ਬਠਿੰਡਾ ਥਰਮਲ
ਧੂੰਆਂ-ਧੂੰਆਂ ਹੋ ਗਏ ਸਿਆਸੀ ਸੁਫਨੇ
ਚਰਨਜੀਤ ਭੁੱਲਰ
ਚੰਡੀਗੜ੍ਹ: ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਮਿਆਂ ’ਚ ਬਠਿੰਡਾ ਦੇ ਥਰਮਲ ਪਲਾਂਟ ਵਿੱਚ ਅੱਜ ਚਾਰੋਂ ਚਿਮਨੀਆਂ ਦਾ ਵਜੂਦ ਮਿਟਾ ਦਿੱਤਾ ਗਿਆ ਹੈ। ਗੁਰੂ ਨਾਨਕ ਦੇਵ ਦਾ 500ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਨੀਂਹ ਟਿਕੀ ਸੀ। ਪੰਜਾਬ ਵਜ਼ਾਰਤ ਨੇ 17 ਸਤੰਬਰ, 2020 ਨੂੰ ਇਸ ਥਰਮਲ ਦੀ ਜ਼ਮੀਨ ’ਤੇ ‘ਬਲਕ ਡਰੱਗ ਪਾਰਕ’ ਬਣਾਏ ਜਾਣ ਦਾ ਫ਼ੈਸਲਾ ਲਿਆ ਸੀ। ਕੇਂਦਰ ਸਰਕਾਰ ਨੇ ਹਾਲੇ ‘ਡਰੱਗ ਪਾਰਕ’ ਲਈ ਪੱਲਾ ਨਹੀਂ ਫੜਾਇਆ ਅਤੇ ਇੱਧਰ ਦੋ ਦਿਨਾਂ ’ਚ ਥਰਮਲ ਦੀਆਂ ਚਾਰ ਧੂੰਏ ਵਾਲੀਆਂ ਚਿਮਨੀਆਂ ਨੂੰ ਢਹਿ-ਢੇਰੀ ਵੀ ਕਰ ਦਿੱਤਾ ਗਿਆ ਹੈ। ਬਠਿੰਡਾ ਥਰਮਲ ਦੇ 440 ਮੈਗਾਵਾਟ ਦੇ ਚਾਰ ਯੂਨਿਟ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਯੂਨਿਟ 22 ਸਤੰਬਰ, 1974 ਨੂੰ ਚਾਲੂ ਹੋਇਆ ਸੀ। ਕੈਪਟਨ ਸਰਕਾਰ ਨੇ ਪਹਿਲੇ ਮਾਲੀ ਵਰ੍ਹੇ ’ਚ ਹੀ ਇਸ ਥਰਮਲ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। ਬਠਿੰਡਾ ਵਾਸੀਆਂ ਕੋਲੋਂ ਇਕੱਲਾ ਸਨਅਤੀ ਪ੍ਰਾਜੈਕਟ ਨਹੀਂ, ਵਿਰਾਸਤ ਵੀ ਖੁੱਸ ਗਈ ਹੈ।
ਮੌਜੂਦਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਕਾਂਗਰਸ ਸਰਕਾਰ ਬਣਨ ’ਤੇ ਬਠਿੰਡਾ ਥਰਮਲ ਦੀਆਂ ਚਿਮਨੀਆਂ ਵਿੱਚੋਂ ਧੂੰਆਂ ਜ਼ਰੂਰ ਕੱਢਿਆ ਜਾਵੇਗਾ। ਥਰਮਲ ਬੰਦ ਕਰਨ ਮਗਰੋਂ ਇਸ ਨੂੰ ਢਾਹੁਣ ਤੇ ਸਾਜ਼ੋ-ਸਾਮਾਨ ਦੀ ਵਿਕਰੀ ਦਾ ਟੈਂਡਰ 164 ਕਰੋੜ ਵਿੱਚ ਪਾਸ ਕੀਤਾ ਗਿਆ। ਪੰਜ ਮਹੀਨਿਆਂ ਤੋਂ ਇਸ ਥਰਮਲ ਨੂੰ ਉਖਾੜਨ ਦਾ ਕੰਮ ਚੱਲ ਰਿਹਾ ਸੀ ਅਤੇ ਬੀਤੇ ਦੋ ਦਿਨਾਂ ਦੌਰਾਨ ਥਰਮਲ ਦੀਆਂ ਉੱਚੀਆਂ ਚਾਰ ਚਿਮਨੀਆਂ ਨੂੰ ਵੀ ਢੇਰੀ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ ’ਤੇ ਇਨ੍ਹਾਂ ਚਿਮਨੀਆਂ ਨੂੰ ਢਾਹੁਣ ਸਬੰਧੀ ਵਿੱਤ ਮੰਤਰੀ ਨੂੰ ਸਿੱਧੇ ਤੌਰ ਉੱਤੇ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ। ਹਾਲਾਂਕਿ ਬਠਿੰਡਾ ਥਰਮਲ ਦਾ 737 ਕਰੋੜ ਰੁਪਏ ਖਰਚ ਕੇ ਨਵੀਨੀਕਰਨ ਕੀਤਾ ਗਿਆ ਸੀ ਅਤੇ ਮਸ਼ੀਨਰੀ ਵੀ ਨਵੀਂ ਪਾਈ ਸੀ।
ਸਰਕਾਰੀ ਯੋਜਨਾਬੰਦੀ ਸੀ ਕਿ ਥਰਮਲ ਦੀ ਜ਼ਮੀਨ ’ਤੇ ‘ਡਰੱਗ ਪਾਰਕ’ ਬਣਾਇਆ ਜਾਵੇਗਾ। ਕੇਂਦਰ ਸਰਕਾਰ ਤਰਫੋਂ 27 ਜੁਲਾਈ, 2020 ਨੂੰ ‘ਬਲਕ ਡਰੱਗ ਪਾਰਕ’ ਸਕੀਮ ਲਾਂਚ ਕੀਤੀ ਗਈ ਸੀ, ਜਿਸ ਤਹਿਤ ਤਿੰਨ ਸੂਬਿਆਂ ਨੂੰ ‘ਡਰੱਗ ਪਾਰਕ’ ਦਿੱਤੇ ਜਾਣੇ ਹਨ। ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਲਲਿਤਪੁਰ ਦੇ ਪਿੰਡ ਸੈਦਪੁਰ ਵਿੱਚ ਇਹ ਪਾਰਕ ਬਣਾਏ ਜਾਣ ਦੀ ਤਜਵੀਜ਼ ਭੇਜੀ ਹੋਈ ਹੈ। ਗੁਜਰਾਤ, ਆਂਧਰਾ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਸਮੇਤ ਦਰਜਨਾਂ ਸੂਬੇ ਕੇਂਦਰ ਸਰਕਾਰ ਤੋਂ ਇਹ ‘ਡਰੱਗ ਪਾਰਕ’ ਲੈਣ ਦੀ ਦੌੜ ਵਿੱਚ ਹਨ। ਪੰਜਾਬ ਸਰਕਾਰ ਵੱਲੋਂ ਜੋ ਤਜਵੀਜ਼ ਕੇਂਦਰ ਸਰਕਾਰ ਨੂੰ ਭੇਜੀ ਗਈ ਸੀ, ਉਸ ਅਨੁਸਾਰ ਥਰਮਲ ਦੀ ਜ਼ਮੀਨ ‘ਡਰੱਗ ਪਾਰਕ’ ਲਈ ਕੰਪਨੀਆਂ ਨੂੰ ਇੱਕ ਰੁਪਏ ਲੀਜ਼ ’ਤੇ ਦਿੱਤੀ ਜਾਣੀ ਹੈ। ਪਾਵਰਕੌਮ ਦੀ ਜ਼ਮੀਨ ਦਾ ਇੰਤਕਾਲ 16 ਸਤੰਬਰ ਨੂੰ ਪੁੱਡਾ ਦੇ ਨਾਮ ਹੋ ਚੁੱਕਾ ਹੈ। ਪਾਵਰਕੌਮ ਨੇ ਇਸ ਥਰਮਲ ਦੀ ਜਗ੍ਹਾ ’ਤੇ ਪਹਿਲਾਂ ਬਾਇਓਮਾਸ ਪਲਾਂਟ ਅਤੇ ਪਿੱਛੋਂ 100 ਮੈਗਾਵਾਟ ਸੋਲਰ ਪਲਾਂਟ ਲਾਏ ਜਾਣ ਦੀ ਤਜਵੀਜ਼ ਭੇਜੀ ਸੀ, ਜੋ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਸੀ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਥਰਮਲ ਦੀ ਜਗ੍ਹਾ ਉੱਤੇ ‘ਡਰੱਗ ਪਾਰਕ’ ਬਣਾਏ ਜਾਣ ਦੇ ਇੱਛੁਕ ਹਨ। ਡਰੱਗ ਪਾਰਕ ਲਈ ਇੱਕ ਰੁਪਏ ਲੀਜ਼ ’ਤੇ 33 ਸਾਲ ਲਈ ਇਹ ਜ਼ਮੀਨ ਦਿੱਤੀ ਜਾਣੀ ਹੈ ਤੇ ਇਸ ਲੀਜ਼ ਵਿੱਚ 99 ਸਾਲ ਤੱਕ ਦਾ ਵਾਧਾ ਹੋ ਸਕਦਾ ਹੈ। ਦੋ ਰੁਪਏ ਪ੍ਰਤੀ ਯੂਨਿਟ ਬਿਜਲੀ ਤੇ ਇੱਕ ਰੁਪਏ ਵਿੱਚ ਪ੍ਰਤੀ ਹਜ਼ਾਰ ਲਿਟਰ ਪਾਣੀ ਦੇਣ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਅਨੁਸਾਰ ‘ਡਰੱਗ ਪਾਰਕ’ ਪ੍ਰਾਜੈਕਟ 1878 ਕਰੋੜ ਦਾ ਹੋਵੇਗਾ, ਜਿਸ ਵਿੱਚੋਂ 1000 ਕਰੋੜ ਕੇਂਦਰ ਦੇਵੇਗੀ ਤੇ ਬਾਕੀ 878 ਕਰੋੜ ਦੀ ਹਿੱਸੇਦਾਰੀ ਪੰਜਾਬ ਸਰਕਾਰ ਪਾਏਗੀ। ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਤਰਫੋਂ ਕੇਂਦਰ ਨੂੰ ‘ਬਲਕ ਡਰੱਗ ਪਾਰਕ’ ਲਈ ਤਜਵੀਜ਼ ਭੇਜੀ ਗਈ ਸੀ ਪਰ ਇਸ ਦੀ ਤਾਜ਼ਾ ਸਥਿਤੀ ਬਾਰੇ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ‘ਡਰੱਗ ਪਾਰਕ’ ਲਈ ਕੇਂਦਰ ਨੇ ਹਵਾਈ ਅੱਡਾ ਅਤੇ ਬੰਦਰਗਾਹ ਹੋਣ ਦੀ ਸ਼ਰਤ ਲਗਾਈ ਸੀ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਤਰਫ਼ੋਂ ਫਤਹਿਗੜ੍ਹ ਸਾਹਿਬ ਜ਼ਿਲ੍ਹੇ ’ਚ 135 ਏਕੜ ਵਿੱਚ ‘ਫਾਰਮਾ ਪਾਰਕ’ ਜ਼ਰੂਰ ਬਣਾਇਆ ਜਾ ਰਿਹਾ ਹੈ, ਜਿਸ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ।
ਮਨਪ੍ਰੀਤ ਨੇ ‘ਧੂੰਆਂ’ ਕੱਢਿਆ: ਸੰਧੂ
ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਐਂਪਲਾਈਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਧੂ ਨੇ ਕਿਹਾ ਕਿ ਪਹਿਲਾਂ ਤਾਂ ਹਜ਼ਾਰਾਂ ਕਰੋੜ ਦੀ ਪਾਵਰਕੌਮ ਦੀ ਜਾਇਦਾਦ ਸਰਕਾਰ ਨੇ ਖੋਹ ਲਈ ਅਤੇ ਉਸ ਮਗਰੋਂ ਕੌਡੀਆਂ ਦੇ ਭਾਅ ਮੁੰਬਈ ਦੀ ਇੱਕ ਕੰਪਨੀ ਨੂੰ ਮਸ਼ੀਨਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ‘ਡਰੱਗ ਪਾਰਕ’ ਮਿਲਿਆ ਨਹੀਂ ਪਰ ਥਰਮਲ ਦੀਆਂ ਚਿਮਨੀਆਂ ਦਾ ਸੱਚਮੁੱਚ ਖ਼ਜ਼ਾਨਾ ਮੰਤਰੀ ਨੇ ‘ਧੂੰਆਂ’ ਕੱਢ ਦਿੱਤਾ ਹੈ।
No comments:
Post a Comment