸ.ਆਰ.ਕਲੇਰ (ਸਾਬਕਾ ਪੀਸੀਐੱਸ ਅਧਿਕਾਰੀ) ਨੂੰ ਹੁਣ ਸਾਬਕਾ ਵਿਧਾਇਕੀ ਵਾਲੀ ਪੈਨਸ਼ਨ ਦੇ ਨਾਲ ਨਾਲ ਸੇਵਾ ਮੁਕਤ ਅਧਿਕਾਰੀ ਵਜੋਂ ਵੀ ਪੈਨਸ਼ਨ ਲੈ ਰਹੇ ਹਨ।ਸ਼੍ਰੋਮਣੀ ਅਕਾਲੀ ਦਲ ਤਰਫ਼ੋਂ ਸਾਬਕਾ ਵਿਧਾਇਕ ਕਲੇਰ ਨੇ ਮੁੜ ਚੋਣ ਲੜੀ ਤਾਂ ਹਾਰ ਗਏ। ਕਲੇਰ ਜ਼ਿਲ੍ਹਾ ਲੁਧਿਆਣਾ ’ਚ ਵਧੀਕ ਡਿਪਟੀ ਕਮਿਸ਼ਨਰ ਵਜੋਂ ਵੀ ਤਾਇਨਾਤ ਰਹੇ ਹਨ। ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਵੀ ਨੂੰ ਸਿਆਸਤ ਰਾਸ ਆਈ ਹੈ। ਅਜੈਬ ਸਿੰਘ ਭੱਟੀ ਬਤੌਰ ਪੀਸੀਐੱਸ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਨ ਜਿਸ ਦੇ ਬਦਲੇ ’ਚ ਕਰੀਬ 85 ਹਜ਼ਾਰ ਪੈਨਸ਼ਨ ਪ੍ਰਤੀ ਮਹੀਨਾ ਲੈ ਰਹੇ ਹਨ ਜਦੋਂ ਕਿ ਸਾਬਕਾ ਵਿਧਾਇਕ ਵਜੋਂ ਵੀ ਏਨੀ ਪੈਨਸ਼ਨ ਹੀ ਨਾਲੋਂ ਨਾਲ ਲੈ ਰਹੇ ਹਨ।
ਜਸਟਿਸ ਨਿਰਮਲ ਸਿੰਘ ਸੇਵਾ ਮੁਕਤ ਹੋਣ ਮਗਰੋਂ ਵਿਧਾਇਕ ਬਣੇ। ਹੁਣ ਉਨ੍ਹਾਂ ਨੂੰ ਦੋ ਪੈਨਸ਼ਨਾਂ ਮਿਲ ਰਹੀਆਂ ਹਨ ਅਤੇ ਇਸੇ ਤਰ੍ਹਾਂ ਸਾਬਕਾ ਸੰਸਦ ਮੈਂਬਰ ਬੀਬੀ ਪਰਮਜੀਤ ਕੌਰ ਗੁਲਸ਼ਨ ਵੀ ਦੋ ਪੈਨਸ਼ਨਾਂ ਲੈ ਰਹੇ ਹਨ ਕਿਉਂਕਿ ਬੀਬੀ ਗੁਲਸ਼ਨ ਸਕੂਲ ਸਿੱਖਿਆ ਵਿਭਾਗ ਚੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਏ ਹਨ। ਦੱਸਣਯੋਗ ਹੈ ਕਿ ਬੀਬੀ ਗੁਲਸ਼ਨ ਦੇ ਪਿਤਾ ਧੰਨਾ ਸਿੰਘ ਗੁਲਸ਼ਨ ਵੀ ਕੇਂਦਰੀ ਮੰਤਰੀ ਰਹਿ ਚੁੱਕੇ ਹਨ। ਸਾਬਕਾ ਸਿੱਖਿਆ ਮੰਤਰੀ ਉਪਿੰਦਰਜੀਤ ਕੌਰ ਨੂੰ 85 ਹਜ਼ਾਰ ਤੋਂ ਉਪਰ ਬਤੌਰ ਸਾਬਕਾ ਵਿਧਾਇਕ ਪੈਨਸ਼ਨ ਮਿਲ ਰਹੀ ਹੈ ਜਦੋਂ ਕਿ ਦੂਜੀ ਪੈਨਸ਼ਨ ਕਰੀਬ 1.10 ਲੱਖ ਰੁਪਏ ਪ੍ਰਤੀ ਮਹੀਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲੈ ਰਹੇ ਹਨ ਕਿਉਂਕਿ ਬੀਬੀ ਉਪਿੰਦਰਜੀਤ ਕੌਰ ਇਸ ’ਵਰਸਿਟੀ ’ਚ ਬ,ਤੌਰ ਪ੍ਰੋਫੈਸਰ ਤਾਇਨਾਤ ਰਹੇ ਹਨ। ਮਾਨਸਾ ਤੋਂ ‘ਆਪ’ ਦੇ ਵਿਧਾਇਕ ਰਹੇ ਨਾਜ਼ਰ ਸਿੰਘ ਮਾਨਸ਼ਾਹੀਆਂ ਨੂੰ ਪਹਿਲਾਂ ਸੇਵਾ ਮੁਕਤ ਅਧਿਕਾਰੀ ਵਜੋਂ ਹੀ ਪੈਨਸ਼ਨ ਮਿਲਦੀ ਸੀ ਜਦੋਂ ਕਿ ਹੁਣ ਸਾਬਕਾ ਵਿਧਾਇਕ ਵਜੋਂ ਵੀ 85 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲਣ ਲੱਗੇ ਹਨ।
ਸਾਬਕਾ ਵਿਧਾਇਕ ਮਾਨਸਾਹੀਆਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਚੋਂ ਸੇਵਾ ਮੁਕਤ ਹੋਏ ਹਨ। ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ ਖੇਤੀ ਮਹਿਕਮੇ ਚੋਂ ਸੀਨੀਅਰ ਸਹਾਇਕ ਵਜੋਂ ਸੇਵਾ ਮੁਕਤ ਹੋਏ ਸਨ। ਉਹ ਵੀ ਦੋ ਪੈਨਸ਼ਨਾਂ ਲੈ ਰਹੇ ਹਨ। ਜੈਤੋ ਤੋਂ ਵਿਧਾਇਕ ਰਹੇ ਮਾਸਟਰ ਬਲਦੇਵ ਸਿੰਘ ਜੈਤੋ ਵੀ ਦੋ ਪੈਨਸ਼ਨਾਂ ਲੈ ਰਹੇ ਹਨ। ਉਹ ਸਿੱਖਿਆ ਮਹਿਕਮੇ ਚੋਂ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਸਨ। ਇਹ ਅਧਿਕਾਰੀ ਆਖਦੇ ਹਨ ਕਿ ਉਨ੍ਹਾਂ ਜ਼ਿੰਦਗੀ ਦਾ ਵੱਡਾ ਹਿੱਸਾ ਨੌਕਰੀ ’ਚ ਲਾਇਆ ਅਤੇ ਉਸ ਮਗਰੋਂ ਸਿਆਸੀ ਜੀਵਨ ’ਚ ਸੇਵਾ ਨਿਭਾਈ। ਉਨ੍ਹਾਂ ਦਾ ਤਰਕ ਹੈ ਕਿ ਦੋਵੇਂ ਪੈਨਸ਼ਨਾਂ ਨਿਯਮਾਂ ਮੁਤਾਬਿਕ ਹੀ ਮਿਲ ਰਹੀਆਂ ਹਨ ਅਤੇ ਇਸ ’ਚ ਕੋਈ ਗੈਰ ਕਾਨੂੰਨੀ ਗੱਲ ਨਹੀਂ ਹੈ। ਤੱਥਾਂ ਅਨੁਸਾਰ ਮੌਜੂਦਾ ਸਮੇਂ ਪੰਜਾਬ ਵਿਧਾਨ ਸਭਾ ਦੇ ਕਾਫ਼ੀ ਮੈਂਬਰ ਵੀ ਸਰਕਾਰੀ ਨੌਕਰੀ ਚੋਂ ਸਿਆਸਤ ’ਚ ਆਏ ਹਨ ਜਿਨ੍ਹਾਂ ’ਚ ਡਾ. ਬਲਜੀਤ ਕੌਰ,ਹਰਭਜਨ ਸਿੰਘ ਈਟੀਓ, ਪ੍ਰਿੰਸੀਪਲ ਬੁੱਧ ਰਾਮ, ਪ੍ਰਿੰਸੀਪਲ ਸਰਬਜੀਤ ਕੌਰ ਮਾਣੂਕੇ, ਕੁੰਵਰ ਵਿਜੇ ਪ੍ਰਤਾਪ (ਸਾਬਕਾ ਆਈਪੀਐੱਸ) ਬਲਵਿੰਦਰ ਸਿੰਘ ਧਾਲੀਵਾਲ (ਸਾਬਕਾ ਆਈਏਐੱਸ) ਆਦਿ ਸ਼ਾਮਲ ਹਨ। ਮੌਜੂਦਾ ਸੰਸਦ ਮੈਂਬਰ ਡਾ.ਅਮਰ ਸਿੰਘ ਨੇ ਵੀ ਆਈਏਐੱਸ ਅਧਿਕਾਰੀ ਵਜੋਂ ਸੇਵਾ ਨਿਭਾਈ ਹੈ।
ਨਾਲੇ ਨੌਕਰੀ, ਨਾਲੇ ਵਿਧਾਇਕੀ
ਸਾਬਕਾ ਉਚੇਰੀ ਸਿੱਖਿਆ ਬਾਰੇ ਮੰਤਰੀ ਮਾਸਟਰ ਮੋਹਨ ਲਾਲ ਤਿੰਨ ਵਾਰ ਭਾਜਪਾ ਦੀ ਟਿਕਟ ’ਤੇ ਵਿਧਾਇਕ ਬਣੇ। ਮੋਹਨ ਲਾਲ ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਠਾਨਕੋਟ ਚੋਂ ਬਤੌਰ ਅਧਿਆਪਕ ਸੇਵਾ ਮੁਕਤ ਹੋਏ। ਹੁਣ ਦੋ ਪੈਨਸ਼ਨਾਂ ਲੈ ਰਹੇ ਹਨ। ਮਾਸਟਰ ਮੋਹਨ ਲਾਲ ਨੌਕਰੀ ਦੌਰਾਨ ਵੀ ਵਿਧਾਇਕ ਰਹੇ। ਉਹ ਸਕੂਲ ਚੋਂ ਛੁੱਟੀ ਲੈ ਲੈ ਕੇ ਵਿਧਾਇਕੀ ਵੀ ਕਰਦੇ ਰਹੇ। ਜਦੋਂ ਚੋਣ ਹਾਰ ਜਾਂਦੇ ਸਨ ਤਾਂ ਮੁੜ ਅਧਿਆਪਕੀ ਕਰਨ ਲੱਗ ਜਾਂਦੇ ਸਨ। ਮਾਸਟਰ ਮੋਹਨ ਲਾਲ ਪਹਿਲਵਾਨੀ ਵੀ ਕਰਦੇ ਰਹੇ ਹਨ।

No comments:
Post a Comment